HarsantSDhindsa 7“ਪੰਜਾਬ ਦੀ ਇਸ ਬਹਾਦਰ ਧੀ ਨੇ ਹੱਸ ਕੇ ਆਪਣੀ ਹਿੱਕ ਵਿੱਚ ਗੋਲੀਆਂ ਖਾਧੀਆਂ ...”23 October 2026
(23 ਅਕਤੂਬਰ 2026) ਇਸ ਸਮੇਂ ਪਾਠਕ: 663 

  

23 October 2026 2

 

23 October 2026 
ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਵਿੱਚ ਫੈਲੀ ਅਰਾਜਕਤਾ ਨੇ ਬਹੁਤ ਸਾਰੇ ਨਸ਼ਿਆਂ ਵਿਰੋਧੀ ਬਹਾਦਰ ਕਾਰਕੁਨਾਂ ਦੀਆਂ ਜਾਨਾਂ ਲਈਆਂ ਹਨ। ਬੰਦੂਕ ਦੀ ਗੋਲੀ ਸਰੀਰ ਨੂੰ ਮਾਰ ਸਕਦੀ ਹੈ ਪਰ ਇਮਾਨਦਾਰ ਜ਼ਮੀਰਾਂ ਵਾਲੇ ਸੰਘਰਸ਼ੀਲ ਯੋਧੇ  ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਊਂਦੇ ਰਹਿੰਦੇ ਹਨ। ਨਸ਼ਾ ਤਸਕਰਾਂ ਦੇ ਨਾਲ ਟੱਕਰ ਲੈਣ ਦਾ ਜਿਗਰਾ ਹਰ ਇੱਕ ਵਿਅਕਤੀ ਨਹੀਂ ਕਰ ਸਕਦਾ। ਹਾਂ, ਸਮਾਜ ਵਿੱਚ ਉਹ ਮਹਾਨ ਵਿਅਕਤੀ ਵੀ ਹੁੰਦੇ ਹਨ ਜਿਹੜੇ ਜ਼ਮੀਰ ਦੇ ਮਰਨ ਨੂੰ ਮੌਤ ਮੰਨਦੇ ਹਨ, ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦੇ। ਅਜਿਹੇ ਨਿਧੜਕ ਲੋਕ ਇਮਾਨਦਾਰੀ ਨਾਲ ਬੇਖੌਫ ਹੋ ਕੇ ਜ਼ਿੰਦਗੀ ਜਿਊਂਦੇ ਹਨ। ਉਹ ਇਤਿਹਾਸ ਵਿੱਚ ਆਪਣੀ ਕੀਰਤੀ ਨਾਲ ਅਜਿਹੀਆਂ ਪੈੜਾਂ ਪਾਉਂਦੇ ਹਨ, ਜਿਹੜੀਆਂ ਸਦਾ  ਲਈ ਅਮਰ ਹੋ ਜਾਂਦੀਆਂ ਹਨ। ਸੱਚ ਹੀ ਕਿਸੇ ਨੇ ਕਿਹਾ ਹੈ, ਸ਼ਾਇਰ ਮਰਦੇ ਨਹੀਂ, ਸ਼ਹੀਦ ਮਿਟਦੇ ਨਹੀਂ।

ਅੱਜ ਦੁਬਾਰਾ ਨੇਹਾ ਸ਼ੋਰੀ ਦਾ ਨਾਂ ਸੁਰਖੀਆਂ ਵਿੱਚ ਆਇਆ ਹੈ। ਪੰਜਾਬ ਦੀ ਇਸ ਬਹਾਦਰ ਸ਼ੇਰਨੀ ਨੇ ਆਪਣੀ ਜ਼ਿੰਦਗੀ ਨੂੰ ਦੇਸ-ਕੌਮ ਦੇ ਲੇਖੇ ਲਾਇਆ ਹੈ। ਨੇਹਾ ਸ਼ੋਰੀ ਦਾ ਜਨਮ 1982 ਵਿੱਚ ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਦੇ ਘਰ ਮਾਤਾ ਅਰਣ ਸ਼ੋਰੀ ਦੀ ਕੁੱਖੋਂ ਹੋਇਆ। ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਭਾਰਤ ਪਾਕਿਸਤਾਨ ਵਿਚਕਾਰ ਹੋਈ 1971 ਦੀ ਜੰਗ ਪੂਰੀ ਬਹਾਦਰੀ ਦੇ ਨਾਲ ਲੜਿਆ, ਪੂਰੀ ਜ਼ਿੰਦਗੀ ਦੇਸ ਦੀ ਸੇਵਾ ਦੇ ਵਿੱਚ ਲਾਈ। ਮਾਤਾ ਅਰਣ ਸ਼ੋਰੀ ਨੇ ਇੱਕ ਅਧਿਆਪਕਾ ਵਜੋਂ ਸਮਾਜ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ, ਆਪਣੀ ਧੀ ਨੂੰ ਚੰਗੇ ਸੰਸਕਾਰ ਦਿੱਤੇ। ਮਾਤਾ ਜੀ ਨੇ ਜਿੱਥੇ ਚੰਗੀ ਜ਼ਿੰਦਗੀ ਜਿਊਣ ਲਈ ਨੇਹਾ ਸ਼ੋਰੀ ਨੂੰ ਸੇਧ ਦਿੱਤੀ, ਉੱਥੇ ਨਾਲ ਹੀ ਪਿਤਾ ਜੀ ਨੇ ਦੇਸ਼ ਦੇ ਦੁਸ਼ਮਣਾਂ ਵਿਰੁੱਧ ਬਹਾਦਰੀ ਨਾਲ ਲੜਨ ਦੇ ਗੁਰ ਦਿੱਤੇ। ਫਿਰ ਇਹ ਕਿਵੇਂ ਹੋ ਸਕਦਾ ਕਿ ਬਹਾਦਰ ਬਾਪ ਦੀ ਧੀ ਨਸ਼ਾ ਤਸਕਰਾਂ ਦੇ ਸਾਹਮਣੇ ਹਾਰ ਮੰਨ ਜਾਂਦੀ। ਧਨ ਦੀਆਂ ਪੰਡਾਂ ਨੂੰ ਨੇਹਾ ਸ਼ੋਰੀ ਨੇ ਠੋਕਰ ਮਾਰੀ, ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ।

ਪੜ੍ਹਾਈ ਵਿੱਚ ਪੂਰੀ ਹੁਸ਼ਿਆਰ, ਚੰਡੀਗੜ੍ਹ ਵਿੱਚ ਸਕੂਲੀ ਵਿੱਦਿਆ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਫਾਰਮਾਂ ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਮਾਸਟਰ ਡਿਗਰੀ ਪਹਿਲੇ ਦਰਜੇ ਵਿੱਚ NIPER ਮੋਹਾਲੀ ਤੋਂ ਕੀਤੀ। ਵੱਡੇ ਸੁਪਨੇ ਲੈਂਦਿਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਦਿੱਤਾ। 2007 ਵਿੱਚ ਬਤੌਰ ਡਰੱਗ ਇੰਸਪੈਕਟਰ ਚੁਣੀ ਗਈ। ਮਨ ਵਿੱਚ ਇਮਾਨਦਾਰੀ ਨਾਲ ਨੌਕਰੀ ਕਰਨ ਦਾ ਵੱਡਾ ਸੁਪਨਾ ਸੀ। ਸਮਾਜ ਵਿੱਚੋਂ ਗੰਦ ਸਾਫ ਕਰਨਾ ਚਾਹੁੰਦੀ ਸੀ। ਪਹਿਲੀ ਪੋਸਟਿੰਗ ਰੂਪਨਗਰ ਵਿੱਚ ਹੋਈ। ਬਤੌਰ ਡਰੱਗ ਇੰਸਪੈਕਟਰ ਮੈਡੀਕਲ ਸਟੋਰਾਂ ਦੀ ਜਾਂਚ ਕਰਦਿਆਂ ਬਹੁਤ ਸਾਰੇ ਸਮਾਜ ਵਿਰੋਧੀਆਂ ਦੀਆਂ ਭਾਜੜਾਂ ਪੁਆਈਆਂ।

ਪਰ ਨਸ਼ਾ ਤਸਕਰਾਂ ਦਾ ਜਾਲ਼ ਬਹੁਤ ਵੱਡਾ ਹੈ। ਇਨ੍ਹਾਂ ਦੀਆਂ ਜੜ੍ਹਾਂ ਪੂਰੇ ਸਮਾਜ ਵਿੱਚ ਫੈਲੀਆਂ ਹੋਈਆਂ ਹਨ। ਤਸਕਰਾਂ ਦੀ ਰਾਜਨੀਤਿਕ ਲੋਕਾਂ ਨਾਲ ਸਾਂਝ ਦੇ ਹੁੰਦਿਆਂ ਕੋਈ ਵੀ ਅਧਿਕਾਰੀ ਤਸਕਰਾਂ ਨਾਲ ਪੰਗਾ ਲੈਣ ਤੋਂ ਪਾਸਾ ਵੱਟਦਾ ਹੈ ਕਿਉਂਕਿ ਹਰ ਅਫਸਰ ਨੋਟ ਇਕੱਠੇ ਕਰਨ ਨੂੰ ਪਹਿਲ ਦਿੰਦਾ ਹੈ। ਨੌਕਰੀ ਪਿਆਰੀ ਹੁੰਦੀ ਹੈ, ਕੋਈ ਨਹੀਂ ਆਪਣਾ ਜੀਵਨ ਦਾਅ ’ਤੇ ਲਾਉਂਦਾ। ਪਰ ਨੇਹਾ ਸ਼ੋਰੀ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹੁੰਦਿਆਂ ਨਸ਼ਾ ਵੇਚਣ ਵਾਲੇ ਸ੍ਰੀ ਬਲਵਿੰਦਰ ਸਿੰਘ ਦਾ ਮੈਡੀਕਲ ਲਾਇਸੰਸ ਕੈਂਸਲ ਕਰ ਦਿੱਤਾ। ਇੱਥੇ ਸੋਚਣ ਵਾਲੀ ਗੱਲ ਹੈ ਕਿ ਬਲਵਿੰਦਰ ਸਿੰਘ ਇਕੱਲਾ ਨਹੀਂ ਸੀ। ਉਸਦੇ ਪਿੱਛੇ ਪੂਰਾ ਗ੍ਰੋਹ ਕੰਮ ਕਰ ਰਿਹਾ ਸੀ। ਨੇਹਾ ਸ਼ੋਰੀ ਨੇ ਆਪਣੇ ਇਮਾਨਦਾਰੀ ਦੇ ਕਾਰਜਾਂ ਨੂੰ ਜਾਰੀ ਰੱਖਿਆ। 2019 ਦੇ ਵਿੱਚ ਨਿੱਜੀ ਨਸ਼ਾ ਛਡਾਊ ਕੇਂਦਰਾਂ ਦੀ ਜਾਂਚ ਕਰਦਿਆਂ ਬਿਪਰੋ ਨੌਰਫਿਨ ਗੋਲੀਆਂ ਦਾ ਵੱਡਾ ਘੁਟਾਲਾ ਸਾਹਮਣੇ ਲਿਆਂਦਾ, ਜਿਸ ਵਿੱਚ ਨਿੱਜੀ ਮਾਲਕ ਸਬੰਧਤ ਦਵਾਈ ਨੂੰ ਬਿਨਾਂ ਰਿਕਾਰਡ ਤੋਂ ਬਲੈਕ ਵਿੱਚ ਵੇਚਦੇ ਸਨ। ਇਹ ਘੁਟਾਲਾ ਤਕਰੀਬਨ 100 ਕਰੋੜ ਤੋਂ ਵੱਧ ਦਾ ਸੀ। ਵੱਡੇ ਪੱਧਰ ਉੱਤੇ ਤਾਰਾਂ ਹਿੱਲ ਗਈਆਂ, ਕਿਉਂਕਿ ਅਜਿਹੇ ਸੈਂਟਰ ਰਾਜਨੀਤਿਕ ਪਹੁੰਚ ਵਾਲੇ ਲੋਕਾਂ ਦੇ ਸਨ।

ਇਸੇ ਸਮੇਂ ਨੇਹਾ ਸ਼ੋਰੀ ਨੂੰ ਖਰੀਦਣ ਦੀਆਂ ਚਾਲਾਂ ਚੱਲੀਆਂ ਜਾਣ ਲੱਗੀਆਂ ਪਰ ਇਮਾਨਦਾਰ ਬਾਪ ਦਾ ਖੂਨ, ਅਤੇ ਇੱਕ ਅਧਿਆਪਕ ਮਾਂ ਦੇ ਸੰਸਕਾਰ, ਪੰਜਾਬ ਦੀ ਬੱਬਰ ਸ਼ੇਰਨੀ ਨੂੰ ਆਪਣੇ ਸਟੈਂਡ ਤੋਂ ਪਿੱਛੇ ਨਾ ਕਰ ਸਕੇ। ਬਹੁਤ ਧਮਕੀਆਂ ਮਿਲੀਆਂ ਪਰ ਇਮਾਨਦਾਰੀ ਅਤੇ ਨਿਧੜਕ ਸੋਚ ਨਾਲ ਕੰਮ ਕਰਨ ਕਰਕੇ ਨੇਹਾ ਸ਼ੋਰੀ ਦੀ ਚਰਚਾ ਪੂਰੇ ਮੀਡੀਏ ਵਿੱਚ ਹੋਣ ਲੱਗੀ।

ਜਦੋਂ ਇਸ ਬੇਈਮਾਨ ਟੋਲੇ ਕੋਲ ਇਮਾਨਦਾਰ ਅਫਸਰ ਨੂੰ ਖਰੀਦਣ ਦੀਆਂ ਚਾਲਾਂ ਫੇਲ ਹੋ ਜਾਣ, ਫਿਰ ਇੱਕ ਹੀ ਨਿਸ਼ਾਨਾ ਹੁੰਦਾ ਹੈ, ਜਿਸਦਾ ਨੇਹਾ ਸ਼ੋਰੀ ਡਟ ਕੇ ਸਾਹਮਣਾ ਕੀਤਾ। ਖਰੜ ਵਿੱਚ ਜਦੋਂ ਪੰਜਾਬ ਦੀ ਸ਼ੇਰਨੀ ਆਪਣੇ ਦਫਤਰ ਵਿੱਚ ਬੈਠੀ ਆਪਣਾ ਕੰਮ ਕਰ ਰਹੀ ਸੀ ਤਾਂ ਬਲਵਿੰਦਰ ਸਿੰਘ ਨੇ ਦਫਤਰ ਵਿੱਚ ਵੜਦਿਆਂ ਹੀ ਆਪਣੇ ਪਿਸਤੌਲ ਵਿੱਚੋਂ ਗੋਲੀਆਂ ਦੀ ਵਿਛਾੜ ਕਰ ਦਿੱਤੀ। ਪੰਜਾਬ ਦੀ ਇਸ ਬਹਾਦਰ ਧੀ ਨੇ ਹੱਸ ਕੇ ਆਪਣੀ ਹਿੱਕ ਵਿੱਚ ਗੋਲੀਆਂ ਖਾਧੀਆਂ। ਨਸ਼ਾ ਤਸਕਰ ਨੂੰ ਦੱਸ ਦਿੱਤਾ ਕਿ ਨੇਹਾ ਸ਼ੋਰੀ ਕਦੇ ਨਸ਼ੇ ਦੇ ਤਸਕਰਾਂ ਅੱਗੇ ਝੁਕਣ ਵਾਲੀ ਨਹੀਂ। ਨੇਹਾ ਸ਼ੋਰੀ ਨੇ ਹੱਸ ਕੇ ਮੌਤ ਪਰਵਾਨ ਕਰ ਲਈ। ਆਪਣੇ ਮਾਂ ਬਾਪ ਦੀ ਇਕਲੌਤੀ ਧੀ ਨੇ ਨਸ਼ਿਆਂ ਦੇ ਖਿਲਾਫ ਲੜਦਿਆਂ ਆਪਣੀ ਸ਼ਹਾਦਤ ਦੇ ਦਿੱਤੀ। ਆਪਣੇ ਪਿੱਛੇ ਦੋ ਸਾਲ ਦੀ ਬੇਟੀ ਨੂੰ ਰੋਂਦੀ ਕਰਲਾਉਂਦੀ ਛੱਡ ਗਈ।

ਰਾਜਨੀਤਿਕ ਲੋਕਾਂ ਨੇ ਮਗਰਮੱਛ ਦੇ ਹੰਝੂ ਵਹਾਏ। ਇਨਸਾਫ ਦੇਣ ਦੀਆਂ ਕਸਮਾਂ ਖਾਧੀਆਂ। ਫੁਕਰੇ ਕੁਝ ਦਿਨ ਫੁਕਰੀਆਂ ਮਾਰ ਕੇ ਤੁਰਦੇ ਬਣੇ।

ਅੱਜ ਨੇਹਾ ਸ਼ੋਰੀ ਦੇ ਪਿਤਾ ਜੀ, ਕੈਪਟਨ ਕੈਲਾਸ਼ ਕੁਮਾਰ ਅਤੇ ਮਾਤਾ ਅਰਣ ਸ਼ੋਰੀ, ਆਪਣੇ ਬੁਢਾਪੇ ਵਿੱਚ ਇਨਸਾਫ ਲਈ ਕੋਰਟਾਂ-ਕਚਹਿਰੀਆਂ ਦੇ ਧੱਕੇ ਖਾ ਰਹੇ ਹਨ। ਪਹਿਲਾਂ ਸਰਹੱਦ ਉੱਤੇ ਜੰਗ ਲੜੀ, ਅੱਜ ਇਨਸਾਫ ਦੀ ਜੰਗ ਲੜਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰਿਵਾਰ। ਅੱਜ ਪੰਜਾਬ ਵਿੱਚ ਨਸ਼ਿਆਂ ਦੀ ਹਨੇਰੀ ਖਿਲਾਫ ਲੜਦਾ ਸ਼ਹੀਦ ਹੋਇਆ ਸਾਡਾ ਵੀਰ ਪਰਵਿੰਦਰ ਸਿੰਘ ਝੋਟਾ, ਕਈਆਂ ਨੂੰ ਪੰਜਾਬ ਦੇ ਨਕਸ਼ੇ ਉੱਤੇ ਲਿਆ ਗਿਆ। ਅੱਜ ਸਾਡੇ ਪੰਜਾਬ ਦੀ ਬਹਾਦਰ ਧੀ ਦੀਆਂ ਫੋਟੋਆਂ ਪੂਰੇ ਸੋਸ਼ਲ ਮੀਡੀਆ ਵਿੱਚ ਘੁੰਮ ਰਹੀਆਂ ਹਨ। ਅੱਜ ਨੇਹਾ ਸ਼ੋਰੀ ਦੀ ਅਮਰ ਕਹਾਣੀ ਤੋਂ ਬੱਚਾ ਬੱਚਾ ਜਾਣੂ ਹੋ ਗਿਆ ਹੈ। ਅੱਜ ਸਾਡੀ ਨੌਜਵਾਨੀ ਨੂੰ ਅਜਿਹੇ ਪਾਕਿ ਪਵਿੱਤਰ ਲੋਕਾਂ ਤੋਂ ਸੇਧ ਲੈਣ ਦੀ ਲੋੜ ਹੈ।

ਸੁਰਜੀਤ ਪਾਤਰ ਲਿਖਦੇ ਹਨ:

ਕੀ ਇਹ ਇਨਸਾਫ ਹਉਮੈਂ ਦੇ ਪੁੱਤ ਕਰਨਗੇ,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ,
ਜੋ ਸਲੀਬਾਂ ’ਤੇ ਟੰਗੇ ਨੇ ਲੱਥਣੇ ਨਹੀਂ,
ਰਾਜ ਬਦਲਣਗੇ, ਸੂਰਜ ਚੜ੍ਹਨ ਲਹਿਣਗੇ
।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author