“ਉਹ ਪਟਿਆਲੇ ਦਾ ਹਸਪਤਾਲ ਬਹੁਤ ਹੀ ... ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ। ਵਧੀਆ ਹੋਇਆ ਤੁਸੀਂ ...”
(25 ਨਵੰਬਰ 2023)
ਇਸ ਸਮੇਂ ਪਾਠਕ:385.
ਮੈਂ ਉਸ ਰਾਤ ਦਸ ਕੁ ਵਜੇ ਸੌਂ ਗਿਆ ਸੀ। ਗੂੜ੍ਹੀ ਨੀਂਦ ਸੁੱਤੇ ਪਏ ਨੂੰ ਛੋਟੇ ਭਰਾ ਨੇ ਜਗਾਇਆ ਤੇ ਦੱਸਿਆ ਕਿ ਡੈਡੀ ਜੀ ਦੀ ਸਿਹਤ ਖਰਾਬ ਹੋ ਗਈ ਹੈ। ਮੈਂ ਦੇਖਿਆ, ਡੈਡੀ ਜੀ ਨੂੰ ਚੱਕਰ ਆ ਰਹੇ ਸਨ। ਡੈਡੀ ਜੀ ਨੇ ਕਿਹਾ, “ਪੁੱਤ, ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ, ਡਾਕਟਰ ਕੋਲ ਲੈ ਜਾਵੋ।”
ਮੈਂ ਕਾਹਲੀ ਨਾਲ ਸਿਰ ’ਤੇ ਪਰਨਾ ਬੰਨ੍ਹਿਆ। ਜਿੰਨੇ ਕੁ ਪੈਸੇ ਘਰ ਪਏ ਸੀ ਅਤੇ ਏਟੀਐੱਮ ਕਾਰਡ ਆਦਿ ਨਾਲ ਚੁੱਕ ਕੇ, ਅਸੀਂ ਡੈਡੀ ਜੀ ਨੂੰ ਕਾਰ ਵਿੱਚ ਬਿਠਾ ਕੇ ਦਸ ਕਿਲੋਮੀਟਰ ਦੂਰ ਪਾਤੜਾਂ ਦੇ ਇੱਕ ਨਿੱਜੀ ਹਸਪਤਾਲ ਵੱਲ ਨੂੰ ਚੱਲ ਪਏ। ਮੈਂ ਇਸ ਹਸਪਤਾਲ ਦੇ ਮਾਲਕ ਨੂੰ ਜਾਣਦਾ ਸੀ। ਮੈਨੂੰ ਉਸ ਉੱਤੇ ਬਹੁਤ ਵਿਸ਼ਵਾਸ ਸੀ।
ਸਾਨੂੰ ਇਵੇਂ ਲੱਗਾ ਸੀ ਕਿ ਜਿਵੇਂ ਡੈਡੀ ਜੀ ਨੂੰ ਐਸਿਡਿਟੀ ਹੋ ਗਈ ਹੋਵੇ। ਘਰੋਂ ਤੁਰਨ ਲੱਗਿਆਂ ਦੋ ਚਮਚੇ ਡੈਡੀ ਜੀ ਨੂੰ ਅਸੀਂ ਯੇਲੋਸਿਲ ਦੇ ਪਿਲਾ ਦਿੱਤੇ ਸੀ। ਪੰਦਰਾਂ ਕੁ ਮਿੰਟਾਂ ਵਿੱਚ ਅਸੀਂ ਉਸ ਨਿੱਜੀ ਹਸਪਤਾਲ ਵਿੱਚ ਪੁੱਜ ਗਏ। ਨਰਸ ਭੈਣ ਨੂੰ ਅਸੀਂ ਦੱਸ ਦਿੱਤਾ ਕਿ ਸ਼ਾਇਦ ਡੈਡੀ ਜੀ ਨੇ ਰਾਤ ਦਾ ਖਾਣਾ ਕੁਝ ਜ਼ਿਆਦਾ ਹੀ ਖਾ ਲਿਆ ਅਤੇ ਜਾਪਦਾ ਹੈ ਕਿ ਬਦਹਜ਼ਮੀ ਜਾਂ ਐਸੀਡਿਟੀ ਹੋ ਗਈ ਹੈ। ਨਰਸ ਨੇ ਹੋਰ ਸਹਾਇਕਾਂ ਦੀ ਮਦਦ ਨਾਲ ਡੈਡੀ ਜੀ ਦਾ ਬਲੱਡ ਪ੍ਰੈੱਸ਼ਰ ਅਤੇ ਦਿਲ ਦੀ ਧੜਕਣ ਆਦਿ ਚੈੱਕ ਕੀਤੀ। ਇੰਨੇ ਨੂੰ ਡਾਕਟਰ ਸਾਹਬ ਵੀ ਆ ਗਏ। ਡਾਕਟਰ ਸਾਹਿਬ ਕਹਿਣ ਲੱਗੇ ਕਿ ਈਸੀਜੀ ਕਰਨੀ ਪੈਣੀ ਹੈ, ਕਿਉਂਕਿ ਹਾਰਟ ਬੀਟ ਘੱਟ ਹੈ। ਮੈਂ ਦੱਸਿਆ ਕਿ ਮੇਰੇ ਡੈਡੀ ਜੀ ਸਪੋਰਟਸਮੈਨ ਹਨ ਅਤੇ ਪਿਛਲੇ ਤਕਰੀਬਨ ਸੱਠ-ਪੈਂਹਠ ਸਾਲਾਂ ਤੋਂ ਬਿਨਾ ਨਾਗਾ ਪਾਏ ਰੋਜ਼ਾਨਾ ਦੌੜਦੇ ਅਤੇ ਸੈਰ ਆਦਿ ਕਰ ਰਹੇ ਹਨ। ਮੈਂ ਡਾਕਟਰਾਂ ਤੋਂ ਸੁਣਿਆ ਹੋਇਆ ਸੀ ਕਿ ਅਥਲੀਟਾਂ, ਸਪੋਰਟਸਮੈਨ ਦੀ ਹਾਰਟ ਬੀਟ ਆਮ ਲੋਕਾਂ ਤੋਂ ਘੱਟ ਹੀ ਹੁੰਦੀ ਹੈ।
ਡਾਕਟਰ ਸਾਹਬ ਨੂੰ ਮੈਂ ਕਿਹਾ, “ਸਾਡੇ ਡੈਡੀ ਜੀ ਨੇ ਤਾਂ ਕਦੀ ਸਿਰ ਦੁਖਦੇ ਦੀ ਗੋਲੀ ਨਹੀਂ ਖਾਧੀ। ... ਡੈਡੀ ਜੀ ਕਦੀ ਬਿਮਾਰ ਵੀ ਨਹੀਂ ਹੁੰਦੇ।”
ਈਸੀਜੀ ਚੈੱਕ ਕਰਨ ਉਪਰੰਤ ਡਾਕਟਰ ਸਾਹਬ ਮੈਨੂੰ ਕਹਿੰਦੇ, “ਵੀਰ ਜੀ, ਇਹਨਾਂ ਨੂੰ ਤਾਂ ਹਾਰਟ ਦੀ ਦਿੱਕਤ ਆਈ ਹੈ ... ਜਲਦੀ ਨਾਲ ਪਟਿਆਲੇ ਦੇ ਫਲਾਣੇ ਨਿੱਜੀ ਹਾਰਟ ਹਸਪਤਾਲ ਵਿੱਚ ਲੈ ਜਾਵੋ, ਨਹੀਂ ਤਾਂ ਇਹ ਨਹੀਂ ਬਚਣਗੇ।”
ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਡਾਕਟਰ ਦੀਆਂ ਗੱਲਾਂ ਸੁਣ ਕੇ ਡੈਡੀ ਜੀ ਹੋਰ ਘਬਰਾ ਗਏ। ਖ਼ੈਰ, ਇਸ ਨਿੱਜੀ ਹਸਪਤਾਲ ਵਿੱਚ ਡੈਡੀ ਜੀ ਨੂੰ ਮੁਢਲੀ ਸਹਾਇਤਾ ਮਿਲ ਗਈ ਸੀ ਅਤੇ ਅਸੀਂ ਡਾਕਟਰ ਸਾਹਬ ਦੇ ਕਹਿਣ ਮੁਤਾਬਿਕ ਪਟਿਆਲਾ ਦੇ ਨਾਮੀ ਹਾਰਟ ਹਸਪਤਾਲ ਵੱਲ ਨੂੰ ਚਾਲੇ ਪਾ ਦਿੱਤੇ।
ਰਸਤੇ ਵਿੱਚ ਜਾਂਦੇ ਹੋਏ ਸਾਨੂੰ ਡੈਡੀ ਜੀ ਦੀ ਹਾਲਤ ਵਿੱਚ ਸੁਧਾਰ ਆਉਂਦਾ ਦਿਸਿਆ। ਚੱਕਰ ਆਉਣੇ ਬੰਦ ਹੋ ਗਏ ਅਤੇ ਘਬਰਾਹਟ ਵੀ ਘਟ ਗਈ। ਡੈਡੀ ਜੀ ਕਹਿਣ ਲੱਗੇ, “ਪੁੱਤ ਸੁਖਵੰਤ, ਮੈਨੂੰ ਗੈਸ ਪ੍ਰਾਬਲਮ ਸੀ ਅਤੇ ਲਗਦਾ ਹੈ,ਠੀਕ ਹੋ ਗਈ ਹੈ। ਮੈਨੂੰ ਘਰ ਵਾਪਸ ਲੈ ਜਾਓ।”
ਮੈਂ ਕਿਹਾ, “ਡੈਡੀ ਜੀ, ਹੁਣ ਪਟਿਆਲੇ ਹਸਪਤਾਲ ਚੈੱਕ ਕਰਵਾ ਕੇ ਹੀ ਵਾਪਸ ਮੁੜਾਂਗੇ।”
ਅਸੀਂ ਕਾਹਲੀ ਨਾਲ ਪਟਿਆਲਾ ਨੂੰ ਜਾ ਰਹੇ ਸੀ ਕਿਉਂਕਿ ਡਾਕਟਰ ਸਾਹਬ ਨੇ ਕਿਹਾ ਸੀ ਕਿ ਕਿਤੇ ਰਸਤੇ ਵਿੱਚ ਹਾਰਟ ਅਟੈਕ ਨਾ ਹੋ ਜਾਵੇ।
45 ਕੁ ਮਿੰਟ ਵਿੱਚ ਅਸੀਂ ਪਟਿਆਲੇ ਪਾਤੜਾਂ ਵਾਲੇ ਡਾਕਟਰ ਸਾਹਿਬ ਦੇ ਦੱਸੇ ਹਾਰਟ ਹਸਪਤਾਲ ਵਿੱਚ ਅਸੀਂ ਪਹੁੰਚ ਗਏ। ਇਹ ਹਸਪਤਾਲ ਪਟਿਆਲਾ ਸ਼ਹਿਰ ਦਾ ਹਾਰਟ ਦਾ ਮੰਨਿਆ ਪਰਮੰਨਿਆ ਹਸਪਤਾਲ ਹੈ। ਡੈਡੀ ਜੀ ਨੂੰ ਮੈਂ ਗੱਡੀ ਵਿੱਚੋਂ ਉਤਾਰ ਕੇ ਵੀਲ ਚੇਅਰ ’ਤੇ ਬਿਠਾ ਲਿਆ।
ਡੈਡੀ ਜੀ ਨੂੰ ਜਦੋਂ ਐਮਰਜੈਂਸੀ ਵਾਰਡ ਵਿੱਚ ਲਿਜਾ ਕੇ ਮੰਜੇ ’ਤੇ ਪਾਇਆ ਤਾਂ ਉੱਥੇ ਤਾਇਨਾਤ ਡਾਕਟਰਾਂ ਅਤੇ ਨਰਸਾਂ ਦੀ ਟੀਮ ਨੇ ਡੈਡੀ ਜੀ ਨੂੰ ਘੇਰ ਲਿਆ। ਉਹਨਾਂ ਨੇ ਡੈਡੀ ਜੀ ਦੇ ਬੀਪੀ ਅਤੇ ਹੋਰ ਹਾਰਟ ਵਾਲੀਆਂ ਮਸ਼ੀਨਾਂ ਲਗਾ ਦਿੱਤੀਆਂ। ਇੱਕ ਹੈੱਡ ਡਾਕਟਰ ਮੇਰੇ ਕੋਲ ਆਇਆ ਅਤੇ ਮੈਨੂੰ ਸਾਰੀ ਸਥਿਤੀ ਬਾਰੇ ਪੁੱਛਣ ਲੱਗ ਪਿਆ। ਮੈਂ ਉਹਨਾਂ ਨੂੰ ਸਾਰੀ ਸਥਿਤੀ ਦੱਸ ਦਿੱਤੀ। ਉਹ ਡਾਕਟਰ ਬੋਲਿਆ, “ਹਾਂ ਜੀ, ਮੈਨੂੰ ਪਾਤੜਾਂ ਤੋਂ ਫਲਾਣੇ ਹਸਪਤਾਲ ਤੋਂ ਤੁਹਾਡੇ ਬਾਰੇ ਫੋਨ ਆ ਗਿਆ ਸੀ ਕਿ ਉਹਨਾਂ ਦੀ ਪੂਰੀ ਸੰਭਾਲ ਕੀਤੀ ਜਾਵੇ।”
ਇਹ ਸੁਣ ਕੇ ਮੈਨੂੰ ਕੁਝ ਹੌਸਲਾ ਜਿਹਾ ਹੋ ਗਿਆ। ਉਸ ਹੈੱਡ ਡਾਕਟਰ ਨੇ ਮੈਨੂੰ ਕਿਹਾ ਕਿ ਸਾਨੂੰ ਚੰਗੀ ਤਰ੍ਹਾਂ ਟੈਸਟ ਕਰ ਲੈਣ ਦਿਓ ਤਾਂ ਅਸੀਂ ਦੱਸ ਪਾਵਾਂਗੇ ਕਿ ਦਿੱਕਤ ਕੀ ਹੈ। ਉਨ੍ਹਾਂ ਨੇ ਡੈਡੀ ਜੀ ਦੇ ਕੁਝ ਇੰਜੈਕਸ਼ਨ ਲਗਾਏ ਅਤੇ ਗੁਲੂਕੋਸ ਲਗਾ ਦਿੱਤਾ। ਐਮਰਜੈਂਸੀ ਵਾਰਡ ਦੇ ਬੈੱਡ ਉੱਤੇ ਪਏ ਮੇਰੇ ਡੈਡੀ ਜੀ ਮੈਨੂੰ ਆਖਣ ਲੱਗੇ, “ਪੁੱਤ, ਹੁਣ ਮੈਂ ਠੀਕ ਹਾਂ, ਮੈਨੂੰ ਤੁਸੀਂ ਇੱਥੋਂ ਘਰੇ ਲੈ ਜਾਵੋ।”
ਪਰ ਮੈਂ ਉਨ੍ਹਾਂ ਦੀ ਇਸ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ। ਕੁਝ ਮਿੰਟਾਂ ਬਾਅਦ ਹੈੱਡ ਡਾਕਟਰ ਮੇਰੇ ਪਾਸ ਆਇਆ ਅਤੇ ਮੈਨੂੰ ਕਹਿਣ ਲੱਗਾ, “ਵੀਰ ਜੀ, ਤੁਹਾਡੇ ਡੈਡੀ ਜੀ ਨੂੰ ਦਾਖਲ ਕਰਨਾ ਪਵੇਗਾ। ਤੁਹਾਡੇ ਡੈਡੀ ਜੀ ਦੇ ਟੈਸਟਾਂ ਵਿੱਚ ਆਇਆ ਹੈ ਕਿ ਇਹਨਾਂ ਦੀ ਹਾਰਟ ਦੀ ਬਲੌਕੇਜ ਹੈ ਅਤੇ ਕਿਡਨੀ ਵਿੱਚ ਵੀ ਨੁਕਸ ਆਇਆ ਹੈ। ਇਹਨਾਂ ਨੂੰ ਤੁਰੰਤ ਦਾਖਲ ਕਰਕੇ ਹਾਰਟ ਵਿੱਚ ਸਟੰਟ ਪਾਉਣਾ ਪਵੇਗਾ ਅਤੇ ਕਿਡਨੀ ਦਾ ਵੀ ਇਲਾਜ ਕਰਨਾ ਪਵੇਗਾ।”
ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਮੈਂ ਇੱਕਦਮ ਸੋਚੀ ਪੈ ਗਿਆ। ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਮੇਰੀ ਡੈਡੀ ਜੀ ਪਿਛਲੇ 60-65 ਸਾਲ ਤੋਂ ਲਗਾਤਾਰ ਬਿਨਾਂ ਨਾਗਾ ਪਾਏ ਸਵੇਰੇ ਉੱਠ ਕੇ ਸੈਰ ਕਰਦੇ ਅਤੇ ਦੌੜਦੇ ਹਨ। ਇਹਨਾਂ ਨੂੰ ਹਾਰਟ ਦੀ ਦਿੱਕਤ ਕਿਵੇਂ ਆ ਸਕਦੀ ਹੈ? ਇਹਨਾਂ ਦਾ ਤਾਂ ਕਦੇ ਢਿੱਡ ਤਕ ਨਹੀਂ ਦੁਖਿਆ, ਇਹਨਾਂ ਨੂੰ ਕਿਡਨੀ ਦੀ ਦਿੱਕਤ ਕਿਵੇਂ ਆ ਸਕਦੀ ਹੈ?”
ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਇਸ ਸਮੇਂ ਰਾਤ ਦੇ ਤਕਰੀਬਨ ਢਾਈ ਵੱਜ ਚੁੱਕੇ ਸਨ। ਖੈਰ ਮੈਂ ਫੈਸਲਾ ਲੈ ਲਿਆ ਅਤੇ ਡੈਡੀ ਜੀ ਨੂੰ ਪਟਿਆਲਾ ਸ਼ਹਿਰ ਦੇ ਉਸ ਹਾਰਟ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਡਾਕਟਰਾਂ ਨੇ ਮੇਰੇ ਡੈਡੀ ਜੀ ਨੂੰ ਆਈਸੀਯੂ ਵਿੱਚ ਭੇਜ ਦਿੱਤਾ ਅਤੇ ਮੈਨੂੰ 15 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ। ਮੈਂ ਕਾਹਲੀ ਨਾਲ ਕੈਸ਼ ਕਾਊਂਟਰ ਉੱਤੇ 15 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਅਤੇ ਵਾਪਸ ਆਈਸੀਯੂ ਵਿੱਚ ਮੇਰੇ ਡੈਡੀ ਜੀ ਕੋਲ ਪਹੁੰਚ ਗਿਆ।
ਡਾਕਟਰਾਂ ਨੇ ਡੈਡੀ ਜੀ ਦੇ ਕਈ ਮਸ਼ੀਨਾਂ ਲਗਾ ਦਿੱਤੀਆਂ ਸਨ ਅਤੇ ਉਹ ਮਸ਼ੀਨਾਂ ਭਿਆਨਕ ਆਵਾਜ਼ਾਂ ਕੱਢ ਰਹੀਆਂ ਸਨ। ਡੈਡੀ ਜੀ ਨਿਢਾਲ ਹੋ ਕੇ ਮੰਜੇ ’ਤੇ ਪੈ ਗਏ ਸਨ। ਆਈਸੀਯੂ ਵਿੱਚ ਮੈਂ ਅਤੇ ਮੇਰਾ ਛੋਟਾ ਭਰਾ ਦੋਵੇਂ ਡੈਡੀ ਜੀ ਪਾਸ ਬੈੱਡ ਕੋਲ ਖੜ੍ਹੇ ਸੀ। ਨਰਸ ਨੇ ਸਾਨੂੰ ਕਿਹਾ ਕਿ ਤੁਸੀਂ ਦੋਵੇਂ ਜਣੇ ਆਈਸੀਯੂ ਤੋਂ ਬਾਹਰ ਚਲੇ ਜਾਓ। ਮੈਂ ਜ਼ਿਦ ਕੀਤੀ ਕਿ ਮੈਂ ਡੈਡੀ ਜੀ ਪਾਸ ਹੀ ਖੜਾਂਗਾ। ਨਰਸ ਬੋਲੀ, “ਤੁਸੀਂ ਇੱਥੇ ਨਹੀਂ ਖੜ੍ਹ ਸਕਦੇ।”
ਮੈਂ ਕਿਹਾ, “ਮੈਂ ਪੜ੍ਹਿਆ ਲਿਖਿਆ ਹਾਂ ਅਤੇ ਤੁਹਾਡੇ ਆਈਸੀਯੂ ਵਿੱਚ ਕੈਮਰੇ ਲੱਗੇ ਹਨ। ਤੁਸੀਂ ਮੇਰੇ ’ਤੇ ਨਿਗਾਹ ਵੀ ਰੱਖ ਸਕਦੇ ਹੋ। ਪ੍ਰੰਤੂ ਮੈਂ ਆਪਣੇ ਡੈਡੀ ਜੀ ਨੂੰ ਛੱਡ ਕੇ ਬਾਹਰ ਨਹੀਂ ਜਾਵਾਂਗਾ।”
ਇਸੇ ਸਮੇਂ ਮੈਂ ਧਿਆਨ ਨਾਲ ਦੇਖਿਆ ਤਾਂ ਡੈਡੀ ਜੀ ਦਾ ਬੀਪੀ ਅਤੇ ਹਾਰਟ ਬੀਟ ਲਗਭਗ ਠੀਕ ਹੋ ਚੁੱਕੀ ਸੀ। ਮੇਰੇ ਛੋਟੇ ਭਰਾ ਨੇ ਮੈਨੂੰ ਕਿਹਾ, “ਵੀਰੇ, ਡੈਡੀ ਜੀ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਗਿਆ ਹੈ, ਮੈਨੂੰ ਲਗਦਾ ਸਾਨੂੰ ਹੁਣ ਡੈਡੀ ਜੀ ਨੂੰ ਵਾਪਸ ਘਰੇ ਲੈ ਜਾਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੇ ਇੱਥੇ ਥੋੜ੍ਹਾ ਸਮਾਂ ਹੋਰ ਡੈਡੀ ਜੀ ਨੂੰ ਰੱਖ ਲਿਆ ਤਾਂ ਇਹ ਡੈਡੀ ਜੀ ਨੂੰ ਬੋਲ਼ਾ ਜਿਹਾ ਬਣਾ ਦੇਣਗੇ ਅਤੇ ਬਿਨਾਂ ਮਤਲਬ ਡੈਡੀ ਜੀ ਨੂੰ ਦਵਾਈਆਂ ਦੇ ਕੇ ਅਤੇ ਟੀਕੇ ਲਗਾ ਕੇ ਬਿਮਾਰ ਕਰਕੇ ਆਪਾਂ ਨੂੰ ਲੁੱਟ ਲੈਣਗੇ।”
ਡੈਡੀ ਜੀ ਵੀ ਬੋਲੇ, “ਹਾਂ ਪੁੱਤ, ਮੈਨੂੰ ਪਹਿਲਾਂ ਵਾਂਗ ਮੇਰੇ ਸਰੀਰ ਵਿੱਚ ਤਾਕਤ ਆਈ ਮਹਿਸੂਸ ਹੋ ਰਹੀ ਹੈ ਅਤੇ ਛਾਤੀ ਵਿੱਚ ਕੋਈ ਦਰਦ ਜਾਂ ਢਿੱਡ ਵਿੱਚ ਕੋਈ ਤਕਲੀਫ ਵਗੈਰਾ ਵੀ ਮਹਿਸੂਸ ਨਹੀਂ ਹੋ ਰਹੀ। ਮੈਂ ਹੁਣ ਠੀਕ ਹਾਂ ... ਤੁਸੀਂ ਮੈਨੂੰ ਘਰੇ ਲੈ ਜਾਓ।”
ਮੈਨੂੰ ਲੱਗਾ ਜਿਵੇਂ ਡਾਕਟਰ ਅਤੇ ਨਰਸਾਂ ਸਾਨੂੰ ਬੇਵਕੂਫ ਬਣਾ ਰਹੇ ਹੋਣ। ਪਰ ਦੂਜੇ ਪਾਸੇ ਮਨ ਵਿੱਚ ਡੈਡੀ ਜੀ ਦੀ ਸਿਹਤ ਵਿਗੜ ਜਾਣ ਦਾ ਦਰ ਵੀ ਸੀ। ਮੈਂ ਦੁਚਿੱਤੀ ਵਿੱਚ ਪੈ ਗਿਆ ਸੀ। ਇੰਨੇ ਨੂੰ ਡੈਡੀ ਜੀ ਆਪਣੇ ਮੰਜੇ ਤੋਂ ਉੱਠ ਕੇ ਖੜ੍ਹੇ ਹੋ ਗਏ ਤੇ ਕਹਿਣ ਲੱਗੇ, “ਪੁੱਤ ਮੈਨੂੰ ਇੱਥੋਂ ਲੈ ਜਾਓ, ਜਿਹੜਾ ਕੁਝ ਹੋਵੇਗਾ ਦੇਖਿਆ ਜਾਵੇਗਾ ... ਮੈਨੂੰ ਇੱਥੇ ਇਹ ਮਾਰ ਦੇਣਗੇ।”
ਮੈਂ ਡੈਡੀ ਜੀ ਦੀ ਗੱਲ ਮੰਨ ਲਈ। ਅਸੀਂ ਧੱਕੇ ਨਾਲ ਡੈਡੀ ਜੀ ਦੇ ਹੱਥਾਂ ਪੈਰਾਂ ’ਤੇ ਲੱਗੀਆਂ ਮਸ਼ੀਨਾਂ ਲੁਹਾ ਦਿੱਤੀਆਂ। ਡੈਡੀ ਜੀ ਚੱਪਲਾਂ ਪਾ ਕੇ ਆਈਸੀਯੂ ਤੋਂ ਬਾਹਰ ਬਿਨਾਂ ਕਿਸੇ ਸਹਾਰੇ ਦੇ ਮੇਰੇ ਨਾਲ ਚੱਲ ਪਏ। ਇੰਨੇ ਨੂੰ ਸਾਹਮਣਿਓਂ ਆ ਰਿਹਾ ਹੈੱਡ ਡਾਕਟਰ ਸਾਨੂੰ ਰੋਕ ਕੇ ਕਹਿਣ ਲੱਗਾ, “ਜੇਕਰ ਤੁਸੀਂ ਆਪਣੇ ਡੈਡੀ ਜੀ ਨੂੰ ਇਸ ਤਰ੍ਹਾਂ ਬਾਹਰ ਲੈ ਜਾਓਗੇ ਤਾਂ ਰਸਤੇ ਵਿੱਚ ਹੀ ਇਹਨਾਂ ਨੂੰ ਹਾਰਟ ਅਟੈਕ ਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।”
ਅਸੀਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਹੈੱਡ ਡਾਕਟਰ ਸਾਨੂੰ ਅਜੇ ਵੀ ਬਾਹਰ ਨਹੀਂ ਜਾਣ ਦੇ ਰਿਹਾ ਸੀ ਤਾਂ ਮੈਂ ਉਸ ਨੂੰ ਕਿਹਾ, “ਡਾਕਟਰ ਸਾਹਿਬ, ਤੁਸੀਂ ਸਾਨੂੰ ਦੇਸੀ ਜਿਹੇ ਨਾ ਜਾਣਿਓ, ਅਸੀਂ ਰਾਤ ਨੂੰ ਬਿਪਤਾ ਦੇ ਮਾਰੇ ਪਰਨੇ ਬੰਨ੍ਹ ਤੁਰੇ ਹਾਂ। ਇਹ ਨਾ ਸਮਝਿਓ ਕਿ ਅਸੀਂ ਪਿੰਡ ਵਿੱਚੋਂ ਉੱਠ ਕੇ ਆਏ ਦੇਸੀ ਬੰਦੇ ਹਾਂ। ਪਟਿਆਲੇ ਵਿੱਚ ਹੀ ਅਡੀਸ਼ਨਲ ਐੱਸ ਈ ਹਾਂ। ਜੇਕਰ ਤੁਸੀਂ ਸਾਨੂੰ ਰੋਕਿਆ ਤਾਂ ਮੈਂ ਪੁਲਿਸ ਵਿੱਚ ਹੁਣੇ ਹੀ ਫੋਨ ਕਰਾਂਗਾ ਅਤੇ ਪ੍ਰੈੱਸ ਨੂੰ ਵੀ ਸੱਦਾਂਗਾ।”
ਇਹ ਗੱਲ ਸੁਣਦੇ ਹੀ ਹੈੱਡ ਡਾਕਟਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਲਿਖਤ ਪੜ੍ਹਤ ਸਾਰੀ ਕੰਪਲੀਟ ਕਰ ਲਵੋ ਫਿਰ ਅਸੀਂ ਤੁਹਾਨੂੰ ਜਾਣ ਦੇਵਾਂਗੇ।
ਤਕਰੀਬਨ 20 ਕੁ ਮਿੰਟਾਂ ਵਿੱਚ ਉਹਨਾਂ ਨੇ ਸਾਰੀ ਲਿਖਤ ਪੜ੍ਹਤ ਆਪਣੇ ਵੱਲੋਂ ਕਰ ਲਈ ਅਤੇ ਮੇਰੇ ਕੋਲੋਂ ਕੁਝ ਕਾਗਜਾਂ ਉੱਤੇ ਹਸਤਾਖਰ ਕਰਵਾ ਲਏ।
ਡੈਡੀ ਜੀ ਨੂੰ ਗੱਡੀ ਦੀ ਮੂਹਰਲੀ ਸੀਟ ’ਤੇ ਬਿਠਾ ਕੇ ਤੇ ਸੀਟ ਲੰਬੀ ਪਾ ਕੇ ਡੈਡੀ ਜੀ ਨੂੰ ਆਰਾਮ ਕਰਨ ਲਈ ਕਿਹਾ। ਫਿਰ ਅਸੀਂ ਆਪਣੇ ਪਿੰਡ ਵੱਲ ਨੂੰ ਚੱਲ ਪਏ। ਤਕਰੀਬਨ ਡੇਢ ਘੰਟਾ ਵਿੱਚ ਦਿੜਬੇ ਆਪਣੇ ਘਰ ਪਹੁੰਚ ਗਏ।
ਦੂਜੇ ਦਿਨ ਸਵੇਰੇ ਡੈਡੀ ਜੀ ਰੁਟੀਨ ਦੀ ਤਰ੍ਹਾਂ ਤਿਆਰ ਹੋਏ ਪੱਗ ਬੰਨ੍ਹੀ ਬੈਠੇ ਸਨ। ਮੈਂ ਤਕਰੀਬਨ 9 ਕੁ ਵਜੇ ਡੈਡੀ ਜੀ ਨੂੰ ਸੰਗਰੂਰ ਦੇ ਇੱਕ ਚੰਗੇ ਮਿੱਤਰ ਡਾਕਟਰ ਕੋਲ ਲੈ ਗਿਆ। ਉਹਨਾਂ ਨੇ ਡੈਡੀ ਜੀ ਦਾ ਪੂਰੀ ਤਰ੍ਹਾਂ ਚੈੱਕ ਅਪ ਕੀਤਾ। ਅਲਟਰਾਸਾਊਂਡ ਕਰਾਉਣ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਦੇ ਢਿੱਡ ਵਿੱਚ ਖਾਣ ਪੀਣ ਕਰਕੇ ਗੈਸ ਪ੍ਰੋਬਲਮ ਹੋ ਗਈ ਸੀ ਅਤੇ ਥੋੜ੍ਹਾ ਢਿੱਡ ਦੇ ਵਿੱਚ ਸੋਜਿਸ਼ ਆ ਗਈ ਸੀ। ਡਾਕਟਰ ਨੇ ਡੈਡੀ ਜੀ ਨੂੰ ਦਵਾਈ ਦਿੱਤੀ ਅਤੇ ਇੱਕ ਹਫਤੇ ਤਕ ਦੁਬਾਰਾ ਚੈੱਕ ਅਪ ਕਰਾਉਣ ਲਈ ਕਿਹਾ। ਮੈਂ ਉਸ ਡਾਕਟਰ ਸਾਹਿਬ ਨੂੰ ਰਾਤ ਵਾਲੀ ਸਾਰੀ ਘਟਨਾ ਦੱਸੀ ਤਾਂ ਉਸ ਡਾਕਟਰ ਨੇ ਮੈਨੂੰ ਕਿਹਾ ਕਿ ਤੁਸੀਂ ਉਸ ਗਲਤ ਹਸਪਤਾਲ ਵਿੱਚ ਚਲੇ ਗਏ। ਉਹ ਪਟਿਆਲੇ ਦਾ ਹਸਪਤਾਲ ਬਹੁਤ ਹੀ ਬਦਨਾਮ ਹੈ ਅਤੇ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ। ਵਧੀਆ ਹੋਇਆ ਤੁਸੀਂ ਉੱਥੋਂ ਬਚ ਕੇ ਆ ਗਏ। ਨਹੀਂ ਤਾਂ ਉਹ ਤੁਹਾਡੇ ਡੈਡੀ ਨੂੰ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਦੱਸਦੇ ਹੋਏ ਝੂਠਾ ਇਲਾਜ ਸ਼ੁਰੂ ਕਰ ਦਿੰਦੇ ਜਾਂ ਹੋ ਸਕਦਾ ਉਹ ਤੁਹਾਡੇ ਡੈਡੀ ਦੇ ਹਾਰਟ ਵਿੱਚ ਸਟੰਟ ਵਗੈਰਾ ਪਾ ਦਿੰਦੇ।
ਸੰਗਰੂਰ ਤੋਂ ਦਵਾਈ ਲੈਣ ਉਪਰੰਤ ਮੈਂ ਅਗਲੇ ਦਿਨ ਡੈਡੀ ਜੀ ਨੂੰ ਰਜਿੰਦਰਾ ਹਸਪਤਾਲ ਦੇ ਇੱਕ ਸਰਕਾਰੀ ਚੰਗੇ ਵਧੀਆ ਇਨਸਾਨ ਡਾਕਟਰ ਕੋਲ ਚੈਕਅਪ ਕਰਾਉਣ ਲਈ ਚਲਾ ਗਿਆ। ਉਹਨਾਂ ਡਾਕਟਰ ਸਾਹਿਬ ਨੇ ਡੈਡੀ ਜੀ ਦੇ ਸਾਰੇ ਹਾਰਟ ਦੇ ਟੈਸਟ ਕੀਤੇ ਜੋ ਕਿ ਲਗਭਗ ਨੌਰਮਲ ਪਾਏ ਗਏ। ਬੱਸ ਇੱਕ ਟੈਸਟ ਵਿੱਚ ਥੋੜ੍ਹਾ ਨੁਕਸ ਦੱਸਿਆ, ਜੋ ਕਿ ਸ਼ਾਇਦ ਉਮਰ ਦੇ ਹਿਸਾਬ ਨਾਲ ਠੀਕ ਵੀ ਸੀ। ਇਸ ਤੋਂ ਬਾਅਦ ਮੈਂ ਇੱਕ ਹੋਰ ਹਾਰਟ ਦੇ ਸਪੈਸ਼ਲਿਸਟ ਡਾਕਟਰ ਕੋਲ ਡੈਡੀ ਜੀ ਨੂੰ ਲੈ ਕੇ ਗਿਆ, ਜੋ ਕਿ ਪਟਿਆਲੇ ਦੇ ਹੀ ਮੰਨੇ ਪਰਮੰਨੇ ਵਧੀਆ ਡਾਕਟਰ ਜਾਣੇ ਜਾਂਦੇ ਹਨ। ਉਸ ਡਾਕਟਰ ਸਾਹਿਬ ਨੇ ਵੀ ਡੈਡੀ ਜੀ ਦਾ ਸਾਰਾ ਚੈੱਕਅੱਪ ਦੁਬਾਰਾ ਕੀਤਾ ਅਤੇ ਕਿਹਾ ਕਿ ਤੁਹਾਡੀ ਡੈਡੀ ਜੀ ਬਿਲਕੁਲ ਠੀਕਠਾਕ ਹਨ। ਇਹਨਾਂ ਨੂੰ ਹਾਰਟ ਦੀ ਕੋਈ ਬਿਮਾਰੀ ਨਹੀਂ ਹੈ। ਉਹਨਾਂ ਨੇ ਡੈਡੀ ਜੀ ਨੂੰ ਸਿਰਫ ਦੋ ਗੋਲੀਆਂ ਲਗਾ ਦਿੱਤੀਆਂ। ਇੱਕ ਗੋਲੀ ਬਲੱਡ ਪ੍ਰੈੱਸ਼ਰ ਦੀ ਅਤੇ ਦੂਸਰੀ ਖੂਨ ਪਤਲਾ ਕਰਨ ਵਾਲੀ ਸੀ।
ਹੁਣ ਸਭ ਠੀਕਠਾਕ ਹੈ। ਮੈਂ ਸੋਚਦਾ ਹਾਂ ਕਿ ਜੇਕਰ ਉਸ ਰਾਤ ਨੂੰ ਮੈਂ ਡੈਡੀ ਜੀ ਨੂੰ ਧੱਕੇ ਨਾਲ ਹਸਪਤਾਲ ਵਿੱਚੋਂ ਨਾ ਲੈ ਕੇ ਆਉਂਦਾ ਤਾਂ ਹੁਣ ਤਕ ਉਹਨਾਂ ਬੁੱਚੜ ਡਾਕਟਰਾਂ ਨੇ ਮੇਰੇ ਡੈਡੀ ਜੀ ਦੇ ਟੀਕੇ ਲਗਾ ਲਗਾ ਕੇ ਦਵਾਈਆਂ ਦੇ ਦੇ ਕੇ ਬਿਲਕੁਲ ਬਿਮਾਰ ਕਰ ਦੇਣਾ ਸੀ ਅਤੇ ਫਿਰ ਆਪੇ ਹੀ ਕੁਝ ਦਿਨਾਂ ਬਾਅਦ ਠੀਕ ਕਰ ਦੇਣਾ ਸੀ। ਮੇਰੇ ਕੋਲੋਂ ਚਾਰ ਪੰਜ ਲੱਖ ਰੁਪਏ ਲੁੱਟ ਲੈਣੇ ਸੀ।
ਭਲਾ ਹੋਵੇ ਉਸ ਰਜਿੰਦਰਾ ਹਸਪਤਾਲ ਦੇ ਸਰਕਾਰੀ ਡਾਕਟਰ ਦਾ ਅਤੇ ਪਟਿਆਲਾ ਦੇ ਦੂਸਰੇ ਨਿੱਜੀ ਹਸਪਤਾਲ ਵਾਲੇ ਇਮਾਨਦਾਰ ਡਾਕਟਰ ਦਾ ਜਿਸਨੇ ਮੇਰੇ ਡੈਡੀ ਜੀ ਦਾ ਚੈੱਕ ਅਪ ਕਰਕੇ ਸਾਨੂੰ ਦੱਸਿਆ ਕਿ ਤੁਹਾਡੇ ਡੈਡੀ ਜੀ ਠੀਕ ਹਨ ਅਤੇ ਬਹੁਤਾ ਚੱਕਰਾਂ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ।
ਸਾਡਾ ਸਾਰਾ ਪਰਿਵਾਰ ਸ਼ਾਕਾਹਾਰੀ ਹੈ ਕੋਈ ਵੀ ਨਸ਼ਿਆਂ ਦੀ ਵਰਤੋਂ ਨਹੀਂ ਕਰਦਾ। ਅਸੀਂ ਨਿਯਮਤ ਵਰਜਿਸ਼ ਕਰਦੇ ਰਹਿੰਦੇ ਹਾਂ। ਰੱਬ ਨੇ ਮੇਰੀ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਨੂੰ ਕੁਝ ਬੁੱਚੜ ਅਤੇ ਲੁਟੇਰੇ ਡਾਕਟਰਾਂ ਤੋਂ ਬਚਾ ਲਿਆ ਹੈ। ਕੁਝ ਲੁਟੇਰੇ ਡਾਕਟਰ ਡਾਕਟਰੀ ਪੇਸ਼ੇ ਨੂੰ ਬਦਨਾਮ ਕਰ ਰਹੇ ਹਨ। ਦੇਖੋ ਕਿਸ ਤਰ੍ਹਾਂ ਪਾਤੜਾਂ ਸ਼ਹਿਰ ਦੇ ਉਸ ਨਿੱਜੀ ਹਸਪਤਾਲ ਦੇ ਡਾਕਟਰ ਦੀ ਮਿਲੀ ਭੁਗਤ ਪਟਿਆਲਾ ਸ਼ਹਿਰ ਦੇ ਇਸ ਹਾਰਟ ਦੇ ਹਸਪਤਾਲ ਦੇ ਡਾਕਟਰਾਂ ਨਾਲ ਕੀਤੀ ਸਾਹਮਣੇ ਆਈ ਹੈ। ਜੋ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਤਕ ਬੇਵੱਸ ਲੋਕਾਂ ਨੂੰ ਫਸਾ ਕੇ, ਇਹਨਾਂ ਬੁੱਚੜ ਅਤੇ ਲੁਟੇਰੇ ਡਾਕਟਰਾਂ ਦੇ ਵੱਸ ਪਾਉਂਦੇ ਹਨ। ਸਾਡੇ ਸਮਾਜ ਨੂੰ ਅਜਿਹੇ ਬੁੱਚੜ ਅਤੇ ਲੁਟੇਰੇ ਡਾਕਟਰਾਂ ਖਿਲਾਫ ਮੋਰਚਾ ਖੋਲ੍ਹ ਕੇ ਇਨ੍ਹਾਂ ਘਟੀਆ ਹਸਪਤਾਲਾਂ ਨੂੰ ਬੰਦ ਕਰਵਾਉਣਾ ਚਾਹੀਦਾ ਹੈ। ਸੰਗਰੂਰ ਵਿਖੇ ਸਾਇੰਟਿਫਿਕ ਅਵੇਅਰਨੈਸ ਕਲੱਬ ਵਿੱਚ ਅਸੀਂ ਇਹਨਾਂ ਬੁੱਚੜ ਅਤੇ ਲੁਟੇਰੇ ਡਾਕਟਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੈਂ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਅਜਿਹੇ ਲੁਟੇਰੇ ਡਾਕਟਰਾਂ ਖਿਲਾਫ ਮੁਹਿੰਮ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਹੋ ਰਹੀ ਅੰਨ੍ਹੀ ਲੁੱਟ ਤੋਂ ਪੰਜਾਬੀਆਂ ਨੂੰ ਬਚਾਉਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4501)
(ਸਰੋਕਾਰ ਨਾਲ ਸੰਪਰਕ ਲਈ: (