SukhwantSDhiman7ਆਉ, ਆਪਣੇ ਸੁਪਨਿਆਂ ਦਾ ਭਾਰਤ ਮੁੜ ਸਿਰਜਣ ਲਈ ਆਪਣੀਆਂ ਜ਼ਮੀਰਾਂ ਨੂੰ ...
(24 ਜੁਲਾਈ 2026)


ਜ਼ਿੰਦਗੀ ਤੋਂ ਅਪਨੇ ਦਮ ਪਰ ਹੀ ਜੀ ਜਾਤੀ ਹੈ, ਦੂਸਰੋਂ ਕੇ ਕੰਧੇ ਪਰ ਤੋਂ ਸਿਰਫ ਜਨਾਜ਼ੇ ਉਠਾਏ ਜਾਤੇ ਹੈਂ।” - ਇਹ ਬੋਲ ਸਿਰਫ ਸ਼ਬਦ ਨਹੀਂ ਸਨ, ਇਹ ਉਸ 23 ਸਾਲਾਂ ਦੇ ਨੌਜਵਾਨ ਦੇ ਵਿਚਾਰ ਸਨ ਜਿਸਨੇ ਦੇਸ਼ ਦੀ ਮੁਕਤੀ ਲਈ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਗਲ਼ ਨਾਲ ਲਾ ਲਿਆ ਸੀਇਤਿਹਾਸ ਦੇ ਸੁਨਹਿਰੀ ਪਰ ਖੂਨ ਨਾਲ ਲਥਪਥ ਪੰਨੇ ਗਵਾਹ ਹਨ ਕਿ ਜਦੋਂ 23 ਮਾਰਚ ਦੀ ਉਹ ਜ਼ੁਲਮ ਭਰੀ ਸ਼ਾਮ ਆਈ ਤਾਂ ਜੇਲ੍ਹਰ ਦੇ ਕਦਮ ਭਗਤ ਸਿੰਘ ਦੀ ਬੈਰਕ ਵੱਲ ਵਧਦਿਆਂ ਕੰਬ ਰਹੇ ਸਨਨਿਯਮਾਂ ਨੂੰ ਛਿੱਕੇ ਟੰਗ ਕੇ, ਮੌਤ ਦਾ ਸਮਾਂ ਇੱਕ ਦਿਨ ਪਹਿਲਾਂ ਹੀ ਤੈਅ ਕਰ ਦਿੱਤਾ ਗਿਆ ਸੀਜਦੋਂ ਜੇਲ੍ਹਰ ਨੇ ਕੰਬਦੀ ਅਵਾਜ਼ ਵਿੱਚ ਬੈਰਕ ਦੇ ਸੀਖਾਂ ਦੇ ਪਿੱਛੇ ਖੜ੍ਹ ਕੇ ਕਿਹਾ, “ਭਗਤ ਸਿੰਘ! ਉੱਠੋ, ਤੁਹਾਨੂੰ ਅੱਜ ਹੀ ਫਾਂਸੀ ਦੇਣੀ ਹੈ ...” ਤਾਂ ਉਸ 23 ਸਾਲਾਂ ਦੇ ਗੱਭਰੂ ਦੇ ਚਿਹਰੇ ’ਤੇ ਨਾ ਕੋਈ ਸ਼ਿਕਵਾ ਸੀ, ਨਾ ਮੌਤ ਦਾ ਭੈਅਉਹ ਤਾਂ ਬੜੇ ਇਤਮੀਨਾਨ ਨਾਲ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ ਉਸਨੇ ਕਿਤਾਬ ਤੋਂ ਅੱਖਾਂ ਚੁੱਕੀਆਂ, ਇੱਕ ਮਾਸੂਮ ਅਤੇ ਦਲੇਰਾਨਾ ਮੁਸਕਰਾਹਟ ਨਾਲ ਜੇਲ੍ਹਰ ਵੱਲ ਦੇਖਿਆ ਅਤੇ ਕਿਹਾ, “ਦੋ ਮਿੰਟ ਰੁਕ ਜਾਓ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।”

ਕੋਈ ਚੀਕ-ਚਿਹਾੜਾ ਨਹੀਂ, ਕੋਈ ਸ਼ਿਕਾਇਤ ਨਹੀਂ! ਉਸਨੇ ਇੱਕ ਵਾਰ ਵੀ ਇਹ ਨਹੀਂ ਪੁੱਛਿਆ ਕਿ ਮੈਨੂੰ ਤਾਂ ਕੱਲ੍ਹ ਫਾਂਸੀ ਦੇਣੀ ਸੀ, ਅੱਜ ਕਿਉਂ ਦੇ ਰਹੇ ਹੋ? ਕਿੱਡਾ ਜਿਗਰਾ ਹੋਵੇਗਾ ਉਸ ਸੂਰਮੇ ਦਾ! ਕਿਤਾਬ ਦਾ ਪੰਨਾ ਮੋੜ ਕੇ ਰੱਖਿਆ, ਜਿਵੇਂ ਕੋਈ ਸੁਪਨਾ ਅਧੂਰਾ ਛੱਡ ਰਿਹਾ ਹੋਵੇ, ਅਤੇ ਬੜੀ ਸ਼ਾਨ ਨਾਲ ਜੇਲ੍ਹਰ ਨੂੰ ਕਿਹਾ, “ਚਲੋ ਚੱਲੀਏ!” ਇੰਝ ਲਗਦਾ ਸੀ ਜਿਵੇਂ ਉਹ ਫਾਂਸੀ ਦੇ ਤਖਤੇ ਵੱਲ ਨਹੀਂ, ਸਗੋਂ ਆਪਣੀ ਵਿਆਹ ਦੀ ਜੰਞ ਵਿੱਚ ਜਾਂ ਕਿਸੇ ਰੰਗਲੇ ਮੇਲੇ ਵਿੱਚ ਜਾ ਰਿਹਾ ਹੋਵੇਜਦੋਂ ਮੌਤ ਤੋਂ ਕੁਝ ਪਲ ਪਹਿਲਾਂ ਉਸਦਾ ਮੈਡੀਕਲ ਮੁਆਇਨਾ ਹੋਇਆ ਤਾਂ ਡਾਕਟਰ ਵੀ ਹੈਰਾਨ ਰਹਿ ਗਏਮੌਤ ਦੇ ਖੌਫ ਨਾਲ ਜਿੱਥੇ ਇਨਸਾਨ ਦਾ ਖੂਨ ਸੁੱਕ ਜਾਂਦਾ ਹੈ, ਉੱਥੇ ਸਾਡੇ ਵੀਰ ਭਗਤ ਸਿੰਘ ਦਾ ਭਾਰ ਵਧਿਆ ਹੋਇਆ ਸੀ! ਇਹ ਹੌਸਲਾ, ਇਹ ਜਜ਼ਬਾ, ਇਹ ਦੇਸ਼ ਪ੍ਰੇਮ... ਅੱਖਾਂ ਵਿੱਚੋਂ ਹੰਝੂ ਕੇਰ ਦਿੰਦਾ ਹੈ

ਪਰ ਅੱਜ ... ਅੱਜ ਜਦੋਂ ਅਸੀਂ ਇਸ ਦੇਸ਼ ਦੀ ਹਾਲਤ ਦੇਖਦੇ ਹਾਂ, ਤਾਂ ਦਿਲ ਰੋ ਪੈਂਦਾ ਹੈਉਹ ਸੂਰਮਾ ਤਾਂ ਹੱਸਦਾ-ਹੱਸਦਾ ਆਪਣਾ ਆਪ ਕੁਰਬਾਨ ਕਰ ਗਿਆ, ਪਰ ਅਸੀਂ ਉਸਦੀ ਕੁਰਬਾਨੀ ਦਾ ਕੀ ਮੁੱਲ ਮੋੜਿਆ? ਅੱਜ ਵੀ ਸਾਡੇ ਦੇਸ਼ ਵਿੱਚ ਸੱਚ ਦੇ ਰਾਹ ’ਤੇ ਚੱਲਣ ਵਾਲੇ, ਅਣਖ ਨਾਲ ਜਿਊਣ ਵਾਲੇ ਅਤੇ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਲੋਕਾਂ ਨੂੰ ਦਬਾਇਆ ਤੇ ਕੁਚਲਿਆ ਜਾ ਰਿਹਾ ਹੈਭਗਤ ਸਿੰਘ ਦੇ ਸੁਪਨਿਆਂ ਦੀ ਅਜ਼ਾਦੀ ਦਾ ਭਾਰਤ ਅਜੇ ਤਕ ਬਣ ਹੀ ਨਹੀਂ ਸਕਿਆਇਹ ਬਹੁਤ ਵੱਡੀ ਲਾਹਨਤ ਹੈ ਸਾਡੇ ਮੌਜੂਦਾ ਰਾਜਨੀਤਿਕ ਲੀਡਰਾਂ ’ਤੇ, ਜਿਨ੍ਹਾਂ ਨੇ ਆਪਣੇ ਨਿੱਜੀ ਸੁਆਰਥਾਂ ਲਈ ਇਸ ਸੋਨੇ ਦੀ ਚਿੜੀ ਵਰਗੇ ਦੇਸ਼ ਨੂੰ ਬਰਬਾਦੀ ਦੇ ਖੂਹ ਵਿੱਚ ਧਕੇਲ ਦਿੱਤਾ ਹੈਜੇਕਰ ਅੱਜ ਭਗਤ ਸਿੰਘ ਸਾਡੇ ਵਿਚਕਾਰ ਜਿਊਂਦਾ ਹੁੰਦਾ ਤਾਂ ਦੇਸ਼ ਦਾ ਇਹ ਹਾਲ ਦੇਖ ਕੇ ਉਸਦੀ ਆਤਮਾ ਤੜਫ ਉੱਠਦੀ, ਉਹ ਖੂਨ ਦੇ ਅੱਥਰੂ ਰੋਂਦਾ

ਜਦੋਂ ਦੇਸ਼ ਆਜ਼ਾਦ ਹੋਇਆ ਸੀ, ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਆਖੀ ਸੀ ਕਿ “ਅਸੀਂ ਭਾਰਤ ਦੇਸ਼ ਤਾਂ ਆਜ਼ਾਦ ਕਰ ਰਹੇ ਹਾਂ, ਪਰ ਇਸਦੀ ਵਾਗਡੋਰ ਮੂਰਖਾਂ ਅਤੇ ਨਾਕਾਬਿਲ ਲੋਕਾਂ ਦੇ ਹੱਥਾਂ ਵਿੱਚ ਫੜਾ ਕੇ ਜਾ ਰਹੇ ਹਾਂ।” ਅੱਜ ਇਹ ਕਥਨ ਸਾਡੇ ਸੀਨੇ ਵਿੱਚ ਤੀਰ ਵਾਂਗ ਚੁੱਭਦਾ ਹੈ ਅਤੇ ਬਿਲਕੁਲ ਸੱਚ ਹੁੰਦਾ ਦਿਸ ਰਿਹਾ ਹੈਅੱਜ ਕਿਸੇ ਵੀ ਰਾਜਸੀ ਨੇਤਾ ਨੂੰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦਾ, ਦੇਸ਼ ਦੇ ਵਾਤਾਵਰਣ ਦਾ ਕੋਈ ਫਿਕਰ ਨਹੀਂ। ਹਵਾ ਵਿੱਚ ਜ਼ਹਿਰ ਘੁਲ ਰਿਹਾ ਹੈ, ਪਾਣੀ ਗੰਧਲਾ ਹੋ ਚੁੱਕਾ ਹੈ, ਪਰ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕਦੀਖਾਣ-ਪੀਣ ਦੀਆਂ ਚੀਜ਼ਾਂ ਵਿੱਚ ਹੋ ਰਹੀ ਸ਼ਰੇਆਮ ਮਿਲਾਵਟ ਕਾਰਨ ਸਾਡੇ ਘਰਾਂ ਦੇ ਘਰ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਉੱਜੜ ਰਹੇ ਹਨ, ਮਾਸੂਮ ਲੋਕ ਤੜਫ-ਤੜਫ ਕੇ ਮਰ ਰਹੇ ਹਨ ਪਰ ਸਾਡੇ ਲੀਡਰਾਂ ਨੂੰ ਕਿਸੇ ਦੀ ਮੌਤ ਦਾ ਦਰਦ ਨਹੀਂਜੇਕਰ ਫਿਕਰ ਹੈ ਤਾਂ ਸਿਰਫ ਆਪਣੀਆਂ ਕੁਰਸੀਆਂ ਨੂੰ ਬਚਾਉਣ ਦਾ, ਆਪਣੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਵਾਸਤੇ ਹਰਾਮ ਦੀ ਦੌਲਤ ਇਕੱਠੀ ਕਰਨ ਦਾ

ਕੀ ਇਹ ਉਹੀ ਭਾਰਤ ਹੈ ਜਿਸ ਲਈ ਸ਼ਹੀਦਾਂ ਨੇ ਆਪਣੀਆਂ ਜਵਾਨੀਆਂ ਲੇਖੇ ਲਾ ਦਿੱਤੀਆਂ ਸਨ? ਬਿਲਕੁਲ ਨਹੀਂ! ਅੱਜ ਜਦੋਂ ਜੰਤਰ-ਮੰਤਰ ’ਤੇ ਸਾਡੇ ਹੀ ਦੇਸ਼ ਦੇ ਬੱਚਿਆਂ, ਨੌਜਵਾਨਾਂ ਅਤੇ ਧੀਆਂ-ਭੈਣਾਂ ਨੂੰ ਪੁਲਿਸ ਦੁਆਰਾ ਬੇਰਹਮੀ ਨਾਲ ਕੁੱਟਿਆ ਜਾਂਦਾ ਹੈ ਤਾਂ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਉਹ ਕਾਲਾ ਦੌਰ ਅੱਖਾਂ ਸਾਹਮਣੇ ਘੁੰਮ ਜਾਂਦਾ ਹੈਜਦੋਂ ਮਾਸੂਮ ਬੱਚੇ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਸ਼ਾਂਤਮਈ ਪ੍ਰੋਵੋਰੋਧ ਕਰਦੇ ਹਨ ਤਾਂ ਉਨ੍ਹਾਂ ਉੱਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨਜਦੋਂ ਦੇਸ਼ ਗੁਲਾਮ ਸੀ, ਉਦੋਂ ਵੀ ਸਾਡੇ ਲੋਕ ਆਪਣੇ ਹੱਕਾਂ ਲਈ ਇਸੇ ਤਰ੍ਹਾਂ ਪ੍ਰੋਟੈਸਟ ਕਰਦੇ ਹੁੰਦੇ ਸੀ ਅਤੇ ਗੋਰੇ ਅੰਗਰੇਜ਼ ਉਨ੍ਹਾਂ ਉੱਤੇ ਡਾਂਗਾਂ-ਸੋਟੀਆਂ ਚਲਾਉਂਦੇ ਸਨਅੱਜ ਮੈਨੂੰ ਅੰਗਰੇਜ਼ਾਂ ਅਤੇ ਅਜੋਕੇ ਸਮੇਂ ਦੇ ਇਨ੍ਹਾਂ ਲੀਡਰਾਂ ਵਿੱਚ ਰੱਤੀ ਭਰ ਵੀ ਫਰਕ ਨਹੀਂ ਲਗਦਾਉਦੋਂ ਅਸੀਂ ਬਾਹਰਲਿਆਂ ਦੇ ਗੁਲਾਮ ਸੀ, ਅੱਜ ਅਸੀਂ ਆਪਣੇ ਹੀ ਨੇਤਾਵਾਂ ਦੇ ਗੁਲਾਮ ਹਾਂਸੱਚ ਤਾਂ ਇਹ ਹੈ ਕਿ ਭਾਰਤ ਕਦੇ ਆਜ਼ਾਦ ਹੋਇਆ ਹੀ ਨਹੀਂ, ਸਿਰਫ ਗੁਲਾਮੀ ਦਾ ਚਿਹਰਾ ਬਦਲਿਆ ਹੈਜੇਕਰ ਅਸੀਂ ਅੱਜ ਵੀ ਨਾ ਜਾਗੇ, ਜੇਕਰ ਸਾਡੀਆਂ ਅੱਖਾਂ ਵਿੱਚੋਂ ਸ਼ਰਮ ਅਤੇ ਦਰਦ ਦੇ ਅੱਥਰੂ ਨਾ ਕਟਿਰੇ ਤਾਂ ਅਸੀਂ ਆਪਣੇ ਸ਼ਹੀਦਾਂ ਦੀਆਂ ਰੂਹਾਂ ਦੇ ਗੁਨਾਹਗਾਰ ਅਖਵਾਵਾਂਗੇ ਆਉ, ਆਪਣੇ ਸੁਪਨਿਆਂ ਦਾ ਭਾਰਤ ਮੁੜ ਸਿਰਜਣ ਲਈ ਆਪਣੀਆਂ ਜ਼ਮੀਰਾਂ ਨੂੰ ਜਗਾਈਏ! ਆਉ ਰਲ ਕੇ ਹੰਭਲਾ ਮਾਰੀਏ ਆਪਣੇ ਸੋਹਣੇ ਭਾਰਤ ਦੇਸ਼ ਨੂੰ ਬਚਾਈਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਇੰਜ. ਸੁਖਵੰਤ ਸਿੰਘ ਧੀਮਾਨ

ਇੰਜ. ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 94175 - 50795)

Email: (ersukhwant@gmail.com)

More articles from this author