IsherSinghEng7ਮਨੁੱਖੀ ਮੂਰਖਤਾ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਮਾਰੂ ਤਾਕਤਾਂ ਵਿੱਚੋਂ ਇੱਕ ਹੈ, ਫਿਰ ਵੀ ਅਸੀਂ ...
(11 ਜੂਨ 2021)

 

ਸੰਸਾਰ ਦੇ ਸਾਰੇ ਮਨੁੱਖਾਂ ਦੀ ਨਸਲ (species) ਦਾ ਸਾਇੰਸੀ ਨਾਉਂ ਹੈ ‘ਹੋਮੋ ਸੇਪੀਅਨਜ’ (Homo sapiens), ਜਿਸਦਾ ਅਰਥ ਹੈ ਸਿਆਣਾ, ਬੁੱਧੀਮਾਨ, ਜਾਂ ਵਿਚਾਰਵਾਨ ਮਨੁੱਖਇਹ ਨਾਉਂ 1758 ਵਿੱਚ ਸਵੀਡਨ ਦੇ ਇੱਕ ਮਸ਼ਹੂਰ ਸਾਇੰਸਦਾਨ ਕੈਰੁਲਸ ਲਿਨੀਅਸ ਨੇ ਰੱਖਿਆ ਸੀ; ਬਲਕਿ ਸਾਰੇ ਜਾਨਦਾਰ ਪ੍ਰਾਣੀਆਂ ਦੇ ਸਾਇੰਸੀ ਨਾਉਂ ਰੱਖਣ ਦੀ ਪ੍ਰਣਾਲੀ ਦਾ ਆਵਿਸ਼ਕਾਰ ਹੀ ਉਸ ਨੇ ਕੀਤਾ ਸੀ ਅਤੇ ਇਹ ਹੀ ਅੱਜ ਸਾਰੇ ਸੰਸਾਰ ਵਿੱਚ ਪ੍ਰਚਲਤ ਹੈਸਰੀਰ ਅਤੇ ਸੁਭਾਅ ਦੇ ਕੁਛ ਲੱਛਣਾਂ ਕਰਕੇ ਪਸ਼ੂ-ਜਗਤ ਦੇ ਪ੍ਰਾਣੀਆਂ ਨਾਲ ਮੇਲ ਖਾਣ ਕਰ ਕੇ ਭਾਵੇਂ ਮਨੁੱਖ ਨੂੰ ਪਸ਼ੂ-ਜਗਤ (ਐਨੀਮੇਲੀਆ ਕਿੰਗਡਮ Animalia Kingdom) ਵਿੱਚ ਰੱਖਿਆ ਗਿਆ ਹੈ ਪਰ ਕੁਦਰਤ ਵਲੋਂ ਮਿਲੇ ਹੋਰ ਵਿਸ਼ੇਸ਼ ਗੁਣਾਂ (Faculties) ਕਰ ਕੇ ਇਹ ਉਨ੍ਹਾਂ ਸਭ ਵਿੱਚੋਂ ਉੱਤਮ ਹੈਇਹ ਗੁਣ ਹਨ: ਵਿਕਸਿਤ ਕਿਸਮ ਦਾ ਸਰੀਰ ਅਤੇ ਦਿਮਾਗ, ਸਿੱਧੇ ਖੜ੍ਹੇ ਹੋ ਕੇ ਦੋਂਹ ਪੈਰਾਂ ’ਤੇ ਤੁਰ, ਬੋਲ, ਅੱਗ ਨੂੰ ਵਰਤ ਸਕਣ, ਜਥੇਬੰਦ (Forming Groups) ਕਰ/ਹੋ ਸਕਣ ਅਤੇ ਬੁੱਧ-ਵਿਵੇਕ ਦੀ ਅਧਿਕਾਰਤਾ, ਜਿਨ੍ਹਾਂ ਕਰ ਕੇ ਇਸ ਨੂੰ ਇਹ ਨਾਉਂ ਦਿੱਤਾ ਗਿਆ ਹੈਮਨੁੱਖ ਨੇ ਬਹੁਤ ਹੱਦ ਤਕ ਆਪਣੇ ਇਸ ਨਾਉਂ ਨਾਲ ਇਨਸਾਫ਼ ਵੀ ਕੀਤਾ ਹੈਇਸ ਸੰਸਾਰ ਵਿੱਚ ਅੱਡ-ਅੱਡ ਸਮਿਆਂ ਅਤੇ ਅੱਡ-ਅੱਡ ਦੇਸ਼ਾਂ ਵਿੱਚ ਚੋਟੀ ਦੇ ਅਧਿਆਤਮਿਕ ਮਹਾਂਪੁਰਖ ਆ ਚੁੱਕੇ ਹਨ, ਅਤੇ ਆ ਰਹੇ ਹਨਇਨ੍ਹਾਂ ਨੇ ਮਨੁੱਖਾਂ ਦੇ ਆਤਮਿਕ ਗੁਣਾਂ ਨੂੰ ਉਭਾਰਿਆ, ਸੁਚੱਜੇ ਜੀਵਨ ਜਿਊਣ ਦੀਆਂ ਸਿਆਣਪਾਂ ਸਿਖਾਈਆਂ, ਬਰਾਬਰੀ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ, ਅਤੇ ਉਨ੍ਹਾਂ ਨੂੰ ਹੱਕ-ਸੱਚ ਵਾਸਤੇ ਡਟਣ ਦੀ ਹਿੰਮਤ ਦਿੱਤੀਵੱਡੇ-ਵੱਡੇ ਨਿਆਂ-ਪਸੰਦ ਹੁਕਮਰਾਨ, ਫ਼ਿਲਾਸਫ਼ਰ ਅਤੇ ਸਮਾਜਿਕ ਮਹਾਂ-ਮਨੁੱਖ ਆਏ, ਜਿਨ੍ਹਾਂ ਦੀ ਰਹਿਨੁਮਾਈ ਵਿੱਚ ਮਨੁੱਖ ਨੇ ਜੀਵਨ ਦੇ ਦੁਨਿਆਵੀ ਖੇਤਰਾਂ ਵਿੱਚ ਵਿਕਾਸ ਕੀਤਾ

ਇਸੇ ਤਰ੍ਹਾਂ ਇੱਕ ਹੋਰ ਵਰਗ ਦੇ ਸਿਆਣਿਆਂ ਨੇ ਕੁਦਰਤ ਦੇ ਅਨੇਕਾਂ ਵਰਤਾਰਿਆਂ ਦਾ ਧਿਆਨ ਨਾਲ ਨਿਰੀਖਣ ਕੀਤਾ, ਇਹਨਾਂ ਪਿੱਛੇ ਕੰਮ ਕਰਦੇ ਕੁਦਰਤੀ ਨਿਯਮਾਂ ਨੂੰ ਆਪਣੀ ਬੁੱਧੀ ਨਾਲ ਸਮਝਿਆ ਅਤੇ ਆਪਣੇ ਇਸ ਗਿਆਨ ਨੂੰ ਸਾਇੰਸ ਦਾ ਰੂਪ ਦਿੱਤਾਫਿਰ ਇਸ ਸਾਇੰਸ ਨੂੰ ਤਕਨੀਕਾਂ ਅਤੇ ਕਾਢਾਂ ਰਾਹੀਂ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਵਰਤਿਆਇਨ੍ਹਾਂ ਮਹਾਂਪੁਰਖਾਂ, ਮਹਾਂ-ਮਨੁੱਖਾਂ ਅਤੇ ਸਿਆਣਿਆਂ ਦੇ ਪਰਉਪਕਾਰਾਂ ਸਦਕਾ ਅੱਜ ਆਪਾਂ ਸਾਰੇ ਆਪਣੇ ਪੂਰਵਜਾਂ ਤੋਂ ਵੱਧ ਖ਼ੁਸ਼ਹਾਲ, ਸਾਧਨ-ਸੰਪੰਨ, ਸਿਹਤਵੰਦ, ਪੜ੍ਹੇ-ਲਿਖੇ ਅਤੇ ਆਤਮ-ਨਿਰਭਰ ਹਾਂਸਾਨੂੰ ਅਪੂਰਬ ਸੁਖ-ਸਹੂਲਤਾਂ, ਮਨ-ਪ੍ਰਚਾਵੇ ਦੇ ਸਾਧਨ, ਸਿਹਤ-ਸੇਵਾਵਾਂ, ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ, ਖਾਧ-ਖੁਰਾਕ ਦੇ ਵਸੀਲੇ, ਵਿੱਦਿਆ ਅਤੇ ਗਿਆਨ ਪ੍ਰਾਪਤੀ ਦੇ ਸਾਧਨ, ਅਤੇ ਰਾਜਨੀਤਕ ਅਤੇ ਸਮਾਜਿਕ ਖੁੱਲ੍ਹਾਂ ਹਾਸਲ ਹਨ

ਪਰ ਬੜੇ ਹੀ ਦੁੱਖ ਦੀ ਗੱਲ ਇਹ ਹੈ ਕਿ ਇਸਦੇ ਨਾਲ-ਨਾਲ ਮਨੁੱਖਾਂ ਦੇ ਦੂਸਰੇ ਬਹੁਤ ਵੱਡੇ ਹਿੱਸੇ ਨੇ ਆਪਣੇ ਇਨ੍ਹਾਂ ਹੀ ਕੁਦਰਤੀ ਵਿਸ਼ੇਸ਼ ਗੁਣਾਂ (Faculties) ਦੀ ਹੱਦੋਂ ਵੱਧ ਕੁਵਰਤੋਂ ਵੀ ਕੀਤੀ; ਇੰਨੀ, ਕਿ ਮਨੁੱਖ ਦੀਆਂ ਸਾਰੀਆਂ ਚੰਗਿਆਈਆਂ ਉਸ ਦੀਆਂ ਬੁਰਿਆਈਆਂ ਸਾਹਮਣੇ ਅੱਜ ਨਾਂ-ਮਾਤਰ ਹੀ ਲੱਗਦੀਆਂ ਹਨਕਿੰਨੇ-ਕਿੰਨੇ ਜ਼ਾਲਮ ਹੁਕਮਰਾਨ, ਖੁਦਗਰਜ਼ ਹਾਕਮ-ਸ਼੍ਰੇਣੀਆਂ; ਧਰਮਾਂ, ਜਾਤਾਂ ਅਤੇ ਸਮਾਜਿਕ ਨਾ-ਬਰਾਬਰੀਆਂ ਦੀ ਆੜ ਹੇਠ ਜੰਗਾਂ-ਯੁੱਧਾਂ ਰਾਹੀਂ ਮਨੁੱਖਤਾ ਦਾ ਘਾਣ ਕਰਨ ਵਾਲ਼ੇ ਅਖੌਤੀ ਧਾਰਮਿਕ ਅਤੇ ਸਮਾਜਿਕ ਆਗੂ ਵੀ ਲਗਾਤਾਰ ਆਏ ਅਤੇ ਆ ਰਹੇ ਹਨਮਨੁੱਖੀ ਗੁਣਾਂ ਦੀ ਇਹ ਘ੍ਰਿਣਾਤਮਕ ਦੁਰ-ਵਰਤੋਂ ਵਿਅਕਤੀਗਤ ਪੱਧਰ ’ਤੇ ਵੀ ਹੋਈ ਅਤੇ ਸਮੂਹਿਕ ਪੱਧਰ ’ਤੇ ਵੀ ਹੋਈਇਤਿਹਾਸ ਇਸ ਗੱਲ ਦਾ ਗਵਾਹ ਹੈ ਅਤੇ ਵਰਤਮਾਨ ਇਸਦਾ ਪ੍ਰਤੱਖ ਪ੍ਰਮਾਣ ਹੈ ਕਿ ਸਮੇਂ ਨਾਲ ਇਸ ਦੁਰਵਰਤੋਂ ਵਿੱਚ ਵਾਧਾ ਹੀ ਹੋਇਆ ਹੈਭਾਵੇਂ ਇਸ ਦੁਰਵਰਤੋਂ ਦੀਆਂ ਕਿਸਮਾਂ ਅਤੇ ਕਰਨ ਦੇ ਢੰਗ-ਤਰੀਕੇ ਬਦਲਦੇ ਰਹੇ ਹਨ ਪਰ ਇਨ੍ਹਾਂ ਦੀ ਕਰੂਰਤਾ ਅਤੇ ਮਿਕਦਾਰ ਕਦੇ ਵੀ ਘਟੀ ਨਹੀਂ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ

ਆਪਸ ਵਿੱਚ ਕੀਤੇ ਨੁਕਸਾਨ ਤੋਂ ਇਲਾਵਾ ਮਨੁੱਖ ਨੇ ਧਰਤੀ ਅਤੇ ਇਸਦੇ ਕੁਦਰਤੀ ਵਸੀਲਿਆਂ ਦਾ ਵੀ ਬਹੁਤ ਨੁਕਸਾਨ ਕੀਤਾ ਹੈਜੇ ਇਕੱਲੇ ‘ਵਾਤਾਵਰਣ’ ਨੂੰ ਕੀਤੇ ਨੁਕਸਾਨ ਦੀ ਹੀ ਗੱਲ ਕਰੀਏ ਤਾਂ ‘ਅੰਤਰ-ਰਾਸ਼ਟਰੀ ਊਰਜਾ ਏਜੰਸੀ’ ਦੇ ਕਾਰਜਕਾਰੀ ਡਾਇਰੈਕਟਰ (Executive Director of the International Energy Agency), ਮਿ. ਫੇਥ ਬਾਇਰਲ ਦਾ ਕਹਿਣਾ ਹੈ ਕਿ “ਸ਼ਾਇਦ ਇਹ ਸਮੱਸਿਆ ਮਨੁੱਖਤਾ ਨੂੰ ਅੱਜ ਤਕ ਆਈਆਂ ਸਭ ਸਮੱਸਿਆਵਾਂ ਤੋਂ ਵੱਡੀ ਹੈ।” ਸਾਨੂੰ ਦਰਪੇਸ਼ ਇੰਨੀਆਂ ਹੀ ਮਾਰੂ ਦੋ ਹੋਰ ਸਮੱਸਿਆਵਾਂ ਹਨ: ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਕੰਪਿਊਟਰ ਖੇਤਰ ਵਿੱਚ ਹੋ ਰਹੀਆਂ ਬੇਲੋੜੀਆਂ ਅਤੇ ਬੇਲਗਾਮ ਖੋਜਾਂਇਨ੍ਹਾਂ ਤੋਂ ਇਲਾਵਾ ਭੁੱਖ-ਮਰੀ, ਗਰੀਬੀ, ਨਾ-ਬਰਾਬਰੀ, ਅੱਤਵਾਦ, ਮਹਾਂ-ਮਾਰੀਆਂ, ਵਧ ਰਹੀ ਅਬਾਦੀ, ਸੰਪਰਦਾਇਕ ਝਗੜੇ, ਖਪਤ-ਵਾਦ, ਇਸ਼ਤਿਹਾਰਬਾਜ਼ੀ, ਪਲਾਸਟਿਕ ਦਾ ਪ੍ਰਦੂਸ਼ਣ ਅਤੇ ਸਰਕਾਰਾਂ ਦੀ ਘਟ ਰਹੀ ਭਰੋਸੇਯੋਗਤਾ ਅਤੇ ਅਥਾਰਿਟੀ ਦੀਆਂ ਸਮੱਸਿਆਵਾਂਮਨੁੱਖ ਵਲੋਂ ਮਨੁੱਖ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਜ਼ੁਲਮ ਅਤੇ ਆਪ-ਸਹੇੜੀਆਂ ਇਨ੍ਹਾਂ ਮਾਰੂ ਸਮੱਸਿਆਵਾਂ ਨੇ ਸਾਡੀਆਂ ਵਿਅਕਤੀਗਤ ਅਤੇ ਸਮੂਹਿਕ ਸਿਆਣਪਾਂ ਉੱਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ਅਤੇ ਇਹ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਇਨਸਾਨ ਸਿਆਣਾ ਹੈ ਜਾਂ ਮੂਰਖ? ਮੂਰਖ ਉਹ ਹੁੰਦਾ ਹੈ ਜੋ ਆਪਾ-ਮਾਰੂ (Self-destructive) ਜਾਂ ਮਾਨਵਤਾ ਅਤੇ ਕੁਦਰਤ ਵਿਰੋਧੀ ਕੰਮ ਕਰੇ; ਜਾਣ-ਬੁੱਝ ਕੇ ਕਰੇ ਭਾਵੇਂ ਅਣਜਾਣ-ਪੁਣੇ ਵਿੱਚ ਕਰੇਇਤਿਹਾਸ ਨੂੰ ਪੜ੍ਹ ਕੇ ਅਤੇ ਅੱਜ ਦੀਆਂ ਨਿਰਾਸ਼ਾਜਨਕ ਸਥਿਤੀਆਂ ਨੂੰ ਦੇਖ ਕੇ ਸਿੱਧ ਹੋ ਜਾਂਦਾ ਹੈ ਕਿ ਮਨੁੱਖ ਸੁਭਾਵਿਕ ਤੌਰ ’ਤੇ ਸਿਆਣਾ ਘੱਟ ਅਤੇ ਮੂਰਖ ਵੱਧ ਹੈਸੰਸਾਰ ਦੇ ਅੱਜ ਦੇ ਸੁਪ੍ਰਸਿੱਧ ਫ਼ਿਲਾਸਫ਼ਰ-ਇਤਿਹਾਸਕਾਰ ਮਿ. ਯੂਵਲ ਹਰਾਰੀ ਨੇ ਆਪਣੀ ਕਿਤਾਬ ‘21 Lessons for the 21st Century’ ਵਿੱਚ ਲਿਖਿਆ ਹੈ:

ਸਾਨੂੰ ਮਨੁੱਖੀ ਮੂਰਖਤਾ (Human Stupidity) - ਭਾਵੇਂ ਇਹ ਵਿਅਕਤੀਗਤ ਪੱਧਰ ਦੀ ਹੋਵੇ ਭਾਵੇਂ ਸਮੂਹਕ ਪੱਧਰ ਦੀ - ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾਮਨੁੱਖ ਵਿੱਚ ਆਪਣੀ ਤਬਾਹੀ ਆਪ ਕਰਨ ਦੀ ਕੁਦਰਤੀ ਪ੍ਰਵਿਰਤੀ ਹੈਮਨੁੱਖੀ ਮੂਰਖਤਾ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਮਾਰੂ ਤਾਕਤਾਂ ਵਿੱਚੋਂ ਇੱਕ ਹੈ, ਫਿਰ ਵੀ ਅਸੀਂ ਇਸ ਨੂੰ ਘਟਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂਸੂਝਵਾਨ ਲੀਡਰ ਵੀ ਅਕਸਰ ਵੱਡੀਆਂ-ਵੱਡੀਆਂ ਮੂਰਖਤਾਵਾਂ ਕਰ ਬੈਠਦੇ ਹਨ।”

ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਬਰਬਾਰਾ ਟੱਕਮੈਨ ਦੀ ਕਿਤਾਬ ‘The March Of Folly: From Troy To Vietnam’ ਵਿੱਚ ਦਰਜ ਹੈ:

“ਮੂਰਖਤਾ (Folly) ਦੇਸ਼ ਅਤੇ ਕਾਲ ਤੋਂ ਅਜ਼ਾਦ ਹੈ; ਇਹ ਸਦੀਵੀ ਅਤੇ ਸਰਬ-ਵਿਆਪੀ ਹੈ ਭਾਵੇਂ ਕਿ ਇਸਦਾ ਰੂਪ ਵਕਤ ਅਤੇ ਸਥਾਨ ਦੀਆਂ ਮਾਨਤਾਵਾਂ ਅਤੇ ਰਹੁ-ਰੀਤਾਂ ਅਨੁਸਾਰ ਬਦਲਦਾ ਰਹਿੰਦਾ ਹੈ ਇਸਦਾ ਹਕੂਮਤ (Regime) ਦੀ ਕਿਸਮ ਨਾਲ ਕੋਈ ਸਬੰਧ ਨਹੀਂ; ਇਹ ਰਾਜਤੰਤਰ, ਅਲਪਤੰਤਰ ਅਤੇ ਗਣਤੰਤਰ ਸਭ ਵਿੱਚ ਉਪਜਦੀ ਹੈ, ਅਤੇ ਨਾ ਹੀ ਇਸਦਾ ਕਿਸੇ ਕੌਮ ਜਾਂ ਵਰਗ ਨਾਲ ਕੋਈ ਸਬੰਧ ਹੈ।”

ਮੂਰਖਤਾ ਕਰਕੇ ਹੀ ਸਰਕਾਰਾਂ ਅਤੇ ਜ਼ਿੰਮੇਵਾਰ ਹਸਤੀਆਂ ਨਾ ਤਾਂ ਆ ਰਹੀਆਂ ਸਮੱਸਿਆਵਾਂ ਨੂੰ ਗੌਲ਼ਦੀਆਂ ਹਨ ਅਤੇ ਨਾ ਹੀ ਪਈਆਂ ਹੋਈਆਂ ਨੂੰ ਠੀਕ ਢੰਗ ਨਾਲ ਨਜਿੱਠ ਸਕਦੀਆਂ ਹਨਉਦਾਹਰਣ ਵਜੋਂ ਪਹਿਲਾਂ ਤਾਂ ਕੌਵਿਡ-19 ਦੀ ਮਹਾਂ-ਮਾਰੀ ਬਾਰੇ ਮਾਹਿਰਾਂ ਵਲੋਂ ਪਿਛਲੇ ਪੰਜ-ਸੱਤ ਸਾਲ ਤੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਨੂੰ ਅਣਗੌਲ਼ਿਆ ਕੀਤਾ ਜਾਂਦਾ ਰਿਹਾ ਅਤੇ ਇਸਦੇ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਨਜਿੱਠਣ ਵਿੱਚ ਹਰ ਪੱਧਰ ’ਤੇ ਦਿਖਾਈ ਜਾ ਰਹੀ ਨਾ-ਅਹਿਲੀਅਤ ਇਸਦਾ ਇੱਕ ਹੋਰ ਪ੍ਰਮਾਣ ਹੈ

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੂਰਖਤਾ (Stupidity, Folly) ਦੇ ਹਰ ਪੱਧਰ ’ਤੇ, ਸਦੀਵੀ ਅਤੇ ਸਰਬ-ਵਿਆਪੀ ਹੋਣ ਦੇ ਬਾਵਜੂਦ ਇਸ ਵਿਸ਼ੇ ’ਤੇ ਨਾ-ਮਾਤਰ ਖੋਜ ਹੋਈ ਹੈ, ਜਦ ਕਿ ਮਨੋ-ਵਿਗਿਆਨੀ, ਸਮਾਜਿਕ ਮਨੋ-ਵਿਗਿਆਨੀ ਅਤੇ ਚਿੰਤਕ ਹੋਰ ਅਣਗਿਣਤ ਕਿਸਮ ਦੀਆਂ ਖੋਜਾਂ ਕਰੀ ਜਾ ਰਹੇ ਹਨਇਸ ਵਿਸ਼ੇ ’ਤੇ ਕਿਤੇ ਕੋਈ ਸੈਮੀਨਾਰ, ਕੋਈ ਕੋਰਸ ਜਾਂ ਟਰੇਨਿੰਗ ਆਦਿ ਨਹੀਂ ਹੁੰਦੀ ਇਸਦਾ ਮੁੱਖ ਕਾਰਨ ਇਹ ਹੈ ਕਿ ਕੁਦਰਤੀ ਸੁਭਾਅ ਕਰ ਕੇ ਅਸੀਂ ਆਪਣੇ ਔਗੁਣਾਂ-ਵਿਕਾਰਾਂ, ਆਪਣੀਆਂ ਗਲਤੀਆਂ-ਕਮਜ਼ੋਰੀਆਂ ਅਤੇ ਮੂਰਖਤਾਵਾਂ ਪ੍ਰਤੀ ਬਹੁਤ ਭਾਵੁਕ ਹਾਂ ਅਤੇ ਆਪਣੇ ਨੇੜੇ ਤੋਂ ਨੇੜੇ ਦੇ ਵਿਅਕਤੀ ਨਾਲ ਵੀ ਇਹਨਾਂ ਬਾਰੇ ਗੱਲਬਾਤ ਨਹੀਂ ਕਰ ਸਕਦੇਹੋਰ ਕਿਸੇ ਦੀ ਗੱਲ ਛੱਡੀਏ, ਨਿਰਪੱਖ ਢੰਗ ਨਾਲ ਆਪਣੀ ਸਵੈ-ਪੜਚੋਲ ਵੀ ਨਹੀਂ ਕਰ ਸਕਦੇਇਹ ਗੱਲ ਵਿਅਕਤੀਗਤ, ਸਮੂਹਿਕ ਅਤੇ ਸਰਕਾਰਾਂ, ਸਭ ਪੱਧਰ ’ਤੇ ਢੁੱਕਦੀ ਹੈਆਪਣੇ ਇਸ ਸੁਭਾਅ ਦੇ ਸਬੂਤਾਂ ਵਾਸਤੇ ਆਪਾਂ ਨੂੰ ਬਾਹਰੋਂ ਤੱਥ ਲੱਭਣ ਦੀ ਜ਼ਰੂਰਤ ਨਹੀਂ, ਆਪਾਂ ਇਹ ਸਭ ਆਪ ਕਰਦੇ ਹਾਂ ਅਤੇ ਦੂਸਰਿਆਂ ਨੂੰ ਕਰਦੇ ਦੇਖਦੇ ਹਾਂਪਰਿਵਾਰਾਂ, ਸਮਾਜਿਕ ਇਕੱਠਾਂ, ਮੀਟਿੰਗਾਂ ਅਤੇ ਵੱਡੀਆਂ-ਵੱਡੀਆਂ ਸਭਾਵਾਂ ਵਿੱਚ ਵੱਡੇ-ਵੱਡੇ ਮਸਲੇ ਬਰੀਕੀਆਂ ਨਾਲ ਵਿਚਾਰੇ ਜਾਂਦੇ ਹਨ ਅਤੇ ਵੱਡੇ-ਵੱਡੇ, ਅਤੇ ਸਹੀ ਫੈਸਲੇ ਲਏ ਜਾਂਦੇ ਹਨ ਪਰ ਕਦੇ ਅੰਤਰ-ਝਾਤ ਨਹੀਂ ਪਾਈ ਜਾਂਦੀ, ਸਵੈ-ਪੜਚੋਲ ਨਹੀਂ ਕੀਤੀ ਜਾਂਦੀਸਿਰਫ ਆਪਣੀਆਂ ਮੂਰਖਤਾਵਾਂ ਤੋਂ ਮੁਕਰਨ ਜਾਂ ਇਨ੍ਹਾਂ ਨੂੰ ਜਾਇਜ਼ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਹੀ ਕੀਤੀਆਂ ਜਾਂਦੀਆਂ ਹਨ

ਆਪਾਂ ਸਿਆਣੇ ਜਾਂ ਮੂਰਖ ਇਨਸਾਨਾਂ ਵਿੱਚ ਕੋਈ ਵੰਡ ਨਹੀਂ ਪਾ ਸਕਦੇ ਕਿਉਂਕਿ ਵਾਧੇ-ਘਾਟੇ ਅਤੇ ਕਿਸਮ ਦੇ ਫਰਕ ਨਾਲ ਹਰ ਇਨਸਾਨ ਆਪਣੇ-ਆਪ ਵਿੱਚ ਸਿਆਣਪ ਅਤੇ ਮੂਰਖਤਾ ਦਾ ਮਿਸ਼ਰਣ ਹੈ; ਕਾਰਣ-ਵੱਸ ਆਪਾਂ ਸਾਰੇ ਦੋਹਾਂ ਕਿਸਮਾਂ ਦੇ ਕੰਮ ਕਰਦੇ ਹਾਂਡਾ. ਜੌਨਥਨ ਹਾਈਟ ਅਨੁਸਾਰ ਸਾਡੀ ਸ਼ਖਸੀਅਤ ਇੱਕ ਇਕਾਈ ਨਾ ਹੋ ਕੇ ਇੱਕ ਐਸੀ ਕਮੇਟੀ ਵਾਂਗ ਹੈ ਜਿਸ ਨੂੰ ਇੱਕ ‘ਮਹੱਤਵਪੂਰਨ ਕੰਮ’ ਮਿਲਿਆ ਹੋਇਆ ਹੈ ਪਰ ਜਿਸਦੇ ਮੈਂਬਰ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਹਨਇਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਤੋਂ ਵੱਧ ਤੋਂ ਵੱਧ ਸਿਆਣੇ ਫੈਸਲੇ ਕਰਵਾਈਏ ਤਾਂ ਕਿ ਅਸੀਂ ਮਿਲੇ ਹੋਏ ‘ਮਹੱਤਵਪੂਰਨ ਕੰਮ’ ਨੂੰ ਪੂਰਾ ਕਰ ਸਕੀਏਪਰ ਦੋ ਕਾਰਨਾਂ ਕਰ ਕੇ ਆਪਾਂ ਇਹ ਸਭ ਕਰਨ ਤੋਂ ਅਸਮਰੱਥ ਹਾਂ:

ਸੁਖਾਵੇਂ ਬਾਹਰੀ ਮਾਹੌਲ ਦੀ ਘਾਟ: ਜਿਵੇਂ ਕਿ ਸਮਾਜ, ਪ੍ਰਬੰਧ, ਰਾਜਨੀਤੀ ਅਤੇ ਸਰਕਾਰ ਪੱਧਰ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਪ੍ਰਤੀ ਆਪਾਂ ਬੇਵੱਸ ਹਾਂਅਸੀਂ ਆਪਣੇ-ਆਪ ਇਸ ਸਮਾਜਿਕ-ਜਾਲ਼ (Social Trap) ਵਿੱਚੋਂ ਨਿੱਕਲ਼ ਨਹੀਂ ਸਕਦੇ ਅਤੇ ਇਸ ਪਾਸੇ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਂਦੀਆਂ ਹਨ

ਸਾਡੀ ਫਜ਼ੂਲ ਦੀ ਭਾਵੁਕਤਾ: ਜਿਹੜੀ ਸਾਨੂੰ ਸਾਡੇ ਔਗੁਣਾਂ-ਵਿਕਾਰਾਂ ਪ੍ਰਤੀ ਨਿਰਪੱਖ (Objective) ਰਵਈਆ ਨਹੀਂ ਅਪਣਾਉਣ ਦਿੰਦੀ, ਸਾਨੂੰ ਯਥਾਰਥਵਾਦੀ ਨਹੀਂ ਬਣਨ ਦਿੰਦੀ, ਉਲਟਾ ਭਾਂਜ-ਵਾਦੀ ਬਣਾ ਦਿੰਦੀ ਹੈਇਨ੍ਹਾਂ ਨੂੰ ਪਛਾਣਨ, ਸਵੀਕਾਰ ਕਰਨ, ਅਤੇ ਦੂਰ ਕਰਨ ਦੀਆਂ ਸੁਹਿਰਦ ਅਤੇ ਸੁਚੇਤ ਕੋਸ਼ਿਸ਼ਾਂ ਤੋਂ ਬਗੈਰ ਅੱਗੇ ਵਾਸਤੇ ਇਨ੍ਹਾਂ ਤੋਂ ਬਚ ਸਕਣਾ ਅਸੰਭਵ ਹੈ

ਸਪਸ਼ਟ ਹੈ ਕਿ ਸਾਡੀਆਂ ਪ੍ਰਚਲਿਤ ਸਿਆਣਪਾਂ, ਜਿਨ੍ਹਾਂ ਦਾ ਅਧਾਰ ਜ਼ਿਆਦਾਤਰ ਅਜੋਕੀਆਂ ਪੱਛਮੀ ਖੋਜਾਂ ਹਨ, ਸਾਨੂੰ ਆਪਣੀ ਸੁਭਾਵਿਕ ਮੂਰਖਤਾ ਤੋਂ ਰੋਕ ਨਹੀਂ ਸਕੀਆਂਇਸੇ ਕਰ ਕੇ ਪਿਛਲੇ ਛੇ-ਸੱਤ ਦਹਾਕਿਆਂ ਤੋਂ ਪੱਛਮ ਦੇ ਹਰ ਖੇਤਰ ਦੇ ਮਨੋ-ਵਿਗਿਆਨਕ ਪੂਰਬੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਗੰਭੀਰਤਾ ਨਾਲ ਅਧਿਐਨ ਕਰ ਰਹੇ ਹਨ ਅਤੇ ਇਨ੍ਹਾਂ ਦਾ ਪੱਛਮ ਵਿੱਚ ਹੋ ਰਹੀਆਂ ਖੋਜਾਂ ਨਾਲ ਸੁਮੇਲ ਕਰ ਰਹੇ ਹਨਸੁਮੇਲ ਦੀ ਇਸ ਕਾਰਵਾਈ ਨੂੰ ਡਾ. ਹਾਈਟ ਨੇ ‘ਸਨਾਤਨੀ ਸਿਆਣਪਾਂ ਵਿੱਚੋਂ ਅਜੋਕੀ ਸਚਾਈ ਦੀ ਭਾਲ਼’ (Finding Modern Truth in Ancient Wisdom) ਕਿਹਾ ਹੈਹੁਣ ਜੇ ਪੱਛਮ ਵਾਲ਼ੇ ਖੁੱਲ੍ਹ-ਦਿਲੀ ਨਾਲ ਇਹ ਸਭ ਕਰ ਰਹੇ ਹਨ ਤਾਂ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵੀ ਉਨ੍ਹਾਂ ਦੀਆਂ ਖੋਜਾਂ ਰਾਹੀਂ ਆਪਣੀ ਅਧਿਆਤਮਿਕ ਵਿਰਾਸਤ ਨੂੰ ਅੱਜ ਦੇ ਸਾਇੰਸੀ ਪਰਿਪੇਖ ਵਿੱਚ ਨਵੇਂ ਸਿਰੇ ਤੋਂ ਸਮਝੀਏਇਸ ਵਾਸਤੇ ਅਧਿਆਤਮਿਕ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣਾ ਹੀ ਸਾਡੇ ਵਾਸਤੇ ਇੱਕ ਰਾਹ ਹੈਇੱਥੇ ਇਹ ਵਿਚਾਰ ਵੀ ਜ਼ਰੂਰੀ ਹੈ ਕਿ ਸਭ ਧਰਮਾਂ ਦੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਅਧਾਰ ਇੱਕ ਹੀ ਸਚਾਈ ਹੈ ਜੋ ਆਦਿ ਜੁਗਾਦਿ ਤੋਂ ਚਲੀ ਆ ਰਹੀ ਹੈ ਅਤੇ ਸਰਬ-ਸਾਂਝੀ ਹੈਇਸ ਸਚਾਈ ਤੋਂ ਮੁਨਕਰ ਹੋਣਾ ਹੀ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਮੂਰਖਤਾ ਹੈ

ਜਿਵੇਂ ਸਾਇੰਸਦਾਨ ਮਨੁੱਖੀ ਜੂਨ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹਨ, ਉਸੇ ਤਰ੍ਹਾਂ ਮਹਾਂਪੁਰਖਾਂ ਨੇ ਵੀ ਮਨੁੱਖ ਦੀ ਜੂਨ ਨੂੰ ਸਰਬ-ਸ੍ਰੇਸ਼ਟ ਕਿਹਾ ਹੈਗੁਰਬਾਣੀ ਨੇ ਕੁਦਰਤ ਵਲੋਂ ਇਸ ਨੂੰ ਬਾਕੀ ਸਭ ਜੂਨਾਂ ਦੀ ਸਰਦਾਰੀ ਦਿੱਤੀ ਹੋਈ ਦੱਸਿਆ ਹੈ ਇਸਦੇ ਸਰੀਰ ਨੂੰ ਹਰੀ ਮੰਦਰ ਅਤੇ ਮਨ ਨੂੰ ਜੋਤ ਸਰੂਪ ਕਿਹਾ ਹੈਪਰ ਨਾਲ ਹੀ ਉਹ ਮਨੁੱਖ ਨੂੰ ਮੂਰਖ, ਅਣਜਾਣ, ਮਤਿਹੀਣ, ਅੰਨ੍ਹਾ ਅਤੇ ਇਸ ਤਰ੍ਹਾਂ ਦੇ ਭਾਵ ਵਾਲ਼ੇ ਹੋਰ ਅਨੇਕਾਂ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਨਇੰਨਾ ਹੀ ਨਹੀਂ, ਉਹ ਸਾਨੂੰ ਖੁਦਗਰਜ਼, ਹੰਕਾਰੀ ਪਖੰਡੀ, ਨੀਚ, ਬੁਰਾ ਤਕ ਕਹਿੰਦੇ ਹਨ ਅਤੇ ਕੁੱਤੇ ਦੀ ਪੂਛ, ਸੱਪਾਂ, ਸੂਰਾਂ ਆਦਿ ਨਾਲ ਸਾਡੀ ਤੁਲਨਾ ਕਰਦੇ ਹਨ

ਅੰਧੌ ਬੋਲੌ ਮੁਗਧੁ ਗਵਾਰੁ ਹੀਣੌ ਨੀਚੁ ਬੁਰੌ ਬੁਰਿਆਰ ਮਹਲਾ 1

ਇਹ ਸਭ ਉਹ ਕਿਸੇ ਖਾਸ ਦੇਸ਼, ਧਰਮ, ਕੌਮ ਜਾਂ ਗਰੁੱਪ ਦੇ ਬੰਦਿਆਂ ਨੂੰ ਨਹੀਂ ਬਲਕਿ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਸਾਂਝੇ ਤੌਰ ’ਤੇ ਕਹਿੰਦੇ ਹਨ ਇਸਦਾ ਸਪਸ਼ਟ ਭਾਵ ਹੈ ਕਿ ਮਨੁੱਖ ਮੁੱਢ-ਕਦੀਮ ਤੋਂ ਹੀ ਸੁਭਾਵਿਕ ਤੌਰ ’ਤੇ (Intrinsically) ਬੁਰਾ ਅਤੇ ਮੂਰਖ ਹੈਉਸ ਨੂੰ ਬੁਰਿਆਈਆਂ ਅਤੇ ਮੂਰਖਤਾਵਾਂ ਤੋਂ ਵਰਜਣ ਵਾਸਤੇ ਹੀ ਹਜ਼ਰਤ ਮੂਸਾ ਨੇ ਦਸ ਰੱਬੀ ਨੇਮ (Ten Commandments) ਜਾਰੀ ਕੀਤੇ, ਮਹਾਤਮਾ ਬੁੱਧ ਨੇ ਅਸ਼ਟ-ਮਾਰਗ ਦਾ ਸਿਧਾਂਤ ਦਿੱਤਾ, ਇਸਾਈ ਧਰਮ ਵਿੱਚ ਸੱਤ ਮਹਾਂ-ਪਾਪਾਂ (Seven Cardinal Sins) ਤੋਂ ਵਰਜਿਆਮੁਸਲਿਮ ਧਰਮ ਨੇ ਆਪਣੇ ਅਨੁਯਾਈਆਂ ਨੂੰ ਬੁਰਿਆਈਆਂ ਤੋਂ ਰੋਕਣ ਵਾਸਤੇ ਗੁਨਾਹਾਂ ਦੀ ਲੰਬੀ ਲਿਸਟ ਬਣਾਈ ਹੋਈ ਹੈਹਿੰਦੂ ਧਰਮ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਨੂੰ ਮਨੁੱਖ ਦੇ ਹੋਰ ਸਭ ਔਗੁਣਾਂ-ਵਿਕਾਰਾਂ ਦਾ ਅਧਾਰ ਮੰਨਿਆ ਹੈਗੁਰਬਾਣੀ ਵਿੱਚ ਇਸ ਨੂੰ ਹੋਰ ਸਪਸ਼ਟ ਅਤੇ ਵਿਗਿਆਨਕ ਢੰਗ ਨਾਲ ਸਮਝਾਇਆ ਹੈ ਕਿ ਮਨੁੱਖ ਦਾ ਇੱਕ ਹੀ ਮੁੱਖ ਔਗੁਣ (ਰੋਗ) ਹੈ: ਹਉਮੈਂ (I-ness, Ego) ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਦਾ ਮੂਲ (ਮਾਂ) ਹੈ

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧ ਲੋਭੁ ਮੋਹੁ ਅਹੰਕਾਰਾ ਮਹਲਾ 3

ਅਸੀਂ ਸਾਰੇ ਬੁਰੇ ਕੰਮ ਇਨ੍ਹਾਂ ਵਿੱਚੋਂ ਕਿਸੇ ਇੱਕ ਜਾਂ ਇਨ੍ਹਾਂ ਦੇ ਸਮੂਹਾਂ ਅਧੀਨ ਹੋ ਕੇ ਕਰਦੇ ਹਾਂ, ਭਾਵ ਹਉਮੈਂ ਦੇ ਕਿਸੇ ਨਾਂ ਕਿਸੇ ਹਿੱਸੇ ਅਧੀਨ ਹੋ ਕੇ

ਹਮ ਮੂਰਖ ਮੂਰਖ ਮਨ ਮਾਹਿ ਹਉਮੈਂ ਵਿਚਿ ਸਭ ਕਾਰ ਕਮਾਹਿ ਮਹਲਾ 3

ਕੀ ਅਸੀਂ ਆਪਣੇ ਕੁਦਰਤੀ ਅਤੇ ਸੁਭਾਵਿਕ ਔਗੁਣਾਂ-ਵਿਕਾਰਾਂ ਵਾਸਤੇ ਜ਼ਿੰਮੇਵਾਰ ਹਾਂ? ਨਾ ਵੀ ਹੋਈਏ ਤਾਂ ਵੀ ਵਿਹਾਰਕ ਅਤੇ ਕਾਨੂੰਨੀ ਤੌਰ ’ਤੇ ਇਨ੍ਹਾਂ ਦੇ ਮਾਲਿਕ ਹੋਣ ਦੇ ਨਾਤੇ ਅੱਜ ਅਸੀਂ ਹੀ ਦੋਸ਼ੀ ਹਾਂਫਿਰ ਵੀ ਮਹਾਂਪੁਰਖ ਸਾਨੂੰ ਇਨ੍ਹਾਂ ਦੇ ਮਾਲਿਕ ਹੋਣ ਦੇ ਨਾਤੇ ਬੁਰਾ ਨਹੀਂ ਕਹਿੰਦੇ ਬਲਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਇਨ੍ਹਾਂ ਨੂੰ ਬੇ-ਦਖ਼ਲ (Disown) ਕਰਨ ਤੋਂ ਇਨਕਾਰੀ ਹੋਣ ਕਰ ਕੇ ਕਹਿੰਦੇ ਹਨਸਾਡੇ ਔਗੁਣਾਂ-ਵਿਕਾਰਾਂ ਦਾ ਵਾਰ-ਵਾਰ ਜ਼ਿਕਰ ਕਰਨ ਤੋਂ ਉਨ੍ਹਾਂ ਦਾ ਭਾਵ ਸਾਨੂੰ ਨਿਰ-ਉਤਸ਼ਾਹਿਤ ਕਰਨ ਤੋਂ ਨਹੀਂ, ਬਲਕਿ ਇਨ੍ਹਾਂ ਦੀ ਹੋਂਦ ਪ੍ਰਤੀ ਸਾਨੂੰ ਇਸ ਹੱਦ ਤਕ ਜਾਗਰੂਕ ਕਰਨ ਤੋਂ ਹੈ ਕਿ ਅਸੀਂ ਇਨ੍ਹਾਂ ਪ੍ਰਤੀ ਆਪਣੀ ਫਜ਼ੂਲ ਭਾਵੁਕਤਾ ਨੂੰ ਛੱਡ ਕੇ ਇਨ੍ਹਾਂ ਨੂੰ ਪਛਾਣੀਏ, ਸਵੀਕਾਰ ਕਰੀਏ ਅਤੇ ਇਨ੍ਹਾਂ ਦੇ ਤਿਆਗਣ ਵਾਸਤੇ ਸੁਹਿਰਦ ਅਤੇ ਸੁਚੇਤ ਕੋਸ਼ਿਸ਼ਾਂ ਕਰ ਸਕੀਏ ਤਾਂ ਕਿ ਕੁਦਰਤ ਵਲੋਂ ਸਾਨੂੰ ਮਿਲੇ ‘ਮਹੱਤਵਪੂਰਨ ਕੰਮ’ ਨੂੰ ਸਿਰੇ ਚਾੜ੍ਹ ਸਕੀਏਇਹ ਕੰਮ ਹੈ ਆਪਣੇ ਅਧਿਆਤਮਿਕ ਫਰਜ਼ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸ ਜੀਵਨ ਨੂੰ ਸਿਆਣਪ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਜਿਊਣਾ, ਅਤੇ ਮਨੁੱਖਤਾ ਦੇ ਹਰ ਵਰਗ ਪ੍ਰਤੀ ਆਪਣੇ ਬਣਦੇ ਫਰਜ਼ ਪੂਰੇ ਕਰਨੇਪੂਰੇ ਵਿਚਾਰ ਦਾ ਸਾਰ-ਤੱਤ ਇਹ ਹੈ ਕਿ ‘ਸਿਆਣਾ ਮਨੁੱਖ’ (Homo Sapiens) ਦੇ ਨਾਉਂ ’ਤੇ ਸਾਡਾ ਹੱਕ ਤਾਂ ਜੱਦੀ ਹੈ, ਕਿਉਂਕਿ ਮਹਾਂਪੁਰਖਾਂ ਨੇ ਇਹ ਪਹਿਲਾਂ ਹੀ ਸਾਨੂੰ ਦਿੱਤਾ ਹੋਇਆ ਹੈਪਰ ਹੁਣ ਮੁੜ ਆਪਣੇ ਸਿਆਣੇ ਕਾਰਨਾਮਿਆਂ ਨਾਲ ਸਾਨੂੰ ਨਵੇਂ ਸਿਰੇ ਤੋਂ ਇਸਦੇ ਪਾਤਰ ਬਣਨਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2837)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com

More articles from this author