“ਅੱਜ ਜਦੋਂ ਤੇਲ ਦੀ ਹਾਹਾਕਾਰ ਮਚੀ ਹੋਈ ਹੈ, ਤੇਲ ਅਤੇ ਗੈਸ ਦੀ ਵਰਤੋਂ ...”
(7 ਅਪਰੈਲ 2026)
ਕੁਦਰਤੀ ਸ੍ਰੋਤਾਂ ਦੀ ਅੰਧਾਧੁੰਦ ਵਰਤੋਂ ਵਰਤਮਾਨ ਸਮੇਂ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣ ਰਹੀ ਹੈ, ਜਿਸਦੀ ਵੱਡੀ ਤਸਵੀਰ ਅਮਰੀਕਾ ਇਜ਼ਰਾਇਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਨਾਲ ਸਾਹਮਣੇ ਆਈ ਹੈ। ਕੁਦਰਤ ਵੱਲੋਂ ਇਰਾਨ ਨੂੰ ਤੇਲ ਅਤੇ ਗੈਸ ਦੇ ਭੰਡਾਰ ਬਖਸ਼ੇ ਹੋਏ ਹਨ। ਬਹੁਤ ਸਾਰੇ ਦੇਸ਼ ਇਰਾਨ ਦੇ ਇਨ੍ਹਾਂ ਕੁਦਰਤੀ ਸ੍ਰੋਤਾਂ ਨੂੰ ਖਰੀਦ ਕੇ ਵਰਤ ਰਹੇ ਸਨ। ਪਰ ਅੱਜ ਜੰਗ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ, ਜਿੱਥੇ ਹੋਰ ਦੇਸ਼ਾਂ ਦੇ ਨਾਲ ਭਾਰਤ ਨੂੰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੀ ਤਸਵੀਰ ਗੈਸ ਏਜੰਸੀਆਂ ਦੇ ਸਾਹਮਣੇ ਅਤੇ ਪੈਟਰੋਲ ਪੰਪਾਂ ਉੱਤੇ ਲੋਕਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਪੇਸ਼ ਕਰ ਰਹੀਆਂ ਹਨ। ਪੰਜਾਬ ਵਿੱਚ ਕਣਕ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਖੇਤੀ ਮਸ਼ੀਨਰੀ ਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਵਾਹਨਾਂ ਵਿੱਚ ਵਾਧਾ ਹੋਇਆ ਹੈ। ਆਵਾਜਾਈ ਵਧਣ ਨਾਲ ਡੀਜ਼ਲ ਅਤੇ ਪੈਟਰੋਲ ਦੀ ਖਪਤ ਬਹੁਤ ਜ਼ਿਆਦਾ ਵਧ ਗਈ ਹੈ। ਕੋਈ ਸਮਾਂ ਸੀ ਕਿ ਸ਼ਹਿਰ ਵਿੱਚ ਇੱਕ ਪੈਟਰੋਲ ਪੰਪ ਹੁੰਦਾ ਸੀ। ਤੇਲ ਦੀ ਖਪਤ ਵਧਣ ਨਾਲ ਸੜਕਾਂ ਦੇ ਚੱਪੇ ਚੱਪੇ ਤੇ ਪੈਟਰੋਲ ਪੰਪ ਲੱਗ ਗਏ ਹਨ। ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਪੈਟਰੋਲ ਡੀਜ਼ਲ ਪਾਣੀ ਵਾਂਗ ਵਰਤ ਰਹੇ ਹਨ। ਹਰ ਚੀਜ਼ ਦਾ ਅੰਤ ਹੁੰਦਾ ਹੈ। ਜੇਕਰ ਸਵੇਰ ਦਾ ਚੜ੍ਹਿਆ ਸੂਰਜ ਸ਼ਾਮ ਨੂੰ ਛਿਪਦਾ ਹੈ ਤਾਂ ਕੁਦਰਤੀ ਸ੍ਰੋਤਾਂ ਦਾ ਅੰਤ ਹੋਣਾ ਜਾਂ ਘਟਣਾ ਵੀ ਸੁਭਾਵਿਕ ਹੈ। ਫਿਰ ਕਿਉਂ ਨਾ ਜੰਗਲ ਦੀ ਅੱਗ ਬੁਝਾਉਣ ਵਾਲੀ ਚਿੜੀ ਵਾਂਗ ਹਰ ਇਨਸਾਨ ਕੁਦਰਤੀ ਸ੍ਰੋਤਾਂ ਦੀ ਕੁਵਰਤੋਂ ਨੂੰ ਰੋਕੇ? ਕੁਦਰਤ ਅਨੁਸਾਰ ਜ਼ਿੰਦਗੀ ਜਿਊਣ ਦਾ ਇੱਕ ਆਪਣਾ ਅਨੰਦ ਹੈ।
ਸਕੂਟਰਾਂ ਅਤੇ ਮੋਟਰਸਾਈਕਲਾਂ ਨੇ ਲੋਕਾਂ ਨੂੰ ਸਾਈਕਲ ਚਲਾਉਣਾ ਹੀ ਭੁਲਾ ਦਿੱਤਾ ਹੈ। ਲੋਕ ਪੱਠੇ ਵੀ ਮੋਟਰਸਾਈਕਲ ਦੇ ਪਿੱਛੇ ਰੇਹੜੀਆਂ ਪਾ ਕੇ ਢੋਣ ਲੱਗ ਪਏ ਹਨ। ਪਹਿਲਾਂ ਸਮਾਨ ਦੀ ਢੋਆ ਢੁਆਈ ਸਾਈਕਲਾਂ ਰੇਹੜੀਆਂ ਦੇ ਉੱਤੇ ਹੁੰਦੀ ਸੀ। ਰਿਕਸ਼ੇ ਚਲਦੇ ਹੁੰਦੇ ਸਨ। ਪਰ ਹੁਣ ਸਾਈਕਲ ਰੇਹੜੀਆਂ ਕਿਧਰੇ ਨਜ਼ਰ ਨਹੀਂ ਆਉਂਦੀਆਂ, ਸਕੂਟਰੀਆਂ ਅਤੇ ਮੋਟਰਸਾਈਕਲਾਂ ਦੀ ਭਰਮਾਰ ਹੋ ਗਈ ਹੈ। ਪੁਰਾਣੇ ਸਾਇਕਲਾਂ ਨੂੰ ਲੋਕਾਂ ਨੇ ਕਬਾੜੀਆਂ ਦੇ ਹਵਾਲੇ ਕਰ ਦਿੱਤਾ ਹੈ। ਅੱਜ ਜੇਕਰ ਨੌਜਵਾਨੀ ਸਾਈਕਲ ਚਲਾਉਂਦੀ ਹੈ ਤਾਂ ਕੰਮ ਦੀ ਵਰਤੋਂ ਵਾਲਾ ਸਾਈਕਲ ਸ਼ੌਕ ਬਣ ਗਿਆ ਹੈ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਲੋਕਾਂ ਨੂੰ ਸਾਈਕਲ ਦੀ ਸਵਾਰੀ ਕਰਨ ਦੀ ਵੱਧ ਤੋਂ ਵੱਧ ਆਦਤ ਪਾਉਣੀ ਚਾਹੀਦੀ ਹੈ। ਆਮ ਰੁਜ਼ਾਨਾ ਵਰਤੋਂ ਦੇ ਵਿੱਚ, ਨੌਕਰੀ ਸ਼ੁਦਾ ਲੋਕਾਂ ਨੂੰ ਪੁਰਾਣੇ ਦਿਨਾਂ ਵਾਂਗ ਸਾਈਕਲ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਾਡੇ ਬੱਚੇ ਸਾਈਕਲ ਨੂੰ ਆਪਣਾ ਜ਼ਰੂਰੀ ਅੰਗ ਮੰਨਣ। ਥੋੜ੍ਹੇ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਰਹੇ ਰਿਟਾ ਸੀਨੀਅਰ ਆਈਏਐੱਸ ਸ੍ਰ. ਰਮੇਸ਼ਇੰਦਰ ਸਿੰਘ ਦੀ ਇੰਟਰਵਿਊ ਸੁਣੀ, ਉਹਨਾਂ ਕਿਹਾ, “ਉਹ ਵੀ ਸਮਾਂ ਸੀ ਕਿ ਜਦੋਂ ਉਹਨਾਂ ਪੱਛਮੀ ਬੰਗਾਲ ਵਿੱਚ ਨੌਕਰੀ ਸ਼ੁਰੂ ਕੀਤੀ। ਉਸ ਸਮੇਂ ਚੀਫ ਸੈਕਟਰੀ ਤੋਂ ਲੈ ਕੇ ਕਲਰਕ ਤਕ ਸਮੁੱਚਾ ਅਮਲਾ ਸਾਈਕਲ ਉੱਤੇ ਸੈਕਟਰੀਏਟ ਜਾਂਦਾ ਸੀ। ਪੰਜਾਬ ਵਿੱਚ ਵੀ ਮੈਂ ਜਦੋਂ ਵਧੀਕ ਡਿਪਟੀ ਕਮਿਸ਼ਨਰ ਹੁੰਦਾ ਸੀ, ਤਾਂ ਸਕੂਟਰ ’ਤੇ ਦਫਤਰ ਜਾਂਦਾ ਸੀ।”
ਸੰਨ 1990-91 ਤੋਂ ਬਾਅਦ ਸਾਮਰਾਜਵਾਦੀ ਆਰਥਿਕ ਉਦਾਰੀਕਰਨ ਨੇ ਜਨ ਜੀਵਨ ਅਜਿਹਾ ਬਦਲਿਆ ਕਿ ਲੋਕ ਪੈਸੇ ਦੀ ਅੰਨ੍ਹੀ ਦੌੜ ਵਿੱਚ ਪੈ ਗਏ। ਸਾਦਗੀ ਖੰਭ ਲਾ ਕੇ ਉਡ ਗਈ। ਪ੍ਰਾਈਵੇਟ ਕੰਪਨੀਆਂ ਨੇ ਇੰਨੇ ਸਾਧਨ ਮੰਡੀ ਵਿਚ ਪਹੁੰਚਾ ਦਿੱਤੇ ਕਿ ਲੋਕਾਂ ਨੂੰ ਚੋਣ ਕਰਨੀ ਔਖੀ ਹੋ ਗਈ। ਟਾਟਾ ਨੇ ਤਾਂ ਹਰ ਗਰੀਬ ਦਾ ਸੁਪਨਾ ਪੂਰਾ ਕਰਨ ਲਈ ਨੈਨੋ ਕਾਰ ਬਣਾ ਦਿੱਤੀ। ਪਰ ਅਸਲੀਅਤ ਇਹ ਸੀ ਕਿ ਗਰੀਬ ਦੀ ਰੋਜ਼ੀ ਰੋਟੀ ਦੇ ਕਮਾਏ ਪੈਸੇ ਨੈਨੋ ਸ਼ਕ ਗਈ। ਪੈਟਰੋਲ ਡੀਜ਼ਲ ਕਿੱਥੋਂ ਆਵੇ? ਜਾਂ ਤਾਂ ਇਹ ਹੋਵੇ ਕਿ ਆਟਾ ਦਾਲ ਵਾਂਗ ਲੋਕਾਂ ਨੂੰ ਅੱਜ ਪੈਟਰੋਲ ਡੀਜ਼ਲ ਵੀ ਮੁਫਤ ਵੰਡਿਆ ਜਾਣ ਲੱਗੇ, ਪ੍ਰੰਤੂ ਇਹ ਅਸੰਭਵ ਹੈ।
ਸਾਈਕਲ ਨੇ ਅੱਜ ਵੀ ਗਰੀਬ ਕਿਸਾਨ ਅਤੇ ਮਜ਼ਦੂਰ ਤੋਂ ਮੂੰਹ ਨਹੀਂ ਮੋੜਿਆ, ਅੱਜ ਵੀ ਉਹਨਾਂ ਨੂੰ ਆਵਾਜ਼ਾਂ ਮਾਰਦਾ ਹੈ, ਨਾ ਤੇਲ ਦਾ ਝੰਜਟ, ਨਾ ਪ੍ਰਦੂਸ਼ਣ, ਸਰੀਰ ਦੀ ਕਸਰਤ ਵੱਖਰੀ।
ਅੱਜ ਜਦੋਂ ਤੇਲ ਦੀ ਹਾਹਾਕਾਰ ਮਚੀ ਹੋਈ ਹੈ, ਤੇਲ ਅਤੇ ਗੈਸ ਦੀ ਵਰਤੋਂ ਸਬੰਧੀ ਸਾਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ। ਗੈਸ ਦਾ ਬਦਲ ਸਾਡੇ ਪੁਰਾਣੇ ਕੁਦਰਤੀ ਚੁੱਲ੍ਹੇ ਅਤੇ ਹਾਰੇ ਹਨ। ਪੁਰਾਣੇ ਸਮਿਆਂ ਵਿੱਚ ਲੋਕ ਹਾਰਿਆਂ ਵਿੱਚ ਪਾਥੀਆਂ ਦੀ ਅੱਗ ਨਾਲ ਦਾਲ ਬਣਾਉਂਦੇ, ਕਾੜ੍ਹਨੀ ਦੇ ਕੜ੍ਹੇ ਦੁੱਧ ਨੂੰ ਕੌਣ ਭੁੱਲ ਸਕਦਾ ਹੈ? ਅੱਜ ਦੀ ਜਵਾਨੀ ਨੂੰ ਕੋਕ ਨੇ ਭੁਲਾ ਦਿੱਤਾ ਅਮ੍ਰਿਤ ਵਰਗਾ ਦੁੱਧ ਪੀਣਾ। ਬੱਚਿਆਂ ਲਈ ਚੁੱਲ੍ਹੇ ਹਾਰੇ ਵਰਾਸਤੀ ਵਸਤਾਂ ਬਣ ਕੇ ਰਹਿ ਗਏ ਹਨ। ਕੁਦਰਤੀ ਅੱਗ ਦੇ ਕੋਲਿਆਂ ਨਾਲ ਬਣੇ ਤਾਜ਼ੇ ਫੁਲਕਿਆਂ ਦਾ ਬਦਲ ਨਹੀਂ ਲੱਭ ਸਕਦਾ। ਤੰਦੂਰੀ ਰੋਟੀ ਲਈ ਤੰਦੂਰ ਦੀ ਜ਼ਰੂਰਤ ਹੈ, ਇਹ ਜ਼ਰੂਰਤ ਗੈਸ ਵਾਲੇ ਚੁੱਲ੍ਹੇ ਕਦੇ ਵੀ ਪੂਰੀ ਨਹੀਂ ਕਰ ਸਕਦੇ।
ਅੱਜ ਦੇ ਸੰਕਟਮਈ ਸਮੇਂ ਵਿੱਚ ਸਾਨੂੰ ਆਵਾਜਾਈ ਲਈ ਸਾਈਕਲ ਅਤੇ ਅੱਗ ਲਈ ਲੱਕੜੀ ਅਤੇ ਪਾਥੀਆਂ ਦੇ ਬਾਲਣ ਦੀ ਵਰਤੋਂ ਕਰਨ ਦੀ ਵੱਡੀ ਜ਼ਰੂਰਤ ਹੈ, ਜਿਵੇਂ ਪੰਜਾਬ ਦੇ ਪ੍ਰਸਿੱਧ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਕਹਿੰਦੇ ਹਨ ਕਿ ਕਿਸਾਨਾਂ ਨੂੰ ਕਹੋ ਕਿ ਉਹ ਅੱਜ ਉਹ ਫਸਲ ਬੀਜਣ, ਜਿਹੜੀ ਜੇਕਰ ਧਰਤੀ ਦਾ ਪਾਣੀ ਖਤਮ ਹੋ ਗਿਆ ਤਾਂ ਉਸ ਸਮੇਂ ਬੀਜਣਗੇ। ਫਿਰ ਸਮਾਂ ਰਹਿੰਦੇ ਹੀ ਕਿਉਂ ਨਾ ਮੁਸੀਬਤ ਦਾ ਹੱਲ ਸੋਚਿਆ ਜਾਵੇ। ਸੋ ਆਉ ਆਪਾਂ ਕੁਦਰਤੀ ਸ੍ਰੋਤਾਂ ਦੀ ਵਰਤੋਂ ਵਿੱਚ ਸੰਜਮ ਵਰਤਣ ਸਬੰਧੀ ਸਹਿਯੋਗ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































