Sanjeevan7ਧੀਰ ਇੱਕ ਮੁਖੌਟਾ ਨਹੀਂਸਗੋਂ ਇੱਕ ਸਾਫ ਸਪਸ਼ਟ ...
(22 ਜੁਲਾਈ 2018)

 

DhirBookAB1


ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਵਲੋਂ ਆਪਣੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ ਨੂੰ 1974-1975 ਦੌਰਾਨ ਆਪਣੀ ਇੰਗਲੈਂਡ ਠਹਿਰ ਸਮੇਂ ਲਿਖੀਆਂ ਚਿੱਠੀਆਂ ਦੇ ਰੰਜੀਵਨ ਸਿੰਘ ਵਲੋਂ ਸੰਕਲਿਤ/ਸੰਪਾਦਿਤ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਦਾ ਲੋਕ-ਅਰਪਣ ਅੱਜ (ਐਤਵਾਰ 15 ਜੁਲਾਈ) ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਾਹਿਤਕਾਰਾਂ, ਕਲਾਕਾਰਾਂ, ਵਕੀਲਾਂ ਅਤੇ ਕਲਾ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਕੀਤਾ ਗਿਆ। ਤੀਹ ਦੇ ਕਰੀਬ ਚਿੱਠੀਆਂ ਦੇ ਇਸ ਸੰਕਲਣ ਵਿੱਚ ਸ਼੍ਰੀ ਧੀਰ ਵਲੋਂ ਉਸ ਸਮੇਂ ਦੇ ਸਾਹਿਤਕ, ਰਾਜਨੀਤਕ, ਸਮਾਜਿਕ ਅਤੇ ਘਰੋਗੀ ਵਰਣਨ ਦੇ ਨਾਲ ਨਾਲ ਉਹਨਾਂ ਦੀਆਂ ਸਮਕਾਲੀ ਸਾਹਿਤਕ ਸਖਸੀਅਤਾਂ ਤੇ ਦੋਸਤਾਂ ਮਿਤਰਾਂ ਬਾਰੇ ਬੜੀਆਂ ਹੀ ਰੌਚਕ ਅਤੇ ਬੇਬਾਕ ਟਿੱਪਣੀਆਂ ਇਹਨਾਂ ਚਿੱਠੀਆਂ ਵਿੱਚੋਂ ਝਲਕਦੀਆਂ ਹਨ।

ਨਿਜ਼ਾਮ ਦਾ ਪਾਜ ਉਧੇੜਦੀਆਂ ਹਨ ਧੀਰ ਦੀਆਂ ਚਿੱਠੀਆਂ: ਸੁਰਜੀਤ ਪਾਤਰ

ਉੱਘੇ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸ਼੍ਰੀ ਧੀਰ ਇਨਸਾਨੀਅਤ ਦਾ ਇੱਕ ਮੁਜੱਸਮਾ ਸਨ। ਉਹਨਾਂ ਦੀਆਂ ਚਿੱਠੀਆਂ ਸਾਡੇ ਨਿਜ਼ਾਮ ਦਾ ਪਾਜ ਉਧੇੜਦੀਆਂ ਹਨ ਕਿ ਇੱਕ ਸਥਾਪਿਤ ਅਤੇ ਕੁੱਲ ਵਕਤੀ ਲੇਖਕ ਨੂੰ ਆਪਣੇ ਪਰਿਵਾਰ ਦਾ ਗੁਜ਼ਰ ਕਰਨਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਧੀਰ ਇੱਕ ਮੁਖੌਟਾ ਨਹੀਂ, ਸਗੋਂ ਇੱਕ ਸਾਫ ਸਪਸ਼ਟ ਚਿਹਰਾ ਸੀ। ਉਹਨਾਂ ਕਿਹਾ ਕਿ ਜੇ ਉਹ ਚਿੱਤਰਕਾਰ ਹੁੰਦੇ ਤਾਂ ਧੀਰ ਦੀ ਅਣਖ ਦੀ ਪ੍ਰਤੀਕ ਉਸਦੀ ਖੜ੍ਹੀ ਉਂਗਲ ਨੂੰ ਇੱਕ ਲਾਟ ਵਾਂਗ ਚਿੱਤਰਦੇ।

ਸੰਤੋਖ ਸਿੰਘ ਧੀਰ - ਇਕ ਵਿਅਕਤਿਤਵ” ਵਿਸ਼ੇ ਉੱਪਰ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੀ ਧੀਰ ਇੱਕ ਪ੍ਰਤੀਬੱਧ ਲੇਖਕ ਸਨ ਜਿਨ੍ਹਾਂ ਪੰਜਾਬੀ ਸਾਹਿਤ ਨੂੰ ਸਵੇਰ ਹੋਣ ਤੱਕ, ਕੋਈ ਇੱਕ ਸਵਾਰ ਅਤੇ ਇੱਕ ਸਧਾਰਨ ਆਦਮੀ ਵਰਗੀਆਂ ਸ਼ਾਹਕਾਰ ਕਹਾਣੀਆਂ, ਨਾਵਲ ਯਾਦਗਾਰ ਅਤੇ ਕਵਿਤਾ ਨਿੱਕੀ ਸਲੇਟੀ ਸੜਕ ਦਾ ਟੋਟਾ ਦਿੱਤੀ। ਜੀਵਨ ਭਰ ਹੰਢਾਈ ਕੰਗਾਲੀ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਸ਼੍ਰੀ ਧੀਰ ਨੇ ਸਾਹਿਤ ਰਚਨਾ ਕਰਦਿਆਂ ਕਦੇ ਵੀ ਸੱਚ ਦਾ ਪੱਲਾ ਨਾ ਛੱਡਿਆ ਅਤੇ ਆਪਣੀ ਕਲਮ ਰਾਹੀਂ ਸਮਾਜ ਦੇ ਦੱਬੇ ਕੁਚਲੇ ਅਤੇ ਅਣਗੌਲੇ ਵਰਗ ਨੂੰ ਜ਼ੁਬਾਨ ਦਿੱਤੀ। ਇਸ ਮੌਕੇ ਸ਼੍ਰੀ ਧੀਰ ਦੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ, ਜਿਨ੍ਹਾਂ ਨੂੰ ਸ਼੍ਰੀ ਧੀਰ ਦਿਆਂ ਉਪਰੋਕਤ ਚਿੱਠੀਆਂ ਸੰਬੋਧਤ ਸਨ, ਨੇ ਕਿਹਾ ਕਿ ਉਹਨਾਂ ਦਾ ਆਪਣੇ ਵੱਡੇ ਵੀਰ ਨਾਲ ਕੇਵਲ ਭਰਾ ਵਾਲਾ ਹੀ ਰਿਸ਼ਤਾ ਨਹੀਂ ਸੀ, ਸਗੋਂ ਉਹ ਉਸਦੇ ਉਮਰ ਭਰ ਮਾਰਗ ਦਰਸ਼ਕ ਵੀ ਰਹੇ।

ਸ਼੍ਰੀ ਸ਼ਾਮ ਸਿੰਘ ਅੰਗ-ਸੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹਨਾਂ ਚਿੱਠੀਆਂ ਵਿੱਚ ਧੀਰ ਆਪਣੇ ਵੱਡੇ ਹੋਣ ਦੇ ਰੁਤਬੇ ਦੀ ਵਰਤੋਂ ਕਰਦਿਆਂ ਛੋਟੇ ਭਰਾ ਰੂਪ ਨੂੰ ਜੀਵਨ ਦੇ ਮਨੋਰਥ ਤੋਂ ਵੀ ਜਾਣੂ ਕਰਵਾਉਣ ਦਾ ਜਤਨ ਕਰਦਾ ਹੈ ਅਤੇ ਸੇਧਾਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਹਨਾਂ ਕਿਹਾ ਕਿ ਧੀਰ ਉਹਨਾਂ ਚੰਦ ਲੇਖਕਾਂ ਵਿੱਚੋਂ ਸੀ ਜੋ ਸਮਾਜ ਨੂੰ ਬਦਲਣ ਦੀ ਲੋਚਾ ਅਤੇ ਯਤਨ ਕਰਦਾ ਹੈ, ਸਮਾਜ ਮੁਤਾਬਿਕ ਨਹੀਂ ਬਦਲਦਾ।

ਇਸ ਜੋੜੀ ਨੂੰ ਸਾਹਿਤਕ ਅਤੇ ਸਮਾਜਿਕ ਜੀਵਨ ਵਿੱਚ ਰਾਮ-ਲਛਮਣ ਦੀ ਜੋੜੀ ਆਖਣਾ ਵਾਜਿਬ ਹੋਵੇਗਾ: ਡਾ. ਧਨਵੰਤ ਕੌਰ

ਡਾ. ਧਨਵੰਤ ਕੌਰ, ਸਾਬਕਾ ਡੀਨ (ਭਾਸ਼ਾਵਾਂ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਮੌਕੇ ਬੋਲਦਿਆਂ ਕਿਹਾ ਸ਼੍ਰੀ ਧੀਰ ਦੀਆਂ ਚਿੱਠੀਆਂ ਵਿੱਚੋਂ ਆਪਣੇ ਛੋਟੇ ਭਰਾ ਪ੍ਰਤੀ ਅਥਾਹ ਵਿਸ਼ਵਾਸ ਝਲਕਦਾ ਹੈ ਅਤੇ ਇਸ ਜੋੜੀ ਨੂੰ ਸਾਹਿਤਕ ਅਤੇ ਸਮਾਜਿਕ ਜੀਵਨ ਵਿੱਚ ਰਾਮ-ਲਛਮਣ ਦੀ ਜੋੜੀ ਆਖਣਾ ਵਾਜਿਬ ਹੋਵੇਗਾ। ਉਹਨਾਂ ਕਿਹਾ ਕਿ ਇਹ ਡੂੰਘੀ ਤਸੱਲੀ ਅਤੇ ਖੁਸ਼ੀ ਦੀ ਗੱਲ ਹੈ ਕਿ ਧੀਰ ਪਰਿਵਾਰ ਦੇ ਮੈਂਬਰਾਂ ਨੇ ਸ਼੍ਰੀ ਧੀਰ ਦੀਆਂ ਕਦਰਾਂ ਕੀਮਤਾਂ ਦੀ ਭਰਪੂਰ ਵਿਰਾਸਤ ਨੂੰ ਪੁਸਤਕ ਰੂਪ ਵਿੱਚ ਸੰਭਾਲਿਆ ਹੈ।

ਇਸ ਮੌਕੇ ਸ਼ਾਇਰ ਸ਼ਿਵ ਨਾਥ ਅਤੇ ਸ਼ਾਇਰਾ ਕੋਮਲ (ਡੁਬਈ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਦਾ ਸੰਚਾਲਣ ਨਿੰਦਰ ਘੁਗਿਆਣਵੀ ਨੇ ਬਹੁਤ ਹੀ ਭਾਵ ਪੂਰਤ ਤਰੀਕੇ ਨਾਲ ਕੀਤਾ। ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਸ਼੍ਰੀ ਧੀਰ ਨਾਲ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕਰਦਿਆਂ ਸਭ ਦਾ ਧੰਨਵਾਦ ਕੀਤਾ। ਇਸ ਪੁਸਤਕ ਦੇ ਲੋਕ ਅਰਪਣ ਮੌਕੇ ਕਿਤਾਬਾਂ ਦੀ ਭਰਪੂਰ ਵਿੱਕਰੀ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਗੋਬਿੰਦ ਠੁਕਰਾਲ, ਡਾ. ਸੁਖਦੇਵ ਸਿਰਸਾ, ਚਰਨਜੀਤ ਬਰਾੜ (ਸਾਬਕਾ ਓ. ਐੱਸ. ਡੀ. ਡਿਪਟੀ ਮੁੱਖ ਮੰਤਰੀ), ਲਖਵਿੰਦਰ ਕੌਰ ਗਰਚਾ (ਸਾਬਕਾ ਓ. ਐੱਸ. ਡੀ. ਮੁੱਖ ਮੰਤਰੀ), ਨਾਟਕਕਾਰ ਕੇਵਲ ਧਾਲੀਵਾਲ, ਨਿਰਮਲ ਜੌੜਾ, ਪ੍ਰੀਤਮ ਰੁਪਾਲ, ਸਾਹਿਬ ਸਿੰਘ, ਲਾਭ ਸਿੰਘ ਖੀਵਾ, ਕੌਂਸਲਰ ਕੁਲਜੀਤ ਬੇਦੀ ਤੇ ਸਤਵੀਰ ਧਨੋਆ, ਪਤਰਕਾਰ ਹਰਜੀਤ ਬਾਜਵਾ (ਟੋਰੌਂਟੋ), ਕਸ਼ਮੀਰ ਕੌਰ ਸੰਧੂ, ਮਲਕੀਤ ਬਸਰਾ, ਸਰਦਾਰਾ ਸਿੰਘ ਚੀਮਾ, ਮਨਮੋਹਨ ਦਾਊਂ, ਗੁਰਨਾਮ ਕੰਵਰ, ਡੀ. ਐੱਸ. ਚਹਿਲ, ਬਾਬੂ ਰਾਮ ਦਿਵਾਨਾ ਅਤੇ ਇੰਸਪੈਕਟਰ ਦਿਲਸ਼ੇਰ ਸਿੰਘ ਆਦਿ ਹਾਜ਼ਰ ਸਨ।

*****

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author