“ਯਹਾਂ ਤੋਂ ਬੀਸ-ਬੀਸ ਪੱਚੀਸ-ਪੱਚੀਸ ਘਰੋਂ ਕੇ ਪਾਂਚ ਛੇ ਗਾਂਓ ਹੈ ਬਾਬੂ ...”
(28 ਮਈ 2020)
ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਮਨੁੱਖਤਾ ਉੱਪਰ ਜਦੋਂ ਕਦੇ ਵੀ ਕੋਈ ਕੁਦਰਤੀ ਜਾਂ ਗ਼ੈਰ ਕੁਦਰਤੀ ਆਫਤ ਆਈ ਹੈ ਤਾਂ ਮਨੁੱਖਤਾ ਦੀ ਤਬਾਹੀ, ਦਰਦ ਤੇ ਪੀੜਾ ਨੂੰ ਮਹਿਸੂਸ ਕਰਦੇ ਮਨੁੱਖ ਹੀ ਹਮੇਸ਼ਾ ਅੱਗੇ ਆਏ ਹਨ। ਅਜਿਹੇ ਦਰਦਮੰਦਾਂ ਦੇ ਦਰਦੀ ਮਨੁੱਖ ਸੰਵੇਦਨਸ਼ੀਲਤਾ ਦੇ ਦਾਇਰੇ ਵਿੱਚ ਸ਼ੁਮਾਰ ਕੀਤੇ ਜਾ ਸਕਦੇ ਹਨ। ਸਾਰੇ ਵਿਸ਼ਵ ਵਿੱਚ ਸਵੈ ਸੇਵੀ ਸੰਸਥਾਵਾਂ ਦੇ ਕਾਰਕੁਨ ਬਿਨਾਂ ਵਕਤ ਗੁਆਏ ਆਪਣੇ ਅਤੇ ਹੋਰ ਦਾਨੀ ਸੱਜਣਾਂ ਦੇ ਵਸੀਲਿਆਂ ਅਤੇ ਸਾਧਨਾਂ ਨਾਲ ਲੈਸ ਹੋ ਕੇ ਪੀੜਤਾਂ ਦੀ ਹਰ ਸੰਭਵ ਮਦਦ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ। ਬੇਸ਼ਕ ਸ਼ਾਸਨ ਤੇ ਪ੍ਰਸ਼ਾਸ਼ਨ ਦਾ ਰਵੱਈਆ ਸੰਵੇਦਨਸ਼ੀਲਤਾ ਤੋਂ ਕੋਹਾਂ ਦੂਰ ਹੁੰਦਾ ਹੈ।
ਵੀਹਵੀਂ ਸਦੀ ਦੇ ਅੱਠਵੇਂ ਤੇ ਨੌਵੇਂ ਦਹਾਕੇ ਦੌਰਾਨ ਦਸ-ਪੰਦਰਾਂ ਸਾਲ ਯੂਥ ਕਲੱਬਾਂ ਦੀਆਂ ਸਮਾਜ ਭਲਾਈ ਸਰਗਰਮੀਆਂ ਦੌਰਾਨ ਮੈਂ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੋਪੜ ਦੇ ਜਨਰਲ ਸੱਕਤਰ ਦੇ ਤੌਰ ’ਤੇ ਵੀ ਕੁਝ ਸਾਲ ਜ਼ਿੰਮੇਵਾਰੀ ਨਿਭਾਈ, ਪ੍ਰਧਾਨ ਅਸ਼ੋਕ ਬਜਹੇੜੀ ਸਨ ਅਤੇ ਹੋਰ ਅਹੁਦੇਦਾਰਾਂ ਵਿੱਚ ਮੇਜਰ ਸਿੰਘ ਨਾਗਰਾ (ਇਸ ਸਮੇਂ ਕੇਨੈਡਾ ਦੇ ਬਰੈਂਪਟਨ ਸ਼ਹਿਰ ਦੇ ਵਸਨੀਕ), ਸੁੱਚਾ ਸਿੰਘ ਸਰਸਾ ਨੰਗਲ, ਅਸ਼ਵਨੀ ਕੁਮਾਰ ਸ਼ਰਮਾ, ਦੀਦਾਰ ਸਿੰਘ ਡਹਿਰ, ਗੁਰਸ਼ਰਨ ਸਿੰਘ ਧਨੋਆ, ਇੰਦਰਜੀਤ ਗੰਧੋ, ਗੁਰਬਚਨ ਸਿੰਘ ਸੋਢੀ, ਹਰਬੰਸ ਸੰਭਾਲਕੀ, ਯਸ਼ਵੰਤ ਬਸੀ, ਬਲਜਿੰਦਰ ਰਾਏਪੁਰ ਕਲਾਂ, ਸਤਬੀਰ ਸਿੰਘ ਗੱਜਪੁਰ ਬੇਲਾ ਆਦਿ ਸ਼ਾਮਲ ਸਨ। ਪੰਜਾਬ ਦਾ ਮਾਹੌਲ ਸੁਖਾਵਾਂ ਨਾ ਹੋਣ ਕਾਰਣ ਯੂਥ ਕਲੱਬਾਂ ਨਾਲ ਸਬੰਧਤ ਮਹਿਕਮਿਆਂ ਦੇ ਕਰਮਚਾਰੀ ਪਿੰਡਾਂ ਵਿੱਚ ਵਿਭਾਗ ਦਾ ਸੁਨੇਹਾ/ਚਿੱਠੀ-ਪੱਤਰ ਦੇਣ ਜਾਣ ਤੋਂ ਘਬਰਾਉਂਦੇ ਸਨ, ਜਿਸ ਕਾਰਣ ਤਾਲਮੇਲ ਕਮੇਟੀ ਦਾ ਗਠਨ ਅਧਿਕਾਰੀਆਂ ਵੱਲੋਂ ਸਾਨੂੰ ਸੰਦੇਸ਼ ਵਾਹਕ ਦੇ ਤੌਰ ’ਤੇ ਵਰਤਣ ਦੀ ਮਨਸ਼ਾ ਵਜੋਂ ਕੀਤਾ। ਪਰ ਜਲਦੀ ਹੀ ਤਾਲਮੇਲ ਕਮੇਟੀ ਨੇ ਅਧਿਕਾਰੀਆਂ ਦੇ ਪ੍ਰਭਾਵ/ਗਲਬੇ ਤੋਂ ਮੁਕਤ ਹੋ ਕੇ ਅਜ਼ਾਦਾਨਾ ਤੌਰ ’ਤੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ, ਜੋ ਕੁਦਰਤੀ ਹੈ ਯੂਥ ਕਲੱਬਾਂ ਨਾਲ ਸਬੰਧਤ ਮਹਿਕਮਿਆਂ ਦੇ ਉੱਚ ਅਧਿਕਾਰੀਆ ਨੂੰ ਪਸੰਦ ਨਹੀਂ ਸਨ ਆ ਸਕਦੀਆਂ। ਯੂਥ ਕਲੱਬ ਤਾਲਮੇਲ ਕਮੇਟੀ ਨੇ ਆਪਣੇ ਪੱਧਰ ਉੱਪਰ ਜ਼ਿਲ੍ਹੇ ਦੇ ਯੂਥ ਕੱਲਬਾਂ ਦੇ ਸਹਿਯੋਗ ਨਾਲ ਖ਼ੂਨ ਦਾਨ ਤੇ ਪਿੰਡਾਂ/ਕਸਬਿਆਂ ਵਿੱਚ ਸਫਾਈ ਅਭਿਆਨ ਕੈਂਪ, ਰੁੱਖ ਲਾਉਣੇ, ਲੋੜਵੰਦਾਂ ਦੀ ਮਦਦ ਕਰਨਾ ਤੇ ਪੰਜਾਬ ਜਾਂ ਪੰਜਾਬੋਂ ਬਾਹਰ ਕੁਦਰਤੀ/ਗ਼ੈਰ ਕੁਦਰਤੀ ਆਫਤ ਸਮੇਂ ਪੀੜਤਾਂ ਦੀ ਮਦਦ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਘਟਨਾਂ/ਦੁਰਘਟਨਾ ਜਾਂ ਕਹਿ ਲਵੋ ਕੁਦਰਤੀ/ਗ਼ੈਰ ਕੁਦਰਤੀ ਆਫ਼ਤ ਦਾ ਜ਼ਿਕਰ ਮੈਂ ਕਰਨਾ ਹੈ ਉਹ 1992 ਵਿੱਚ ਤਕਰੀਬਨ ਅਠਾਈ ਸਾਲ ਪਹਿਲਾਂ ਉੱਤਰ ਕਾਸ਼ੀ ਵਿੱਚ ਆਏ ਭੂਚਾਲ ਨਾਲ ਸਬੰਧਤ ਹੈ। ਇਸ ਭੂਚਾਲ ਨੇ ਉਸ ਇਲਾਕੇ ਦਾ ਅਤੇ ਉੱਥੋਂ ਦੇ ਲੋਕਾਂ ਦਾ ਬਹੁਤ ਜ਼ਿਆਦਾ ਮਾਲੀ ਤੇ ਜਾਨੀ ਨੁਕਸਾਨ ਕੀਤਾ। ਯੂਥ ਕਲੱਬ ਤਾਲਮੇਲ ਕਮੇਟੀ ਨੇ ਵੀ ਰੋਪੜ ਜ਼ਿਲ੍ਹੇ ਦੇ ਯੂਥ ਕਲੱਬਾਂ ਦੀ ਮਦਦ ਨਾਲ ਰਾਹਤ ਸਮੱਗਰੀ ਇਕੱਠੀ ਕਰਨ ਦਾ ਫੈਸਲਾ ਕੀਤਾ। ਯੂਥ ਕੱਲਬਾਂ ਦੇ ਮੈਂਬਰਾਂ ਨੇ ਘਰ-ਘਰ, ਪਿੰਡ-ਪਿੰਡ ਜਾਅ ਕੇ ਕਣਕ, ਚਾਵਲ, ਦਾਲਾਂ ਅਤੇ ਕੰਬਲਾਂ ਦਾ ਇੱਕ ਟਰੱਕ ਸਮਾਨ ਇਕੱਠਾ ਕਰ ਲਿਆ। ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਵੱਲੋਂ ਹੁਕਮਨੁਮਾ ਟੈਲੀਫੋਨ ਆਇਆ। ਉਨ੍ਹਾਂ ਕਿਹਾ, “ਰਾਹਤ ਸਮੱਗਰੀ ਸਾਡੇ ਪਾਸ ਜਮ੍ਹਾਂ ਕਰਵਾ ਕੇ ਰਸੀਦ ਲੈ ਲਵੋ, ਅਸੀਂ ਪਹੁੰਚਾ ਦੇਵਾਂਗੇ।”
ਇਸ ਤੋਂ ਪਹਿਲਾਂ ਸਮਾਨ ਜ਼ਰੂਰਤਮੰਦਾਂ ਤਕ ਨਾ ਪਹੁੰਚਣ ਦੀਆਂ ਖ਼ਬਰਾਂ ਵੱਖ-ਵੱਖ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਸਨ। ਅਸੀਂ ਸਭ ਨੇ ਫੈਸਲਾ ਕੀਤਾ ਸਮਾਨ ਖੁਦ ਜਾ ਕੇ ਪੀੜਤਾਂ ਤਕ ਪੁੱਜਦਾ ਕੀਤਾ ਜਾਵੇ। ਅਸੀਂ ਪੰਜ-ਸੱਤ ਜਣਿਆਂ ਨੇ ਡੀ.ਸੀ. ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਇੱਕ ਟਰੱਕ ਦਾ ਇੰਤਜ਼ਾਮ ਕਰ ਦਿੱਤਾ ਜਾਵੇ। ਸਮਾਨ ਅਸੀਂ ਖੁਦ ਜਾ ਕੇ ਲੋੜਵੰਦਾਂ ਨੂੰ ਵੰਡਣਾ ਚਾਹੁੰਦੇ ਹਾਂ। ਡੀ.ਸੀ. ਸਾਹਿਬ ਨੇ ਸਾਡੀ ਭਾਵਨਾ ਨੂੰ ਸਮਝਦੇ ਹੋਏ ਸਾਨੂੰ ਟਰੱਕ ਮੁਹਈਆ ਕਰਵਾ ਦਿੱਤਾ।
ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਤੇ ਦੋ ਤਿੰਨ ਦਰਜਨ ਦੇ ਕਰੀਬ ਮੈਂਬਰਾਂ ਨੇ ਰਾਹਤ ਸਮੱਗਰੀ ਟਰੱਕ ਵਿੱਚ ਲੱਦ ਦਿੱਤੀ। ਰਾਤ ਨੂੰ ਮੈਂ ਤੇ ਅਸ਼ੋਕ ਬਜਹੇੜੀ ਰਾਹਤ ਸਮੱਗਰੀ ਵਾਲੇ ਟਰੱਕ ਸਮੇਤ ਉਤਰਕਾਸ਼ੀ ਲਈ ਰਵਾਨਾ ਹੋਏ। ਦੂਸਰੇ ਦਿਨ ਦੁਪਹਿਰ ਵੇਲੇ ਭੁਚਾਲ ਪੀੜਤ ਇਲਾਕੇ ਵਿੱਚ ਪਹੁੰਚ ਕੇ ਅਸੀਂ ਤਹਿਸੀਲ ਦਫਤਰੋਂ ਪੀੜਤ ਅਤੇ ਲੋੜਵੰਦ ਪਿੰਡਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀ। ਉੱਥੇ ਮੌਜੂਦ ਅਧਿਕਾਰੀ ਦਾ ਵੀ ਉਹੀ ਰਵਈਆ, “ਆਪ ਕਹਾ ਭਟਕੋਗੇ, ਰਸਦ ਹਮੇਂ ਦੇ ਜਾਈਏ, ਔਰ ਰਸੀਦ ਲੈ ਜਾਈਏ। ਹਮ ਖੁਦ ਹੀ ਬੰਟਵਾ ਦੇਂਗੇ, ਜਿਨ ਕੋ ਜ਼ਰੂਰਤ ਹੋਗੀ।”
ਅਧਿਕਾਰੀ ਨੇ ਸਾਡੇ ਜਵਾਬ ਦਾ ਇੰਤਜ਼ਾਰ ਕੀਤੇ ਬਿਨਾਂ ਦਰਜਾ ਚਾਰ ਕਰਮਚਾਰੀਆਂ ਨੂੰ ਟਰੱਕ ਖਾਲੀ ਕਰਨ ਦਾ ਹੁਕਮ ਚਾੜ੍ਹ ਦਿੱਤਾ। ਮੈਂ ਰਤਾ ਤਲਖੀ ਨਾਲ ਕਿਹਾ, “ਸ੍ਰੀਮਾਨ ਜੀ ਯੇਹ ਕਾਮ ਤੋਂ ਹਮ ਹਮਾਰੇ ਡਿਸਟਰਿਕ ਮੇ ਬੀ ਕਰ ਸਕਤੇ ਥੇ। ਹਮਾਰੇ ਹਜ਼ਾਰੋਂ ਮੀਲ ਖੁਦ ਆਨੇ ਕੀ ਵਜਹ ਹੈ, ਹਮ ਉਨ ਲੋਗੋਂ ਕੋ ਖੁਦ ਸਮਾਨ ਦੇਂਗੇ ਜਿਨ ਕੋ ਸਹੀ ਮੇ ਜ਼ਰੂਰਤ ਹੈ।”
ਅਧਿਕਾਰੀ ਨੇ ਆਪਣੀ ਦਾਲ ਗਲਦੀ ਨਾ ਵੇਖਕੇ ਬੇਰੁਖੀ ਨਾਲ ਸਾਨੂੰ ਪੀੜਤ ਪਿੰਡਾਂ ਬਾਰੇ ਜਾਣਕਾਰੀ ਦਿੱਤੀ।
ਹੇਠਾਂ ਆਪਣੇ ਪੂਰੇ ਵੇਗ ਨਾਲ ਵਗਦੀ ਗੰਗਾ ਨਦੀ, ਉੱਬੜ-ਖਾਬੜ ਤੇ ਪਥਰੀਲੇ ਪਹਾੜੀ ਰਸਤਿਆਂ ਉੱਪਰ ਟਰੱਕ ਮਸਾਂ ਹੀ ਚੱਲ ਰਿਹਾ ਸੀ। ਥੋੜੀ ਜਿਹੀ ਅਣਗਹਿਲੀ ਵੀ ਜਾਨ ਲੇਵਾ ਹੋ ਸਕਦੀ ਸੀ। ਟਰੱਕ ਡਰਾਈਵਰ ਵੀ ਉਸ ਘੜੀ ਨੂੰ ਕੋਸ ਰਿਹਾ ਹੋਵੇਗਾ ਜਦ ਉਸ ਨੇ ਇੱਥੇ ਆਉਣ ਲਈ ਗੱਡੀ ਲੋਡ ਕੀਤੀ। ਪੁੱਛਦੇ-ਪੁਛਾਉਂਦੇ ਅਸੀਂ ਉਨ੍ਹਾਂ ਪਿੰਡਾਂ ਤਕ ਵੀ ਪਹੁੰਚ ਗਏ ਜਿਹੜੇ ਵਾਕਿਆ ਹੀ ਤਹਿਸ-ਨਹਿਸ ਹੋ ਚੁੱਕੇ ਸਨ। ਲੋਕਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਸੀ। ਪਿੰਡ ਹੇਠਾਂ ਪਹਾੜਾਂ ਦੀਆਂ ਖੱਡਾਂ ਵਿੱਚ ਸਨ। ਦੂਰ ਦੂਰ ਤਕ ਕੋਈ ਬੰਦਾ-ਪਰਿੰਦਾ ਨਜ਼ਰ ਨਹੀਂ ਸੀ ਆ ਰਿਹਾ। ਕੁਝ ਦੂਰ ਜਾ ਕੇ ਇੱਕ ਝੌਂਪੜੀ ਵਿੱਚ ਛੋਟੀ ਜਿਹੀ ਦੁਕਾਨ ਨਜ਼ਰ ਆਈ, ਜਿੱਥੇ ਪੰਜ-ਚਾਰ ਬੰਦੇ ਬੈਠੇ ਸਨ। ਅਸੀਂ ਉਨ੍ਹਾਂ ਕੋਲ ਗੱਡੀ ਰੋਕ ਕੇ ਲਿਆਂਦਾ ਸਮਾਨ ਵੰਡਣ ਲਈ ਲੋਕਾਂ ਨੂੰ ਇਕੱਠੇ ਕਰਨ ਲਈ ਕਿਹਾ। ਉਨ੍ਹਾਂ ਵਿੱਚੋਂ ਇੱਕ ਜਣਾ ਕਹਿਣ ਲੱਗਾ, “ਯਹਾਂ ਤੋਂ ਬੀਸ-ਬੀਸ ਪੱਚੀਸ-ਪੱਚੀਸ ਘਰੋਂ ਕੇ ਪਾਂਚ ਛੇ ਗਾਂਓ ਹੈ ਬਾਬੂ, ਕਿੰਨ ਕਿੰਨ ਕੋ ਬਾਂਟਤੇ ਫਿਰੋਗੇ। ਅਗਰ ਆਪ ਘਰ ਘਰ ਜਾ ਕਰ ਸਮਾਨ ਬਾਂਟਨੇ ਲਗੇ, ਫਿਰ ਤੋਂ ਆਪ ਕੋ ਦੋ ਦਿਨ ਲਗ ਜਾਏਂਗੇ।”
ਦੂਸਰਾ ਕਹਿਣ ਲੱਗਾ, “ਹਮ ਸਭ ਮੁਖੀਆ ਲੋਗ ਹੈ, ਆਪ ਹਮੇ ਸਮਾਨ ਦੇ ਜਾਏਂ, ਹਮ ਖੁਦ ਹੀ ਬਾਂਟ ਦੇਗੇਂ, ਸਭ ਕੋ, ਜਿਸ ਕੋ ਜ਼ਰੂਰਤ ਹੋਗੀ।”
ਗਿਰਝਾਂ ਤੋਂ ਬਚਦੇ ਬਚਾਉਂਦੇ ਅਸੀਂ ਇੱਥੇ ਤਕ ਪਹੁੰਚੇ, ਇੱਥੇ ਫੇਰ ਗਿਰਝਾਂ ਟੱਕਰ ਗਈਆਂ। ਮੈਂ ਤੇ ਅਸ਼ੋਕ ਇੱਕ ਦੂਜੇ ਵੱਲ ਇਵੇਂ ਵੇਖ ਰਹੇ ਸੀ ਜਿਵੇਂ ਝਾੜ ਵਿੱਚ ਫਸੀ ਬਿਲਬਤੌਰੀ ਵੇਖ ਰਹੀ ਹੁੰਦੀ ਹੈ।
ਮੈਂ ਖਿੱਝਕੇ ਅਤੇ ਝੁੰਜਲਾਹਟ ਨਾਲ ਕਿਹਾ, “ਹਮ ਸੈਕੜੋਂ ਮੀਲ ਚੱਲ ਕਰ ਰਾਸ਼ਨ ਔਰ ਕੰਬਲ ਆਪ ਕੋ ਦੇਨੇ ਨਹੀਂ ਆਏ ਮੁਖੀਆ ਜੀ, ਸਮਾਨ ਤੋਂ ਹਮ ਖੁਦ ਹੀ ਬਾਂਟੇਂਗੇ। ਅਗਰ ਆਪ ਲੋਗੋਂ ਕੋ ਬੁਲਾਨੇ ਕਾ ਕਸ਼ਟ ਕਰੇਂਗੇ ਤੋਂ ਆਪ ਕੀ ਮੇਹਰਬਾਨੀ ਹੋਗੀ।”
ਆਪਣੇ ਛਕਣ-ਛਕਾਉਣ ਦੇ ਮਕਸਦ ਵਿੱਚ ਕਾਮਯਾਬ ਨਾ ਹੁੰਦਾ ਵੇਖਕੇ, ਉਨ੍ਹਾਂ ਵਿੱਚੋਂ ਕੁਝ ਇਨਸਾਨੀਅਤ ਦੇ ਗੁਣਾਂ ਵਾਲੇ ਇੱਕ ਸੱਜਣ ਨੇ ਕੋਲ ਫਿਰ ਰਹੇ ਕੁਝ ਹੋਰ ਬੰਦਿਆਂ ਨੂੰ ਲਾਗਲੇ ਪਿੰਡਾਂ ਵਿੱਚ ਸੁਨੇਹੇ ਲਾਉਣ ਲਈ ਕਹਿ ਦਿੱਤਾ। ਅੱਧੇ ਕੁ ਘੰਟੇ ਬਾਅਦ ਟਰੱਕ ਦੇ ਡਾਲੇ ਕੋਲ ਲੰਬੀ ਕਤਾਰ ਲੱਗ ਗਈ। ਅਸੀਂ ਆਪਣੇ ਹੱਥੀਂ ਸਭ ਨੂੰ ਸਮਾਨ ਵੰਡਣ ਲੱਗੇ।
ਪਿੰਡਾਂ ਦੇ ਮੁਖੀ/ਚੌਧਰੀ ਦੂਰ ਖੜ੍ਹੇ ਵਿਸ ਘੋਲ ਰਹੇ ਸਨ। ਪਰ ਲੋਕਾਂ ਦੇ ਚਿਹਰਿਆਂ ਉੱਪਰ ਇੱਕ ਖਾਸ ਕਿਸਮ ਦੀ ਖੁਸ਼ੀ ਅਤੇ ਸੰਤੁਸ਼ਟੀ ਝਲਕ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਨ੍ਹਾਂ ਕੋਲ ਕਿਸੇ ਕਿਸਮ ਦੀ ਮਦਦ ਪਹਿਲੀ ਵਾਰ ਪਹੁੰਚੀ ਹੋਵੇ। ਜਿਨ੍ਹਾਂ ਨੂੰ ਸਾਮਨ ਮਿਲ ਰਿਹਾ ਸੀ, ਉਹ ਪ੍ਰਮਾਤਮਾ/ਅੱਲਾ ਦੇ ਸ਼ੁਕਰਾਨੇ ਦੇ ਨਾਲ ਨਾਲ ਸਾਨੂੰ ਵੀ ਦੁਆਵਾਂ ਦਿੰਦੇ ਹੋਏ ਆਪੋ ਆਪਣੇ ਘਰਾਂ ਨੂੰ ਜਾ ਰਹੇ ਸਨ। ਮੁਖੀਆਂ/ਚੌਧਰੀਆਂ ਦੇ ਕੁਝ ਬੰਦੇ ਹੱਲਾ-ਗੁੱਲਾ ਵੀ ਕਰ ਰਹੇ ਸਨ। ਆਖ਼ਿਰ ਰਸਦ ਨੇ ਤਾਂ ਮੁੱਕਣਾ ਹੀ ਸੀ, ਮੁੱਕ ਗਈ। ਜਦ ਵਾਪਸ ਜਾਣ ਲਈ ਡਰਾਇਵਰ ਟਰੱਕ ਬੈਕ ਕਰਨ ਲੱਗਾ ਤਾਂ ਹੱਲਾ-ਗੁੱਲਾ ਕਰ ਰਹੇ ਉਨ੍ਹਾਂ ਬੰਦਿਆਂ ਨੇ ਸਾਡੀ ਵਿਦਾਇਗੀ ਗਾਲ੍ਹਾਂ ਕੱਢਕੇ ਤੇ ਸਾਡੇ ਉੱਪਰ ਪੱਥਰ ਮਾਰਕੇ ਕੀਤੀ। ਉਨ੍ਹਾਂ ਵੱਲੋਂ ਗੱਡੀ ਘੇਰਨ ਦੇ ਬਾਵਜੂਦ ਡਰਾਇਵਰ ਨੇ ਜਿਵੇਂ ਕਿਵੇਂ ਕਰਕੇ ਗੱਡੀ ਬੈਕ ਕਰਕੇ ਤੋਰ ਲਈ। ਕਾਫੀ ਦੂਰ ਤਕ ਗਾਲ੍ਹਾਂ ਅਤੇ ਪੱਥਰ ਸਾਡਾ ਪਿੱਛਾ ਕਰਦੇ ਰਹੇ। ਸਮਾਜ ਸੇਵਕਾਂ ਦੀ ‘ਸੇਵਾ’ ਇਸ ਤਰ੍ਹਾਂ ਹੋਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2161)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)