“ਪੁਰਾਣੀ ਪੀੜ੍ਹੀ ਨੂੰ ਇੱਕ ਦਾਰਸ਼ਨਿਕ ਦੇ ਇਸ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ ...”
(4 ਜਨਵਰੀ 2025)
ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, “ਵਖਤੁ ਵੀਚਾਰੇ ਸੁ ਬੰਦਾ ਹੋਇ”। ਭਾਵ ਸਪਸ਼ਟ ਹੈ ਕਿ ਜਿਹੜਾ ਸਮੇਂ ਦੀ ਨਜ਼ਾਕਤ ਪਛਾਣ ਕੇ ਚੱਲਦਾ ਹੈ, ਉਹੀ ਬੰਦਾ ਹੈ। ਪੀੜ੍ਹੀ ਦਾ ਪਾੜਾ ਇੱਕ ਨਿਰੰਤਰ ਸਮਾਜਿਕ ਵਰਤਾਰਾ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸਮਾਂ ਬਲਵਾਨ ਹੈ, ਜਿਓਂ ਜਿਓਂ ਇਹ ਅੱਗੇ ਤੁਰਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਹੀ ਵਿਕਾਸ ਅਤੇ ਬੌਧਿਕ ਪ੍ਰਸਥਿਤੀਆਂ ਬਦਲਦੀਆਂ ਜਾਂਦੀਆਂ ਹਨ। ਇਹਨਾਂ ਦੇ ਨਾਲ ਨਾਲ ਬੰਦੇ ਦੀ ਸੋਚ ਵੀ ਬਦਲੀ ਜਾਂਦੀ ਹੈ। ਇਸਦੇ ਦੋ ਕਾਰਨ ਹਨ, ਇੱਕ ਤਾਂ ਸੋਚ ਸਿੱਖਿਆ ਅਤੇ ਸਮਾਜੀਕਰਨ ਕਰਕੇ ਬਣਦੀ ਹੈ, ਦੂਜੀ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਕਾਰਨ ਬਣਦੀ ਹੈ। ਸਮਾਜਿਕ ਦਾਇਰਾ ਸੋਚ ਉੱਪਰ ਖੜ੍ਹਾ ਹੈ। ਆਮ ਭਾਸ਼ਾ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧ, ਗੈਰ ਸਮਾਜਿਕ ਕੰਮ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਸੋਚ ਬਦਲੋ। ਅੱਜ ਦੇ ਜੰਮੇ ਦੀ ਸੋਚ ਹੋਰ ਹੈ, ਦਸ ਸਾਲ ਪਹਿਲਾਂ ਜੰਮੇ ਦੀ ਹੋਰ। ਪੰਜਾਹ ਸਾਲ ਪਹਿਲਾਂ ਦੇ ਜੰਮੇ ਦੀ ਸੋਚ ਉਸ ਸਮੇਂ ਦੇ ਹਾਲਾਤ ਅਨੁਸਾਰ ਹੁੰਦੀ ਹੈ। ਇਸ ਪਿੱਛੇ ਜਨਰੇਸ਼ਨ ਗੈਪ ਹੀ ਹੁੰਦਾ ਹੈ। ਇਸ ਨਿਰੰਤਰ ਵਹਿੰਦੇ ਸਮੇਂ ਵਿੱਚ ਜੋ ਪਾੜਾ ਰਹਿ ਜਾਂਦਾ ਹੈ, ਉਹ ਅਕਸਰ ਹੀ ਪੁਆੜਿਆਂ ਦੀ ਜੜ੍ਹ ਹੋ ਨਿੱਬੜਦਾ ਹੈ। ਸ਼ੈਕਸਪੀਅਰ ਦੇ ਕਥਨ ਅਨੁਸਾਰ, ‘ਕੁੱਝ ਵੀ ਚੰਗਾ, ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸ ਨੂੰ ਅਜਿਹਾ ਬਣਾਉਂਦੀ ਹੈ।”
ਨਵੀਂ ਅਤੇ ਪੁਰਾਣੀ ਪੀੜ੍ਹੀ ਦਾ ਪਾੜਾ ਆਪਣੀ ਆਪਣੀ ਜਗ੍ਹਾ ਆਪਣੇ ਸਮੇਂ ਦੀ ਸੋਚ ਅਨੁਸਾਰ ਆਪਣੇ ਆਪ ਨੂੰ ਸਹੀ ਦੱਸਦਾ ਹੈ ਅਤੇ ਸਹੀ ਹੋਣਾ ਸਾਬਤ ਵੀ ਕਰਦਾ ਹੈ। ਇਸ ਪੱਖੋਂ ਦੋਵੇਂ ਸੱਚੇ ਹੀ ਹੁੰਦੇ ਹਨ। ਪੁਰਾਣੀ ਪੀੜ੍ਹੀ ਨੂੰ ਇੱਕ ਦਾਰਸ਼ਨਿਕ ਦੇ ਇਸ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ, “ਜਿਹੜਾ ਵਿਅਕਤੀ ਆਪਣੀ ਸੋਚ ਨਹੀਂ ਬਦਲਦਾ, ਉਸਦੀ ਸੋਚ ਉਸ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਕੀੜੇ ਪੈਦਾ ਹੁੰਦੇ ਹਨ।” ਪੁਰਾਣੀ ਪੀੜ੍ਹੀ ਸਮੇਂ ਦੇ ਵੇਗ ਅਨੁਸਾਰ ਆਪਣੀ ਸੋਚ ਬਦਲਦੀ ਜਾਵੇ ਤਾਂ ਮਾਨਸਿਕਤਾ ਦੇ ਕੀੜੇ ਪੈਦਾ ਨਹੀਂ ਹੋ ਸਕਦੇ। ਜੋ ਕੁਝ ਦਿਮਾਗ ਵਿੱਚ ਚੱਲਦਾ ਹੈ, ਉਹੀ ਸੋਚ ਵਿੱਚ ਬਦਲ ਜਾਂਦਾ ਹੈ। ਪਹਿਲਾਂ ਪਿੰਡਾਂ ਵਿੱਚ ਸਾਂਝੇ ਪਰਿਵਾਰ ਹੁੰਦੇ ਸਨ, ਇੱਕ ਖੂੰਡੇ ਵਾਲੇ ਦੇ ਹੱਥ ਕਮਾਂਡ ਹੁੰਦੀ ਸੀ। ਫਿਰ ਲੋਕ ਪੜ੍ਹ ਲਿਖ ਕੇ ਅੱਡ ਅੱਡ ਹੋਣ ਲੱਗ ਪਏ। ਇਸ ਪਿੱਛੇ ਨਵੀਂ ਪੜ੍ਹੀ ਲਿਖੀ ਪੀੜ੍ਹੀ ਹੀ ਹੈ। ਇਹਨਾਂ ਨੇ ਪੁਰਾਣੀ ਪੀੜ੍ਹੀ ਦੇ ਰੂੜ੍ਹੀਵਾਦੀ ਵਿਚਾਰਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਪੁਰਾਣੀ ਪੀੜ੍ਹੀ ਆਪਣੇ ਅਨੁਸਾਰ ਢਾਲਣਾ ਚਾਹੁੰਦੀ ਹੈ। ਪਰ ਨਵੀਂ ਪੀੜ੍ਹੀ ਸਮੇਂ ਅਨੁਸਾਰ ਬਜ਼ੁਰਗਾਂ ਨੂੰ ਢਾਲਣ ਲਈ ਬਜ਼ਿੱਦ ਰਹਿੰਦੀ ਹੈ, ਨਤੀਜਾ ਪਰਿਵਾਰ ਵਿੱਚ ਨੋਕ ਝੋਕ ਸ਼ੁਰੂ ਹੋ ਜਾਂਦੀ ਹੈ। ਅੰਤ ਭਾਂਡਾ-ਟੀਂਡਾ ਅੱਡ ਅੱਡ ਹੋ ਜਾਂਦਾ ਹੈ। ਨਵੀਂ ਪੀੜ੍ਹੀ ਸਮਾਜਿਕ ਨਿਯਮਾਵਲੀ ਦੀ ਪ੍ਰਵਾਹ ਵੀ ਨਹੀਂ ਕਰਦੀ। ਮੁੰਡਿਆਂ ਨੂੰ ਬਹੂਆਂ ਦੇ ਅਧੀਨ ਹੋਣ ਦਾ ਖਿਤਾਬ ਮਿਲ ਜਾਂਦਾ ਹੈ।
ਪੀੜ੍ਹੀ ਦੇ ਪਾੜੇ ਦਾ ਸਿਖਰ ਬਿਰਧ ਆਸ਼ਰਮ ਬਣਦੇ ਹਨ। ਬਿਰਧ ਆਸ਼ਰਮ ਉਹਨਾਂ ਲਈ ਸਮਾਜਿਕ ਕਲੰਕ ਹਨ, ਜਿਹੜੇ ਸਭ ਕੁਝ ਹੁੰਦੇ ਸੁੰਦੇ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨ। ਕਈ ਜਾਣਾ ਨਹੀਂ ਚਾਹੁੰਦੇ ਪਰ ਕਠੋਰ ਮੁੰਡੇ ਬਹੂਆਂ ਭੇਜ ਕੇ ਸਾਹ ਲੈਂਦੇ ਹਨ। ਸਮਾਜਿਕ ਪ੍ਰਾਣੀ ਦਾ ਰੁਤਬਾ ਵੀ ਵਿੱਚੇ ਹੀ ਘੜੀਸ ਦਿੰਦੇ ਹਨ। ਪੁਰਾਣੀ ਪੀੜ੍ਹੀ ਲਈ ਢੁਕਵਾਂ ਹੈ ਕਿ ਅੱਖਾਂ ਨਾਲ ਐਨਕ ਸੋਂਹਦੀ ਹੈ, ਕਦਰ ਹੈ। ਤੁਸੀਂ ਤਾਂ ਹੀ ਕਦਰ ਵਾਲੇ ਅਤੇ ਸੋਹੰਦੇ ਹੋਣ ਦੇ ਹੱਕਦਾਰ ਹੋ, ਜੇ ਹਾਲਾਤ ਨੂੰ ਸਮਝ ਕੇ ਪਰਿਵਾਰ ਵਿੱਚ ਵਿਚਰਦੇ ਹੋ।
ਪਿੰਡਾਂ ਅਤੇ ਸ਼ਹਿਰਾਂ ਦੀ ਪੀੜ੍ਹੀ ਵਿੱਚ ਵੀ ਅੰਤਰ ਹੈ। ਇਸ ਅੰਤਰ ਨੂੰ ਕੰਮਕਾਰ ਅਤੇ ਰਹਿਣ ਸਹਿਣ ਨਿਖੇੜਦੇ ਹਨ, ਸੋਚ ਇੱਕੋ ਹੀ ਹੁੰਦੀ ਹੈ। ਬਾਪੂ ਕਹਿੰਦਾ ਹੈ, ਮੈਂ ਵਾਣ ਵਾਲਾ ਮੰਜਾ ਲੈਣਾ ਹੈ. ਔਲਾਦ ਕਹਿੰਦੀ ਅਸੀਂ ਬੈੱਡ ਲੈਣੇ ਹਨ। ਔਲਾਦ ਕਹਿੰਦੀ ਬੈੱਡ ਨਾਲ ਸਰੀਰ ਸਿੱਧਾ ਰਹਿ ਕੇ ਡਿਸਕ ਨਹੀਂ ਹੁੰਦੀ, ਬਾਪੂ ਕਹਿੰਦਾ ਡਿਸਕ ਡੂਸਕ ਦਾ ਨੀ ਮੈਨੂੰ ਪਤਾ, ਮੇਰਾ ਤਾਂ ਬੈੱਡ ਉੱਪਰ ਖਾਧਾ ਪੀਤਾ ਉੱਪਰ ਨੂੰ ਆਉਂਦਾ। ਬੇਬੇ ਕਹਿੰਦੀ ਹੈ, ਮੇਰਾ ਸੰਦੂਕ ਭਲਾ ਹੈ, ਨੂੰਹ ਕਹਿੰਦੀ ਹੈ, ਚੁੱਕ ਲੈ, ਮੈਂ ਅਲਮਾਰੀ ਰੱਖਣੀ ਹੈ। ਨਵੀਂ ਪੀੜ੍ਹੀ ਪਖਾਨੇ ਮਕਾਨ ਦੇ ਅੰਦਰ ਭਾਲਦੀ ਪੁਰਾਣੀ ਪੀੜ੍ਹੀ ਨੂੰ ਕਹਿੰਦੀ ਹੈ, ਅਸੀਂ ਪਖਾਨੇ ਅੰਦਰ ਸਹਿਣ ਨਹੀਂ ਕਰਨੇ। ਹੁਣ ਸ਼ਾਇਦ ਇਸ ਮੋਚ ਨੂੰ ਮੋੜਾ ਪੈ ਗਿਆ ਹੈ।
ਜਿਵੇਂ ਦਸ ਕੋਹ ’ਤੇ ਬੋਲੀ ਬਦਲਦੀ ਹੈ, ਉਸੇ ਤਰ੍ਹਾਂ ਦੂਜੀ ਪੀੜ੍ਹੀ ਦੀ ਸੋਚ ਬਦਲ ਜਾਂਦੀ ਹੈ। ਹਰ ਪੀੜ੍ਹੀ ਦੀਆਂ ਆਪਣੀਆਂ ਰੁਚੀਆਂ, ਰੁਝੇਵੇਂ ਹੁੰਦੇ ਹਨ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਪੀੜ੍ਹੀ ਦੇ ਪਾੜੇ ਪਿੱਛੇ ਵਿਕਾਸ ਦੀ ਗਤੀ ਵੀ ਹੈ। ਦੂਜੀ ਗੱਲ ਇਹ ਵੀ ਹੈ ਕਿ ਹਰ ਤਬਦੀਲੀ ਵਿਕਾਸ ਨਹੀਂ ਹੁੰਦੀ। ਹਰ ਪੀੜ੍ਹੀ ਨੂੰ ਆਪਣੀ ਆਪਣੀ ਜਗ੍ਹਾ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਬੋਦੀਆਂ ਰਸਮਾਂ-ਰੀਤਾਂ ਦੇ ਗੁਲਾਮ ਨਹੀਂ ਹਾਂ, ਆਪਣੀ ਸੋਚ-ਸਮਝ ਵਰਤ ਕੇ ਤਰਕ ਨਾਲ ਬਦਲਾਓ ਲਿਆਉਣਾ ਹੈ। ਇਸ ਤਰ੍ਹਾਂ ਨਾ ਹੋਵੇ ਕਿ ਕੋਈ ਪੀੜੀ ਤਰਕ ਨੂੰ ਤਰੋੜ ਮਰੋੜ ਕੇ ਆਪਣੀ ਹਿੰਡ ਪੁਗਾਵੇ।
ਹਾਲਾਤ ਨਾਲ ਸਮਝੌਤਾ ਕਰਨ ਨਾਲ ਪੀੜ੍ਹੀ ਦਾ ਪਾੜਾ ਮੇਟਿਆ ਜਾ ਸਕਦਾ ਹੈ। ਮੰਗਣ ’ਤੇ ਸਲਾਹ ਦੇਣੀ ਚਾਹੀਦੀ ਹੈ, ਸਲਾਹ ਮਿਲਣ ’ਤੇ ਲਾਗੂ ਹੋਣੀ ਚਾਹੀਦੀ ਹੈ। ਸਮਾਜਿਕ ਪੁਆੜੇ ਬਾਰੇ ਅਸੀਂ ਇਹ ਨਹੀਂ ਸਮਝਦੇ ਕਿ ਸਮੱਸਿਆ ਜਿਸ ਸੋਚ ਕਰਕੇ ਆਈ ਹੈ, ਉਹ ਸੋਚ ਅਸੀਂ ਹੀ ਪੈਦਾ ਕੀਤੀ ਹੈ। ਘਰ ਵਿੱਚ ਸਿਆਣੇ-ਨਿਆਣੇ ਜਦੋਂ ਆਪਣੀ ਰਾਏ ਠੋਸੀ ਜਾਣ ਤਾਂ ਸਮਝੋ ਕਿ ਦੂਰਦਰਸ਼ੀ ਵਾਲਾ ਕੋਈ ਨਹੀਂ, ਸਭ ਦੀ ਅਕਲ ਮਾਰੀ ਗਈ ਹੈ। ਮੈਂ ਇੱਕ ਅਧਿਆਪਕਾ ਦੇ ਘਰ ਗਿਆ। ਉਹਨਾਂ ਰਸੋਈ ਵਿੱਚੋਂ ਚਾਹ ਬਾਹਰ ਫੜਾਈ। ਮੈਂ ਆਪਣੇ ਬੱਚੇ ਨੂੰ ਕਿਹਾ, “ਕਾਕੇ, ਮੋਘੇ ਵਿੱਚੋਂ ਚਾਹ ਫੜ।” ਬੱਚੇ ਨੇ ਮੇਰੇ ਮੂੰਹ ਵੱਲ ਵੇਖ ਕੇ ਚਾਹ ਫੜ ਲਈ। ਚਾਹ ਮੈਨੂੰ ਫੜਾਉਣ ਵੇਲੇ ਬੱਚਾ ਕਹਿਣ ਲੱਗਾ, “ਮੋਘਾ ਨਹੀਂ, ਸਰਵਿਸ ਵਿੰਡੋ ਹੁੰਦੀ ਆ ਪਾਪਾ।” ਮੈਂ ਪੀੜ੍ਹੀ ਦਾ ਪਾੜਾ ਭਲੀਭਾਂਤ ਸਮਝ ਗਿਆ।
ਇੱਕ ਵੱਖਰੀ ਗੱਲ ਹੋਰ ਵੀ ਹੈ ਕਿ ਬਜ਼ੁਰਗਾਂ ਨੂੰ ਤਜਰਬਿਆਂ ਦਾ ਖਜ਼ਾਨਾ ਸਮਝ ਕੇ ਅਗਿਆਤ ਨੇ ਨੌਜਵਾਨੀ ਨੂੰ ਸੁਨੇਹਾ ਵੀ ਦਿੱਤਾ ਹੈ, “ਇੱਕ ਨੌਜਵਾਨ ਦੂਜੇ ਨੌਜਵਾਨ ਦੀ ਅਗਵਾਈ ਕਰਦਾ ਇਸ ਤਰ੍ਹਾਂ ਹੈ, ਜਿਵੇਂ ਇੱਕ ਅੰਨ੍ਹਾ ਦੂਜੇ ਅੰਨ੍ਹੇ ਦੀ ਅਗਵਾਈ ਕਰਦਾ ਹੋਵੇ।” ਭਾਵ ਇੱਕ ਵਿਅਕਤੀ ਖੂਹ ਵਿੱਚ ਡਿਗਿਆ ਹੋਵੇ ਤੇ ਦੂਜਾ ਵੀ ਉਸੇ ਖੂਹ ਵਿੱਚ ਡਿਗੇ। ਇਸ ਪਾੜੇ ਨੂੰ ਕਾਬੂ ਹੇਠ ਕਰਨ ਲਈ ਸਾਡੀ ਸਿੱਖਿਆ ਅਤੇ ਸਮਾਜੀਕਰਨ ਦਾ ਅਧਿਆਏ ਵਰਕਾ ਹੋਣਾ ਚਾਹੀਦਾ ਹੈ। ਉਮਰਾਂ ਦੇ ਤਕਾਜ਼ੇ ਕਰਕੇ ਨਹੀਂ ਬਲਕਿ ਸਿੱਖਿਆ ਅਤੇ ਸੰਸਕਾਰਾਂ ਕਰਕੇ ਤਾਂ ਪੀੜ੍ਹੀ ਦੇ ਪਾੜੇ ਨੂੰ ਇੱਕ ਸੋਚ ਅਧੀਨ ਕੀਤਾ ਜਾ ਸਕਦਾ ਹੈ। “ਇੱਕ ਨੇ ਕਹੀ, ਦੂਜੇ ਨੇ ਮਾਨੀ। ਦੋਹਾਂ ਦਾ ਲਾਭ, ਦੋਵੇਂ ਬ੍ਰਹਮ ਗਿਆਨੀ।” ਬਜ਼ੁਰਗਾਂ ਨੂੰ ਆਪਣੀ ਔਲਾਦ ਦੀ ਸੋਚ ਨੂੰ ਬੌਧਿਕ ਤਰੱਕੀ ਅਤੇ ਨੌਜਵਾਨੀ ਨੂੰ ਦਾਰਸ਼ਨਿਕ ਏ.ਜੀ. ਗਾਰਡੀਨਰ ਦੇ ਕਥਨ, “ਚੜ੍ਹਦੇ ਸੂਰਜ ਦੀ ਆਪਣੀ ਸੁੰਦਰਤਾ ਹੁੰਦੀ ਹੈ, ਛਿਪਦੇ ਸੂਰਜ ਦੀ ਆਪਣੀ ਸੁੰਦਰਤਾ ਮਨਮੋਹਣੀ ਅਤੇ ਰੂਹਾਨੀ ਹੁੰਦੀ ਹੈ।” ਅਨੁਸਾਰ ਪਰਿਵਾਰ ਚਲਾਉਣੇ ਚਾਹੀਦੇ ਹਨ। ਇਸ ਨਾਲ ਇਸ ਸਮੇਂ ਸਿਰ ਚੁੱਕ ਰਹੀ ਪੀੜ੍ਹੀ ਦੇ ਪਾੜੇ ਦੀ ਸਮਾਜਿਕ ਬੁਰਾਈ ਨੂੰ ਸਮਾਜਿਕ ਜਾਬਤੇ ਅਧੀਨ ਕੀਤਾ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5587)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)