“ਮੈਂ ਜਮਾਂ ਠੀਕ ਹੋ ਜਾਣਾ, ਇਹ ਕਰੋਨਾ-ਕਰਾਨਾ ਜਿਹਾ ਮੇਰਾ ਕੁਝ ਨਹੀਂ ਵਿਗਾੜ ਸਕਦਾ ...”
(30 ਅਪਰੈਲ 2020)
ਰੋਜ਼ਾਨਾ ਦੀ ਤਰ੍ਹਾਂ ਮੈਂ ਅੱਜ ਸਵੇਰੇ ਸਾਰੇ ਅਜ਼ੀਜ਼ ਮਿੱਤਰਾਂ ਨੂੰ ਵਟਸਐਪ ’ਤੇ ਸੁਨੇਹੇ ਘੱਲ ਕੇ ਹਾਲ ਚਾਲ ਪੁੱਛਿਆ ਤਾਂ ਸਭ ਦੇ ਸੁਖਨ-ਸੁਨੇਹੇ ਮਿਲ ਰਹੇ ਸਨ ਪਰ ਅੱਜ ਤੀਸਰਾ ਦਿਨ ਹੋ ਗਿਆ ਸੀ, ਮੇਰੇ ਜਮਾਤੀ ਅਮਰ ਗਿੱਲ ਦਾ ਕੋਈ ਸੁਨੇਹਾ ਨਾ ਆਇਆ। ਅਮਰ ਗਿੱਲ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਰੁਜ਼ਗਾਰ ਲਈ ਡੁਬਈ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ ਜਦੋਂ ਕਿ ਉਸਦੇ ਬੱਚੇ ਪਟਿਆਲੇ ਵਿਖੇ ਰਹਿ ਰਹੇ ਹਨ। ਮੈਂ ਅਤੇ ਅਮਰ ਗਿੱਲ ਜੀ.ਐੱਨ.ਈ. ਕਾਲਜ ਲੁਧਿਆਣਾ ਵਿੱਚ ਇਕੱਠੇ ਪੜ੍ਹਦੇ ਹੁੰਦੇ ਸੀ। ਖੈਰ ਜਦੋਂ ਤਿੰਨ ਦਿਨ ਤਕ ਅਮਰ ਗਿੱਲ ਦਾ ਕੋਈ ਸੁਖਨ-ਸੁਨੇਹਾ ਨਹੀਂ ਆਇਆ ਤਾਂ ਮੈਂ ਆਪ ਡੁਬਈ ਉਸ ਨੂੰ ਕਾਲ ਕਰ ਲਈ। ਲੰਮਾ ਸਮਾਂ ਘੰਟੀ ਜਾਣ ਵੱਜੀ ਜਾਣ ਤੋਂ ਬਾਅਦ ਅਮਰ ਗਿੱਲ ਨੇ ਮੇਰੀ ਕਾਲ ਸੁਣੀ ਤਾਂ ਅੱਗੇ ਤੋਂ ਜੋ ਆਵਾਜ਼ ਮੈਂ ਸੁਣੀ, ਸੁਣ ਕੇ ਮੈਂ ਘਬਰਾ ਗਿਆ। ਅਮਰ ਗਿੱਲ ਬਹੁਤ ਜ਼ੋਰ ਜੋਰ ਦੀ ਖੰਘ ਰਿਹਾ ਸੀ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਉਸਨੇ ਨੇ ਮੈਂਨੂੰ ਦੱਸਿਆ ਕਿ ਉਸਦੀ ਕਰੋਨਾ ਰਿਪੋਰਟ ਪੌਜ਼ੇਟਿਵ ਆ ਗਈ ਹੈ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇੱਕ ਪਲ ਲਈ ਮੈਂ ਸੁੰਨ ਹੋ ਗਿਆ। ਪਰ ਜਦੋਂ ਮੈਂ ਅਮਰ ਗਿੱਲ ਦੀ ਅਗਲੀ ਗੱਲ ਸੁਣੀ, ਉਸਨੇ ਕਿਹਾ, “ਸੁਖਵੰਤ ਵੀਰੇ, ਮੈਂ ਜਮਾਂ ਠੀਕ ਹੋ ਜਾਣਾ, ਇਹ ਕਰੋਨਾ-ਕਰਾਨਾ ਜਿਹਾ ਮੇਰਾ ਕੁਝ ਨਹੀਂ ਵਿਗਾੜ ਸਕਦਾ।” ਇਹ ਸੁਣ ਕੇ ਮੈਂ ਕੁਝ ਹੌਸਲੇ ਵਿੱਚ ਆਇਆ।
ਹੁਣ ਮੈਂ ਕੁਝ ਉਸਾਰੂ ਗੱਲਾਂ ਕਰਨ ਲੱਗ ਗਿਆ। ਅਮਰ ਗਿੱਲ ਨੇ ਉਸ ਦਿਨ ਮੇਰੇ ਨਾਲ ਗੱਲ ਘੱਟ ਹੀ ਕੀਤੀ। ਉਸ ਕੋਲੋਂ ਗੱਲ ਨਹੀਂ ਹੋ ਰਹੀ ਸੀ। ਮੈਂ ਵੀ ਉਸ ਨੂੰ ਜ਼ਿਆਦਾ ਪ੍ਰੇਸ਼ਾਨ ਨਾ ਕਰਨਾ ਚਾਹਿਆ। ਉਸਦੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਫੇਰ ਬੇਚੈਨੀ ਵਿੱਚ ਪੈ ਗਿਆ। ਮੈਂਨੂੰ ਕਾਲਜ ਦੇ ਦਿਨ ਯਾਦ ਆ ਗਏ ਤੇ ਮੈਂ ਕਾਲਜ ਸਮੇਂ ਦੀਆਂ ਫੋਟੋਆਂ ਦੇਖਣ ਲੱਗ ਪਿਆ।
ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਦੋਂ ਮੈਂ ਅਮਰ ਗਿੱਲ ਦੇ ਕਰੋਨਾ ਪੌਜ਼ੇਟਿਵ ਆਉਣ ਬਾਰੇ ਦੱਸਿਆ ਤਾਂ ਸਭ ਨੂੰ ਇਹ ਸੁਣ ਕੇ ਬਹੁਤ ਦੁੱਖ ਲੱਗਾ। ਅਸੀਂ ਰੱਬ ਅੱਗੇ ਅਮਰ ਗਿੱਲ ਦੀ ਸਿਹਤਯਾਬੀ ਲਈ ਅਰਦਾਸਾਂ ਕਰਨ ਲੱਗੇ। ਭਾਵੇਂ ਕਿ ਉਸਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਪਰ ਮੈਂ ਹਰ ਰੋਜ਼ ਉਸ ਨਾਲ ਗੱਲ ਕਰਦਾ ਤਾਂ ਮੇਰੇ ਨਾਲ ਪੂਰੇ ਹੌਸਲੇ ਅਤੇ ਦਲੇਰੀ ਨਾਲ ਗੱਲ ਕਰਦਾ। ਮੈਂ ਉਸ ਨੂੰ ਕਾਲਜ ਵੇਲੇ ਦੀ ਗੱਲ ਯਾਦ ਕਰਵਾਈ, ਜਦੋਂ ਮੈਂ ਤੇ ਗਿੱਲ ਨੇ ਲੁਧਿਆਣੇ ਤੋਂ ਮੋਢੇ ਤੇ ਮੇਰਾ ਸਾਇਕਲ ਚੁੱਕ ਕੇ, ਸਕੂਟਰ ’ਤੇ ਬਹਿ ਕੇ ਪਟਿਆਲੇ ਪਹੁੰਚਾ ਦਿੱਤਾ ਸੀ। ਇਸ ਤਰਾਂ ਦੀਆਂ ਗੱਲਾਂ ਨਾਲ ਉਸਦਾ ਹੌਸਲਾ ਹੋਰ ਵੀ ਚੜ੍ਹਦੀ ਕਲਾ ਵਿੱਚ ਹੋ ਜਾਂਦਾ।
17 ਅਪਰੈਲ ਨੂੰ ਮੈਂ ਸਵੇਰੇ ਗਿਆਰਾਂ ਕੁ ਵਜੇ ਫਿਰ ਫੋਨ ਟਰਾਈ ਕੀਤਾ ਤਾਂ ਅਮਰ ਗਿੱਲ ਦਾ ਫੋਨ ਬੰਦ ਆ ਰਿਹਾ ਸੀ। ਮੈਂ ਕਈ ਵਾਰੀ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗੇ ਤੋਂ ਫੋਨ ਬੰਦ ਆ ਰਿਹਾ ਸੀ। ਮੇਰੀ ਬੇਚੈਨੀ ਹੋਰ ਵਧ ਗਈ। ਮਨ ਵਿੱਚ ਗਲਤ ਵਿਚਾਰ ਉਤਪਨ ਹੋਣ ਲੱਗ ਪਏ। ਪਰ ਪਤਾ ਨਹੀਂ ਕਿਉਂ ਮੇਰਾ ਦਿਲ ਮੰਨਦਾ ਸੀ ਕਿ ਅਮਰ ਗਿੱਲ ਬਿਲਕੁਲ ਠੀਕ ਹੋ ਜਾਵੇਗਾ। ਮੈਂ ਦਿਨ ਵਿੱਚ ਕਈ ਵਾਰ ਉਸ ਨਾਲ ਫੋਨ ਮਿਲਾਇਆ ਪਰ ਫੋਨ ਬੰਦ ਹੀ ਆ ਰਿਹਾ ਸੀ। ਅਮਰ ਗਿੱਲ ਸ਼ੁਰ ਤੋਂ ਹੀ ਬਹੁਤ ਹਿੰਮਤੀ, ਧੱਕੜ ਅਤੇ ਰੱਬ ਨੂੰ ਮੰਨਣ ਵਾਲਾ ਸ਼ਖਸ ਰਿਹਾ ਹੈ। ਅਸੀਂ ਰੋਜ਼ ਟ੍ਰੈਕ ਵਿੱਚ ਇਕੱਠੇ ਦੌੜਦੇ, ਫਿਰ ਅਮਰ ਗਿੱਲ ਦੇ ਘਰ ਜਾ ਕੇ ਦੇਸੀ ਘਿਉ ਵਿੱਚ ਬਣਿਆ ਕਣਕ ਦਾ ਦਲੀਆ ਖਾਂਦੇ। ਅਸੀਂ ਖੂਬ ਪ੍ਰੈਕਟਸ ਕਰਦੇ। ਅਮਰ ਗਿੱਲ ਹੈਂਮਰ ਥਰੋ ਕਰਦਾ ਹੁੰਦਾ ਸੀ ਅਤੇ ਮੈਂ ਹਾਈ ਜੰਪ ਅਤੇ ਵਾਲੀਵਾਲ ਖੇਡਦਾ ਹੁੰਦਾ ਸੀ।
ਤਿੰਨ ਦਿਨ ਲੰਘ ਗਏ ਸੀ, ਅਮਰ ਗਿੱਲ ਦਾ ਫੋਨ ਨਹੀਂ ਲੱਗ ਰਿਹਾ ਸੀ। ਹੁਣ ਉਸਦੀ ਕੋਈ ਖਬਰ ਸਾਰ ਮੇਰੇ ਕੋਲ ਨਹੀਂ ਸੀ। 22 ਅਪਰੈਲ ਨੂੰ ਮੈਂਨੂੰ ਦੁਪਹਿਰ ਬਾਰਾਂ ਕੁ ਵਜੇ ਅਮਰ ਗਿੱਲ ਦੀ ਕਾਲ ਆਈ ਅਤੇ ਅੱਗਿਓਂ ਉਸਦੀ ਗੜਕਵੀ ਆਵਾਜ਼ ਸੁਣਾਈ ਦਿੱਤੀ। ਉਹ ਬੋਲਿਆ, “ਦਿੜਬੇ ਕਿਵੇਂ ਆ ਬਾਈ?”
ਮੇਰੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਮੈਂ ਬਿਨਾ ਰੁਕੇ ਉਸਦਾ ਹਾਲ ਚਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਹੁਣ ਉਸਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਚੜ੍ਹਦੀ ਕਲਾ ਵਿੱਚ ਹੈ। ਉਸਨੇ ਦੱਸਿਆ ਕਿ ਤਿੰਨ ਦਿਨ ਉਸ ਨੂੰ ਬੁਖਾਰ ਨੇ ਐਸਾ ਦੱਬਿਆ ਕਿ ਉਸਦੀ ਜਾਨ ਹੀ ਕੱਢ ਕੇ ਰੱਖ ਦਿੱਤੀ। ਇੱਕ ਤਾਂ ਇਕਾਂਤਵਾਸ ਵਿੱਚ ਸੀ, ਦੂਜਾ ਉਸ ਕੋਲ ਕੋਈ ਆਪਣਾ ਵੀ ਨਹੀਂ ਸੀ। ਉਹ ਆਪ ਹੀ ਇਕੱਲਾ ਪ੍ਰਦੇਸ ਵਿੱਚ ਇਸ ਨਾ-ਮੁਰਾਦ ਵਾਇਰਸ ਨਾਲ ਜੂਝ ਰਿਹਾ ਸੀ। ਪਰ ਅਸ਼ਕੇ ਜਾਵਾਂ ਆਪਣੇ ਮਿੱਤਰ ਦੇ, ਉਹ ਬਹੁਤ ਹੌਸਲੇ ਵਿੱਚ ਸੀ। ਉਸ ਨੇ ਦੱਸਿਆ ਕਿ ਉਹ ਲਗਾਤਾਰ ਸਵੇਰੇ ਉੱਠ ਕੇ ਸਵੇਰ ਦੇ ਖਾਣੇ ਵਿੱਚ ਅਜਵੈਣ, ਅਦਰਕ, ਚਾਰ ਪੱਤੇ ਨਿੰਮ ਅਤੇ ਦਾਲਚੀਨੀ ਦਾ ਗਰਮ ਗਰਮ ਕਾਹੜਾ ਬਣਾ ਕੇ ਪੀ ਰਿਹਾ ਹੈ। ਫਿਰ ਕਿੰਨੂੰ, ਸੰਤਰਾਂ ਅਤੇ ਖੰਜੂਰਾਂ ਨੂੰ ਬਰੈੱਡ ਨਾਲ ਖਾ ਰਿਹਾ ਹੈ ਅਤੇ ਨਾਲ ਵਾਇਰਸ ਦੀ ਨੌਰਮਲ ਦਵਾਈ ਖਾ ਰਿਹਾ ਹੈ। ਲੰਚ ਵਿੱਚ ਉਹ ਤਾਜ਼ਾ ਸਲਾਦ, ਕੱਚੀਆਂ ਸਬਜ਼ੀਆਂ ਕਾਲੀ ਮਿਰਚ ਨਾਲ ਲਾ ਕੇ ਖਾ ਰਿਹਾ ਹੈ। ਇਸ ਤੋਂ ਇਲਾਵਾ ਸ਼ਕਰਗੰਦੀ ਵੀ ਖਾਣੀ ਸ਼ੁਰੂ ਕੀਤੀ ਹੈ। ਰਾਤ ਦੇ ਖਾਣੇ ਵਿੱਚ ਉੱਬਲੀ ਹੋਈ ਬਰੌਕਲੀ, ਗਾਜਰ ਅਤੇ ਸ਼ਕਰਗੰਦੀ ਖਾਣ ਉਪਰੰਤ ਹਲਦੀ ਪਾ ਕੇ ਦੁੱਧ ਪੀ ਰਿਹਾ ਹੈ। ਇਸ ਤੋਂ ਇਲਾਵਾ ਉਹ ਨਿਰੰਤਰ ਯੋਗਾ ਜਿਵੇਂ ਕਪਾਲ-ਭਾਤੀ, ਅਨਲੋਮ ਵਿਲੋਮ ਅਤੇ ਹੋਰ ਆਸਣ ਕਰ ਰਿਹਾ ਸੀ। ਉਸਨੇ ਦੱਸਿਆ ਕਿ ਜਦੋਂ ਉਸ ਨੂੰ ਭੁੱਖ ਲਗਦੀ ਹੈ ਤਾਂ ਸਿਰਫ ਮੌਸਮੀ ਫਲ ਖਾ ਕੇ ਗੁਜ਼ਾਰਾ ਕਰ ਰਿਹਾ ਹੈ। ਪ੍ਰਦੇਸਾਂ ਵਿੱਚ ਇਕੱਲੇ ਹੋਣਾ ਅਤੇ ਉੱਪਰ ਦੀ ਕਰੋਨਾ ਦਾ ਸ਼ਿਕਾਰ ਹੋਣਾ, ਬਹੁਤ ਵੱਡੀ ਮੁਸ਼ਕਲ ਆਣ ਖਲੋਤੀ ਸੀ ਉਸਦੇ ਸਾਹਮਣੇ। ਪਰ ਉਹ ਹਰ ਵਾਰ ਗੱਲ ਕਰਦਾ ਤਾਂ ਰੱਬ ਦੇ ਓਟ ਆਸਰੇ ਦੀ ਗੱਲ ਕਰਦਾ ਹੋਇਆ ਅਡੋਲ ਜਾਪਿਆ। ਹਾਲਾਂਕਿ ਮੈਂ ਕਈ ਵਾਰ ਉਸਦੇ ਨਾਲ ਗੱਲ ਕਰਨ ਤੋਂ ਬਾਅਦ ਬਹੁਤ ਚਿੰਤਤ ਹੋ ਜਾਂਦਾ ਸੀ ਪਰ ਉਸਨੇ ਹੌਸਲਾ ਨਹੀਂ ਛੱਡਿਆ।
ਅੱਜ ਫਿਰ ਸ਼ਾਮ ਨੂੰ ਉਸਦੀ ਕਾਲ ਆਈ ਅਤੇ ਉਸਨੇ ਮੈਂਨੂੰ ਸੁਖਨ-ਸੁਨੇਹਾ ਦਿੱਤਾ ਕਿ ਉਸਦੀ ਕਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਰੱਬ ਨੇ ਮੇਰੇ ਮਿੱਤਰ ਨੂੰ ਸਾਹਾਂ ਦੀ ਪੂੰਜੀ ਬਖਸ਼ ਦਿੱਤੀ ਸੀ। ਮੈਂ ਪ੍ਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ। ਇਸ ਸਾਰੇ ਪ੍ਰਸੰਗ ਦੌਰਾਨ ਇੱਕ ਗੱਲ ਸਾਫ ਤੌਰ ਉੱਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਅਮਰ ਗਿੱਲ ਹੁਰਾਂ ਦਾ ਰੱਬ ਉੱਤੇ ਅਟੁੱਟ ਵਿਸ਼ਵਾਸ ਅਤੇ ਅੰਤਾਂ ਦਾ ਹਿੰਮਤ ਹੌਸਲਾ, ਭਿਆਨਕ ਕਰੋਨਾ ਉੱਤੇ ਉਸਦੀ ਜਿੱਤ ਦਾ ਮੁੱਖ ਕਾਰਨ ਬਣਿਆ ਹੈ।
ਆਪਾਂ ਇਹ ਬਹੁਤ ਧਾਰਮਿਕ ਕਿਤਾਬਾਂ, ਗਰੰਥਾਂ ਵਿੱਚ ਪੜ੍ਹਦੇ ਹਾਂ ਕਿ ਇਨਸਾਨ ਦਾ ਧੀਰਜ, ਹੌਸਲਾ ਅਤੇ ਉਸਾਰੂ ਸੋਚ ਹਰ ਮੈਦਾਨ ਫਤਿਹ ਬਖਸ਼ਦੀ ਹੈ। ਜਦੋਂ ਇਨਸਾਨ ਮਨ ਵਿੱਚ ਹਾਰ ਮੰਨ ਲੈਂਦਾ ਹੈ ਤਾਂ ਉਸਦੀ ਹਾਰ ਯਕੀਨੀ ਹੈ। ਪ੍ਰੰਤੂ ਇਸਦੇ ਉਲਟ ਜੇਕਰ ਮਨੁੱਖ ਮਾੜੀਆਂ ਪ੍ਰਸਥਿਤੀਆਂ ਵਿੱਚ ਹਿੰਮਤ ਅਤੇ ਹੌਸਲਾ ਰੱਖਦਾ ਹੈ ਤਾਂ ਉਸਦੀ ਜਿੱਤ ਵੀ ਯਕੀਨੀ ਹੁੰਦੀ ਹੈ। ਅਮਰ ਗਿੱਲ ਦਾ ਸ਼ਾਕਾਹਾਰੀ ਹੋਣਾ, ਸ਼ਰਾਬ ਨਾ ਪੀਣਾ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਵੀ ਉਸਦੀ ਕਰੋਨਾ ਵਰਗੀ ਮਹਾਂਮਾਰੀ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਸਹਾਈ ਹੋਇਆ ਅਤੇ ਕਰੋਨਾ ਹਾਰ ਗਿਆ। ਜੋ ਵੀ ਇਨਸਾਨ ਰੱਬ ਦੀ ਬਣਾਈ ਕਾਇਨਾਤ ਦੇ ਉਲਟ ਹੋ ਕੇ ਚਲਦੇ ਹਨ, ਉਹ ਹਮੇਸ਼ਾ ਦੁੱਖ, ਬਿਮਾਰੀਆਂ ਭੋਗ ਕੇ ਇਸ ਜਹਾਨ ਤੋਂ ਜਲਦੀ ਕੂਚ ਕਰ ਜਾਂਦੇ ਹਨ।
ਤੁਸੀਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰੋ ਅਤੇ ਮੁਲਾਂਕਣ ਕਰੋ ਕਿ ਜਿੰਨੇ ਜ਼ਿਆਦਾ ਬਿਮਾਰ ਅਤੇ ਰੋਗੀ ਲੋਕ ਮਿਲਣਗੇ ਉਹ ਅਮੀਰ ਅਤੇ ਆਲਸੀ ਲੋਕ ਹੋਣਗੇ। ਮਿਹਨਤਕਸ਼ ਲੋਕਾਂ ਕੋਲ ਬਿਮਾਰੀ ਅਤੇ ਆਲਸ ਲਈ ਕੋਈ ਸਮਾਂ ਨਹੀਂ ਹੁੰਦਾ ਅਤੇ ਨਾ ਹੀ ਜ਼ਿੰਦਗੀ ਵਿੱਚ ਕੋਈ ਸਥਾਨ ਹੁੰਦਾ ਹੈ। ਸਿਗਰਟਾਂ, ਬੀੜੀ, ਹੁੱਕਾ ਪੀਣ ਵਾਲੇ, ਲੋੜ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੇ ਅਤੇ ਹੋਰ ਕੈਮੀਕਲ ਨਸ਼ੇ ਕਰਨ ਵਾਲੇ ਜਲਦੀ ਹੀ ਆਪਣੇ ਸਾਹਾਂ ਦੀ ਪੂੰਜੀ ਨੂੰ ਖਤਮ ਕਰ ਲੈਂਦੇ ਹਨ। ਅਮਰ ਗਿੱਲ ਨੇ ਇਲਾਜ ਦੌਰਾਨ ਜੋ ਵੀ ਖਾਧਾ, ਉਹ ਸਭ ਕੁਦਰਤੀ ਖਾਣਾ ਹੀ ਸੀ। ਭਾਵ ਅੰਤ ਸਮੇਂ ਕੁਦਰਤੀ ਖਾਣਾ ਹੀ ਕਰੋਨਾ ਮਰੀਜ਼ ਲਈ ਠੀਕ ਹੋਣ ਦਾ ਕਾਰਨ ਬਣਿਆ। ਕਰੋਨਾ ਜਿੱਥੇ ਇੱਕ ਮਹਾਂਮਾਰੀ ਹੈ, ਉੱਥੇ ਸਾਡੇ ਲਈ ਇੱਕ ਸਿੱਖਿਆ ਵੀ ਹੈ। ਅਸੀਂ ਭਟਕ ਗਏ ਹਾਂ, ਕੁਰਾਹੇ ਪੈ ਗਏ ਹਾਂ। ਗੰਦ ਖਾ ਕੇ ਗੰਦਗੀ ਫੈਲਾ ਰਹੇ ਹਾਂ। ਕੀ ਹੁਣ ਲਾਕਡਾਊਨ ਦੌਰਾਨ ਨਹੀਂ ਮਨੁੱਖ ਜਿਉਂ ਰਿਹਾ? ਚਾਰੇ ਪਾਸੇ ਪ੍ਰਦੂਸ਼ਣ ਨਹੀਂ ਰਿਹਾ, ਨੀਲਾ ਅਸਮਾਨ ਜਿਵੇਂ ਕੁਦਰਤ ਸਾਨੂੰ ਸਿਖਾ ਰਹੀ ਹੋਵੇ ਅਤੇ ਸਾਨੂੰ ਕਹਿ ਰਹੀ ਹੋਵੇ ਕਿ ਹੇ ਮਨੁੱਖ ਤੂੰ ਵੀ ਹੁਣ ਆਪਣੀ ਆਤਮਾ ਨੂੰ ਸਾਫ ਕਰ ਲੈ, ਛੱਡ ਦੇ ਫੋਕੇ ਅਡੰਬਰ।
ਸੋ ਹੁਣ ਲੋੜ ਹੈ ਆਪਣੀ ਜ਼ਿੰਦਗੀ ਜਿਊਣ ਦਾ ਤਰੀਕਾ ਬਦਲਣ ਦੀ। ਸੰਭਲ ਜਾਓ ਜੇ ਸੰਭਲਣਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਹੀ ਆਪਣੇ ਪਤਨ ਦਾ ਕਰਨ ਬਣ ਜਾਵੇਗਾ। ਮੈਂਨੂੰ ਅੱਜ ਅਮਰ ਗਿੱਲ ਦੀ ਕਰੋਨਾ ਉੱਤੇ ਜਿੱਤ ਇੱਕ ਉਲੰਪਿਕ ਖਿਡਾਰੀ ਦੇ ਵਰਡ ਰਿਕਾਰਡ ਬਣਾਉਣ ਤੋਂ ਵੀ ਵੱਡੀ ਜਾਪ ਰਹੀ ਹੈ। ਸੋ ਆਓ ਆਪਾਂ ਸਭ ਰਲਮਿਲ ਕੇ ਹਿੰਮਤ, ਹੌਸਲੇ ਨਾਲ ਸਰਕਾਰ ਦੇ ਦੱਸੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇੱਕ ਜੁੱਟ ਹੋ ਕੇ ਸਮਾਜਿਕ ਦੂਰੀ ਬਣਾ ਕੇ ਇਸ ਨਾ-ਮੁਰਾਦ ਵਾਇਰਸ ਨਾਲ ਲੜ ਕੇ ਕਰਕੇ ਜਿੱਤ ਪ੍ਰਾਪਤ ਕਰੀਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2090)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)