“ਮੈਂ ਕੀ ਕਰਾਂ? ਮੈਂ ਉਹਨਾਂ ਦਾ ਠੇਕਾ ਲਿਆ ਹੋਇਆ? ਮੈਂਨੂੰ ਕਿਹੜਾ ਉਹਨਾਂ ਨੇ ਵੋਟਾਂ ਪਾਈਆਂ ...”
(2 ਜੂਨ 2019)
ਦਿਨ ਪ੍ਰਤੀ ਦਿਨ ਗੁਆਚਦੀ ਜਾ ਰਹੀ ਇਨਸਾਨੀਅਤ ਤੇ ਇਨਸਾਨੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਦਾ ਸਮਾਂ ਪਤਾ ਨਹੀਂ ਹੋਰ ਕਿੱਥੇ ਜਾ ਕੇ ਖਲੋਵੇਗਾ। ਕਲਜੁਗੀ ਇਨਸਾਨ ਦੀ ਤਸਵੀਰ ਹਰ ਰੋਜ਼ ਭਿਆਨਕ ਹੁੰਦੀ ਜਾ ਰਹੀ ਹੈ। ਇਸ ਭਿਆਨਕਤਾ ਦਾ ਨਿੱਤ ਨਵਾਂ ਬਦਸੂਰਤ ਚਿਹਰਾ ਸਾਡੇ ਸਾਹਮਣੇ ਆ ਰਿਹਾ ਹੈ। ਮਜਲੂਮਾਂ ਉੱਤੇ ਵਧ ਰਿਹਾ ਜੁਲਮ, ਅੱਤਿਆਚਾਰ ਅਤੇ ਹਰ ਪਾਸੇ ਫੈਲ ਰਹੀ ਸਮਾਜਿਕ ਨਾ ਬਰਾਬਰੀ ਨਿੱਤ ਨਵੇਂ ਜੁਲਮਾਂ ਅਤੇ ਕਸ਼ਟਾਂ ਨੂੰ ਜਨਮ ਦੇ ਰਹੀ ਹੈ। ਪਿਛਲੀਆਂ ਸਰਦੀਆਂ ਵਿੱਚ ਇੱਕ ਦਿਨ ਮੇਰੇ ਮਿੱਤਰ ਇੰਜ. ਲਾਲ ਵਿਸ਼ਵਾਸ ਬੈਂਸ ਐੱਸ.ਡੀ.ਓ. ਨੇ ਕਿਸੇ ਅਖਬਾਰ ਵਿੱਚ ਇੱਕ ਗਰੀਬ ਬੱਚੀ ਦੀ ਠੰਢ ਲੱਗਣ ਨਾਲ ਮੌਤ ਹੋਣ ਦੀ ਖਬਰ ਪੜ੍ਹਨ ਉਪਰੰਤ ਮੈਂਨੂੰ ਟੈਲੀਫੋਨ ਕੀਤਾ ਤੇ ਸਾਰੀ ਖਬਰ ਸੁਣਾਈ। ਖਬਰ ਵਿੱਚ ਇਹ ਵੀ ਲਿਖਿਆ ਸੀ ਕਿ ਜਿਸ ਘਰ ਗਰੀਬ ਬੱਚੀ ਦੀ ਮੌਤ ਹੋਈ ਹੈ ਉਸ ਘਰ ਦੋ ਹੋਰ ਵੀ ਛੋਟੇ ਛੋਟੇ ਬੱਚੇ ਹਨ।
ਅਸੀਂ ਗੱਲਬਾਤ ਕਰਦੇ ਹੋਏ ਮਹਿਸੂਸ ਕੀਤਾ ਕਿ ਉਹ ਲੋਕ ਕਿੰਨੇ ਗਰੀਬ ਹੋਣਗੇ ਜਿਨ੍ਹਾਂ ਦੀ ਬੱਚੀ ਠੰਢ ਨਾਲ ਮਰ ਗਈ ਤੇ ਇਹ ਵੀ ਮਹਿਸੂਸ ਕੀਤਾ ਕਿ ਬਾਕੀ ਦੇ ਦੋ ਬੱਚਿਆਂ ਦਾ ਕੀ ਹਾਲ ਹੋਵੇਗਾ। ਖੈਰ ਅਸੀਂ ਆਖਰ ਵਿੱਚ ਇਹ ਫੈਸਲਾ ਕੀਤਾ ਕਿ ਆਪਾਂ ਦੋਵੇਂ ਜਣੇ ਉਸ ਪਿੰਡ ਜਾ ਕੇ ਆਈਏ, ਜਿਸ ਪਿੰਡ ਇਹ ਘਟਨਾ ਵਾਪਰੀ ਹੈ। ਅਗਲੇ ਦਿਨ ਕੁਦਰਤੀ ਸਨਿੱਚਰਵਾਰ ਸੀ ਅਤੇ ਸਾਨੂੰ ਦੋਵਾਂ ਨੂੰ ਦਫਤਰੋਂ ਛੁੱਟੀ ਸੀ।
ਅਸੀਂ ਦੋਵਾਂ ਨੇ ਆਪੋ ਆਪਣੇ ਘਰੋਂ ਆਪਣੇ ਬੱਚਿਆਂ ਦੇ ਅਤੇ ਆਪਣੇ ਵਾਧੂ ਪਏ ਗਰਮ ਕੱਪੜੇ ਬੈਗ ਵਿੱਚ ਪਾ ਕੇ ਸੁਵਖਤੇ ਹੀ ਉਸ ਪਿੰਡ ਵੱਲ ਚੱਲ ਪਏ। ਜਦੋਂ ਅਸੀਂ ਉਸ ਪਿੰਡ ਪਹੁੰਚੇ ਤੇ ਲੋਕਾਂ ਤੋਂ ਪੁੱਛਦੇ ਪੁਛਾਉਂਦੇ ਪੀੜਤ ਪਰਿਵਾਰ ਦਾ ਘਰ ਲੱਭ ਲਿਆ। ਉਸ ਘਰ ਦੇ ਅੰਦਰ ਗਏ ਤਾਂ ਘਰ ਦੀ ਖਸਤਾ ਹਾਲਤ ਅਤੇ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਤਰਸਯੋਗ ਹਾਲਤ ਦੇਖ ਕੇ ਸਾਡਾ ਰੋਣਾ ਨਿੱਕਲ ਆਇਆ। ਘਰ ਦੇ ਮੈਂਬਰਾਂ ਦੀ ਹਾਲਤ ਬਹੁਤ ਤਰਸਯੋਗ ਅਤੇ ਗਮਗੀਨ ਸੀ। ਕੱਪੜੇ ਪਾਟੇ ਝੀਟੇ ਤੇ ਘਰ ਵਿੱਚ ਖਾਣ ਨੂੰ ਵੀ ਕੁਝ ਖਾਸ ਨਹੀਂ ਸੀ। ਗੱਲਬਾਤ ਦੌਰਾਨ ਪਤਾ ਲੱਗਾ ਮਰਨ ਵਾਲੀ ਬੱਚੀ 10 ਕੁ ਸਾਲਾਂ ਦੀ ਸੀ। ਸਭ ਤੋਂ ਜ਼ਿਆਦਾ ਦੁੱਖ ਦੋਵਾਂ ਛੋਟੇ ਮਾਸੂਮ ਬੱਚਿਆਂ ਦੀ ਹਾਲਤ ਦੇਖ ਕੇ ਹੋਇਆ। ਉਨ੍ਹਾਂ ਬੱਚਿਆਂ ਦੇ ਕੱਪੜੇ ਗੰਦੇ ਅਤੇ ਠੰਢ ਮੁਤਾਬਿਕ ਬਹੁਤ ਘੱਟ ਸਨ। ਅਸੀਂ ਤੁਰੰਤ ਆਪਣੇ ਨਾਲ ਲਿਆਂਦੇ ਗਰਮ ਕੱਪੜੇ ਬੈਗ ਵਿੱਚੋਂ ਕੱਢੇ ਤੇ ਉਨ੍ਹਾਂ ਮਸੂਮ ਬੱਚਿਆਂ ਨੂੰ ਪਹਿਨਾਏ।
ਮੇਰੇ ਮਿੱਤਰ ਨੇ ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਪੁੱਛਿਆ ਕਿ ਤੁਸੀਂ ਇਨ੍ਹਾਂ ਬੱਚਿਆਂ ਦੇ ਕੱਪੜੇ ਇੰਨੇ ਗੰਦੇ ਕਿਉਂ ਪਾਏ ਹਨ? ਜੇ ਇਹ ਵੀ ਬਿਮਾਰ ਹੋ ਗਏ ਤਾਂ ਫਿਰ? ਪਰ ਉਨ੍ਹਾਂ ਦਾ ਉੱਤਰ ਸੁਣ ਕੇ ਸਾਡੇ ਬੁੱਲ੍ਹਾਂ ਉੱਤੇ ਜਿਵੇਂ ਜਿੰਦਰੇ ਈ ਲੱਗ ਗਏ। ਉਨ੍ਹਾਂ ਕਿਹਾ ਕਿ ਇਹੀ ਗਰਮ ਕੱਪੜੇ ਹਨ, ਜੀ ਜੇ ਇਹੀ ਧੋ ਦਿੱਤੇ ਤਾਂ ਇਹਨਾਂ ਦੇ ਹੋਰ ਕਿਹੜੇ ਗਰਮ ਕੱਪੜੇ ਪਾਵਾਂਗੇ। ਅਸੀਂ ਕੁਝ ਨਾ ਬੋਲ ਸਕੇ, ਸਾਡਾ ਅੰਦਰੋਂ ਗੱਚ ਭਰ ਆਇਆ। ਉਨ੍ਹਾਂ ਸਾਨੂੰ ਦੱਸਿਆ ਕਿ ਉਹ ਆਪਣੀ ਮਰੀ ਹੋਈ ਬੱਚੀ ਦਾ ਧਾਰਮਿਕ ਤੌਰ ’ਤੇ ਕੋਈ ਕਿਰਿਆ ਕਰਮ ਵੀ ਨਹੀਂ ਕਰਵਾ ਸਕੇ।
ਪਰਿਵਾਰ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ। ਅਸੀਂ ਕੁਝ ਖਾਣ ਪੀਣ ਲਈ ਸਮਾਨ ਜੋ ਨਾਲ ਲੈ ਕੇ ਗਏ ਸੀ, ਉਹ ਉਨ੍ਹਾਂ ਦੇ ਹਵਾਲੇ ਕੀਤਾ। ਇਸ ਉਪਰੰਤ ਅਸੀਂ ਦੋਵੇਂ ਜਣਿਆਂ ਨੇ ਮਨ ਬਣਾਇਆ ਕਿ ਇਸ ਗਰੀਬ ਪਰਿਵਾਰ ਲਈ ਹੋਰ ਵੀ ਕੁਝ ਕੀਤਾ ਜਾਵੇ ਤਾਂ ਜੋ ਕਿ ਇਹਨਾਂ ਦੀ ਹੋਰ ਮਾਲੀ ਮਦਦ ਹੋ ਸਕੇ। ਇਸ ਤੋਂ ਬਾਅਦ ਅਸੀਂ ਉਸ ਪਿੰਡ ਦੇ ਸਰਪੰਚ ਨਾਲ ਰਾਬਤਾ ਕਰਨਾ ਚਾਹਿਆ ਤਾਂ ਜੋ ਕਿ ਇਸ ਪਰਿਵਾਰ ਦੀ ਹੋਰ ਸਥਾਈ ਮਦਦ ਹੋ ਸਕੇ। ਜਦੋਂ ਅਸੀਂ ਸਰਪੰਚ ਸਾਹਿਬ ਦੇ ਘਰ ਪੁੱਜੇ ਤਾਂ ਅਸੀਂ ਉਸ ਭੱਦਰ ਪੁਰਸ਼ ਨੂੰ ਆਪਣੇ ਅਹੁਦੇ ਨਾ ਦੱਸਦੇ ਹੋਏ ਇੱਕ ਆਮ ਇਨਸਾਨ ਦੀ ਤਰ੍ਹਾਂ ਸਾਰੀ ਗੱਲ ਦੱਸੀ ਕਿ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਇੱਕ ਬੱਚੇ ਦੀ ਠੰਢ ਲੱਗਣ ਨਾਲ ਮੌਤ ਹੋ ਗਈ ਹੈ। ਅੱਗੋਂ ਸਰਪੰਚ ਸਾਹਿਬ ਨੇ ਕਿਹਾ, “ਮੈਂ ਕੀ ਕਰਾਂ? ਮੈਂ ਉਹਨਾਂ ਦਾ ਠੇਕਾ ਲਿਆ ਹੋਇਆ? ਮੈਂਨੂੰ ਕਿਹੜਾ ਉਹਨਾਂ ਨੇ ਵੋਟਾਂ ਪਾਈਆਂ ਨੇ। ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ, ਉਹਨਾਂ ਤੋਂ ਲੈਣ ਹੁਣ ਕੰਬਲ।”
ਮੇਰੇ ਮਿੱਤਰ ਨੇ ਕਿਹਾ ਕਿ ਸਰਪੰਚ ਸਾਹਿਬ ਇਹ ਤੁਹਾਡੀ ਡਿਊਟੀ ਹੈ, ਤੁਹਾਡੇ ਪਿੰਡ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ। ਅੱਗੋਂ ਸਰਪੰਚ ਸਾਹਬ ਕਹਿੰਦੇ, “ਅਗਰ ਤੁਹਾਨੂੰ ਉਹਨਾਂ ਨਾਲ ਜ਼ਿਆਦਾ ਹਮਦਰਦੀ ਹੈ ਤਾਂ ਤੁਸੀਂ ਨਾਲ ਈ ਲੈ ਜਾਓ ਉਹਨਾਂ ਨੂੰ ਆਪਣੇ।”
ਉਸ ਬੰਦੇ ਵਿੱਚੋਂ ਜਿਵੇਂ ਇਨਸਾਨੀਅਤ ਮੁੱਕ ਹੀ ਗਈ ਸੀ। ਖੈਰ ਅਸੀਂ ਬੇਗਾਨੇ ਇਲਾਕੇ ਵਿੱਚ ਸੀ ਤੇ ਜ਼ਿਆਦਾ ਬੋਲਣਾ ਵੀ ਠੀਕ ਨਹੀਂ ਸੀ। ਅਸੀਂ ਬੁਰਾ ਭਲਾ ਸੁਣ ਕੇ ਵਾਪਸ ਉਸੇ ਗਰੀਬਾਂ ਦੇ ਘਰ ਚਲੇ ਗਏ। ਇੱਕ ਗੱਲ ਹੋਰ ਸਾਡੇ ਸਾਹਮਣੇ ਆਈ ਕਿ ਇਸ ਗਰੀਬ ਪਰਿਵਾਰ ਦੇ ਘਰ ਕੋਲ ਇੱਕ ਬਹੁਤ ਸੋਹਣਾ, ਵਿਸ਼ਾਲ ਅਤੇ ਸੁੰਦਰ ਧਾਰਮਿਕ ਅਸਥਾਨ ਉਸਾਰਿਆ ਜਾ ਰਿਹਾ ਸੀ। ਅਸੀਂ ਮਨ ਕਰੜਾ ਕਰਕੇ ਧਾਰਮਿਕ ਸਥਾਨ ਦੀ ਉਸਾਰੀ ਕਰਵਾ ਰਹੇ ਮੋਢੀ ਬੰਦੇ ਕੋਲ ਚਲੇ ਗਏ ਅਤੇ ਉਸਨੂੰ ਬੇਨਤੀ ਕੀਤੀ ਕਿ ਤੁਸੀਂ ਕੁਝ ਪੈਸਾ ਇਸ ਗਰੀਬ ਪ੍ਰੀਵਾਰ ਦੇ ਘਰ ਨੂੰ ਠੀਕ ਕਰਵਾਉਣ ਉੱਤੇ ਵੀ ਲਗਾ ਦਿਓ। ਉਸ ਮੋਢੀ ਸ਼ਖਸ ਨੇ ਸਾਨੂੰ ਸਾਫ ਮਨ੍ਹਾਂ ਕਰ ਦਿੱਤਾ ਤੇ ਕਹਿਣ ਲੱਗਾ, “ਇਹ ਤਾਂ ਸਰਕਾਰ ਦਾ ਕੰਮ ਹੈ। ਜੇ ਅਸੀਂ ਇੱਦਾਂ ਲੋਕਾਂ ਨੂੰ ਘਰ ਬਣਾ ਕੇ ਦੇਣ ਲੱਗ ਪਏ ਤਾਂ ਸਾਡਾ ਧਾਰਮਿਕ ਸਥਾਨ ਕਿਵੇਂ ਬਣੁ?”
ਅਸੀਂ ਬਰੰਗ ਲਫਾਫੇ ਵਾਂਗੂ ਵਾਪਸ ਆ ਗਏ।
ਫਿਰ ਅਸੀਂ ਦੋਵਾਂ ਜਣਿਆਂ ਨੇ ਮਨ ਬਣਾਇਆ ਕਿ ਇਸ ਗਰੀਬ ਪਰਿਵਾਰ ਦੇ ਮੁਖੀ ਨੂੰ ਕੋਈ ਕੰਮ ਧੰਦਾ ਦੁਆ ਦੇਈਏ। ਹੁਣ ਅਸੀਂ ਪ੍ਰਮਾਤਮਾ ਵੱਲੋਂ ਬਖਸ਼ੇ ਆਪਣੇ ਅਹੁਦਿਆਂ ਦੇ ਅਸਰ ਰਸੂਖ ਦੀ ਵਰਤੋਂ ਕਰਦੇ ਹੋਏ ਪਰਿਵਾਰ ਦੇ ਮੁਖੀ ਨੂੰ ਇੱਕ ਫੈਕਟਰੀ ਵਿੱਚ ਕੰਮ ਦੁਆ ਦਿੱਤਾ। ਇਹ ਪ੍ਰੀਵਾਰ ਪੱਛੜੀ ਸ਼੍ਰੇਣੀ ਨਾਲ ਸਬੰਧ ਰੱਖਦਾ ਸੀ, ਜਿਸਦਾ ਸਰਟੀਫੀਕੇਟ ਬਣਵਾ ਕੇ ਅਸੀਂ ਰਿਆਇਤੀ ਬਿਜਲੀ ਦਾ ਮੀਟਰ ਲਗਵਾ ਦਿੱਤਾ। ਕੁਝ ਦਿਨ ਬਾਅਦ ਮੇਰੇ ਮਿੱਤਰ ਇੰਜ. ਲਾਲ ਵਿਸ਼ਵਾਸ ਦੇ ਕਾਫੀ ਯਤਨਾਂ ਸਦਕਾ ਇੱਕ ਐੱਨ.ਜੀ.ਓ. ਵੱਲੋਂ ਉਸ ਗਰੀਬ ਪਰਿਵਾਰ ਦੀ ਬਾਂਹ ਫੜਨ ਨਾਲ ਉਨ੍ਹਾਂ ਦੀਆਂ ਕਾਫੀ ਮੁਸ਼ਕਲਾਂ ਹੱਲ ਹੋ ਗਈਆਂ।
ਤਕਰੀਬਨ ਇੱਕ ਮਹੀਨੇ ਬਾਅਦ ਅਸੀਂ ਦੋਵੇਂ ਜਣੇ ਫਿਰ ਇਸ ਗਰੀਬ ਪਰਿਵਾਰ ਦੀ ਖਬਰ ਸਾਰ ਲੈਣ ਗਏ ਤਾਂ ਇਸ ਵਾਰੀ ਸਾਨੂੰ ਪਰਿਵਾਰਕ ਹਾਲਾਤ ਵਿੱਚ ਸੁਧਾਰ ਮਿਲਿਆ। ਸਾਨੂੰ ਉਨ੍ਹਾਂ ਨੇ ਚਾਹ ਵੀ ਪਿਲਾਈ ਅਤੇ ਦੂਸਰੇ ਦੋ ਬੱਚੇ ਅਸੀਂ ਖੇਡਦੇ ਦੇਖੇ। ਉਸ ਗਰੀਬ ਪ੍ਰੀਵਾਰ ਨੂੰ ਹੱਸਦੇ ਵਸਦੇ ਦੇਖ ਕੇ ਸਾਨੂੰ ਜਿੰਨੀ ਖੁਸ਼ੀ ਮਿਲੀ ਉਸ ਦਾ ਬਿਆਨ ਸ਼ਬਦਾਂ ਵਿੱਚ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ।
ਸਾਡੇ ਸਮਾਜ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਇਨਸਾਨਾਂ ਵਿੱਚ ਰੱਬ ਨੂੰ ਨਹੀਂ ਲੱਭਦੇ, ਸਗੋਂ ਪੱਥਰਾਂ ਵਿੱਚ ਰੱਬ ਲੱਭਦੇ ਫਿਰਦੇ ਹਾਂ। ਇੱਕ ਧਾਰਮਿਕ ਸਥਾਨ ਲਈ ਤਾਂ ਚੰਦਾ ਇਕੱਠਾ ਕਰ ਸਕਦੇ ਹਾਂ ਪਰ ਇੱਕ ਗਰੀਬ ਅਤੇ ਲੋੜਬੰਦ ਦੀ ਮਦਦ ਕਰਨ ਲਈ ਨਹੀਂ। ਇੱਕ ਧਰਮ ਦੇ ਠੇਕੇਦਾਰ ਨੂੰ ਨਵੀਂ ਲਗਜ਼ਰੀ ਗੱਡੀ ਤਾਂ ਦੇ ਸਕਦੇ ਹਾਂ ਪਰ ਭੁੱਖੇ ਨੂੰ ਇੱਕ ਵਕਤ ਦੀ ਰੋਟੀ ਦੇਣ ਲੱਗੇ ਅਸੀਂ ਤਕਲੀਫ ਮੰਨਦੇ ਹਾਂ। ਧਾਰਮਿਕ ਸਥਾਨਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਦਾਨ ਕਰਨ ਲਈ ਇੱਕ ਵਾਰ ਨਹੀਂ ਸੋਚਦੇ ਪਰ ਕਿਸੇ ਬੇਘਰੇ ਲਈ ਘਰ ਬਣਾ ਕੇ ਦੇਣ ਲਈ ਅਸੀਂ ਹਜ਼ਾਰ ਵਾਰ ਸੋਚਦੇ ਹਾਂ। ਸਭ ਧਰਮ ਇਹ ਕਹਿ ਰਹੇ ਹਨ ਕਿ ਰੱਬ ਇਨਸਾਨਾਂ ਵਿੱਚ ਵਸਦਾ ਹੈ ਪਰ ਇਨਸਾਨ ਰੱਬ ਨੂੰ ਪਤਾ ਨਹੀਂ ਕਿੱਥੇ ਲੱਭ ਰਿਹਾ ਹੈ। ਜਿਸ ਦਿਨ ਅਸੀਂ ਆਪਣੀ ਗੁਆਚੀ ਇਨਸਾਨੀਅਤ ਨੂੰ ਲੱਭ ਲਿਆ, ਉਸੇ ਦਿਨ ਸਾਨੂੰ ਰੱਬ ਮਿਲ ਪਵੇਗਾ। ਨਹੀਂ ਤਾਂ ਇਸੇ ਤਰ੍ਹਾਂ ਰੱਬ ਦੀ ਖੋਜ ਅਨੰਤ ਤੱਕ ਚਲਦੀ ਰਹੇਗੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1617)
(ਸਰੋਕਾਰ ਨਾਲ ਸੰਪਰਕ ਲਈ: