“ਇਸ ਤਰ੍ਹਾਂ ਦੀ ਰੋਟੀ ਖਾਣ ਲਈ ਤਾਂ ਇੰਨੇ ਕਰੋੜਾਂ ਰੁਪਏ ਕਮਾਉਣ ਦੀ ਜ਼ਰੂਰਤ ਹੀ ਨਹੀਂ ਸੀ ...”
(3 ਮਾਰਚ 2019)
ਸਰਕਾਰੀ ਨੌਕਰੀ ਦੌਰਾਨ ਜ਼ਿੰਦਗੀ ਦੇ ਕਈ ਅਜਿਹੇ ਤਜਰਬੇ ਹੋ ਰਹੇ ਹਨ, ਜਿਨ੍ਹਾਂ ਦਾ ਕਈ ਵਾਰੀ ਮੇਰੀ ਜ਼ਿੰਦਗੀ ਉੱਤੇ ਇੰਨਾ ਡੂੰਘਾ ਪ੍ਰਭਾਵ ਪੈ ਜਾਂਦਾ ਹੈ ਕਿ ਸੱਚਮੁੱਚ ਜ਼ਿੰਦਗੀ ਵਿੱਚ ਇੱਕ ਮੋੜ ਜਿਹਾ ਆ ਜਾਂਦਾ ਹੈ ਅਤੇ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਕੁਦਰਤ ਨੇ ਸਾਡੀ ਜ਼ਿੰਦਗੀ ਕਿੰਨੀ ਸਰਲ ਬਣਾਈ ਸੀ ਪਰੰਤੂ ਅਜੋਕੇ ਸਮੇਂ ਦਾ ਇਨਸਾਨ ਆਪਣੇ ਫੋਕੇ ਵਿਖਾਵੇ ਅਤੇ ਧਨ ਦੌਲਤ ਦੇ ਲਾਲਚਾਂ ਵਿੱਚ ਪੈ ਕੇ ਜ਼ਿੰਦਗੀ ਦੇ ਅਸਲੀ ਅਰਥ ਭੁਲਾ ਚੁੱਕਾ ਹੈ। ਅਸੀਂ ਆਪਣੇ ਆਪ ਨੂੰ ਬੇਲੋੜੇ ਅਡੰਬਰਾਂ ਵਿੱਚ ਫਸਾ ਲਿਆ ਹੈ। ਇੱਕ ਰੋਟੀ ਦਾ ਮਸਲਾ ਹੱਲ ਕਰਦੇ ਕਰਦੇ ਅਸੀਂ ਆਪਣੀ ਅਨਮੋਲ ਸਿਹਤ ਨੂੰ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨਸਾਨ ਪਹਿਲਾਂ ਦੌਲਤ ਕਮਾਉਣ ਖਾਤਰ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ ਤੇ ਫਿਰ ਸਿਹਤ ਬਣਾਉਣ ਖਾਤਰ ਦੌਲਤ ਖਰਾਬ ਕਰ ਲੈਂਦਾ ਹੈ। ਫਿਰ ਅਸੀਂ ਕੀ ਕਮਾਇਆ? ਇਹ ਗੱਲ ਨਹੀਂ ਸਮਝ ਲਗਦੀ।
ਬਿਜਲੀ ਮਹਿਕਮੇ ਦੀ ਡਿਊਟੀ ਕਰਦਿਆਂ ਹੋਇਆਂ ਕੁਝ ਦਿਨ ਪਹਿਲਾਂ ਮੈਂ ਇੱਕ ਫੈਕਟਰੀ ਚੈੱਕ ਕਰਨ ਗਿਆ। ਉਸ ਫੈਕਟਰੀ ਨੂੰ ਚੈੱਕ ਕਰਨ ਉਪਰੰਤ ਮੈਂ ਅਜੇ ਆਪਣੀ ਸਰਕਾਰੀ ਗੱਡੀ ਵੱਲ ਜਾ ਹੀ ਰਿਹਾ ਸੀ ਕਿ ਮੈਂਨੂੰ ਫੈਕਟਰੀ ਦੇ ਦਫਤਰ ਵਿੱਚੋਂ ਕਿਸੇ ਨੇ ਅਵਾਜ ਮਾਰੀ। ਮੈਂ ਪਿੱਛੇ ਮੁੜਦੇ ਹੋਏ ਦੇਖਿਆ ਤਾਂ ਮੇਰੇ ਡੈਡੀ ਜੀ ਦੇ ਜਮਾਤੀ, ਮੇਰੇ ਅੰਕਲ ਖੜ੍ਹੇ ਸਨ, ਜੋ ਕਿ ਇਸ ਫੈਕਟਰੀ ਦੇ ਮਾਲਕ ਸਨ। ਉਹਨਾਂ ਨੇ ਮੈਂਨੂੰ ਕਿਹਾ, “ਐਕਸੀਅਨ ਸਾਬ ਦੋ ਮਿੰਟ ਰੁਕ ਕੇ ਜਾਇਓ।”
ਮੈਂ ਰੁਕ ਗਿਆ ਤੇ ਅੰਕਲ ਵੱਲ ਵਧਿਆ। ਉਹਨਾਂ ਦੇ ਗੋਡੀਂ ਹੱਥ ਲਗਾਏ ਤੇ ਹਾਲ ਚਾਲ ਪੁੱਛਣ ਲੱਗਾ। ਅੰਕਲ ਜੀ ਮੈਂਨੂੰ ਬਾਹ ਤੋਂ ਫੜ ਕੇ ਦਫਤਰ ਵਿੱਚ ਲੈ ਗਏ। ਅਸੀਂ ਗੱਲਾਂ ਕਰਨ ਲੱਗ ਪਏ। ਸਭ ਦੀ ਖੈਰ ਖਬਰ ਪੁੱਛਣ ਦੱਸਣ ਤੋਂ ਬਾਅਦ ਮੈਂ ਅੰਕਲ ਜੀ ਤੋਂ ਇਜਾਜ਼ਤ ਮੰਗਣੀ ਚਾਹੀ। ਪਰ ਅੰਕਲ ਜੀ ਬਜਿੱਦ ਸੀ ਕਿ ਦੁਪਹਿਰ ਦਾ ਸਮਾਂ ਹੈ ਤੇਮੈਨੂੰ ਦੁਪਹਿਰ ਦਾ ਖਾਣਾ ਖਾਏ ਬਿਨਾਂ ਨੀ ਜਾਣ ਦੇਣਗੇ। ਖੈਰ ਵੱਡਿਆਂ ਦੀ ਮੰਨਣੀ ਹੀ ਪੈਂਦੀ ਹੈ। ਅਸੀਂ ਗੱਲਾਂਬਾਤਾਂ ਕਰਦੇ ਰਹੇ ਤੇ ਮੈਂ ਸੁਭਾਵਕ ਹੀ ਅੰਕਲ ਜੀ ਨੂੰ ਸਵਾਲ ਕਰ ਦਿੱਤਾ ਕਿ ਅੰਕਲ ਜੀ ਤੁਹਾਡੀ ਸਿਹਤ ਕਾਫੀ ਕਮਜ਼ੋਰ ਹੋ ਗਈ ਹੈ । ਅੱਗੋਂ ਅੰਕਲ ਜੀ ਨੇ ਜਵਾਬ ਦਿੱਤਾ, “ਕਾਕਾ ਅਸੀਂ ਹੁਣ ਬੁੱਢੇ ਹੋ ਗਏ ਹਾਂ ... ਕਈ ਬੀਮਾਰੀਆਂ ਲੱਗ ਗਈਆਂ ਹਨ।”
ਇੰਨੇ ਨੂੰ ਲਾਂਗਰੀ ਸਾਡੇ ਦੋਵਾਂ ਲਈ ਰੋਟੀ ਲੈ ਆਇਆ। ਜਦੋਂ ਮੈਂ ਰੋਟੀ ਵਾਲੀਆਂ ਥਾਲੀਆਂ ਦੇਖੀਆਂ ਤਾਂ ਮੈਂ ਦੰਗ ਰਹਿ ਗਿਆ। ਕੀ ਦੇਖਦਾਂ ਕਿ ਮੇਰੀ ਥਾਲੀ ਵਿੱਚ ਦਾਲ, ਸਬਜੀ, ਸਲਾਦ, ਚੋਪੜੀਆਂ ਰੋਟੀਆਂ ਅਤੇ ਦਹੀਂ ਸੀ। ਜਦਕਿ ਅੰਕਲ ਜੀ ਦੀ ਥਾਲੀ ਵਿੱਚ ਸਿਰਫ ਦੋ ਸੁੱਕੀਆਂ ਰੋਟੀਆਂ, ਇੱਕ ਕੌਲੀ ਵਿੱਚ ਥੋੜ੍ਹੀ ਜਿਹੀ ਮੁੰਗੀ ਦੀ ਦਾਲ ਸੀ। ਮੈਂ ਇਹ ਦੇਖ ਕੇ ਦੰਗ ਰਹਿ ਗਿਆ। ਮੇਰਾ ਮਨ ਕਰੇ ਕਿ ਹੁਣੇ ਹੀ ਇਸ ਬਾਬਤ ਗੱਲ ਕਰਾਂ। ਪਰ ਫਿਰ ਅਗਲੇ ਹੀ ਪਲ ਮੈਂ ਸੋਚਿਆ ਕਿ ਰੋਟੀ ਖਾਂਦੇ ਇਹ ਪੁੱਛਣਾ ਚੰਗਾ ਨਹੀਂ ਲੱਗਣਾ। ਸੋ ਮੈਂ ਚੁੱਪ ਵੱਟ ਗਿਆ। ਖਾਣਾ ਖਾਣ ਤੋਂ ਬਾਅਦ ਅੰਕਲ ਜੀ ਨੇ ਲਾਂਗਰੀ ਨੂੰ ਕਿਹਾ ਕਿ ਦੋ ਕੱਪ ਚਾਹ ਵੀ ਬਣਾ ਦਿਓ, ਇੱਕ ਮਿੱਠੀ ਤੇ ਇੱਕ ਫਿੱਕੀ। ਅਸੀਂ ਗੱਲਾਂਬਾਤਾਂ ਕਰਦੇ ਰਹੇ ਤੇ ਇੰਨੇ ਨੂੰ ਲਾਂਗਰੀ ਚਾਹ ਲੈ ਆਇਆ ਤੇ ਨਾਲ ਬਰਫੀ ਦੀ ਮਿਠਾਈ ਵੀ ਰੱਖ ਦਿੱਤੀ। ਅੰਕਲ ਜੀ ਨੇ ਫਿੱਕੀ ਚਾਹ ਪੀਂਦੇ ਹੋਏ ਬਰਫੀ ਮੇਰੇ ਵੱਲ ਕਰ ਦਿੱਤੀ ਅਤੇ ਕਿਹਾ, ਇਹ ਵੀ ਖਾ ਲਵੋ ਕਾਕਾ ਜੀ। ਜਦੋਂ ਮੈਂ ਅੰਕਲ ਜੀ ਨੂੰ ਕਿਹਾ ਕਿ ਪਹਿਲਾਂ ਤੁਸੀਂ ਲਵੋ ਅੰਕਲ ਜੀ, ਤਾਂ ਅੰਕਲ ਜੀ ਨੇ ਜਵਾਬ ਦਿੱਤਾ ਕਿ ਉਹ ਸ਼ੂਗਰ ਦੇ ਮਰੀਜ਼ ਹਨ, ਸੋ ਮਿੱਠਾ ਨਹੀਂ ਖਾ ਸਕਦੇ।
ਮੈਂਨੂੰ ਇਸ ਵਾਰੀ ਬਹੁਤ ਦੁੱਖ ਜਿਹਾ ਹੋਇਆ ਕਿ ਅੰਕਲ ਜੀ ਬਰਫੀ ਨਹੀਂ ਖਾ ਸਕਦੇ। ਹੁਣ ਮੇਰੇ ਕੋਲੋਂ ਰਿਹਾ ਨਹੀਂ ਗਿਆ ਤੇ ਮੈਂ ਹੌਸਲਾ ਜਿਹਾ ਕਰਦੇ ਹੋਏ ਪੁੱਛ ਹੀ ਲਿਆ, “ਅੰਕਲ ਜੀ, ਤੁਸੀਂ ਕਰੋੜਾਂ ਪਤੀ ਹੋ ਤੇ ਤੁਸੀਂ ਕੁਝ ਵੀ ਖਰੀਦ ਕੇ ਖਾ ਪੀ ਸਕਦੇ ਹੋ। ਜਿਸ ਤਰ੍ਹਾਂ ਦੀ ਰੁੱਖੀ ਸੁੱਖੀ ਰੋਟੀ ਤੁਸੀਂ ਹੁਣ ਖਾਂਦੇ ਹੋ, ਇਸ ਤਰ੍ਹਾਂ ਦੀ ਰੋਟੀ ਖਾਣ ਲਈ ਤਾਂ ਇੰਨੇ ਕਰੋੜਾਂ ਰੁਪਏ ਕਮਾਉਣ ਦੀ ਜ਼ਰੂਰਤ ਹੀ ਨਹੀਂ ਸੀ।” ਮੈਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਅੰਕਲ ਜੀ, ਇਹ ਰੁੱਖੀ ਰੋਟੀ ਹੀ ਅਗਰ ਖਾਣੀ ਸੀ ਤਾਂ ਇੰਨੇ ਪਾਪੜ ਵੇਲਣ ਦੀ ਕੀ ਜ਼ਰੂਰਤ ਸੀ। ਇਸ ਤੋਂ ਵਧੀਆਂ ਰੋਟੀ ਤਾਂ ਇੱਕ ਆਮ ਇਨਸਾਨ ਖਾ ਹੀ ਸਕਦਾ ਹੈ। ਫਿਰ ਮੈਂ ਆਪਣੇ ਡੈਡੀ ਜੀ ਦੀ ਉਦਹਾਰਨ ਅੰਕਲ ਜੀ ਨੂੰ ਦਿੱਤੀ ਕਿ ਤੁਹਾਡੇ ਜਮਾਤੀ ਮੇਰੇ ਡੈਡੀ ਜੀ ਅੱਜ ਵੀ ਰੱਜ ਕੇ ਰੋਟੀ ਖਾਂਦੇ ਹਨ ਤੇ ਦੁੱਧ-ਘਿਉ ਖਾਂਦੇ ਪੀਂਦੇ ਹਨ, ਕਈ ਵਾਰ ਤਾਂ ਘਰ ਆਈ ਮਿਠਾਈ ਵੀ ਸਾਰੀ ਦੀ ਸਾਰੀ ਛਕ ਜਾਂਦੇ ਹਨ ਅਤੇ ਹਰ ਰੋਜ਼ ਸਵੇਰੇ ਉੱਠ ਕੇ ਸੈਰ ਕਰਦੇ, ਦੌੜਦੇ ਹਨ। ਜਦੋਂ ਕਿ ਤੁਹਾਡੀ ਦੋਵਾਂ ਦੀ ਉਮਰ ਬਰਾਬਰ ਹੀ ਹੈ। ਅੰਕਲ ਜੀ ਕੁਝ ਸੋਚਣ ਲੱਗੇ ਤੇ ਫਿਰ ਅਗਲੇ ਹੀ ਪਲ ਉਨ੍ਹਾਂ ਬਹੁਤ ਹੀ ਵਧੀਆ ਜਵਾਬ ਦਿੱਤਾ, “ਪੁੱਤਰਾ, ਤੇਰੇ ਬਾਪੂ ਨੇ ਜ਼ਿੰਦਗੀ ਜਿਉਈ ਹੈ ਅਸੀਂ ਤਾਂ ਬਸ ਮਾਇਆ ਇਕੱਠੀ ਕਰਨ ਲੱਗੇ ਰਹੇ। ਆਹ ਦੇਖਲੈ ਛੱਤੀ ਰੋਗ ਲਵਾ ਲਏ ਸਰੀਰ ਨੂੰ, ਹੁਣ ਮਗਰਲੀ ਉਮਰੇ ਪਤਾ ਲਗਦੈ ਜਦੋਂ ਸਰੀਰ ਜਵਾਬ ਦੇਣ ਲੱਗ ਗਿਆ।”
ਅੰਕਲ ਜੀ ਦੀ ਹਾਲਤ ਦੇਖ ਕੇ ਮੈਂ ਇਹਨਾਂ ਦੀ ਤੁਲਨਾ ਆਪਣੇ ਡੈਡੀ ਜੀ ਨਾਲ ਜਦੋਂ ਕਰਨ ਲੱਗਾ ਤਾਂ ਮੈਂਨੂੰ ਮੇਰੇ ਡੈਡੀ ਜੀ ਦਾ ਪਲੜਾ ਭਾਰੀ ਲੱਗ ਰਿਹਾ ਸੀ । ਇਸ ਕਰਕੇ ਨਹੀਂ ਕਿ ਉਹ ਮੇਰੇ ਡੈਡੀ ਜੀ ਹਨ ਬਲਕਿ ਇਸ ਕਰਕੇ ਕਿ ਉਨ੍ਹਾਂ ਦੀ ਸਿਹਤ ਅੰਕਲ ਜੀ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀਆ ਹੈ, ਅਤੇ ਉਹ ਅੱਜ ਵੀ ਵਧੀਆ ਖਾ ਪੀ ਅਤੇ ਹੰਢਾ ਕੇ ਬਿਹਤਰ ਜ਼ਿੰਦਗੀ ਜੀ ਰਹੇ ਹਨ।
ਇਨਸਾਨ ਧਰਤੀ’ ਤੇ ਜਨਮ ਲੈਂਦਾ ਹੈ ਅਤੇ ਜਨਮ ਤੋਂ ਮਰਨ ਤੱਕ ਇਹੀ ਤਮੰਨਾ ਰਹਿੰਦੀ ਹੈ ਕਿ ਲੰਮੀ ਅਤੇ ਸਿਹਤਮੰਦ ਜੀਵਨ ਜੀਵੇ। ਅੰਕਲ ਜੀ ਦੀ ਗੱਲਾਂ ਸੁਣ ਕੇ ਅੱਜ ਮੈਂਨੂੰ ਮੇਰੇ ਡੈਡੀ ਜੀ ਵੱਧ ਅਮੀਰ ਲੱਗ ਰਹੇ ਸੀ ਭਾਵੇਂ ਕਿ ਉਨ੍ਹਾਂ ਕੋਲ ਕਰੋੜਾਂ ਰੁਪਏ ਨਹੀਂ ਹਨ ਪਰ ਬਹੁਤ ਅਨਮੋਲ ਤੇ ਵਧੀਆ ਸਿਹਤ ਹੈ ਅਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਉਪਰੰਤ ਮੈਂ ਅੰਕਲ ਜੀ ਤੋਂ ਇਜਾਜ਼ਤ ਲਈ ਤੇ ਆਪਣੇ ਸਰਕਾਰੀ ਵਹੀਕਲ ਵਿੱਚ ਬੈਠ ਕੇ ਅਗਲੀ ਫੈਕਟਰੀ ਚੈੱਕ ਕਰਨ ਲਈ ਟੁਰ ਪਿਆ। ਪਰ ਜਾਂਦੇ ਜਾਂਦੇ ਕਰੋੜ ਪਤੀ ਅਮੀਰ ਅੰਕਲ ਜੀ ਬਾਰੇ ਸੋਚ ਕੇ ਤਾਂ ਮੈਂਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਿਕੰਦਰ ਦੇ ਹੱਥ ਤਾਂ ਅੱਜ ਵੀ ਖਾਲੀ ਹਨ।
ਸਭ ਨੂੰ ਪਤਾ ਹੈ ਕਿ ਅਸੀਂ ਸਭ ਕੁਝ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਪਰ ਫਿਰ ਵੀ ਅਸੀਂ ਇਸ ਮਾਇਆ ਨੂੰ ਇਕੱਠੀ ਕਰਦੇ ਕਰਦੇ ਆਪਣੇ ਆਪ ਨੂੰ ਐਸ਼ੋ ਆਰਾਮ ਦੇ ਚੱਕਰਾਂ ਵਿੱਚ ਫਸਾ ਕੇ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਤਾਂ ਇੱਕ ਦਿਨ ਜਾਣਾ ਵੀ ਹੈ। ਅਸੀਂ ਮੁਸਾਫਿਰ ਹੋ ਕੇ ਮੁਸਾਫਿਰਖਾਨੇ ਦੇ ਮਾਲਕ ਬਣਨ ਦੀ ਕੋਸ਼ਿਸ਼ ਵਿੱਚ ਜ਼ਿੰਦਗੀ ਜਿਉਣ ਦਾ ਅਸਲ ਸੁਆਦ ਹੀ ਗੁਆ ਬੈਠੇ ਹਾਂ ਜਦ ਕਿ ਇਸ ਮੁਸਾਫਿਰਖਾਨੇ ਵਿੱਚ ਸਾਡਾ ਟਿਕਾਣਾ ਆਰਜ਼ੀ ਹੈ। ਸਿਕੰਦਰ ਵੀ ਖਾਲੀ ਹੱਥੀਂ ਇਸ ਸੰਸਾਰ ਤੋਂ ਗਿਆ ਸੀ ਅਤੇ ਅਸੀਂ ਵੀ ਚਲੇ ਜਾਣਾ ਹੈ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1497)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)