“ਨਿੰਦਰ ਘੁਗਿਆਣਵੀ “ਵੱਡਿਆਂ ਦੀ ਸੱਥ” ਪੁਸਤਕ ਵਿੱਚ ਦੀਪਕ ਜੈਤੋਈ ਤੋਂ ਲੈ ਕੇ ...”
(22 ਜੂਨ 2026)
ਪੰਜਾਬੀ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ। ਜੇ ਕਿਹਾ ਜਾਵੇ ਕਿ ਸਾਹਿਤ ਦਾ ਖੇਤਰ ਸਮੁੰਦਰ ਤੋਂ ਵੀ ਵੱਡਾ ਹੈ ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਬਹੁਤ ਕਿਤਾਬਾਂ ਪੜ੍ਹਨ ਵਾਲੀਆਂ ਹਨ। ਹਰ ਲੇਖਕ ਆਪਣੇ ਆਪ ਵਿੱਚ ਮੈਂ ਸਮਝਦਾ ਹੈ ਕਿ ਉਹ ਮਹਾਨ ਹੈ। ਕਿਉਂਕਿ ਲਿਖਣਾ ਵੀ ਪਰਮਾਤਮਾ ਵੱਲੋਂ ਬਖਸ਼ੀ ਵੱਡੀ ਦਾਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲੇਖਕ ਬਾਰੇ ਗੁਰਬਾਣੀ ਵਿੱਚ ਫਰਮਾਇਆ ਹੈ, “ਧਨ ਲਿਖਾਰੀ ਨਾਨਕਾ ਜਿਨ ਨਾਮੁ ਲਿਖਾਇਆ ਸਚੁ॥” ਮੈਨੂੰ ਵੀ ਸਾਹਿਤ ਪੜ੍ਹਨ ਦੀ ਚੇਟਕ ਸਕੂਲ ਪੜ੍ਹਨ ਸਮੇਂ ਤੋਂ ਲੱਗੀ ਹੋਈ ਹੈ। ਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ ਅਤੇ ਕੁਝ ਲੇਖਕਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ। ਪਰ ਜਿਸ ਮਾਣਮੱਤੀ ਸ਼ਖਸੀਅਤ ਦੀ ਮੈਂ ਅੱਜ ਗੱਲ ਕਰ ਰਿਹਾ ਹਾਂ, ਉਹਨਾਂ ਬਾਰੇ ਜੇ ਮੈਂ ਕਹਾਂ ਕਿ ਮੈਂ ਸਮੁੰਦਰ ਵਿੱਚੋਂ ਪਾਣੀ ਦਾ ਇੱਕ ਤੁਪਕਾ ਪ੍ਰਾਪਤ ਕਰ ਲਿਆ ਹੈ, ਤਾਂ ਉਹ ਵੀ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ। ਉਹ ਲੇਖਕ ਹਨ, ਉੱਘੇ ਵਾਰਤਕਕਾਰ ਨਿੰਦਰ ਘੁਗਿਆਣਵੀ।
ਨਿੰਦਰ ਘੁਗਿਆਣਵੀ ਨੂੰ ਜੇ ਸ਼ਬਦਾਂ ਦਾ ਬਾਦਸ਼ਾਹ ਜਾਂ ਜਾਦੂਗਰ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ। ਸੱਚਮੁੱਚ ਨਿੰਦਰ ਦੀ ਕਲਮ ਵਿੱਚ ਪਾਠਕ ਨੂੰ ਕੀਲ ਕੇ ਪਟਾਰੀ ਵਿੱਚ ਪਾਉਣ ਦੀ ਤਾਕਤ ਹੈ। ਇੱਕ ਮਾਲੀ ਤੋਂ ਲੈ ਕੇ ਪੀ.ਸੀ.ਐੱਸ, ਆਈ.ਏ.ਐੱਸ, ਪ੍ਰੋਫੈਸਰ ਸਾਹਿਬਾਨ, ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਗੱਲ ਛੱਡੋ ਰਾਸ਼ਟਰਪਤੀ ਤਕ ਉਸਦੀ ਕਲਾ ਦੇ ਕਾਇਲ ਹਨ। ਨਿੰਦਰ ਨੇ ਘੁਗਿਆਣੇ (ਫਰੀਦਕੋਟ) ਪਿੰਡ ਤੋਂ ਉੱਠ ਕੇ ਪੂਰਾ ਯੂਰਪ, ਕਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਘੁੰਮਿਆ ਹੈ ਪਰ ਕਦੇ ਵੀ ਆਪਣੇ ਪਿੰਡ ਦੀ ਧਰਤੀ ਦੇ ਨਾਲੋਂ ਟੁੱਟਿਆ ਨਹੀਂ। ਸਾਡਾ ਮੇਲ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੀ ਇੱਕ ਕਾਨਫਰੰਸ ’ਤੇ ਹੋਇਆ। ਉਸ ਸਮੇਂ ਮੈਂ ਉਸਦੀਆਂ ਕਈ ਕਿਤਾਬਾਂ ਪੜ੍ਹ ਚੁੱਕਿਆ ਸੀ। ਜਦੋਂ ਮੈਂ ਮਿਲਿਆ, ਮੈਂ ਸੋਚਿਆ ਕਿ ਬਹੁਤ ਵੱਡਾ ਲੇਖਕ ਹੈ। ਮੈਂ ਪਿਆਰ ਸਤਿਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਪਰ ਉਹ ਹਰ ਗੱਲ ਵਿੱਚ ਹਰਸੰਤ ਵੀਰੇ, ਹਰਸੰਤ ਵੀਰੇ, ਹੀ ਕਰਦਾ ਰਿਹਾ। ਮੈਂ ਸੋਚਿਆ ਕਿ ਯਾਰ ਇੰਨੀ ਨਿਰਮਾਣਤਾ, ਇੰਨਾ ਵੱਡਾ ਲੇਖਕ, ਕਿੰਨਾ ਪਿਆਰ ਕਰ ਰਿਹਾ ਹੈ। ਸਹੀ ਹੀ ਕਿਹਾ ਹੈ ਕਿ “ਫਲ ਨੀਵਿਆਂ ਰੁੱਖਾਂ ਨੂੰ ਲਗਦੇ, ਉੱਚਾ ਹੋ ਕੇ ਮਾਣ ਨਾ ਕਰੀਂ। ਉਸ ਸਮੇਂ ਦੀ ਮਿਲਣੀ ਨੇ ਮੇਰੇ ਮਨ ਤੇ’ ਅਜਿਹਾ ਜਾਦੂ ਕੀਤਾ ਕਿ ਜਿਵੇਂ ਕਈ ਲੋਕ ਕਾਗਜ਼ਾਂ ’ਤੇ ਹਸਤਾਖਰ ਕਰਦੇ ਹਨ।
ਬਚਪਨ ਤੋਂ ਹੀ ਸੇਠਾਂ ਦਾ ਮੁੰਡਾ ਆਪਣੇ ਪਿਤਾ ਜੀ ਨਾਲ ਜ਼ਿਦ ਕਰ ਬੈਠਿਆ ਕਿ ਮੈਂ ਨਹੀਂ ਦੁਕਾਨ ’ਤੇ ਬਹਿੰਦਾ, ਮੈਂ ਤਾਂ ਉਸਤਾਦ ਯਮਲੇ ਜੱਟ ਦਾ ਚੇਲਾ ਬਣਨਾ ਹੈ। ਸੋ ਆਪਣੀ ਜ਼ਿਦ ਤੇ ਪੂਰਾ ਉੱਤਰਿਆ। ਉਸਤਾਦ ਯਮਲੇ ਜੱਟ ਜੀ ਦਾ ਚੇਲਾ ਬਣਨ ਸਮੇਂ ਜੋ ਰਸਮ ਹੋਈ, ਉਹ ਤਾਂ ਹੋਣੀ ਹੀ ਸੀ ਪ੍ਰੰਤੂ ਉਹਨਾਂ ਕਿਹਾ, ਉਸਤਾਦ ਜੀ ਨੇ ਥੋੜ੍ਹਾ ਲੂਣ ਖਾਣ ਦੇ ਲਈ ਦਿੱਤਾ ਅਤੇ ਕਿਹਾ, ਬੇਟਾ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਦਾ ਲੂਣ ਹਰਾਮ ਨਹੀਂ ਕਰਨਾ। ਨਿੰਦਰ ਵਫਾਦਾਰੀ ਦੀ ਧੁਨ ਦਾ ਅੱਜ ਵੀ ਪੱਕਾ ਹੈ। ਤੂੰਬੀ ਦਾ ਪੱਕਾ ਆਸ਼ਕ ਹੈ। ਜੋ ਗਾਇਆ, ਯਮਲਾ ਜੀ ਦੀ ਤਰਜ਼ ’ਤੇ ਹੀ ਗਾਇਆ। ਧੱਕੇ ਨਾਲ ਦਸਵੀਂ ਕਰਕੇ ਜੱਜ ਦਾ ਅਰਦਲੀ ਬਣ ਗਿਆ। ਬਹੁਤ ਹੀ ਜੱਜਾਂ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਦਿਆਂ, ਉਸਨੇ ਬਹੁਤ ਹੀ ਮਕਬੂਲ ਰਚਨਾ, “ਮੈਂ ਸਾਂ ਜੱਜ ਦਾ ਅਰਦਲੀ” ਕਿਤਾਬ ਲਿਖ ਛੱਡੀ, ਜਿਹੜੀ ਕਿ ਅੱਜ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪ ਚੁੱਕੀ ਹੈ। ਇਹ ਪੰਜਾਬੀ ਸਾਹਿਤ ਜਗਤ ਦੀ ਬਹੁਤ ਹੀ ਮਕਬੂਲ ਪੁਸਤਕ ਹੈ।
ਪੁਸਤਕ “ਕਾਲੇ ਕੋਟਾਂ ਦਾ ਦਰਦ” ਲਿਖਦਿਆਂ ਜੋ ਜੱਜਾਂ ਦੀ ਜ਼ਿੰਦਗੀ ਦਾ ਦਰਦ ਪੇਸ਼ ਕੀਤਾ ਹੈ, ਮੈਂ ਸਮਝਦਾ ਹਾਂ, ਕਿ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਪੜ੍ਹਕੇ ਪਾਠਕ ਸੋਚਦਾ ਹੈ ਕਿ ਯਾਰ ਇਹ ਵਿਚਾਰੇ ਆਪਾਂ ਨੂੰ ਕੀ ਇਨਸਾਫ ਦੇਣਗੇ, ਇਹ ਤਾਂ ਆਪ ਦਰਦਾਂ ਦੇ ਨਾਲ ਨਪੀੜੇ ਪਏ ਹਨ। ਕਿਤਾਬ ਦੇ ਲੇਖ ਤਾਂ ਸਾਰੇ ਪੜ੍ਹਨ ਵਾਲੇ ਹਨ, ਪਰ ਇੱਕ ਲੇਖ “ਮਾਂ, ਜੇ ਮੈਂ ਜੱਜ ਨਾ ਬਣਦਾ” ਬਹੁਤ ਹੀ ਮਿਹਨਤੀ ਅਤੇ ਪੇਂਡੂ ਮੁੰਡੇ ਦੀ ਕਹਾਣੀ ਹੈ ਜੋ ਬਹੁਤ ਹੀ ਮਿਹਨਤ ਨਾਲ ਜੱਜ ਬਣਿਆ ਪ੍ਰੰਤੂ ਆਪਣੇ ਪਰਿਵਾਰਿਕ ਜੀਵਨ ਤੋਂ ਦੁਖੀ ਹੋ ਕੇ ਸ਼ਰਾਬ ਦੇ ਨਸ਼ੇ ਦਾ ਆਦੀ ਬਣ ਗਿਆ। ਜੱਜ ਪਤਨੀ ਨਾਲ ਤਲਾਕ ਹੋਣ ’ਤੇ ਅੰਦਰੋਂ ਬਿਲਕੁਲ ਟੁੱਟ ਜਾਂਦਾ ਹੈ। ਤਣਾਅ ਗ੍ਰਸਤ ਹਾਲਤ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਖੇਰੂੰ ਖੇਰੂੰ ਹੋ ਜਾਣ ’ਤੇ ਆਪਣੀ ਮਾਂ ਦੇ ਗਲ ਲੱਗ ਕੇ ਕਹਿ ਰਿਹਾ ਹੈ, “ਮਾਂ ਇਸ ਨਾਲੋਂ ਤਾਂ ਚੰਗਾ ਸੀ ਮੈਂ ਕਲਰਕ ਹੀ ਲੱਗ ਜਾਂਦਾ। ਕੀ ਖੱਟਿਆ ਮੈਂ ਜੱਜ ਬਣ ਕੇ? ਮੈਂ ਕਿਸੇ ਨੂੰ ਮਿਲ ਨਹੀਂ ਸਕਦਾ। ਮੈਂ ਕਿਸੇ ਨੂੰ ਕੀ ਇਨਸਾਫ ਦੇਵਾਂਗਾ, ਮੈਂ ਤਾਂ ਖੁਦ ਜੇਲ੍ਹ ਕੱਟ ਰਿਹਾ ਹਾਂ।” ਜਦੋਂ ਗੰਨਮੈਨ ਲਿਆ ਕੇ ਡਾਕਟਰ ਦੀ ਰਿਪੋਰਟ ਫੜਾਉਂਦਾ ਹੈ ਕਿ ਸਰ ਡਾਕਟਰ ਨੇ ਕਿਹਾ ਹੈ ਕਿ ਸ਼ਰਾਬ ਬਿਲਕੁਲ ਵੇਖਣੀ ਵੀ ਨਹੀਂ, ਪੀਣੀ ਤਾਂ ਦੂਰ ਦੀ ਗੱਲ, ਤਾਂ ਮਾਂ ਕਹਿੰਦੀ ਹੈ, “ਬੇਟਾ ਘਬਰਾ ਨਾ। ਵਾਹਿਗੁਰੂ ਆਪੇ ਠੀਕ ਕਰੇਗਾ।” ਮੁੰਡਾ ਕਹਿੰਦਾ ਹੈ, “ਮਾਂ ਹੁਣ ਤਾਂ ਮੇਰਾ ਵਾਹਿਗੁਰੂ ਤੋਂ ਵੀ ਵਿਸ਼ਵਾਸ ਟੁੱਟ ਗਿਆ ਹੈ।”
ਨਿੰਦਰ ਘੁਗਿਆਣਵੀ “ਵੱਡਿਆਂ ਦੀ ਸੱਥ” ਪੁਸਤਕ ਵਿੱਚ ਦੀਪਕ ਜੈਤੋਈ ਤੋਂ ਲੈ ਕੇ ਉਸਤਾਦ ਲਾਲ ਚੰਦ ਯਮਲਾ ਜੱਟ, ਪੂਰਨ ਸ਼ਾਹਕੋਟੀ ਵਰਗੇ ਵੱਡੇ ਫਨਕਾਰਾਂ ਦੀ ਤਸਵੀਰ ਅਜਿਹੇ ਢੰਗ ਨਾਲ ਪੇਸ ਕਰਦਾ ਹੈ, ਜਿਵੇਂ ਅਸੀਂ ਉਹਨਾਂ ਦੀ ਸੰਗਤ ਮਾਣ ਰਹੇ ਹੋਈਏ। ਹੁਣ ਉਹਨਾਂ ਵੱਡਾ ਉਪਰਾਲਾ ਕਰਦਿਆਂ ਆਪਣੇ ਸਾਰੇ ਹੀ ਸ਼ਬਦ ਚਿੱਤਰ “ਮੇਰੇ ਆਪਣੇ ਲੋਕ” 2002-24 ਪੁਸਤਕ ਪ੍ਰਕਾਸ਼ਿਤ ਕਰਵਾਈ ਹੈ, ਜੋ ਕਿ ਬਹੁਤ ਹੀ ਪੜ੍ਹਨ ਵਾਲੀ ਹੈ। ਦੇਸ ਪ੍ਰਦੇਸ ਘੁੰਮਣ ਤੋਂ ਬਾਅਦ ਜਦੋਂ ਨਿੰਦਰ ਬਾਹਰਲੇ ਦੇਸ਼ਾਂ ਦੀਆਂ ਬਹੁਤ ਹੀ ਵਧੀਆ ਗੱਲਾਂ ਪੇਸ਼ ਕਰਦਾ ਹੈ, ਨਾਲ ਪੰਜਾਬੀ ਵਿਦਿਆਰਥੀਆਂ ਵੱਲੋਂ ਉੱਥੇ ਪਾਏ ਜਾ ਰਹੇ ਗੰਦ ’ਤੇ ਵੀ ਖੂਬ ਚਰਚਾ ਕਰਦਾ ਹੈ। ਜਦੋਂ ਨਿੰਦਰ ਸਵਰਗ ਵਰਗੇ ਦੇਸ਼ਾਂ ਦੀ ਧਰਤੀ ਤੋਂ ਵਾਪਸ ਦਿੱਲੀ ਏਅਰਪੋਰਟ ਤੋਂ ਬਾਹਰ ਨਿਕਲ ਕੇ ਧੂੜ, ਗੱਡੀਆਂ ਦੇ ਹਾਰਨਾਂ ਦੀਆਂ ਸਿਰ ਪਾੜਨ ਵਾਲੀਆਂ ਅਵਾਜ਼ਾਂ ਬਾਰੇ ਲਿਖਦਾ ਕਿ ਅਸਲੀ ਸਕੂਨ ਮੈਨੂੰ ਆਪਣੇ ਦੇਸ਼ ਪਰਤਣ ’ਤੇ ਹੀ ਮਿਲਦਾ ਹੈ। ਬਾਹਰਲੇ ਦੇਸ਼ਾਂ ਦੇ ਮੀਟ ਮੁਰਗੇ ਮੱਛੀ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣ ਤੋਂ ਬਾਅਦ ਜਦੋਂ ਪੰਜਾਬੀ ਢਾਬੇ ਦੀ ਦਾਲ ਮਿਲੀ ਤਾਂ ਕਹਿੰਦਾ ਹੈ, ਅਸਲੀ ਅਨੰਦ ਤਾਂ ਹੁਣ ਆਇਆ ਹੈ।
ਨਿੰਦਰ ਘੁਗਿਆਣਵੀ ਮਾਨਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਵਿਸ਼ੇਸ਼ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ। ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨਾਲ ਕੀਤੇ ਵੱਡੇ ਕਾਰਜਾਂ ਬਾਰੇ ਪੁਸਤਕ ਲਿਖੀ “ਪੰਜ ਸਾਲ ਪਾਤਰ ਦੇ ਨਾਲ”। ਕਦੇ ਨਵਜੋਤ ਸਿੱਧੂ ਦੀਆਂ ਅੱਖਾਂ ਦਾ ਤਾਰਾ ਬਣਿਆ ਅਤੇ ਕਦੇ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਤੂੰਬੀ ਸੁਣਾਉਂਦਾ ਨਜ਼ਰ ਆਇਆ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੀ ਨਿੰਦਰ ਦੀਆਂ ਲਿਖਤਾਂ ਪੜ੍ਹਨ ਦਾ ਬਹੁਤ ਹੀ ਸ਼ੌਕ ਰੱਖਦੇ ਹਨ। ਨਿੰਦਰ ਬੇਪਰਵਾਹ ਹੈ। ਵਿਰੋਧੀਆਂ ਨੂੰ ਵੀ ਖਰੀਆਂ ਖਰੀਆਂ ਸੁਣਾ ਦਿੰਦਾ ਹੈ। ਸਭ ਦਾ ਜ਼ਿਕਰ ਕਰਦਾ ਹੈ ਕਿ ਕਿਹੜੇ ਮੇਰੇ ਲਈ ਫੁੱਲ ਬਣੇ ਅਤੇ ਕਿਹੜੇ ਮੇਰੇ ਲਈ ਖਾਰ ਬਣੇ। ਆਪਣੀ ਕਲਾ ਦੇ ਸਿਰ ’ਤੇ ਵਰਧਾ ਯੂਨੀਵਰਸਟੀ (ਮਹਾਰਾਸ਼ਟਰ) ਦਾ ਪ੍ਰੋਫੈਸਰ ਰਿਹਾ ਅਤੇ ਅੱਜ ਕੇਂਦਰੀ ਯੂਨੀਵਰਸਿਟੀ ਘੁੱਦਾ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਰਿਹਾ ਹੈ।
ਨਿੰਦਰ ਦੀ ਉਮਰ ਅਜੇ 50 ਸਾਲ ਦੇ ਕਰੀਬ ਹੋਈ ਹੈ ਪ੍ਰੰਤੂ ਕਿਤਾਬਾਂ 67 ਲਿਖ ਦਿੱਤੀਆਂ ਹਨ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਨਿੰਦਰ ਦੀ ਮਿਹਨਤ ਅੱਗੇ ਸਿਰ ਝੁਕਦਾ ਹੈ। ਨਿੰਦਰ ਨੇ ਕੇਂਦਰੀ ਫੈਲੋਸ਼ਿੱਪ ਪ੍ਰਾਪਤ ਕਰਕੇ ਵੱਡਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬੀ ਦੀ ਉੱਘੀ ਲੇਖਕਾ ਦਲੀਪ ਕੌਰ ਟਿਵਾਣਾ ਅਤੇ ਰਾਮ ਸਰੂਪ ਅਣਖੀ ਤੋਂ ਬਾਅਦ ਨਿੰਦਰ ਦੀ ਇਹ ਵੱਡੀ ਪ੍ਰਾਪਤੀ ਹੈ। ਮੈਂ ਸਮਝਦਾ ਹਾਂ ਕਿ ਕਿੰਨੇ ਭਾਗਾਂ ਵਾਲੇ ਹਨ ਉਹ ਵਿਦਿਆਰਥੀ ਜਿਨ੍ਹਾਂ ਨੂੰ ਅਜਿਹਾ ਅਧਿਆਪਕ ਮਿਲਿਆ ਹੈ। ਇਸ ਸਮੇਂ ਮੈਨੂੰ ਬਾਬਾ ਨਜਮੀ ਦੇ ਵਿਚਾਰ ਯਾਦ ਆ ਗਏ ਹਨ:
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ’ਤੇ ਤਖਤੀ ਲਗਦੀ ਉਹਨਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਸਫਰਾਂ ਦਾ।
(ਨਿੰਦਰ ਘੁਗਿਆਣਵੀ ਨੂੰ ਕੇਂਦਰੀ ਫੈਲੋਸ਼ਿੱਪ ਪ੍ਰਾਪਤ ਕਰਨ ’ਤੇ ਬਹੁਤ ਬਹੁਤ ਮੁਬਾਰਕਾਂ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































