“ਜਦੋਂ ਕੋਈ ਨੇਤਾ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਰਾਜਨੀਤਿਕ ਰੰਗ ...”
(27 ਅਪਰੈਲ 2026)
ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਰਾਜਨੀਤਿਕ ਦਲ ਲੋਕਤੰਤਰ ਦੀ ਜਿੰਦ ਜਾਨ ਹੁੰਦੇ ਹਨ ਕਿਉਂਕਿ ਰਾਜਨੀਤਿਕ ਦਲਾਂ ਨੇ ਹੀ ਲੋਕਤੰਤਰੀ ਸਰਕਾਰ ਦਾ ਨਿਰਮਾਣ ਕਰਨਾ ਹੁੰਦਾ ਹੈ। ਜੋ ਰਾਜਨੀਤਿਕ ਦਲ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰ ਲੈਂਦਾ ਹੈ, ਉਹ ਸਰਕਾਰ ਬਣਾਉਂਦਾ ਹੈ। ਦੂਜੇ ਦਲ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ। ਸਾਡੇ ਭਾਰਤ ਵਿੱਚ ਦੋ ਤਰ੍ਹਾਂ ਦੇ ਰਾਜਨੀਤਿਕ ਦਲ ਹਨ, ਰਾਸ਼ਟਰੀ ਅਤੇ ਖੇਤਰੀ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਲੋਕਤੰਤਰੀ ਪ੍ਰਣਾਲੀ ਸਫਲਤਾ ਪੂਰਵਕ ਚੱਲ ਰਹੀ ਹੈ। ਰਾਜਨੀਤਿਕ ਦਲ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਪਿਛਲੇ ਸਮੇਂ ਤੋਂ ਰਾਜਨੀਤਿਕ ਦਲਾਂ ਵਿੱਚ ਆਈਆਂ ਬਹੁਤ ਸਾਰੀਆਂ ਖਾਮੀਆਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਖੋਰਾ ਲਾਇਆ ਹੈ। ਰਾਜਨੀਤਿਕ ਦਲਾਂ ਵਿੱਚ ਹੁੰਦੀ ਦਲ ਬਦਲੀ ਬਹੁਤ ਵੱਡੀ ਸਮੱਸਿਆ ਹੈ। ਭਾਵੇਂ ਕਿ ਇਸ ਨੂੰ ਰੋਕਣ ਲਈ ਸਮੇਂ ਸਮੇਂ ਕਾਨੂੰਨ ਬਣੇ ਪਰ ਕਾਨੂੰਨਾਂ ਦੀਆਂ ਬਹੁਤ ਸਾਰੀਆਂ ਚੋਰ ਮੋਰੀਆਂ ਲੱਭ ਕੇ ਰਾਜਨੀਤਿਕ ਨੇਤਾ ਆਪਣੇ ਸਵਾਰਥਾਂ ਨੂੰ ਮੁੱਖ ਰੱਖਦਿਆਂ ਦਲ ਬਦਲੀ ਕਰ ਜਾਂਦੇ ਹਨ. ਜਿਸ ਨਾਲ ਲੋਕਾਂ ਦਾ ਰਾਜਨੀਤਿਕ ਦਲਾਂ ਤੋਂ ਮੋਹ ਅਤੇ ਵਿਸ਼ਵਾਸ ਭੰਗ ਹੋ ਰਿਹਾ ਹੈ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਕੇਂਦਰੀ ਸਰਕਾਰ ਉੱਤੇ ਜ਼ਿਆਦਾ ਸਮਾਂ ਕਾਂਗਰਸ ਕਾਬਜ਼ ਰਹੀ। ਕਾਂਗਰਸ ਪਾਰਟੀ ਦੀ ਸੱਤਾ ਖੁਸਣ ਤੋਂ ਬਾਅਦ ਬਹੁਦਲੀ ਪ੍ਰਣਾਲੀ ਦਾ ਸਰੂਪ ਹੋਂਦ ਵਿੱਚ ਆਇਆ। ਇਸਦੇ ਨਾਲ ਹੀ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ। ਇਸ ਨੂੰ ਰੋਕਣ ਦੇ ਲਈ 1985 ਵਿੱਚ ਸਰਕਾਰ ਵੱਲੋਂ “ਦਲ ਬਦਲੀ ਵਿਰੁੱਧ ਐਕਟ” ਬਣਾਇਆ ਗਿਆ ਜਿਸ ਵਿੱਚ ਇਹ ਕਿਹਾ ਗਿਆ ਕਿ 1/3 (ਇੱਕ ਤਿਹਾਈ ਬਹੁਮਤ) ਨਾਲ ਰਾਜਨੀਤਿਕ ਨੇਤਾ ਦਲ ਬਦਲੀ ਕਰ ਸਕਦੇ ਹਨ। ਇਸ ਕਾਰਨ ਕਈ ਮਿਲੀਆਂ ਜੁਲੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਭੰਗ ਹੋਈਆਂ। ਰਾਜਨੀਤਿਕ ਨੇਤਾ ਆਪਣੇ ਸਵਾਰਥਾਂ ਲਈ ਸਮੇਂ ਸਮੇਂ ਰਾਜਨੀਤਿਕ ਪਾਰਟੀਆਂ ਬਦਲਦੇ ਰਹੇ। ਸਰਕਾਰਾਂ ਦੀ ਸਥਿਰਤਾ ਭੰਗ ਹੋਈ। ਗਠਬੰਧਨ ਮਈ ਰਾਜਨੀਤੀ ਵਿੱਚ ਜੇਕਰ ਕੋਈ ਪਾਰਟੀ ਸਮਰਥਨ ਵਾਪਸ ਲੈ ਲੈਂਦੀ ਤਾਂ ਸਰਕਾਰ ਭੰਗ ਹੋ ਜਾਂਦੀ। ਇੱਥੋਂ ਤਕ ਕਿ 13 ਮਹੀਨਿਆਂ ਅਤੇ 13 ਦਿਨ ਤਕ ਚੱਲਣ ਵਾਲੀਆਂ ਸਰਕਾਰਾਂ ਹੋਂਦ ਵਿੱਚ ਆਈਆਂ, ਜਿਸਦੇ ਸਿੱਟੇ ਵਜੋਂ 2003 ਵਿੱਚ ਸੰਸਦ ਵਿੱਚ ਦਲ ਬਦਲੀ ਕਾਨੂੰਨ ਵਿੱਚ ਵਿਸ਼ੇਸ਼ ਸੋਧ ਕੀਤੀ ਗਈ। ਇਸ ਸੋਧ ਵਿੱਚ ਕਿਹਾ ਗਿਆ ਕਿ 2/3 (ਦੋ ਤਿਹਾਈ) ਬਹੁਮਤ ਤੋਂ ਬਿਨਾਂ ਰਾਜਨੀਤਿਕ ਨੇਤਾ ਦਲ ਬਦਲੀ ਨਹੀਂ ਕਰ ਸਕਣਗੇ। ਜੇਕਰ ਕੋਈ ਵਿਅਕਤੀ ਦਲ ਬਦਲੀ ਕਰੇਗਾ ਤਾਂ ਉਸਦੀ ਸੰਸਦ ਅਤੇ ਵਿਧਾਨ ਸਭਾ ਦੀ ਮੈਂਬਰੀ ਭੰਗ ਹੋ ਜਾਵੇਗੀ। ਇਸ ਸੋਧ ਵਿੱਚ ਮੰਤਰੀ ਮੰਡਲ ਦਾ ਆਕਾਰ ਵੀ ਨਿਸ਼ਚਿਤ ਕੀਤਾ ਗਿਆ। ਮੰਤਰੀ ਮੰਡਲ ਦਾ ਆਕਾਰ ਸੰਸਦ ਅਤੇ ਵਿਧਾਨ ਪਾਲਿਕਾਵਾਂ ਦੇ ਕੁੱਲ ਮੈਂਬਰਾਂ ਦਾ 15 ਪ੍ਰਤੀਸ਼ਤ ਨਿਸ਼ਚਿਤ ਕੀਤਾ ਗਿਆ ਤਾਂ ਕਿ ਕੋਈ ਵਿਅਕਤੀ ਮੰਤਰੀ ਬਣਨ ਲਈ ਦਲ ਬਦਲੀ ਨਾ ਕਰੇ।
ਪਰ ਜਿਵੇਂ ਆਮ ਚਰਚਾ ਹੈ ਕਿ ਕਾਨੂੰਨ ਬਾਅਦ ਵਿੱਚ ਬਣਦਾ ਹੈ, ਉਸਦੀਆਂ ਚੋਰ ਮੋਰੀਆਂ ਪਹਿਲਾਂ ਹੀ ਲੱਭ ਲਈਆਂ ਜਾਂਦੀਆਂ ਹਨ। ਉਹ ਨੇਤਾ ਕੀ ਹੋਇਆ, ਜਿਸਨੇ ਸਮੇਂ ਸਮੇਂ ਆਪਣੇ ਪੈਂਤੜੇ ਨਾ ਬਦਲੇ। ਰਾਜਨੀਤਿਕ ਲੋਕ ਤਾਂ ਗਿਰਗਟ ਨੂੰ ਵੀ ਮਾਤ ਦੇਣ ਲੱਗ ਪਏ। ਇਹ ਲੋਕ ਜਿਹੜੀ ਪਾਰਟੀ ਨੂੰ ਚਾਰ ਸਾਲ ਮਾਂ ਦਾ ਰੁਤਬਾ ਦਿੰਦੇ ਹਨ, ਪਰ ਜਦੋਂ ਦਲ ਬਦਲੀ ਕਰ ਜਾਂਦੇ ਹਨ ਤਾਂ ਇਨ੍ਹਾਂ ਦਾ ਪਹਿਲਾ ਬਿਆਨ ਹੀ ਇਹ ਹੁੰਦਾ ਹੈ ਕਿ ਮੇਰਾ ਤਾਂ ਪਾਰਟੀ ਦੇ ਵਿੱਚ ਦਮ ਘੁੱਟ ਰਿਹਾ ਸੀ। ਭਲੇ ਮਾਣਸੋ ਜੇਕਰ ਦਮ ਘੁੱਟਦਾ ਸੀ, ਪਹਿਲਾਂ ਚਾਰ ਸਾਲ ਮਲਾਈਆਂ ਕਿਉਂ ਖਾਂਦੇ ਰਹੇ? ਰੱਜ ਪੁੱਜ ਕੇ ਹੁਣ ਤੂੰ ਕੌਣ ਤੇ ਮੈਂ ਕੌਣ। ਪਰ ਇਹ ਨੇਤਾ ਲੋਕ ਹਨ, ਇਨ੍ਹਾਂ ਨੂੰ ਕੋਈ ਪਰਵਾਹ ਨਹੀਂ। ਨੇਤਾਓ, ਜਿਹੜੇ ਵੋਟਰਾਂ ਨੇ ਤੁਹਾਨੂੰ ਚੁਣਿਆ, ਉਹਨਾਂ ਨੇ ਤੁਹਾਡੀ ਪਾਰਟੀ ਨੂੰ ਪਹਿਲ ਦਿੱਤੀ ਸੀ। ਤੁਸੀਂ ਕਿੰਨੇ ਵੋਟਰਾਂ ਦਾ ਵਿਸ਼ਵਾਸ ਭੰਗ ਕੀਤਾ? ਤੁਸੀਂ ਆਪਣੇ ਸਵਾਰਥ ਲਈ ਸਭ ਕੁਝ ਕਰਦੇ ਹੋ। ਤੁਹਾਡੇ ਨਿੱਜੀ ਮਸਲੇ ਹੱਲ ਹੋਣੇ ਚਾਹੀਦੇ ਹਨ, ਵੋਟਰ ਜਾਣ ਢੱਠੇ ਖੂਹ ਵਿੱਚ।
ਅੱਜ ਰਾਜਨੀਤੀ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਹੋ ਗਿਆ ਹੈ। ਸੰਸਦ ਨੂੰ ਲੋਕਤੰਤਰ ਦਾ ਮੰਦਰ ਮੰਨਿਆ ਜਾਂਦਾ ਹੈ ਕਿਉਂਕਿ ਉੱਥੋਂ ਪੂਰੇ ਦੇਸ਼ ਦੀ ਤਕਦੀਰ ਘੜੀ ਜਾਂਦੀ ਹੈ। ਪਰ ਸੰਸਦੀ ਮੈਂਬਰਾਂ ਦੀ ਹਾਜ਼ਰੀ ਦੇਖੋ, ਸੰਸਦ ਵਿੱਚ ਹਾਜ਼ਰੀ ਬਹੁਤ ਘੱਟ ਹੁੰਦੀ ਹੈ। ਆਮ ਕਹਾਵਤ ਹੈ ਕਿ ਜਿਹੜਾ ਇੱਕ ਵਾਰੀ ਮੰਤਰੀ ਬਣ ਗਿਆ, ਕਈ ਪੁਸ਼ਤਾਂ ਦੀਆਂ ਰੋਟੀਆਂ ਖੱਟ ਜਾਂਦਾ ਹੈ। ਇਸ ਲਈ ਹੀ ਹਰ ਕੋਈ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੇ ਲਈ ਦਿਨ ਰਾਤ ਭੱਜਿਆ ਫਿਰਦਾ ਹੈ। ਅੱਜ ਲੋਕਤੰਤਰ ਵਿੱਚ ਰਾਜਨੀਤਿਕ ਲੋਕਾਂ ਦਾ ਮੁੱਖ ਮੰਤਵ ਸੱਤਾ ਦੀ ਪ੍ਰਾਪਤੀ ਹੀ ਰਹਿ ਗਿਆ ਹੈ। ਸੱਤਾ ਪ੍ਰਾਪਤੀ ਲਈ ਰਾਜਨੀਤਿਕ ਲੋਕ ਹਰ ਹਰਬਾ ਵਰਤਦੇ ਹਨ। ਦਲ ਬਦਲੀ ਤਾਂ ਕੀ, ਭਾਵੇਂ ਕੁਝ ਵੀ ਕਰਨਾ ਪਵੇ, ਇਨ੍ਹਾਂ ਦੀ ਸੱਤਾ ਬਰਕਰਾਰ ਰਹਿਣੀ ਚਾਹੀਦੀ ਹੈ।
ਰਾਜਨੀਤਕ ਨੇਤਾਵਾਂ ਨੇ ਤਾਂ ਵਿਚਾਰੇ ਗਿਰਗਟ ਨੂੰ ਵੀ ਮਾਤ ਪਾ ਦਿੱਤਾ, ਗਿਰਗਿਟ ਤਾਂ ਕੁਦਰਤ ਦਾ ਸਿਰਜਿਆ ਜੀਵ ਹੈ, ਜਿਸ ਨੂੰ ਕੁਦਰਤ ਨੇ ਜਨਮ ਤੋਂ ਹੀ ਰੰਗ ਬਦਲਣ ਦੀ ਸਮਰੱਥਾ ਬਖਸ਼ੀ ਹੈ। ਅਸੀਂ ਆਪਣੀਆਂ ਖਨਾਮੀਆਂ ਨੂੰ ਛਪਾਉਣ ਲਈ ਜਾਨਵਰਾਂ ਨੂੰ ਬਦਨਾਮ ਕਰਨ ਲੱਗ ਜਾਂਦੇ ਹਾਂ। ਲਾਲਚ ਦੇ ਹਾਬੜੇ ਮਨੁੱਖ ਨੇ ਕਦੇ ਕੁੱਤੇ ਨੂੰ ਲਾਲਚੀ ਬਣਾ ਦਿੱਤਾ, ਜੋ ਕਿ ਇੱਕ ਵਫਾਦਾਰ ਜਾਨਵਰ ਹੈ। ਜਦੋਂ ਕੋਈ ਨੇਤਾ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਰਾਜਨੀਤਿਕ ਰੰਗ ਵਟਾਉਂਦਾ ਹੈ ਤਾਂ ਗਿਰਗਿਟ ਨਾਲ ਤੁਲਨਾ ਕਰਕੇ ਅਸੀਂ ਗਿਰਗਿਟ ਨੂੰ ਬਦਨਾਮ ਕਰਦੇ ਹਾਂ, ਮਨੁੱਖ ਜਿੰਨਾ ਸਵਾਰਥੀ ਕੋਈ ਜੀਵ ਨਹੀਂ। ਸੱਤਾ ਪ੍ਰਾਪਤੀ ਲਈ ਦੁਸ਼ਮਣ ਮਿੱਤਰ ਬਣ ਜਾਂਦੇ ਹਨ, ਪੱਕੇ ਮਿੱਤਰਾਂ ਨਾਲ ਦੁਸ਼ਮਣੀਆਂ ਪੈ ਜਾਂਦੀਆਂ ਹਨ। ਵੱਡੇ ਵੱਡੇ ਨੇਤਾ ਆਪਣਾ ਕਿਰਦਾਰ ਖੋ ਦਿੰਦੇ ਹਨ। ਸੱਤਾ ਪ੍ਰਾਪਤੀ ਲਈ ਗਰੀਬਾਂ ਦੀਆਂ ਝੁੱਗੀਆਂ ਵਿੱਚ ਜਾਂਦੇ ਹਨ, ਪੈਰੀਂ ਪੈਂਦੇ ਹਨ ਪਰ ਜਦੋਂ ਚੋਣ ਜਿੱਤ ਜਾਦਟ ਹਨ,ਫਿਰ ਤੂੰ ਕੌਣ ਤੇ ਮੈਂ ਕੌਣ। ਕਈ ਵਾਰ ਤਾਂ ਝੁੱਗੀਆਂ ਸੜਦੀਆਂ ਵੀ ਦੇਖੀਆਂ ਹਨ।
ਦੇਸ਼ ਦੀ ਅਜ਼ਾਦੀ ਦੇ ਨਾਂ ਹੇਠ 1947 ਦਾ ਦੁਖਾਂਤ, ਕਦੇ ਗੁਜਰਾਤ ਦੇ ਦੰਗੇ, ਕਦੇ 1984 ਦਾ ਘੱਲੂਘਾਰਾ, ਇਹ ਸਭ ਕੁਝ ਰਾਜਨੀਤੀ ਦੀ ਛਤਰ ਛਾਇਆ ਹੇਠ ਹੋਇਆ। ਹੁਣ ਬਹੁਤ ਕੁਝ ਹੋ ਗਿਆ, ਅੱਜ ਲੋੜ ਹੈ ਰਾਜਨੀਤੀ ਵਿੱਚ ਚੰਗੇ ਅਕਸ ਵਾਲੇ ਲੋਕ ਆਉਣ, ਝੂਠ ਫਰੇਬ ਦਾ ਧੰਦਾ ਖਤਮ ਹੋਵੇ, ਸਵਾਰਥਵਾਦ ਲਈ ਹੁੰਦੀਆਂ ਦਲ ਬਦਲੀਆਂ ਦਾ ਗੋਰਖ ਧੰਦਾ ਬੰਦ ਹੋਣਾ ਚਾਹੀਦਾ ਹੈ। ਨੈਤਿਕ ਕਦਰਾਂ-ਕੀਮਤਾਂ ਸਾਡੀ ਰਾਜਨੀਤੀ ਦਾ ਆਧਾਰ ਬਣਨ ਤਾਂ ਕਿ ਸਾਡੇ ਲੋਕਤੰਤਰ ਦਾ ਗੌਰਵ ਅਤੇ ਸਨਮਾਨ ਬਹਾਲ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































