“ਅੰਕਲ ਜੀ ਜਲਦੀ ਆਓ, ਜਲਦੀ ਆਓ, ਗੁਰਵਿੰਦਰ ਦਾ ਐਕਸੀਡੈਂਟ ...”
(29 ਜਨਵਰੀ 2019)
ਇਸ ਤੋਂ ਵੱਡਾ ਹੋਰ ਕੀ ਦੁਖਾਂਤ ਹੋ ਸਕਦਾ ਹੈ - ਕਰੇ ਕੋਈ ਅਤੇ ਭਰੇ ਕੋਈ। ਪਰੰਤੂ ਸਾਡੇ ਸਮਾਜ ਵਿੱਚ ਅੱਜ ਕੱਲ੍ਹ ਇਹ ਆਮ ਵਾਪਰ ਰਿਹਾ ਹੈ। ਕੋਈ ਸ਼ਰਾਬ ਪੀ ਕੇ ਗਲਤ ਗੱਡੀ ਚਲਾ ਰਿਹਾ ਹੁੰਦਾ ਹੈ ਅਤੇ ਉਹ ਸਾਹਮਣੇ ਤੋਂ ਆ ਰਹੇ ਬੇਕਸੂਰ ਬੰਦੇ ਤੇ ਗੱਡੀ ਚੜ੍ਹਾ ਕੇ ਭੱਜ ਜਾਂਦਾ ਹੈ। ਜ਼ਖਮੀ ਬੰਦਾ ਸੜਕ ’ਤੇ ਪਿਆ ਦਮ ਤੋੜ ਦਿੰਦਾ ਹੈ। ਮ੍ਰਿਤਕ ਬੇਕਸੂਰ ਬੰਦਾ ਅਤੇ ਉਸਦਾ ਪਰਿਵਾਰ ਸ਼ਰਾਬੀ ਦੁਆਰਾ ਕੀਤੀ ਗਈ ਗਲਤੀ ਦੀ ਸਜਾ ਭੁਗਤਦੇ ਹਨ। ਇੱਕ ਨਸ਼ੇੜੀ ਮੁੰਡੇ ਦੇ ਰਿਸ਼ਤੇ ਵਿੱਚ ਵਿਚੋਲੇ ਦੁਆਰਾ ਬੋਲੇ ਝੂਠ ਦੀ ਸਜ਼ਾ ਬੇਕਸੂਰ ਪੜ੍ਹੀ ਲਿਖੀ ਕੁੜੀ ਭੁਗਤਦੀ ਹੈ। ਮਾਪਿਆਂ ਦਾ ਵਿਗੜਿਆ ਮੁੰਡਾ ਰਾਹ ਵਿੱਚ ਸਾਇਕਲ ’ਤੇ ਸਕੂਲ ਜਾ ਰਹੀ ਬੇ-ਕਸੂਰ ਕੁੜੀ ਕੋਲ ਜਾ ਕੇ ਬੁਲੇਟ ਦਾ ਪਟਾਖਾ ਵਜਾ ਕੇ ਭੱਜ ਜਾਂਦਾ ਹੈ ਅਤੇ ਡਰ ਕੇ ਸਾਇਕਲ ਤੋਂ ਡਿੱਗੀ ਬੇਚਾਰੀ ਕੁੜੀ ਸੱਟਾਂ ਖਾ ਕੇ ਆਪਣੇ ਸਲਾਨਾਂ ਪੇਪਰ ਦੇਣ ਤੋਂ ਰਹਿ ਜਾਂਦੀ ਹੈ। ਪਤਾ ਨਹੀਂ ਦੁਨੀਆ ਵਿੱਚ ਕਿੰਨੇ ਹੀ ਲੋਕ ਬੇ-ਕਸੂਰ ਹੁੰਦੇ ਹੋਏ ਕਿਸੇ ਹੋਰ ਦੀ ਕੀਤੀ ਗਲਤੀ ਦੀ ਸਜਾ ਭੁਗਤ ਰਹੇ ਹਨ। ਜਦੋਂ ਕੋਈ ਅਜਿਹੀ ਘਟਨਾ ਸਾਡੇ ਸਾਹਮਣੇ ਵਾਪਰਦੀ ਹੈ ਤਾਂ ਅਸੀਂ ਸਿਰਫ ਇੱਕ ਦੋ ਮਿੰਟ ਲਈ ਇਹ ਕਹਿ ਕੇ ਬੁੱਤਾ ਸਾਰ ਦਿੰਦੇ ਹਾਂ ਕਿ ਬਹੁਤ ਮਾੜਾ ਹੋਇਆ, ਏਦਾਂ ਨਹੀਂ ਹੋਣਾ ਚਾਹੀਦਾ ਸੀ।
ਇਹ ਘਟਨਾ ਤਕਰੀਬਨ ਦੋ ਕੁ ਸਾਲ ਪੁਰਾਣੀ ਹੈ। ਮੈਂ ਸ਼ਹਿਰ ਆਪਣੇ ਮਿੱਤਰ ਨੂੰ ਮਿਲਣ ਲਈ ਗਿਆ ਸੀ। ਉਸਦਾ ਇਕਲੌਤਾ ਬੇਟਾ ਗੁਰਵਿੰਦਰ ਕਨੇਡਾ ਤੋਂ ਦੋ ਸਾਲ ਬਾਅਦ ਪਰਤਿਆ ਸੀ। ਇਹ ਬੱਚਾ ਬਾਰ੍ਹਵੀਂ ਕਰਨ ਤੋਂ ਬਾਅਦ ਸਟੱਡੀ ਬੇਸ ’ਤੇ ਕਨੇਡਾ ਚਲਿਆ ਗਿਆ ਸੀ। ਮੈਂ ਵੀ ਗੁਰਵਿੰਦਰ ਨੂੰ ਮਿਲਣ ਲਈ ਬੇਤਾਬ ਸੀ ਕਿਉਂਕਿ ਗੁਰਵਿੰਦਰ ਦਾ ਮੇਰੇ ਨਾਲ ਵੀ ਬਹੁਤ ਲਗਾਵ ਤੇ ਪਿਆਰ ਸੀ।
ਅੱਜ ਗੁਰਵਿੰਦਰ ਦਾ ਜਨਮ ਦਿਨ ਵੀ ਸੀ। ਮੈਂ ਚਾਈਂ ਚਾਈਂ ਕੱਪੜਿਆਂ ਵਾਲੀ ਦੁਕਾਨ ਤੋਂ ਗੁਰਵਿੰਦਰ ਲਈ ਜੀਨ ਦੀ ਪੈਂਟ ਅਤੇ ਕਮੀਜ਼ ਖਰੀਦ ਕੇ ਉਨ੍ਹਾਂ ਦੇ ਘਰ ਪੁੱਜ ਗਿਆ। ਘਰ ਜਾ ਕੇ ਮੈਂ ਗੁਰਵਿੰਦਰ, ਆਪਣੇ ਮਿੱਤਰ ਅਤੇ ਭਾਬੀ ਜੀ ਨੂੰ ਮਿਲਿਆ। ਬੈਠ ਕੇ ਖੂਬ ਗੱਲਾਂ ਕੀਤੀਆਂ। ਗੁਰਵਿੰਦਰ ਨੇ ਮੇਰੇ ਨਾਲ ਕਨੇਡਾ ਦੇ ਸਿਸਟਮ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਦੋ ਸਾਲਾਂ ਵਿੱਚ ਕਾਕਾ ਗੁਰਵਿੰਦਰ ਮੇਰੇ ਤੋਂ ਵੀ ਲੰਮਾ ਲੱਗਣ ਲੱਗ ਪਿਆ ਸੀ। ਇਸੇ ਤਰ੍ਹਾਂ ਹੱਸਦੇ ਖੇਡਦੇ ਕਾਫੀ ਸਮਾਂ ਬੀਤ ਗਿਆ।
ਹੁਣ ਦੁਪਿਹਰ ਹੋ ਗਈ ਸੀ। ਮੈਂ ਵਾਪਸ ਆਪਣੇ ਪਿੰਡ ਜਾਣ ਬਾਰੇ ਆਪਣੇ ਮਿੱਤਰ ਨੂੰ ਕਿਹਾ ਤਾਂ ਗੁਰਵਿੰਦਰ ਨੇ ਝੱਟ ਮੈਂਨੂੰ ਆਖ ਦਿੱਤਾ ਕਿ ਅੰਕਲ ਜੀ ਰੁਕ ਜਾਓ, ਮੈਂ ਅਜੇ ਜਨਮ ਦਿਨ ਦਾ ਕੇਕ ਕੱਟਣਾ ਹੈ। ਉਸਨੇ ਦੱਸਿਆ ਕਿ ਉਸਦੇ ਮਿੱਤਰ ਬੇਲੀ ਆ ਰਹੇ ਹਨ ਅਤੇ ਉਹ ਬਜਾਰੋਂ ਕੇਕ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਹੈ। ਕੁੱਝ ਸਮੇਂ ਬਾਅਦ ਗੁਰਵਿੰਦਰ ਦੇ ਮਿੱਤਰ ਬੇਲੀ ਆਉਣੇ ਸ਼ੁਰੂ ਹੋ ਗਏ। ਇੰਨੇ ਨੂੰ ਗੁਰਵਿੰਦਰ ਆਪਣੇ ਇੱਕ ਮਿੱਤਰ ਨੂੰ ਨਾਲ ਲੈ ਕੇ ਕੇਕ ਅਤੇ ਹੋਰ ਖਾਣ ਪੀਣ ਦਾ ਸਮਾਨ ਲੈਣ ਲਈ ਬਜ਼ਾਰ ਵੱਲ ਨੂੰ ਸਕੂਟਰ ’ਤੇ ਚਲਾ ਗਿਆ। ਗੁਰਵਿੰਦਰ ਦੀ ਮੰਮੀ ਨੇ ਸਾਰਿਆਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰ ਦਿੱਤਾ। ਅਸੀਂ ਗੱਲਾਂ ਕਰਦੇ ਹੱਸਦੇ ਖੇਡਦੇ ਸਾਰੇ ਖੂਬ ਅਨੰਦ ਮਾਣ ਰਹੇ ਸੀ ਕਿ ਗੁਰਵਿੰਦਰ ਨਾਲ ਗਿਆ ਉਸਦਾ ਮਿੱਤਰ ਹਫਿਆ ਹੋਇਆ ਇੱਕ ਦਮ ਜਦੋਂ ਘਰ ਦੀ ਲੌਬੀ ਵਿੱਚ ਆਇਆ ਤੇ ਘਬਰਾਇਆ ਹੋਇਆ ਉਹ ਕਹਿ ਰਿਹਾ ਸੀ ਕਿ ਅੰਕਲ ਜੀ ਜਲਦੀ ਆਓ, ਜਲਦੀ ਆਓ, ਗੁਰਵਿੰਦਰ ਦਾ ਐਕਸੀਡੈਂਟ ਹੋ ਗਿਆ।
ਅਸੀਂ ਸਾਰਾ ਕੁੱਝ ਵਿੱਚੇ ਛੱਡ ਕੇ ਭੱਜ ਕੇ ਘਟਨਾ ਵਾਲੀ ਜਗ੍ਹਾ ਵੱਲ ਨੂੰ ਦੌੜ ਪਏ। ਘਰ ਤੋਂ ਤਕਰੀਬਨ ਅੱਧਾ ਕੁ ਕਿਲੋਮੀਟਰ ਦੂਰ ਗਰਵਿੰਦਰ ਦਾ ਐਕਸੀਡੈਂਟ ਹੋਇਆ ਪਿਆ ਸੀ। ਅਸੀਂ ਭੱਜ ਕੇ ਗੁਰਵਿੰਦਰ ਨੂੰ ਡਿੱਗੇ ਪਏ ਨੂੰ ਚੁੱਕਿਆ ਤਾਂ ਦੇਖਿਆ, ਉਸਦੇ ਗਲੇ ਅਤੇ ਮੱਥੇ ਵਿੱਚੋਂ ਖੂਨ ਵਗ ਰਿਹਾ ਸੀ। ਉਸ ਦੇ ਗਲ ਅਤੇ ਸਰੀਰ ਦੇ ਆਲੇ ਦੁਆਲੇ ਚਾਇਨਾ ਡੋਰ ਲਿਪਟੀ ਪਈ ਸੀ। ਗੁਰਵਿੰਦਰ ਦੇ ਦੋਸਤ ਨੇ ਦੱਸਿਆ, “ਅਸੀਂ ਸਕੂਟਰ ਤੇ ਚੰਗੇ ਭਲੇ ਹੌਲੀ ਸਪੀਡ ’ਤੇ ਜਾ ਰਹੇ ਸੀ ਕਿ ਅਚਾਨਕ ਗਲੀ ਵਿੱਚ ਲਮਕ ਰਹੀ ਚਾਇਨਾ ਡੋਰ ਗੁਰਵਿੰਦਰ ਦੇ ਗਲ ਵਿੱਚ ਪੈ ਗਈ। ਜਦੋਂ ਨੂੰ ਉਹ ਡੋਰ ਵਿੱਚੋਂ ਨਿਕਲਦਾ, ਸਕੂਟਰ ਬੇਕਾਬੂ ਹੋ ਗਿਆ। ਗੁਰਵਿੰਦਰ ਦਾ ਸਿਰ ਗਲੀ ਦੇ ਮੋੜ ਤੇ ਲੱਗੇ ਸਟਰੀਟ ਲਾਇਟ ਦੇ ਖੰਭੇ ਵਿੱਚ ਜਾ ਵੱਜਾ ਅਤੇ ਮੈਂ ਵੀ ਪਿੱਛੇ ਹੀ ਡਿੱਗ ਗਿਆ। ਜਦੋਂ ਮੈ ਉੱਠ ਕੇ ਗੁਰਵਿੰਦਰ ਵੱਲ ਨੂੰ ਗਿਆ ਤਾਂ ਉਹ ਲਹ੍ਹ ਲੁਹਾਣ ਸੀ। ਤੁਰੰਤ ਭੱਜ ਕੇ ਮੈਂ ਘਰ ਵੱਲ ਤੁਹਾਨੂੰ ਦੱਸਣ ਚਲਾ ਗਿਆ ...। ”
ਖੂਨ ਦਾ ਛੱਪੜ ਲੱਗ ਗਿਆ ਸੀ। ਅਸੀਂ ਕਿਸੇ ਜਾਣ ਪਹਿਚਾਣ ਵਾਲੇ ਦੀ ਕਾਰ ਰੁਕਵਾ ਕੇ ਗੁਰਵਿੰਦਰ ਨੂੰ ਉਸ ਕਾਰ ਵਿੱਚ ਪਾ ਕੇ ਵੱਡੇ ਹਸਪਤਾਲ ਵੱਲ ਨੂੰ ਲੈ ਤੁਰੇ। ਕਾਕਾ ਗੁਰਵਿੰਦਰ ਗੁੰਮ ਸੀ, ਕੁੱਝ ਨਹੀਂ ਬੋਲ ਰਿਹਾ ਸੀ। ਉਸਦੀ ਦੀ ਗਰਦਨ ’ਤੇ ਚਾਇਨਾ ਡੋਰ ਦੇ ਰਗੜਨ ਨਾਲ ਬਹੁਤ ਡੂੰਘਾ ਜ਼ਖਮ ਹੋ ਗਿਆ ਸੀ ਅਤੇ ਸਿਰ ਖੰਭੇ ਨਾਲ ਲੱਗਣ ਕਾਰਨ ਪਾਟ ਗਿਆ ਸੀ। ਅਸੀਂ ਜਲਦੀ ਹੀ ਕਾਕੇ ਨੂੰ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਪਹੁੰਚਾ ਦਿੱਤਾ। ਡਾਕਟਰਾਂ ਦੀ ਟੀਮ ਨੇ ਕਾਕੇ ਗੁਰਵਿੰਦਰ ਨੂੰ ਸੰਭਾਲ ਲਿਆ ਅਤੇ ਉਸਦਾ ਇਲਾਜ ਕਰਨ ਲੱਗੇ।
ਤਕਰੀਬਨ ਪੰਦਰਾਂ-ਵੀਹ ਮਿੰਟ ਡਾਕਟਰਾਂ ਦੀ ਟੀਮ ਨੇ ਸਾਰੇ ਓਹੜ ਪੋਹੜ ਕੀਤੇ ਪਰ ਕੋਈ ਸਫਲਤਾ ਨਹੀਂ ਮਿਲੀ। ਅੰਤ ਨੂੰ ਵੱਡੇ ਡਾਕਟਰ ਸਾਹਿਬ ਨੇ ਆ ਕੇ ਸਾਨੂੰ ਕਿਹਾ ਕਿ ਕਾਕਾ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਹੈ, ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।
ਇੰਨੀ ਗੱਲ ਕਹਿ ਕੇ ਡਾਕਟਰ ਚਲਾ ਗਿਆ ਪਰ ਮੇਰੇ ਮਿੱਤਰ ਦੀ ਤਾਂ ਜਿਵੇਂ ਦੁਨੀਆਂ ਹੀ ਉੱਜੜ ਗਈ ਸੀ। ਸਾਡੇ ਹੱਥ ਕੁੱਝ ਵੀ ਨਹੀਂ ਸੀ। ਮੇਰੇ ਮਿੱਤਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਰੋ ਰੋ ਕੇ ਉਸਨੇ ਆਪਾ ਗੁਆ ਲਿਆ ਸੀ। ਇੰਨੇ ਨੂੰ ਗੁਰਵਿੰਦਰ ਦੀ ਮੰਮੀ ਵੀ ਹਸਪਤਾਲ ਵਿੱਚ ਪੁੱਜ ਗਈ। ਬਸ ਫੇਰ ਇਸ ਤੋਂ ਬਾਅਦ ਦੇ ਹਾਲਾਤ ਲਿਖਣ ਦੀ ਸ਼ਕਤੀ ਮੇਰੀ ਕਲਮ ਵਿੱਚ ਨਹੀਂ ਹੈ। ...
ਹੱਸਦਾ ਖੇਡਦਾ ਗੁਰਵਿੰਦਰ ਸਿੰਘ ਘਰੋਂ ਬਾਹਰ ਗਿਆ ਸੀ ਪਰ ਫੇਰ ਮੁੜਕੇ ਕਦੀ ਨਹੀਂ ਆਇਆ। ਕਾਕੇ ਗੁਵਿੰਦਰ ਲਈ ਜਨਮ ਦਿਨ ਮੌਤ ਦਾ ਦਿਨ ਬਣ ਕੇ ਚੜ੍ਹਿਆ ਸੀ। ਉਸਦੇ ਮੰਮੀ-ਪਾਪਾ ਦੀ ਹਾਲਤ ਇੰਨੀ ਖਰਾਬ ਸੀ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਰੋਂਦਾ ਕੁਰਲਾਉਂਦਾ ਮੇਰਾ ਮਿੱਤਰ ਵਾਰ ਵਾਰ ਇਹੀ ਕਹਿ ਰਿਹਾ ਸੀ ਕਿ ਹੁਣ ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟੂੰਗਾ।
ਗੁਰਵਿੰਦਰ ਦੀ ਮੰਮੀ ਤਾਂ ਜਿਵੇਂ ਗੁੰਮ ਹੀ ਹੋ ਗਈ। ਉਸ ਨੂੰ ਕੋਈ ਸੁਰਤ ਨਹੀਂ ਸੀ। ਸਸਕਾਰ ਵੇਲੇ ਤੱਕ ਉਸ ਨੂੰ ਕੁੱਝ ਵੀ ਪਤਾ ਨਹੀਂ ਚੱਲ ਰਿਹਾ ਸੀ ਕਿ ਇਹ ਕੀ ਭਾਣਾ ਵਰਤ ਗਿਆ। ਜਦੋਂ ਸਸਕਾਰ ਕਰਨ ਤੋਂ ਪਹਿਲਾਂ ਆਖਰੀ ਇਸ਼ਨਾਨ ਕਰਵਾਇਆ ਗਿਆ ਤਾਂ ਇਸ਼ਨਾਨ ਕਰਨ ਤੋਂ ਬਾਅਦ ਮੇਰੇ ਦੁਆਰਾ ਜਨਮ ਦਿਨ ਦੇ ਤੋਹਫੇ ਵਜੋ ਲਿਆਂਦੀ ਗਈ ਜੀਨ ਦੀ ਪੈਂਟ ਅਤੇ ਕਮੀਜ਼ ਉਸ ਨੂੰ ਪਹਿਨਾਈ ਗਈ ਤਾਂ ਮੇਰੀ ਭੁੱਬ ਨਿੱਕਲ ਗਈ। ਗੁਰਵਿੰਦਰ ਦੀ ਮੰਮੀ ਨੂੰ ਉਸਦਾ ਆਖਰੀ ਵਾਰੀ ਮੂੰਹ ਦਿਖਾਇਆ, ਤੇ ਸਾਰਿਆਂ ਨੇ ਉਸ ਨੂੰ ਕਿਹਾ ਕਿ ਹੁਣ ਗੁਰਵਿੰਦਰ ਵਾਪਸ ਨਹੀਂ ਆਵੇਗਾ, ਉਹ ਮਰ ਚੁੱਕਿਆ ਹੈ। ... ਗੁਰਵਿੰਦਰ ਨੂੰ ਚਿਖਾ ਉੱਤੇ ਪਏ ਨੂੰ ਦੇਖ ਕੇ ਉਸਦੀ ਮੰਮੀ ਦੀਆਂ ਚੀਖਾਂ ਅਤੇ ਵੈਣ ਸੁਣੇ ਨਹੀਂ ਸਨ ਜਾਂਦੇ।...
ਕਿਸੇ ਹੋਰ ਦੁਆਰਾ ਕੀਤੀ ਗਈ ਅਣਗਹਿਲੀ ਦੀ ਸਜ਼ਾ ਬੇਕਸੂਰ ਗੁਰਵਿੰਦਰ ਨੂੰ ਤਾਂ ਜਿੱਥੇ ਸਿੱਧੇ ਤੌਰ ’ਤੇ ਮਿਲੀ, ਉੱਥੇ ਉਸਦੇ ਮਾਤਾ ਪਿਤਾ ਦਾ ਤਾਂ ਸੰਸਾਰ ਹੀ ਉੱਜੜ ਗਿਆ।
ਹਰ ਸਾਲ ਚਾਇਨਾ ਡੋਰ ਦੇ ਕਾਰਨ ਕਿੰਨੇ ਹੀ ਗੁਰਵਿੰਦਰ ਵਰਗੇ ਚੰਨ ਪੁੱਤਰ ਆਪਣੇ ਮਾਪਿਆ ਦੀਆਂ ਅੱਖਾਂ ਤੋਂ ਓਹਲੇ ਹੋ ਰਹੇ ਹਨ। ਚਾਇਨਾ ਡੋਰ ਨਾਲ ਹਰ ਸਾਲ ਬਹੁਤ ਹਾਦਸੇ ਹੁੰਦੇ ਹਨ, ਕਈ ਪਿਤਾ ਆਪਣੇ ਬੱਚਿਆਂ ਤੋਂ ਸਦਾ ਲਈ ਵਿੱਛੜ ਜਾਂਦੇ ਹਨ ਅਤੇ ਕਈ ਬਜ਼ੁਰਗ ਜ਼ਖਮੀ ਹੋ ਕੇ ਆਪਣਾ ਬੁਢਾਪਾ ਗੁਆ ਲੈਂਦੇ ਹਨ। ਲੋੜ ਹੈ ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਚਾਇਨਾ ਡੋਰ ਵਰਗੀਆਂ ਚੀਜਾਂ ’ਤੇ ਸਖਤੀ ਨਾਲ ਪਾਬੰਦੀ ਲਗਾਉਣ ਦੀ ਤਾਂ ਕਿ ਭਵਿੱਖ ਵਿੱਚ ਹੋਰ ਕੋਈ ਗੁਰਵਿੰਦਰ ਆਪਣੇ ਮਾਪਿਆਂ ਕੋਲੋਂ ਨਾ ਵਿੱਛੜੇ।
*****
(1467)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)