HarsantSDhindsa 7ਮੈਂ ਸਿਰਫ ਕੁਝ ਖਬਰਾਂ ਦਾ ਜ਼ਿਕਰ ਕੀਤਾ ਹੈ ਪਰ ਅਜਿਹਾ ਵਰਤਾਰਾ ਨਿੱਤ ਵਾਪਰ ...
(14 ਅਗਸਤ 2026)


ਸਾਡੇ ਪੰਜਾਬੀ ਦੀ ਹਾਲਾਤ ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ। ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਮਨ ਉਦਾਸ ਹੋ ਜਾਂਦਾ ਹੈ। ਅੱਜ ਜਦੋਂ ਅਖਬਾਰ ਦੇ ਪੰਨਿਆਂ ਦੇ ਉੱਤੇ ਝਾਤ ਮਾਰੀ
, ਮਨ ਵਿੱਚ ਉਦਾਸੀ ਛਾ ਗਈ। ਖਬਰਾਂ ਪੜ੍ਹ ਕੇ ਮਨ ਚਿੰਤਾ ਵਿੱਚ ਡੁੱਬ ਗਿਆ, ਕਦੇ ਸੋਚਿਆ ਨਹੀਂ ਸੀ, ਗੁਰੂਆਂ ਪੀਰਾਂ ਦੀ ਧਰਤੀ ਦੀ ਇਹ ਹਾਲਤ ਹੋ ਜਾਵੇਗੀ। ਚਿੱਟੇ ਦੀ ਹਨੇਰੀ ਨੇ ਘਰ ਘਰ ਸੱਥਰ ਵਿਛਾ ਦਿੱਤੇ। ਪਹਿਲੀ ਖਬਰ ਜਦੋਂ ਜਲੰਧਰ ਦੀ ਪੜ੍ਹੀ, ਮਨ ਉਦਾਸ ਹੋ ਗਿਆ।

ਜਲੰਧਰ ਦਾ ਹੀਰਾ ਲਾਲ, ਜਦੋਂ ਪਿਤਾ ਦੇ ਘਰ ਜਨਮਿਆਂ, ਲੋਕ ਵਧਾਈਆਂ ਦੇਣ ਆਏ, ਪਿਤਾ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਸਾਰੇ ਪਰਿਵਾਰ ਨੇ ਖੂਬ ਖੁਸ਼ੀਆਂ ਮਨਾਈਆਂ। ਪਰ ਭਵਿੱਖ ਦੀ ਤਸਵੀਰ ਦਾ ਕੀ ਪਤਾ ਸੀ ਕਿ ਹੀਰਾ ਲਾਲ ਹੀ ਆਪਣੇ ਪਿਤਾ ਦਾ ਕਤਲ ਬਣੇਗਾ। ਜਦੋਂ ਪੁੱਤਰ ਪਿਤਾ ਦਾ ਕਤਲ ਕਰਦਾ ਹੈ ਤਾਂ ਸੱਚਮੁੱਚ ਧਰਤੀ ਕੰਬਦੀ ਹੈ। ਹੀਰਾ ਲਾਲ ਦੀ ਪਤਨੀ ਸਵਿਤਾ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦੇ ਵਰਤ ਰੱਖਦੀ ਰਹੀ, ਪਤੀ ਨੂੰ ਪਰਮੇਸ਼ਰ ਮੰਨਿਆ, ਪਰ ਇਹ ਨਹੀਂ ਪਤਾ ਸੀ ਕਿ ਚਿੱਟੇ ਦੀ ਤੋੜ ਵਿੱਚ ਪਤੀ ਪਰਮੇਸ਼ਰ ਹੀ ਉਸਦਾ ਕਤਲ ਕਰ ਦੇਵੇਗਾ। ਪਿਤਾ ਅਤੇ ਪਤਨੀ ਤੋਂ ਜਦੋਂ ਹੀਰਾ ਲਾਲ ਨੂੰ ਪੈਸੇ ਨਾ ਮਿਲੇ, ਹੀਰਾ ਲਾਲ ਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਰ ਉੱਜੜ ਗਿਆ। ਇਹ ਸਾਰੀ ਚਿੱਟੇ ਦੀ ਹਨੇਰੀ ਸੀ‌, ਜਿਹੜੀ ਅਯੁੱਧਿਆ ਪ੍ਰਸਾਦ ਦੇ ਘਰ ਨੂੰ ਰੋੜ੍ਹ ਕੇ ਲੈ ਗਈ।

ਜਦੋਂ ਦੂਜੀ ਖਬਰ ਦੇ ਉੱਤੇ ਨਜ਼ਰ ਗਈ, ਸਰਦੂਲਗੜ੍ਹ ਦੀ ਧਰਤੀ ਉੱਤੇ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ, ਜਿਹੜਾ ਪੂਰੇ ਪਰਿਵਾਰ ਨੇ ਪਰਮਾਤਮਾ ਤੋਂ ਅਰਦਾਸਾਂ ਕਰਕੇ ਮੰਗਿਆ ਸੀ, ਲੋਕ ਕਹਿੰਦੇ ਸਨ, ਚਲੋ ਭਾਈ ਪਰਿਵਾਰ ਦੀ ਜੜ ਲੱਗ ਗਈ, ਕੁੜੀਆਂ ਦਾ ਸਿਰ ਢਕਿਆ ਗਿਆ ਪਰ ਕੀ ਪਤਾ ਸੀ ਕਿ ਨਾਬਾਲਗ ਬੱਚਾ ਚਿੱਟੇ ਦੀ ਦਲਦਲ ਵਿੱਚ ਧਸ ਜਾਵੇਗਾ। ਚਿੱਟੇ ਦਾ ਟੀਕਾ ਲਾਉਂਦਿਆਂ ਸਰਿੰਜ ਨਾੜ ਦੇ ਵਿੱਚ ਹੀ ਰਹਿ ਗਈ। ਪੰਜਾਬ ਦੀ ਧਰਤੀ ’ਤੇ ਅਜਿਹਾ ਸਮਾਂ ਆਉਣਾ ਸੀ, ਸਾਡੇ ਬਜ਼ੁਰਗਾਂ ਨੇ ਕਦੇ ਨਹੀਂ ਸੋਚਿਆ ਸੀ।

ਤੀਜੀ ਖਬਰ ਨੇ ਤਾਂ ਮਨ ਨੂੰ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਖਬਰ ਹੀ ਅਜਿਹੀ ਸੀ। ਇਹ ਖਬਰ ਤੂਤ ਪਿੰਡ ਦੇ ਤੂਤ ਦੀ ਛਟੀ ਵਰਗੇ ਨੌਜਵਾਨ, ਤੂਤਾਂ ਵਾਲੇ ਗੁਰਜੀਤ ਬਾਰੇ ਸੀ, ਜਿਸਨੇ ਆਪਣੇ ਪਿੰਡ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਸੀ। ਗੁਰਜੀਤ ਪੰਜਾਬ ਦੀ ਮਾਂ-ਖੇਡ ਕਬੱਡੀ ਦਾ ਹੀਰਾ, ਸਰਕਲ ਸਟਾਈਲ ਕਬੱਡੀ ਦੇ ਵਿੱਚ ਆਪਣੇ ਸਮੇਂ ਦਾ ਸਭ ਤੋਂ ਧਾਕੜ ਰੇਡਰ ਸੀ। ਉਸਦਾ ਕੱਦ ਛੇ ਫੁੱਟ ਤਿੰਨ ਇੰਚ, ਪੂਰਾ ਤਕੜਾ ਜੁੱਸਾ, ਕਬੱਡੀ ਖੇਡ ਜਗਤ ਨੇ ਉਸਨੂੰ ਬੁਰਜ ਖਲੀਫਾ ਦਾ ਖਿਤਾਬ ਦਿੱਤਾ ਸੀ।

ਕਬੱਡੀ ਖੇਡ ਜਗਤ ਦੇ ਕੋਹੇਨੂਰ ਗੁਰਜੀਤ ਦੀਆਂ ਦੇਸਾਂ ਵਿਦੇਸ਼ਾਂ ਦੇ ਵਿੱਚ ਗੱਲਾਂ ਹੋਈਆਂ। ਪਹਿਲੀ ਵਾਰ ਸੰਨ 2004-05 ਵਿੱਚ ਇੰਗਲੈਂਡ ਦੀ ਧਰਤੀ ’ਤੇ ਖੇਡਣ ਗਿਆ। ਉੱਥੇ ਅਜਿਹੀ ਖੇਡ ਖੇਡੀ ਕਿ ਹਰ ਪਾਸੇ ਗੁਰਜੀਤ ਤੂਤ ਦੀਆਂ ਗੱਲਾਂ ਹੋਣ ਲੱਗੀਆਂ। ਤੂਤਾਂ (ਫਿਰੋਜ਼ਪੁਰ) ਪਿੰਡ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਗਿਆ। ਸੰਨ 2006-07 ਦੇ ਵਿੱਚ ਗੁਰਜੀਤ ਦੁਨੀਆਂ ਦਾ ਮਹਾਨ ਖਿਡਾਰੀ ਸੀ। ਜਦੋਂ ਉਹ ਕੈਨੇਡਾ ਖੇਡਣ ਗਿਆ ਤਾਂ ਉਸਦੀਆਂ ਗੱਲਾਂ ਘਰ ਘਰ ਹੋ ਰਹੀਆਂ ਸਨ। ਕੈਨੇਡਾ ਦੀ ਧਰਤੀ ਤੇ ਵੱਡੇ ਮਾਨਣਸਨਮਾਨ ਹੋਏ। ਕਬੱਡੀ ਖੇਡ ਜਗਤ ਵਿੱਚ ਜਦੋਂ ਗੁਰਜੀਤ ਦੀ ਤੂਤੀ ਬੋਲਦੀ ਸੀ ਤਾਂ ਕਈ ਪੰਜਾਬੀ ਗਾਇਕਾਂ ਨੇ ਪੰਜਾਬੀ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਬਾਰੇ ਗੀਤ ਗਾਏ। ਹੱਦ ਤੋਂ ਵੱਧ ਪ੍ਰਸਿੱਧੀ ਮਿਲੀ, ਪਰ ਕੀ ਪਤਾ ਸੀ ਕਿ ਨਸ਼ਿਆਂ ਦੀ ਚੰਦਰੀ ਹਨੇਰੀ ਸਾਡੇ ਕਬੱਡੀ ਹੀਰੇ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਵੇਗੀ। ਗੁਰਜੀਤ ਨੂੰ ਵੀ ਨਸ਼ਿਆਂ ਦੀ ਮਾਰੂ ਹਨੇਰੀ ਨੇ ਢਾਹ ਲਿਆ। ਪੰਜਾਬੀ ਮਾਂ ਖੇਡ ਕਬੱਡੀ ਦਾ ਬੁਰਜ ਖਲੀਫਾ 45 ਸਾਲ ਦੀ ਉਮਰੇ 12 ਅਗਸਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਅੱਜ ਸਾਨੂੰ ਸਾਰੇ ਪੰਜਾਬੀਆਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ, ਸਾਡੇ ਹੀਰਿਆਂ ਵਰਗੇ ਨੌਜਵਾਨ ਮਾਰੂ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਅੱਜ ਨੌਜਵਾਨੀ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਮੈਂ ਸਿਰਫ ਕੁਝ ਖਬਰਾਂ ਦਾ ਜ਼ਿਕਰ ਕੀਤਾ ਹੈ ਪਰ ਅਜਿਹਾ ਵਰਤਾਰਾ ਨਿੱਤ ਵਾਪਰ ਰਿਹਾ ਹੈ। ਪਤਾ ਨਹੀਂ ਕਿੰਨੇ ਹੋਰ ਬੁਰਜ ਖਲੀਫਾ ਰੋਜ਼ਾਨਾ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਆਉ ਪੰਜਾਬੀਓ, ਪੰਜਾਬ ਬਾਰੇ ਸੋਚੀਏ, ਉੱਜੜ ਰਹੇ ਘਰਾਂ ਦੀ ਸਾਰ ਲਈਏ। ਪਤਾ ਨਹੀਂ ਚਿੱਟੇ ਦੀ ਅੱਗ ਅਜੇ ਹੋਰ ਕਿੰਨੇ ਘਰਾਂ ਦੇ ਦੀਵੇ ਗੁੱਲ ਕਰੇਗੀ।

 ਅੰਤ ਵਿੱਚ ਮੇਰੇ ਗੁਰਤੇਜ ਕੋਹਾਰ ਵਾਲੇ ਦਾ ਲਿਖਿਆ ਸ਼ੇਅਰ ਚੇਤੇ ਆ ਗਿਆ ਹੈ...

ਔੜ ਇੱਦਾਂ ਹੀ ਜੇਕਰ ਜਾਰੀ ਰਹੀ,
ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ,
ਪਹਿਲਾਂ ਨਦੀਆਂ ਦੀ ਚਿੰਤਾ ਸੀ,
ਹੁਣ ਜਾਪਦਾ ਹੈ ਇੱਥੇ
ਨੈਣਾਂ ਦੇ ਪਾਣੀ ਵੀ ਮੁੱਕ ਜਾਣਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author