HarsantSDhindsa7“ਅੱਜ ਮਾਤਾ ਪਿਤਾ ਆਪਣੇ ਬੱਚਿਆਂ ’ਤੇ ਜਬਰੀ ਫੈਸਲੇ ਠੋਸ ਰਹੇ ਹਨ। ਉਹਨਾਂ ਦੇ ਸ਼ੌਕ ...”
(25 ਜੂਨ 2026)


ਬਚਪਨ ਮਨੁੱਖੀ ਜੀਵਨ ਦਾ ਮੁਢਲਾ ਪੜਾਅ ਹੈ
। ਮਨੁੱਖ ਦੇ ਨਰੋਏ ਜੀਵਨ ਦੀ ਨੀਂਹ ਬਚਪਨ ਤੋਂ ਹੀ ਰੱਖੀ ਜਾਂਦੀ ਹੈ। ਜੇਕਰ ਮਨੁੱਖ ਦੀ ਰੁੱਖ ਦੇ ਵਾਂਗ ਜੜ੍ਹ ਹੀ ਕਮਜ਼ੋਰ ਹੋ ਗਈ ਤਾਂ ਮਨੁੱਖ ਦਾ ਸਮੁੱਚਾ ਵਿਕਾਸ ਅਸੰਭਵ ਹੈ। ਪਰ ਵਰਤਮਾਨ ਸਮੇਂ ਸਾਡੇ ਬੱਚਿਆਂ ਦਾ ਬਚਪਨ ਤਣਾਓ ਹੇਠ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ 13 ਹਜ਼ਾਰ ਦੇ ਕਰੀਬ ਵਿਦਿਆਰਥੀ ਤਣਾਓ ਅਧੀਨ ਆਤਮਹੱਤਿਆ ਦਾ ਰਾਹ ਚੁਣ ਲੈਂਦੇ ਹਨ। ਅਜਿਹੀਆਂ ਰਿਪੋਰਟਾਂ ਪੜ੍ਹ ਕੇ ਮਨ ਬਹੁਤ ਦੁਖੀ ਹੁੰਦਾ ਹੈ। ਆਤਮ ਹੱਤਿਆ ਦਾ ਮੁੱਖ ਕਾਰਨ ਪੜ੍ਹਾਈ ਦਾ ਤਣਾਓ, ਇਮਤਿਹਾਨਾਂ ਦਾ ਬੋਝ, ਕੈਰੀਅਰ ਪ੍ਰਤੀ ਚਿੰਤਾ ਮੁੱਖ ਹੈ। ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦਾ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ। ਰਾਜਸਥਾਨ ਦਾ ਸ਼ਹਿਰ ਕੋਟਾ ਕੋਚਿੰਗ ਦੀ ਹੱਬ ਮੰਨਿਆ ਜਾਂਦਾ ਹੈ। ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਨੀਟ ਅਤੇ ਜੇਈ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਟਾ ਸ਼ਹਿਰ ਵਿਖੇ ਜਾਂਦੇ ਹਨ। ਹਰ ਸਾਲ ਇਸ ਸ਼ਹਿਰ ਵਿੱਚ ਪ੍ਰੀਖਿਆਵਾਂ ਵਿੱਚ ਅਸਫਲ ਰਹਿਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਤ ਨੂੰ ਗਲੇ ਲਾ ਲੈਂਦੇ ਹਨ। ਅੱਜ ਰਾਜਸਥਾਨ ਦਾ ਕੋਟਾ ਸ਼ਹਿਰ ਪੜ੍ਹਾਈ ਦੇ ਨਾਲ ਮੌਤ ਦਾ ਕੋਟਾ ਬਣ ਗਿਆ ਹੈ। ਸਿੱਖਿਆ ਦਾ ਅਰਥ ਚੰਗੇ ਮਨੁੱਖ ਪੈਦਾ ਕਰਨਾ ਸੀ ਨਾ ਕਿ ਬੱਚਿਆਂ ਦਾ ਬਚਪਨ ਖੋਹਣਾ, ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਜੀ ਦਾ ਸ਼ੇਅਰ ਹੈ,

“ਭਾਰੇ ਭਾਰੇ ਬਸਤੇ, ਲੰਬੇ ਲੰਬੇ ਰਸਤੇ,
ਥੱਕ ਗਏ ਨੇ ਗੋਡੇ
, ਦੁਖਣ ਲੱਗ ਪਏ ਨੇ ਮੋਢੇ,
ਇੰਨਾ ਭਾਰ ਚੁਕਾਇਆ ਏ ਅਸੀਂ ਕੋਈ ਖੋਤੇ ਹਾਂ
?

ਸਾਡੀ ਸਿੱਖਿਆ ਦੇ ਬੋਝਲ ਸਿਲੇਬਸ ਪ੍ਰਤੀ ਮੈਨੂੰ ਇੱਕ ਪੁਰਾਣੀ ਯਾਦ ਚੇਤੇ ਆ ਗਈ ਕਿ ਜਦੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ (ਫਤਿਹਗੜ੍ਹ ਸਾਹਿਬ) ਵਿਖੇ ਬਤੌਰ ਐੱਸ ਐੱਸ ਮਾਸਟਰ ਨੌਕਰੀ ਸ਼ੁਰੂ ਕੀਤੀ ਤਾਂ ਮੈਨੂੰ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਹੀ ਰੋਚਕਤਾ ਅਤੇ ਨਵੀਂ ਮਿਲੀ ਨੌਕਰੀ ਦੇ ਚਾਅ ਕਾਰਨ ਬੜੀ ਹੀ ਮਿਹਨਤ ਨਾਲ ਬੱਚਿਆਂ ਨੂੰ ਕੁਝ ਦਿਨ ਪੜ੍ਹਾਇਆ। ਪ੍ਰੰਤੂ ਮੈਂ ਮਹਿਸੂਸ ਕੀਤਾ ਕਿ ਜੋ ਸਿਲੇਬਸ ਕਰਵਾਇਆ ਜਾ ਰਿਹਾ ਹੈ, ਬੱਚਿਆਂ ਦੇ ਪੱਧਰ ਤੋਂ ਕਾਫੀ ਉੱਚਾ ਹੈ। ਥੋੜ੍ਹੇ ਦਿਨਾਂ ਬਾਅਦ ਸਾਡੀ ਇੰਡਕਸ਼ਨ ਟ੍ਰੇਨਿੰਗ ਬਸੀ ਪਠਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੱਗੀ, ਜਿੱਥੇ ਸਾਨੂੰ ਬਹੁਤ ਹੀ ਮਿਹਨਤੀ ਰਿਸੋਰਸ ਪਰਸਨ ਸੰਬੰਧਿਤ ਵਿਸ਼ਿਆਂ ਦੀ ਜਾਣਕਾਰੀ ਦਿੰਦੇ ਸਨ। ਉਸ ਸਮੇਂ ਇੱਕ ਅੰਗਰੇਜ਼ੀ ਵਿਸ਼ੇ ਦੇ ਰਿਸੋਰਸ ਪਰਸਨ ਸਨ। ਉਹਨਾਂ ਦਾ ਨਾਂ ਡਾ. ਦਵਿੰਦਰ ਸਿੰਘ ਸੀ। ਉਹਨਾਂ ਪੰਜਾਬ ਯੂਨੀਵਰਸਿਟੀ ਤੋਂ ਐੱਮ ਏ, ਐੱਮ.ਫਿਲ, ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਉਹਨਾਂ ਦਾ ਉਸ ਸਮੇਂ ਜੇ.ਆਰ.ਐੱਫ ਦਾ ਟੈੱਸਟ ਵੀ ਕਲੀਅਰ ਸੀ। ਆਪਣੇ ਵਿਸ਼ੇ ਦੇ ਬਹੁਤ ਪਰਪੱਕ ਸਨ। ਬਹੁਤ ਸਾਰੇ ਪੁਰਾਣੇ ਅਧਿਆਪਕਾਂ ਨੇ ਕਿਹਾ ਕਿ ਤੁਸੀਂ ਤਾਂ ਸਾਨੂੰ ਸਾਡੇ ਕਾਲਜ ਸਮੇਂ ਦੇ ਵਿਦਵਾਨ ਅਧਿਆਪਕਾਂ ਦੇ ਦਰਸ਼ਨ ਕਰਵਾ ਦਿੱਤੇ। ਉਹਨਾਂ ਸਾਨੂੰ ਬਹੁਤ ਹੀ ਵਧੀਆ ਅੰਗਰੇਜ਼ੀ ਦਾ ਗਿਆਨ ਦਿੱਤਾ ਪ੍ਰੰਤੂ ਉਹਨਾਂ ਕਿਹਾ ਕਿ ਸਾਡੀ ਇੱਕ ਸਿੱਖਿਆ ਸ਼ਾਸਤਰੀਆਂ ਦੀ ਆਗਰੇ ਵਿਖੇ ਕਾਨਫਰੰਸ ਹੋਈ ਸੀ, ਜਿਸ ਵਿੱਚ ਅਮਰੀਕਾ, ਕਨੇਡਾ, ਆਸਟਰੇਲੀਆ ਅਤੇ ਹੋਰ ਬਹੁਤ ਸਾਰੇ ਯੂਰਪ ਦੇਸਾਂ ਤੋਂ ਸਿੱਖਿਆ ਸ਼ਾਸਤਰੀ ਆਏ ਸਨ। ਜਦੋਂ ਉਹਨਾਂ ਅਧਿਆਪਕਾਂ ਨਾਲ ਸਾਡਾ ਵਿਚਾਰ ਵਟਾਂਦਰਾ ਹੋਇਆ, ਉਹਨਾਂ ਨੇ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਗਰੇਜ਼ੀ ਵਿਸ਼ੇ ਦੀ ਪੁਸਤਕ ਜੋ ਛੇਵੀਂ ਜਮਾਤ ਨੂੰ ਲਾਈ ਗਈ ਹੈ, ਇਹ ਦੇਖੀ ਤਾਂ ਉਹਨਾਂ ਦੇ ਇੱਕ ਸਿੱਖਿਆ ਸ਼ਾਸਤਰੀ ਨੇ ਮੱਥੇ ਉੱਤੇ ਹੱਥ ਮਾਰਦਿਆ ਕਿਹਾ, “ਇਸ ਪੱਧਰ ਦੀ ਕਿਤਾਬ ਅਸੀਂ ਬਾਰ੍ਹਵੀਂ ਜਮਾਤ ਨੂੰ ਪੜ੍ਹਾਉਂਦੇ ਹਾਂ, ਜਦੋਂ ਕਿ ਅੰਗਰੇਜ਼ੀ ਸਾਡੀ ਉੱਥੇ ਮਾਤ ਭਾਸ਼ਾ ਹੈ। ਤੁਸੀਂ ਬੱਚਿਆਂ ਨੂੰ ਪੜ੍ਹਾ ਨਹੀਂ ਰਹੇ ਤੁਸੀਂ ਤਾਂ ਸ਼ੋਸ਼ਣ ਕਰ ਰਹੇ ਹੋ। ਉੱਥੇ ਸਾਰੇ ਹੀ ਸੰਬੰਧਿਤ ਅਧਿਆਪਕਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਬਿਲਕੁਲ ਜੋ ਪੜ੍ਹਾਇਆ ਜਾ ਰਿਹਾ ਹੈ, ਉਹ ਬੱਚਿਆਂ ਦੇ ਸਿਰਾਂ ਦੇ ਉੱਪਰ ਦੀ ਲੰਘ ਰਿਹਾ ਹੈ। ਬੱਚਿਆਂ ’ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ। ਜਿਵੇਂ ਦੇਸੀ ਭਾਸ਼ਾ ਵਿੱਚ ਕਿਹਾ ਜਾਵੇ ਕਿ ਜੇਕਰ ਕੋਈ ਵਿਅਕਤੀ ਵੀਹ ਕਿਲੋ ਵਜ਼ਨ ਚੁੱਕ ਸਕਦਾ ਹੈ, ਉਸ ਉੱਤੇ ਸੌ ਕਿਲੋ ਲੱਦ ਦਿੱਤਾ ਜਾਵੇ ਤਾਂ ਉਸਦਾ ਕਚੂਮਰ ਨਿਕਲ ਜਾਵੇਗਾ ਅਤੇ ਉਹ ਵੀਹ ਕਿਲੋ ਚੁੱਕਣ ਦੇ ਵੀ ਕਾਬਲ ਨਹੀਂ ਰਹੇਗਾ। ਇਸਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਕਦੇ ਸਮਾਂ ਹੁੰਦਾ ਸੀ ਜਦੋਂ ਪੰਜਵੀਂ ਤਕ ਬਹੁਤ ਹੀ ਸੌਖਾ ਸਿਲੇਬਸ ਹੁੰਦਾ ਸੀ ਅਤੇ ਛੇਵੀਂ ਕਲਾਸ ਵਿੱਚ ਚਾਰ ਲਾਈਨਾਂ ਵਾਲੀ ਕਾਪੀ ਲਗਦੀ ਸੀ। ਬੱਚਿਆਂ ਨੂੰ ਬਹੁਤ ਹੀ ਪਿਆਰ ਨਾਲ ਛੋਟੀ ਏ. ਬੀ. ਸੀ ਅਤੇ ਵੱਡੀ ਏ. ਬੀ.ਸੀ ਲਿਖਣ ਦੀ ਤਰਤੀਬ ਦੱਸੀ ਜਾਂਦੀ ਸੀ ਅਤੇ ਬੱਚਿਆਂ ਨੂੰ ਸ਼ਬਦ ਜੋੜ ਕਰਾਏ ਜਾਂਦੇ ਸਨ। ਬੱਚੇ ਬਹੁਤ ਹੀ ਦਿਲਚਸਪੀ ਨਾਲ ਪੜ੍ਹਦੇ ਸਨ। ਉਸ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਬਹੁਤ ਹੀ ਦੁਨੀਆ ਵੱਡੇ ਵੱਡੇ ਵਿਦਵਾਨ ਪੈਦਾ ਹੋਏ।

ਜੇਕਰ ਬੱਚਾ ਮਾਤ ਭਾਸ਼ਾ ਵਿੱਚ ਸੰਪੂਰਨ ਨਹੀਂ ਹੋਵੇਗਾ ਤਾਂ ਉਹ ਦੂਜੀ ਭਾਸ਼ਾ ਕਦੇ ਵੀ ਸਿੱਖ ਨਹੀਂ ਸਕਦਾ। ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾਕਟਰ ਜੋਗਾ ਸਿੰਘ ਦੇ ਵਿਚਾਰ ਅਨੁਸਾਰ ਜੇਕਰ ਇਨਸਾਨ ਛੇ ਮਹੀਨਿਆਂ ਵਿੱਚ ਦਿਲਚਸਪੀ ਦੇ ਨਾਲ ਸਿੱਖਣਾ ਚਾਹੇ ਤਾਂ ਉਹ ਕਿਸੇ ਵੀ ਭਾਸ਼ਾ ਨੂੰ ਸਿੱਖ ਸਕਦਾ ਹੈ। ਉਹਨਾਂ ਕਿਹਾ ਕਿ ਬੱਚੇ ਦਾ ਸੰਪੂਰਨ ਵਿਕਾਸ ਮਾਤ ਭਾਸ਼ਾ ਵਿੱਚ ਹੀ ਹੋ ਸਕਦਾ ਹੈ। ਕਦੇ ਸੁਣਿਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਔਲਖ ਦੇ ਵਿਚਾਰ ਕਿ ਕਿਵੇਂ ਉਹ ਇੱਕ ਸਧਾਰਨ ਪੇਂਡੂ ਪਰਿਵਾਰ ਵਿੱਚੋਂ ਪੜ੍ਹੇ ਅਤੇ ਨਾਲ ਹੀ ਪਹਿਲਵਾਨੀ ਕੀਤੀ ਅਤੇ ਖੇਤੀਬਾੜੀ ਵਿਗਿਆਨੀ ਬਣੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਬਹੁਤ ਹੀ ਜੁਰਅਤ ਨਾਲ ਯੂਨੀਵਰਸਿਟੀ ਵਿੱਚ ਫੈਸਲੇ ਲਏ ਅਤੇ ਯੂਨੀਵਰਸਟੀ ਦਾ ਵਿਕਾਸ ਕੀਤਾ।

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ, ਜੋ ਕਿ ਅੱਜ ਵੀ ਆਪਣੀ ਖੇਤੀ ਆਪਣੇ ਹੱਥੀਂ ਕਰਦੇ ਹਨ। ਉਹਨਾਂ ਕਿਹਾ ਕਿ ਵਿਗਿਆਨ ਦਾ ਸਹੀ ਗਿਆਨ ਵੀ ਮਾਤ ਭਾਸ਼ਾ ਵਿੱਚ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਅੱਜ ਪੰਜਾਬ ਵਿੱਚ ਵਿਦਵਾਨਾਂ ਅਤੇ ਵਿਗਿਆਨੀਆਂ ਦਾ ਕਾਲ ਪੈ ਗਿਆ। ਸਿੱਖਿਆ ਵਪਾਰ ਬਣ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਕਿਹੜੇ ਔਖੇ ਹਾਲਾਤ ਵਿੱਚ ਪੜ੍ਹੇ, ਜੇ ਜਾਣਨਾ ਹੈ ਤਾਂ ਪੜ੍ਹਿਓ ਉਹਨਾਂ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ, ਅਤੇ ਉਹਨਾਂ ਨੇ ਆਪਣੇ ਬੇਟੇ ਜਨਮੇਜਾ ਸਿੰਘ ਜੌਹਲ ਨੂੰ ਖੇਤੀਬਾੜੀ ਵਿਗਿਆਨ ਦੀ ਵੱਡੀ ਡਿਗਰੀ ਕਰਵਾਈ। ਪ੍ਰੰਤੂ ਉਹਨਾਂ ਨੇ ਆਪਣੇ ਬੇਟੇ ਦਾ ਸ਼ੌਕ ਨਹੀਂ ਮਾਰਿਆ, ਜੋ ਕਿ ਅੱਜ ਕੱਲ੍ਹ ਬਹੁਤ ਹੀ ਵਧੀਆ ਫੋਟੋਗ੍ਰਾਫਰੀ ਕਰਦਾ ਹੈ। ਤੁਸੀਂ ਦੇਖਦੇ ਹੋਵੋਗੇ ਕਿ ਉਹਨਾਂ ਦਾ ਅਖਬਾਰ ਦੇ ਵਿੱਚ ਕਾਲਮ ਹੁੰਦਾ ਹੈ, “ਕੈਮਰੇ ਦੀ ਅੱਖ ਬੋਲਦੀ।”

ਅੱਜ ਮਾਤਾ ਪਿਤਾ ਆਪਣੇ ਬੱਚਿਆਂ ’ਤੇ ਜਬਰੀ ਫੈਸਲੇ ਠੋਸ ਰਹੇ ਹਨ। ਉਹਨਾਂ ਦੇ ਸ਼ੌਕ ਨਹੀਂ ਦੇਖ ਰਹੇ, ਜਿਸਦੇ ਸਿੱਟੇ ਵਜੋਂ ਬੱਚੇ ਤਣਾਓ ਵਿੱਚ ਜਾ ਰਹੇ ਹਨ। ਜੇਕਰ ਬੱਚੇ ਦਾ ਬਚਪਨ ਹੀ ਤਣਾਓ ਵਿੱਚ ਚਲਿਆ ਗਿਆ ਤਾਂ ਫਿਰ ਉਸਦੀ ਅਗਲੀ ਜ਼ਿੰਦਗੀ ਕਿਵੇਂ ਬੀਤੇਗੀ। ਸਾਬਕਾ ਆਈ.ਏ.ਐੱਸ ਅਧਿਕਾਰੀ ਨ੍ਰਿਪਿੰਦਰ ਰਤਨ ਆਪਣੀ ਪੁਸਤਕ “ਕਤਰਨ ਕਤਰਨ ਯਾਦਾਂ” ਵਿੱਚ ਜ਼ਿਕਰ ਕਰਦਾ ਹੈ ਕਿ ਜਦੋਂ ਮੈਂ ਸੀਤ ਠੰਢ ਵਿੱਚ ਆਪਣੇ ਪੋਤੇ ਨੂੰ ਪੀਲੀ ਪ੍ਰਾਈਵੇਟ ਸਕੂਲ ਦੀ ਬੱਸ ਵਿੱਚ ਚੜ੍ਹਾਉਣ ਜਾਂਦਾ ਹਾਂ ਤਾਂ ਸੋਚਦਾ ਹਾਂ ਕਿ ਬੱਚੇ ਫੁੱਲ ਨਹੀਂ ਹੁੰਦੇ। ਜੇਕਰ ਬੱਚੇ ਫੁੱਲ ਹੁੰਦੇ ਤਾਂ ਫੁੱਲਾਂ ਦੀਆਂ ਕਤਲਗਾਹਾਂ ਨਾ ਹੁੰਦੀਆਂ। ਇਹ ਸਕੂਲ ਸਿੱਖਿਆ ਦੀਆਂ ਸੰਸਥਾਵਾਂ, ਸੱਚਮੁੱਚ ਬੱਚਿਆਂ ਦੀਆਂ ਕਤਲਗਾਹ ਹਨ, ਜੋ ਬਚਪਨ ਖੋਹ ਰਹੀਆਂ ਹਨ। ਬੱਚੇ ਦਾ ਮਾਨਸਿਕ ਵਿਕਾਸ ਕਦੋਂ ਹੋਵੇਗਾ, ਜਿਹੜਾ ਗਰਾਊਂਡਾਂ ਵਿੱਚ ਖੇਡਣ ਦਾ ਸਮਾਂ ਸੀ, ਉਸ ਸਮੇਂ ਬੱਚੇ ਫੋਨ ਉੱਤੇ ਗੇਮਾਂ ਖੇਡਦੇ ਹਨ ਜਾਂ ਆਨਲਾਈਨ ਕਲਾਸਾਂ ਲਾਉਂਦੇ ਹਨ। ਅੱਜ ਸਾਰੀਆਂ ਯੂਨੀਵਰਸਿਟੀਆਂ ਦੇ ਮਨੋਵਿਗਿਆਨ ਵਿਭਾਗ ਅਤੇ ਬਹੁਤ ਸਾਰੇ ਡਾਕਟਰ ਇਸ ਗੱਲ ਦੀ ਚਿੰਤਾ ਦੇ ਵਿੱਚ ਹਨ ਕਿ ਬਚਪਨ ਨੂੰ ਕਿਵੇਂ ਤਣਾਓ ਤੋਂ ਬਚਾਇਆ ਜਾਵੇ ਤਾਂ ਕਿ ਬੱਚਿਆਂ ਦੀ ਆਤਮਹੱਤਿਆਵਾਂ ਰੁਕ ਸਕਣ। ਅੱਜ ਬੱਚਿਆਂ ਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਦੀ ਲੋੜ ਹੈ। ਅੱਜ ਮਾਤਾ ਪਿਤਾ ਬੱਚਿਆਂ ਨੂੰ ਦੱਸਣ ਕਿ ਬੇਟਾ ਇਮਤਿਹਾਨਾਂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਜ਼ਿੰਦਗੀ ਇੱਕ ਪ੍ਰੀਖਿਆ ਹੈ। ਜੇਕਰ ਤੁਹਾਡਾ ਪੜ੍ਹਾਈ ਵਿੱਚ ਹੱਥ ਤੰਗ ਹੈ ਤਾਂ ਜ਼ਿੰਦਗੀ ਵਿੱਚ ਕਾਮਯਾਬੀ ਦੇ ਹੋਰ ਬਹੁਤ ਰਸਤੇ ਹਨ। ਜ਼ਿੰਦਗੀ ਪਰਮਾਤਮਾ ਦੀ ਦਾਤ ਹੈ, ਖੁੱਲ੍ਹ ਕੇ ਜ਼ਿੰਦਗੀ ਜੀਓ।

ਆਉ ਪੰਜਾਬੀਓ ਅੱਜ ਕੁਦਰਤ ਦੇ ਅਨੁਸਾਰ ਜੀਵਨ ਜਿਊਣਾ ਸ਼ੁਰੂ ਕਰੀਏ। ਆਪਣੇ ਬੱਚਿਆਂ ਨੂੰ ਤਣਾਅ ਮੁਕਤ ਜ਼ਿੰਦਗੀ ਜਿਊਣ ਲਈ ਮਾਹੌਲ ਸਿਰਜੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author