SukhwantSDhiman7“... ਬੈਂਕ ਦੀ ਕਾਪੀ ਅਤੇ ਏ.ਟੀ.ਐੱਮ. ਕਾਰਡ ਲੈ ਕੇ ਮੇਰੇ ਕੋਲ ਆ ਗਿਆ ...
(14 ਮਈ 2020)

 

ਦਸੰਬਰ ਮਹੀਨਾ ਸੀ, ਠੰਢ ਵੀ ਬਹੁਤ ਸੀ ਅਤੇ ਬਾਹਰ ਕਾਫੀ ਧੁੰਦ ਪੈ ਰਹੀ ਸੀ। ਐਤਵਾਰ ਹੋਣ ਕਾਰਨ ਮੈਂ ਅੱਜ ਲੇਟ ਹੀ ਉੱਠਿਆ ਸੀ। ਅਜੇ ਬਿਸਤਰ ਵਿੱਚ ਪਿਆ ਐਤਵਾਰ ਦਾ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹ ਰਿਹਾ ਸੀ, ਇੰਨੇ ਨੂੰ ਮੇਰੇ ਛੋਟੇ ਭਰਾ ਨੇ ਮੈਂਨੂੰ ਆਵਾਜ਼ ਮਾਰੀ ਤੇ ਕਿਹਾ, “ਵੀਰੇ, ਹੇਠਾਂ ਆ ਜਾ, ਜੰਟੇ (ਬਦਲਿਆ ਹੋਇਆ ਨਾਮ) ਦਾ ਬਾਪੂ ਤਾਇਆ ਚੰਦ ਸਿਉਂ ਸਵਰਗ ਸਿਧਾਰ ਗਿਆ ਹੈ। ਇੰਨੀ ਗੱਲ ਸੁਣ ਕੇ ਮੈਂ ਇੱਕ ਦਮ ਸੁੰਨ ਜਿਹਾ ਹੋ ਗਿਆ ਅਤੇ ਇੱਕ ਦਮ ਆਪਣੇ ਬਿਸਤਰੇ ਵਿੱਚੋਂ ਉੱਠ ਖੜ੍ਹਾ ਹੋ ਗਿਆ।

ਅਜੇ ਕੱਲ੍ਹ ਹੀ ਤਾਇਆ ਜੀ ਨੂੰ ਮੈਂ ਸ਼ਾਮ ਨੂੰ ਮਿਲ ਕੇ ਆਇਆ ਸੀ। ਚੰਗੇ ਭਲੇ ਸਨ ਮੇਰੇ ਨਾਲ ਹੱਸ ਹੱਸ ਕੇ ਗੱਲਾਂ ਕਰਦੇ ਰਹੇ ਸਨ ਤਾਇਆ ਚੰਦ ਸਿੰਘ ਜੀ ਤਕਰੀਬਨ ਪੰਦਰਾਂ ਸਾਲ ਪਹਿਲਾਂ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਏ ਸਨ। ਤਾਇਆ ਜੀ ਅਨੁਸ਼ਾਸਨ ਦੇ ਪੱਕੇ ਅਤੇ ਬਹੁਤ ਹੀ ਜਿੰਦਾ ਦਿਲ ਇਨਸਾਨ ਸਨ। ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੈਂ ਇੱਕ ਦਮ ਹੈਰਾਨ ਪ੍ਰੇਸ਼ਾਨ ਹੋ ਗਿਆ। ਦਿਲ ਨੂੰ ਇੱਕ ਬਹੁਤ ਵੱਡਾ ਸਦਮਾ ਪੁੱਜਾ। ਖਬਰ ਸੁਣ ਕੇ ਮੈਂ ਕਾਹਲੀ ਨਾਲ ਸਿਰ ਤੇ ਪਰਨਾ ਬੰਨ੍ਹ ਕੇ ਜੰਟੇ ਹੁਰਾਂ ਦੇ ਘਰ ਵੱਲ ਨੂੰ ਤੁਰ ਪਿਆ। ਜਦੋਂ ਮੈਂ ਤਾਇਆ ਚੰਦ ਸਿੰਘ ਜੀ ਦੇ ਘਰ ਪੁੱਜਾ ਤਾਂ ਦੇਖਿਆ, ਮਾਹੌਲ ਬਹੁਤ ਗਮਗੀਨ ਸੀ। ਤਾਏ ਚੰਦ ਸਿੰਘ ਨੂੰ ਮਰੇ ਪਏ ਨੂੰ ਦੇਖ ਕੇ ਮੇਰੀ ਭੁੱਬ ਨਿੱਕਲ ਗਈ। ਤਾਏ ਚੰਦ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਕਈ ਦ੍ਰਿਸ਼ ਘੁੰਮ ਗਏ।

ਤਾਇਆ ਚੰਦ ਸਿਊਂ ਸਾਨੂੰ ਛੋਟੇ ਹੁੰਦਿਆਂ ਨੂੰ ਫੌਜ ਦੀਆਂ ਗੱਲਾਂ ਸੁਣਾ ਸੁਣਾ ਕੇ ਬਹੁਤ ਹਸਾਉਂਦਾ ਵੀ ਹੁੰਦਾ ਅਤੇ ਹੱਲਾ ਸ਼ੇਰੀ ਵੀ ਦਿੰਦਾ ਹੁੰਦਾ ਸੀ। ਪਰ ਅੱਜ ਬੇਚਾਰਾ ਚੁੱਪ ਚਾਪ ਮੰਜੇ ’ਤੇ ਪਿਆ ਸੀ। ਮੈਂ ਜਦੋਂ ਵੀ ਤਾਏ ਨੂੰ ਮਿਲਣ ਜਾਂਦਾ ਤਾਂ ਤਾਇਆ ਹਮੇਸ਼ਾ ਮੈਂਨੂੰ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦਾ ਹੁੰਦਾ ਸੀ, “ਓਏ ਆ ਬਈ ਇੰਜਨੀਅਰਾ, ਕੀ ਹਾਲ ਨੇ ਤੇਰੇ?” ਪਰ ਅੱਜ ਉਹਦੀ ਆਵਾਜ਼ ਨਾ ਸੁਣ ਕੇ ਮੇਰੇ ਦਿਲ ਨੂੰ ਬਹੁਤ ਤਕਲੀਫ ਪੁੱਜੀ। ਤਾਏ ਚੰਦ ਸਿਊਂ ਤੋਂ ਮੈਂਨੂੰ ਹਮੇਸ਼ਾ ਹਿੰਮਤ, ਹੌਸਲਾ ਮਿਲਦਾ ਸੀ।

ਤਾਏ ਦੇ ਦੋ ਮੁੰਡੇ ਤੇ ਤਿੰਨ ਕੁੜੀਆਂ ਸਨ। ਵੱਡਾ ਮੁੰਡਾ ਪਿੰਡ ਖੇਤੀ ਕਰਦਾ ਸੀ ਅਤੇ ਛੋਟਾ ਪੁਲਿਸ ਵਿੱਚ ਸਿਪਾਹੀ ਸੀ। ਸਾਰੇ ਬੱਚੇ ਵਿਆਹੇ ਵਰੇ ਸਨ। ਤਾਇਆ ਚੰਦ ਸਿੰਘ ਨੇ ਆਪਣੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਜਿਊਈ ਸੀ। ਖੈਰ, ਮੈਂ ਜੰਟੇ ਹੁਰਾਂ ਨੂੰ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਲੱਗ ਪਿਆ ਅਤੇ ਬਾਕੀ ਪ੍ਰਬੰਧ ਦੇਖਣੇ ਸ਼ੁਰੂ ਕਰ ਦਿੱਤੇ ਸੀ। ਤਾਇਆ ਚੰਦ ਸਿੰਘ ਦੀਆਂ ਤਿੰਨੋ ਬੇਟੀਆਂ ਨੂੰ ਮੈਂ ਆਪਣੇ ਫੋਨ ਕਰਕੇ ਤਾਇਆ ਜੀ ਦੀ ਬੇਵਖਤੀ ਮੌਤ ਬਾਰੇ ਦੱਸ ਦਿੱਤਾਦੁਪਹਿਰ ਤੱਕ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ

ਤਾਏ ਚੰਦ ਸਿੰਘ ਦੇ ਅੰਤਿਮ ਸੰਸਕਾਰ ਦੀ ਤਿਆਰੀ ਮੈਂ ਖੁਦ ਕਰਵਾ ਰਿਹਾ ਸੀ। ਜਦੋਂ ਤਾਏ ਨੂੰ ਆਖਰੀ ਇਸ਼ਨਾਨ ਕਰਵਾਉਣ ਲੱਗੇ ਤਾਂ ਜੰਟੇ ਨੇ ਤਾਏ ਦੀਆਂ ਉਂਗਲਾਂ ਵਿੱਚੋਂ ਦੋ ਅੰਗੂਠੀਆਂ ਉਤਾਰ ਲਈਆਂ ਸਾਰੇ ਰਿਸ਼ਤੇਦਾਰ, ਸਕੇ ਸਬੰਧੀ ਇਕੱਠੇ ਹੋ ਗਏ। ਅਸੀਂ ਤਾਏ ਚੰਦ ਸਿੰਘ ਦੇ ਸਰੀਰ ਨੂੰ ਅਰਥੀ ਉੱਤੇ ਪਾ ਕੇ ਸ਼ਮਸ਼ਾਨ ਵੱਲ ਨੂੰ ਲੈ ਤੁਰਨ ਲੱਗੇ ਤਾਂ ਜੰਟੇ ਨੇ ਨੌਕਰ ਨੂੰ ਤਾਏ ਚੰਦ ਸਿੰਘ ਦੇ ਮਰਨ ਵੇਲੇ ਪਹਿਨੇ ਹੋਏ ਕੱਪੜੇ ਅਤੇ ਉਸਦਾ ਮੰਜਾ ਵੀ ਚੁੱਕਣ ਲਈ ਕਿਹਾ ਜਿਸ ’ਤੇ ਤਾਏ ਨੇ ਆਖਰੀ ਸਾਹ ਲਏ ਸੀ। ਮੈਂ ਜੰਟੇ ਨੂੰ ਕਿਹਾ, “ਇਉਂ ਨਾ ਕਰ, ਇਹ ਕੱਪੜੇ ਅਤੇ ਮੰਜਾ ਵਗੈਰਾ ਕਿਸੇ ਗਰੀਬ ਨੂੰ ਦਾਨ-ਪੁੰਨ ਕਰ ਦੇਵੀਂ

ਜੰਟੇ ਨੇ ਜਵਾਬ ਦਿੱਤਾ, “ਬਾਈ, ਮਰੇ ਹੋਏ ਬੰਦੇ ਦੀ ਕੋਈ ਚੀਜ਼ ਵਰਤਿਆ ਨੀ ਕਰਦੇ ਕੁਝ ਨੀ ਹੁੰਦਾ, ਨਾਲ ਹੀ ਫੂਕ ਦੇਣ ਦਿਓ।”

ਸਮੇਂ ਦੀ ਨਿਜ਼ਾਕਤ ਨੂੰ ਦੇਖਦੇ ਹੋਏ ਮੈਂ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਨੌਕਰ ਨੇ ਸਾਰਾ ਸਮਾਨ ਬੰਨ੍ਹ ਕੇ ਨਾਲ ਹੀ ਸ਼ਮਸ਼ਾਨ ਵੱਲ ਨੂੰ ਚੁੱਕ ਲਿਆ। ਸੰਸਕਾਰ ਕਰਨ ਵੇਲੇ ਤਾਏ ਚੰਦ ਸਿੰਘ ਦੇ ਉਤਾਰੇ ਕੱਪੜੇ ਅਤੇ ਅੰਤਿਮ ਵੇਲੇ ਵਰਤਿਆ ਮੰਜਾ ਵੀ ਨਾਲ ਹੀ ਸਾੜ ਦਿੱਤਾ ਗਿਆਸਾਰਾ ਕ੍ਰਿਆ ਕਰਮ ਕਰਨ ਉਪਰੰਤ ਤਾਏ ਦੇ ਫੁੱਲ ਵੀ ਕੀਰਤਪੁਰ ਸਾਹਿਬ ਵਿਖੇ ਪਾ ਦਿੱਤੇ

ਭੋਗ ਤੋਂ ਪਹਿਲਾਂ ਜੰਟਾ ਤਾਏ ਦੀ ਬੈਂਕ ਦੀ ਕਾਪੀ ਅਤੇ ਏ.ਟੀ.ਐੱਮ. ਕਾਰਡ ਲੈ ਕੇ ਮੇਰੇ ਕੋਲ ਆ ਗਿਆ ਅਤੇ ਕਹਿਣ ਲੱਗਾ, “ਬਾਈ ਇੱਕ ਸਲਾਹ ਤਾਂ ਦੇਬਾਪੂ ਦੇ ਬੈਂਕ ਵਿੱਚ ਸੱਤਰ ਕੁ ਹਜ਼ਾਰ ਰਕਮ ਪਈ ਹੈ, ਇਸ ਨੂੰ ਕਿਵੇਂ ਕਢਾਵਾਂ? ਏ.ਟੀ.ਐੱਮ. ਰਾਹੀਂ ਜਾਂ ਬੈਂਕ ਵਿੱਚ ਜਾ ਕੇ?”

ਜੰਟੇ ਦੇ ਮੂੰਹੋਂ ਇਹ ਸੁਣਕੇ ਮੈਂਨੂੰ ਤਾਏ ਚੰਦ ਸਿਉਂ ਦੇ ਅੰਤਿਮ ਸੰਸਕਾਰ ਵੇਲੇ ਜੰਟੇ ਦੇ ਕਹੇ ਸ਼ਬਦ ਯਾਦ ਆ ਗਏ, “ਬਾਈ, ਮਰੇ ਹੋਏ ਬੰਦੇ ਦੀ ਕੋਈ ਚੀਜ਼ ਵਰਤਿਆ ਨੀ ਕਰਦੇ” ਫਿਰ ਹੁਣ ਇਹ ਤਾਏ ਦੇ ਕਮਾਏ ਰੁਪਏ ਕਿਉਂ ਵਰਤਣ ਲੱਗੇ ਹਨ? ਤਾਏ ਦੀਆਂ ਛਾਪਾਂ ਕਿਉਂ ਉਤਾਰ ਲਈਆਂ ਸਨ? ਇਹ ਗੱਲ ਮੈਂਨੂੰ ਸਮਝ ਨਹੀਂ ਆ ਰਹੀ ਸੀ। ਮੈਂ ਸਹਿਜੇ ਸੁਭਾਅ ਜੰਟੇ ਨੂੰ ਕਹਿ ਦਿੱਤਾ, “ਬਾਈ, ਤੂੰ ਤਾਏ ਦੇ ਅੰਤਿਮ ਸੰਸਕਾਰ ਵੇਲੇ ਤਾਂ ਮਿੰਟ ਵਿੱਚ ਕਹਿ ਦਿੱਤਾ ਸੀ ਬਈ ਆਪਾਂ ਬਾਪੂ ਦੀ ਕੋਈ ਚੀਜ਼ ਨਹੀਂ ਵਰਤਣੀ, ਪਰ ਹੁਣ ਤਾਏ ਦੇ ਪੈਸੇ ਕਿਉਂ ਵਰਤ ਰਿਹਾ ਹੈਂ?”

ਇਹ ਸੁਣ ਕੇ ਜੰਟਾ ਇੱਕ ਦਮ ਬੇਸ਼ਰਮ ਜਿਹਾ ਹੋ ਕੇ ਚੁੱਪ ਚਾਪ ਮੇਰੇ ਕੋਲੋਂ ਨੀਵੀਂ ਪਾ ਕੇ ਜੁੱਤੀਆਂ ਝਾੜਦਾ ਹੋਇਆ ਟੁਰ ਗਿਆ। ਬਾਅਦ ਵਿੱਚ ਮੈਂਨੂੰ ਆਪਣੀ ਕਹੀ ਗੱਲ ਦਾ ਪਛਤਾਵਾ ਵੀ ਹੋਇਆ। ਪਰ ਮੈਂ ਸੱਚ ਕਹਿਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਅਸੀਂ ਕਿੰਨੇ ਬਚਿੱਤਰ ਹਾਂ, ਜੇ ਮੱਖੀ ਚਾਹ ਵਿੱਚ ਡਿੱਗ ਜਾਵੇ ਤਾਂ ਚਾਹ ਦਾ ਕੱਪ ਡੋਲ੍ਹ ਦਿੰਦੇ ਹਾਂ, ਪਰ ਜੇਕਰ ਓਹੀ ਮੱਖੀ ਘਿਓ ਦੀ ਕੌਲੀ ਵਿੱਚ ਡਿੱਗ ਜਾਵੇ ਤਾਂ ਮੱਖੀ ਕੱਢ ਕੇ ਔਹ ਮਾਰਦੇ ਹਾਂਇਸ ਵਰਤਾਰੇ ਦੀ ਮੈਨੂੰ ਸਮਝ ਨਹੀਂ ਲਗਦੀਇਸ ਘਟਨਾ ਨੇ ਮੈਂਨੂੰ ਕਾਫੀ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ।

ਇਨਸਾਨ ਅੱਵਲ ਦਰਜੇ ਦਾ ਡਰਾਮੇਬਾਜ਼ ਹੈ, ਮੌਕੇ ਮੁਤਾਬਕ ਬਦਲਣ ਨੂੰ ਮਿੰਟ ਨਹੀਂ ਲਾਉਂਦਾ। ਇਹ ਕੋਈ ਇਕੱਲੀ-ਇਕਹਿਰੀ ਘਟਨਾ ਨਹੀਂ ਹੈ, ਅਜਿਹੀਆਂ ਸੈਂਕੜੇ ਘਟਨਾਵਾਂ ਤੁਹਾਨੂੰ ਸਮਾਜ ਵਿੱਚ ਮਿਲ ਜਾਣਗੀਆਂਅਸੀਂ ਡਰਾਮੇਬਾਜ਼ ਕਿਉਂ ਹਾਂ? ਅਜੇ ਤੱਕ ਮੈਨੂੰ ਇਸ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਹੈ ਕਿਸੇ ਕੋਲ ਮੇਰੇ ਇਸ ਸਵਾਲ ਦਾ ਜਵਾਬ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2128)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author