“ਹੁਣ ਤਕ ਦੀਆਂ ਸਾਰੀਆਂ ਸਰਕਾਰਾਂ, ਸਾਰੇ ਮਸਲਿਆਂ ਦਾ ਹੱਲ ਮੁਫਤ ਦੀਆਂ ਰਿਓੜੀਆਂ ...”
(23 ਅਕਤੂਬਰ 2026)
ਸਤਿਕਾਰਯੋਗ ਭਗਵੰਤ ਮਾਨ ਜੀਓ … ਸਤਿਕਾਰ। ... ਤੁਹਾਡੇ ਵਾਂਗ ਮੈਂ ਵੀ ਮਾਸਟਰ ਦਾ ਮੁੰਡਾ ਹਾਂ। ਮੇਰੇ ਪਿਤਾ ਸਵਰਗੀ ਰਿਪੁਦਮਨ ਸਿੰਘ ਰੂਪ ਨੇ ਚਾਰ ਦਹਾਕਿਆਂ ਦੇ ਕਰੀਬ ਮਾਸਟਰੀ ਮਗਰੋਂ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਕੀਤੀ। ਨੌਕਰੀ ਅਤੇ ਵਕਾਲਤ ਕਰਦਿਆਂ ਮੁਲਾਜ਼ਮ ਸੰਘਰਸ਼ਾਂ, ਸਾਹਿਤ ਅਤੇ ਸਮਾਜਿਕ ਖੇਤਰ ਵਿੱਚ ਵੀ ਸਰਗਰਮ ਰਹੇ। ਜਿਵੇਂ ਤੁਹਾਨੂੰ ਮਾਸਟਰ ਦਾ ਮੁੰਡਾ ਹੋਣ ’ਤੇ ਮਾਣ ਹੈ, ਉਵੇਂ ਹੀ ਮੈਂਨੂੰ ਵੀ ਹੈ। ਸੋ ਇਹ ਖੁੱਲ੍ਹ ਖਤ ਇੱਕ ਮਾਸਟਰ ਦਾ ਮੁੰਡਾ ਦੂਜੇ ਮਾਸਟਰ ਦੇ ਮੁੰਡੇ ਨੂੰ ਲਿਖ ਰਿਹਾ ਹੈ।
ਤੁਸੀਂ ਸ਼ਾਇਦ ਸੂਬੇ ਦੇ ਪਹਿਲੇ ਕਲਾਕਾਰ ਮੁੱਖ-ਮੰਤਰੀ ਹੋ ਜਿਨ੍ਹਾਂ ਆਪਣੇ ਰਾਜਨੀਤਿਕ ਰੁਝੇਵਿਆਂ ਵਿੱਚੋਂ ਵਕਤ ਕੱਢਕੇ ਪੰਜਾਬੀ ਦੇ ਸਿਰਮੌਰ ਅਤੇ ਸੂਖਮ ਸ਼ਾਇਰ ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਦੇ ਕੇ, ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਕੇ ਅਤੇ ਪਾਤਰ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਸਾਹਿਤ ਦੇ ਵਿਦਿਆਰਥੀ ਦੇ ਤੌਰ ’ਤੇ ਭਾਵੁਕ ਅਤੇ ਕਾਵਿਕ ਸ਼ਬਦਾਂ ਵਿੱਚ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸਿੱਧ ਕਰ ਦਿੱਤਾ ਸੀ ਕਿ ਤੁਸੀਂ ਇੱਕ ਸੰਵੇਦਨਸ਼ੀਲ ਕਲਾਕਾਰ ਅਤੇ ਇਨਸਾਨ ਪਹਿਲਾਂ ਹੋ, ਰਾਜਨੀਤੀ ਤੁਹਾਡੇ ਲਈ ਦੂਜੀ, ਤੀਜੀ ਜਾਂ ਸ਼ਾਇਦ ਅੰਤਿਮ ਤਰਜੀਹ ਹੈ।
ਇਸੇ ਤਰ੍ਹਾਂ ਲਛਮਣ ਸਿੰਘ ਗਿੱਲ ਨੇ 272 ਦਿਨਾਂ ਦੇ ਮੁੱਖ ਮੰਤਰੀ ਦੇ ਤੌਰ ’ਤੇ ਸੀਮਿਤ ਜਿਹੇ ਕਾਰਜ ਕਾਲ ਦੌਰਾਨ ਪੰਜਾਬੀ ਭਾਸ਼ਾ ਐਕਟ 1960 ਬਣਾ ਕੇ ਪੰਜਾਬੀਆਂ ਦੇ ਦਿਲਾਂ ਵਿੱਚ ਖਾਸ ਸਤਿਕਾਰ ਅਤੇ ਥਾਂ ਸਦਾ ਲਈ ਬਣਾ ਲਈ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਹਾਕਿਮਾਂ ਦੀ ਅਣਗਹਿਲੀ ਅਤੇ ਅਫਸਰਸ਼ਾਹੀ ਦੇ ਦਬਾਅ ਅਤੇ ਨਾਂਹ-ਪੱਖੀ ਸੋਚ ਕਾਰਨ ਹਾਲੇ ਤਕ ਵੀ ਇਹ ਐਕਟ ਬਸਤੇ ਵਿੱਚ ਪਿਆ ਹੈ।
ਵੀਹ-ਬਾਈ ਸਾਲ ਪਹਿਲਾਂ ਮੈਨੂੰ ਆਪਣੀ ਰੰਗਮੰਚੀ ਕੇਨੈਡਾ ਫੇਰੀ ਦੌਰਾਨ ਐਡਮਿੰਟਨ ਇੱਕ ਰੇਡਿਓ ਸਟੇਸ਼ਨ ਤੋਂ ਗੱਲਬਾਤ ਦਾ ਸੱਦਾ ਮਿਲਿਆ। ਗੱਲਾਂ ਗੱਲਾਂ ਵਿੱਚ ਗੱਲ ਕਾਮੇਡੀ ਖਾਸ ਤੌਰ ’ਤੇ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਬਾਰੇ ਗੱਲ ਚੱਲ ਪਈ। ਉਨ੍ਹਾਂ ਦਿਨਾਂ ਵਿੱਚ ਮੇਹਰ ਮਿੱਤਲ ਬਿਨਾਂ ਨਾ ਤਾਂ ਪੰਜਾਬੀ ਫਿਲਮ ਬਣਦੀ ਸੀ, ਨਾ ਚਲਦੀ ਸੀ ਅਤੇ ਨਾ ਹੀ ਕੋਈ ਬਣਾਉਣ ਬਾਰੇ ਸੋਚ ਸਕਦਾ ਸੀ। ਕਾਮੇਡੀ ਆਡੀਓ-ਵੀਡੀਓ ਕੈਸਟਾਂ ਦਾ ਚੱਲਣ ਸ਼ੁਰੂ ਹੋ ਚੁੱਕਾ ਸੀ। ਸਵਰਗੀ ਜਸਪਾਲ ਭੱਟੀ ਅਤੇ ਸਵਰਗੀ ਜਸਵਿੰਦਰ ਭੱਲਾ ਦੀ ਪਛਾਣ ਬਣ ਚੁੱਕੀ ਸੀ। ਤੁਸੀਂ ਕਾਮੇਡੀ ਦੇ ਖੇਤਰ ਵਿੱਚ ‘ਕੁਲਫ਼ੀ ਗਰਮਾ-ਗਰਮ’ ਅਤੇ ‘ਮਿੱਠੀਆਂ ਮਿਰਚਾਂ’ ਰਾਹੀਂ ਚਰਚਾ ਵਿੱਚ ਆ ਚੁੱਕੇ ਸੀ। ਸਰੋਤਿਆਂ ਨੂੰ ਗੱਲਬਾਤ ਦਾ ਹਿੱਸਾ ਬਣਾਉਣ ਲਈ ਐਂਕਰ ਨੇ ਲਾਇਨ ਓਪਨ ਕਰ ਦਿੱਤੀ। ਇੱਕ ਸਰੋਤੇ ਨੇ ਸਵਾਲ ਕੀਤਾ, “ਸੰਜੀਵਨ ਭਾਅ ਜੀ, ਪੰਜਾਬੀ ਕਾਮੇਡੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?”
ਮੇਰਾ ਜਵਾਬ ਉਦੋਂ ਵੀ ਕਈਆਂ ਨੂੰ ਚੰਗਾ ਨਹੀਂ ਸੀ ਲੱਗਿਆ, ਸ਼ਾਇਦ ਹੁਣ ਵੀ ਕਈ ਕੌੜ ਖਾ ਜਾਣ। ਮੇਰਾ ਸਵਾਲ ਸੁਣ ਕੇ ਐਂਕਰ ਵੀ ਸਕਤੇ ਵਿੱਚ ਆ ਗਿਆ। ਮੇਰਾ ਜਵਾਬ ਸੀ “ਦੋ ਅਰਥੇ ਡਾਇਲਾਗਾਂ, ਊਂਟ-ਪਟਾਂਗ ਹਰਕਤਾਂ ਅਤੇ ਪਹਿਰਾਵੇ ਨਾਲ ਮੇਹਰ ਮਿੱਤਲ ਨੇ ਪੰਜਾਬੀ ਕਾਮੇਡੀ ਦਾ ਮਿਆਰ ਬਹੁਤ ਨੀਵੇਂ ਪੱਧਰ ਤਕ ਲੈ ਆਂਦਾ ਹੈ, ਜਦਕਿ ਭਗਵੰਤ ਮਾਨ ਵਿਅੰਗਤਾਮਕ ਤਰੀਕੇ ਨਾਲ ਸਮਾਜਿਕ ਮਸਲਿਆਂ ਨੂੰ ਉਭਾਰਨ ਦਾ ਯਤਨ ਕਰ ਰਿਹਾ ਹੈ, ਕਾਮੇਡੀ ਦਾ ਮਿਆਰ ਉੱਚਾ ਚੁੱਕ ਰਿਹਾ ਹੈ।”
ਇੱਕ ਸਰੋਤੇ ਨੇ ਤਿੱਖਾ ਪ੍ਰਤਕੀਰਮ ਦਿੰਦਿਆਂ ਕਿਹਾ, “ਮੇਹਰ ਮਿੱਤਲ ਨਾਲ ਕੋਈ ਪੁਰਾਣੀ ਖੁੰਧਕ ਅਤੇ ਭਗਵੰਤ ਮਾਨ ਨਾਲ ਨਵਾਂ ਯਰਾਨਾ ਲੱਗਦੈ ਸੰਜੀਵਨ ਜੀ।”
“ਮੈਂ ਨਾ ਤਾਂ ਕਦੇ ਮੇਹਰ ਮਿੱਤਲ ਨੂੰ ਮਿਲਿਆ ਹਾਂ ਅਤੇ ਨਾ ਹੀ ਕਦੇ ਭਗਵੰਤ ਮਾਨ ਨੂੰ। ਖੁੰਧਕਾਂ, ਯਰਾਨੇ ਤਾਂ ਸ਼ਰੀਕੇ-ਭਾਈਚਾਰਿਆਂ ਵਿੱਚ ਹੁੰਦੇ ਨੇ ਭਰਾ।” ਸਵਾਲ ਕਰਨ ਵਾਲਾ ਮਿੱਤਰ ਮੇਰੇ ਜਵਾਬ ਤੋਂ ਤਾਂ ਸੰਤੁਸ਼ਟ ਨਹੀਂ ਹੋਇਆ ਪਰ ਐਂਕਰ ਨੇ ਹੋਰ ਸਰੋਤੇ ਦਾ ਸਵਾਲ ਲੈ ਲਿਆ।
ਪੰਜਾਬ ਦੇ ਮਾਲਵੇ ਖਿੱਤੇ ਦੇ ਪਛੜੇ ਇਲਾਕੇ ਅਤੇ ਸਧਾਰਨ ਮਾਸਟਰ ਦੇ ਮੁੰਡੇ ਨੇ ਚੜ੍ਹਦੀ ਉਮਰੇ ਹਾਸ-ਵਿਅੰਗ ਦੇ ਪਿੜ ਵਿੱਚ ਨਿੱਤਰਕੇ ਆਪਣੇ ਦੋ-ਢਾਈ ਦਹਾਕਿਆਂ ਦੇ ਸਫਰ ਦੌਰਾਨ ਕਲਾਮਈ ਤਰੀਕੇ ਨਾਲ ਕਟਾਖਸ਼ ਕਰਕੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਉਣਤਾਈਆਂ ਦੇ ਬਖਈਏ ਉਧੇੜਕੇ ਪੰਜਾਬੀ ਹਾਸ ਵਿਅੰਗ ਨੂੰ ਇੱਕ ਖਾਸ ਮੁਕਾਮ ’ਤੇ ਪਹੁੰਚਾਇਆ। ਉਸਨੇ ਆਡੀਓ, ਵੀਡੀਓ ਕੈਸਟਾਂ ਅਤੇ ਟੀ.ਵੀ. ਸ਼ੋਆਂ ਰਾਹੀਂ ਸ਼ੋਹਰਤ ਵੀ ਕਮਾਈ, ਨਾਮ ਵੀ ਕਮਾਇਆ ਤੇ ਨਾਮਾ ਵੀ। ਤੁਸੀਂ ਸਿਆਸਤ ਦੇ ਖੇਤਰ ਵਿੱਚ ਵੀ ਅਣ-ਕਿਆਸੇ ਮੁਕਾਮ ਹਾਸਲ ਕੀਤੇ। ਤੁਸੀਂ ਪੰਜਾਬ ਦੇ ਦੂਜੇ ਕਲਮਕਾਰ ਅਤੇ ਕਲਾਕਾਰ ਮੁੱਖ-ਮੰਤਰੀ ਵਜੋਂ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਆਪਣਾ ਨਾਂ ਸ਼ੁਮਾਰ ਕਰਵਾਇਆ। ਬੇਸ਼ਕ ਪੰਜ ਮਹੀਨਿਆਂ ਲਈ ਸਹੀ ਪਰ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫਰ ਸਨ।
ਇੱਕ ਦਿਨ ਅਖਬਾਰ ਵਿੱਚ ਇੱਕ ਖਬਰ ਨਸ਼ਰ ਹੋਈ ‘ਉੱਘਾ ਪੰਜਾਬੀ ਕਾਮੇਡੀਅਨ ਭਗਵੰਤ ਮਾਨ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਲਈ ਗੰਭੀਰ।’ ਮੈਂ ਈਮੇਲ ਰਾਹੀਂ ਸੰਦੇਸ਼ ਭੇਜਿਆ, “ਤੁਹਾਨੂੰ ਸਿਆਸਤ ਵਿੱਚ ਪ੍ਰਵੇਸ਼ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀਆਂ ਮੁਬਾਰਕ ਅਤੇ ਸ਼ੁਭਕਾਮਨਾਵਾਂ।” ਤੁਸੀਂ ਵੀ ਈਮੇਲ ਰਾਹੀਂ ਸੰਦੇਸ਼ ਭੇਜਿਆ, “ਸ਼ੁਕਰੀਆ ਭਾਅ ਜੀ।” ਉਨ੍ਹੀਂ ਦਿਨੀਂ ਮਨਪ੍ਰੀਤ ਸਿੰਘ ਬਾਦਲ ਦੀ ਨਵਗਠਿਤ ਰਾਜਨੀਤਿਕ ਪਾਰਟੀ ਪੀ.ਪੀ.ਪੀ. ਦੀ ਖਾਸੀ ਚਰਚਾ ਸੀ। ਬਾਦਲ ਸਾਹਿਬ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਦੇਖਕੇ ਇਵੇਂ ਲਗਦਾ ਸੀ ਜਿਵੇਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਮਨਪ੍ਰੀਤ ਬਾਦਲ ਹੀ ਹੋਊ। ਤੁਸੀਂ ਮਨਪ੍ਰੀਤ ਬਾਦਲ ਦੇ ਸੁਪਨੇ ਅਤੇ ਇਰਾਦੇ ਨੂੰ ਮੁਕੰਮਲ ਕਰਨ ਅਤੇ ਮੰਜ਼ਿਲ ਨੂੰ ਸਰ ਕਰਨ ਲਈ ਹਿੱਕ-ਢਾਹ ਕੇ, ਨਫੇ-ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਉਸਦਾ ਸਾਥ ਦੇਣ ਦਾ ਫੈਸਲਾ ਕੀਤਾ।
ਇੱਕੋ ਸੋਚ, ਇੱਕੋ ਵਿਚਾਰ, ਇੱਕੋ ਮੰਜ਼ਿਲ, ਇੱਕੋ ਰਸਤਾ, ਇੱਕੋ ਸੰਕਲਪ, ਇੱਕੋ ਤੜਫ ਦੇ ਬਾਵਜੂਦ ਇੱਕੋ ਪੰਧ ਦੇ ਦੋਵਾਂ ਪਾਧੀਆਂ ਦੇ, ਰਾਜਨੀਤਿਕ ਮਜਬੂਰੀਆਂ ਜਾਂ ਲੋੜਾਂ ਕਾਰਨ, ਰਸਤੇ ਵੱਖੋ-ਵੱਖ ਹੋ ਗਏ। ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ। ਤੁਸੀਂ ਪਹਿਲੀ ਵਾਰ ਦਿਗਜ਼ ਰਾਜਨੀਤਕ ਪਾਰਟੀ ਦੇ ਦਿਗਜ਼ ਆਗੂ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣੇ। ਇੱਕ ਕਲਾਕਾਰ ਦਾ ਲੋਕ ਸਭਾ ਦੀਆਂ ਪੋੜੀਆਂ ਚੜ੍ਹਨਾ ਚੰਗਾ ਲੱਗਿਆ। ਆਸ, ਉਮੀਦ ਬੱਝੀ, ਹੁਣ ਕੋਈ ਤਾਂ ਹੈ ਜਿਹੜਾ ਕਲਮਾਕਾਰਾਂ, ਕਲਾਕਾਰਾਂ ਅਤੇ ਲੋਕਾਈ ਦੀ ਅਵਾਜ਼ ਬਣੂੰ।
ਪੰਜਾਬ ਦੀਆਂ ਲੋੜਾਂ, ਥੋੜਾਂ ਅਤੇ ਹੋਰ ਮਸਲਿਆਂ ਨੂੰ ਹੱਲ ਕਰਨ ਦੇ ਨਾਲ ਆਮ ਲੋਕ ਨੂੰ ਸਾਹਿਤ, ਰੰਗਮੰਚ ਅਤੇ ਨਿਰੋਏ ਸੱਭਿਆਚਾਰ ਵੱਲ ਰੁਚਿਤ ਕਰਨ ਦੀ ਤੁਹਾਡੇ ਵਰਗੇ ਕਲਾਕਾਰ ਮੁੱਖ ਮੰਤਰੀ ਤੋਂ ਕਲਮਕਾਰਾਂ ਤੇ ਕਲਾਕਾਰਾਂ ਦੀ ਆਸ ਉਮੀਦ ਵਾਜਿਬ ਵੀ ਹੈ ਤੇ ਜਾਇਜ਼ ਵੀ।
ਮੈਂ ਪਿਛਲੇ ਤਕਰੀਬਨ ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਰਗਰਮ ਹਾਂ। ਸਮਾਜਿਕ ਸਰੋਕਾਰਾਂ ਦਾ ਜ਼ਿਕਰ ਅਤੇ ਫਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕ ਲਿਖਕੇ ਦੇਸ-ਵਿਦੇਸ ਵਿੱਚ ਅਨੇਕਾਂ ਵਾਰ ਮੰਚਣ ਕਰਨ ਤੋਂ ਇਲਾਵਾ ਮੈਂ ‘ਸਭਿਆਚਾਰਕ ਪ੍ਰਦੂਸ਼ਣ’ ਖਿਲਾਫ ਇਪਟਾ ਕਾਰਕੁਨ ਵਜੋਂ ਤਕਰੀਬਨ ਢਾਈ ਦਹਾਕਿਆਂ ਤੋਂ ਲਗਾਤਾਰ ਅਵਾਜ਼ ਬੁਲੰਦ ਕਰ ਰਿਹਾ ਹਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਤਿੰਨ ਕਾਲੇ ਕਾਨੂੰਨਾਂ’ ਖਿਲਾਫ ਆਰੰਭੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਕੇ ਕਲਮ ਅਤੇ ਕਲਾ ਰਾਹੀਂ ਡਟਵੀਂ ਹਿਮਾਇਤ ਕੀਤੀ।
ਹਾਲਾਂਕਿ ਸਿਆਸਤ ਮੇਰਾ ਖੇਤਰ ਨਹੀਂ ਹੈ, ਮੇਰਾ ਕਾਰਜ ਖੇਤਰ ਰੰਗਮੰਚ, ਸੱਭਿਆਚਾਰ ਅਤੇ ਸਾਹਿਤ ਹੈ ਪਰ ਇੱਥੇ ਮੈਂ ਸੱਭਿਆਚਾਰਕ ਪ੍ਰਦੂਸ਼ਣ ਦਾ ਰੋਣਾ ਨਹੀਂ ਰੋਣਾ, ਇਹ ਵੀ ਸ਼ਿਕਵਾ ਨਹੀਂ ਕਰਨਾ ਕਿ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ੍ਹ ਪਾਉਣ ਲਈ ਪਹਿਲੀਆਂ ਸਰਕਾਰਾਂ ਵਾਂਗ ਤੁਹਾਡਾ ਰਵਈਆ ਵੀ ਉਦਾਸੀਨ ਹੀ ਰਿਹਾ। ਇਸ ਕਿਸਮ ਦੀ ਘਾਤਕ ਅਤੇ ਬੇਸਿਰ-ਪੈਰ ਗਾਇਕੀ ਸਮਾਜ ਅਤੇ ਨੌਜੁਆਨੀ ’ਤੇ ਤਾਂ ਮਾੜਾ ਅਸਰ ਪਾ ਹੀ ਰਹੀ ਸੀ, ਹੁਣ ਤਾਂ ਅਜਿਹੇ ਗੀਤ ਗਾਉਣ ਵਾਲੇ ਗਾਇਕ ਖੁਦ ਵੀ ਇਸਦਾ ਸ਼ਿਕਾਰ ਹੋਣ ਲੱਗ ਗਏ ਹਨ।
ਮਾਨ ਸਾਹਿਬ, ਸਿਆਸੀ ਸ਼ਰੀਕ ਤਾਂ ਊਂਅ ਮਾਣ ਨੀ ਹੁੰਦੇ, ਜੇ ਮੌਕਾ ਮਿਲ ਜਾਵੇ ਫਿਰ ਤਾਂ ਉਨ੍ਹਾਂ ਨੇ ਅਸਮਾਨ ਸਿਰ ’ਤੇ ਚੁੱਕਣਾ ਹੀ ਹੈ। ਪਰ ਤੁਸੀਂ ਮੌਕਾ ਨਹੀਂ, ਮੌਕਿਆਂ ’ਤੇ ਮੌਕੇ ਦੇ ਰਹੇ ਹੋ। ਲੰਮੇ ਸਿਆਸੀ ਤਜਰਬੇ ਤੋਂ ਬਾਅਦ ਤੁਹਾਨੂੰ ਸ਼ਾਇਦ ਇਹ ਅਹਿਸਾਸ ਹੋ ਹੀ ਗਿਆ ਹੋਵੇਗਾ ਕਿ ਸਿਆਸਤ ਦੇ ਰਾਹ ਤਿਲ੍ਹਕਵੇਂ ਅਤੇ ਉੱਬੜ-ਖਾਬੜ ਹੁੰਦੇ ਹਨ ਪਰ ਤੁਹਾਨੂੰ ਸ਼ਾਇਦ ਇਹ ਇਲਮ ਨਹੀਂ ਹੋਵੇਗਾ ਕਿ ਕਾਮੇਡੀ ਦੇ ਖੇਤਰ ਵਿੱਚ ਕੁਲਫ਼ੀਆਂ ਗਰਮ ਅਤੇ ਮਿਰਚਾਂ ਮਿੱਠੀਆਂ ਤਾਂ ਹੋ ਸਕਦੀਆਂ ਹਨ ਪਰ ਸਿਆਸਤ ਵਿੱਚ ਕੁਲਫ਼ੀਆਂ ਠੰਢੀਆਂ ਅਤੇ ਮਿਰਚਾਂ ਕੌੜੀਆਂ ਹੀ ਹੁੰਦੀਆਂ ਹਨ।
ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕੁਝ ਸਮਾਂ ਬਾਅਦ ਆਪ ਵੱਲੋਂ ਗੰਨ ਕਲਚਰ ਅਤੇ ਗੈਂਗਸਟਰਾਂ ਬਾਰੇ ਗੀਤਾਂ ਉੱਪਰ ਸਖਤੀ ਕਰਨ ਲਈ ਕਿਹਾ ਗਿਆ ਸੀ, ਤੁਹਾਡਾ ਮੰਨਣਾ ਸੀ ਕਿ ਅਜਿਹੇ ਗੀਤਾਂ ਨਾਲ ਬੱਚੇ ਵਿਗੜ ਜਾਂਦੇ ਹਨ। ਆਪ ਦੀ ਇਸ ਸੋਚ ਤੋਂ ਉਤਸ਼ਾਹਿਤ ਹੋ ਕੇ ਮੈਂ ਆਪ ਦਫਤਰ ਰਾਹੀਂ ਇਸ ਗੰਭੀਰ ਮਸਲੇ ਬਾਰੇ ਵਿਸਥਾਰ ਨਾਲ ਗੱਲ ਕਰਨ ਲਈ ਇਪਟਾ ਦੇ ਵਫਦ ਲਈ ਆਪ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ। ਪਰ ਅਫਸੋਸ ਆਪ ਦੇ ਦਫਤਰ ਨੇ ਮੁਲਾਕਾਤ ਲਈ ਸਮਾਂ ਦੇਣ ਦੀ ਥਾਂ ਟਾਲ-ਮਟੋਲ ਦੀ ਨੀਤੀ ਅਪਣਾਉਣਾ ਬਿਹਤਰ ਸਮਝਿਆ।
ਹੁਣ ਮੈਂ ਤੁਹਾਡਾ ਧਿਆਨ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਵੱਲੋਂ ਉੱਘੇ ਸ਼ਾਇਰ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਵੱਲ ਦਿਵਾਉਣਾ ਵੀ ਲਾਜ਼ਮੀ ਸਮਝਦਾ ਹਾਂ। ਤੁਸੀਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਸ੍ਰੀ ਜ਼ਫਰ ਦੀ ਨਿਯੁਕਤੀ ਉਨ੍ਹਾਂ ਦੇ ਸਾਹਿਤਕ ਯੋਦਗਾਨ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਸਾਰ ਪ੍ਰਤੀ ਪ੍ਰਤੀਬੱਧਤਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਨੂੰ ਧਿਆਨ ਵਿੱਚ ਰੱਖਦਿਆਂ ਜੂਨ 2024 ਵਿੱਚ ਕੀਤੀ ਸੀ। ਇਹ ਨਿਯੁਕਤੀ ਵਿਸ਼ੇਸ਼ ਪ੍ਰਸਥਿਤੀਆਂ ਅਧੀਨ ਮਨੋਨੀਤ ਨਿਯੁਕਤੀ ਸੀ; ਜਿਸਦਾ ਦੇਸ਼-ਵਿਦੇਸ਼ਾਂ ਵਿੱਚ ਬੈਠੇ ਸਮੂਹ ਪੰਜਾਬੀਆਂ ਨੇ ਸਵਾਗਤ ਕੀਤਾ ਸੀ।
ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਸੌਂਪੀ ਗਈ ਜ਼ੰਮੇਵਾਰੀ ਨੂੰ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਂਦਿਆਂ ਜ਼ਫਰ ਹੋਰਾਂ ਅਤੇ ਵਿਭਾਗ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਪਿਛਲੇ ਲੰਮੇ ਸਮੇਂ ਦੀ ਖੜੋਤ ਨੂੰ ਤੋੜਿਆ। ਇਸੇ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੀ ਸਮੂਹ ਟੀਮ ਨੂੰ ਮਹਾਂਕਵੀ ਰਾਮਧਾਰੀ ਸਿੰਘ ਦਿਨਕਰ ਯਾਦਗਾਰੀ ਰਾਸ਼ਟਰੀ ਸੰਸਥਾਨ ਵੱਲੋਂ ਅਟੱਲ ਭਾਸ਼ਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ। ਪ੍ਰਬੰਧਕੀ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵੱਲੋਂ ਜ਼ਫਰ ਹੋਰਾਂ ਨੂੰ 26 ਅਗਸਤ 2026 ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਅਧਾਰ ਖੋਜ ਸਹਾਇਕਾਂ ਦੀ ਭਰਤੀ ਸੰਬੰਧੀ ਰੋਸਟਰ ਰਜਿਸਟਰ ਵਿੱਚ ਤਰੁਟੀ ਨੂੰ ਬਣਾਇਆ ਗਿਆ ਹੈ; ਜੋਕਿ ਨਿਰਮੂਲ ਅਤੇ ਅਤੇ ਗ਼ੈਰ ਵਾਜਿਬ ਹੈ ਕਿਉਂਕਿ ਸ੍ਰੀ ਜ਼ਫਰ ਅਨੁਸਾਰ ਭਰਤੀ ਦੀ ਪ੍ਰਕਿਰਿਆ ਅਧੀਨ ਸੇਵਾਵਾਂ ਬੋਰਡ ਵੱਲੋਂ ਮੁੰਕਮਲ ਕੀਤੀ ਗਈ ਹੈ ਅਤੇ ਇਸ ਪ੍ਰੀਕਿਰਿਆ ਦਾ ਅਰੰਭ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਹੀ ਹੋ ਚੁੱਕਾ ਸੀ। ਕਿਉਂਕਿ ਜਸਵੰਤ ਜ਼ਫਰ ਦੀ ਨਿਯੁਕਤੀ ਆਪ ਦੇ ਹੁਕਮਾਂ ਨਾਲ ਹੋਈ ਸੀ, ਬਣਦਾ ਤਾਂ ਇਹ ਸੀ ਕਿ ਆਪ ਨਿੱਜੀ ਦਖਲ ਦੇ ਕੇ ਇਸ ਮਸਲੇ ਦਾ ਹੱਲ ਕਰਦੇ ਤਾਂਜੋ ਪੰਜਾਬੀ ਵਿਰੋਧੀ ਸੋਚ ਵਾਲੇ ਅਫਸਰਾਂ ਦੀ ਜੁੰਡਲੀ ਵੱਲੋਂ ਭਾਸ਼ਾ ਵਿਭਾਗ ਨੂੰ ਕਮਜ਼ੋਰ ਕਰਕੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਾ ਹੋ ਸਕਣ। ਪਰ ਤੁਸੀਂ ਇਹ ਕਹਿਕੇ ਕਿ ਇਹ ਦੋਵੇਂ ਆਪਣਾ ਮਸਲਾ ਆਪ ਨਿਬੇੜਨ, ਭਾਸ਼ਾ ਅਤੇ ਸਾਹਿਤ ਵਰਗੇ ਸੰਦੇਵਨਸ਼ੀਲ ਅਤੇ ਮਹੱਤਵਪੂਰਣ ਮਸਲੇ ਤੋਂ ਸਮਝੋ ਪੱਲਾ ਹੀ ਝਾੜ ਲਿਆ।
ਮਾਨ ਸਾਹਿਬ! ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬਿਹਤਰੀ ਲਈ ਹੋਂਦ ਵਿੱਚ ਆਏ ਭਾਸ਼ਾ ਵਿਭਾਗ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਚਾਹੇ ਭਾਸ਼ਾ ਵਿਭਾਗ ਲਈ ਬਜਟ ਦਾ ਮਸਲਾ ਹੋਵੇ, ਚਾਹੇ ਖਾਲੀ ਅਸਾਮੀਆਂ ਅਤੇ ਤਰੱਕੀਆਂ ਦਾ ਮਸਲਾ ਹੋਵੇ, ਚਾਹੇ ਪੁਰਸਕਾਰ ਹਰ ਸਾਲ ਦੇਣ ਦਾ ਮਸਲਾ ਹੋਵੇ, ਚਾਹੇ ਭਾਸ਼ਾ ਵਿਭਾਗ ਦੇ ਆਪਣੇ ਐਲਾਨੇ ਉਦੇਸ਼ਾਂ ਵਿੱਚ ਪੰਜਾਬੀ ਨੂੰ ਸਰਕਾਰੀ ਦਫਤਰਾਂ, ਕਚਹਿਰੀਆਂ, ਸਿੱਖਿਆ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਦਾ ਮਸਲਾ ਹੋਵੇ, ਚਾਹੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਵਾਲੀਆਂ ਜ਼ਿਲ੍ਹਾ ਕਮੇਟੀਆਂ ਦੇ ਅਧਿਕਾਰ ਖੇਤਰ ਦਾ ਮਸਲਾ ਹੋਵੇ; ਹਰ ਸਰਕਾਰ ਨੇ ਡੰਗ ਟਪਾਊ ਨੀਤੀ ਹੀ ਇਖਤਿਆਰ ਕੀਤੀ। ਪਰ ਆਪ ਤੋਂ ਆਸਾਂ ਸਨ।
ਰੰਗਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਸਰਕਾਰ ਨੇ ਆਡੀਟੋਰੀਅਮਾਂ ਅਤੇ ਖੁੱਲ੍ਹੇ ਰੰਗਮੰਚਾਂ ਦੀ ਉਸਾਰੀ ਤਾਂ ਕਰਨੀ ਸੀ, ਜੋ ਉੱਸਰੇ ਹੋਏ ਹਨ, ਉਹ ਵੀ ਸਾਂਭ-ਸੰਭਾਲ ਤੋਂ ਬਿਨਾਂ ਖੰਡਰ ਬਣ ਗਏ ਹਨ। ਕਈ ਤਾਂ ਮੁਹਾਲੀ ਵਿੱਚ ਵੀ ਖੰਡਰ ਬਣ ਚੁੱਕੇ ਹਨ।
ਸਮਾਜਿਕ ਮਸਲਿਆਂ ਦੀ ਗੱਲ ਕੀਤੀ ਜਾਵੇ, ਚਾਹੇ ਨਸ਼ਿਆਂ ਦਾ ਮਸਲਾ ਹੋਵੇ, ਚਾਹੇ ਸਿੱਖਿਆ ਜਾਂ ਸਿਹਤ ਦਾ ਮਸਲਾ ਹੋਵੇ, ਰੁਜ਼ਗਾਰ ਦਾ ਮਸਲਾ ਹੋਵੇ, ਚਾਹੇ ਮੁਲਾਜ਼ਮਾਂ ਦੇ ਹੱਕੀ ਅਤੇ ਜਾਇਜ਼ ਮਸਲੇ ਹੋਣ, ਚਾਹੇ ਸੁਰੱਖਿਅਤ ਅਤੇ ਭੈਅ ਰਹਿਤ ਮਾਹੌਲ ਦਾ ਮਸਲਾ ਹੋਵੇ, ਚਾਹੇ ਸੈਂਡ, ਲੈਂਡ, ਵਾਈਨ ਅਤੇ ਡਰੱਗ ਮਾਫੀਆਂ ਦਾ ਮਸਲਾ ਹੋਵੇ; ਹਰ ਰਾਜਨੀਤਕ ਧਿਰ ਵੱਲੋਂ ਸੱਤਾ ਲੈਣ ਲਈ ਸਾਰੇ ਮਸਲੇ ਹੱਲ ਕਰਨ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਅਫਸੋਸ ਸੱਤਾ ਮਿਲਣ ਮਗਰੋਂ ਵਾਅਦੇ ਵਫ਼ਾ ਕਦੇ ਨਹੀਂ ਹੋਏ।
ਮਾਨ ਸਾਹਿਬ, ਹੁਣ ਤਕ ਦੀਆਂ ਸਾਰੀਆਂ ਸਰਕਾਰਾਂ, ਸਾਰੇ ਮਸਲਿਆਂ ਦਾ ਹੱਲ ਮੁਫਤ ਦੀਆਂ ਰਿਓੜੀਆਂ ਸਮਝਦੇ ਹਨ। ਮੁਫਤ ਬਿਜਲੀ, ਮੁਫਤ ਧਾਰਮਿਕ ਯਾਤਰਾਵਾਂ, ਬੀਬੀਆਂ ਨੂੰ ਹਜ਼ਾਰ/ਪੰਦਰਾਂ ਸੌ ਰੁਪਏ, ਮੁਫਤ ਆਟਾ ਦਾਲ ਅਤੇ ਹੋਰ ਨਿਕ-ਸੁੱਕ, ਸਾਰਾ ਕੁਝ ਮੁਫਤ, ਮੁਫਤ, ਮੁਫਤ।
ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਸਿਆਸਤ ਅਤੇ ਸਿਆਸੀ ਲੋਕਾਂ ਨੇ ਰੋਲ ਕੇ ਰੱਖ ਦਿੱਤਾ, ਸਾਨੂੰ ਪੰਜਾਬੀਆਂ ਨੂੰ ਖ਼ੈਰਾਤ ਦੇਣ ਵਾਲਿਆਂ ਤੋਂ ਖ਼ੈਰਾਤ ਲੈਣ ਵਾਲੇ ਬਣਾ ਦਿੱਤਾ। ਸਾਨੂੰ ਪੰਜਾਬੀਆਂ ਨੂੰ ਮੁਫਤ ਨਹੀਂ ਚਾਹੀਦਾ ਕੁਝ ਵੀ, ਨਾ ਹੀ ਅਸੀਂ ਕਦੇ ਮੁਫਤ ਮੰਗਿਆ ਹੈ; ਪੰਜਾਬੀਆਂ ਨੂੰ ਪ੍ਰਾਪਤ ਰੁਜ਼ਗਾਰ ਤੋਂ ਇੰਨੀ ਆਮਦਨ ਹੋਵੇ ਕਿ ਉਹ ਬਿਜਲੀ ਵੀ ਖਰੀਦ ਸਕਣ, ਆਟਾ ਵੀ, ਦਾਲ ਵੀ ਅਤੇ ਧਾਰਮਿਕ ਯਾਤਰਾ ਆਪ ਕਰਨ।
ਮਾਨ ਸਾਹਿਬ, ਆਪਣੀ ਗੱਲ ਇੱਕ ਚੀਨੀ ਦਾਰਸ਼ਨਿਕ ਦੇ ਪ੍ਰਚਲਤ ਕਥਨ ਨਾਲ ਸਮਾਪਤ ਕਰਨਾ ਚਾਹੁੰਦਾ ਹਾਂ। ਉਸਨੇ ਕਿਹਾ ਹੈ, “ਆਪਣੇ ਲੋਕਾਂ ਨੂੰ ਮੱਛੀ ਨਾ ਦੇਵੋ, ਮੱਛੀ ਫੜਨਾ ਸਿਖਾਓ।
ਗੁਜ਼ਾਰਿਸ਼ ਕਰਤਾ ... ਸੰਜੀਵਨ ਸਿੰਘ ਨਾਟਕਰਮੀ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































