“ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ’ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ...”
(12 ਜਨਵਰੀ 2022)
25 ਦਸੰਬਰ 2021 ਨੂੰ ਪੁਲਾੜ-ਵਿਗਿਆਨੀਆਂ ਨੇ ਵਿਸ਼ਵ-ਪੱਧਰ ’ਤੇ ਇੱਕ ਇਤਿਹਾਸਕ ਅਤੇ ਮਹੱਤਵ-ਪੂਰਨ ਪ੍ਰਾਪਤੀ ਕੀਤੀ ਹੈ, ਜਿਸਦਾ ਬਾਹਰ ਦੇ ਜਗਤ ਨੂੰ ਘੱਟ ਪਤਾ ਲੱਗਿਆ ਹੈ। ਇਸ ਦਿਨ ‘ਜੇਮਸ ਵੈੱਬ’ ਨਾਉਂ ਦੀ ਇੱਕ ਬਹੁ-ਮੰਤਵੀ ‘ਦੂਰਬੀਨ’ ਪੁਲਾੜ ਵਿੱਚ ਭੇਜੀ ਗਈ ਹੈ ਜਿਹੜੀ ਕਿ ਹੁਣ ਤਕ ਬਣੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਉੱਨਤ ਕਿਸਮ ਦੀ ਦੂਰਬੀਨ ਹੈ। ਇਸਦੀ ਕੀਮਤ 75 ਹਜ਼ਾਰ ਕਰੋੜ ਰੁਪਏ ਹੈ ਅਤੇ ਇਸਦੀ ਯੋਜਨਾ-ਬੰਦੀ ਕਰਨ ਅਤੇ ਇਸ ਨੂੰ ਬਣਾਉਣ ਵਿੱਚ 25 ਸਾਲ ਲੱਗੇ ਹਨ। ਗੁੰਝਲ਼ਦਾਰ ਤਕਨੀਕੀ ਪ੍ਰੋਜੈਕਟ ਹੋਣ ਅਤੇ ਮਾਇਕ ਕਾਰਨਾਂ ਕਰ ਕੇ ਇਸ ਨੂੰ ਇੰਨਾ ਸਮਾਂ ਲੱਗ ਗਿਆ। ਭਾਵੇਂ ਇਹ ਅਮਰੀਕਾ, ਕਨੇਡਾ ਅਤੇ ਯੂਰਪੀ ਦੇਸ਼ਾਂ ਦੀ ਸਾਂਝੀ ਪਰਿਯੋਜਨਾ ਹੈ ਪਰ ਇਸ ਨੂੰ ਹੋਰ ਦੇਸ਼ ਅਤੇ ਸਾਇੰਸਦਾਨ ਵੀ ਵਰਤ ਸਕਦੇ ਹਨ।
ਇਸ ਤੋਂ ਪਹਿਲਾਂ, ਆਪਣੇ ਵੇਲਿਆਂ ਦੀ ‘ਹਬਲ’ ਨਾਉਂ ਦੀ ਬਹੁਤ ਸਫਲ ਦੂਰਬੀਨ ਪਿਛਲੇ 31 ਸਾਲਾਂ ਤੋਂ ਪੁਲਾੜ ਦੀ ਖੋਜ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਇਹ ਵੀ ਆਪਣੇ ਸਮੇਂ ਦੀ ਸਭ ਤੋਂ ਵੱਡੀ ਅਤੇ ਸ਼ਕਤੀਸ਼ਾਲੀ ਦੂਰਬੀਨ ਸੀ। ਇਸ ਨੇ ਉਸ ਤੋਂ ਕਿਤੇ ਵੱਧ ਕੰਮ ਕੀਤਾ ਹੈ ਜਿੰਨੇ ਵਾਸਤੇ ਇਹ ਬਣਾਈ ਗਈ ਸੀ ਅਤੇ ਅਜੇ ਵੀ ਇਸ ਨੂੰ ਛੇਤੀ ਰਿਟਾਇਰ ਕਰਨ ਦੀ ਕੋਈ ਤਜਵੀਜ਼ ਨਹੀਂ। ਬ੍ਰਹਿਮੰਡ ਦੀ ਖੋਜ ਵਿੱਚ ਇਸਦੀਆਂ ਪ੍ਰਾਪਤੀਆਂ ਵੀ ਕ੍ਰਾਂਤੀਕਾਰੀ ਰਹੀਆਂ ਹਨ ਅਤੇ ਮੁੱਖ ਪੰਜ ਇਹ ਹਨ:
* ਬ੍ਰਹਿਮੰਡ ਦੀ ਉਮਰ ਦਾ ਗਿਆਨ।
* ਇਸ ਦੇ ਫੈਲਣ ਦੀ ਗਤੀ।
* ਇਸ ਵਿੱਚ ਗਲੈਕਸੀਆਂ ਅਤੇ ਸਾਡੇ ਸੂਰਜ ਵਰਗੇ ਤਾਰੇ ਰੇਤ ਦੇ ਕਣਾਂ ਵਾਂਗ ਹਨ, ਦੇ ਤੱਥ ਦੀ ਜਾਣਕਾਰੀ।
* ਸੁਪਰਮੈਸਿਵ ਬਲੈਕ-ਹੋਲਾਂ ਦੀ ਪਛਾਣ।
* ਸਭ ਪਾਸੇ ਧਰਤੀਆਂ ਹੀ ਧਰਤੀਆਂ ਹੋਣ ਦੀ ਖੋਜ।
‘ਜੇਮਸ ਵੈੱਬ ਪੁਲਾੜ ਦੂਰਬੀਨ’ (ਜੇਮਸ ਵੈੱਬ ਸਪੇਸ ਟੈਲੀਸਕੋਪ) ਹੋਰ ਵੀ ਉੱਨਤ ਅਤੇ ਬਿਲਕੁਲ ਵੱਖਰੀ ਤਕਨੀਕ ਨਾਲ ਬਣੀ ਹੈ। ਇਹ ਪਹਿਲੀ ਨਾਲੋਂ ਸੌ-ਗੁਣਾ ਵੱਧ ਸ਼ਕਤੀ-ਸ਼ਾਲੀ ਹੈ। ਹਬਲ ਦੂਰਬੀਨ ਸਿਰਫ ਦਿਖਣ-ਯੋਗ ਰੌਸ਼ਨੀ ਅਤੇ ਅਲਟਰਾ-ਵਾਇਓਲਟ ਰੌਸ਼ਨੀ ਨੂੰ ਹੀ ਪਛਾਣਦੀ ਹੈ ਜਦ ਕਿ ‘ਜੇਮਸ ਵੈੱਬ’ ਇਨਫਰਾ-ਰੈੱਡ ਨੂੰ ਵੀ ਪਛਾਣਦੀ ਹੈ। ਇਹ ਇਸਦੀ ਇੱਕ ਵੱਡੀ ਖ਼ਾਸੀਅਤ ਹੈ ਅਤੇ ਇਸਦੀ ਸਮਰੱਥਾ ਅਤੇ ਇਸਦੀ ਵੱਧ ‘ਰੇਂਜ’ ਦਾ ਭੇਦ ਹੈ। ਕਿਹਾ ਜਾ ਸਕਦਾ ਹੈ ਕਿ ‘ਜੇਮਸ ਵੈੱਬ’ ਦੂਰਬੀਨ ਆਪਣੀ ਪੂਰਵਜ ਹਬਲ ਦੀ ਸੁਯੋਗ ਉੱਤਰਾ-ਅਧਿਕਾਰੀ ਹੈ। ਜ਼ਿਕਰਯੋਗ ਹੈ ਕਿ ਬ੍ਰਹਿਮੰਡ ਬਾਰੇ ਸਭ ਤੋਂ ਵੱਧ ਜਾਣਕਾਰੀ ਸਾਨੂੰ ਅੱਡ-ਅੱਡ ਕਿਸਮ ਦੀਆਂ ਰੌਸ਼ਨੀਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਦੀਆਂ ਦੂਰਬੀਨਾਂ, ਸੂਰਜਾਂ ਅਤੇ ਹੋਰ ਬ੍ਰਹਿਮੰਡੀ ਵਸਤੂਆਂ ਵਿੱਚੋਂ ਨਿਕਲ਼ ਰਹੀਆਂ ਅੱਡ-ਅੱਡ ਤਰ੍ਹਾਂ ਦੀਆਂ ਰੌਸ਼ਨੀਆਂ ਦੇ ਕੰਪਿਊਟਰਾਂ ਰਾਹੀਂ ਕੀਤੇ ਵਿਸ਼ਲੇਸ਼ਣਾਂ ਦੇ, ਅਧਾਰ ’ਤੇ ਕੰਮ ਕਰਦੀਆਂ ਹਨ।
‘ਜੇਮਸ ਵੈੱਬ’ ਨੂੰ ਪੁਲਾੜ ਵਿੱਚ ਭੇਜਣ ਵਾਸਤੇ ਇੱਕ ਖਾਸ ਕਿਸਮ ਦੇ ਰਾਕਟ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸਦੇ ਅਗਲੇ ਭਾਗ ਵਿੱਚ ਇਸ ਨੂੰ ਛਤਰੀ ਵਾਂਗ ਇਕੱਠੀ ਕਰ ਕੇ ਬੰਦ ਕੀਤਾ ਹੋਇਆ ਸੀ ਅਤੇ 25 ਦਸੰਬਰ, 2021 ਨੂੰ ਸਫਲਤਾ-ਪੂਰਨ ਪੁਲਾੜ ਵਿੱਚ ਛੱਡੀ ਜਾ ਚੁੱਕੀ ਹੈ। ਧਰਤੀ ’ਤੋਂ ਉੱਪਰ ਜਾ ਕੇ, ਰਾਕਟ ਵਿੱਚੋਂ ਬਾਹਰ ਨਿਕਲ਼ ਕੇ ਛਤਰੀ-ਨੁਮਾ ਇਹ ਦੂਰਬੀਨ ਇੱਕ ਮਿਥੀ ਤਰਤੀਬ ਅਨੁਸਾਰ ਹੌਲ਼ੀ-ਹੌਲ਼ੀ ਖੁੱਲ੍ਹ ਚੁੱਕੀ ਹੈ। ਇਸ ਵਾਸਤੇ ਦੋ ਹਫ਼ਤਿਆਂ ਦਾ ਸਮਾਂ ਲੱਗਿਆ ਅਤੇ ਖੁੱਲ੍ਹਣ ਤੋਂ ਬਾਅਦ ਇਸਦਾ ਸਾਈਜ਼ ਚਾਰ ਕਮਰਿਆਂ ਦੇ ਦੋ-ਮੰਜ਼ਲੇ ਮਕਾਨ ਜਿੰਨਾ ਹੋ ਗਿਆ ਹੈ। ਇਸਦੇ ਖੁੱਲ੍ਹਣ ਦੀ ਪ੍ਰਕਿਰਿਆ ਬਹੁਤ ਹੀ ਸਨਸਨੀਖੇਜ਼ ਸੀ ਜਿਸ ਬਾਰੇ ਇਸਦੇ ਸੰਚਾਲਕ ਪੂਰੀ ਤਰ੍ਹਾਂ ਸਾਹ ਰੋਕ ਕੇ ਬੈਠੇ ਹੋਏ ਸਨ। ਇਸਦੇ ਖੁੱਲ੍ਹਣ ਦੀਆਂ ਤਿੰਨ ਸੌ ਤੋਂ ਵੱਧ ਪ੍ਰਕ੍ਰਿਆਵਾਂ ਸਨ ਅਤੇ ਹਰ ਸਟੇਜ ’ਤੇ ਨੁਕਸ ਪੈਣ ਦਾ ਡਰ ਬਣਿਆ ਹੋਇਆ ਸੀ। ਆਮ ਕਰ ਕੇ ਪੁਲਾੜ ਵਿੱਚ ਭੇਜੇ ਜਾਣ ਵਾਲ਼ੇ ਰਾਕਟਾਂ ਦੀ ਸਭ ਤੋਂ ਗੰਭੀਰ ਘੜੀ ਇਨ੍ਹਾਂ ਦੇ ਧਰਤੀ ਤੋਂ ਉੱਡਣ ਵੇਲੇ ਦੀ ਹੁੰਦੀ ਹੈ। ਪਰ ਇਸ ਪ੍ਰੋਜੈਕਟ ਵਿੱਚ ਇਸਦੇ ਪੂਰੀ ਤਰ੍ਹਾਂ ਖੁੱਲ੍ਹ ਕੇ ਕਾਰਜਸ਼ੀਲ ਹੋਣ ਦੀ ਘੜੀ ਇਸ ਤੋਂ ਵੀ ਕਿਤੇ ਵੱਧ ਜਾਨ-ਸੁਕਾਊ ਸੀ। ਖੁਸ਼ਕਿਸਮਤੀ ਨਾਲ ਇਹ ਸਭ ਕੁਛ ਪੂਰੇ ਤਸੱਲੀ-ਬਖ਼ਸ਼ ਢੰਗ ਨਾਲ ਹੋ ਚੁੱਕਿਆ ਹੈ ਅਤੇ ਇਸ ਅਦੁੱਤੀ ਪਰਿਯੋਜਨਾ ਨਾਲ ਜੁੜੇ ਜਗਤ ਵਿੱਚ ਪੂਰੀ ਖੁਸ਼ੀ ਅਤੇ ਉਤਸ਼ਾਹ ਹੈ।
ਹੁਣ ਇਹ 2,100 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਸਪੀਡ ਨਾਲ ਆਪਣੀ ਮੰਜ਼ਲ ਵਲ ਵਧ ਰਹੀ ਹੈ ਅਤੇ ਇਸਦੇ ਸਫਰ ਬਾਰੇ ਲਗਾਤਾਰ ‘ਲਾਈਵ’ ਪ੍ਰਸਾਰਨ ਹੋ ਰਿਹਾ ਹੈ। ਇੱਕ ਮਹੀਨੇ ਬਾਅਦ (23 ਜਨਵਰੀ, 2022 ਤਕ) ਇਹ ਆਪਣੀ ਮੰਜ਼ਲ ’ਤੇ ਪਹੁੰਚ ਜਾਵੇਗੀ ਜਿਹੜੀ ਧਰਤੀ ’ਤੋਂ 15 ਲੱਖ ਕਿਲੋ-ਮੀਟਰ ਦੂਰ ਹੈ। ਇਹ ਫਾਸਲਾ ਧਰਤੀ ਤੋਂ ਚੰਦ ਦੇ ਫਾਸਲੇ ਨਾਲੋਂ ਚਾਰ ਗੁਣਾ ਵੱਧ ਹੈ ਜਿਹੜਾ ਕਿ ਪੌਣੇ ਚਾਰ ਲੱਖ ਕਿਲੋਮੀਟਰ ਹੈ। ਅਜੋਕੀ ਦੂਰਬੀਨ ‘ਹਬਲ’ ਧਰਤੀ ਤੋਂ 540 ਕਿਲੋਮੀਟਰ ਉੱਪਰ ਇਸਦੇ ਆਲ਼ੇ-ਦੁਆਲ਼ੇ ਚੱਕਰ ਲਾ ਰਹੀ ਹੈ ਜਦ ਕਿ ਨਵੀਂ ਦੂਰਬੀਨ ਧਰਤੀ ਤੋਂ 15 ਲੱਖ ਕਿਲੋ-ਮੀਟਰ ਦੂਰ ਇਸਦੇ ਬਾਹਰਲੇ ਪਾਸੇ ਰਹਿ ਕੇ, ਇਸਦੇ ਨਾਲ਼-ਨਾਲ਼ ਸੂਰਜ ਦੇ ਦੁਆਲ਼ੇ ਘੁੰਮੇਗੀ। ਸਪਸ਼ਟ ਹੈ ਕਿ ਇਹ ਧਰਤੀ ਦੇ ਇਰਦ-ਗਿਰਦ ਨਹੀਂ ਘੁੰਮੇਗੀ। ‘ਹਬਲ’ ਨੂੰ ਧਰਤੀ ਤੋਂ ਇੰਨੀ ਕੁ ਦੂਰੀ ’ਤੇ ਇਸ ਕਰ ਕੇ ਰੱਖਿਆ ਗਿਆ ਹੈ ਤਾਂ ਕਿ ਇਸ ’ਤੇ ਵਾਤਾਵਰਣ ਦਾ ਪ੍ਰਭਾਵ ਵੀ ਨਾ ਪਵੇ ਅਤੇ ਇਸਦੀ ਮੁਰੰਮਤ ਵੀ ਹੁੰਦੀ ਰਹੇ। ਮੁਰੰਮਤ ਹੁੰਦੀ ਰਹਿਣ ਕਰ ਕੇ ਹੀ ਇਹ ਇੰਨੀ ਦੇਰ ਤੋਂ ਕੰਮ ਕਰ ਰਹੀ ਹੈ। ਨਵੀਂ ਦੂਰਬੀਨ ਦੀ ਮੁਰੰਮਤ ਤਾਂ ਬਿਲਕੁਲ ਹੀ ਸੰਭਵ ਨਹੀਂ ਇਸ ਲਈ ਇਸਦੀ ਉਮਰ ਦਸ ਸਾਲ ਮੰਨੀ ਗਈ ਹੈ।
ਜੁਲਾਈ 2022 ਤੋਂ ਇਹ ਆਪਣੇ ਸਾਰੇ ਕੰਮ ਕਰਨੇ ਸ਼ੁਰੂ ਕਰ ਦੇਵੇਗੀ। ਇਹ ਪੁਲਾੜ-ਵਿਗਿਆਨੀਆਂ ਦਾ ਇੱਕ ਇਤਿਹਾਸਕ ਕਾਰਨਾਮਾ ਹੈ ਅਤੇ ਇਸ ਤੋਂ ਉਨ੍ਹਾਂ ਸਣੇ ਹੋਰ ਕਈ ਖੇਤਰਾਂ ਦੇ ਸਾਇੰਸਦਾਨਾਂ ਨੂੰ ਬਹੁਤ ਉਮੀਦਾਂ ਹਨ। ਇਸ ਰਾਹੀਂ ਬ੍ਰਹਿਮੰਡ (ਯੂਨੀਵਰਸ) ਦੇ ਉਨ੍ਹਾਂ ਗੁਪਤ ਭੇਦਾਂ ਦਾ ਰਾਜ ਖੁੱਲ੍ਹੇਗਾ ਜਿਹੜੇ ਹੁਣ ਤਕ ਮਨੁੱਖ ਨੂੰ ਪਤਾ ਨਹੀਂ ਬਲਕਿ ਇਸਦੀ ਕਲਪਨਾ ਤੋਂ ਹੀ ਬਾਹਰ ਹਨ। ਕਿਉਂਕਿ ਇਹ ਧਰਤੀ ਦੇ ਆਲ਼ੇ-ਦੁਆਲ਼ੇ ਨਹੀਂ ਘੁੰਮੇਗੀ ਇਸ ਕਰ ਕੇ ਇਸ ’ਤੇ ਧਰਤੀ ਦਾ ਪਰਛਾਵਾਂ ਨਹੀਂ ਪਵੇਗਾ। ਇਸ ਨੂੰ ਇੱਕ ਖਾਸ ਜਗ੍ਹਾ ’ਤੇ ਰੱਖਿਆ ਗਿਆ ਹੈ ਜਿੱਥੇ ਇਸ ’ਤੇ ਨਾ ਸੂਰਜ ਦੀ, ਨਾ ਧਰਤੀ ਦੀ ਅਤੇ ਨਾ ਹੀ ਚੰਦ ਦੀ ਗਰਮੀ ਪੈ ਸਕੇਗੀ। ਇਸਦਾ ਤਾਪਮਾਨ- 266 ਡਿਗਰੀ ਸੈਂਟੀਗ੍ਰੇਡ ਰਹੇਗਾ ਜਿਸ ਨਾਲ ਇਹ ਇਨਫਰਾ-ਰੈੱਡ ਕਿਰਨਾਂ ਦੀ ਪੂਰੀ ਕਾਰਜ-ਕੁਸ਼ਲਤਾ ਨਾਲ ਪਕੜ ਕਰ ਸਕੇਗੀ। ਇਹ ਗੁਣ ਇਸਦੀਆਂ ਖਾਸ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
ਇਹ ਖਾਸ ਕਰ ਕੇ ਸਾਡੇ ਬ੍ਰਹਿਮੰਡ ਦੀਆਂ ਸਭ ਤੋਂ ਦੂਰ ਉਹਨਾਂ ਗਲੈਕਸੀਆਂ ਦਾ ਅਧਿਐਨ ਕਰੇਗੀ ਜਿਹੜੀਆਂ ਇਸਦੀ ਰਚਨਾ ਤੋਂ ਥੋੜ੍ਹੀ ਦੇਰ ਬਾਅਦ ਬਣੀਆਂ ਪਰ ਜਿਨ੍ਹਾਂ ਦਾ ਸਰੂਪ ਅਤੇ ਸਾਈਜ਼ ਹੁਣ ਤਕ ਬਦਲ ਚੁੱਕਿਆ ਹੈ। ਇਸ ਤਰ੍ਹਾਂ ਇਹ ਮਨੁੱਖ ਨੂੰ ਬੀਤ ਚੁੱਕਿਆ ਸਮਾਂ ਦਿਖਾ ਸਕੇਗੀ। ਇਹ ਸਾਡੇ ਸੂਰਜੀ ਪਰਿਵਾਰ ਤੋਂ ਬਾਹਰਲੀਆਂ ਧਰਤੀਆਂ ਬਾਰੇ ਵੀ ਖੋਜ ਕਰੇਗੀ। ਇਸੇ ਕਰਕੇ ਸਾਇੰਸਦਾਨ ਇਸ ਨੂੰ ‘ਖੋਜ ਮਸ਼ੀਨ’ ਕਹਿੰਦੇ ਹਨ।
ਸਰਸਰੀ ਨਜ਼ਰ ਨਾਲ ਦੇਖਿਆਂ ਪੁਲਾੜ ਦਾ ਵਿਸ਼ਾ ਨੀਰਸ ਲਗਦਾ ਹੈ ਕਿਉਂਕਿ ਇਸ ਵਿੱਚ ਅੰਕੜਿਆਂ ਦਾ ਬਹੁਤ ਪ੍ਰਯੋਗ ਹੁੰਦਾ ਹੈ। ਪਰ ਇਹ ਇਸ ਵਿਸ਼ੇ ਦੀ ਵਡਿਆਈ ਹੈ ਅਤੇ ਇਨ੍ਹਾਂ ਰਾਹੀਂ ਇਹ ਸਾਨੂੰ ਕੁਦਰਤ ਦੇ ਅਥਾਹ ਅਤੇ ਬੇਅੰਤ ਹੋਣ ਦਾ ਅਮਲੀ ਗਿਆਨ ਪ੍ਰਾਪਤ ਹੁੰਦਾ ਹੈ। ਕਿਸੇ ਅਲੌਕਿਕ ਸ਼ਕਤੀ ਵਿੱਚ ਭਰੋਸਾ ਨਾ ਰੱਖਣ ਵਾਲਿਆਂ ਵਾਸਤੇ ਵੀ ਇਹ ਜ਼ਰੂਰੀ ‘ਸਧਾਰਨ-ਗਿਆਨ’ ਦਾ ਵਿਸ਼ਾ ਹੈ ਪਰ ਪਰਮਾਤਮਾ ਅਤੇ ਕੁਦਰਤ ਵਿੱਚ ਭਰੋਸਾ ਰੱਖਣ ਵਾਲਿਆਂ ਵਾਸਤੇ ਤਾਂ ਇਹ ਉਸ ਦੀ ਅਦਭੁਤ ਅਤੇ ਵਿਸਮਾਦ-ਮਈ ਰਚਨਾ ਦਾ ਪ੍ਰਤੱਖ ਸਬੂਤ ਹੈ। ਇੱਥੇ ਇਹ ਗੱਲ ਪ੍ਰਸੰਗਕ ਹੈ ਕਿ ਅੱਜ ਲਗਭਗ ਹਰ ਵਿਗਿਆਨਕ ਥਿਊਰੀ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਬ੍ਰਹਿਮੰਡ ਦੀ ਰਚਨਾ 1,380 ਕਰੋੜ ਸਾਲ ਪਹਿਲਾਂ ਵਾਪਰੇ ਮਹਾਂ-ਵਿਸਫੋਟ (ਬਿੱਗ-ਬੈਂਗ) ਨਾਲ ਹੋਈ ਹੈ। ਨਿਰ-ਸੰਦੇਹ ਇਸਦੇ ਹੋ ਰਹੇ ਫੈਲਾਓ ਬਾਰੇ ਮੱਤ-ਭੇਦ ਜ਼ਰੂਰ ਹਨ।
ਹਬਲ ਦੂਰਬੀਨ ਵੱਲੋਂ ਕੀਤੇ ਵਡਮੁੱਲੇ ਕੰਮ ਅਤੇ ਹੁਣ ਭੇਜੀ ਗਈ ‘ਜੇਮਸ ਵੈੱਬ’ ਦੂਰਬੀਨ ਦੇ ਭਵਿੱਖ ਦੇ ਕਾਰਨਾਮਿਆਂ ਨੂੰ ਸਮਝਣ ਵਾਸਤੇ ਪੁਲਾੜ ਦੇ ਕੁਛ ਮੁਢਲੇ ਤੱਥਾਂ ਅਤੇ ਅੰਕੜਿਆਂ ’ਤੇ ਨਜ਼ਰਸਾਨੀ ਜ਼ਰੂਰੀ ਹੈ। ਇਨ੍ਹਾਂ ਵਿੱਚ ਰੌਸ਼ਨੀ ਦੀ ਸਪੀਡ ਦਾ ਖਾਸ ਮਹੱਤਵ ਹੈ। ਸਾਡੀਆਂ ਰੋਜ-ਮੱਰਰਾ ਦੀਆਂ ਗਿਣਤੀਆਂ-ਮਿਣਤੀਆਂ ਦੀ ਤੁਲਨਾ ਵਿੱਚ ਪੁਲਾੜ ਦੇ ਫਾਸਲੇ ਅਸੀਮ ਅਤੇ ਬੇਅੰਤ ਹਨ। ਇਨ੍ਹਾਂ ਨੂੰ ਨਾਪਣ ਦੇ ਢੰਗ-ਤਰੀਕੇ ਵੀ ਇਨ੍ਹਾਂ ਫਾਸਲਿਆਂ ਅਨੁਸਾਰ ਹੀ ਹਨ ਅਤੇ ਇਨ੍ਹਾਂ ਦਾ ਪੈਮਾਨਾ ‘ਰੌਸ਼ਨੀ ਦੀ ਸਪੀਡ’ ਹੈ। ਇਹ ਸਪੀਡ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕੰਡ ਹੈ। ਲਾਈਟ ਦੀ ਇੰਨੀ ਸਪੀਡ ਹੋਣ ਦੇ ਬਾਵਜੂਦ ਵੀ ਪੁਲਾੜ ਦੀਆਂ ਦੂਰੀਆਂ ਨਾਪਣ ਵਾਸਤੇ ਇੰਨਾ ਹੀ ਕਾਫੀ ਨਹੀਂ। ਇਸ ਵਾਸਤੇ ਹੋਰ ਵੱਡਾ ‘ਗਜ਼’ ਬਣਾਇਆ ਗਿਆ ਹੈ ਜਿਸ ਨੂੰ ਰੌਸ਼ਨੀ-ਸਾਲ (ਲਾਈਟ ਯੀਅਰ) ਕਿਹਾ ਜਾਂਦਾ ਹੈ। ਇਹ ਰੌਸ਼ਨੀ ਵੱਲੋਂ ਇੱਕ ਸਾਲ ਵਿੱਚ ਤਹਿ ਕੀਤੇ ਕਿਲੋਮੀਟਰਾਂ ਬਰਾਬਰ ਅਰਥਾਤ ਸਾਢੇ ਨੌ ਲੱਖ ਕਰੋੜ ਕਿਲੋਮੀਟਰ ਦਾ ਹੈ। ਉਦਾਹਰਣ ਵਜੋਂ ਸੂਰਜ, ਜੋ ਸਾਡੀ ਧਰਤੀ ਤੋਂ ਪੰਦਰਾਂ ਕਰੋੜ ਕਿਲੋਮੀਟਰ ਦੂਰ ਹੈ, ਦੀ ਰੌਸ਼ਨੀ ਧਰਤੀ ਤਕ ਪਹੁੰਚਣ ਵਿੱਚ ਸਿਰਫ ਅੱਠ ਮਿੰਟ ਲਗਦੇ ਹਨ।
ਇੰਨੇ ਵੱਡੇ ‘ਗਜ਼’ ਦੀ ‘ਜਰੂਰਤ ਸਮਝਣ ਵਾਸਤੇ ਸਾਡੇ ਬ੍ਰਹਿਮੰਡ (ਯੂਨੀਵਰਸ) ਦੀ ਅਨੰਤਤਾ ’ਤੇ ਨਜ਼ਰਸਾਨੀ ਦੀ ਲੋੜ ਹੈ। ਅੱਜ ਦੇ ਸਭ ਤੋਂ ਪ੍ਰਸਿੱਧ ਪੁਲਾੜ-ਵਿਗਿਆਨੀ ‘ਨੀਲ ਡੀ-ਗਰੈਸ ਟਾਈਸਨ’ ਅਨੁਸਾਰ:
* ਸਾਡੇ ਸੂਰਜ ਦੇ ਸਭ ਤੋਂ ਨੇੜੇ ਦਾ ਹੋਰ ਸੂਰਜ ਇਸ ਤੋਂ ਸਵਾ ਚਾਰ (4.3) ‘ਰੌਸ਼ਨੀ-ਸਾਲ’ ਦੂਰ ਹੈ।
* ਸਾਡੀ ਗਲੈਕਸੀ ਵਿੱਚ ਦਸ ਹਜ਼ਾਰ ਕਰੋੜ ਸੂਰਜ ਹਨ।
* ਸਾਡੇ ਬ੍ਰਹਿਮੰਡ ਵਿੱਚ ਅੱਗੇ ਦਸ ਹਜ਼ਾਰ ਕਰੋੜ ਗਲੈਕਸੀਆਂ ਹਨ।
* ਅੱਜ ਸਮਝਿਆ ਜਾ ਰਿਹਾ ਹੈ ਕਿ ਅਨੇਕਾਂ ਬ੍ਰਹਿਮੰਡ ਹਨ।
* ਗੁਰਬਾਣੀ ਵਿੱਚ “ਕੋਟਿ ਬ੍ਰਹਿਮੰਡ ਕੋ ਠਾਕੁਰੁ ਸੁਆਮੀ” ਦਾ ਜ਼ਿਕਰ ਹੈ।
ਨਵੀਂ ਦੂਰਬੀਨ ਦੇ ਜ਼ਿੰਮੇ ਲੱਗੇ ਕੰਮਾਂ ਦੀ ਕਿਸਮ ਅਤੇ ਵਿਲੱਖਣਤਾ ਸਮਝਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਬ੍ਰਹਿਮੰਡ ਦੀ ਰਚਨਾ ਅਤੇ ਇਸਦੀ ਬਣਤਰ ਬਾਰੇ ਮੁਢਲੀ ਜਾਣਕਾਰੀ ਦੀ ਦੁਹਰਾਈ ਕੀਤੀ ਜਾਵੇ। ਇਹ ਕਿਸੇ ਧਾਰਮਿਕ ਗ੍ਰੰਥ ਦੀਆਂ ਗੱਲਾਂ ਨਹੀਂ ਬਲਕਿ ਇਹ ਵਿਗਿਆਨਕ ਤੱਥ ਹਨ। ਕੁਛ ਦਿਲਚਸਪ ਅਤੇ ਜ਼ਰੂਰੀ ਤੱਥ ਇਹ ਹਨ:
* 1,380 ਕਰੋੜ ਸਾਲ ਪਹਿਲਾਂ ‘ਬਿੱਗ-ਬੈਂਗ’ ਦੇ ਅਦਭੁਤ ਵਰਤਾਰੇ ਨਾਲ ਬ੍ਰਹਿਮੰਡ ਦੀ ਰਚਨਾ ਸ਼ੁਰੂ ਹੋਈ।
* 1,370 ਕਰੋੜ ਸਾਲ ਪਹਿਲਾਂ ਸ਼ੁਰੂ ਦੇ ਤਾਰੇ ਬਣੇ।
* 1,270 ਕਰੋੜ ਸਾਲ ਪਹਿਲਾਂ ਸ਼ੁਰੂ ਦੀਆਂ ਗਲੈਕਸੀਆਂ ਬਣੀਆਂ।
* 1,000 ਕਰੋੜ ਸਾਲ ਪਹਿਲਾਂ ਆਧੁਨਿਕ ਗਲੈਕਸੀਆਂ ਬਣੀਆਂ।
* 460 ਕਰੋੜ ਸਾਲ ਪਹਿਲਾਂ ਸਾਡਾ ਸੂਰਜੀ ਸਿਸਟਮ ਬਣਿਆ। ਸਾਡਾ ਸੂਰਜ ਇੱਕ ਤਾਰਾ ਹੈ।
* 455 ਕਰੋੜ ਸਾਲ ਪਹਿਲਾਂ ਧਰਤੀ ਬਣੀ।
ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ’ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ਗਤੀਸ਼ੀਲ ਹੈ ਭਾਵ ਹਰ ਪਲ ਫੈਲ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਗਲੈਕਸੀਆਂ ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ ਪਰ ਇਨ੍ਹਾਂ ਦਾ ਆਪਣਾ ਆਕਾਰ ਅਤੇ ਆਪਣੀ ਸ਼ਕਲ ਸਥਿਰ ਹੈ। ਇਸੇ ਕਰ ਕੇ ਪੁਲਾੜ-ਵਿਗਿਆਨੀ ਇਹ ਸਮਝਣਾ ਚਾਹੁੰਦੇ ਹਨ ਕਿ ‘ਬਿੱਗ-ਬੈਂਗ’ ਰਾਹੀਂ ਰਚਨਾ ਤੋਂ ਕੁਛ ਚਿਰ ਬਾਅਦ ਇਹ ਕਿਹੋ ਜਿਹਾ ਸੀ ਅਤੇ ਹੁਣ ਕਿਹੋ ਜਿਹਾ ਹੈ। ਬਿੱਗ-ਬੈਂਗ (ਜ਼ੀਰੋ-ਪੁਆਇੰਟ) ਵੇਲੇ ਅਤੇ ਉਸ ਤੋਂ ਤੁਰਤ ਬਾਅਦ ਦੀ ਸਥਿਤੀ ਬਾਰੇ ਪਤਾ ਲਾਉਣਾ ਅੱਜ ਦੀ ਤਕਨਾਲੋਜੀ ਵਾਸਤੇ ਸੰਭਵ ਨਹੀਂ। ਪਰ ਨਵੀਂ ਦੂਰਬੀਨ ਬਿੱਗ-ਬੈਂਗ ਵਾਪਰਨ ਤੋਂ 20 ਕਰੋੜ ਸਾਲ ਬਾਅਦ ਦੀ ਸਥਿਤੀ ਦਾ ਪਤਾ ਕਰ ਸਕਣ ਦੇ ਸਮਰੱਥ ਹੈ ਜਦ ਕਿ ਪਹਿਲੀ ਦੂਰਬੀਨ ‘ਹਬਲ’, 40 ਕਰੋੜ ਸਾਲ ਬਾਅਦ ਵਾਪਰੇ ਵਰਤਾਰਿਆਂ ਦਾ ਪਤਾ ਕਰ ਸਕਦੀ ਸੀ। ਆਮ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇੰਨੇ ਕੁ ਫਰਕ ਨਾਲ ਕਿੰਨੀ ਕੁ ਜਾਣਕਾਰੀ ਵਧ ਸਕੇਗੀ। ਜਵਾਬ ਹੈ ਕਿ ‘ਬਿੱਗ-ਬੈਂਗ’ ਤੋਂ ਤੁਰਤ ਬਾਅਦ ਘਟਨਾਵਾਂ ਬਹੁਤ ਹੀ ਤੇਜ਼ ਗਤੀ ਨਾਲ ਵਾਪਰੀਆਂ, ਇਸ ਕਰ ਕੇ ਪਹਿਲੇ ਵੀਹ ਕਰੋੜ ਸਾਲਾਂ ਅੰਦਰ ਰਚਨਾ ਦੀ ਬਣਤਰ ਦੇ ਬਹੁਤ ਜ਼ਿਆਦਾ ਅਹਿਮ ਭੇਦ ਸਮੋਏ ਹੋਏ ਹਨ। ਪੁਲਾੜ-ਵਿਗਿਆਨੀ ਅਤੇ ਸਾਇੰਸਦਾਨ ਇਹੀ ਭੇਦ ਜਾਣਨ ਦੇ ਇੱਛੁਕ ਹਨ ਜੋ ਸਾਡੇ ਗਿਆਨ ਵਿੱਚ ਸਾਡੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਵਾਧਾ ਕਰਨਗੇ। ਇਸ ਤਰ੍ਹਾਂ ‘ਜੇਮਸ ਵੈੱਬ ਪੁਲਾੜ ਦੂਰਬੀਨ’ ਸਹੀ ਅਰਥਾਂ ਵਿੱਚ ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ ਸਾਬਤ ਹੋਵੇਗੀ ਅਤੇ ਆਪਣੇ ’ਤੇ ਖਰਚੇ ਧਨ ਅਤੇ ਕੀਤੀ ਵਿਗਿਆਨਕ ਮਿਹਨਤ ਦਾ ਪੂਰਾ ਮੁੱਲ ਮੋੜ ਸਕੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3275)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































