“ਵੱਡੇ ਨੇਤਾਵਾਂ ਨੇ ਛੋਟੇ ਲੀਡਰਾਂ ਲਈ ਇਮਾਨਦਾਰੀ ਦੀਆਂ ਉਦਾਹਰਨਾਂ ...”
(28 ਜੂਨ 2026)
ਪੁਰਾਤਨ ਸਮੇਂ ਵਿੱਚ ਪਿੰਡ ਪੱਧਰ ਦੀ ਰਾਜਨੀਤੀ ਵਿੱਚ ਪੰਚਾਂ ਸਰਪੰਚਾਂ, ਨੰਬਰਦਾਰਾਂ, ਮੋਹਤਵਰ ਬੰਦਿਆਂ ਦਾ ਬਹੁਤ ਰੋਹਬ-ਦਾਬ ਹੁੰਦਾ ਸੀ। ਮਜ਼ਾਲ ਐ ਕਿਸੇ ਦੀ ਕਿ ਉਹ ਪੰਚਾਇਤ ਦੇ ਫੈਸਲੇ ਨੂੰ ਥੱ ਲ ਦੇਵੇ, ਪੰਚਾਂ ਸਰਪੰਚਾਂ ਦਾ ਕਿਹਾ ਹਰ ਵਿਅਕਤੀ ਸਿਰ ਮੱਥੇ ਮੰਨਦਾ। ਸਥਾਨਕ ਪੱਧਰ ਦੀ ਰਾਜਨੀਤੀ ਵਿੱਚੋਂ ਵੱਡੇ ਵੱਡੇ ਨੇਤਾ ਪੈਦਾ ਹੋਏ, ਕਿਉਂਕਿ ਰਾਜਨੀਤੀ ਦੀ ਪਹਿਲੀ ਪੌੜੀ ਹੀ ਸਰਪੰਚੀ ਤੋਂ ਸ਼ੁਰੂ ਹੁੰਦੀ ਸੀ। ਸਰਪੰਚ ਨੂੰ ਪਿੰਡ ਪੱਧਰ ਦਾ ਮੁੱਖ ਮੰਤਰੀ ਸਮਝਿਆ ਜਾਂਦਾ ਹੈ। ਪੰਜਾਬ ਦੇ ਦੋ ਘਾਗ ਸਿਆਸਤਦਾਨ ਮੁੱਖ ਮੰਤਰੀਆਂ ਨੇ ਆਪਣੀ ਰਾਜਨੀਤੀ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਸਰਪੰਚੀ ਦਾ ਅਹੁਦਾ ਬਹੁਤ ਹੀ ਮਾਣ ਵਾਲਾ ਹੁੰਦਾ ਸੀ। ਲੋਕਤੰਤਰ ਦੀ ਮੁਢਲੀ ਇਕਾਈ ਪੰਚਾਇਤ ਨੂੰ ਮੰਨਿਆ ਜਾਂਦਾ। ਪੰਚਾਇਤ ਦਾ ਮੁਖੀ ਸਰਪੰਚ ਹੁੰਦਾ ਸੀ। ਲੋਕਾਂ ਦੇ ਲਈ ਇੱਕੋ ਇੱਕ ਲੋਕਤੰਤਰ ਦੇ ਵਿੱਚ ਸਰਪੰਚ ਦਾ ਅਹੁਦਾ ਸੀ, ਜਿਸਦੀ ਚੋਣ ਲੋਕ ਆਪਣੀ ਵੋਟ ਰਾਹੀਂ ਕਰਦੇ ਸਨ। ਪਿਛਲੇ ਸਮੇਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਸਰਕਾਰ ਨੇ ਇਸ ਅਹੁਦੇ ਦਾ ਸਿਆਸੀਕਰਨ ਕਰਦਿਆਂ, ਸਰਪੰਚ ਦੀ ਚੋਣ ਪੰਚਾਇਤ ਮੈਂਬਰਾਂ ਰਾਹੀਂ ਕਰ ਦਿੱਤੀ ਸੀ। ਚੰਗਾ ਹੋਇਆ ਸਿਆਸੀ ਲੋਕਾਂ ਨੇ ਸਹੀ ਫੈਸਲਾ ਲਿਆ ਕਿ ਪੁਨਰਵਿਚਾਰ ਕਰਕੇ ਸਰਪੰਚੀ ਦੀ ਚੋਣ ਮੁੜ ਪੁਰਾਣੇ ਢੰਗ ਨਾਲ, ਭਾਵ ਸਿੱਧੀ ਵੋਟਰਾਂ ਰਾਹੀਂ ਹੀ ਕਰ ਦਿੱਤੀ ਹੈ।
ਪਰ ਵਰਤਮਾਨ ਸਮੇਂ ਪੰਜਾਬੀ ਦੇ ਅਖਾਣ ਅਨੁਸਾਰ ਹਰ ਗਲੀ, ਹਰ ਮੁਹੱਲੇ ਤੁਹਾਨੂੰ ਭਾਗੋ ਖੜ੍ਹੀ ਮਿਲੇਗੀ। ਘਰ ਘਰ ਵਿੱਚ ਨੇਤਾ ਪੈਦਾ ਹੋ ਗਏ ਹਨ। ਕਦੇ ਸਮਾਂ ਸੀ ਕਿ ਪਿੰਡ ਦਾ ਇੱਕ ਮੁਖੀ ਹੀ ਪੂਰੇ ਪਿੰਡ ਦੀ ਜ਼ਿੰਮੇਵਾਰੀ ਲੈ ਲੈਂਦਾ ਸੀ। ਸਮੇਂ ਨਾਲ ਪਿੰਡ ਦੋ ਧੜਿਆਂ ਵਿੱਚ ਵੰਡੇ ਗਏ। ਰਾਜਨੀਤੀ ਪਿੰਡਾਂ ਵਿੱਚ ਅਜਿਹੀ ਵੜੀ ਕਿ ਦੋ ਧੜਿਆਂ ਵਿੱਚ ਵੰਡੇ ਪਿੰਡ ਕਈ ਕਈ ਧੜਿਆਂ ਵਿੱਚ ਵੰਡੇ ਗਏ। ਜਿੰਨੇ ਧੜੇ, ਉੰਨੇ ਹੀ ਲੀਡਰ ਬਣ ਗਏ। ਦੇਸੀ ਭਾਸ਼ਾ ਵਿੱਚ ਇਨ੍ਹਾਂ ਨੂੰ ਲਾਣੇਦਾਰ ਸ਼ਬਦ ਵਰਤਿਆ ਜਾਂਦਾ ਸੀ। ਕਿਉਂਕਿ ਇੱਕ ਪੂਰੇ ਲਾਣੇ ਦਾ ਲਾਣੇਦਾਰ ਹੁੰਦਾ ਹੈ, ਜਿਵੇਂ ਥਾਣੇ ਦੇ ਮੁਖੀ ਨੂੰ ਥਾਣੇਦਾਰ ਕਹਿੰਦੇ ਹਨ। ਪੂਰਾ ਲਾਣਾ ਇੱਕ ਸੁਰ ਵਿੱਚ ਰਹਿੰਦਾ। ਲਾਣੇਦਾਰ ਨੇ ਜਿਹੜਾ ਵੀ ਫੈਸਲਾ ਲੈ ਲਿਆ, ਸਾਰੇ ਉਸ ’ਤੇ ਫੁੱਲ ਚੜ੍ਹਾਉਂਦੇ ਸਨ। ਲਾਣੇਦਾਰ ਦੇ ਪਿੱਛੇ ਹੀ ਪੂਰੇ ਲਾਣੇ ਦੀਆਂ ਵੋਟਾਂ ਪੈਂਦੀਆਂ ਸਨ ਪਰ ਰਾਜਨੀਤੀ ਖੱਖੜੀਆਂ ਕਰੇਲੇ ਕਰ ਦਿੰਦੀ ਹੈ। ਲਾਣੇ ਦੇ ਮੈਂਬਰਾਂ ਨੇ ਲਾਣੇਦਾਰ ਪਾਸੇ ਕਰ ਦਿੱਤੇ, ਹਰ ਘਰ ਦਾ ਮੁਖੀ ਆਪਣੀ ਚੌਧਰ ਚਲਾਉਣ ਲੱਗਿਆ। ਘਰ ਦਾ ਮੁਖੀ, ਆਪਣੇ ਘਰ ਦੀ ਪੂਰੀ ਜ਼ਿੰਮੇਵਾਰੀ ਲੈਂਦਾ, ਸਾਰੇ ਮੈਂਬਰ ਉਸਦਾ ਕਿਹਾ ਮੰਨਦੇ ਸਨ। ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਘਰ ਦੇ ਮੁਖੀਆਂ ਨਾਲ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ। ਜਿੱਥੇ ਵੀ ਘਰ ਦਾ ਮੁਖੀ ਵਾਅਦਾ ਕਰਦਾ, ਪੂਰੇ ਘਰ ਦੇ ਮੈਂਬਰ ਉਸ ਪਾਰਟੀ ਨੂੰ ਹੀ ਵੋਟਾਂ ਪਾਉਂਦੇ ਸਨ। ਪਰ ਸਮਾਂ ਬਦਲਿਆ, ਘਰਾਂ ਵਿੱਚ ਪਾਟਕ ਪੈਣੇ ਸ਼ੁਰੂ ਹੋ ਗਏ। ਲੋਕਤੰਤਰ ਦੀ ਭਾਵਨਾ ਅਨੁਸਾਰ ਵੋਟ ਪਾਉਣਾ ਹਰ ਇੱਕ ਦਾ ਆਪਣਾ ਅਧਿਕਾਰ ਹੈ। ਹਰ ਵੋਟਰ ਆਪਣੀ ਰਾਜਨੀਤਿਕ ਸੂਝਬੂਝ ਨਾਲ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰੇ। ਪਰ ਇਹ ਗੱਲ ਤਾਂ ਕੋਹਾਂ ਦੂਰ ਹੈ। ਸਾਰੇ ਮੈਂਬਰ, ਇੱਕ ਦੂਜੇ ਦੇ ਵਿਰੋਧ ਵਿੱਚ ਹੀ ਵੋਟਾਂ ਪਾਉਂਦੇ ਹਨ।
ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਪਰ ਸਾਡੇ ਵਿੱਚੋਂ ਲੋਕਤੰਤਰੀ ਭਾਵਨਾ ਖਤਮ ਹੋ ਗਈ ਹੈ, ਜਿਸਦੇ ਨਤੀਜੇ ਸਾਡੇ ਸਾਹਮਣੇ ਹਨ। ਰਾਜਨੀਤਿਕ ਪਾਰਟੀਆਂ ਇਕੱਲੇ ਇਕੱਲੇ ਵੋਟਰ ਨਾਲ ਕਿਵੇਂ ਸੰਪਰਕ ਕਰਨ। ਉਨ੍ਹਾਂ ਨੇ ਔਰਤਾਂ ਨੂੰ ਕੋਲਡ ਡਰਿੰਕ ਦੀਆਂ ਬੋਤਲਾਂ, ਬੰਦਿਆਂ ਨੂੰ ਸ਼ਕਤੀ ਵਾਟਰ ਵੰਡਣ ਦੀਆਂ ਸਕੀਮਾਂ ਤਿਆਰ ਕਰ ਲਈਆਂ। ਪਾਰਟੀਆਂ ਦੇ ਖਰਚੇ ਵਧ ਗਏ, ਨੇਤਾਵਾਂ ਦਾ ਸਤਿਕਾਰ ਘਟ ਗਿਆ। ਰਾਜਨੀਤੀ ਇੱਕ ਧੰਦਾ ਬਣ ਗਈ। ਨੇਤਾ ਲੋਕ ਸੇਵਾ ਬਦਲੇ ਮੇਵਾ ਭਾਲਣ ਲੱਗ ਪਏ। ਗੀਤ ਵੀ ਅਜਿਹੇ ਆ ਗਏ, “ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਓ।” ਪਿੰਡ ਦੇ ਮੁਖੀ ਦੇ ਸਤਿਕਾਰਤ ਅਹੁਦੇ ਦਾ ਕੀ ਸਤਿਕਾਰ ਰਹਿ ਗਿਆ। ਲੋਕ ਨੈਤਿਕ ਕਦਰਾਂ ਕੀਮਤਾਂ ਵਾਲਾ ਜੀਵਨ ਭੁੱਲ ਗਏ।
ਘਰ ਘਰ ਵਿੱਚ ਲੀਡਰ ਪੈਦਾ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਪਿੰਡਾਂ ਦੇ ਵਿੱਚ ਆਮ ਧਾਰਨਾ ਹੁੰਦੀ ਕਿ ਪੰਚਾਇਤ ਵਿੱਚ ਪਰਮੇਸ਼ਰ ਵਸਦਾ ਹੈ। ਜੇਕਰ ਪੰਚਾਇਤ ਦਾ ਕਿਹਾ ਮੋੜਿਆ ਤਾਂ ਪਰਮਾਤਮਾ ਰੁੱਸ ਜਾਵੇਗਾ। ਮੋਹਤਵਰ ਬੰਦਿਆਂ ਦਾ ਪੂਰਾ ਸਤਿਕਾਰ ਹੁੰਦਾ ਸੀ। ਜ਼ਿਆਦਾ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਸਰਬ ਸੰਮਤੀ ਨਾਲ ਹੀ ਹੋ ਜਾਂਦੀ ਸੀ। ਕਦੇ ਸੋਚਿਆ ਨਹੀਂ ਸੀ ਕਿ ਸਰਬ ਸੰਮਤੀ ਕਰਵਾਉਣ ਲਈ ਸਰਕਾਰਾਂ ਨੂੰ ਗਰਾਂਟਾਂ ਦਾ ਲਾਲਚ ਦੇਣਾ ਪਵੇਗਾ। ਪਰ ਅੱਜ ਲਾਲਚ ਦੇ ਬਾਵਜੂਦ ਵੀ ਕਿਸੇ ਭਲੇ ਪਿੰਡ ਵਿੱਚ ਹੀ ਸਰਬ ਸੰਮਤੀ ਹੁੰਦੀ ਹੈ। ਲੋਕ ਕਹਿੰਦੇ ਕਿ ਜੇਕਰ ਸਰਬ ਸੰਮਤੀ ਹੋ ਗਈ, ਵੋਟਾਂ ਵਾਲਾ ਮੌਜ ਮੇਲਾ ਮਹੀਨਾ ਕਿੱਥੇ ਵੇਖਾਂਗੇ। ਚੰਗੇ ਬੰਦੇ ਅਜਿਹਾ ਮਾਹੌਲ ਦੇਖ ਕੇ ਰਾਜਨੀਤੀ ਤੋਂ ਕਿਨਾਰਾ ਕਰਨ ਲੱਗੇ ਹਨ। ਚੰਗਾ ਬੰਦਾ ਸੋਚਦਾ ਹੈ ਕਿ ਚੋਣਾਂ ਖਰਚੀਲੀਆਂ ਹੋ ਗਈਆਂ ਹਨ, ਨੈਤਿਕ ਕਦਰਾਂ ਕੀਮਤਾਂ ਕਿਸੇ ਕੋਲ ਰਹੀਆਂ ਨਹੀਂ, ਅਹੁਦਿਆਂ ਦਾ ਸਤਿਕਾਰ ਨਹੀਂ। ਪਹਿਲਾਂ ਪੈਸਾ ਲਾਉਣ, ਬਾਅਦ ਵਿੱਚ ਕਮਾਉਣ ਦੀ ਸੋਚ ਭਾਰੂ ਹੋ ਗਈ ਹੈ। ਪੰਜਾਬ ਦੇ ਮਰਹੂਮ ਲੋਕ ਗਾਇਕ ਰਾਜ ਬਰਾੜ ਨੇ ਪੇਂਡੂ ਰਾਜਨੀਤੀ ਦੇ ਮਾਹੌਲ ਬਾਰੇ ਗੀਤ ਗਾਇਆ ਸੀ, “ਲੈ ਲੈ ਤੂੰ ਸਰਪੰਚੀ, ਸਰਕਾਰੀ ਪੈਸਾ ਖਾਵਾਂਗੇ।” ਕਦੇ ਸਮਾਂ ਸੀ, ਪਿੰਡਾਂ ਦੇ ਲੋਕ ਅਜਿਹੇ ਸਾਂਝੇ ਪੈਸੇ ਨੂੰ ਖਾਣਾ ਜ਼ਹਿਰ ਬਰਾਬਰ ਮੰਨਦੇ ਸਨ। ਲੋਕ ਸੋਚਦੇ ਹੁੰਦੇ ਸਨ ਕਿ ਸਾਂਝਾ ਪੈਸਾ ਘਰ ਨਹੀਂ ਵਾੜਨਾ, ਪਰ ਅੱਜ ਦੀ ਰਾਜਨੀਤੀ ਨੇ ਲੋਕਾਂ ਦੇ ਵਿੱਚ ਸਿਆਸੀ ਅਹੁਦਿਆਂ ਦੀ ਭੁੱਖ ਜਗਾ ਦਿੱਤੀ ਹੈ। ਰਾਜਨੀਤੀ ਵਿੱਚ ਲੋਕ ਧਨ ਕਮਾਉਣ ਲਈ ਆਉਣ ਲੱਗੇ ਹਨ।
ਕਿਸੇ ਰਾਜਨੀਤਿਕ ਭੁੱਖ ਵਾਲੇ ਨੇਤਾ ਤੋਂ ਧਰਮਰਾਜ ਨੇ ਪੁੱਛਿਆ, “ਨੇਤਾ ਜੀ ਕਿੱਥੇ ਜਾਣਾ ਹੈ? ਨਰਕ ਵਿੱਚ ਜਾਂ ਸਵਰਗ ਵਿੱਚ?”
ਨੇਤਾ ਜੀ ਬੜੇ ਮਾਣ ਨਾਲ ਕਹਿਣ ਲੱਗੇ, “ਧਰਮਰਾਜ ਜੀ, ਮੈਨੂੰ ਕੁਰਸੀ ਚਾਹੀਦੀ ਹੈ। ਦੱਸੋ, ਕਿੱਥੇ ਦੇਵੋਗੇ? ਨਰਕ ਵਿੱਚ ਜਾਂ ਸਵਰਗ ਵਿੱਚ? ਸਾਡੇ ਕੋਲ ਕਲਾ ਹੈ, ਅਸੀਂ ਸਵਰਗ ਨੂੰ ਨਰਕ ਅਤੇ ਨਰਕ ਨੂੰ ਸਵਰਗ ਬਣਾ ਸਕਦੇ ਹਾਂ।”
ਧਰਮਰਾਜ ਜੀ ਵੀ ਹੱਥ ਜੋੜ ਕੇ ਖੜ੍ਹੇ ਹੋ ਗਏ ਤੇ ਬੋਲੇ, “ਨੇਤਾ ਜੀ, ਸਾਡੇ ਉੱਤੇ ਵੀ ਮਿਹਰ ਦੀ ਨਿਗਾਹ ਰੱਖਿਓ।”
ਰਾਜਨੀਤੀ ਦੇ ਸਥਾਨਕ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਅਜਿਹਾ ਹੀ ਮਾਹੌਲ ਸਿਰਜਿਆ ਗਿਆ ਹੈ। ਛੋਟੇ ਤੋਂ ਲੈ ਕੇ ਵੱਡੇ ਲੀਡਰ ਤਕ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਗਏ ਹਨ। ਵੱਡੇ ਨੇਤਾਵਾਂ ਨੇ ਛੋਟੇ ਲੀਡਰਾਂ ਲਈ ਇਮਾਨਦਾਰੀ ਦੀਆਂ ਉਦਾਹਰਨਾਂ ਪੇਸ਼ ਕਰਨੀਆਂ ਹੁੰਦੀਆਂ ਹਨ ਪਰ ਹੁਣ ਤਾਂ ਆਵਾ ਹੀ ਊਤ ਗਿਆ ਹੈ। ਇਮਾਨਦਾਰ ਲੀਡਰ ਉਂਗਲਾਂ ’ਤੇ ਗਿਣੇ ਜਾਣ ਜੋਗੇ ਰਹਿ ਗਏ ਹਨ। ਜੇਕਰ ਕਿਸੇ ’ਤੇ ਰਿਸ਼ਵਤ ਦਾ ਦੋਸ਼ ਲੱਗਦਾ ਹੈ ਤਾਂ ਰਾਜਨੀਤਿਕ ਲੋਕ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦੇ ਦਿੰਦੇ ਹਨ। ਅੱਜ ਸਮਾਜ ਦੇ ਵਿੱਚ ਵੋਟਰ ਘੱਟ, ਨੇਤਾ ਜ਼ਿਆਦਾ ਨਜ਼ਰ ਆ ਰਹੇ ਹਨ। ਘਰ ਦੇ ਜਿੰਨੇ ਮੈਂਬਰ, ਸਾਰੇ ਹੀ ਨੇਤਾ ਬਣ ਗਏ ਹਨ। ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਬੁਲਾਰੇ ਜ਼ਿਆਦਾ ਹਨ, ਦਰਸ਼ਕ ਘੱਟ। ਨੇਤਾਵਾਂ ਦੀ ਭੀੜ ਵਧ ਗਈ ਹੈ। ਇੱਕ ਦੂਜੇ ਵਿੱਚ ਟੱਕਰਾਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































