Sanjeevan7“ਇਪਟਾ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਕਦੇ ਵੀ ਇਸਦਾ ਰਾਹ ਸੁਖਾਲਾ ਨਹੀਂ ਰਿਹਾ। ਹੁਣ ਵੀ ...”
(25 ਮਈ 2021)

 

ਅੱਜ ਇਪਟਾ ਦੇ ਸਥਾਪਨਾ ਦਿਵਸ ਮੌਕੇ

ਕਲਾ ਦੀ ਕਿਸੇ ਇੱਕ ਵਿਧਾ (ਚਾਹੇ ਸਾਹਿਤ ਹੋਵੇ, ਰੰਗਮੰਚ ਹੋਵੇ, ਚਾਹੇ ਗੀਤ/ਸੰਗੀਤ, ਨ੍ਰਿਤ, ਚਿੱਤਰਕਾਰੀ, ਤੇ ਚਾਹੇ ਬੁੱਤਤਰਾਸ਼ੀ ਹੋਵੇ) ਦੀ ਬਿਹਤਰੀ ਲਈ ਇੱਕ ਤੋਂ ਵੱਧ ਸੰਸਥਾਵਾਂ ਸੁਣਨ/ਪੜਣਨ ਨੂੰ ਮਿਲ ਜਾਂਦੀਆਂ ਹਨ। ਪਰ ਕਲਾ ਦੀਆਂ ਇੱਕ ਤੋਂ ਵੱਧ ਵਿਧਾਵਾਂ ਦੀ ਤੱਰਕੀ ਤੇ ਬਿਹਤਰੀ ਅਤੇ ਸਮਾਜਿਕ ਸਰੋਕਾਰਾਂ ਲਈ ਚਿੰਤਤ ਤੇ ਪ੍ਰਤੀਬੱਧ ਸੰਸਥਾਵਾਂ ਪੋਟਿਆਂ ’ਤੇ ਗਿਣਨ ਜੋਗੀਆਂ ਹੀ ਹਨ, ਜਿਹੜੀਆਂ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਵੀ ਹੋਣ, ਰੰਗਮੰਚ, ਗੀਤ/ਸੰਗੀਤ/ਨ੍ਰਿਤ ਦੀ ਗੱਲ ਵੀ ਕਰਦੀਆਂ ਹੋਣ ਅਤੇ ਸਮਾਜਿਕ ਮਸਲੇ/ਸਰੋਕਾਰ ਵੀ ਛੋਹੰਦੀਆਂ ਹੋਣ।

ਅਜਿਹੀ ਇੱਕ ਸੰਸਥਾ ਹੈ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ) ਜੋ 78 ਸਾਲ ਪਹਿਲਾਂ ਹੋਂਦ ਵਿੱਚ ਆਈ, ਜਿਸਦਾ ਨਾਂ ਸੁਝਾਇਆ ਸੀ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਅਤੇ ਲੋਗੋ ਤਿਆਰ ਕੀਤਾ ਸੀ ਮਸ਼ਹੂਰ ਚਿੱਤਰਕਾਰ ਚਿੱਤ ਪ੍ਰਸ਼ਾਦ ਨੇ। ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ਇਪਟਾ ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐੱਚ. ਐੱਮ. ਜੋਸ਼ੀ ਨੇ ਕੀਤੀ ਅਤੇ ਪਹਿਲੇ ਪ੍ਰਧਾਨ ਵੀ ਐੱਚ. ਐੱਮ. ਜੋਸ਼ੀ ਥਾਪੇ ਗਏ। ਇਪਟਾ ਦੇ ਪਹਿਲੇ ਮੀਤ ਪ੍ਰਧਾਨ ਅਨਿਲ ਡੀ. ਸਿਲਵਾ ਸਨ। ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ‘ਕਲਾ ਕਲਾ ਨਹੀਂ ਬਲਕਿ ਲੋਕਾਂ ਲਈ ਹੈ।’ ਇਪਟਾ ਕੇਵਲ ਇੱਕ ਸੰਸਥਾ/ਸੰਗਠਨ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ, ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿੱਚ ਦੇਸ਼ ਭਰ ਵਿੱਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਪਟਾ ਦੇ ਸਿਧਾਂਤ ਮੁਤਾਬਿਕ ਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ। ਜਿਹੜੀ ਕਲਾ ਚਾਹੇ ਉਹ ਸਾਹਿਤ ਹੋਵੇ, ਰੰਗਮੰਚ ਹੋਵੇ, ਗੀਤ/ਸੰਗੀਤ ਹੋਵੇ, ਫਿਲਮ ਹੋਵੇ ਜਾਂ ਕੋਈ ਹੋਰ) ਲੋਕ-ਮਸਲਿਆਂ ਦੀ ਬਾਤ ਨਹੀਂ ਪਾਉਂਦੀ, ਉਹ ਕਲਾ ਦੀ ਸ਼੍ਰੇਣੀ ਵਿੱਚ ਹਰਗ਼ਿਜ਼ ਵੀ ਸ਼ੁਮਾਰ ਨਹੀਂ ਹੋ ਸਕਦੀ।

ਕਲਾ ਦੀ ਦੁਨੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮੰਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ, ਭੁਪੇਨ ਹਜ਼ਾਰੀਕਾ, ਹਬੀਬ ਤਨਵੀਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜਰੂਹ ਸੁਲਤਾਨਪੁਰੀ, ਸਾਗਰ ਸਰਹੱਦੀ, ਸ਼ਬਾਨਾ ਆਜ਼ਮੀ, ਨਰਿੰਦਰ ਸ਼ਰਮਾ, ਖਵਾਜ਼ਾ ਅਹਿਮਦ ਅਬਾਸ, ਅਲੀ ਸਰਦਾਰ ਜ਼ਾਫ਼ਰੀ, ਸਲੀਲ ਚੌਧਰੀ, ਮਖ਼ਦੂਮ, ਮਹਮੂੰਦ ਦੀਨ, ਐੱਮ.ਐੱਸ. ਸਥਯੂ, ਜਾਵੇਦ ਸਦੀਕੀ, ਹਿਮਾਸ਼ੂੰ ਰਾਏ, ਸ਼ੰਭੂ ਮਿੱਤਰਾ ਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ- ਜਿਨ੍ਹਾਂ ਨੇ ਭਾਰਤੀ ਫਿਲਮਾਂ, ਰੰਗਮੰਚ, ਗੀਤ/ਸੰਗੀਤ ਅਤੇ ਨ੍ਰਿਤ ਵਿੱਚ ਆਪਣਾ ਨਿੱਗਰ ਤੇ ਜ਼ਿਕਰਯੋਗ ਹਿੱਸਾ ਪਾਇਆ।

ਇਪਟਾ ਕੇਵਲ ਫਨਕਾਰਾਂ/ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਸ਼ਖਸ ਦਾ ਮੰਚ ਬਣਿਆ, ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਹਾਮੀ ਹੋ ਨਿੱਬੜਿਆ। ਭਾਵੇਂ ਬੰਗਾਲ ਦਾ ਹਿਰਦਾ-ਹਿਲਾਊ ਕਾਲ ਹੋਵੇ ਜਾਂ ਅਜ਼ਾਦੀ ਦੀ ਲੜਾਈ, ਇਪਟਾ ਦੇ ਕਾਰਕੁਨਾਂ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਇਪਟਾ ਨੇ ਨਾ ਸਿਰਫ਼ ਵਿਦੇਸ਼ੀ ਹਾਕਿਮ ਦੇ ਜ਼ੁਲਮ ਝੱਲੇ, ਸਗੋਂ ਅਜ਼ਾਦੀ ਤੋਂ ਬਾਅਦ ਦੇਸੀ ਹਾਕਿਮ ਦੇ ਤਸ਼ੱਦਦ ਅਤੇ ਅੱਤਿਆਚਾਰ ਸਹਿਣ ਦੇ ਬਾਵਜੂਦ ਵੀ ਲੋਕ-ਪੱਖੀ ਅਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਦੀ ਧੂਣੀ ਮਘਾਈ ਤੇ ਭਖਾਈ ਰੱਖੀ।

ਬਿਜੋਨ ਭੱਟਾਚਾਰੀਆ ਦੁਆਰਾ ਲਿਖਿਆ ਗਿਆ ‘ਨਾਬਾਨ’ ਇਪਟਾ ਦਾ ਪਹਿਲਾ ਵੱਡਾ ਨਾਟਕ ਸੀ। ਇਸ ਨਾਟਕ ਦਾ ਨਿਰਦੇਸ਼ਨ ਬਿਜੋਨ ਭੱਟਾਚਾਰੀਆ ਅਤੇ ਵਿਨੈ ਰਾਏ ਦੁਆਰਾ ਕੀਤਾ ਗਿਆ ਸੀ। ਬੰਗਾਲ ਵਿੱਚ ਪਏ ਕਾਲ ਦੌਰਾਨ ਪੀੜਤਾਂ ਦੀ ਮਦਦ ਲਈ ਇਸ ਨਾਟਕ ਦੇ ਸੈਂਕੜੇ ਸ਼ੋਅ ਪੂਰੇ ਦੇਸ਼ ਵਿੱਚ ਹੋਏ। ਨਾਟਕ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਰੁਪਇਆਂ ਤੋਂ ਇਲਾਵਾ ਸੋਨੇ ਦੇ ਗਹਿਣੇ ਅਤੇ ਹੋਰ ਸਮੱਗਰੀ ਬੰਗਾਲ ਦੇ ਕਾਲ ਪੀੜਤਾਂ ਦੀ ਮਦਦ ਲਈ ਲੋਕਾਂ ਨੇ ਦਿੱਤੀ। ਬਿਜੋਨ ਭੱਟਾਚਾਰੀਆ ਨੇ ‘ਅਗਨ’, ‘ਜਾਬਬੰਦੀ’, ‘ਦੇਵੀ ਜਾਗਰਣ’, ‘ਗੋਤਰਾਂਤਰ’ ਵਰਗੇ ਅਨੇਕਾਂ ਨਾਟਕ ਲਿਖਕੇ ਨਿਰਦੇਸ਼ਿਤ ਵੀ ਕੀਤੇ ਅਤੇ ਅਦਾਕਾਰੀ ਵੀ। ਇਪਟਾ ਦੇ ਸ਼ੁਰੂਆਤੀ ਸਾਲਾਂ ਵਿੱਚ ਖ਼ਵਾਜਾ ਅਹਿਮਦ ਅੱਬਾਸ ਮੁੱਖ ਨਾਟਕਕਾਰ ਸਨ, ਜਿਨ੍ਹਾਂ ਨੇ ਨਾਟਕ ‘ਜ਼ੁਬੈਦਾ’ ਲਿਖਿਆ ਅਤੇ ਨਿਰਦੇਸ਼ਤ ਕੀਤਾ। ਇਸ ਵਿੱਚ ਬਲਰਾਜ ਸਾਹਨੀ ਨੇ ਵੀ ਅਦਾਕਾਰੀ ਕੀਤੀ।

ਇਸੇ ਤਰ੍ਹਾਂ ਨਾਟਕਕਾਰ ਡਾ. ਰਾਸ਼ਿਦ ਜਹਾਂ ਨੇ ‘ਪਰਦੇ ਕੇ ਪੀਛੇ’ ਲਿਖਿਆ ਸੀ ਜੋ ਮੁਸਲਿਮ ਮੂਲਵਾਦ ਦੀ ਗੱਲ ਕਰਦਾ ਸੀ। ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਰਿਤਿਕ ਗੱਤਕ ਨੇ ਨਾਟਕ ‘ਕਾਲੋ ਸਯਾਰ’ ਅਤੇ ‘ਜਵਾਲਾ’ ਲਿਖੇ ਅਤੇ ਨਿਰਦੇਸ਼ਤ ਕੀਤੇ। ਮਲਿਆਲਮ ਨਾਟਕਕਾਰ ਅਤੇ ਨਿਰਦੇਸ਼ਕ ਥੋਪੀਲ ਬਾਸੀ ਨੇ ਚਰਚਿਤ ਨਾਟਕ ‘ਤੁਸੀਂ ਮੈਂਨੂੰ ਕਮਿਊਨਿਸਟ ਬਣਾਇਆ’ ਲਿਖਿਆ, ਜਿਸਦੇ ਹਜ਼ਾਰ ਤੋਂ ਵੱਧ ਵਾਰ ਮੰਚਣ ਕੀਤੇ ਗਏ, ਜੋ ਅਜੇ ਵੀ ਚੱਲ ਰਹੇ ਹਨ। ਬਲਰਾਜ ਸਾਹਨੀ ਦਾ ਨਾਟਕ “ਜਾਦੂ ਕੀ ਕੁਰਸੀ” ਭੀਸ਼ਮ ਸਾਹਨੀ ਦੇ ਨਾਟਕਾਂ ‘ਕਬੀਰਾ ਖੜ੍ਹਾ ਬਾਜ਼ਾਰ ਮੇ’, ‘ਮਾਧਵੀ’, ‘ਮੁਵੇਜ਼’, ‘ਹਨੂਸ਼’ ਦੇ ਵੀ ਵਾਰ-ਵਾਰ ਮੰਚਨ ਹੋਏ।

ਸਾਗਰ ਸਰਹੱਦੀ ਨੇ ਨਾਟਕ ਲਿਖੇ ਵੀ ਤੇ ਨਿਰਦੇਸ਼ਿਤ ਵੀ ਕੀਤੇ। ਉਨ੍ਹਾਂ ਦੇ ਪ੍ਰਸਿੱਧ ਨਾਟਕ ‘ਮੇਰੇ ਦੇਸ਼ ਕੇ ਗਾਓਂ’, ‘ਖ਼ਿਆਲ ਕੀ ਦਸਤਕ’, ‘ਮਸੀਹਾ’, ‘ਮਿਰਜ਼ਾ ਸਾਹਿਬਾ’, ‘ਭਗਤ ਸਿੰਘ ਕੀ ਵਾਪਸੀ’, ‘ਭੂਖੇ ਭਜਨ ਨਾ ਹੋਏ ਗੋਪਾਲਾ’, ਅਤੇ ‘ਰਾਜ ਦਰਬਾਰ’ ਦੇ ਅਨੇਕਾਂ ਮੰਚਣ ਕੀਤੇ। ਜਸਵੰਤ ਠੱਕਰ ਅਤੇ ਸ਼ਾਂਤਾ ਗਾਂਧੀ ਪ੍ਰਸਿੱਧ ਗੁਜਰਾਤੀ ਨਾਟਕਕਾਰ ਅਤੇ ਨਿਰਦੇਸ਼ਕ ਸਨ, ਜੋ ਗੁਜਰਾਤੀ ਨਾਟਕਾਂ ਵਿੱਚ ਨਵੀਨਤਾ ਅਤੇ ਅਧੁਨਿਕਤਾ ਲੈ ਕੇ ਆਏ। ਰਾਜੇਂਦਰ ਰਘੁਵੰਸ਼ੀ ਨੇ ਆਪਣੇ ਚਰਚਿਤ ਨਾਟਕ “ਆਸ਼ੂ “ ਰਾਹੀਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਤਕਰੀਬਨ ਪੰਜਾਹ ਨਾਟਕ ਲਿਖੇ ਅਤੇ ਨਿਰਦੇਸ਼ਿਤ ਕੀਤੇ।

ਪ੍ਰਸਿੱਧ ਹਿੰਦੀ ਲੇਖਕ ਅਮ੍ਰਿਤ ਲਾਲ ਨਾਗਰ ਨੇ ‘ਯੁਗਅਵਤਾਰ ’, ‘ਬਾਤ ਕੀ ਬਾਤ ’, ‘ਚੜ੍ਹਤ ਨਾ ਦੁਜੋ ਰੰਗ’ ਵਰਗੇ ਕਈ ਨਾਟਕ ਲਿਖੇ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦਾ ‘ਗੋਦਾਨ’ ਅਤੇ ‘ਈਦਗਾਹ’ ਵੀ ਨਿਰਦੇਸ਼ਿਤ ਕੀਤਾ। ਉਨ੍ਹਾਂ ਉੱਪਰ ‘ਈਦਗਾਹ’ ਲਈ ਇੱਕ ਕੇਸ ਵੀ ਦਾਇਰ ਹੋਇਆ। ਲਖਨਊ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਟਕੀ ਪ੍ਰਦਰਸ਼ਨ ਐਕਟ ਤਹਿਤ ਨਾਟਕਦੇ ਮੰਚਣ ’ਤੇ ਪਾਬੰਦੀ ਲਗਾਈ ਗਈ ਪਰ ਇਪਟਾ ਨੇ ਪਾਬੰਦੀ ਦਾ ਪ੍ਰਵਾਹ ਨਾ ਕਰਦੇ ਹੋਏ ਨਾਟਕ ਦਾ ਮੰਚਣ ਕੀਤਾ। ਆਖਿਰ ਹਾਈ ਕੋਰਟ ਵਿੱਚ ਪਾਬੰਦੀ ਵਿਰੁੱਧ ਕੇਸ ਜਿੱਤ ਲਿਆ। ਅਜੈ ਅਥਲੇ ਰਾਏਗੜ ਦੇ ਇੱਕ ਪ੍ਰਮੁੱਖ ਨਾਟਕਕਾਰ ਸਨ। ਜਿਨ੍ਹਾਂ ਕਈ ਨਾਟਕ ਲਿਖੇ ਤੇ ਨਿਰਦੇਸ਼ਿਤ ਕੀਤੇ। ਜੁਗਲ ਕਿਸ਼ੋਰ ਵੀ ਪ੍ਰਸਿੱਧ ਨਿਰਦੇਸ਼ਕ ਸਨ, ਜਿਨ੍ਹਾਂ ‘ਖੋਜਾਂ ਨਸੀਰੂਦੀਨ ’, ‘ਰਾਤ ’, ‘ਆਲਾ ਅਫਸਰ ’, ‘ਹੋਲੀ’ ਵਰਗੇ ਪ੍ਰਸਿੱਧ ਨਾਟਕ ਲਿਖੇ। ਜਾਵੇਦ ਅਖ਼ਤਰ ਆਪਣੇ ਨਾਟਕ ‘ਦੂਰ ਦੇਸ ਕੀ ਕਥਾ’ ਅਤੇ ਪੰਕਜ ਸੋਨੀ ‘ਤਿੱਤਲੀ ’, ‘ਜੌਹਰ’ ਰਾਹੀਂ ਚਰਚਾ ਵਿੱਚ ਰਹੇ। ਮਸ਼ਹੂਰ ਨਾਟਕਕਾਰ ਐੱਮ. ਐੱਸ. ਸਤਯੁ ਨੇ ਨਾਟਕ ‘ਬੱਕਰੀ ’, ‘ਮੋਟੇ ਰਾਮ ਕਾ ਸੱਤਿਆਗ੍ਰਹਿ ’, ‘ਗਿਰਜਾ ਕੇ ਸੁਪਨੇ’ ਸਮੇਤ ਕਈ ਨਾਟਕ ਲਿਖਕੇ ਮੰਚਿਤ ਕੀਤੇ।

ਇਪਟਾ ਦੇ ਮੌਜਦੂਾ ਰਾਸ਼ਟਰੀ ਪ੍ਰਧਾਨ ਅਤੇ ਚਰਚਿਤ ਨਾਟਕਕਾਰ ਡਾ. ਰਣਬੀਰ ਸਿੰਘ ‘ਰਾਮ ਲੀਲਾ ’, ‘ਤੈਮੂਰ ’, ‘ਪ੍ਰਾਰਥਨਾਚਿੱਤ ’, ‘ਗੱਤਰੀ ਬਾਈ ’, ‘ਪਰਦਾਫਾਸ਼ ’, ‘ਮੱਕੜ ਜਾਲ’ ਨਾਟਕ ਲਿਖਕੇ ਮੰਚਿਤ ਕੀਤੇ। ਤਨਵੀਰ ਅਖਤਰ ਇਪਟਾ ਦੇ ਰੰਗਕਰਮੀ ਹਨ। ਜਿਨ੍ਹਾਂ “ਕਬੀਰਾ ਖੜ੍ਹਾ ਬਾਜ਼ਾਰ ਮੇ, ਸੁਪਨਵਾ ਕਾ ਸੁਪਨਾ, ਮੁਝੇ ਕਾਹਨ ਲੇ ਆਓ ਹੋ ਕੋਲੰਬਸ, ‘ਮਾਈ ਬਿਹਾਰ ਹੂੰ’ ਰਾਹੀਂ ਭਾਰਤੀ ਰੰਗਮੰਚ ਦੇ ਖੇਤਰ ਵਿੱਚ ਆਪਣੀ ਭਰਵੀਂ ਸ਼ਮੂਲੀਅਤ ਕੀਤੀ। ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਨੇ ‘ਜਲ ’, ‘ਏ.ਪੀ’ ., ‘ਅਪਵਾਦ ਔਰ ਨਿਯਾਮ ’, ‘ਓਡੀਪਸ ’, ‘ਗੈਲੀਲੀਓ ’, ‘ਚਾਰਵਾਕ’ ਆਦਿ ਨਾਟਕਾਂ ਰਾਹੀਂ ਪ੍ਰਸਿੱਧੀ ਹਾਸਿਲ ਕੀਤੀ। ਇੱਕ ਹੋਰ ਮਹੱਤਵਪੂਰਨ ਨਾਟਕਰਮੀ ਪ੍ਰਦੀਪ ਘੋਸ਼ ਹਨ ਜਿਨ੍ਹਾਂ ‘ਸੰਝਾ ’, ‘ਕੈਂਪ-3 ’, ‘ਇੰਸਪੈਕਟਰ ਮਾਤਾ ਦੀਨ ਚਾਂਦ ਪਾਰ ’, ‘ਸਾਗਾ ਥਾਪਾ’ ਸਮੇਤ ਕਈ ਨਾਟਕ ਲਿਖੇ। ਇਨ੍ਹਾਂ ਤੋਂ ਇਲਾਵਾ ਰਾਜੇਸ਼ ਸ਼੍ਰੀਵਾਸਤਵ, ਮਿਨਹਾਜ ਅਸਦ, ਦਿਲੀਪ ਰਘੂਵੰਸ਼ੀ, ਪੀਯੂਸ਼ ਸਿੰਘ, ਮਨੀਸ਼ ਸ਼੍ਰੀਵਾਸਤਵ, ਉਪੇਂਦਰ ਮਿਸ਼ਰਾ, ਪ੍ਰੇਮ ਪ੍ਰਕਾਸ਼ ਵਰਗੇ ਹੋਰ ਵੀ ਅਨੇਕਾਂ ਨਾਟ-ਕਰਮੀ ਕਾਰਜਸ਼ੀਲ ਹਨ।

ਪੰਜਾਬ ਵਿੱਚ ਇਪਟਾ ਦਾ ਮੁੱਢ ਤੇਰਾ ਸਿੰਘ ਚੰਨ ਦੀ ਰਹਿਨੁਮਾਈ ਹੇਠ 1950 ਵਿੱਚ ਬੱਝਾ। ਇਸ ਸਭਿਆਚਾਰਕ ਟੋਲੀ ਵਿੱਚ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ, ਹਰਨਾਮ ਸਿੰਘ ਨਰੂਲਾ, ਸ਼ੀਲਾ ਦੀਦੀ, ਸ਼ੀਲਾ ਭਾਟੀਆ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਪ੍ਰੀਤਮਾ, ਨਰਿੰਦਰ ਕੌਰ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ, ਮੱਲ ਸਿੰਘ ਰਾਮਪੁਰੀ, ਰਜਿੰਦਰ ਭੋਗਲ, ਡਾ. ਹਰਸ਼ਰਨ ਸਿੰਘ, ਸੁਰਜੀਤ ਤੇ ਰਜਿੰਦਰ ਕੌਰ, ਆਸ਼ਾ, ਮਹਿੰਦਰ ਕੌਰ ਸ਼ਾਮਿਲ ਸਨ, ਨੀਤਾਸ਼ਾ ਸ਼ਾਮਿਲ ਸਨ।

ਇਸ ਸਭਿਆਚਾਰਕ ਟੋਲੀ ਨੇ ਤੇਰਾ ਸਿੰਘ ਚੰਨ ਰਚਿਤ ‘ਲੱਕੜ ਦੀ ਲੱਤ ’, ‘ਅਮਰ ਪੰਜਾਬ ’, ‘ਸਾਜ਼ਿਸ਼ ’, ‘ਨੀਲ ਦੀ ਸਹਿਜ਼ਾਦੀ,’ ‘ਆਖਰੀ ਪੜ੍ਹਾ ’, ‘ਕਾਗ ਸਮੇਂ ਦਾ ਬੋਲਿਆ ’। ਜਗਦੀਸ਼ ਫਰਿਆਦੀ ਦੇ ਲਿਖੇ ‘ਕਾਲ ’, ‘ਘੁੱਗੀ ਦੇ ਖੰਭਾਂ ਹੇਠ ’, ‘ਭੁੱਖੀ ਜਨਤਾ ’, ‘ਮਿਰਜ਼ਾ ਸਾਹਿਬਾਂ ’, ‘ਜੱਟੀ ਹੀਰ ’, ‘ਸੱਸੀ ਪੁਨੂੰ ’, ‘ਸ਼ੀਰੀ ਫਰਿਆਦ’ ਅਤੇ ਜੋਗਿੰਦਰ ਬਾਹਰਲਾ ਦੇ ‘ਹਾੜੀਆਂ ਸੌਣੀਆਂ ’, ‘ਸਾਹਿਬਾਂ ’, ‘ਜਿੰਦਾਂ ’, ‘ਰੰਬੀਆਂ ’, ‘ਬਣਜਾਰਾ ’, ‘ਸਧਰਾਂ ’, ‘ਖਿਚੋਤਾਣ ’, ‘ਸਮਝੌਤਾ ’, ‘ਟੈਸ ’, ‘ਕਾਤਲ ਕੌਣ ’, ‘ਧਰਤੀ ਦੇ ਬੋਲ ’, ‘ਚਿਣਗਾਂ ਦੀ ਮੁੱਠੀ’ ਆਦਿ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਦੀਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਮੰਚਣਾਂ/ਪੇਸ਼ਕਾਰੀਆਂ ਰਾਹੀਂ ਪੰਜਾਬੀ ਰੰਗਮੰਚ ਤੇ ਅਭਿਆਚਾਰ ਵਿੱਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣੀ ਪੇਸ਼ਕਾਰੀ ਕਰਨ ਜਾਂਦੀ। ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ। ਕਈ ਸ਼ਾਹਿਰਾਂ ਵਿੱਚ ਤਾਂ ਸਿਨੇਮੇ ਹਾਲ ਬੁੱਕ ਕਰਵਾ ਕੇ ਟਿਕਟਾਂ ਉੱਪਰ ਵੀ ਆਯੋਜਨ ਹੋਏ।

ਵੈਸੇ ਤਾਂ ਕਲਾ ਦੀ ਕਿਸੇ ਵਿਧਾ ਨਾਲ ਸਬੰਧ ਰੱਖਣ ਲਈ ਜੇ ਪ੍ਰੀਵਾਰ/ਖਾਨਦਾਨ ਵਿੱਚ ਕਿਸੇ ਇੱਕ ਨੂੰ ਆਗਿਆ ਮਿਲ ਜਾਵੇ ਤਾਂ ਗਨੀਮਤ ਸਮਝੀ ਜਾਂਦੀ ਹੈ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀਆਂ ਧੀਆਂ ਉਮਾ, ਉਰਮਿਲਾ ਤੇ ਪ੍ਰੀਤਮਾ ਨੂੰ, ਤੇਰਾ ਸਿੰਘ ਚੰਨ ਨੇ ਧੀ ਨੀਤਾਸ਼ਾ ਨੂੰ, ਨਵਤੇਜ ਸਿੰਘ ਦੀ ਪਤਨੀ ਮਹਿੰਦਰ ਕੌਰ, ਜਗਦੀਸ਼ ਫਰਿਆਦੀ ਨੇ ਆਪਣੀ ਪਤਨੀ ਆਸ਼ਾ, ਪੁੱਤਰ ਟੋਨੀ ਬਾਤਿਸ਼, ਪੋਤਰੇ ਰੂਪਕ, ਡਾ. ਹਰਸ਼ਰਨ ਸਿੰਘ ਨੇ ਆਪਣੀਆਂ ਭੈਣ ਸੁਰਜੀਤ ਤੇ ਰਜਿੰਦਰ ਕੌਰ ਨੂੰ ਵੀ ਆਪਣੇ ਨਾਲ ਬਿੱਖੜੇ ਰਾਹਾਂ ਦਾ ਰਾਹੀ ਬਣਾਇਆ।

ਇਪਟਾ ਦੀ ਟੋਲੀ ਨੇ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਨੂੰ ਪੰਜਾਬ ਦੇ ਪਿੰਡ-ਪਿੰਡ ਪਹੁੰਚਾਇਆਂ ਤੇ ਲੋਕਾਂ ਦੇ ਦਿੱਲਾਂ ਵਿੱਚ ਆਪਣੀ ਥਾਂ ਬਣਾਈ। ਉਸ ਸਮੇਂ ਪੰਜਾਬ ਦੇ ਮੁੱਖ-ਮੰਤਰੀ ਪ੍ਰਤਾਪ ਸਿੰਘ ਕੈਂਰੋ ਨੇ ਇਪਟਾ ਦੀ ਪੰਜਾਬ ਵਿੱਚ ਵਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਅਤੇ ਇਪਟਾ ਦੀਆਂ ਸਭਿਆਚਰਕ ਤੇ ਰੰਗਮੰਚੀ ਸਰਗਰਮੀਆਂ ਦੀ ਕਾਟ ਕਰਨ ਲਈ ਲੋਕ ਸੰਪਰਕ ਵਿਭਾਗ ਬਣਾਉਣ ਦਾ ਨਿਰਣਾ ਲਿਆ ਅਤੇ ਇਪਟਾ ਨੂੰ ਕਮਜ਼ੋਰ ਕਰਨ ਲਈ ਜੋਗਿੰਦਰ ਬਾਹਰਲਾ ਨੂੰ ਉਸ ਵਿਭਾਗ ਦਾ ਮੁਖੀ ਬਣਨ ਦੀ ਪੇਸ਼ਕਸ਼ ਕੀਤੀ ਪਰ ਜੋਗਿੰਦਰ ਬਾਹਰਲਾ ਨੇ ਸਰਕਾਰੀ ਅਧੀਨਗੀ ਕਬੂਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੈਰੋਂ ਸਾਹਿਬ ਨੇ ਤਲਖ਼ੀ ਨਾਲ ਕਿਹਾ, “ਤੁਸੀਂ ਮੁੱਖ ਮੰਤਰੀ ਨੂੰ ਇਨਕਾਰ ਕਰ ਰਹੇ ਹੋ।” ਜੋਗਿੰਦਰ ਬਾਹਰਲਾ ਨੇ ਕਿਹਾ, “ਕੈਰੋਂ ਸਾਹਿਬ ਜੇ ਤੁਸੀਂ ਪੰਜਾਬ ਦੇ ਮੁੱਖ-ਮੰਤਰੀ ਹੋ ਤਾਂ ਮੈਂ ਰੰਗਮੰਚ ਦਾ ਮੁੱਖ-ਮੰਤਰੀ ਹਾਂ।”

ਪੰਜਾਬ ਇਪਟਾ ਦੀ ਨਾਟ-ਟੋਲੀ ਵਿਸ਼ੇਸ਼ ਸੱਦੇ ਉੱਪਰ ਨਾਟਕ ‘ਹੀਰ ਰਾਂਝਾ’ ਦੇ ਮੰਚਣ ਲਈ ਬੰਬਈ ਗਈ। ਜਗਦੀਸ਼ ਫਰਿਆਦੀ ਕੈਦੋ ਦਾ ਰੋਲ ਕਰਦੇ ਸਨ। ਨਾਟਕ ਖਤਮ ਹੋਣ ਤੋਂ ਬਾਅਦ ਹਿੰਦੀ ਫਿਲਮਾਂ ਪ੍ਰਸਿੱਧ ਚਰਿੱਤਰ ਅਭਿਨੇਤਾ ਪ੍ਰਾਣ ਮੰਚ ਦੇ ਪਿੱਛੇ ਆਏ ਅਤੇ ਫਰਿਆਦੀ ਹੋਰਾਂ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਕੇ ਕਹਿਣ ਲੱਗੇ, “ਫਰਿਆਦੀ ਜੇ ਇਹ ਨਾਟਕ ਮੈਂ ਪਹਿਲਾਂ ਵੇਖਿਆ ਹੁੰਦਾ ਤਾਂ ਫਿਲਮ ‘ਹੀਰ ਰਾਂਝਾ’ ਵਿੱਚ ਮੈਂ ਕੈਦੋਂ ਦੇ ਕਿਰਦਾਰ ਨਾਲ ਹੋਰ ਵੀ ਇਨਸਾਫ ਕਰ ਸਕਦਾ ਸੀ।

ਇਪਟਾ ਦੀਆਂ ਗਤੀਵਿਧੀਆਂ ਦਾ ਗੜ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ, ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵਸੇ ਪ੍ਰੀਤ ਨਗਰ ਵਿਖੇ ਉਨ੍ਹਾਂ ਦੇ ਘਰ ਦੇ ਦਰ ਇਪਟਾ ਦੇ ਕਾਰਕੁਨਾਂ ਲਈ ਨਾਟਕੀ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਹਮੇਸ਼ਾ ਖੁੱਲ੍ਹੇ ਰਹਿੰਦੇ। ਇਪਟਾ ਦੀਆਂ ਰੰਗਮੰਚੀ ਤੇ ਸਭਿਆਚਰਾਕ ਸਰਗਰਮੀਆਂ ਤਕਰੀਬਨ ਤਿੰਨ ਦਹਾਕੇ ਲਗਾਤਾਰ ਚੱਲੀਆਂ ਪਰ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਇਸਦੀ ਰਫਤਾਰ ਕੁਝ ਮੱਠੀ ਹੋ ਗਈ।

ਇਪਟਾ ਦੇ ਸਿਧਾਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਡਾ. ਆਤਮਜੀਤ, ਦਵਿੰਦਰ ਦਮਨ, ਸਵਰਗੀ ਦਲਬੀਰ ਅਤੇ ਡਾ. ਸਤੀਸ਼ ਵਰਮਾ ਨੇ ਮੋਹਰਲੀਆਂ ਸਫਾਂ ਵਿੱਚ ਰਹਿ ਕੇ ਆਪਣੀਆਂ ਰੰਗਮੰਚੀ ਗਤੀਵਿਧੀਆਂ ਜ਼ਰੀਏ ਅਗਾਂਹ ਤੋਰਿਆ ਅਤੇ ਹੁਣ ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ) ਦੀ ਰਹਿਨੁਮਾਈ ਹੇਠ ਇਪਟਾ ਦੇ ਕਾਰਕੁਨ ਪੰਜਾਬ ਵਿੱਚ ਇਪਟਾ ਦੇ ਕਾਫ਼ਲੇ ਨੂੰ ਜਾਰੀ ਵੀ ਰੱਖ ਰਹੇ ਹਨ ਤੇ ਵਾਧਾ ਵੀ ਕਰ ਰਹੇ ਹਨ।

ਭਾਰਤ ਦੇ ਹਾਕਿਮ ਵੱਲੋਂ ਲਾਗੂ ਕੀਤੇ ਕਿਸਾਨ/ਇਨਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੋਂ ਉੱਠੇ ਤੇ ਦੇਸ਼ ਭਰ ਵਿੱਚ ਫੈਲ ਚੁੱਕੇ ਅੰਦੋਲਨ ਵਿੱਚ ਵੀ ਇਪਟਾ ਨੇ ਦੇਸ ਭਰ ਵਿੱਚ ਆਪਣੇ ਮੁੱਢਲੇ ਸਿਧਾਂਤ ‘ਕਲਾ ਲੋਕਾਂ ਲਈ’ ਮੁਤਾਬਿਕ ਕਿਸਾਨੀ ਮਸਲੇ ਉਭਾਰਦੇ ਨਾਟਕਾਂ, ਨੁਕੜ ਨਾਟਕਾਂ ਅਤੇ ਗਾਇਕੀ ਰਾਹੀਂ ਕਿਸਾਨ ਅੰਦੋਲਨਕਾਰੀਆਂ ਵਿੱਚ ਜੋਸ਼ ਭਰਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਹਰ ਸੱਦੇ ਉੱਤੇ ਪੰਜਾਬ ਸਮੇਤ ਇਪਟਾ ਦੇ ਦੇਸ ਭਰ ਦੇ ਕਾਰਕੁਨ ਸ਼ਿਰਕਤ ਕਰ ਰਹੇ ਹਨ।

ਇਪਟਾ ਦੀ ਸਮਝ ਹੈ ਕਿ ਇੱਕ ਈਸਟ ਇੰਡੀਆ ਕੰਪਨੀ ਦੀ ਜਕੜ ਤੇ ਪਕੜ ਤੋਂ ਖਹਿੜਾ ਛਡਵਾਉਣ ਲਈ ਦੋ ਸੌ ਸਾਲ ਲੱਗ ਗਏ, ਉਹ ਵੀ ਅਨੇਕਾਂ ਸੂਰਬੀਰਾਂ, ਦੇਸ਼ ਭਗਤਾਂ ਤੇ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ। ਹੁਣ ਜਿਸ ਹਿਸਾਬ ਨਾਲ ਹਾਕਿਮ ਦੀ ਸਹਿਮਤੀ ਤੇ ਹੱਲਾਸ਼ੇਰੀ ਨਾਲ ਅਤੇ ਦੇਸੀ ਕਾਰਪੋਰੇਟਾਂ ਰਾਹੀਂ ਵਿਦੇਸ਼ੀ ਕਾਰਪੋਰੇਟ ਸੈਕਟਰਾਂ ਦੀਆਂ ਧਾੜਾਂ ਦੀ ਧਾੜਾਂ ਆਪਣੇ ਮੁਲਕ ਵੱਲ ਤੁਰੀਆਂ ਆ ਰਹੀਆਂ ਹਨ, ਉਸ ਤੋਂ ਉਨ੍ਹਾਂ ਦਾ ਮਨਸੂਬਾ ਸਾਡੇ ਸਮਾਜਿਕ ਤਾਣੇ-ਬਾਣੇ, ਆਰਥਿਕਤਾ, ਵਿਰਸੇ, ਭਾਸ਼ਾ, ਅਭਿਆਚਾਰ ਨੂੰ ਤਹਿਸ-ਨਹਿਸ ਕਰਕੇ, ਸਾਨੂੰ ਸਦਾ ਲਈ ਆਪਣੀ ਜਕੜ ਵਿੱਚ ਜਕੜਣ ਦਾ ਲੱਗ ਰਿਹਾ ਹੈ।

ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਤੇ ਗੀਤਕਾਰੀ ਜਿਹੜੀ ਆਮ ਤੌਰ ’ਤੇ ਸਮਾਜ ਖਾਸ ਤੌਰ ’ਤੇ ਨੌਜੁਆਨੀ ਨੂੰ ਲੱਚਰ, ਹਿੰਸਕ ਅਤੇ ਨਸ਼ੇੜੀ ਬਣਾ ਕੇ ਉਨ੍ਹਾਂ ਨੂੰ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ ਕਰਕੇ ਸਾਡੇ ਨਿਰੋਏ ਤੇ ਅਮੀਰ ਵਿਰਸੇ ਤੇ ਅਭਿਆਚਾਰ ਨੂੰ ਤਬਾਹ ਕਰ ਰਹੀ ਹੈ, ਖ਼ਿਲਾਫ ਵੀ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਇਪਟਾ ਨੇ ਲਗਾਤਾਰ ਆਪਣੀ ਅਵਾਜ਼ ਬੁਲੰਦ ਕੀਤੀ ਹੋਈ ਹੈ। ਸਮੇਂ ਸਮੇਂ ਦੇਸ ਤੇ ਸੂਬੇ ਦੇ ਮੁੱਖੀਆਂ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਵੀ ਸੁਚੇਤ ਕੀਤਾ, ਰੋਸ-ਧਰਨੇ ਵੀ ਲਾਏ, ਸੈਮੀਨਾਰ ਵੀ ਕੀਤੇ।

ਇਸ ਗੰਭੀਰ ਤੇ ਸੰਵੇਨਸ਼ੀਲ ਮਸਲੇ ਬਾਰੇ ਇਪਟਾ ਦੀ ਸੋਚ ਹੈ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆਂ ਅਤੇ ਅਹਿਮ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਹਨ। ਇਨ੍ਹਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਘਾਲ ਸੁੱਟੀਏ, ਸਭ ਕੁਝ ਬੇਮਤਲਬ ਹੈ। ਕਿਉਂਕਿ ਮਾਨਿਸਕ ਤੌਰ ’ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁਝ ਅਰਥਹੀਣ ਹੈ।

ਕਹਿੰਦੇ ਨੇ ‘ਕਾਬੁਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਇਪਟਾ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਕਦੇ ਵੀ ਇਸਦਾ ਰਾਹ ਸੁਖਾਲਾ ਨਹੀਂ ਰਿਹਾ। ਹੁਣ ਵੀ ਨਵੀਆਂ ਦੁਸ਼ਵਾਰੀਆਂ ਤੇ ਦਿੱਕਤਾਂ ਨਾਲ ਦੋ-ਚਾਰ ਹੁੰਦੇ ਇਪਟਾ ਦੇ ਕਾਰਕੁਨ ਨਿਰੰਤਰ ਆਗਾਹ ਵੱਲ ਵਧ ਰਹੇ ਹਨ। ਇਪਟਾ ਦੇ ਅਸੂਲਾਂ ਅਤੇ ਸੋਚ ਉੱਪਰ ਪਹਿਰਾ ਦਿੰਦੇ ਹੋਏ ਇਸਦੇ ਤਮਾਮ ਕਾਰਕੁਨ ਆਪਣੀਆਂ ਰੰਗਮੰਚੀ ਤੇ ਲੋਕ-ਹਿਤੈਸ਼ੀ ਸਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਲਈ ਕਾਰਜਸ਼ੀਲ ਸਨ, ਕਾਰਜਸ਼ੀਲ ਹਨ ਤੇ ਕਾਰਜਸ਼ੀਲ ਰਹਿਣਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2805)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author