“ਮਾਤਾ ਨੇ ਦੱਸਿਆ ਕਿ ਉਸਦੇ ਸ਼ਰੀਕੇ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ...”
(16 ਅਕਤੂਬਰ 2024)
ਕੁਝ ਸਮਾਂ ਪਹਿਲਾਂ ਲਹਿਰਾਗਾਗਾ (ਸੰਗਰੂਰ) ਨੂੰ ਜਾਂਦੇ ਹੋਏ ਪਿੰਡ ਖੰਡੇਬਾਦ ਕੋਲ ਮੈਂ ਇੱਕ ਸੜਕ ਹਾਦਸੇ ਵਿੱਚ ਵਾਲ ਵਾਲ ਬਚ ਗਿਆ। ਇਸ ਤਰ੍ਹਾਂ ਬਚਿਆ ਜਿਵੇਂ ਕਿਸੇ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ ਹੋਵੇ। ਉਸ ਦਿਨ ਇੱਕ ਅਹਿਸਾਸ ਹੋਇਆ ਕਿ ਮੈਨੂੰ ਬਚਾਉਣ ਵਿੱਚ ਜ਼ਰੂਰ ਕਿਸੇ ਸ਼ਕਤੀ ਦਾ ਹੱਥ ਹੈ। ਹਾਦਸੇ ਵਿੱਚ ਬਚਣ ਤੋਂ ਬਾਅਦ ਮੈਂ ਰੁਕ ਕੇ ਆਪਣੇ ਆਪ ਨੂੰ ਸਥਿਰ ਕੀਤਾ ਅਤੇ ਉਸੇ ਸਮੇਂ ਮੇਰਾ ਧਿਆਨ ਸਾਲ 2015 ਵਿੱਚ ਉਸੇ ਜਗ੍ਹਾ ’ਤੇ ਕਿਸੇ ਮਾਤਾ ਦੁਆਰਾ ਦਿੱਤੀਆਂ ਗਈਆਂ ਦੁਆਵਾਂ ਵੱਲ ਗਿਆ। ਉਸ ਮਾਤਾ ਨੇ ਮੈਨੂੰ ਲੰਮੀ ਉਮਰ ਜਿਊਣ ਅਤੇ ਹਮੇਸ਼ਾ ਖੁਸ਼ ਰਹਿਣ ਦੀ ਦੁਆ ਦਿੱਤੀ ਸੀ।
ਸਾਲ 2015 ਵਿੱਚ ਮੈਂ ਲਹਿਰੇਗਾਗੇ ਵਿਖੇ ਬਤੌਰ ਐਕਸੀਅਨ ਤਾਇਨਾਤ ਸੀ। ਉਸ ਸਮੇਂ ਚੋਣਾਂ ਦਾ ਦੌਰ ਸੀ ਅਤੇ ਹਾਕਮ ਧਿਰ ਅਕਾਲੀ ਦਲ ਵੱਲੋਂ ਕਾਫੀ ਜ਼ੋਰ ਲਗਾਇਆ ਜਾ ਰਿਹਾ ਸੀ, ਜਿਸ ਕਰਕੇ ਸਰਕਾਰ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸੰਗਤ ਦਰਸ਼ਨ ਕਰਵਾਏ ਜਾ ਰਹੇ ਸਨ। ਲਹਿਰਾਗਾਗਾ ਹਲਕੇ ਵਿੱਚ ਉਸ ਸਮੇਂ ਸਰਦਾਰ ਪਰਮਿੰਦਰ ਸਿੰਘ ਢੀਡਸਾ ਅਤੇ ਬੀਬੀ ਰਜਿੰਦਰ ਕੌਰ ਭੱਠਲ ਵਿਚਕਾਰ ਮੁੱਖ ਮੁਕਾਬਲਾ ਸੀ। ਇੱਕ ਦਿਨ ਸੰਗਤ ਦਰਸ਼ਨ ਦੌਰਾਨ ਹਮੇਸ਼ਾ ਦੀ ਤਰ੍ਹਾਂ ਮੇਰੀ ਡਿਊਟੀ ਲੱਗੀ ਹੋਈ ਸੀ ਅਤੇ ਲੋਕ ਮੁੱਖ ਮੰਤਰੀ ਸਾਹਿਬ ਕੋਲ ਆਪਣੇ ਕੰਮ ਅਤੇ ਸ਼ਿਕਾਇਤਾਂ ਲੈ ਕੇ ਆ ਰਹੇ ਸਨ। ਕਾਫੀ ਚਿਰ ਪਿੰਡ ਖੰਡੇਬਾਦ ਵਿਖੇ ਸੰਗਤ ਦਰਸ਼ਨ ਚੱਲਦਾ ਰਿਹਾ। ਇਸ ਦਿਨ ਤਿੰਨ ਚਾਰ ਜਗਾਹ ’ਤੇ ਸੰਗਤ ਦਰਸ਼ਨ ਹੋਣਾ ਸੀ, ਇਸ ਲਈ ਤਕਰੀਬਨ ਦੋ ਘੰਟਿਆਂ ਬਾਅਦ ਸੰਗਤ ਦਰਸ਼ਨ ਖਤਮ ਕਰ ਦਿੱਤਾ ਗਿਆ ਅਤੇ ਪਿੰਡ ਮਕੋਰਡ ਸਾਹਿਬ ਵਿਖੇ ਅਗਲੇਰੇ ਸੰਗਤ ਦਰਸ਼ਨ ਲਈ ਸਾਰਾ ਸਰਕਾਰੀ ਤੰਤਰ ਚੱਲ ਪਿਆ। ਇਸ ਸੰਗਤ ਦਰਸ਼ਨ ਵਿੱਚ ਜੋ ਕੰਮ ਕਰਵਾਉਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉਸ ਵਿੱਚ ਇੱਕ ਬੁੱਢੀ ਬਜ਼ੁਰਗ ਮਾਤਾ ਦੀ ਵਾਰੀ ਆਉਣ ਤੋਂ ਰਹਿ ਗਈ ਅਤੇ ਉਹ ਦੂਰ ਖੜ੍ਹੀ ਰੋ ਰਹੀ ਸੀ। ਮੈਂ ਉਸ ਨੂੰ ਦੇਖਿਆ ਅਤੇ ਉਸ ਕੋਲ ਚਲਾ ਗਿਆ। ਮਾਤਾ ਨੂੰ ਪੁੱਛਿਆ ਕੀ ਗੱਲ ਹੈ ਮਾਤਾ, ਤੁਸੀਂ ਕਿਉਂ ਰੋ ਰਹੇ ਹੋ। ਉਸਨੇ ਉੱਤਰ ਦਿੱਤਾ, “ਪੁੱਤ ਮੇਰੀ ਤਾਂ ਵਾਰੀ ਆਈ ਹੀ ਨਹੀਂ, ਪਹਿਲਾਂ ਹੀ ਸੰਗਤ ਦਰਸ਼ਨ ਖਤਮ ਹੋ ਗਿਆ।”
ਮੈਂ ਮਾਤਾ ਨੂੰ ਪੁੱਛਿਆ “ਮਾਤਾ ਜੀ ਤੁਹਾਡਾ ਕੀ ਕੰਮ ਹੈ, ਜੋ ਤੁਸੀਂ ਇੱਥੇ ਸੰਗਤ ਦਰਸ਼ਨ ਵਿੱਚ ਕਰਵਾਉਣ ਲਈ ਆਏ ਹੋ।” ਉਸ ਮਾਤਾ ਨੇ ਉੱਤਰ ਦਿੱਤਾ, “ਪੁੱਤ, ਕੁਝ ਸਮਾਂ ਪਹਿਲਾਂ ਮੇਰੇ ਸ਼ਰੀਕੇ ਵਾਲਿਆਂ ਨੇ ਮੇਰਾ ਬਿਜਲੀ ਟਿਊਬਵੈੱਲ ਦਾ ਕਨੈਕਸ਼ਨ ਖਹਿਬਾਜ਼ੀ ਵਿੱਚ ਕਟਵਾ ਦਿੱਤਾ ਸੀ।”
ਇਹ ਸੁਣ ਕੇ ਮੈਨੂੰ ਇਕਦਮ ਵਿਸ਼ਵਾਸ ਹੋ ਗਿਆ ਕਿ ਇਸ ਮਾਤਾ ਦੀ ਮੁਸ਼ਕਿਲ ਦਾ ਹੱਲ ਮੈਂ ਕਰ ਸਕਦਾ ਹਾਂ ਕਿਉਂਕਿ ਇਹ ਬਿਜਲੀ ਮਹਿਕਮੇ ਨਾਲ ਸੰਬੰਧਿਤ ਮਸਲਾ ਸੀ। ਇਸ ਲਈ ਮੈਂ ਮਾਤਾ ਨੂੰ ਕਿਹਾ, “ਮਾਤਾ, ਇਹ ਮਸਲਾ ਤਾਂ ਮੈਂ ਹੱਲ ਕਰ ਦੇਵਾਂਗਾ। ਤੁਸੀਂ ਆਪਣੇ ਘਰ ਜਾਓ ਅਤੇ ਮੈਨੂੰ ਆਪਣਾ ਮੋਬਾਇਲ ਨੰਬਰ ਦੇ ਦਿਓ।”
ਉਸ ਮਾਤਾ ਨੇ ਮੈਨੂੰ ਆਪਣਾ ਮੋਬਾਇਲ ਫੜਾਇਆ ਅਤੇ ਕਿਹਾ, “ਪੁੱਤ ਇਸ ਵਿੱਚੋਂ ਮੇਰਾ ਨੰਬਰ ਕੱਢ ਲੈ।”
ਮੈਂ ਉਸ ਮਾਤਾ ਦੇ ਮੋਬਾਇਲ ਤੋਂ ਆਪਣੇ ਫੋਨ ’ਤੇ ਰਿੰਗ ਕਰਕੇ ਨੰਬਰ ਨੋਟ ਕਰ ਲਿਆ ਅਤੇ ਪਿੰਡ ਮਕੋਰਡ ਸਾਹਿਬ ਵਿਖੇ ਅਗਲੇਰੇ ਸੰਗਤ ਦਰਸ਼ਨ ਲਈ ਚੱਲ ਪਿਆ। ਅਗਲੇ ਦਿਨ ਮੈਂ ਖੰਡੇਬਾਦ ਬਿਜਲੀ ਘਰ ਜਾਣਾ ਸੀ। ਮੈਂ ਡਰਾਈਵਰ ਨੂੰ ਕਿਹਾ ਕਿ ਆਪਾਂ ਇੱਥੇ ਇੱਕ ਮਾਤਾ ਨੂੰ ਮਿਲਣਾ ਹੈ। ਜਦੋਂ ਮੈਂ ਮਾਤਾ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਸਦਾ ਪਿੰਡ ਲੇਹਲ ਕਲਾ ਹੈ। ਮੈਂ ਡਰਾਈਵਰ ਨੂੰ ਗੱਡੀ ਲੇਹਲ ਕਲਾਂ ਵਿਖੇ ਲਿਜਾਣ ਲਈ ਕਿਹਾ। ਮਾਤਾ ਦੇ ਦੱਸੇ ਪਤੇ ’ਤੇ ਮੈਂ ਪਹੁੰਚ ਗਿਆ। ਮੇਰੇ ਨਾਲ ਮੇਰਾ ਸਾਥੀ ਮਿੱਤਰ ਰਘਵੀਰ ਸਿੰਘ ਜੇਈ ਵੀ ਸੀ। ਅਸੀਂ ਮਾਤਾ ਦੀ ਗੱਲ ਸੁਣੀ ਤਾਂ ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਿਜਲੀ ਮਹਿਕਮੇ ਵਾਲਿਆਂ ਨੇ ਤਰਸ ਖਾ ਕੇ ਉਸ ਦੇ ਖੇਤ ਵਿੱਚ ਕਿਸੇ ਹੋਰ ਦਾ ਬਿਜਲੀ ਕਨੈਕਸ਼ਨ ਉਸ ਵਿਅਕਤੀ ਦੀ ਸਹਿਮਤੀ ਨਾਲ ਮੇਰੇ ਖੇਤ ਵਿੱਚ ਲਗਾ ਦਿੱਤਾ ਸੀ। ਕਿਉਂਕਿ ਉਸਦੇ ਘਰਦਿਆਂ ਨੇ ਪਹਿਲਾਂ ਪੁਰਾਣੇ ਸਮੇਂ ਵਿੱਚ ਕੋਈ ਵੀ ਬਿਜਲੀ ਕਨੈਕਸ਼ਨ ਅਪਲਾਈ ਨਹੀਂ ਕੀਤਾ ਸੀ। ਇਸ ਲਈ ਉਨ੍ਹਾਂ ਪਾਸ ਕੋਈ ਵੀ ਬਿਜਲੀ ਕਨੈਕਸ਼ਨ ਖੇਤੀਬਾੜੀ ਲਈ ਨਹੀਂ ਸੀ। ਮਾਤਾ ਨੇ ਦੱਸਿਆ ਕਿ ਉਸ ਦਾ ਬੇਟਾ ਵੀ ਠੀਕ ਨਹੀਂ ਰਹਿੰਦਾ ਹੈ ਅਤੇ ਉਸਦਾ ਪਤੀ ਵੀ ਬਿਮਾਰ ਅਤੇ ਬਜ਼ੁਰਗ ਹੈ।
ਗੱਲਾਂਬਾਤਾਂ ਅਤੇ ਹਾਲਾਤ ਤੋਂ ਇਹ ਸਾਹਮਣੇ ਆਇਆ ਕਿ ਸਾਰੇ ਘਰ ਦਾ ਕੰਮ ਕਾਜ ਅਤੇ ਖੇਤੀਬਾੜੀ ਮਾਤਾ ਹੀ ਦੇਖਦੀ ਸੀ। ਮਾਤਾ ਨੇ ਦੱਸਿਆ ਕਿ ਉਸਦੇ ਸ਼ਰੀਕੇ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਉਸ ਦੇ ਖੇਤ ਵਿੱਚ ਲੱਗਿਆ ਕਿਸੇ ਹੋਰ ਦੇ ਨਾਮ ਦਾ ਕਨੈਕਸ਼ਨ ਕਟਵਾ ਦਿੱਤਾ ਸੀ ਤਾਂ ਕਿ ਉਸਦਾ ਬੁਰਾ ਹਾਲ ਹੋ ਜਾਵੇ। ਸਿੰਚਾਈ ਦਾ ਸਾਧਨ ਨਾ ਹੋਣ ਕਰਕੇ ਮਾਤਾ ਦੇ ਖੇਤ ਵਿੱਚ ਇਸ ਵਾਰ ਜੀਰੀ ਦੀ ਫਸਲ ਨਹੀਂ ਲੱਗ ਰਹੀ ਸੀ। ਉਸ ਸਮੇਂ ਜੀਰੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਸੀ ਅਤੇ ਮੈਂ ਉਸ ਦੇ ਖੇਤ ਵਿੱਚ ਜਾ ਕੇ ਦੇਖਿਆ ਕਿ ਉਸਦੇ ਆਂਢ ਗੁਆਂਡ ਵਾਲੇ ਸਾਰੇ ਲੋਕ ਜੀਰੀ ਦੀ ਫਸਲ ਲਗਾ ਰਹੇ ਸਨ ਜਦੋਂ ਕਿ ਉਸ ਦੇ ਖੇਤ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਉਸ ਮਾਤਾ ਦੀ ਤਰਸਯੋਗ ਹਾਲਤ ਦੇਖ ਕੇ ਮੇਰਾ ਮਨ ਪਸੀਜ ਗਿਆ। ਮਾਤਾ ਨੇ ਮੈਨੂੰ ਕਿਹਾ ਕਿ ਪੁੱਤ ਜੇ ਤੂੰ ਮੇਰੇ ਖੇਤ ਵਿੱਚ ਮੋਟਰ ਲਗਵਾ ਦੇਵੇ ਤਾਂ ਮੈਂ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੀ।
ਮਾਤਾ ਦੇ ਇਹ ਸ਼ਬਦ ਮੈਨੂੰ ਇਕਦਮ ਝਿੰਜੋੜ ਗਏ। ਮੇਰੇ ਕੋਲੋਂ ਸਿੱਧੇ ਸ਼ਬਦਾਂ ਵਿੱਚ ਆਪ ਮੁਹਾਰੇ ਨਿਕਲ ਗਿਆ “ਮਾਤਾ ਤੇਰੇ ਖੇਤ ਵਿੱਚ ਇਸ ਵਾਰ ਜੀਰੀ ਦੀ ਫਸਲ ਨਵੇਂ ਮੋਟਰ ਕੁਨੈਕਸ਼ਨ ਨਾਲ ਲੱਗੇਗੀ, ਤੇਰਾ ਪੁੱਤ ਤੇਰੇ ਖੇਤ ਵਿੱਚ ਮੋਟਰ ਦਾ ਕਨੈਕਸ਼ਨ ਲਗਵਾ ਕੇ ਦੇਵੇਗਾ।”
ਮੈਂ ਮਾਤਾ ਨੂੰ ਪੁੱਛਿਆ, “ਤੇਰੇ ਕੋਲ ਤੇਰੇ ਖੇਤ ਦੀ ਫ਼ਰਦ ਹੈ?”
ਮਾਤਾ ਨੇ ਮੈਨੂੰ ਅੰਦਰੋਂ ਆਪਣੀ ਜ਼ਮੀਨ ਦੀ ਫਰਦ ਲਿਆ ਕੇ ਦੇ ਦਿੱਤੀ। ਮੈਂ ਉਸੇ ਸਮੇਂ ਆਪਣੇ ਮਿੱਤਰ ਰਘਵੀਰ ਸਿੰਘ ਜੇਈ ਨੂੰ ਕਿਹਾ ਕਿ ਇਸ ਮਾਤਾ ਵੱਲੋਂ ਚੇਅਰਮੈਨ ਸਾਹਿਬ ਬਿਜਲੀ ਬੋਰਡ ਨੂੰ ਇੱਕ ਅਰਜ਼ੀ ਲਿਖ ਲਵੋ, ਜਿਸ ਵਿੱਚ ਬੇਨਤੀ ਕੀਤੀ ਜਾਵੇ ਕਿ ਉਸ ਨੂੰ ਚੇਅਰਮੈਨ ਕੋਟੇ ਵਿੱਚੋਂ ਪਹਿਲ ਦੇ ਆਧਾਰ ’ਤੇ ਬਿਜਲੀ ਟਿਊਬਵੈੱਲ ਕਨੈਕਸ਼ਨ ਦੀ ਜ਼ਰੂਰਤ ਹੈ।
ਮਾਤਾ ਕੋਲੋਂ ਹਸਤਾਖ਼ਰ ਕਰਵਾ ਮੈਂ ਉਹ ਅਰਜ਼ੀ ਅਤੇ ਫਰਦ ਲੈ ਕੇ ਅਗਲੇ ਦਿਨ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਕੋਲ ਚਲਾ ਗਿਆ। ਚੇਅਰਮੈਨ ਸਾਹਿਬ ਨੂੰ ਮੈਂ ਬੇਨਤੀ ਕੀਤੀ ਅਤੇ ਇੱਕ ਛੋਟਾ ਜਿਹਾ ਝੂਠ ਵੀ ਬੋਲਿਆ। ਮੈਂ ਚੇਅਰਮੈਨ ਸਾਹਿਬ ਨੂੰ ਕਿਹਾ, “ਸ੍ਰੀਮਾਨ ਜੀ, ਇਹ ਮੇਰੀ ਭੂਆ ਜੀ ਦਾ ਕਨੈਕਸ਼ਨ ਹੈ ਅਤੇ ਉਹਨਾਂ ਪਾਸ ਕੋਈ ਵੀ ਬਿਜਲੀ ਟਿਊਬਲ ਕਨੈਕਸ਼ਨ ਨਹੀਂ ਹੈ। ਸੋ ਜੇਕਰ ਆਪ ਮੈਨੂੰ ਇੱਕ ਕਨੈਕਸ਼ਨ ਪਹਿਲ ਦੇ ਆਧਾਰ ’ਤੇ ਮਨਜ਼ੂਰ ਕਰਦੇ ਹੋ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।”
ਚੇਅਰਮੈਨ ਸਾਹਿਬ ਮੈਨੂੰ ਕੁਝ ਜਾਣਦੇ ਵੀ ਸੀ ਅਤੇ ਉਹਨਾਂ ਨੇ ਮੈਨੂੰ ਇਹ ਕਨੈਕਸ਼ਨ ਚੇਅਰਮੈਨ ਕੋਟੇ ਵਿੱਚੋਂ ਮਨਜ਼ੂਰ ਕਰ ਦਿੱਤਾ। ਬੱਸ ਫਿਰ ਕੀ ਸੀ, ਮੈਂ ਲਹਿਰਾਗਾਗਾ ਪਹੁੰਚ ਕੇ ਉਸ ਇਲਾਕੇ ਦੇ ਜੂਨੀਅਰ ਇੰਜਨੀਅਰ ਦਵਿੰਦਰ ਸਿੰਘ ਪਸ਼ੋਰ ਨੂੰ ਕਿਹਾ, “ਛੋਟੇ ਵੀਰ, ਆਪਾਂ ਇਹ ਕਨੈਕਸ਼ਨ ਇੱਕ ਹਫਤੇ ਵਿੱਚ ਚਾਲੂ ਕਰਨਾ ਹੈ।”
ਉਸ ਕਰਮਚਾਰੀ ਦਵਿੰਦਰ ਸਿੰਘ ਜੇਈ ਨੇ ਬਿਲਕੁਲ ਹੀ ਉਸੇ ਤਰ੍ਹਾਂ ਉਸ ਕਨੈਕਸ਼ਨ ਨੂੰ ਪਹਿਲ ਦੇ ਅਧਾਰ ’ਤੇ ਲੈਂਦੇ ਹੋਏ ਬਾਕੀ ਕਨੈਕਸ਼ਨਾਂ ਦੀ ਸੀਨੀਅਰਤਾ ਬਹਾਲ ਰੱਖਦੇ ਹੋਏ ਤਕਰੀਬਨ ਸੱਤ ਅੱਠ ਦਿਨਾਂ ਵਿੱਚ ਬੁੱਢੀ ਮਾਤਾ ਦਾ ਕਨੈਕਸ਼ਨ ਚਾਲੂ ਕਰ ਦਿੱਤਾ ਅਤੇ ਮਾਤਾ ਵੱਲੋਂ ਆਪਣੀ ਜੀਰੀ ਦੀ ਫਸਲ ਲਗਾਉਣ ਲਈ ਕੰਮ ਜ਼ੋਰਾਂ ’ਤੇ ਸ਼ੁਰੂ ਹੋ ਗਿਆ।
ਇੱਕ ਦਿਨ ਉਹ ਮਾਤਾ ਮੇਰੇ ਦਫਤਰ ਸਿਰ ’ਤੇ ਮੂੰਗਫਲੀਆਂ ਦਾ ਇੱਕ ਥੈਲਾ ਚੁੱਕ ਅਤੇ ਮੇਰੇ ਲਈ ਪੱਗ ਲੈ ਕੇ ਦਫਤਰ ਵਿਖੇ ਆ ਗਈ। ਮੈਂ ਉਸ ਮਾਤਾ ਨੂੰ ਬਹੁਤ ਰੋਕਿਆ ਕਿ ਇਹ ਪੱਗ ਅਤੇ ਮੂੰਫਲੀਆਂ ਵਾਲਾ ਥੈਲਾ ਮੈਂ ਨਹੀਂ ਲੈ ਸਕਦਾ, ਪਰ ਉਹ ਨਾ ਹਟੀ ਅਤੇ ਅੱਖਾਂ ਭਰ ਆਈ ਅਤੇ ਭਰੇ ਮਨ ਨਾਲ ਬੋਲੀ, “ਪੁੱਤ, ਮੈਂ ਇਹੀ ਕੋਈ ਤੈਨੂੰ ਰਿਸ਼ਵਤ ਨਹੀਂ ਦੇ ਰਹੀ, ਤੂੰ ਮੈਨੂੰ ਮਰਦੀ ਨੂੰ ਬਚਾਇਆ ਹੈ ਅਤੇ ਮੇਰੇ ਸ਼ਰੀਕੇ ਵਿੱਚ ਮੇਰੀ ਸ਼ਾਨ ਰੱਖੀ ਹੈ, ਜਿਸ ਕਰਕੇ ਮੈਂ ਤੇਰੇ ਲਈ ਇਹ ਪੱਗ ਇੱਕ ਸ਼ਾਨ ਅਤੇ ਅਸ਼ੀਰਵਾਦ ਦੇ ਰੂਪ ਵਿੱਚ ਤੈਨੂੰ ਦੇਣ ਆਈ ਹਾਂ। ਇਹ ਮੂੰਗਫਲੀਆਂ ਮੇਰੇ ਖੇਤ ਦੀਆਂ ਹਨ ਅਤੇ ਮੈਂ ਤੈਨੂੰ ਸਤਿਕਾਰ ਪਿਆਰ ਨਾਲ ਦੇ ਰਹੀ ਹਾਂ। ਇਸ ਨੂੰ ਆਪਣੀ ਮਾਂ ਦਾ ਅਸ਼ੀਰਵਾਦ ਸਮਝ ਕੇ ਰੱਖ ਲੈ।”
ਫਿਰ ਮੈਂ ਉਸ ਮਾਤਾ ਨੂੰ ਬੇਨਤੀ ਪੂਰਵਕ ਕਿਹਾ, “ਮਾਤਾ ਅੱਜ ਤੋਂ ਬਾਅਦ ਤੂੰ ਮੇਰੇ ਦਫਤਰ ਕਦੇ ਵੀ ਇਸ ਤਰ੍ਹਾਂ ਦਾ ਸ਼ੁਕਰਾਨਾ ਕਰਨ ਲਈ ਨਾ ਆਵੀਂ। ਮਾਤਾ, ਜੇ ਤੂੰ ਬਿਲਕੁਲ ਮੇਰਾ ਧੰਨਵਾਦ ਕਰਨਾ ਚਾਹੁੰਦੀ ਹੈ ਤਾਂ ਮੇਰੀ ਇੱਕ ਬੇਨਤੀ ਹੈ ਕਿ ਤੂੰ ਰੱਬ ਅੱਗੇ ਇਹ ਅਰਦਾਸ ਕਰ ਦਿਆ ਕਰੀਂ ਕਿ ਜਿਵੇਂ ਮੈਂ ਤੇਰੀ ਮਦਦ ਕਰ ਸਕਿਆ ਹਾਂ ਉਸੇ ਤਰ੍ਹਾਂ ਹੋਰ ਕਿਸੇ ਲੋੜਵੰਦ ਬੰਦੇ ਦੀ ਮਦਦ ਕਰਨ ਜੋਗਾ ਇਸ ਮਹਿਕਮੇ ਵਿੱਚ ਸੇਵਾ ਕਰਦਾ ਰਹਾਂ।”
ਮਾਤਾ ਨੇ ਮੇਰਾ ਸਿਰ ਪਲੋਸਦੇ ਹੋਏ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਜਿਸ ਵਿੱਚ ਉਸਨੇ ਇੱਕ ਦੁਆ ਇਹ ਵੀ ਦਿੱਤੀ ਸੀ ਕਿ ਰੱਬ ਤੇਰੀ ਲੰਮੀ ਉਮਰ ਕਰੇ। ਸੋ ਉਸ ਦਿਨ ਹਾਦਸੇ ਤੋਂ ਬਾਅਦ ਰੁਕਣ ’ਤੇ ਮੈਨੂੰ ਉਸ ਮਾਤਾ ਦੀਆਂ ਦੁਆਵਾਂ ਚੇਤੇ ਆ ਗਈਆਂ। ਮੈਨੂੰ ਲਗਦਾ ਹੈ ਕਿ ਉਸ ਮਾਤਾ ਦੇ ਅੰਦਰਲੇ ਮਨੋ ਨਿਕਲੀਆਂ ਸੱਚੀਆਂ ਦੁਆਵਾਂ ਨੇ ਮੈਨੂੰ ਬਚਾ ਲਿਆ ਸੀ।
ਮੈਂ ਅਕਸਰ ਲੋਕਾਂ ਨੂੰ ਅਤੇ ਪਾਵਰ ਕੌਮ ਦੇ ਟਰੇਨਿੰਗ ਇੰਸਟੀਚਿਊਟ ਵਿੱਚ ਆਏ ਨਵੇਂ ਭਰਤੀ ਹੋਏ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਟਰੇਨਿੰਗ ਦੌਰਾਨ ਪਬਲਿਕ ਦੀ ਸੇਵਾ ਕਰਨ ਲਈ ਪ੍ਰੇਰਣਾ ਜ਼ਰੂਰ ਦਿੰਦਾ ਹੁੰਦਾ ਹਾਂ ਕਿਉਂਕਿ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਲੋਕਾਂ ਦੀ ਸੇਵਾ ਕਰਨ ਲਈ, ਮਦਦ ਕਰਨ ਲਈ ਹੀ ਭਰਤੀ ਕੀਤਾ ਜਾਂਦਾ ਹੈ।
ਮੈਂ ਸਮਝਦਾ ਹਾਂ ਕਿ ਸਾਨੂੰ ਜਿੱਥੇ ਆਪਣੀ ਡਿਊਟੀ ਦੌਰਾਨ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਮਿਲਦਾ ਹੈ. ਉਹ ਸਾਨੂੰ ਕਦੇ ਵੀ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਮੈਂ ਅਕਸਰ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਇੱਕੋ ਹੀ ਗੱਲ ਕਹਿਹਦਾ ਹੁੰਦਾ ਹਾਂ ਕਿ ਦੋਸਤੋ ਇਹ ਉਹੀ ਲੋਕ ਹਨ, ਜਿੰਨ੍ਹਾਂ ਦੀਆਂ ਜੁੱਤੀਆਂ ਸਾਫ ਕਰਨ ਅਸੀਂ ਗੁਰਦੁਆਰੇ ਮੰਦਰ ਮਸੀਤ ਵਿੱਚ ਜਾਂਦੇ ਹਾਂ ਮੱਥੇ ਨੂੰ ਲਾਉਂਦੇ ਹਾਂ। ਫਿਰ ਜਦੋਂ ਇਹੀ ਲੋਕ ਸਰਕਾਰੀ ਦਫਤਰਾਂ ਵਿੱਚ ਸਾਡੇ ਪਾਸ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਹਨ ਤਾਂ ਅਸੀਂ ਉਹਨਾਂ ਪਾਸੋਂ ਰਿਸ਼ਵਤਾਂ ਅਤੇ ਹੋਰ ਚੀਜ਼ਾਂ ਦੀ ਮੰਗ ਕਰਦੇ ਹਾਂ। ਜੇਕਰ ਅਸੀਂ ਆਪਣੀਆਂ ਡਿਊਟੀਆਂ ਸਮੇਂ ਦੌਰਾਨ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਕੰਮ ਸਮੇਂ ਸਿਰ ਕਰ ਦੇਈਏ, ਮੈਂ ਸਮਝਦਾ ਹਾਂ ਕਿ ਸਾਨੂੰ ਇਨ੍ਹਾਂ ਹੀ ਲੋਕਾਂ ਦੀਆਂ ਜੁੱਤੀਆਂ ਸਾਫ ਕਰਨ ਵਾਸਤੇ ਹੋਰ ਕਿਤੇ ਨਹੀਂ ਜਾਣਾ ਪਵੇਗਾ। ਮੈਂ ਸਾਰੇ ਹੀ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਆਪੋ ਆਪਣੀਆਂ ਡਿਊਟੀਆਂ ਕਰਦੇ ਹੋਏ ਬਿਨਾਂ ਕਿਸੇ ਰਿਸ਼ਵਤ ਅਤੇ ਲਾਲਚ ਤੋਂ ਪਬਲਿਕ ਦੀ ਸੇਵਾ ਕਰੀਏ ਅਤੇ ਪਬਲਿਕ ਤੋਂ ਬਦ-ਦੁਆਵਾਂ ਨਹੀਂ, ਦੁਆਵਾਂ ਲਈਏ। ਰਿਸ਼ਵਤ ਵਿੱਚ ਲਏ ਪੈਸਿਆਂ ਨੇ ਸਾਨੂੰ ਬਿਮਾਰੀਆਂ ਅਤੇ ਬਦ-ਦੁਆਵਾਂ ਹੀ ਦੇਣੀਆਂ ਹਨ, ਜਦੋਂ ਕਿ ਬਿਨਾਂ ਕਿਸੇ ਲਾਲਚ ਦੇ ਕਿਸੇ ਦੀ ਮਦਦ ਕਰਨ ਨਾਲ ਸਾਨੂੰ ਦੁਆਵਾਂ ਮਿਲਦੀਆਂ ਹਨ ਅਤੇ ਔਖੇ ਵੇਲੇ ਇਹੀ ਦੁਆਵਾਂ ਸਾਡੇ ਕੰਮ ਆਉਂਦੀਆਂ ਹਨ, ਰਿਸ਼ਵਤ ਦੇ ਰੁਪਏ ਨਹੀਂ। ਸੋ ਆਓ ਆਪਾਂ ਆਪਣੇ ਸਮਾਜ ਨੂੰ ਇੱਕ ਚੰਗਾ ਸਮਾਜ ਬਣਾ ਕੇ ਇੱਕ ਚੰਗੇ ਪੰਜਾਬ ਅਤੇ ਇੱਕ ਚੰਗੇ ਭਾਰਤ ਦੀ ਰਚਨਾ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5368)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: