SukhwantSDhiman7“ਜਿਸ ਦਿਨ ਮਨੁੱਖ ਆਪਣੇ ਅੰਦਰਲੇ ਅਤੇ ਬਾਹਰਲੇ ਪਾੜੇ ਨੂੰ ਮਿਟਾ ਕੇ ਇੱਕੋ ਜਿਹਾ ...”
(25 ਅਕਤੂਬਰ 2026)


ਐਡਮਿੰਟਨ ਵਿੱਚ ਅੱਜ ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਬੀਤੀ ਰਾਤ ਤਾਪਮਾਨ -7/8 ਡਿਗਰੀ ਤਕ ਚਲਾ ਗਿਆ ਸੀ, ਜਿਸ ਕਾਰ ਇਸ ਛੱਪੜ ਦਾ ਪਾਣੀ ਜੰਮ ਗਿਆ ਹੈ। ਇਹ ਕਾਲੀਆਂ ਬੱਤਖਾਂ ਜਿਨ੍ਹਾਂ ਨੂੰ ਅੰਗਰਜ਼ੀ ਵਿੱਚ ਕਨੇਡੀਅਨ ਗੀਸ ਕਿਹਾ ਜਾਂਦਾ ਹੈ, ਕੱਲ੍ਹ ਵਾਂਗ ਇਸ ਪਾਣੀ ਤਾਰੀਆਂ ਲਾਉਣ ਆਈਆਂ ਸਨ ਪਰ ਰਾਤ ਸਮੇਂ ਤਾਪਮਾਨ ਹੇਠਾਂ ਜਾਣ ਕਾਰਨ ਪਾਣੀ ਜੰਮ ਗਿਆ ਹੈ। ਹੁਣ ਇਹ ਤੁਰ ਫਿਰ ਕੇ ਉਡਾਰੀ ਮਾਰ ਜਾਣਗੀਆਂ। ਅਗਲੇ ਆਉਣ ਵਾਲੇ ਠੰਢੇ ਦਿਨਾਂ ਵਿੱਚ ਇਨ੍ਹਾਂ ਵਿੱਚੋਂ ਬਹੁਤੀਆਂ ਅਮਰੀਕਾ ਦੇ ਪ੍ਰਾਂਤਾਂ ਔਰੇਗਨ, ਆਈਡਾਹੋ, ਮੌਨਟੈਨਾ, ਨਵਾਡਾ, ਯੂਟਾਹ ਅਤੇ ਕੈਲੇਫੋਰਨੀਆ ਨੂੰ ਲੰਬੀ ਉਡਾਰੀ ਮਾਰ ਜਾਣਗੀਆਂ ਅਤੇ ਸਰਦੀਆਂ ਦਾ ਮੌਸਮ ਲੰਘਣ ਬਾਅਦ ਮਾਰਚ ਅਪਰੈਲ ਵਿੱਚ ਫਿਰ ਵਾਪਸ ਮੁੜ ਆਉਣਗੀਆਂ।

25 October 2026


ਕਿਸੇ ਸ਼ਾਇਰ ਦੀ ਲਿਖੀਆਂ ਇਹ ਦੋ ਸਤਰਾਂ ਅਕਸਰ ਸਦੀਆਂ ਦੇ ਸੱਚ ਨੂੰ ਆਪਣੇ ਕਲਾਵੇ ਵਿੱਚ ਸਮੇਟ ਲੈਂਦੀਆਂ ਹਨ:

“ਜੇਕਰ ਦਿਲ ਨੂੰ ਪੜ੍ਹਿਆ ਜਾਂਦਾ,
ਤਾਂ ਹਰ ਇੱਕ ਬੰਦਾ ਫੜਿਆ ਜਾਂਦਾ।”

ਇਹ ਸਿਰਫ ਇੱਕ ਖੂਬਸੂਰਤ ਸ਼ੇਅਰ ਜਾਂ ਕਵਿਤਾ ਦਾ ਸੁਮੇਲ ਨਹੀਂ, ਸਗੋਂ ਮਨੁੱਖੀ ਮਾਨਸਿਕਤਾ ਦੀਆਂ ਡੂੰਘੀਆਂ ਪਰਤਾਂ, ਸਾਡੇ ਸਮਾਜਿਕ ਤਾਣੇਬਾਣੇ ਅਤੇ ਸਾਡੇ ਦੋਹਰੇ ਕਿਰਦਾਰ ਉੱਤੇ ਕੀਤਾ ਗਿਆ ਇੱਕ ਬੇਹੱਦ ਤਿੱਖਾ ਤੇ ਸੱਚਾ ਤਾਹਨਾ ਹੈ। ਜੇਕਰ ਕੁਦਰਤ ਇਨਸਾਨ ਨੂੰ ਕਿਸੇ ਅਜਿਹੀ ਅਦਿੱਖ ਖੁਰਦਬੀਨ ਜਾਂ ਨਜ਼ਰ ਨਾਲ ਨਿਵਾਜ ਦਿੰਦੀ, ਜਿਸ ਰਾਹੀਂ ਹਰ ਕੋਈ ਸਾਹਮਣੇ ਵਾਲੇ ਦੇ ਸੀਨੇ ਅੰਦਰ ਚੱਲ ਰਹੀਆਂ ਸੋਚਾਂ, ਸਾਜ਼ਿਸ਼ਾਂ ਅਤੇ ਸੁਪਨਿਆਂ ਨੂੰ ਪੜ੍ਹ ਸਕਦਾ ਤਾਂ ਦੁਨੀਆ ਦਾ ਨਕਸ਼ਾ ਅਤੇ ਰਿਸ਼ਤਿਆਂ ਦੀ ਬਣਤਰ ਕੁਝ ਹੋਰ ਹੀ ਹੋਣੀ ਸੀ। ਅਜੋਕੇ ਦੌਰ ਵਿੱਚ ਮਨੁੱਖ ਨੇ ਬਾਹਰੀ ਤੌਰ ’ਤੇ ਤਾਂ ਬਹੁਤ ਤਰੱਕੀ ਕਰ ਲਈ ਹੈ; ਸੱਭਿਅਕ ਹੋਣ ਦੇ ਦਾਅਵੇ ਹਨ, ਸ਼ਿਸ਼ਟਾਚਾਰ ਦੇ ਉੱਚੇ ਮਾਪਦੰਡ ਹਨ ਅਤੇ ਚਿਹਰੇ ਉੱਤੇ ਹਰ ਵੇਲੇ ਇੱਕ ਬਨਾਵਟੀ ਮੁਸਕਰਾਹਟ ਸਜਾਈ ਰੱਖਣ ਦੀ ਕਲਾ ਵਿੱਚ ਹਰ ਕੋਈ ਮਾਹਰ ਹੋ ਚੁੱਕਾ ਹੈ ਪਰ ਇਸ ਚਮਕਦੀ ਬਾਹਰੀ ਦਿੱਖ ਦੇ ਪਿੱਛੇ ਅੰਦਰੂਨੀ ਹਨੇਰਾ ਕਿੰਨਾ ਸੰਘਣਾ ਹੈ, ਇਸਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।

ਅਸੀਂ ਰੁਜ਼ਾਨਾ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਗਲਵੱਕੜੀ ਪਾ ਕੇ ਮਿਲਦੇ ਹਨ, ਪਰ ਉਨ੍ਹਾਂ ਦੇ ਮਨ ਦੀ ਨੁੱਕਰੇ ਸਾੜੇ, ਈਰਖਾ ਜਾਂ ਮੁਕਾਬਲੇਬਾਜ਼ੀ ਦੀ ਅੱਗ ਬਲ ਰਹੀ ਹੁੰਦੀ ਹੈ। ਮਿੱਠੇ ਬੋਲਾਂ ਦੀ ਚਾਸ਼ਨੀ ਵਿੱਚ ਲਪੇਟ ਕੇ ਬੋਲੇ ਗਏ ਸ਼ਬਦਾਂ ਦੇ ਪਿੱਛੇ ਅਕਸਰ ਮਤਲਬਪ੍ਰਸਤੀ ਦੀ ਤਲਵਾਰ ਲਟਕ ਰਹੀ ਹੁੰਦੀ ਹੈ। ਜੇ ਕਿਤੇ ਦਿਲ ਦੇ ਇਹ ਗੁੱਝੇ ਵਰਕੇ ਖੁੱਲ੍ਹੀ ਕਿਤਾਬ ਬਣ ਜਾਂਦੇ ਤਾਂ ਸ਼ਾਇਦ ਅੱਜ ਦੇ ਅਖੌਤੀ ਦੋਸਤਾਨੇ, ਸਵਾਰਥੀ ਰਿਸ਼ਤੇਦਾਰੀਆਂ ਅਤੇ ਬਨਾਵਟੀ ਸਾਂਝਾਂ ਇੱਕ ਪਲ ਵੀ ਨਾ ਟਿਕ ਪਾਉਂਦੀਆਂ। ਜੇ ਸਮਾਜਿਕ ਅਤੇ ਸਿਆਸੀ ਪੱਧਰ ’ਤੇ ਦੇਖਿਆ ਜਾਵੇ ਤਾਂ ਹਾਲਾਤ ਹੋਰ ਵੀ ਭਿਆਨਕ ਹੁੰਦੇ। ਸਟੇਜਾਂ ’ਤੇ ਖੜ੍ਹ ਕੇ ਇਮਾਨਦਾਰੀ ਅਤੇ ਸਮਾਜ ਸੇਵਾ ਦੇ ਲੰਮੇ-ਚੌੜੇ ਭਾਸ਼ਣ ਦੇਣ ਵਾਲੇ ਆਗੂ, ਧਰਮ ਦੇ ਨਾਂ ’ਤੇ ਵਪਾਰ ਕਰਨ ਵਾਲੇ ਅਖੌਤੀ ਰਹਿਨੁਮਾ ਅਤੇ ਦੁਨੀਆ ਨੂੰ ਸਚਾਈ ਦਾ ਪਾਠ ਪੜ੍ਹਾਉਣ ਵਾਲੇ ਨਕਲੀਏ ਸਭ ਤੋਂ ਪਹਿਲਾਂ ਨੰਗੇ ਹੁੰਦੇ। ਉਨ੍ਹਾਂ ਦੇ ਸ਼ਬਦਾਂ ਅਤੇ ਦਿਲ ਦੇ ਇਰਾਦਿਆਂ ਵਿਚਕਾਰ ਜੋ ਮੀਲਾਂ ਲੰਮੀ ਖਾਈ ਹੈ, ਉਹ ਸ਼ਰੇਆਮ ਦਿਖਾਈ ਦੇਣ ਲੱਗ ਪੈਂਦੀ। ਕੋਈ ਵੀ ਵਿਅਕਤੀ ਆਪਣੇ ਕਥਿਤ “ਨੇਕੀ” ਦੇ ਚੋਲੇ ਹੇਠ ਆਪਣੇ ਲਾਲਚ, ਹਉਮੈਂ ਜਾਂ ਬੇਈਮਾਨੀ ਨੂੰ ਛੁਪਾ ਨਾ ਸਕਦਾ। ਝੂਠੇ ਮੁਕੱਦਮੇ, ਫਰੇਬੀ ਸੌਦੇ ਅਤੇ ਖੁਦਗਰਜ਼ੀਆਂ ਨਾਲ ਭਰੇ ਸਮਝੌਤੇ ਪੈਦਾ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ, ਕਿਉਂਕਿ ਹਰ ਬੰਦਾ ਆਪਣੇ ਅੰਦਰਲੇ ਚੋਰ ਸਮੇਤ ਰੰਗੇ ਹੱਥੀਂ ਫੜਿਆ ਜਾਂਦਾ।

ਪਰ ਇਸ ਦਾਰਸ਼ਨਿਕ ਵਿਚਾਰ ਦਾ ਇੱਕ ਬੇਹੱਦ ਨਾਜ਼ਕ ਅਤੇ ਖੂਬਸੂਰਤ ਪਹਿਲੂ ਵੀ ਹੈ, ਜਿਸ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਦਿਲਾਂ ਦੇ ਅੰਦਰ ਸਿਰਫ ਮੈਲ, ਈਰਖਾ ਜਾਂ ਗੁਨਾਹ ਹੀ ਦਫਨ ਨਹੀਂ ਹੁੰਦੇ; ਉੱਥੇ ਤਾਂ ਬੇਸ਼ੁਮਾਰ ਅਣਕਹੇ ਦਰਦ, ਕੁਰਬਾਨੀਆਂ, ਸੱਚਾ ਪਿਆਰ ਅਤੇ ਅਥਾਹ ਹਮਦਰਦੀ ਵੀ ਲੁਕੀ ਹੁੰਦੀ ਹੈ। ਬਹੁਤ ਸਾਰੇ ਇਨਸਾਨ ਅਜਿਹੇ ਹਨ ਜੋ ਆਪਣੇ ਪਰਿਵਾਰ, ਬੱਚਿਆਂ ਜਾਂ ਸਮਾਜ ਦੀ ਖਾਤਰ ਆਪਣੀਆਂ ਸਾਰੀਆਂ ਰੀਝਾਂ ਦਾ ਗਲਾ ਘੁੱਟ ਦਿੰਦੇ ਹਨ ਅਤੇ ਸੀਅ ਤਕ ਨਹੀਂ ਕਰਦੇ। ਉਹ ਬਾਹਰੋਂ ਸਖਤ ਜਾਂ ਰੁੱਖੇ ਦਿਸ ਸਕਦੇ ਹਨ, ਪਰ ਉਨ੍ਹਾਂ ਦੇ ਦਿਲ ਅੰਦਰ ਕੁਰਬਾਨੀ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੁੰਦਾ ਹੈ। ਕਈ ਵਾਰ ਕਿਸੇ ਦੇ ਦਿਲ ਵਿੱਚ ਕਿਸੇ ਲਈ ਇੰਨਾ ਨਿਰਸਵਾਰਥ ਪਿਆਰ ਅਤੇ ਆਦਰ ਹੁੰਦਾ ਹੈ ਜਿਸ ਨੂੰ ਉਹ ਝਿਜਕ ਜਾਂ ਹਾਲਾਤ ਕਾਰਨ ਜ਼ੁਬਾਨ ’ਤੇ ਨਹੀਂ ਲਿਆ ਪਾਉਂਦਾ। ਜੇ ਦਿਲ ਪੜ੍ਹੇ ਜਾ ਸਕਦੇ ਤਾਂ ਸ਼ਾਇਦ ਅਜਿਹੇ ਖਾਮੋਸ਼ ਫਰਿਸ਼ਤਿਆਂ ਦੀ ਕਦਰ ਪੈਂਦੀ, ਗਲਤਫਹਿਮੀਆਂ ਦੇ ਪਹਾੜ ਢਹਿ-ਢੇਰੀ ਹੋ ਜਾਂਦੇ ਅਤੇ ਅਣਕਹੇ ਪਿਆਰ ਨੂੰ ਆਪਣਾ ਹੱਕ ਮਿਲ ਜਾਂਦਾ।

ਇੱਥੇ ਕੁਦਰਤ ਦੀ ਦੂਰਅੰਦੇਸ਼ੀ ਅਤੇ ਕਾਰੀਗਰੀ ਦਾ ਕਮਾਲ ਵੀ ਸਾਹਮਣੇ ਆਉਂਦਾ ਹੈ। ਰੱਬ ਨੇ ਮਨੁੱਖ ਦੇ ਦਿਲ ਉੱਤੇ ਹੱਡੀਆਂ ਅਤੇ ਮਾਸ ਦਾ ਇੱਕ ਅਜਿਹਾ ਪਰਦਾ ਪਾਇਆ ਹੈ ਜਿਸਦੇ ਪਾਰ ਕੋਈ ਦੂਜਾ ਨਹੀਂ ਝਾਕ ਸਕਦਾ। ਜ਼ਰਾ ਸੋਚੋ, ਜੇ ਹਰ ਇਨਸਾਨ ਦੀ ਹਰ ਚੰਗੀ-ਮੰਦੀ ਸੋਚ, ਖਿਆਲ ਅਤੇ ਵਹਿਮ ਸ਼ਰੇਆਮ ਨਜ਼ਰ ਆਉਣ ਲੱਗ ਪੈਂਦੇ ਤਾਂ ਸਮਾਜ ਵਿੱਚ ਜਿਊਣਾ ਦੁੱਭਰ ਹੋ ਜਾਂਦਾ। ਘਰ-ਘਰ ਮਹਾਂਭਾਰਤ ਛਿੜ ਜਾਂਦੀ, ਸ਼ੱਕ ਅਤੇ ਨਫਰਤ ਦਾ ਅਜਿਹਾ ਦੌਰ ਸ਼ੁਰੂ ਹੁੰਦਾ ਕਿ ਇਨਸਾਨ ਇਕੱਲਤਾ ਦੀ ਭੱਠੀ ਵਿੱਚ ਝੁਲਸਣ ਲਈ ਮਜਬੂਰ ਹੋ ਜਾਂਦਾ। ਕੁਦਰਤ ਨੇ ਦਿਲ ਨੂੰ ਗੁਪਤ ਰੱਖ ਕੇ ਮਨੁੱਖ ਨੂੰ ਸੰਜਮ, ਸਹਿਣਸ਼ੀਲਤਾ ਅਤੇ ਆਪਸੀ ਸੁਧਾਰ ਦਾ ਮੌਕਾ ਬਖਸ਼ਿਆ ਹੈ। ਅਸਲ ਵਿੱਚ ਉਪਰੋਕਤ ਸ਼ੇਅਰ ਸਿਰਫ ਇੱਕ ਚੋਟ ਨਹੀਂ, ਬਲਕਿ ਹਰ ਸੂਝਵਾਨ ਪਾਠਕ ਲਈ ਇੱਕ ਆਤਮ-ਚਿੰਤਨ ਦਾ ਸੱਦਾ ਹੈ। ਇਹ ਸਾਨੂੰ ਪੁੱਛਦਾ ਹੈ ਕਿ ਜੇ ਦੂਜਿਆਂ ਦੇ ਦਿਲਾਂ ਤਕ ਸਾਡੀ ਪਹੁੰਚ ਨਹੀਂ ਹੈ, ਤਾਂ ਕੀ ਅਸੀਂ ਆਪਣੇ ਦਿਲ ਅੰਦਰ ਝਾਤੀ ਮਾਰਨ ਦੀ ਹਿੰਮਤ ਰੱਖਦੇ ਹਾਂ? ਕੀ ਸਾਡੀ ਜ਼ਬਾਨ ਅਤੇ ਸਾਡਾ ਦਿਲ ਇੱਕ ਸੁਰ ਹਨ? ਕੀ ਸਾਡਾ ਅੰਦਰਲਾ ਕਿਰਦਾਰ ਇੰਨਾ ਪਾਕ-ਸਾਫ ਹੈ ਕਿ ਜੇ ਕਦੇ ਕੁਦਰਤ ਸਾਡੇ ਮਨ ਦੇ ਪਰਦੇ ਚੁੱਕ ਵੀ ਦੇਵੇ ਤਾਂ ਸਾਨੂੰ ਨਜ਼ਰਾਂ ਝੁਕਾਉਣੀਆਂ ਨਾ ਪੈਣ? ਅਸਲ ਇਨਸਾਨੀਅਤ ਬਾਹਰੀ ਸ਼ਾਨੋ-ਸ਼ੌਕਤ ਜਾਂ ਬੋਲਾਂ ਦੀ ਚਲਾਕੀ ਵਿੱਚ ਨਹੀਂ, ਸਗੋਂ ਮਨ ਦੀ ਪਵਿੱਤਰਤਾ ਅਤੇ ਨਿਰਮਲਤਾ ਵਿੱਚ ਹੈ। ਜਿਸ ਦਿਨ ਮਨੁੱਖ ਆਪਣੇ ਅੰਦਰਲੇ ਅਤੇ ਬਾਹਰਲੇ ਪਾੜੇ ਨੂੰ ਮਿਟਾ ਕੇ ਇੱਕੋ ਜਿਹਾ ਬਣ ਗਿਆ, ਉਸ ਦਿਨ ਨਾ ਕਿਸੇ ਦੇ ਫੜੇ ਜਾਣ ਦਾ ਡਰ ਰਹੇਗਾ ਅਤੇ ਨਾ ਹੀ ਮਖੌਟਿਆਂ ਦੇ ਸਹਾਰੇ ਜਿਊਣ ਦੀ ਲੋੜ ਪਵੇਗੀ।

**

About the Author

ਇੰਜ. ਸੁਖਵੰਤ ਸਿੰਘ ਧੀਮਾਨ

ਇੰਜ. ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 94175 - 50795)

Email: (ersukhwant@gmail.com)

More articles from this author