“ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ...”
(14 ਨਵੰਬਰ 2019)
ਮਨੁੱਖ ਉਦੋਂ ਤੱਕ ਇੱਕ ਚੰਗਾ ਇਨਸਾਨ ਨਹੀਂ ਬਣ ਸਕਦਾ ਜਦੋਂ ਤੱਕ ਉਸਨੂੰ ਕਿਸੇ ਪਿਆਰ-ਮੁਹੱਬਤ ਦਾ ਅਹਿਸਾਸ ਨਾ ਹੋਵੇ। ਪਿਆਰ-ਮੁਹੱਬਤ ਵਿੱਚ ਭਿੱਜਿਆ ਇਨਸਾਨ ਹਮੇਸ਼ਾ ਚੰਗੇ ਰਿਸ਼ਤੇ ਨਿਭਾ ਸਕਦਾ ਹੈ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਇਸਦੇ ਉਲਟ ਈਰਖਾ ਅਤੇ ਸਾੜੇ ਦਾ ਸ਼ਿਕਾਰ ਇਨਸਾਨ ਹਮੇਸ਼ਾ ਨਕਾਰਾਤਮਿਕ ਅਤੇ ਢਾਹੂ ਪ੍ਰਵਿਰਤੀ ਵਾਲਾ ਹੀ ਹੋਵੇਗਾ। ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚੇਗਾ। ਇਹ ਆਮ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੂਸਰਿਆਂ ਤੋਂ ਪਿਆਰ ਮਿਲਦਾ ਹੈ, ਉਹੀ ਅਗਾਂਹ ਪਿਆਰ ਵੰਡਦੇ ਹਨ। ਪਿਆਰ ਅਤੇ ਨਫਰਤ ਇੱਕ ਦੂਜੇ ਦੇ ਉਲਟ ਸ਼ਬਦ ਹਨ ਪ੍ਰੰਤੂ ਪਰਸਪਰ ਚਲਦੇ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਂ ਦੂਰ ਦੁਰਾਡੇ ਕੰਮ ਕਰਦੇ ਲੋਕ ਆਪਣੇ ਵਤਨ, ਪਿੰਡ/ਸ਼ਹਿਰ ਦੀ ਮਿੱਟੀ ਅਤੇ ਆਪਣੇ ਪਿਆਰਿਆਂ ਨੂੰ ਮਿਲਣ ਦੀ ਤਾਂਘ ਵਿੱਚ ਤੜਫਦੇ ਇਸ ਪਿਆਰ-ਮੁਹੱਬਤ ਦੀ ਵਿਆਖਿਆ ਬਹੁਤ ਵਧੀਆ ਕਰ ਸਕਦੇ ਹਨ।
ਪਹਿਲਾਂ ਮੈਂ ਇਹ ਸਮਝਦਾ ਸੀ ਕਿ ਇਹ ਪ੍ਰਵਿਰਤੀ ਇਨਸਾਨਾਂ ਵਿੱਚ ਹੀ ਪਾਈ ਜਾਂਦੀ ਹੈ। ਇਨਸਾਨ ਹੀ ਇਨਸਾਨ ਨੂੰ ਇੰਨਾ ਪਿਆਰ ਕਰ ਸਕਦਾ ਹੈ। ਪ੍ਰੰਤੂ ਜਾਨਵਰਾਂ ਵਿੱਚ ਵੀ ਇਹ ਭਾਵਨਾ ਪਾਈ ਜਾਂਦੀ ਹੈ, ਇਸ ਬਾਰੇ ਮੈਨੂੰ ਇੰਨਾ ਅਹਿਸਾਸ ਨਹੀਂ ਸੀ। ਜਦੋਂ ਮੈਂਨੂੰ ਇਹ ਅਹਿਸਾਸ ਹੋਇਆ ਕਿ ਜਾਨਵਰਾਂ ਵਿੱਚ ਪਿਆਰ-ਮੁਹੱਬਤ ਨਿਭਾਉਣ ਦੀ ਭਾਵਨਾ ਇਨਸਾਨਾਂ ਨਾਲੋਂ ਵੀ ਜ਼ਿਆਦਾ ਹੈ ਤਾਂ ਮੈਂ ਦੰਗ ਰਹਿ ਗਿਆ।
ਤਕਰੀਬਨ ਤਿੰਨ ਕੁ ਸਾਲ ਪਹਿਲਾਂ ਮੈਂ ਜਦੋਂ ਦਿੜਬਾ ਡਵੀਜਨ (ਜ਼ਿਲ੍ਹਾ ਸੰਗਰੂਰ) ਵਿਖੇ ਬਤੌਰ ਸੀਨੀਅਰ ਐਕਸੀਅਨ ਤਾਇਨਾਤ ਸੀ। ਇੱਕ ਦਿਨ ਤੁਰਦੇ ਫਿਰਦੇ ਮੈਂ ਇੱਕ ਪਿੰਡ ਦੇ ਬਾਹਰਵਾਰ ਇੱਕ ਵਿਅਕਤੀ ਕੋਲ ਕੁਝ ਬੱਤਖਾਂ ਪਾਲੀਆਂ ਹੋਈਆਂ ਦੇਖੀਆਂ। ਤਕਰੀਬਨ 25-30 ਬੱਤਖਾਂ ਸਨ ਉਸ ਵਿਅਕਤੀ ਕੋਲ, ਜੋ ਕਿ ਕਈ ਨਸਲਾਂ ਦੀਆਂ ਸਨ। ਮੈਂ ਸੁਣਿਆ ਹੋਇਆ ਸੀ ਕਿ ਬੱਤਖ ਘਰ ਦੀ ਬਹੁਤ ਰਾਖੀ ਰੱਖਦੀ ਹੈ। ਮੇਰਾ ਵੀ ਮਨ ਕੀਤਾ ਕਿ ਇੱਕ ਬੱਤਖਾਂ ਦਾ ਜੋੜਾ ਮੈਂ ਉਸ ਵਿਅਕਤੀ ਕੋਲੋਂ ਲੈ ਜਾਵਾਂ। ਮੈਂ ਇਸ ਬਾਬਤ ਉਸ ਵਿਅਕਤੀ ਨੂੰ ਬੇਨਤੀ ਕੀਤੀ ਤਾਂ ਉਸ ਭਲੇ ਮਾਨਸ ਨੇ ਮੈਂਨੂੰ ਬੱਤਖਾਂ ਦੇ ਦੋ ਬੱਚੇ ਦੇ ਦਿੱਤੇ। ਸ਼ਾਮ ਨੂੰ ਮੈਂ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਆਪਣੀ ਕਾਰ ਵਿੱਚ ਆਪਣੇ ਘਰ ਲੈ ਆਇਆ। ਘਰ ਆ ਕੇ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਮੈਂ ਆਪਣੇ ਘਰ ਵਿੱਚ ਛੱਡ ਦਿੱਤਾ। ਮੇਰੇ ਬੱਚਿਆਂ ਨੇ ਇਹਨਾਂ ਦਾ ਭਰਵਾਂ ਸਵਾਗਤ ਕੀਤਾ। ਮੇਰਾ ਘਰ ਪਿੰਡ ਵਿੱਚ ਹੋਣ ਕਾਰਨ ਕਾਫੀ ਖੁੱਲ੍ਹਾ ਡੁੱਲਾ ਹੈ ਅਤੇ ਬੱਤਖਾਂ ਦੇ ਰਹਿਣ ਲਈ ਪੂਰਾ ਢੁੱਕਵਾਂ ਸੀ।
ਗਰਮੀਆਂ ਦੇ ਦਿਨ ਸਨ। ਮੈਂ ਬੱਤਖਾਂ ਦੇ ਬੱਚਿਆਂ ਦੇ ਇਸ ਜੋੜੇ ਦੇ ਖਾਣ ਪੀਣ ਲਈ ਪੂਰਾ ਪ੍ਰਬੰਧ ਕਰ ਦਿੱਤਾ। ਮੇਰੇ ਘਰ ਘਾਹ ਲੱਗਾ ਹੋਇਆ ਸੀ। ਘਾਹ ਦੀਆਂ ਜੜ੍ਹਾਂ ਨੂੰ ਬੱਤਖਾਂ ਬਹੁਤ ਪਸੰਦ ਕਰਦੀਆਂ ਹਨ। ਰਾਤ ਹੋ ਗਈ, ਮੇਰੇ ਬੱਚੇ ਇਨ੍ਹਾਂ ਨਾਲ ਖੇਡਦੇ ਖੇਡਦੇ ਹੋਏ ਸੌਂ ਗਏ। ਪ੍ਰੰਤੂ ਬੱਤਖਾਂ ਦੇ ਬੱਚੇ ਓਪਰਾ ਕਰ ਰਹੇ ਸਨ, ਜਿਸ ਕਾਰਨ ਉਹ ਕੁਝ ਵੀ ਖਾ ਪੀ ਨਹੀਂ ਰਹੇ ਸਨ। ਰਾਤ ਜ਼ਿਆਦਾ ਹੋ ਗਈ ਸੀ, ਮੈਂ ਵੀ ਚੁਬਾਰੇ ਵਿੱਚ ਸੌਣ ਲਈ ਚਲਿਆ ਗਿਆ।
ਅੱਧੇ ਕੁ ਘੰਟੇ ਬਾਅਦ ਮੈਂਨੂੰ ਖਿਆਲ ਆਇਆ ਕਿ ਦੇਖਿਆ ਜਾਵੇ, ਬੱਤਖਾਂ ਦੇ ਬੱਚਿਆਂ ਨੇ ਕੋਈ ਹਲਚਲ ਕੀਤੀ ਜਾਂ ਨਹੀਂ। ਵਿਹੜੇ ਵਿੱਚ ਲਾਈਟ ਦਾ ਵਧੀਆ ਪ੍ਰਬੰਧ ਸੀ, ਜਿਸ ਕਰਕੇ ਮੈਂ ਬੱਤਖਾਂ ਨੂੰ ਦੇਖ ਸਕਦਾ ਸੀ। ਜਦੋਂ ਮੈਂ ਬੱਤਖਾਂ ਦੇ ਬੱਚਿਆਂ ਵੱਲ ਦੇਖਿਆ ਤਾਂ ਉਹ ਦੋਵੇਂ ਅਸਮਾਨ ਵੱਲ ਮੂੰਹ ਕਰਕੇ ਕੁਝ ਅਵਾਜਾਂ ਕੱਢ ਰਹੇ ਸਨ। ਮੈਂ ਉਨ੍ਹਾਂ ਨੂੰ ਦੇਖਕੇ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਅਤੇ ਸੋਚਣ ਲੱਗਾ। ਜਦੋਂ ਮੈਂਨੂੰ ਨੀਂਦ ਨਾ ਆਈ ਤਾਂ ਮੈਂ ਫਿਰ ਬਾਹਰ ਵਿਹੜੇ ਵਿੱਚ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਦੇਖਣ ਲੱਗਾ। ਮੈਂ ਕੀ ਦੇਖਦਾ ਹਾਂ ਕਿ ਬੱਤਖਾਂ ਦੇ ਬੱਚੇ ਉਸੇ ਤਰ੍ਹਾਂ ਅਸਮਾਨ ਵੱਲ ਮੂੰਹ ਕਰਕੇ ਅਵਾਜਾਂ ਕੱਢ ਰਹੇ ਸਨ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਰੱਬ ਨੂੰ ਬੇਨਤੀ ਕਰ ਰਹੇ ਹੋਣ ਕਿ ਰੱਬਾ ਸਾਨੂੰ ਸਾਡੇ ਝੁੰਡ ਨਾਲ ਮਿਲਾ ਦੇ।
ਮੈਂ ਬਨੇਰੇ ਉੱਤੇ ਖੜ੍ਹਾ ਕਿੰਨਾ ਹੀ ਸਮਾਂ ਉਹਨਾਂ ਵੱਲ ਦੇਖਦਾ ਰਿਹਾ। ਫਿਰ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ। ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਮੈਂ ਆਪਣੇ ਸੁੱਤੇ ਪਏ ਬੇਟੇ ਨੂੰ ਧਿਆਨ ਨਾਲ ਦੇਖਣ ਲੱਗਾ। ਅਗਲੇ ਹੀ ਪਲ ਮੈਂਨੂੰ ਇਹ ਅਹਿਸਾਸ ਹੋਇਆ ਕਿ ਇਹ ਬੱਤਖਾਂ ਦੇ ਬੱਚੇ ਵੀ ਕਿਸੇ ਦੇ ਬੱਚੇ ਹਨ, ਜਿਨ੍ਹਾਂ ਨੂੰ ਮੈਂ ਉਹਨਾਂ ਦੇ ਮਾਪਿਆਂ ਕੋਲੋਂ ਵਿਛੋੜ ਦਿੱਤਾ ਹੈ। ਮੇਰਾ ਮਨ ਭਰ ਆਇਆ ਅਤੇ ਇੱਕ ਪਲ ਲਈ ਇਹ ਮਹਿਸੂਸ ਹੋਇਆ ਕਿ ਜਿਵੇਂ ਕੋਈ ਮੇਰੇ ਬੱਚੇ ਨੂੰ ਮੇਰੇ ਕੋਲੋਂ ਖੋਹ ਕੇ ਲਿਜਾ ਰਿਹਾ ਹੋਵੇ। ਮੈਂ ਘੁੱਟ ਕੇ ਆਪਣੇ ਬੇਟੇ ਨੂੰ ਛਾਤੀ ਨਾਲ ਲਾ ਲਿਆ ਅਤੇ ਦੁਬਾਰਾ ਫਿਰ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਲੱਗਿਆ, ਜਿਵੇਂ ਮੇਰੀ ਨੀਂਦ ਕਿਧਰੇ ਖੰਭ ਲਾ ਕੇ ਉੱਡ ਗਈ ਹੋਵੇ। ਮੈਂ ਮਨ ਹੀ ਮਨ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪਿਆ ਅਤੇ ਆਪਣੇ ਆਪ ਨੂੰ ਕੋਸਣ ਲੱਗ ਪਿਆ ਕਿ ਮੈਂਨੂੰ ਕੀ ਹੱਕ ਹੈ ਕਿਸੇ ਬੱਚੇ ਨੂੰ ਉਸਦੇ ਮਾਂ ਬਾਪ ਤੋਂ ਵੱਖ ਕਰਨ ਦਾ? ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ਇਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਦੇਖਦਾ ਰਿਹਾ ਅਤੇ ਉਡੀਕਦਾ ਰਿਹਾ ਕਿ ਕਦੋਂ ਸਵੇਰਾ ਹੋਵੇ ਤੇ ਮੈਂ ਇਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਇੰਨਾ ਦੇ ਝੁੰਡ ਵਿੱਚ ਇਹਨਾਂ ਦੇ ਮਾਪਿਆਂ ਕੋਲ ਵਾਪਸ ਛੱਡ ਕੇ ਆਵਾਂ। ਸਾਰੀ ਰਾਤ ਇਸੇ ਹੀ ਪਛਤਾਵੇ ਵਿੱਚ ਲੰਘ ਗਈ।
ਸਵੇਰ ਹੋਈ ਤਾਂ ਮੈਂ ਸਾਰੀ ਕਹਾਣੀ ਘਰਦਿਆਂ ਨਾਲ ਸਾਂਝੀ ਕੀਤੀ। ਮੇਰੀ ਮਾਤਾ ਨੇ ਮੈਂਨੂੰ ਕਿਹਾ, “ਸੁਖਵੰਤ, ਇਹਨਾਂ ਭੋਲੇ ਪੰਛੀਆਂ ਨੂੰ ਵਾਪਸ ਇਹਨਾਂ ਦੇ ਝੁੰਡ ਵਿੱਚ ਛੱਡ ਆ।”
ਅੰਦਰੋਂ ਮੈਂ ਵੀ ਇਹੀ ਚਾਹੁੰਦਾ ਸੀ ਕਿ ਬੱਤਖਾਂ ਦੇ ਬੱਚਿਆਂ ਨੂੰ ਵਾਪਸ ਇਹਨਾਂ ਦੇ ਝੁੰਡ ਵਿੱਚ ਛੱਡ ਆਵਾਂ। ਸੋ ਮਨ ਬਣਾ ਕੇ ਮੈਂ ਬੱਤਖਾਂ ਦੇ ਦੋਵਾਂ ਬੱਚਿਆਂ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਪਿੰਡ ਵੱਲ ਨੂੰ ਚੱਲ ਪਿਆ, ਜਿੱਥੋਂ ਇਨ੍ਹਾਂ ਨੂੰ ਲੈ ਕੇ ਆਇਆ ਸੀ। ਮੇਰਾ ਮਨ ਕਾਹਲਾ ਪੈ ਰਿਹਾ ਸੀ ਕਿ ਜਲਦੀ ਹੀ ਇਹਨਾਂ ਭੋਲੇ ਅਤੇ ਬੇਜੁਬਾਨ ਜਾਨਵਰਾਂ ਨੂੰ ਇੰਨਾ ਦੇ ਘਰ, ਇਹਨਾਂ ਦੇ ਝੁੰਡ ਵਿੱਚ ਛੱਡ ਆਵਾਂ।
ਜਦੋਂ ਉਸ ਪਿੰਡ ਪਹੁੰਚਕੇ ਮੈਂ ਆਪਣੀ ਕਾਰ ਦੀ ਤਾਕੀ ਖੋਲ੍ਹੀ ਤਾਂ ਝੱਟ ਦੇਣੇ ਬੱਤਖਾਂ ਦੇ ਦੋਵੇਂ ਬੱਚੇ ਕਾਰ ਵਿੱਚੋਂ ਬਾਹਰ ਨਿੱਕਲ ਕੇ ਆਪਣੇ ਟਿਕਾਣੇ ਵੱਲ ਨੂੰ ਭੱਜ ਤੁਰੇ। ਜਦੋਂ ਇਹ ਬੱਤਖਾਂ ਦੇ ਬੱਚੇ ਆਪਣੇ ਟਿਕਾਣੇ ਵੱਲ ਨੂੰ ਭੱਜ ਰਹੇ ਸਨ ਤਾਂ ਇਹ ਆਪਣੇ ਮੂੰਹ ਵਿੱਚੋਂ ਬਿਨਾ ਰੁਕੇ ਅਵਾਜਾਂ ਕੱਢ ਰਹੇ ਸਨ। ਅਗਲੇ ਹੀ ਪਲ ਝੁੰਡ ਵਿੱਚ ਰੌਲਾ ਪੈ ਗਿਆ। ਝੁੰਡ ਵਿਚਲੀਆਂ ਬੱਤਖਾਂ ਆਪਣੇ ਇਹਨਾਂ ਬੱਚਿਆਂ ਵੱਲ ਨੂੰ ਵਧਣ ਲੱਗੀਆਂ ਤੇ ਨਾਲੋ ਨਾਲ ਬਹੁਤ ਸ਼ੋਰ ਕਰਨ ਲੱਗ ਪਈਆਂ ਸਨ। ਦੋਵਾਂ ਪਾਸਿਆਂ ਤੋਂ ਅਵਾਜਾਂ ਤੇਜ਼ ਹੋ ਰਹੀਆਂ ਸਨ। ਬੱਤਖਾਂ ਆਪਣੇ ਖੰਭ ਖੋਲ੍ਹ ਰਹੀਆਂ ਸਨ ਅਤੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਆਪਣੀਆਂ ਬਾਹਾਂ ਖੋਲ੍ਹ ਕੇ ਕਹਿ ਰਹੀਆਂ ਹੋਣ ਕਿ ਤੁਸੀਂ ਜਲਦੀ ਆਓ, ਗਲੇ ਮਿਲੋ, ਕਿੱਥੇ ਚਲੀਆਂ ਗਈਆਂ ਸੀ ਤੁਸੀਂ?
ਜਦੋਂ ਬੱਤਖਾਂ ਦੇ ਦੋਵੇਂ ਬੱਚੇ ਝੁੰਡ ਵਿੱਚ ਰਲ ਗਏ ਤਾਂ ਉਹਨਾਂ ਨੇ ਪਿਆਰ, ਮੁਹੱਬਤ ਦਾ ਜੋ ਅਹਿਸਾਸ ਕਰਵਾਇਆ, ਉਸ ਨੂੰ ਦੇਖ ਕੇ ਮੇਰਾ ਗੱਚ ਭਰ ਆਇਆ। ਇਸ ਘਟਨਾ ਨੇ ਮੈਂਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਮੈਂ ਹੈਰਾਨ ਸੀ ਕਿ ਇੱਕ ਛੋਟਾ ਜਿਹਾ ਪਰਿੰਦਾ ਇੰਨਾ ਮੁਹੱਬਤ ਅਤੇ ਪਿਆਰ ਨੂੰ ਸਮਝਦਾ ਹੈ ਕਿ ਆਪਣੇ ਪਿਆਰਿਆਂ ਤੋਂ ਵਿੱਛੜ ਕੇ ਨਹੀਂ ਰਹਿ ਸਕਦਾ। ਮੇਰੇ ਸਾਹਮਣੇ ਇੱਕ ਪ੍ਰਸ਼ਨ ਖੜ੍ਹਾ ਹੋ ਗਿਆ ਕਿ ਇਨਸਾਨ ਇੱਦਾਂ ਨਹੀਂ ਸੋਚ ਸਕਦਾ? ਅਜੋਕਾ ਮਨੁੱਖ ਪਿਆਰ ਮੁਹੱਬਤ ਕਿਉਂ ਭੁਲਾਉਂਦਾ ਜਾ ਰਿਹਾ ਹੈ। ਕੀ ਅਸੀਂ ਇਹਨਾਂ ਪਰਿੰਦਿਆਂ ਵਾਂਗ ਰਲ ਮਿਲ ਕੇ ਨਹੀਂ ਰਹਿ ਸਕਦੇ? ਕੀ ਸਾਡੀ ਇਨਸਾਨੀਅਤ ਬਿਲਕੁਲ ਮਰ ਗਈ ਹੈ? ਅੱਜ ਕੱਲ੍ਹ ਅਸੀਂ ਛੋਟੇ ਛੋਟੇ ਰੋਸਿਆਂ ਕਰਕੇ ਇੱਕ ਦੂਜੇ ਤੋਂ ਦੂਰ ਹੁੰਦੇ ਜਾਂ ਰਹੇ ਹਾਂ।
ਇਸ ਘਟਨਾ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਕਿ ਮੇਰੀ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ ਕੁਝ ਕਾਰਨਾਂ ਕਰਕੇ ਅਣਬਣ ਹੋ ਗਈ ਸੀ, ਪ੍ਰੰਤੂ ਮੈਂ ਤੁਰੰਤ ਉਸ ਰਿਸ਼ਤੇਦਾਰ ਨੂੰ ਬਿਨਾਂ ਰੁਕੇ ਫੋਨ ਕੀਤਾ ਅਤੇ ਸਭ ਕੁਝ ਭੁਲਾ ਕੇ ਮਿਲਣ ਲਈ ਕਿਹਾ। ਉਸਨੇ ਵੀ ਇਸੇ ਤਰ੍ਹਾਂ ਹੀ ਕੀਤਾ। ਸਾਰੇ ਰੋਸੇ ਅਤੇ ਗਿਲੇ-ਸ਼ਿਕਵੇ ਭੁਲਾ ਕੇ ਅਸੀਂ ਨਵੇਂ ਸਿਰੇ ਤੋਂ ਸ਼ੂਰੁਆਤ ਕਰ ਦਿੱਤੀ। ਬੱਤਖਾਂ ਦਾ ਇਹ ਝੁੰਡ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਜੇਕਰ ਇਹ ਪਰਿੰਦੇ ਇੱਕ ਝੁੰਡ ਵਿੱਚ ਇੰਨੇ ਪਿਆਰ ਮੁਹੱਬਤ ਨਾਲ ਰਹਿ ਸਕਦੇ ਹਨ ਤਾਂ ਕੀ ਅਸੀਂ ਇੱਕ ਮੁਹੱਲੇ ਵਿੱਚ, ਇੱਕ ਪਿੰਡ ਜਾਂ ਸ਼ਹਿਰ ਵਿੱਚ, ਇੱਕ ਸੂਬੇ ਵਿੱਚ, ਇੱਕ ਦੇਸ ਵਿੱਚ ਜਾਂ ਫਿਰ ਇਸ ਪੂਰੀ ਧਰਤੀ ਉੱਤੇ ਇੰਨੇ ਪਿਆਰ ਨਾਲ ਨਹੀਂ ਰਹਿ ਸਕਦੇ? ਇਹ ਪ੍ਰਸ਼ਨ ਹੈ ਸਮੁੱਚੀ ਇਨਸਾਨੀਅਤ ਸਾਹਮਣੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1809)
(ਸਰੋਕਾਰ ਨਾਲ ਸੰਪਰਕ ਲਈ: