“ਆਖਰ ਨੂੰ ਮੈਂ ਪੁਲਿਸ ਸਟੇਸ਼ਨ ਫੋਨ ਕਰਨ ਲਈ ਮਨ ਬਣਾਇਆ। ਪੁਲਿਸ ਸਟੇਸ਼ਨ ...”
(4 ਮਾਰਚ 2025)
ਮੌਜੂਦਾ ਦੌਰ ਵਿੱਚ ਜ਼ਿਆਦਾਤਰ ਬੱਚੇ ਮਾਪਿਆਂ ਦਾ ਸਤਕਾਰ ਨਹੀਂ ਕਰ ਰਹੇ। ਬੱਚਿਆਂ ਦਾ ਸੁਭਾਅ ਪਤਾ ਨਹੀਂ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਕਿ ਉਹ ਆਪਣੀਆਂ ਲੋੜਾਂ ਵਿੱਚ ਮਾਂ ਬਾਪ ਦਾ ਫਿਕਰ ਕਰਨਾ ਭੁੱਲ ਗਏ ਹਨ। ਅੱਜਕੱਲ੍ਹ ਬੱਚਿਆਂ ਨੂੰ ਆਪਣੇ ਕੋਲ ਵਧੀਆ ਮੋਬਾਇਲ ਫੋਨ, ਵਧੀਆ ਮੋਟਰਸਾਈਕਲ ਅਤੇ ਬਰੈਂਡਡ ਕੱਪੜੇ ਚਾਹੀਦੇ ਹਨ, ਉਹ ਚਾਹੇ ਮਾਪੇ ਕਿਸੇ ਵੀ ਕੀਮਤ ’ਤੇ ਲੈ ਕੇ ਦੇਣ। ਕਈ ਵਾਰ ਤਾਂ ਦੇਖਿਆ ਹੈ ਕਿ ਕੁਝ ਬੱਚੇ ਮਾਪਿਆਂ ਨੂੰ ਬਲੈਕ ਮੇਲ ਵੀ ਕਰਦੇ ਹਨ। ਭਾਵ ਕਿ ਜੇਕਰ ਮਾਪੇ ਉਹਨਾਂ ਦੀ ਮਰਜ਼ੀ ਦੀ ਕੋਈ ਚੀਜ਼ ਨਹੀਂ ਲੈ ਕੇ ਦੇਣਗੇ ਤਾਂ ਉਹ ਕੁਝ ਕਰ ਲੈਣਗੇ। ਮਾਪੇ ਇਨ੍ਹਾਂ ਗੱਲਾਂ ਤੋਂ ਡਰਦੇ ਆਪਣੇ ਬੱਚਿਆਂ ਦੀ ਹਰ ਇੱਛਾ ਪੂਰੀ ਕਰਨ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੰਦੇ ਹਨ। ਅਜੋਕੇ ਸਮੇਂ ਵਿੱਚ ਖਾਸ ਕਰਕੇ ਪੰਜਾਬੀਆਂ ਵਿੱਚ ਇੱਕ ਪਰਿਵਾਰ ਵਿੱਚ ਇੱਕ ਹੀ ਬੱਚਾ ਹੁੰਦਾ ਹੈ, ਜਿਸ ਕਰਕੇ ਮਾਪਿਆਂ ਨੂੰ ਉਹ ਬੱਚਾ ਬਹੁਤ ਹੀ ਪਿਆਰਾ ਹੁੰਦਾ ਹੈ। ਵੈਸੇ ਤਾਂ ਮਾਪਿਆਂ ਨੂੰ ਆਪਣੇ ਧੀਆਂ ਪੁੱਤਰ ਹਮੇਸ਼ਾ ਹੀ ਬਹੁਤ ਪਿਆਰੇ ਹੁੰਦੇ ਹਨ ਪ੍ਰੰਤੂ ਜਦੋਂ ਬੱਚਾ ਇਕੱਲਾ-ਇਕਹਿਰਾ ਹੁੰਦਾ ਹੈ ਤਾਂ ਉਹ ਮਾਪਿਆਂ ਲਈ ਹੋਰ ਵੀ ਜ਼ਿਆਦਾ ਪਿਆਰਾ ਹੋ ਜਾਂਦਾ ਹੈ।
ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਪੁੱਤ ਕਪੁੱਤ ਹੋ ਸਕਦੇ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਬਿਲਕੁਲ ਸੱਚ ਹੈ। ਮਾਪਿਆਂ ਲਈ ਆਪਣੇ ਧੀਆਂ ਪੁੱਤਰ ਹਮੇਸ਼ਾ ਹੀ ਜਾਨ ਤੋਂ ਪਿਆਰੇ ਹੁੰਦੇ ਹਨ। ਅਸਲ ਵਿੱਚ ਇਨਸਾਨ ਜਦੋਂ ਖੁਦ ਮਾਂ-ਬਾਪ ਬਣਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮਾਂ ਬਾਪ ਅਸਲ ਵਿੱਚ ਕੀ ਹੁੰਦੇ ਹਨ। ਮਾਂ ਬਾਪ ਦੀ ਜ਼ਿੰਮੇਵਾਰੀ ਦਾ ਅਹਿਸਾਸ ਖੁਦ ਮਾਂ ਬਾਪ ਬਣ ਕੇ ਹੀ ਪਤਾ ਲਗਦਾ ਹੈ। ਮਾਪੇ ਆਪ ਭੁੱਖਾ ਰਹਿ ਲੈਣਗੇ ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਸੌਣ ਦਿੰਦੇ। ਮੇਰੇ ਘਰ ਜਦੋਂ ਪਹਿਲੀ ਬੇਟੀ ਹੋਈ ਅਤੇ ਜਦੋਂ ਉਹ ਰਾਤ ਨੂੰ ਸੌਣ ਨਾ ਦਿੰਦੀ, ਰੋਂਦੀ ਰਹਿੰਦੀ ਤਾਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਸੱਚਮੁੱਚ ਮਾਂ ਬਾਪ, ਧੀਆਂ ਪੁੱਤਰਾਂ ਲਈ ਕਿੰਨੀ ਘਾਲਣਾ ਘਾਲਦੇ ਹਨ, ਤਾਂ ਕਿਤੇ ਜਾ ਕੇ ਬੱਚੇ ਵੱਡੇ ਹੁੰਦੇ ਹਨ। ਅੱਜ ਮੈਂ ਜਿਸ ਬਿਪਤਾ ਵਿੱਚ ਦੀ ਗੁਜ਼ਰਿਆ ਹਾਂ, ਉਹ ਵੀ ਸੁਣ ਲਵੋ:
ਸ਼ਾਮ ਨੂੰ ਜਦੋਂ ਮੈਂ ਦਫਤਰੋਂ ਆ ਕੇ ਥੱਕਿਆ ਹਾਰਿਆ ਰੋਟੀ ਖਾਣ ਬੈਠਾ ਤਾਂ ਰੋਟੀ ਦੀ ਥਾਲੀ ਫੜਾਉਣ ਆਈ ਮੇਰੀ ਛੋਟੀ ਬੇਟੀ ਨੇ ਮੈਨੂੰ ਦੱਸਿਆ ਕਿ ਪਾਪਾ ਅੱਜ ਸੁਖਦੀਪ (ਮੇਰਾ ਪੁੱਤਰ, ਉਮਰ ਦਸ ਸਾਲ) ਪਤਾ ਨਹੀਂ ਕਿੱਥੇ ਹੈ, ਅਜੇ ਤਕ ਘਰ ਨਹੀਂ ਆਇਆ। ਮੈਂ ਇੱਕ ਦਮ ਫਿਕਰ ਵਿੱਚ ਪੈ ਗਿਆ ਕਿ ਇੰਨੀ ਦੇਰ ਤਕ ਤਾਂ ਉਹ ਕਦੇ ਬਾਹਰ ਰਹਿੰਦਾ ਨਹੀਂ। ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਦੇਖ ਕੇ ਆ ਸੁਖਦੀਪ ਇੱਧਰ ਉੱਧਰ ਹੀ ਹੋਵੇਗਾ। ਪਰ ਜਦੋਂ ਉਹ ਬਾਹਰ ਸਾਰੇ ਦੇਖ ਆਈ ਅਤੇ ਉਸਨੇ ਦੱਸਿਆ ਕਿ ਉਹ ਕਿਤੇ ਵੀ ਨਹੀਂ ਮਿਲਿਆ। ਇਹ ਸੁਣ ਕੇ ਮੈਂ ਇਕਦਮ ਘਬਰਾ ਗਿਆ। ਆਪਣੀ ਰੋਟੀ ਵਿੱਚ ਹੀ ਛੱਡ ਚੱਪਲਾਂ ਪਾ ਕੇ ਘਰ ਤੋਂ ਬਾਹਰ ਸੁਖਦੀਪ ਨੂੰ ਲੱਭਣ ਲਈ ਨਿਕਲ ਪਿਆ। ਮੇਰੀ ਮਾਤਾ ਨੇ ਮੈਨੂੰ ਕਿਹਾ ਕਿ ਪੁੱਤ ਤੂੰ ਰੋਟੀ ਤਾਂ ਖਾ ਜਾ। ਪਰ ਮੇਰੇ ਮਨ ਵਿੱਚ ਇੱਕ ਦਮ ਬੁਰੇ ਖਿਆਲ ਆਏ, ਮੇਰੇ ਪੁੱਤਰ ਨੂੰ ਕੋਈ ਅਗਵਾ ਕਰਕੇ ਨਾ ਲੈ ਗਿਆ ਹੋਵੇ। ਬਿਜਲੀ ਮਹਿਕਮੇ ਵਿੱਚ ਮੇਰੀ ਇਨਫੋਰਸਮੈਂਟ ਦੀ ਡਿਊਟੀ ਹੀ ਅਜਿਹੀ ਸੀ ਕਿ ਮਾੜੇ ਲੋਕਾਂ ਨਾਲ ਮੇਰਾ ਵਾਹ ਪਿਆ ਹੋਇਆ ਸੀ, ਜਿਸ ਕਰਕੇ ਮੇਰੇ ਮਨ ਵਿੱਚ ਅਜਿਹੇ ਖਿਆਲ ਆਏ। ਮੈਂ ਆਪਣੇ ਬੱਚੇ ਨੂੰ ਇੱਧਰ ਉੱਧਰ ਲੱਭਣ ਲੱਗਾ। ਜਿੰਨਾ ਦੇ ਉਹ ਜਾ ਸਕਦਾ ਸੀ, ਉਹਨਾਂ ਦੇ ਘਰ ਵਿੱਚ ਜਾ ਕੇ ਆਇਆ ਪਰ ਕਿਧਰੋਂ ਵੀ ਸੁਖਦੀਪ ਦਾ ਪਤਾ ਨਾ ਲੱਗਾ। ਇੰਨੇ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਸਾਡੇ ਗੁਆਂਢੀਆਂ ਦਾ ਮੁੰਡਾ ਵੀ ਹੈ, ਜੋ ਕਿ ਉਸਦੀ ਹੀ ਉਮਰ ਦਾ ਹੈ। ਇਹ ਪਤਾ ਲੱਗਾ ਕਿ ਦੋਵੇਂ ਬੱਚੇ ਥੋੜ੍ਹਾ ਸਮਾਂ ਪਹਿਲਾਂ ਇੱਥੋਂ ਮੇਨ ਗੇਟ ਵੱਲ ਨੂੰ ਗਏ ਹਨ। ਮੈਂ ਤੁਰੰਤ ਸਾਡੀ ਕਲੋਨੀ ਦੇ ਮੇਨ ਗੇਟ ’ਤੇ ਜਾ ਕੇ ਦੇਖਿਆ ਅਤੇ ਗੇਟ ਗੀਪਰਾਂ ਨੂੰ ਪੁੱਛਗਿੱਛ ਕੀਤੀ। ਪਰ ਕੋਈ ਉੱਘ ਸੁੱਘ ਨਾ ਮਿਲੀ। ਆਖਰ ਨੂੰ ਮੈਂ ਸਾਰੀ ਕਲੋਨੀ ਵਿੱਚ ਜਾ ਕੇ ਗਲੀਆਂ ਵਿੱਚ ਉਸ ਨੂੰ ਲੱਭਣ ਲੱਗਾ। ਸਾਰੇ ਪਾਰਕਾਂ ਵਿੱਚ ਜਾ ਕੇ ਉਸ ਦੀ ਭਾਲ ਕੀਤੀ ਪਰ ਕਿਤੇ ਵੀ ਮੈਨੂੰ ਮੇਰਾ ਪੁੱਤਰ ਸੁਖਦੀਪ ਨਹੀਂ ਦਿਸਿਆ।
ਕੁਝ ਸਮਾਂ ਕਲੋਨੀ ਵਿੱਚ ਲੱਭ ਕੇ ਮੈਂ ਘਰ ਆ ਗਿਆ ਅਤੇ ਘਰਦਿਆਂ ਨੂੰ ਪੁੱਛਿਆ ਕਿ ਸੁਖਦੀਪ ਘਰ ਆਇਆ ਹੈ ਕਿ ਨਹੀਂ? ਸਾਰਿਆਂ ਨੇ ਕਿਹਾ ਨਹੀਂ, ਸੁਖਦੀਪ ਅਜੇ ਤਕ ਘਰ ਨਹੀਂ ਆਇਆ। ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨੀ ਹੋ ਗਈ ਕਿ ਉਹਨਾਂ ਦਾ ਪੋਤਰਾ ਗਿਆ ਤਾਂ ਗਿਆ ਕਿੱਥੇ? ਸਾਰੇ ਘਰਦਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਸਕੂਟਰ ਚੱਕ ਕੇ ਸਾਰੀ ਕਲੋਨੀ ਵਿੱਚ ਬਹੁਤ ਸਪੀਡ ਨਾਲ ਚੱਕਰ ਲਗਾ ਕੇ ਆਇਆ। ਹਰ ਜਗਾਹ ਸੁਖਦੀਪ ਨੂੰ ਲੱਭਿਆ ਪਰ ਉਹ ਕਿਤੇ ਨਹੀਂ ਮਿਲਿਆ। ਫਿਰ ਮੈਂ ਮੇਨ ਗੇਟ ਵੱਲ ਗਿਆ ਅਤੇ ਮੇਨ ਗੇਟ ਤੋਂ ਮੇਨ ਸੜਕ ’ਤੇ ਜਾ ਕੇ ਦੇਖਿਆ। ਜਿਉਂ ਜਿਉਂ ਸਮਾਂ ਵਧ ਰਿਹਾ ਸੀ ਮੇਰੀ ਦਿਮਾਗੀ ਪਰੇਸ਼ਾਨੀ ਵੀ ਵਧ ਰਹੀ ਸੀ। ਹਫ਼ੜਾ ਦਫੜੀ ਵਿੱਚ ਮੈਂ ਆਪਣਾ ਮੋਬਾਇਲ ਫੋਨ ਵੀ ਘਰ ਭੁਲਾ ਆਇਆ ਸੀ, ਜਿਸ ਕਰਕੇ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਪਾਇਆ।
ਜਿਨ੍ਹਾਂ ਗੁਆਂਢੀਆਂ ਦੇ ਘਰ ਸੁਖਦੀਪ ਜਾ ਸਕਦਾ ਸੀ, ਮੈਂ ਉਹਨਾਂ ਦੇ ਘਰ ਜਾ ਕੇ ਉਸ ਨੂੰ ਲੱਭ ਆਇਆ, ਪ੍ਰੰਤੂ ਸੁਖਦੀਪ ਕਿਤੇ ਵੀ ਨਹੀਂ ਲੱਭਾ। ਮੈਂ ਦੁਬਾਰਾ ਘਰ ਜਾ ਕੇ ਆਪਣਾ ਮੋਬਾਇਲ ਫੋਨ ਚੁੱਕਿਆ ਅਤੇ ਇੱਧਰ ਉੱਧਰ ਲੋਕਾਂ ਨੂੰ ਫੋਨ ਕਰਨ ਲੱਗਾ। ਸਾਡੀ ਕਲੋਨੀ ਦੇ ਵਟਸਐਪ ਗਰੁੱਪ ਵਿੱਚ ਮੈਂ ਆਪਣੇ ਬੇਟੇ ਬਾਰੇ ਮੈਸੇਜ ਲਿਖਿਆ ਅਤੇ ਉਸਦੀ ਫੋਟੋ ਪੋਸਟ ਕਰਦੇ ਹੋਏ ਬੇਨਤੀ ਪੂਰਵਕ ਸੁਨੇਹਾ ਲਿਖਿਆ ਕਿ ਜੇਕਰ ਕਿਸੇ ਨੇ ਮੇਰਾ ਬੇਟਾ ਸੁਖਦੀਪ ਦੇਖਿਆ ਹੋਵੇ ਤਾਂ ਕਿਰਪਾ ਕਰਕੇ ਉਹ ਮੈਨੂੰ ਮੇਰੇ ਫੋਨ ਨੰਬਰ ’ਤੇ ਫੋਨ ਕਰ ਲਵੇ।
ਆਖਰ ਨੂੰ ਮੈਂ ਪੁਲਿਸ ਸਟੇਸ਼ਨ ਫੋਨ ਕਰਨ ਲਈ ਮਨ ਬਣਾਇਆ। ਪੁਲਿਸ ਸਟੇਸ਼ਨ ਫੋਨ ਦੇ ਨੰਬਰ ਦੱਬੇ ਹੀ ਸਨ ਕਿ ਸਾਹਮਣੇ ਤੋਂ ਮੇਰਾ ਪੁੱਤਰ ਆਪਣੇ ਦੋਸਤ ਨਾਲ ਸੜਕ ’ਤੇ ਆਉਂਦਾ ਮੈਨੂੰ ਦਿਸ ਪਿਆ। ਆਪਣੇ ਪੁੱਤਰ ਨੂੰ ਦੇਖਦੇ ਸਾਰ ਮੇਰੇ ਸਾਹ ਵਿੱਚ ਸਾਹ ਆਇਆ। ਮੈਂ ਉਸ ਨੂੰ ਪੁੱਛਿਆ ਕਿ ਸੁਖਦੀਪ ਤੂੰ ਕਿੱਥੇ ਚਲਾ ਗਿਆ ਸੀ? ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਫਲਾਣੇ ਗਵਾਂਢੀਆਂ ਦੇ ਘਰ ਬੈਠਾ ਗੇਮ ਖੇਡਣ ਲੱਗ ਗਿਆ ਸੀ, ਜਿਸ ਕਰਕੇ ਉਹ ਲੇਟ ਹੋ ਗਿਆ। ਮੈਂ ਪਰਮਾਤਮਾ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ। ਮੇਰੀ ਪਤਨੀ ਨੂੰ ਬਹੁਤ ਘਬਰਾਹਟ ਹੋ ਰਹੀ ਸੀ ਅਤੇ ਜਦੋਂ ਉਸ ਨੇ ਸੁਖਦੀਪ ਨੂੰ ਦੇਖਿਆ ਤਾਂ ਭੱਜ ਕੇ ਆਪਣੇ ਸੀਨੇ ਨਾਲ ਲਾ ਲਿਆ।
ਫਿਰ ਮੈਂ ਪਿਆਰ ਨਾਲ ਘੂਰਿਆ ਵੀ ਅਤੇ ਕਿਹਾ ਕਿ ਤੂੰ ਕਿੱਥੇ ਚਲਾ ਗਿਆ ਸੀ, ਅਸੀਂ ਸਾਰੇ ਪਰੇਸ਼ਾਨ ਹੋ ਗਏ, ਤੈਨੂੰ ਪਾਗਲਾਂ ਵਾਂਗ ਲੱਭਦੇ ਫਿਰਦੇ ਰਹੇ। ਇਹ ਸਾਰਾ ਕੁਝ ਦੇਖ ਕੇ ਸੁਖਦੀਪ ਵੀ ਡਰ ਗਿਆ। ਮੈਂ ਕਾਹਲੀ ਨਾਲ ਕਲੋਨੀ ਦੇ ਵਟਸਐਪ ਗਰੁੱਪ ਵਿੱਚ ਲਿਖਿਆ ਸੁਨੇਹਾ ਸਮੇਤ ਫੋਟੋ ਡਿਲੀਟ ਕਰ ਦਿੱਤਾ। ਜਦੋਂ ਮੇਰਾ ਪੁੱਤਰ ਸੁਖਦੀਪ ਸਾਨੂੰ ਨਹੀਂ ਲੱਭਿਆ ਸੀ ਤਾਂ ਮਨ ਵਿੱਚ ਬਹੁਤ ਬੁਰੇ ਖਿਆਲ ਆ ਰਹੇ ਸੀ। ਮਨ ਵਿੱਚ ਇਹ ਆ ਰਿਹਾ ਸੀ ਕਿ ਖੌਰੇ ਉਸ ਨੂੰ ਕੋਈ ਬੱਚਾ ਚੁੱਕਣ ਵਾਲੇ ਗਰੋਹ ਵਾਲੇ ਮਾੜੇ ਅਨਸਰ ਚੁੱਕ ਕੇ ਨਾਲ ਲੈ ਗਏ ਹੋਣ। ਪਤਾ ਨਹੀਂ ਬੱਚਾ ਕਿਸ ਹਾਲਤ ਵਿੱਚ ਹੋਵੇਗਾ?
ਅਸੀਂ ਆਪਣੇ ਪੁੱਤਰ ਨਾਲ ਲੈ ਕੇ ਘਰ ਆ ਗਏ, ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਪਰ ਜਿੰਨਾ ਚਿਰ ਮੈਨੂੰ ਮੇਰਾ ਪੁੱਤਰ ਨਹੀਂ ਲੱਭਾ ਸੀ, ਓਨਾ ਸਮਾਂ ਮੈਨੂੰ ਪਤਾ ਹੈ ਜਾਂ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਅਸੀਂ ਉਹ ਪਲ ਕਿੰਨੇ ਔਖੇ ਗੁਜ਼ਾਰੇ। ਕੁਝ ਪਲਾਂ ਲਈ ਤਾਂ ਸਾਹ ਆਉਣਾ ਵੀ ਔਖਾ ਹੋ ਗਿਆ ਸੀ। ਇਹ ਸਭ ਕੁਝ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਕਿਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਅਤੇ ਬੱਚੇ ਵੱਡੇ ਹੋ ਕੇ ਪਤਾ ਨਹੀਂ ਕਿਉਂ ਅਤੇ ਕਿਸ ਮਨਸ਼ਾ ਨਾਲ ਆਪਣੇ ਮਾਪਿਆਂ ਨੂੰ ਇਕੱਲੇ ਛੱਡ ਕੇ ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਮੈਂ ਕੁਝ ਅਜਿਹੇ ਕੇਸ ਵੀ ਦੇਖੇ ਹਨ ਜਿੱਥੇ ਮਾਪਿਆਂ ਦਾ ਇਕੱਲਾ ਪੁੱਤਰ ਵਿਦੇਸ਼ ਵਿੱਚ ਜਾ ਕੇ ਵਸ ਗਿਆ ਅਤੇ ਉਸਨੇ ਆਪਣੇ ਮਾਪਿਆਂ ਦੀ ਖਬਰ ਨਹੀਂ ਲਈ, ਜਿਸਦੇ ਵਿਯੋਗ ਵਿੱਚ ਮਾਪੇ ਚਲਾਣਾ ਕਰ ਗਏ। ਇੱਕ ਮਾਂ ਤਾਂ ਮੈਂ ਖੁਦ ਆਪਣੀਆਂ ਅੱਖਾਂ ਸਾਹਮਣੇ ਮਰਦੀ ਦੇਖੀ ਕਿਉਂਕਿ ਉਸ ਦਾ ਇਕਲੌਤਾ ਪੁੱਤਰ ਆਪਣੇ ਵਿਦੇਸ਼ ਜਾਣ ਦੀ ਹੋੜ ਵਿੱਚ ਆਪਣੇ ਮਾਪਿਆਂ ਨੂੰ ਛੱਡ ਕੇ ਚਲਾ ਗਿਆ ਅਤੇ ਆਪਣੇ ਪੁੱਤਰ ਨੂੰ ਦੂਰ ਜਾਂਦਿਆਂ ਦੇਖ ਕੇ ਉਸ ਦੀ ਮਾਂ ਹਾਰਟ ਅਟੈਕ ਨਾਲ ਮਰ ਗਈ। ਮੇਰੇ ਮਨ ਵਿੱਚ ਅੱਜ ਵੀ ਉਹ ਪ੍ਰਸ਼ਨ ਉਸੇ ਤਰ੍ਹਾਂ ਖੜ੍ਹਾ ਹੈ ਕਿ ਉਸ ਮਾਂ ਨੇ ਆਪਣੇ ਪੁੱਤਰ ਨੂੰ ਆਪਣੀ ਮੌਤ ਦਾ ਕਾਰਨ ਬਣਨ ਲਈ ਜੰਮਿਆ ਸੀ? ਕਿਉਂ ਨਹੀਂ ਧੀਆਂ-ਪੁੱਤਰ ਆਪਣੇ ਮਾਪਿਆਂ ਦਾ ਫਿਕਰ ਕਰਦੇ? ਜਦੋਂ ਕਿ ਮਾਪੇ ਉਨ੍ਹਾਂ ਧੀਆਂ ਪੁੱਤਰਾਂ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨਾਂ ਨੂੰ ਨਿਸ਼ਾਵਰ ਕਰ ਦਿੰਦੇ ਹਨ। ਖਾਸ ਕਰਕੇ ਮਾਂ ਦਾ ਦੇਣਾ ਤਾਂ ਧੀਆਂ-ਪੁੱਤਰ ਕਦੇ ਵੀ ਨਹੀਂ ਦੇ ਸਕਦੇ। ਪਰ ਕਈ ਬੱਚੇ ਆਪਣੀ ਜ਼ਿੰਦਗੀ ਬਣਾਉਣ ਲਈ ਆਪਣੇ ਮਾਂ ਬਾਪ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ। ਬੱਚਿਆਂ ਦੀ ਬਿਹਤਰੀ ਲਈ ਲਈ ਮਾਪੇ ਹਮੇਸ਼ਾ ਨਿਰੰਤਰ ਯਤਨ ਕਰਦੇ ਰਹਿੰਦੇ ਹਨ। ਬੱਚੇ ਚਾਹੇ ਕਿੱਡੀ ਵੱਡੀ ਪੋਸਟ ’ਤੇ ਪਹੁੰਚ ਜਾਣ ਜਾਂ ਜਿੰਨੇ ਮਰਜ਼ੀ ਅਮੀਰ ਹੋ ਜਾਣ, ਪਰ ਮਾਪਿਆਂ ਲਈ ਆਪਣੇ ਬੱਚੇ ਹਮੇਸ਼ਾ ਬੱਚੇ ਹੀ ਰਹਿੰਦੇ ਹਨ।
ਮੇਰੀ ਮਾਤਾ ਦੇ ਗੋਡਿਆਂ ਦਾ ਅਪਰੇਸ਼ਨ ਹੋਣਾ ਸੀ। ਜਦੋਂ ਉਸ ਨੂੰ ਅਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਅਤੇ ਅਪਰੇਸ਼ਨ ਕਰਨਾ ਸ਼ੁਰੂ ਕਰਨਾ ਹੀ ਸੀ ਤਾਂ ਮੇਰੀ ਮਾਂ ਨੇ ਉੱਥੇ ਖੜ੍ਹੇ ਇੱਕ ਵਾਰਡ ਬੁਆਏ ਨੂੰ ਕਿਹਾ ਕਿ ਬਾਹਰ ਮੇਰਾ ਪੁੱਤਰ ਖੜ੍ਹਾ ਹੈ, ਜਾ ਕੇ ਉਸ ਨੂੰ ਕਹਿ ਦੇ ਕਿ ਗੱਡੀ ਵਿੱਚ ਰੋਟੀ ਰੱਖੀ ਹੋਈ ਹੈ, ਜਲਦੀ ਖਾ ਲਵੇ ਨਹੀਂ ਤਾਂ ਠੰਢੀ ਹੋ ਜਾਵੇਗੀ। ਮਾਂ ਨੂੰ ਆਪਣੇ ਅਪਰੇਸ਼ਨ ਦਾ ਫਿਕਰ ਨਹੀਂ ਸੀ ਪਰ ਉਸ ਨੂੰ ਫਿਕਰ ਸੀ ਕਿ ਉਸ ਦੇ ਪੁੱਤਰ ਨੂੰ ਖਾਣ ਲਈ ਗਰਮ ਰੋਟੀ ਮਿਲ ਜਾਵੇ, ਕਿਤੇ ਭੁੱਖਾ ਨਾ ਰਹਿ ਜਾਵੇ।
ਮੈਂ ਆਪਣੀ ਉਮਰ ਦੇ ਅਤੇ ਆਪਣੇ ਤੋਂ ਛੋਟੀ ਉਮਰ ਦੇ ਭੈਣਾਂ ਭਰਾਵਾਂ ਨੂੰ, ਬੱਚੇ-ਬੱਚੀਆਂ ਨੂੰ ਇਹ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਹਾਂ ਕਿ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਕਦੇ ਵੀ ਹੰਝੂ ਨਾ ਆਉਣ ਦਿਓ ਕਿਉਂਕਿ ਇਸ ਦੁਨੀਆ ਵਿੱਚ ਸਿਰਫ ਤੁਹਾਡੇ ਮਾਪੇ ਹੀ ਹਨ, ਜੋ ਤੁਹਾਡੀ ਬਿਹਤਰੀ ਲਈ ਯਤਨ ਕਰਦੇ ਹਨ, ਅਰਦਾਸਾਂ ਕਰਦੇ ਹਨ, ਤੁਹਾਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹਨ। ਦੁਨੀਆਂ ਦੇ ਹੋਰ ਕਿਸੇ ਵੀ ਇਨਸਾਨ ਨੂੰ ਤੁਹਾਡਾ ਫਿਕਰ ਨਹੀਂ ਹੋਵੇਗਾ, ਪਰ ਤੁਹਾਡੇ ਮਾਪੇ ਹਰ ਪਲ ਤੁਹਾਡਾ ਫਿਕਰ ਕਰਦੇ ਹਨ। ਅਜੋਕੇ ਸਮੇਂ ਦੇ ਜ਼ਿਆਦਾਤਰ ਬੱਚੇ ਆਪਣੀ ਐਸ਼ ਪ੍ਰਸਤੀ ਅਤੇ ਸੁੱਖ ਸਾਧਨਾਂ ਲਈ ਮਾਪਿਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਰੁਲਾਉਂਦੇ ਹਨ, ਨਸ਼ੇ ਕਰਦੇ ਹਨ, ਰਾਹਾਂ ਤੋਂ ਭਟਕ ਜਾਂਦੇ ਹਨ ਅਤੇ ਅਖੀਰ ਨੂੰ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ ਜਾਂ ਜਾਨ ਦੇ ਦਿੰਦੇ ਹਨ। ਇਹ ਸਦਮਾ ਅਕਸਰ ਮਾਪਿਆਂ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਦੋਸਤੋ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜਨਮ ਦਿੱਤਾ, ਤੁਸੀਂ ਬੁਰੇ ਕਰਮਾਂ ਕਾਰਨ ਉਹਨਾਂ ਮਾਪਿਆਂ ਦੀ ਮੌਤ ਦਾ ਕਾਰਨ ਬਣ ਰਹੇ ਹੋ। ਇਹ ਬਹੁਤ ਮੰਦਭਾਗਾ ਅਤੇ ਦੁੱਖ ਭਰਿਆ ਹੈ।
ਸੋ ਆਉ ਆਪਾਂ ਸਾਰੇ ਅੱਜ ਇਹ ਪ੍ਰਣ ਕਰੀਏ ਕਿ ਅਸੀਂ ਜਿਊਂਦੇ ਜੀ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਆਪਣੇ ਕਰਕੇ ਹੰਝੂ ਨਹੀਂ ਆਉਣ ਦੇਵਾਂਗੇ ਅਤੇ ਸਰਵਣ ਪੁੱਤਰ ਬਣ ਕੇ ਆਪਣੇ ਮਾਪਿਆਂ ਦੀ ਸੇਵਾ ਕਰਾਂਗੇ। ਉਹਨਾਂ ਨੂੰ ਕਦੇ ਵੀ ਦੁਖੀ ਨਹੀਂ ਹੋਣ ਦੇਵਾਂਗੇ। ਦੋਸਤੋ ਇੱਕ ਵਾਰ ਗੁਆਚੇ ਮਾਪੇ ਫਿਰ ਮੁੜ ਨਹੀਂ ਲੱਭਣੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)