“ਸਮਾਂ ਬਦਲਣ ਨਾਲ ਦਿਵਾਲੀ ਦੀਆਂ ਖੁਸ਼ੀਆਂ ਫਿੱਕੀਆਂ ਪੈਣ ਲੱਗ ਗਈਆਂ ਹਨ ...”
(9 ਨਵੰਬਰ 2026)
ਸਾਡਾ ਦੇਸ਼ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਸਾਡੀ ਧਰਤੀ ਉੱਤੇ ਹਰ ਦਿਨ ਕੋਈ ਨਾ ਕੋਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਹਰ ਕੌਮ ਦਾ ਆਪਣਾ ਸੱਭਿਆਚਾਰ ਹੈ, ਲੋਕਾਂ ਦੇ ਆਪਣੇ ਰੀਤੀ ਰਿਵਾਜ਼ ਅਤੇ ਆਪਣੇ ਤਿਉਹਾਰ ਹਨ। ਲੋਕ ਆਪਣੇ ਤਿਉਹਾਰਾਂ ਨੂੰ ਪੁਰਾਤਨ ਸਮੇਂ ਤੋਂ ਪੂਰੇ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਨ। ਹਰ ਤਿਉਹਾਰ ਆਪਣੀ ਵਿਸ਼ੇਸ਼ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ। ਪਰ ਦਿਵਾਲੀ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਭਾਰਤ ਵਿੱਚ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਰਿਹਾ ਹੈ। ਆਧੁਨਿਕਤਾ ਦੇ ਨਾਲ ਸਾਡੇ ਜੀਵਨ ਜਿਊਣ ਦਾ ਰੰਗ ਢੰਗ ਬਦਲਿਆ ਹੈ। ਅੱਜ ਦੂਜੇ ਤਿਉਹਾਰਾਂ ਵਾਂਗ ਦਿਵਾਲੀ ਦੇ ਤਿਉਹਾਰ ਦੇ ਰੰਗ ਵੀ ਕੁਝ ਮੱਧਮ ਪੈ ਗਏ ਹਨ। ਲੋਕਾਂ ਵਿੱਚ ਪੁਰਾਤਨ ਸਮੇਂ ਵਾਲਾ ਜੋਸ਼ੋ ਖਰੋਸ਼ ਨਹੀਂ ਰਿਹਾ।
ਦਿਵਾਲੀ ਦੀ ਇਤਿਹਾਸਕ ਮਹੱਤਤਾ ਨੂੰ ਜੇਕਰ ਦੇਖਿਆ ਜਾਵੇ ਤਾਂ ਹਿੰਦੂ ਧਰਮ ਅਨੁਸਾਰ ਸ੍ਰੀ ਰਾਮਚੰਦਰ ਜੀ ਆਪਣਾ ਬਨਵਾਸ ਕੱਟ ਕੇ ਜਦੋਂ ਅਯੁੱਧਿਆ ਵਿੱਚ ਵਾਪਸ ਆਏ ਸਨ ਤਾਂ ਲੋਕਾਂ ਨੇ ਖੁਸ਼ੀ ਵਿੱਚ ਘਿਓ ਦੇ ਦੀਵੇ ਬਾਲੇ ਸਨ। ਉਸ ਸਮੇਂ ਤੋਂ ਦਿਵਾਲੀ ਦਾ ਤਿਉਹਾਰ ਪੂਰੇ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਣ ਲੱਗਿਆ। ਸਾਡੇ ਪੰਜਾਬ ਦੀ ਧਰਤੀ, ਸਿੱਖ ਧਰਮ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਲੋਕ, ਦਿਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾ ਹੋ ਕੇ ਆਏ ਸਨ; ਸਿੱਖਾਂ ਨੇ ਗੁਰੂ ਸਾਹਿਬ ਦਾ ਸਵਾਗਤ ਕਰਦਿਆਂ ਘਿਓ ਦੇ ਦੀਵੇ ਵਾਲੇ ਸਨ। ਇਸ ਲਈ ਦਿਵਾਲੀ ਦਾ ਤਿਉਹਾਰ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਭਾਰਤੀ ਵਸਦੇ ਹਨ, ਮਨਾਇਆ ਜਾਂਦਾ ਹੈ।
ਪਰ ਜਦੋਂ ਅਸੀਂ ਪੁਰਾਤਨ ਪੰਜਾਬ ਦੀ ਗੱਲ ਕਰਦੇ ਹਾਂ, ਜਾਂ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਦੇ ਪੰਜਾਬ ਦੀ ਤਸਵੀਰ ਚੇਤੇ ਕਰਦੇ ਹਾਂ ਤਾਂ ਇੰਝ ਲਗਦਾ ਹੈ ਜਿਵੇਂ ਸਾਡੇ ਦੂਜੇ ਤਿਉਹਾਰਾਂ ਵਾਂਗ ਦਿਵਾਲੀ ਦੀ ਮਹੱਤਤਾ ਵੀ ਆਧੁਨਿਕਤਾ ਦੀ ਭੇਟ ਚੜ੍ਹ ਗਈ ਹੋਵੇ। ਸਾਡੇ ਘਿਓ ਦੇ ਦੀਵਿਆਂ ਨੂੰ ਚੀਨ ਦੇ ਬਣੇ ਬਨਾਵਟੀ ਦੀਵਿਆਂ ਅਤੇ ਦੀਪਮਾਲਾ ਵਾਲੀਆਂ ਲੜੀਆਂ ਨੇ ਆਪਣੇ ਵਿੱਚ ਸਮੇਟ ਲਿਆ ਹੈ। ਲੋਕ ਮਿੱਟੀ ਦੇ ਬਣੇ ਦੀਵਿਆਂ ਨੂੰ ਸਿਰਫ ਇੱਕ ਰਸਮ ਦੇ ਤੌਰ ’ਤੇ ਖਰੀਦਣ ਲੱਗੇ ਹਨ। ਪਹਿਲਾਂ ਵਾਂਗ ਪਿੰਡਾਂ ਵਿੱਚ ਪਰਜਾਪਤ ਭਾਈਚਾਰੇ ਵੱਲੋਂ ਮਿੱਟੀ ਦੇ ਦੀਵੇ ਤਿਆਰ ਨਹੀਂ ਕੀਤੇ ਜਾਂਦੇ, ਨਾ ਹੀ ਘਰ ਘਰ ਵੰਡੇ ਜਾਂਦੇ ਹਨ; ਅੱਜ ਤਾਂ ਮਿੱਟੀ ਦੇ ਦੀਵੇ ਲੋਕ ਦੁਕਾਨਾਂ ਤੋਂ ਖਰੀਦਦੇ ਹਨ।
ਪਹਿਲਾਂ ਲੋਕ ਦਿਵਾਲੀ ਦੇ ਤਿਉਹਾਰ ਨੂੰ ਰੌਸ਼ਨੀ ਦੇ ਨਾਲ ਨਾਲ ਰੰਗਾਂ ਦਾ ਤਿਉਹਾਰ ਵੀ ਮੰਨਦੇ ਸਨ। ਦਿਵਾਲੀ ਤੋਂ ਮਹੀਨਾ ਪਹਿਲਾਂ ਲੋਕ ਘਰਾਂ ਦੀ ਸਫਾਈ ਕਰਨਾ ਸ਼ੁਰੂ ਕਰ ਦਿੰਦੇ ਸਨ। ਪਿੰਡਾਂ ਦੇ ਲੋਕ ਘਰਾਂ ਉੱਤੇ ਰੰਗ ਰੋਗਨ ਕਰਦੇ ਹੁੰਦੇ ਸਨ। ਰੰਗ ਵੀ ਪਰਿਵਾਰ ਦੇ ਮੈਂਬਰ ਆਪ ਹੀ ਕਰਦੇ ਸਨ, ਨਾ ਕਿ ਅੱਜ ਵਾਂਗ ਕਿਸੇ ਤੋਂ ਕਰਵਾਇਆ ਜਾਂਦਾ ਸੀ। ਕੱਚੇ ਘਰਾਂ ਨੂੰ ਪਹਿਲਾਂ ਔਰਤਾਂ ਸਾਫ ਕਰਕੇ ਮਿੱਟੀ ਅਤੇ ਗੋਹੇ ਦੇ ਨਾਲ ਲਿੱਪਦੀਆਂ, ਫਿਰ ਘਰਾਂ ਦੇ ਉੱਤੇ ਕਲੀ ਕੀਤੀ ਜਾਂਦੀ ਸੀ। ਸਮਾਂ ਬਦਲਣ ਨਾਲ ਜਦੋਂ ਘਰ ਪੱਕੇ ਹੋ ਗਏ ਤਾਂ ਲੋਕ ਦਿਵਾਲੀ ਤੋਂ ਪਹਿਲਾਂ ਤਸਵੀਰਾਂ ਦੇ ਨਾਲ ਪੂਰੀਆਂ ਕੰਧਾਂ ਸ਼ਿੰਗਾਰ ਦੇ ਸਨ। ਧਾਰਮਿਕ ਤਸਵੀਰਾਂ, ਸ੍ਰੀ ਰਾਮ ਚੰਦਰ ਨਾਲ ਸਬੰਧਤ, ਸਿੱਖ ਗੁਰੂਆਂ ਦੀਆਂ, ਸੱਭਿਆਚਾਰਕ ਤਸਵੀਰਾਂ ਘਰਾਂ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀਆਂ ਸਨ। ਉਸ ਸਮੇਂ ਲੋਕ ਸ਼ਹਿਰਾਂ ਵਿੱਚ ਬਹੁਤ ਘੱਟ ਜਾਂਦੇ ਸਨ। ਦਿਵਾਲੀ ਦੇ ਤਿਉਹਾਰ ਮੌਕੇ ਖਿੱਲਾਂ ਖੇਡਣੇ, ਪੇਠਾ ਮਠਿਆਈ ਆਦਿ ਅਤੇ ਕੁਝ ਥੋੜ੍ਹੇ ਜਿਹੇ ਪਟਾਕੇ ਘਰ ਦਾ ਮੁਖੀ ਸ਼ਹਿਰ ਤੋਂ ਲੈ ਕੇ ਆਉਂਦਾ ਹੁੰਦਾ ਸੀ। ਉਸ ਸਮੇਂ ਸ਼ਹਿਰ ਜਾਣ ਦੀ ਇਜਾਜ਼ਤ ਹਰ ਇੱਕ ਮੈਂਬਰ ਨੂੰ ਨਹੀਂ ਹੁੰਦੀ ਸੀ।
ਦਿਵਾਲੀ ਦੇ ਤਿਉਹਾਰ ਦੀ ਉਡੀਕ ਬੱਚੇ ਮਹੀਨਾ ਕੁ ਪਹਿਲਾਂ ਕਰਨ ਲੱਗ ਜਾਂਦੇ ਸਨ। ਦਿਵਾਲੀ ਤੋਂ ਪਹਿਲਾਂ ਘਰ ਦੇ ਸਾਰੇ ਖੇਤੀ ਸੰਦਾਂ ਦੀ ਸਫਾਈ ਕੀਤੀ ਜਾਂਦੀ। ਡੰਗਰ-ਪਸ਼ੂਆਂ ਨੂੰ ਦਿਵਾਲੀ ਵਾਲੇ ਦਿਨ ਨੁਹਾਇਆ ਜਾਂਦਾ, ਮੱਝਾਂ ਦੇ ਸਿੰਗਾਂ ’ਤੇ ਤੇਲ ਲਾਇਆ ਜਾਂਦਾ। ਲੋਕ ਪਸ਼ੂਆਂ ਨੂੰ ਵੀ ਆਪਣੇ ਪਰਿਵਾਰਕ ਜੀਆਂ ਵਾਂਗ ਸਮਝਦੇ ਸਨ। ਦਿਵਾਲੀ ਵਾਲੇ ਦਿਨ ਧਾਰਮਿਕ ਸਥਾਨਾਂ ’ਤੇ, ਪੁਰਖਿਆਂ ਦੀ ਯਾਦ ਵਿੱਚ ਸ਼ਮਸ਼ਾਨ ਘਾਟ, ਖੇਤਾਂ ਵਿੱਚ ਟਿਊਬੈਲ ਅਤੇ ਪਾਣੀ ਵਾਲੇ ਨਲਕਿਆਂ ਉੱਤੇ ਵਿਸ਼ੇਸ਼ ਤੌਰ ’ਤੇ ਦੀਵੇ ਬਾਲੇ ਜਾਂਦੇ ਸਨ। ਉਸ ਸਮੇਂ ਕਿਸੇ ਰੱਜਦੇ ਪੁੱਜਦੇ ਘਰ ਦੀਪ ਮਾਲਾ ਦੀ ਇੱਕ ਅੱਧੀ ਲੜੀ ਲੱਗੀ ਹੁੰਦੀ ਸੀ। ਸ਼ਾਮ ਨੂੰ ਸਾਰਾ ਪਿੰਡ ਕੋਠਿਆਂ ਦੇ ਬਨੇਰਿਆਂ ਉੱਤੇ ਮਿੱਟੀ ਦੇ ਦੀਵੇ ਸਰ੍ਹੋਂ ਦਾ ਤੇਲ ਪਾ ਕੇ ਬਾਲਦਾ ਸੀ। ਦਿਵਾਲੀ ਦੀ ਰਾਤ ਕੁਦਰਤੀ ਹਨੇਰਿਆਂ ਨੂੰ ਪੂਰੀ ਰੌਸ਼ਨੀ ਦੇ ਵਿੱਚ ਬਦਲ ਦਿੰਦੀ, ਪਿੰਡ ਦੀ ਰੌਸ਼ਨੀ ਵਾਲੀ ਨੁਹਾਰ ਦੇਖਣ ਵਾਲੀ ਹੁੰਦੀ ਸੀ।
ਬੱਚੇ ਛੋਟੇ ਛੋਟੇ ਪਟਾਕੇ ਚਲਾਉਂਦੇ, ਕੁੜੀਆਂ ਫੁੱਲਝੱੜੀਆਂ ਨਾਲ ਆਪਣਾ ਮਨੋਰੰਜਨ ਕਰਦੀਆਂ। ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਂਦੇ ਤਾਂ ਕਿ ਲਕਸ਼ਮੀ ਮਾਤਾ ਸਾਡੇ ਘਰਾਂ ਵਿੱਚ ਪ੍ਰਵੇਸ਼ ਕਰ ਸਕੇ। ਉਸ ਸਮੇਂ ਘਰ ਸਾਡੇ ਭਾਵੇਂ ਕੱਚੇ ਸਨ, ਪਰ ਰਿਸ਼ਤੇ ਅਤੇ ਲੋਕਾਂ ਦੇ ਵਿੱਚ ਪਿਆਰ ਪੱਕਾ ਸੀ।
ਸਮਾਂ ਬਦਲਣ ਨਾਲ ਦਿਵਾਲੀ ਦੀਆਂ ਖੁਸ਼ੀਆਂ ਫਿੱਕੀਆਂ ਪੈਣ ਲੱਗ ਗਈਆਂ। ਅੱਜ ਦੇ ਬੱਚਿਆਂ ਲਈ ਮਠਿਆਈਆਂ ਕੋਈ ਖਾਸ ਮਹੱਤਤਾ ਨਹੀਂ ਰੱਖਦੀਆਂ। ਹੁਣ ਲੋਕ ਸ਼ਹਿਰਾਂ ਵਿੱਚ ਰੁਜ਼ਾਨਾ ਜਾਣ ਲੱਗ ਪਏ ਹਨ। ਦਿਵਾਲੀ ਸਮੇਂ ਘਰਾਂ ਨੂੰ ਰੰਗ ਰੋਗਨ ਕਰਨ ਦਾ ਰਿਵਾਜ਼ ਨਹੀਂ ਰਿਹਾ। ਤਿਉਹਾਰ ਮਨਾਉਣ ਦਾ ਪੂਰਾ ਸਰੂਪ ਹੀ ਬਦਲ ਗਿਆ। ਲੋਕ ਪਟਾਕਿਆਂ ਦੇ ਰੂਪ ਵਿੱਚ ਪੈਸਿਆਂ ਨੂੰ ਫੂਕਣ ਲੱਗ ਪਏ ਹਨ। ਬਰੂਦ ਦੇ ਨਾਲ ਪ੍ਰਦੂਸ਼ਣ ਦੀ ਗਤੀ ਹੱਦਾਂ ਬੰਨੇ ਟੱਪ ਗਈ ਹੈ। ਸਾਡੇ ਘਰ ਭਾਵੇਂ ਅੱਜ ਪੱਕੇ ਹੋ ਗਏ, ਪਰ ਸਾਡੇ ਆਪਸੀ ਰਿਸ਼ਤੇ ਕੱਚੇ ਹੁੰਦੇ ਜਾ ਰਹੇ ਹਨ। ਦਿਵਾਲੀ ਦਾ ਤਿਉਹਾਰ ਭਰਾਤਰੀ ਪਿਆਰ ਗੁਆ ਕੇ ਇੱਕ ਰਸਮ ਬਣ ਕੇ ਰਹਿ ਗਿਆ। ਅੱਜ ਵੱਡੀ ਲੋੜ ਸਾਨੂੰ ਘਰਾਂ ਦੀ ਸਫਾਈ ਦੇ ਨਾਲ ਮਨਾਂ ਦੀ ਸਫਾਈ ਕਰਨ ਦੀ ਹੈ। ਆਉ ਪੰਜਾਬੀਓ, ਆਪਾਂ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਰੰਪਰਾਗਤ ਰੂਪ ਵਿੱਚ ਮਨਾਈਏ, ਘਰਾਂ ਵਿੱਚ ਰੌਸ਼ਨੀ ਦੇ ਦੀਵੇ ਬਾਲੀਏ। ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ। ਦਿਵਾਲੀ ਦੇ ਪਵਿੱਤਰ ਤਿਉਹਾਰ ਬਾਰੇ ਗੁਰਬਾਣੀ ਵਿੱਚ ਵੀ ਵਿਖਿਆਨ ਕੀਤਾ ਗਿਆ ਹੈ...
ਦਿਵਾਲੀ ਦੀ ਰਾਤਿ, ਦੀਵੇ ਬਾਲੀਅਨਿ,
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































