“ਜਦੋਂ ਵੀ ਕੋਈ ਨਤੀਜਾ ਆਉਂਦਾ ਹੈ ਤਾਂ ਕੁੜੀਆਂ ਦਾ ਬਾਜ਼ੀ ਮਾਰਨਾ ਅਟੱਲ ਸਚਾਈ ...”
(22 ਮਾਰਚ 2026)
ਪੰਜਾਬ ਦੀਆਂ ਧੀ ਰਾਣੀਆਂ ਨੂੰ ਸਿਜਦਾ ਕਰਨਾ ਬਣਦਾ ਹੈ ਕਿਉਂਕਿ ਅੱਜ ਹਰ ਖੇਤਰ ਵਿੱਚ ਇਨ੍ਹਾਂ ਦੀ ਝੰਡੀ ਹੈ। ਕੀ ਹੋਇਆ ਅਜੇ ਰਾਜਨੀਤਿਕ ਖੇਤਰ ਵਿੱਚ ਬਰਾਬਰ ਦੀ ਪ੍ਰਤੀਨਿਧਤਾ ਨਹੀਂ ਦਿੱਤੀ ਗਈ ਪਰ ਪ੍ਰਸ਼ਾਸਨਿਕ ਖੇਤਰ ਵਿੱਚ ਇਨ੍ਹਾਂ ਨੇ ਆਪਣੀ ਕਾਬਲੀਅਤ ਲੋਹਾ ਮਨਵਾਇਆ ਹੈ। ਜਦੋਂ ਵੀ ਕੋਈ ਨਤੀਜਾ ਆਉਂਦਾ ਹੈ ਤਾਂ ਕੁੜੀਆਂ ਦਾ ਬਾਜ਼ੀ ਮਾਰਨਾ ਅਟੱਲ ਸਚਾਈ ਹੋ ਗਈ ਹੈ। ਸਿਵਲ ਸਰਵਿਸ ਦੀਆਂ ਪ੍ਰੀਖਿਆਵਾਂ ਤੋਂ ਲੈ ਕੇ ਆਈਲੈਟਸ ਤਕ ਵੀ ਕੁੜੀਆਂ ਮੋਹਰੀ ਹਨ। ਬਹੁਤ ਚੰਗਾ ਹੋਇਆ ਦਾਜ ਦੇ ਲੋਭੀਆਂ ਦਾ ਹੰਕਾਰ ਟੁੱਟਿਆ ਹੈ। ਅੱਜ ਦਾਜ ਮੰਗਣ ਵਾਲੇ ਲੋਕ ਕੁੜੀ ਦੇ ਵਿਆਹ ਦਾ ਸਾਰਾ ਖਰਚਾ ਦੇਣ ਦੇ ਲਈ ਤਿਆਰ ਹੋ ਜਾਂਦੇ ਹਨ। ਲੜਕੀ ਦੇ ਪਰਿਵਾਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਪਾਬੰਦ ਹੁੰਦੇ ਹਨ। ਪੰਜਾਬੀ ਦੇ ਸੂਫੀ ਕਾਵਿ ਦੇ ਸਿਰਮੌਰ ਕਵੀ ਬਾਬਾ ਬੁੱਲੇ ਸ਼ਾਹ ਦੇ ਕਥਨ ਅਨੁਸਾਰ ਉਲਟੇ ਹੋਰ ਜਵਾਨੇ ਆਏ। ਬਿਲਕੁਲ ਸਹੀ ਗੱਲ ਹੈ, ਹੁਣ ਜਮਾਨਾ ਬਦਲ ਗਿਆ ਹੈ। ਅੱਜ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੀਆਂ ਲੜਕੀਆਂ ਸਕੂਲਾਂ ਵਿੱਚ ਬਤੌਰ ਅਧਿਆਪਕ ਨੌਕਰੀ ਕਰਦੀਆਂ ਹਨ ਅਤੇ ਘਰਾਂ ਵਿੱਚ ਬੱਚਿਆਂ ਦੀ ਦੇਖ ਭਾਲ ਉਹਨਾਂ ਦੇ ਪਤੀ ਦੇਵ ਕਰਨ ਲੱਗੇ ਹਨ, ਜੋ ਕਿ ਸਰਕਾਰੀ ਨੌਕਰੀਆਂ ’ਤੇ ਨਹੀਂ ਲੱਗੇ ਹੋਏ ਪਰ ਨੌਕਰੀ ਵਾਲੀ ਕੁੜੀ ਦਾ ਰਿਸ਼ਤਾ ਲੈਣ ਲਈ ਤਰਲੋਮੱਛੀ ਹੁੰਦੇ ਹਨ। ਸਮਾਜ ਵਿੱਚ ਸਮਾਨਤਾ ਦਾ ਹੋਣਾ ਜ਼ਰੂਰੀ ਹੈ। ਅੱਜ ਲੜਕੀਆਂ ਖੇਤੀ ਦੇ ਖੇਤਰ ਦੇ ਵਿੱਚ ਵੀ ਆਪਣੇ ਪਿਤਾ ਦੇ ਨਾਲ ਪੁੱਤਰ ਬਣ ਕੇ ਕੰਮ ਕਰ ਰਹੀਆਂ ਹਨ। ਨੱਕੇ ਮੋੜਨੇ, ਟਰੈਕਟਰ ਚਲਾਉਣਾ, ਹੁਣ ਲੜਕੀਆਂ ਲਈ ਆਮ ਗੱਲ ਹੋ ਗਈ ਹੈ। ਕਿਸੇ ਸਮੇਂ ਚਾਰ ਦੀਵਾਰੀ ਵਿੱਚ ਕੈਦ ਰਹਿਣ ਵਾਲੀਆਂ ਲੜਕੀਆਂ ਅੱਜ ਜਹਾਜ਼ ਉਡਾ ਰਹੀਆਂ ਹਨ। ਸੈਨਿਕ ਸੇਵਾ ਵਿੱਚ, ਜਲ, ਥਲ ਅਤੇ ਹਵਾਈ ਸੈਨਾ ਵਿੱਚ ਅੱਜ ਲੜਕੀਆਂ ਦੀ ਬੱਲੇ ਬੱਲੇ ਹੈ। ਪਰਮਾਤਮਾ ਨੇ ਬਰਾਬਰਤਾ ਦੇ ਹੱਕ ਦਿੱਤੇ, ਪਰ ਸਮਾਜ ਨੇ ਪੈਰ ਦੀ ਜੁੱਤੀ ਤਕ ਕਿਹਾ, ਪਰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵੱਡੀ ਮਹਾਨਤਾ ਦਿੰਦਿਆਂ ਕਿਹਾ, ਕਿ ਰਾਜਿਆਂ ਨੂੰ ਜਨਮ ਦੇਣ ਵਾਲੀ, ਜਗ ਜਨਨੀ ਬਹੁਤ ਵੱਡੇ ਸਤਿਕਾਰ ਦੀ ਪਾਤਰ ਹੈ। ਕੁੱਖ ਵਿੱਚ ਕਤਲ ਕਰਨ ਵਾਲੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਅੱਜ ਜਦੋਂ ਲੜਕੇ ਨਸ਼ਿਆਂ ਦੀ ਦਲਦਲ ਵਿੱਚ ਆਪਣਾ ਜੀਵਨ ਗਰਕ ਕਰ ਰਹੇ ਹਨ, ਪਰ ਬੇਟੀਆਂ ਆਪਣੇ ਮਾਤਾ ਪਿਤਾ ਦਾ ਸਹਾਰਾ ਬਣ ਕੇ ਨਾਂ ਰੌਸ਼ਨ ਕਰ ਰਹੀਆਂ ਹਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਆਏ ਨਤੀਜਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਰਿਆਸਤੀ ਸ਼ਹਿਰ ਨਾਭਾ ਦੇ ਨਜ਼ਦੀਕ ਪਿੰਡ ਬੀਰੜਵਾਲ ਦੀ ਸਿਮਰਨਦੀਪ ਕੌਰ ਨੇ ਪੂਰੇ ਦੇਸ਼ ਵਿੱਚੋਂ 15ਵਾਂ ਰੈਂਕ ਹਾਸਲ ਕਰਕੇ ਸਧਾਰਨ ਕਿਸਾਨ ਖੇਤੀ ਕਰਦੇ ਆਪਣੇ ਪਿਤਾ ਸਰਦਾਰ ਕੁਲਦੀਪ ਸਿੰਘ ਅਤੇ ਮਾਤਾ ਅਮਨਦੀਪ ਕੌਰ ਦਾ ਨਾਂ ਰੌਸ਼ਨ ਕੀਤਾ ਹੈ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਸਦੇ ਪਿੱਛੇ ਬੇਟੀ ਦੀ ਵਰ੍ਹਿਆਂ ਦੀ ਕਠਿਨ ਤਪੱਸਿਆ ਛੁਪੀ ਹੋਈ ਹੈ। ਅੱਜ ਇਹ ਉਹਨਾਂ ਬੱਚਿਆਂ ਲਈ ਵੱਡੀ ਉਦਾਹਰਨ ਹੈ ਜਿਹੜੇ ਸਮਾਰਟ ਫੋਨਾਂ ਦੀ ਵਰਤੋਂ ਕਰਦਿਆਂ ਆਪਣੀ ਸੋਚ ਗਲਤ ਕੰਮਾਂ ਵੱਲ ਲਾ ਰਹੇ ਹਨ। ਸਿਮਰਨਦੀਪ ਕੌਰ ਨੇ ਆਪਣੀ ਸਾਰੀ ਕੋਚਿੰਗ ਹੀ ਆਨਲਾਈਨ ਲਈ ਹੈ। ਉਸਨੇ ਸਮਾਜ ਨੂੰ ਦੱਸ ਦਿੱਤਾ ਹੈ ਕਿ ਕਿਸੇ ਚੀਜ਼ ਦੀ ਵਰਤੋਂ, ਦੁਰਵਰਤੋਂ ਤੁਹਾਡੇ ਹੱਥ ਵਿੱਚ ਹੈ। ਸਭ ਤੋਂ ਵੱਡੀ ਗੱਲ ਕਿ ਪਰਿਵਾਰ ਦਾ ਕੋਈ ਮੈਂਬਰ ਕਿਸੇ ਸਰਕਾਰੀ ਅਹੁਦੇ ’ਤੇ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਵੱਡੀ ਕੋਈ ਡਿਗਰੀ ਹਾਸਲ ਕੀਤੀ ਹੈ। ਮੰਜ਼ਿਲਾਂ ਦੇ ਰਾਹੀ ਕਦੇ ਵਾਟਾਂ ਨੂੰ ਨਹੀਂ ਮਿਣਦੇ, ਦ੍ਰਿੜ੍ਹ ਇਰਾਦੇ ਨਾਲ ਆਪਣੀ ਸਫਲਤਾ ਦੇ ਝੰਡੇ ਪਹਾੜ ਦੀ ਚੋਟੀ ਉੱਤੇ ਗੱਡ ਕੇ ਹੀ ਵਾਪਸ ਮੁੜਦੇ ਹਨ।
ਰਾਜਪੁਰਾ ਦੇ ਨੇੜਲੇ ਪਿੰਡ ਮਦਨਪੁਰ ਦਾ ਨਾਂ ਚਮਕਾਉਣ ਵਾਲੀ ਪੰਜਾਬ ਦੀ ਧੀ ਰਸਨੀਤ ਕੌਰ, ਨੇ ਸਿਵਲ ਸੇਵਾਵਾਂ ਵਿੱਚ 51 ਵਾਂ ਸਥਾਨ ਹਾਸਲ ਕਰਕੇ ਆਪਣੇ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਸਵਰਨਦੀਪ ਕੌਰ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਦਿੱਤਾ ਹੈ। ਪਿਤਾ ਜਸਵਿੰਦਰ ਸਿੰਘ ਬਿਜਲੀ ਬੋਰਡ ਵਿੱਚ ਲਾਇਨਮੈਨ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਪਿਤਾ ਨੇ ਚੌਗਿਰਦੇ ਵਿੱਚ ਬਿਜਲੀ ਦੇ ਲਾਟੂ ਜਗਾ ਕੇ ਰੌਸ਼ਨੀ ਕੀਤੀ, ਅੱਜ ਧੀ ਨੇ ਆਪਣੀ ਕਠਿਨ ਤਪੱਸਿਆ ਨਾਲ ਪਿੰਡ ਮਦਨਪੁਰ ਦਾ ਨਾਂ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਹੈ। ਜ਼ਿਲ੍ਹਾ ਮਾਨਸਾ, ਭਾਵੇਂ ਲੋਕਾਂ ਦੀਆਂ ਨਜ਼ਰਾਂ ਵਿੱਚ ਵਿੱਦਿਆ ਪੱਖੋਂ ਪਛੜਿਆ ਰਿਹਾ, ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੀ ਹੋਣਹਾਰ ਪੁੱਤਰੀ ਮਨਪ੍ਰੀਤ ਕੌਰ ਨੇ ਆਪਣੇ ਪਿਤਾ ਸੁਖਦੇਵ ਸਿੰਘ ਦਾ ਅਤੇ ਪਿੰਡ ਧਲੇਵਾਂ ਦਾ ਨਾਂ ਪੂਰੇ ਦੇਸ ਵਿੱਚ ਰੌਸ਼ਨ ਕੀਤਾ ਹੈ। ਅਬੋਹਰ ਦਾ ਏਰੀਆ ਕਿੰਨੂਆਂ ਦੀ ਖੇਤੀ ਕਰਕੇ ਪ੍ਰਸਿੱਧ ਹੋਇਆ, ਪਰ ਅੱਜ ਅਬੋਹਰ ਦੀ ਧਰਤੀ ਨੂੰ ਦੁਨੀਆਂ ਵਿੱਚ ਬੇਟੀ ਅਕ੍ਰਿਤੀ ਸਿੰਗਲਾ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਵਿੱਚ ਬਾਜ਼ੀ ਮਾਰ ਕੇ ਪ੍ਰਸਿੱਧ ਕਰ ਦਿੱਤਾ ਹੈ। ਸਧਾਰਨ ਘਰਾਂ ਵਿੱਚੋਂ ਉੱਠ ਕੇ ਪੌੜੀ ਦੇ ਉੱਪਰਲੇ ਟੰਬੇ ਨੂੰ ਹੱਥ ਪਾਉਣਾ ਕੋਈ ਛੋਟੀ ਗੱਲ ਨਹੀਂ, ਇਨ੍ਹਾਂ ਹੋਣਹਾਰ ਧੀਆਂ ਨੇ ਆਪਣੀ ਮੰਜ਼ਿਲ ਨੂੰ ਮੱਛੀ ਦੀ ਅੱਖ ਵਾਂਗ ਮਿਥਿਆ, ਜਿਵੇਂ ਮਹਾਂਭਾਰਤ ਵਿੱਚ ਜਦੋਂ ਨਿਸ਼ਾਨਾ ਲਾਉਣ ਵੇਲੇ ਅਰਜਨ ਨੂੰ ਸਵਾਲ ਕੀਤਾ ਗਿਆ ਕਿ ਤੈਨੂੰ ਕੀ ਨਜ਼ਰ ਆ ਰਿਹਾ ਹੈ, ਤਾਂ ਉਹਨਾਂ ਕਿਹਾ ਕਿ ਮੈਨੂੰ ਸਿਰਫ ਮੱਛੀ ਦੀ ਅੱਖ ਦਿਸਦੀ ਹੈ। ਫਿਰ ਇਹ ਕਿਵੇਂ ਹੋ ਸਕਦਾ ਕਿ ਨਿਸ਼ਾਨਾ ਮੱਛੀ ਦੀ ਅੱਖ ਵਿੱਚ ਨਾ ਲੱਗੇ।
ਅੱਜ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਸੀਬੀਐੱਸਈ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਉਂਦੇ ਹਨ, ਉਸ ਸਮੇਂ ਵੀ ਅਖਬਾਰਾਂ ਦੀਆਂ ਸੁਰਖੀਆਂ ਲੜਕੀਆਂ ਦੇ ਹਿੱਸੇ ਆਉਂਦੀ ਹਨ। ਇਹ ਮਿਹਨਤ ਦੇ ਰੰਗ ਹਨ। ਲੜਕੇ ਪੜ੍ਹਨ ਵਿੱਚ ਪਛੜ ਰਹੇ ਹਨ। ਸਕੂਲਾਂ ਵਿੱਚ ਪੁਰਸ਼ ਅਧਿਆਪਕਾਂ ਦੀ ਗਿਣਤੀ ਦਿਨ ਬਦਿਨ ਘਟਦੀ ਜਾ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਮੈਨੂੰ ਯਾਦ ਹੈ ਕਿ ਲੰਬਾ ਸਮਾਂ ਪਹਿਲਾਂ ਪੰਜਾਬੀ ਦੇ ਅਖਬਾਰ ਵਿੱਚ ਸੇਵਾ ਨਿਭਾਉਣ ਵਾਲੇ ਸੁਰਿੰਦਰ ਸਿੰਘ ਤੇਜ਼ ਦੀ ਇਕਲੌਤੀ ਬੇਟੀ ਗੁਰਨੀਤ ਤੇਜ਼ ਨੇ ਕਦੇ ਸਰਕਾਰੀ ਅਦਾਰਿਆਂ ਵਿੱਚ ਪੜ੍ਹ ਕੇ ਪੰਜਾਬ ਦੀਆਂ ਧੀਆਂ ਦਾ ਨਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਪ੍ਰੀਖਿਆਵਾਂ ਵਿੱਚ ਬਾਜ਼ੀ ਮਾਰ ਕੇ ਰੌਸ਼ਨ ਕੀਤਾ ਸੀ, ਜੋ ਕਿ ਅੱਜ ਬਤੌਰ ਸਿਵਲ ਸਰਵਿਸ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ। ਅੱਜ ਸਾਡੇ ਬੱਚਿਆਂ ਨੂੰ ਅਜਿਹੇ ਹੋਣਹਾਰ ਬੱਚਿਆਂ ਨੂੰ ਆਪਣੇ ਆਦਰਸ਼ ਮਿਥਣਾ ਚਾਹੀਦਾ ਹੈ। ਜੇਕਰ ਅਸੀਂ ਸੱਚੇ ਮਨ ਨਾਲ ਮਿਹਨਤ ਕਰਾਂਗੇ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਮਿਹਨਤ ਦਾ ਮੁੱਲ ਪਰਮਾਤਮਾ ਨਾ ਪਾਵੇ। ਅੱਜ ਮਾਪਿਆਂ ਨੂੰ ਇਨ੍ਹਾਂ ਪ੍ਰਾਪਤੀਆਂ ਤੋਂ ਵੱਡੇ ਸਬਕ ਲੈਣ ਦੀ ਜ਼ਰੂਰਤ ਹੈ ਕਿ ਸਾਡੀਆਂ ਧੀਆਂ, ਸਾਡਾ ਮਾਣ ਹਨ। ਬੇਟੀਆਂ ਨੂੰ ਵੱਧ ਤੋਂ ਵੱਧ ਮਾਣ ਸਨਮਾਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਉਹ ਚੰਗਾ ਸਮਾਜ ਸਿਰਜ ਸਕਣ।
ਅੱਜ ਪੁਲਿਸ ਵਿੱਚ ਲੜਕੀਆਂ ਸਿਪਾਹੀ ਤੋਂ ਲੈ ਕੇ ਵੱਡੇ ਅਹੁਦਿਆਂ ਤਕ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਬਹੁਤ ਸਾਰੇ ਥਾਣੇ ਅਤੇ ਚੌਂਕੀਆਂ ਦੀਆਂ ਇੰਚਾਰਜ ਲੜਕੀਆਂ ਹਨ। ਜੇ ਪੁਲਿਸ ਵਿਭਾਗ ਵਿੱਚ ਅੱਜ ਆਦਰਸ਼ ਭਾਸ਼ਾ ਵਰਤੀ ਜਾਣ ਲੱਗੀ ਹੈ ਤਾਂ ਇਸਦਾ ਸਿਹਰਾ ਵੀ ਲੜਕੀਆਂ ਨੂੰ ਜਾਂਦਾ ਹੈ। ਬਹੁਤ ਚੰਗੀ ਗੱਲ ਹੈ ਕਿ ਅੱਜ ਲੋਕ ਲੜਕੀਆਂ ਦੀ ਲੋਹੜੀ ਮਨਾਉਣ ਲੱਗੇ ਹਨ। ਸਮਾਜ ਨੂੰ ਤਰੱਕੀ ਵਲ ਤੋਰਨ ਲਈ ਲੜਕੇ ਲੜਕੀਆਂ ਨੂੰ ਸਮਾਨਤਾ ਦੇਣਾ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ। ਇਨ੍ਹਾਂ ਸਤਿਕਾਰਯੋਗ ਧੀਆਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਮੁਬਾਰਕਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































