“ਕੋਈ ਜ਼ਾਲਿਮ ਇਨਸਾਨ ਬੁੱਲਡੋਜ਼ਰ ਨਾਲ ਤੇਰੇ ਘਰ ਨੂੰ ਢਹਿ-ਢੇਰੀ ਕਰ ਦੇਵੇ ਤੇ ਤੇਰੇ ਬੱਚੇ ਨੂੰ ...”
(15 ਨਵੰਬਰ 2021)
ਰੋਜ਼ਾਨਾ ਮੈਂ ਸਵੇਰੇ ਛੇ ਕੁ ਵਜੇ ਸੈਰ ਕਰਨ ਲਈ ਨਿੱਕਲ ਪੈਂਦਾ ਹਾਂ। ਮੈਂ ਹਰ ਰੋਜ਼ ਆਪਣੇ ਘਰ ਦੇ ਕੋਲ ਖਾਲੀ ਪਏ ਇੱਕ ਪਲਾਟ ਵਿੱਚ ਆਪੇ ਉੱਗੇ ਬੇਰੀ ਦੇ ਦਰਖਤ ’ਤੇ ਵੰਨ ਸੁਵੰਨੇ ਪੰਛੀਆਂ ਨੂੰ ਦੇਖ ਕੇ ਅਤੇ ਉਨ੍ਹਾਂ ਦੀ ਚਹਿਚਹਾਟ ਸੁਣ ਕੇ ਕੁਦਰਤ ਦਾ ਸ਼ੁਕਰਾਨਾ ਕਰਦਾ ਹਾਂ। ਉਸ ਬੇਰੀ ਦੇ ਕੰਡਿਆਂ ਵਿੱਚ ਮੈਂਨੂੰ ਜੀਵਨ ਜਿਊਣ ਦੀ ਸ਼ੁਰੂਆਤ ਅਤੇ ਕੁਦਰਤ ਦੀ ਰੁਹਾਨੀਅਤ ਅਕਸਰ ਵੇਖਣ ਨੂੰ ਮਿਲਦੀ। ਇਹ ਨਜ਼ਾਰਾ ਦੇਖ ਕੇ ਮੇਰਾ ਮਨ ਖੁਸ਼ ਹੋ ਜਾਂਦਾ। ਇਸ ਬੇਰੀ ਦੇ ਦਰਖਤ ਉੱਤੇ ਬਿਜੜੇ ਅਤੇ ਬੁਲਬੁਲ ਦੇ ਆਲ੍ਹਣੇ ਸਨ। ਬਿਜੜੇ ਵਰਗਾ ਸਿਆਣਾ ਪੰਛੀ ਅਕਸਰ ਆਪਣਾ ਆਹਲਣਾ ਬੇਰੀ ਦੇ ਦਰਖਤ ਜਾਂ ਕਿਸੇ ਹੋਰ ਉੱਚੇ ਦਰਖਤ ਉੱਤੇ ਮਨੁੱਖ ਜਾਂ ਸ਼ਿਕਾਰੀ ਪੰਛੀ ਦੀ ਪਹੁੰਚ ਤੋਂ ਦੂਰ ਬਣਾਉਂਦਾ ਹੈ। ਕਈ ਵਾਰ ਮੈਂ ਛੁੱਟੀ ਵਾਲੇ ਦਿਨ ਆਣੇ ਬੇਟੇ ਨਾਲ ਇਸ ਬੇਰੀ ਦੇ ਦਰਖਤ ਕੋਲ ਜਾ ਕੇ ਨੇੜੇ ਤੋਂ ਬਿਜੜੇ ਅਤੇ ਬੁਲਬੁਲ ਦੇ ਆਹਲਣਿਆਂ ਨੂੰ ਦੇਖਦਾ ਰਹਿੰਦਾ ਅਤੇ ਆਪਣੇ ਬੇਟੇ ਨੂੰ ਮੋਢੇ ’ਤੇ ਬਿਠਾ ਕੇ ਉਸ ਨੂੰ ਨੇੜੇ ਤੋਂ ਆਹਲਣੇ ਦਿਖਾਉਂਦਾ। ਮੇਰਾ ਬੇਟਾ ਵੀ ਇਹਨਾਂ ਆਹਲਣਿਆਂ ਨੂੰ ਦੇਖ ਕੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕਰਦਾ, ਜਿਨ੍ਹ ਦੇ ਉੱਤਰ ਦੇਣਾ ਮੈਂਨੂੰ ਬਹੁਤ ਚੰਗਾ ਲਗਦਾ। ਇੱਕ ਦਿਨ ਬੇਟੇ ਨੇ ਮੈਂਨੂੰ ਪੱਛਿਆ ਕਿ ਪਾਪਾ ਕੀ ਇਹ ਪੰਛੀਆਂ ਦੇ ਬੋਟ ਆਹਲਣੇ ਵਿੱਚੋਂ ਡਿਗਦੇ ਤਾਂ ਨਹੀਂ? ਮੈਂ ਉਸ ਨੂੰ ਝੱਟ ਕਿਹਾ ਕਿ ਬੇਟੇ, ਇਹ ਬੋਟ ਬਹੁਤ ਸਿਆਣੇ ਹੁੰਦੇ ਹਨ ਆਪਣੇ ਆਹਲਣੇ ਤੋਂ ਬਾਹਰ ਨਹੀਂ ਜਾਂਦੇ ਹਨ।
ਇਸੇ ਤਰ੍ਹਾਂ ਜੀਵਨ ਦਾ ਚੱਕਰ ਚਲਦਾ ਰਿਹਾ। ਇੱਕ ਦਿਨ ਮੈਂ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਜਦੋਂ ਉਸ ਖਾਲੀ ਪਲਾਟ ਕੋਲ ਲੰਘਦੇ ਹੋਏ ਬੇਰੀ ਦੇ ਦਰਖਤ ਵੱਲ ਦੇਖਿਆ ਤਾਂ ਉਹ ਬੇਰੀ ਦਾ ਦਰਖਤ ਉੱਥੇ ਨਹੀਂ ਸੀ। ਸਗੋਂ ਬੇਰੀ ਦਾ ਦਰਖਤ ਕੱਟ-ਵੱਢ ਕੇ ਤਹਿਸ ਨਹਿਸ ਕਰਕੇ ਪਲਾਟ ਵਿੱਚ ਖਿੰਡਾਇਆ ਪਇਆ ਸੀ। ਨਜ਼ਦੀਕ ਜਾ ਕੇ ਦੇਖਿਆ ਤਾਂ ਬੇਰੀ ਦੇ ਦਰਖਤ ਦਾ ਮੁੱਖ ਤਣਾ ਕੱਟਿਆ ਪਿਆ ਸੀ ਅਤੇ ਟਾਹਣੀਆਂ ਇੱਕ ਪਾਸੇ ਪਈਆਂ ਸਨ। ਉਹ ਬਿਜੜਿਆਂ ਦੇ ਆਹਲਣੇ ਜਿਨ੍ਹਾਂ ਵਿੱਚ ਸਾਰਾ ਦਿਨ ਬਿਜੜਿਆਂ ਦੇ ਬੱਚੇ ਚੀਂ ਚੀਂ ਕਰਦੇ ਰੌਲਾ ਪਾਉਂਦੇ ਸਨ, ਭੁੰਝੇ ਡਿਗੇ ਪਏ ਸਨ ਅਤੇ ਇਹਨਾਂ ਆਹਲਣਿਆਂ ਵਿੱਚਲੇ ਅੰਡੇ ਫੁੱਟੇ ਪਏ ਸਨ। ਕੋਈ ਵੀ ਪੰਛੀ ਚਹਿ-ਚਹਾ ਨਹੀਂ ਰਿਹਾ ਸੀ। ਸਗੋਂ ਇੱਕ ਵੱਖਰਾ ਜਿਹਾ ਸੰਨਾਟਾ ਸੀ। ਇੰਨੇ ਨੂੰ ਮੇਰੀ ਨਜ਼ਰ ਬੁਲਬੁਲ ਦੇ ਡਿਗੇ ਪਏ ਆਹਲਣੇ ’ਤੇ ਪਈ, ਜਿਸਦੇ ਬਿਲਕੁਲ ਕੋਲ ਹੀ ਬੁਲਬੁਲ ਦਾ ਇੱਕ ਬੋਟ ਮਰਿਆ ਪਿਆ ਸੀ। ਇਸ ਬੋਟ ਨੂੰ ਕੀੜੀਆਂ ਲੱਗ ਚੁੱਕੀਆਂ ਸਨ। ਇਹ ਬੁਲਬੁਲ ਦਾ ਬੋਟ ਕੰਡਿਆਂ ਵਿੱਚ ਫਸ ਕੇ ਹੇਠਾਂ ਡਿਗਣ ਕਾਰਨ ਜਾਂ ਭੁੱਖ-ਪਿਆਸ ਨਾਲ ਮਰ ਚੁੱਕਾ ਸੀ। ਮੈਂ ਜਦੋਂ ਕੁਝ ਦਿਨ ਪਹਿਲਾਂ ਇਸ ਆਹਲਣੇ ਨੂੰ ਦੇਖਿਆ ਸੀ ਤਾਂ ਇਸ ਵਿੱਚ ਬੁਲਬੁਲ ਦੇ ਦੋ ਬੋਟ ਸਨ। ਦੂਸਰਾ ਬੋਟ ਮੈਂਨੂੰ ਕਿਧਰੇ ਵੀ ਨਜ਼ਰ ਨਹੀਂ ਆਇਆ। ਮੈਂ ਮਨ ਹੀ ਮਨ ਅੰਦਾਜ਼ਾ ਲਗਾਇਆ ਕਿ ਮਨਾਂ ਹੋ ਸਕਦਾ ਦੂਸਰੇ ਬੋਟ ਨੂੰ ਬੁਲਬੁਲ ਮਾਪੇ ਬਚਾ ਕੇ ਲੈ ਗਏ ਹੋਣ।
ਇਹ ਸਭ ਦੇਖ ਕੇ ਮੈਂਨੂੰ ਡੂੰਘਾ ਸਦਮਾ ਲੱਗਾ। ਅੰਦਰ ਹੀ ਅੰਦਰ ਮੇਰੇ ਦਿਲ ਵਿੱਚ ਜਿਵੇਂ ਚੀਕਾਂ ਨਿੱਕਲ ਰਹੀਆਂ ਸਨ। ਮੈਂ ਦੁਖੀ ਹੋਇਆ ਗੇਟ ਕੀਪਰ ਕੋਲ ਗਿਆ ਤਾਂ ਉਸਨੇ ਮੈਂਨੂੰ ਦੱਸਿਆ ਕਿ ਇਸ ਪਲਾਟ ਦੇ ਮਾਲਕ ਨੇ ਇਸ ਬੇਰੀ ਦੇ ਦਰਖਤ ਨੂੰ ਕੱਲ੍ਹ ਸ਼ਾਮ ਹੀ ਕੱਟਿਆ ਹੈ। ਗੇਟ ਕੀਪਰ ਤੋਂ ਮੈਂ ਪਲਾਟ ਦੇ ਮਾਲਕ ਬਾਰੇ ਪੁੱਛਿਆ ਤਾਂ ਉਸਨੇ ਮੈਂਨੂੰ ਪਲਾਟ ਮਾਲਕ ਦਾ ਨਾਮ ਦੱਸ ਦਿੱਤਾ। ਮੇਰਾ ਮਨ ਦੁਖੀ ਸੀ, ਮੈਂ ਵਾਪਸ ਘਰ ਨੂੰ ਮੁੜ ਆਇਆ।
ਮੇਰੇ ਮਨ ਵਿੱਚ ਬੇਰੀ ਦੇ ਦਰਖਤ ਨੂੰ ਕੱਟੇ ਜਾਣ ਦਾ ਜਿੱਥੇ ਅਥਾਹ ਦੁੱਖ ਸੀ ਉੱਥੇ ਬੇਰੀ ਦੇ ਦਰਖਤ ਨੂੰ ਕੱਟਣ ਵਾਲੇ ’ਤੇ ਵੀ ਗੁੱਸਾ ਸੀ। ਮੈਂ ਦੁਖੀ ਮਨ ਨਾਲ ਦਫਤਰ ਨੂੰ ਜਾਣ ਲਈ ਤਿਆਰ ਹੋਣ ਲੱਗ ਗਿਆ। ਦਫਤਰ ਨੂੰ ਜਾਂਦਾ ਹੋਇਆ ਮੈਂ ਕਿਸੇ ਜਾਣਕਾਰ ਤੋਂ ਪਲਾਟ ਦੇ ਮਾਲਕ ਦਾ ਮੋਬਾਇਲ ਨੰਬਰ ਲੈ ਗਿਆ ਅਤੇ ਉਸ ਭੱਦਰ ਪੁਰਸ਼ ਨੂੰ ਫੋਨ ਮਿਲਾਇਆ ਤੇ ਉਸ ਨੂੰ ਬੇਨਤੀ ਪੂਰਵਕ ਮੈਂ ਬੇਰੀ ਦੇ ਦਰਖਤ ਨੂੰ ਕੱਟਣ ਦਾ ਸਵਾਲ ਕੀਤਾ। ਮੇਰੇ ਸ਼ਬਦਾਂ ਵਿੱਚ ਭਾਵੇਂ ਨਰਮੀ ਸੀ ਪਰ ਮੇਰੀ ਆਵਾਜ਼ ਵਿੱਚ ਬਹੁਤ ਰੰਜ ਅਤੇ ਗੁੱਸਾ ਸੀ। ਉਸ ਬੇਰੀ ਦੇ ਦਰਖਤ ਨੂੰ ਕੱਟਣ ਵਾਲੇ ਭੱਦਰ ਪੁਰਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸਨੇ ਇਹ ਪਲਾਟ ਖਰੀਦਿਆ ਹੈ ਅਤੇ ਸਫਾਈ ਪੱਖੋਂ ਉਸਨੇ ਇਹ ਬੇਰੀ ਦਾ ਦਰਖਤ ਕੱਟ ਦਿੱਤਾ ਹੈ। ਉਸਨੇ ਆਖਿਆ, “ਬੇਰੀ ਤਾਂ ਕੰਡਿਆਂ ਦਾ ਘਰ ਹੈ ਜੀ, ਇਸਦੇ ਕਿਹੜਾ ਪਿਉਂਦੀ ਬੇਰ ਲੱਗਣੇ ਸੀ। ਇਹ ਤਾਂ ਦੇਸੀ ਬੇਰੀ ਸੀ, ਇਸਦਾ ਕੀ ਫਾਇਦਾ? ਐਵੇਂ ਲੋਕਾਂ ਦੇ ਕੰਡੇ ਹੀ ਲੱਗਣੇ ਸੀ।” ਉਸ ਵਿਅਕਤੀ ਨੇ ਇਹ ਵੀ ਕਿਹਾ, “ਮੈਂ ਇਸ ਪਲਾਟ ਦਾ ਮਾਲਕ ਹਾਂ, ਚਾਹੇ ਇਹ ਦਰਖਤ ਵੱਢਾਂ, ਚਾਹੇ ਰੱਖਾਂ, ਮੇਰੀ ਮਰਜ਼ੀ।”
ਮੈਂ ਉਸ ਭੱਦਰ ਪੁਰਸ਼ ਨੂੰ ਪ੍ਰਸ਼ਨ ਕੀਤਾ, “ਕੀ ਇਹ ਬੇਰੀ ਦਾ ਦਰਖਤ ਉਸਨੇ ਲਗਾਇਆ ਸੀ?”
ਉਸ ਕੋਲ ਕੋਈ ਉੱਤਰ ਨਹੀਂ ਸੀ। ਉਹਨੇ ਕਿਹਾ, “ਮੈਂ ਅਗਲੇ ਸਾਲ ਇਸ ਪਲਾਟ ਵਿੱਚ ਘਰ ਪਾਉਣਾ ਹੈ, ਇਸ ਕਰਕੇ ਇਹ ਦਰਖਤ ਵੱਢਿਆ ਹੈ।”
ਮੈਂ ਉਸ ਨੂੰ ਫੇਰ ਕਿਹਾ, “ਤੁਸੀਂ ਘਰ ਤਾਂ ਅਗਲੇ ਸਾਲ ਪਾਉਣਾ ਹੈ ਤੇ ਬੇਰੀ ਦਾ ਦਰਖਤ ਹੁਣੇ ਕਿਉਂ ਵੱਢ ਦਿੱਤਾ?”
ਉਸ ਕੋਲ ਫੇਰ ਕੋਈ ਚੱਜ ਦਾ ਉੱਤਰ ਨਹੀਂ ਸੀ। ਅੰਤ ਵਿੱਚ ਮੈਂ ਉਸ ਨੂੰ ਨਿਮਰਤਾ ਨਾਲ ਇੱਕ ਬਹੁਤ ਚੁੱਭਵੀ ਗੱਲ ਆਖੀ ਜੋ ਕਿ ਉਸ ਨੂੰ ਬਹੁਤ ਬੁਰੀ ਲੱਗੀ ਹੋਵੇਗੀ। ਮੈਂ ਉਸ ਨੂੰ ਕਿਹਾ ਵੀਰ ਮੇਰੀ ਇੱਕ ਗੱਲ ਦਾ ਉੱਤਰ ਦੇ, ਫਰਜ਼ ਕਰੋ ਤੇਰੀ ਘਰਵਾਲੀ ਕੋਲ ਬੱਚਾ ਹੋਇਆ ਹੋਵੇ ਤੇ ਜਦੋਂ ਬੱਚਾ ਹਫਤੇ ਕੁ ਦਾ ਹੋਵੇ ਤੇ ਕੋਈ ਜ਼ਾਲਿਮ ਇਨਸਾਨ ਬੁੱਲਡੋਜ਼ਰ ਨਾਲ ਤੇਰੇ ਘਰ ਨੂੰ ਢਹਿ-ਢੇਰੀ ਕਰ ਦੇਵੇ ਤੇ ਤੇਰੇ ਬੱਚੇ ਨੂੰ ਕੁਚਲ ਕੇ ਮਾਰ ਦੇਵੇ ਤਾਂ ਤੂੰ ਕੀ ਕਰੇਂਗਾ?”
ਉਸਨੇ ਗੁੱਸੇ ਨਾਲ ਮੈਂਨੂੰ ਕਿਹਾ , “ਐਕਸੀਅਨ ਸਾਹਿਬ, ਤੁਸੀਂ ਇੰਨਾ ਸਖਤ ਨਾ ਬੋਲੋ, ਮੈਂ ਇੱਡਾ ਕੋਈ ਕਤਲ ਤਾਂ ਨੀ ਕਰਤਾ?”
ਮੈਂ ਉਸ ਨੂੰ ਦੱਸਿਆ, “ਇਸ ਬੇਰੀ ਦੇ ਦਰਖਤ ’ਤੇ ਕਿੰਨੇ ਹੀ ਪੰਛੀਆਂ ਦੇ ਬੋਟ ਆਹਲਣਿਆ ਵਿੱਚ ਰਹਿ ਰਹੇ ਸਨ, ਜਿਨ੍ਹਾਂ ਨੂੰ ਤੂੰ ਮਾਰ ਦਿੱਤਾ ਹੈ। ਇੱਕ ਬੋਟ ਦੀ ਤਾਂ ਲੋਥ ਵੀ ਅਜੇ ਤਕ ਕੱਟੇ ਦਰਖਤ ਦੇ ਕੋਲ ਪਈ ਹੈ।” ਇਨ੍ਹਾਂ ਕਹਿੰਦੇ ਹੀ ਮੈਂ ਗੁੱਸੇ ਵਿੱਚ ਫੋਨ ਕੱਟ ਦਿੱਤਾ। ਇਹ ਸਭ ਦੇਖ ਕੇ ਮੇਰਾ ਮਨ ਬਹੁਤ ਦਿਨ ਦੁਖੀ ਅਤੇ ਪ੍ਰੇਸ਼ਾਨ ਹੋਇਆ। ਖੈਰ ਸਮਾਂ ਸਾਰੇ ਦੁੱਖਾਂ ਤਕਲੀਫਾਂ ਦੀ ਦਾਰੂ ਹੁੰਦਾ ਹੈ। ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਫਿਰ ਵਿਅਸਥ ਹੋ ਗਿਆ।
ਹੁਣ ਮੈਂ ਸਵੇਰੇ ਸੈਰ ਕਰ ਲੱਗਿਆਂ ਉਸ ਖਾਲੀ ਪਲਾਟ ਕੋਲ ਦੀ ਨਹੀਂ ਸੀ ਲੰਘਦਾ। ਸਮਾਂ ਬੀਤਣ ’ਤੇ ਕੁਝ ਮਹੀਨਿਆਂ ਬਾਅਦ ਮੈਂ ਉਸੇ ਕੱਟੇ ਹੋਏ ਦਰਖਤ ਵਿੱਚੋਂ ਫੁੱਟੀਆਂ ਹੋਈਆਂ ਟਾਹਣੀਆਂ ਨੂੰ ਫਿਰ ਤੋਂ ਦਰਖਤ ਬਣਦੇ ਦੇਖਿਆ। ਪਰ ਮਨ ਵਿੱਚ ਕਿਤੇ ਇੱਕ ਹੌਲ ਜਿਹਾ ਉੱਠਦਾ ਸੀ ਕਿ ਜਦੋਂ ਇਹ ਟਾਹਣੀਆਂ ਫੁੱਟਦੀਆਂ ਹੋਈਆਂ ਦਰਖਤ ਬਣ ਗਈਆਂ ਤਾਂ ਇਸ ਪਲਾਟ ਦਾ ਮਾਲਕ ਇਸ ਬੇਰੀ ਦੇ ਦਰਖਤ ਨੂੰ ਫੇਰ ਕੱਟ ਵੱਢ ਦੇਵੇਗਾ।
ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਮੈਂ ਦੇਖਿਆ ਕਿ ਉਸ ਖਾਲੀ ਪਲਾਟ ਵਿੱਚ ਕੋਈ ਵੀ ਨਵਾਂ ਮਕਾਨ ਬਣਨਾ ਸ਼ੁਰੂ ਨਹੀਂ ਹੋਇਆ। ਪਤਾ ਚੱਲਿਆ ਕਿ ਉਸ ਬੇਰੀ ਦੇ ਦਰਖਤ ਨੂੰ ਕੱਟਣ ਵਾਲੇ ਭੱਦਰ ਪੁਰਸ਼ ਨੇ ਇਹ ਪਲਾਟ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਹੈ। ਜਿਸ ਵਿਅਕਤੀ ਨੂੰ ਇਹ ਖਾਲੀ ਪਿਆ ਪਲਾਟ ਵੇਚਿਆ ਗਿਆ ਹੈ, ਉਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇੱਕ ਦਿਨ ਸ਼ਾਮ ਨੂੰ ਮੈਂ ਉਸ ਨਵੇਂ ਪਲਾਟ ਮਾਲਕ ਨੂੰ ਮਿਲਣ ਲਈ ਉਸਦੀ ਦੁਕਾਨ ’ਤੇ ਚਲਿਆ ਗਿਆ ਤੇ ਬੇਰੀ ਦੇ ਦਰਖਤ ਨੂੰ ਵੱਢਣ, ਆਹਲਣੇ ਧਰਤੀ ’ਤੇ ਡਿਗਣ ਅਤੇ ਬੋਟ ਮਰਨ ਬਾਰੇ ਸਾਰੀ ਕਹਾਣੀ ਦੱਸ ਕੇ ਬੇਨਤੀ ਕੀਤੀ ਕਿ ਜਦੋਂ ਵੀ ਤੁਸੀਂ ਉਸ ਖਾਲੀ ਪਲਾਟ ਵਿੱਚ ਘਰ ਬਣਾਉਣਾ ਹੋਇਆ, ਉਸ ਬੇਰੀ ਦੇ ਦਰਖਤ ਉੱਤੇ ਪਾਏ ਆਹਲਣਿਆਂ ਬਾਰੇ ਜ਼ਰੂਰ ਸੋਚ ਲੈਣਾ। ਉਸ ਪਲਾਟ ਦੇ ਨਵੇਂ ਮਾਲਕ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਵੀ ਉਹ ਉਸ ਖਾਲੀ ਪਲਾਟ ਵਿੱਚ ਉਸਾਰੀ ਕਰਨ ਬਾਰੇ ਵਿਚਾਰ ਕਰੇਗਾ ਤਾਂ ਮੇਰੀ ਕੀਤੀ ਬੇਨਤੀ ’ਤੇ ਜ਼ਰੂਰ ਗੌਰ ਕਰੇਗਾ। ਇਹ ਸੁਣ ਕੇ ਮੇਰੇ ਮਨ ਵਿੱਚ ਬਹੁਤ ਖੁਸ਼ੀ ਹੋਈ।
ਸਮਾਂ ਬੀਤਣ ਨਾਲ ਹੁਣ ਦੁਬਾਰਾ ਫੇਰ ਉਹ ਬੇਰੀ ਦਾ ਬੂਟਾ ਦਰਖਤ ਦਾ ਰੂਪ ਲੈ ਰਿਹਾ ਹੈ ਅਤੇ ਇਸ ਬੇਰੀ ਦੇ ਦਰਖਤ ’ਤੇ ਕੁਝ ਪਰਿੰਦਿਆਂ ਨੇ ਫਿਰ ਤੋਂ ਆਹਲਣੇ ਬਣਾ ਲਏ ਹਨ। ਭਾਵੇਂ ਕਿ ਇਹ ਬੇਰੀ ਦਾ ਬੂਟਾ ਅਜੇ ਛੋਟਾ ਹੈ ਪਰ ਇਸ ਬੇਰੀ ਦੇ ਬੂਟੇ ਤੇ ਫੇਰ ਤੋਂ ਸਵੇਰੇ ਸ਼ਾਮ ਪੰਛੀ ਚਹਿ-ਚਹਾਉਂਦੇ ਹਨ। ਹੁਣ ਮੈਂ ਫੇਰ ਸਵੇਰੇ ਇਸ ਖਾਲੀ ਪਲਾਟ ਕੋਲ ਦੀ ਜਦੋਂ ਲੰਘਦਾ ਹਾਂ ਤਾਂ ਮੇਰੇ ਮਨ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਹੈ। ਮੈਂ ਅਕਸਰ ਸੋਚਦਾ ਹਾਂ ਕਿ ਮਨਾਂ ਇਹ ਧਰਤੀ ਇਹਨਾਂ ਪੰਛੀਆਂ, ਪਰਿੰਦਿਆਂ ਦੀ ਵੀ ਹੈ, ਇਹ ਬੇਚਾਰੇ ਕਿੱਥੇ ਜਾਣ। ਇਨਸਾਨ ਆਪਣੇ ਘਰ ਵਸਾਉਣ ਲਈ ਪੰਛੀਆਂ, ਪਰਿੰਦਿਆਂ ਦੇ ਘਰਾਂ ਨੂੰ ਉਜਾੜ ਰਿਹਾ ਹੈ। ਇਹ ਕਿੱਧਰ ਦੀ ਇਨਸਾਨੀਅਤ ਹੈ ਕਿ ਆਪਣਾ ਘਰ ਵਸਾਉਣ ਲਈ ਕਿਸੇ ਹੋਰ ਦਾ ਘਰ ਉਜਾੜਿਆ ਜਾਵੇ। ਆਖਿਰ ਇਹ ਪੰਛੀ-ਪਰਿੰਦੇ ਕਿੱਥੇ ਜਾਣ? ਇਹ ਧਰਤੀ ਜਿਵੇਂ ਸਾਡੀ ਹੈ ਉਸੇ ਤਰ੍ਹਾਂ ਇਹਨਾਂ ਜਾਨਵਰਾਂ, ਪੰਛੀਆਂ, ਪਰਿੰਦਿਆਂ ਦੀ ਵੀ ਹੈ।
ਮੇਰਾ ਇਹ ਪ੍ਰਸ਼ਨ ਅੱਜ ਦੇ ਸਮੁੱਚੇ ਵਿਕਾਸਸ਼ੀਲ ਇਨਸਾਨ ਲਈ ਹੈ ਜੋ ਕਿ ਵਿਕਾਸ ਦੇ ਨਾਮ ’ਤੇ ਜੰਗਲਾਂ ਨੂੰ ਕੱਟ ਰਿਹਾ ਹੈ ਅਤੇ ਜਾਨਵਰਾਂ ਦੇ ਰੈਣ ਵਸੇਰੇ ਨੂੰ ਉਜਾੜ ਕੇ ਆਪਣੀਆਂ ਕਲੋਨੀਆਂ ਬਣਾ ਰਿਹਾ ਹੈ। ਇਨਸਾਨ ਬੇਸ਼ਕ ਕਿੰਨਾ ਵੀ ਵਿਕਸਤ ਹੋ ਜਾਵੇ ਪਰ ਜਾਨਵਰਾਂ ਅਤੇ ਪੰਛੀਆਂ ਦੀ ਅਣਹੋਂਦ ਵਿੱਚ ਮਨੁੱਖੀ ਜੀਵਨ ਦਾ ਵਿਕਾਸ ਨਹੀਂ ਕਰ ਪਾਏਗਾ। ਸੋ ਆਓ ਇਹਨਾਂ ਪੰਛੀਆਂ, ਜਾਨਵਰਾਂ ਦੀ ਪੁਕਾਰ ਨੂੰ ਸੁਣੀਏ ਅਤੇ ਇਹਨਾਂ ਨੂੰ ਵੀ ਇਸ ਧਰਤੀ ’ਤੇ ਜਿਉਂਦੇ ਰਹਿਣ ਲਈ ਬਣਦਾ ਮਾਹੌਲ ਪ੍ਰਦਾਨ ਕਰਕੇ ਆਪਣਾ ਫਰਜ਼ ਨਿਭਾਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3147)
(ਸਰੋਕਾਰ ਨਾਲ ਸੰਪਰਕ ਲਈ: