“ਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ, ਘਰੇ ਨਾ ਮਿਲਣਾ ..."
(24 ਜੂਨ 2021)
ਮੈਂ ਕਲਮਕਾਰੀ ਕਿਉਂ ਕਰਦਾ ਹਾਂ, ਮੈਂ ਬੁੱਤ-ਤਰਾਸ਼ੀ ਕਿਉਂ ਕਰਦਾ ਹਾਂ, ਮੈਂ ਚਿੱਤਰਕਾਰੀ ਕਿਉਂ ਕਰਦਾਂ ਹਾਂ, ਮੈਂ ਨਾਟਕ ਕਿਉਂ ਕਰਦਾ ਹਾਂ, ਇਨ੍ਹਾਂ ਸਵਾਲ ਦੇ ਜਵਾਬ ਦੇਣਾ ਉਨ੍ਹਾਂ ਹੀ ਮੁਸ਼ਕਿਲ ਹੈ ਜਿੰਨਾ, ਜੇ ਕੋਈ ਸੂਰਜ ਨੂੰ ਪੁੱਛੇ ਕਿ ਉਹ ਕਿਉਂ ਚਮਕਦਾ ਹੈ। ਕੋਈ ਚੰਦ ਨੂੰ ਪ੍ਰਸ਼ਨ ਕਰੇ, ਉਹ ਰਿਸ਼ਮਾਂ ਕਿਉਂ ਬਖੇਰਦਾ ਹੈ। ਫੁੱਲ ਨੂੰ ਸਵਾਲ ਕਰੇ ਉਹ ਮਹਿਕ ਕਿਉਂ ਵੰਡਦਾ ਹੈ।
ਫੇਰ ਵੀ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ, ਮੈਂ ਨਾਟਕ ਕਿਉਂ ਕਰਦਾ ਹਾਂ। ਇੱਕ ਤਾਂ ਬਹੁਤ ਹੀ ਆਮ ਅਤੇ ਸਧਾਰਣ ਜਿਹਾ ਹੈ ਜਵਾਬ ਹੈ, “ਮੈਂ ਨਾਟਕਾਂ ਰਾਹੀਂ ਸਮਾਜ ਵਿੱਚ ਤਬਦੀਲੀ ਲਿਆਉਣੀ ਚਾਹੁੰਦਾ ਹਾਂ। ਮੈਂ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਜ਼ਾਤ-ਪਾਤ, ਦਾਜ-ਦਹੇਜ, ਮਾਦਾ ਭਰੂਣ ਹੱਤਿਆ, ਨਸ਼ਿਆਂ ਆਦਿ ਦਾ ਫਸਤਾ ਵੱਢਣਾ ਚਾਹੁੰਦਾ ਹਾਂ, ਦੂਰ ਕਰਨਾ ਲੋਚਦਾ ਹਾਂ। ਮੈਂ ਨਾਟਕਾਂ ਰਾਹੀਂ ਸਮਾਜ ਵਿੱਚ ਦੱਬੇ-ਕੁਚਲੇ, ਲਤਾੜੇ ਅਤੇ ਸ਼ੋਸ਼ਤ ਵਰਗ ਦੀ ਹਾਲਤ ਵਿੱਚ ਤਬਦੀਲੀ ਲਿਆਉਣੀ ਚਾਹੁੰਦਾ ਹਾਂ, ਸੁਧਾਰ ਲਿਆਉਣ ਚਾਹੁੰਦਾ ਹਾਂ।”
ਬੇਸ਼ਕ ਮੇਰੇ ਨਾਟਕ ਕਰਨ ਦੇ ਇਹ ਸਭ ਕਾਰਣ ਤਾਂ ਹਨ ਹੀ ਪਰ ਮੇਰੇ ਨਾਟਕ ਕਰਨ ਦਾ ਭੇਦ ਅਤੇ ਇੱਕ ਕਾਰਣ ਇਹ ਹੈ ਕਿ ਮੈਂਨੂੰ ਨਾਟਕ ਕਰਨ ਤੋਂ ਇਲਾਵਾ ਹੋਰ ਕੁਝ ਕਰਨਾ ਆਉਂਦਾ ਹੀ ਨਹੀਂ। ਜੇ ਮੈਂ ਨਾਟਕ ਨਾ ਕਰ ਰਿਹਾ ਹੁੰਦਾ ਤਾਂ ਸ਼ਾਇਦ ਕੁਝ ਨਾ ਕਰ ਰਿਹਾ ਹੁੰਦਾ। ਜੋ ਕੁਝ ਨਹੀਂ ਕਰਦਾ ਉਸ ਨੂੰ ਵਿਹਲਾ ਕਿਹਾ ਜਾਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ। ਮੈਂ ਸ਼ਾਇਦ ਸ਼ੈਤਾਨ ਹੁੰਦਾ, ਮੈਂ ਸ਼ਾਇਦ ਵਿਗੜੈਲ ਹੁੰਦਾ, ਝਗੜੈਲ ਹੁੰਦਾ। ਵਿਗੜੈਲਾਂ, ਝਗੜੈਲਾਂ ਦੀ ਉਮਰ ਵੀ ਬਹੁਤੀ ਲੰਮੀ ਨਹੀਂ ਹੁੰਦੀ। ਮੈਂ ਵੀ ਸ਼ਾਇਦ ਕਤਲ ਕਰਕੇ ਜੇਲ ਵਿੱਚ ਹੁੰਦਾ ਜਾਂ ਖੁਦ ਕਤਲ ਹੋ ਗਿਆ ਹੁੰਦਾ।
ਦੂਜੇ, ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ ਅਤੇ ਡੈਡੀ ਰਿਪੁਦਮਨ ਸਿੰਘ ਰੂਪ ਨੇ ਪਹਿਲਾਂ ਹੀ ਸਾਹਿਤ ਦੀਆਂ ਹੋਰ ਵਿਧਾਵਾਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ’ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਲਈ ਮੇਰੇ ਕੋਲ ਨਾਟਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ।
ਤੀਸਰੇ, ਨਾਟਕ ਦਾ ਡੰਗ ਤਿੱਖਾ ਹੁੰਦਾ ਹੈ। ਇਸਦਾ ਅਸਰ ਸਾਹਿਤ ਦੀਆਂ ਹੋਰ ਵਿਧਾਵਾਂ ਤੋਂ ਵਧੇਰੇ ਹੁੰਦਾ ਹੈ। ਕਿਤਾਬ ਨੂੰ ਤਾਂ ਇੱਕ ਵੇਲੇ ਇੱਕ ਹੀ ਪਾਠਕ ਮਾਣ ਸਕਦਾ ਹੈ, ਅਸਰ ਕਬੂਲ ਸਕਦਾ ਹੈ ਪਰ ਨਾਟਕ ਨੂੰ ਸੈਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਜਾਂ ਅਣਗਿਣਤ ਦਰਸ਼ਕ ਦੇਖ ਸਕਦੇ ਹਨ, ਪ੍ਰਭਾਵ ਕਬੂਲ ਸਕਦੇ ਹਨ। ਇਹ ਵਿਚਾਰ ਮੇਰਾ ਨਹੀਂ, ਇਹ ਰਾਏ ਮਰਹੂਮ ਲੇਖਕ ਰਾਮ ਸਰੂਪ ਅਣਖੀ ਨੇ ਇੱਕ ਸਾਹਿਤਕ ਇਕੱਤਰਤਾ ਦੌਰਾਨ ਪ੍ਰਗਟ ਕੀਤੇ।
ਚੌਥੇ ਸਾਹਿਤਕ ਹਲਕੇ ਨਾਟਕ ਨੂੰ ਅਕਸਰ ਦੂਜੇ, ਤੀਜੇ, ਚੌਥੇ ਦਰਜੇ ਦੀ ਸਾਹਿਤਕ ਵਿਧਾ ਮੰਨਦੇ ਹਨ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ਲਿਖਣ ਲਈ ਕਾਗਜ਼, ਕਲਮ, ਬਹੁਤੀ ਗੱਲ ਇਕਾਂਤ ਲੋੜੀਂਦਾ ਹੈ। ਅਖ਼ਬਾਰ ਜਾਂ ਰਸਾਲੇ ਵਿੱਚ ਛਪੀ। ਕਿਤਾਬ ਛਪਵਾਈ, ਰਿਲੀਜ਼, ਗੋਸ਼ਟੀ, ਚੱਲ ਮੇਰੇ ਭਾਈ। ਖੇਲ ਖਤਮ, ਪੈਸਾ ਹਜ਼ਮ। ਪਰ ਨਾਟਕ ਲਿਖ ਕੇ ਸ਼ੁਰੂ ਹੁੰਦਾ ਹੈ ਦੁਸ਼ਵਾਰੀਆਂ ਦਾ ਦੌਰ, ਖਜੱਲ-ਖੁਆਰੀਆਂ ਦਾ ਦੌਰ, ਕਲਾਕਾਰਾਂ ਦੀ ਭਾਲ, ਰਿਹਰਸਲ ਲਈ ਥਾਂ ਦਾ ਇੰਤਜ਼ਾਮ, ਨਾਟਕ ਕਰਨ ਲਈ ਮੰਚ ਅਤੇ ਵਿੱਤੀ ਸਾਧਨਾਂ ਦਾ ਬੰਦੋਬਸਤ। ਗੱਲ ਇੱਥੇ ਹੀ ਨਹੀਂ ਮੁੱਕਦੀ, ਨਾਟਕ ਲਈ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦਾ ਉਪਰਾਲਾ ਵੀ ਕਰਨਾ ਪੈਂਦਾ ਹੈ। ਕਿਉਂਕਿ ਨਾਟਕ ਦੀ ਸਹੀ ਪਰਖ ਦਰਸ਼ਕ ਅਤੇ ਨਾਟ-ਆਲੋਚਕ ਹੀ ਕਰਦਾ ਹੈ। ਕਿਉਂਕਿ ਮੈਂ ਦੁਸ਼ਵਾਰੀਆਂ ਅਤੇ ਖੱਜਲ-ਖੁਆਰੀਆਂ ਦਾ ਸ਼ੌਕੀਨ ਬਚਪਨ ਤੋਂ ਹੀ ਰਿਹਾ ਹਾਂ, ਇਸ ਲਈ ਮੇਰਾ ਨਾਟਕ ਕਰਨ ਦਾ ਇੱਕ ਕਾਰਣ ਇਹ ਵੀ ਕਿਹਾ ਜਾ ਸਕਦਾ ਹੈ।
ਜਿੰਨਾ ਅਹਿਮ ਸਵਾਲ ਮੈਂ ਨਾਟਕ ਕਿਉਂ ਕਰਦਾ ਹਾਂ ਹੈ, ਉਨ੍ਹਾਂ ਹੀ ਮਹੱਤਵਪੂਰਣ ਪ੍ਰਸ਼ਨ ਹੈ ਮੈਂ ਨਾਟਕ ਕਿਵੇਂ ਕਰਨ ਲੱਗਿਆ? ਦੋਵੇਂ ਸਵਾਲ ਇੱਕ ਦੂਜੇ ਬਿਨਾਂ ਅਧੂਰੇ ਹਨ। ਮੈਂ ਕਿਸੇ ਵਿਉਂਤਬੰਦੀ ਨਾਲ ਨਾਟਕ ਕਰਨਾ ਸ਼ੁਰੂ ਨਹੀਂ ਕੀਤਾ। ਸਕੂਲ ਤੋਂ ਕਾਲਜ ਦਾਖਿਲ ਹੋ ਗਿਆ। ਕਾਲਜ ਦੇ ਚਾਰ ਸਾਲਾਂ ਵਿੱਚੋਂ ਪਹਿਲੇ ਤਿੰਨ ਸਾਲ ਤੋਰੇ-ਫੇਰੇ, ਮਟਰ ਗਸ਼ਤੀ, ਅਵਾਰਾਗਰਦੀ ਵਿੱਚ ਵਿੱਚ ਹੀ ਲੰਘ ਗਏ। ਅਖੀਰਲੇ ਸਾਲ (1981) ਖ਼ਿਆਲ ਆਇਆ, ਕਾਲਜ ਵਿੱਚ ਪੜ੍ਹਾਈ ਤੋਂ ਇਲਾਵਾ ਵੀ ਕੁਝ ਕਰੀਦਾ ਹੈ। ਹੁਣ ਸਵਾਲ ਪੈਦਾ ਹੋ ਗਿਆ ਕੀਤਾ ਕੀ ਜਾਵੇ? ਇੱਕ ਦਿਨ ਨੋਟਿਸ ਬੋਰਡ ’ਤੇ ਸੂਚਨਾ ਪੜ੍ਹੀ ਕਿ ਜਿਹੜੇ ਵਿਦਿਆਰਥੀ ਨਾਟਕ ਕਰਨਾ ਚਾਹੁੰਦੇ ਹਨ, ਉਹ ਫਲਾਣੀ ਤਾਰੀਖ ਨੂੰ, ਫਲਾਣੀ ਥਾਂ, ਫਲਾਣੇ ਪ੍ਰੋਫੈਸਰ ਨੂੰ ਮਿਲਣ। ਮੈਂ ਸੋਚਿਆ, ਆਹ ਠੀਕ ਐ। ਪੀਰੀਅਡ ਲਾਓਣ ਤੋਂ ਬਚ ਕੇ ਮਹੀਨਾ ਢੇਡ ਮਹੀਨਾ ਚਾਹ ਸਮੋਸੇ ਮੁਫਤ, ਸਭ ਤੋਂ ਬੜੀ ਗੱਲ ਕਿ ਨਾਲ ਕੁੜੀਆਂ ਵੀ ਹੋਣਗੀਆਂ। ਇੱਕ ਪੰਥ, ਕਈ ਕਾਜ। ਨਾਲੇ ਪੁੰਨ, ਨਾਲੇ ਫਲੀਆਂ।
ਬਚਪਨ ਵਿੱਚ ਰਾਮ ਲੀਲਾ ਦੇਖਣ ਦਾ ਸ਼ੌਕ ਸੀ। ਕਈ ਵਾਰ ਘਰ ਦੱਸ ਕੇ, ਕਈ ਵਾਰ ਸਰਹਾਣੇ ’ਤੇ ਚਾਦਰ ਪਾ ਕੇ ਜਾਣਾ। ਗੋਬਿੰਦਗੜ੍ਹ ਕਿਉਂਕਿ ਅਮੀਰ ਸ਼ਹਿਰ ਸੀ, ਇਸ ਲਈ ਰਾਮ ਲੀਲਾ ਦੇ ਕਲਾਕਾਰ ਮਥਰਾ ਤੋਂ ਸੱਦੇ ਜਾਂਦੇ। ਉਨ੍ਹਾਂ ਪਹਿਲਾਂ ਰਾਮ ਲੀਲਾ ਕਰਨੀ ਫੇਰ, ਕ੍ਰਿਸ਼ਨ ਲੀਲਾ। ਦੋ ਤਿੰਨ ਮਹੀਨੇ ਕਲਾਕਾਰਾਂ ਨੇ ਮੰਦਰ ਵਿੱਚ ਹੀ ਠਹਿਰਨਾ। ਦਿਨੇ ਰਹਿਰਸਲ ਕਰਨੀ। ਮੈਂ ਦਿਨ ਵੇਲੇ ਰਿਹਰਸਲ ਵੀ ਦੇਖਣ ਚਲੇ ਜਾਣਾ। ਕਈ ਵਾਰ ਉਨ੍ਹਾਂ ਸਾਨੂੰ ਜੁਆਕਾਂ ਨੂੰ ਬਾਹਰ ਕੱਢ ਕੇ ਅੰਦਰੋਂ ਕੁੰਡੀ ਮਾਰ ਲੈਣੀ। ਬਾਕੀਆਂ ਨੇ ਤਾਂ ਚਲੇ ਜਾਣਾ ਪਰ ਮੈਂ ਰਹਿਰਸਲ ਫੇਰ ਵੀ ਦੇਖਣੀ, ਵਿਰਲਾਂ ਥਾਣੀ। ਮੁਹਾਲੀ ਆ ਕੇ ਵੀ ਇਹ ਰਾਮ ਲੀਲਾ ਦੇਖਣ ਦਾ ਝੱਸ ਰਿਹਾ. ਸਗੋਂ ਸਟੇਜ ਦੇ ਪਿੱਛੇ ਵੀ ਜਾ ਵੜਨਾ। ਮੌਕਾ ਤਾੜ ਕੇ ਸਟੇਜ ਦਾ ਪਰਦਾ ਚੁੱਕ ਕੇ ਝਾਤੀ ਵੀ ਮਾਰ ਲੈਣੀ ਤਾਂਕਿ ਲੋਕ ਸਮਝਣ ਮੈਂ ਵੀ ਰਾਮ ਲੀਲਾ ਵਾਲਿਆਂ ਨਾਲ ਹਾਂ।
1990 ਵਿੱਚ ਟੈਗੋਰ ਥੀਏਟਰ ਇੱਕ ਕਲੱਬ ਬਣਾਕੇ ਕਰਵਾਏ ਸਭਿਆਚਾਰਕ ਸਮਾਗਮ ਦੌਰਾਨ ਬੇਤਾਹਾਸ਼ਾ ਭੀੜ ਵੱਲੋਂ ਹੋ-ਹੱਲਾ ਅਤੇ ਭੰਨ ਤੋੜ ਤੋਂ ਬਾਦ ਤਾਇਆ ਜੀ ਅਤੇ ਡੈਡੀ ਵੱਲੋਂ ਹੋਈ ਰਾਤ ਦੇ ਬਾਰਾਂ-ਇੱਕ ਵਜੇ ਤਕ ਕੁੱਤੇ ਹੋਈ ਖਾਣੀ ਨੇ ਮੈਂਨੂੰ ਮੁੜ ਨਾਟਕਾਂ ਵੱਲ ਮੋੜਿਆ। “ਜਦ ਤੂੰ ਇੰਨੇ ਵਧੀਆ ਨਾਟਕਾਂ ਵਿੱਚ ਰੋਲ ਕਰਦਾਂ, ਫੇਰ ਤੂੰ ਕਿਉਂਕਿ ਇਨ੍ਹਾਂ ਕੰਜਰਾਂ ਨੂੰ ਪੈਸੇ ’ਕਠੇ ਕਰ ਕਰ ਦਈ ਜਾਨੈ?”
ਨਾਟਕ ਬਾਬਤ ਮੇਰਾ ਉਦੋਂ ਤਕ ਇਹ ਵਿਚਾਰ ਸੀ ਕਿ ਨਾਟਕ ਕਰਨਾ ਬਹੁਤਾ ਖ਼ਰਚੀਲਾ ਨਹੀਂ ਹੁੰਦਾ। ਇੱਕ ਮੰਜਾ ਰੱਖਿਆ, ਪੀੜ੍ਹੀ ਰੱਖੀ, ਛੋਟੀ ਮੋਟੀ ਰਸੋਈ ਦਾ ਪ੍ਰਭਾਵ। ਬੱਸ ਹੋ ਗਿਆ ਨਾਟਕ। ਟੈਗੋਰ ਥੀਏਟਰ ਵਿੱਚ ਡਾ. ਆਤਮਜੀਤ ਦਾ ਨਾਟਕ ‘ਮੁੱਸਲੀ’ ਨਾਟਕ ਦੇਖਣ ਦਾ ਸਬੱਬ ਬਣਿਆ। ਨਾਟਕ ਦੇਖ ਕੇ ਤੈਅ ਕਰ ਲਿਆ, ਜੇ ਨਾਟਕ ਕਰੂੰਗਾ ਤਾਂ ਇਹੋ ਜਿਹਾ। ਨਾਟਕ ਵਿੱਚ ਰੌਸ਼ਨੀ ਪ੍ਰਭਾਵ, ਸੰਗੀਤ, ਸੈੱਟ, ਪਹਿਰਾਵਾ, ਸਭ ਕਮਾਲ।
ਨਾਟਕ ਕਰਨ ਲਈ ਇੱਕ ਨਾਟ-ਮੰਡਲੀ ਦੀ ਲੋੜ ਸੀ। 1991 ਵਿੱਚ ਸਰਘੀ ਕਲਾ ਕੇਂਦਰ ਬਣਾ ਲਿਆ। ਨਾਟਕ ਕਰਨ ਲਈ ਨਾਟਕ ਦੀ ਲੋੜ ਹੁੰਦੀ ਹੈ। ਕਹਾਣੀ ਚੁਣ ਲਈ ‘ਡੈਣ’, ਤਾਇਆ ਜੀ ਦੀ। ਕਹਾਣੀ ਨੂੰ ਨਾਟਕੀ ਰੂਪ ਦੇਣ ’ਤੇ ਕੰਮ ਖੜ੍ਹ ਗਿਆ। ਤਾਇਆ ਜੀ ਨੇ ਇੱਕ ਨਾਟ-ਕਰਮੀ ਦੀ ਦੱਸ ਪਾਈ। ਮੈਂ 1991 ਦੇ ਜਨਵਰੀ ਕਿ ਫਰਵਰੀ ਮਹੀਨੇ ਉਸ ਨਾਟ-ਕਰਮੀ ਨੂੰ ਮਿਲਣ ਚਲਾ ਗਿਆ। ਮੈਂ ਆਪਣੀ ਜਾਣ-ਪਹਿਚਾਣ ਸੰਤੋਖ ਸਿੰਘ ਧੀਰ ਦੇ ਭਤੀਜੇ ਵਜੋਂ ਕਰਵਾਈ। ਹੈ ਵੀ ਮੇਰੀ ਪਹਿਚਾਣ ਉਦੋਂ ਧੀਰ ਦਾ ਭਤੀਜਾ ਜਾਂ ਰੂਪ ਦਾ ਲੜਕਾ ਹੀ ਸੀ। ਚਾਹ ਪਾਣੀ ਦੌਰਾਨ ਮੈਂ ਆਪਣੇ ਆਉਣ ਦਾ ਮਕਸਦ ਦੱਸਿਆ। ਉਨ੍ਹਾਂ ਕਹਾਣੀ ਦੀ ਫੋਟੋ ਕਾਪੀ ਲੈ ਲਈ। ਮਹੀਨੇ ਦੋ ਮਹੀਨੇ ਤਕ ਕਹਾਣੀ “ਡੈਣ” ਦਾ ਨਾਟਕੀ ਰੂਪਾਂਤਰ ਤਿਆਰ ਹੋ ਜਾਣ ਦਾ ਵਾਅਦਾ ਕੀਤਾ। ਮੈਂ ਦੋ ਮਹੀਨੇ ਬਾਦ ਗਿਆ। ਉਨ੍ਹਾਂ ਮਹੀਨੇ ਬਾਦ ਆਉਣ ਲਈ ਕਿਹਾ। ਮਹੀਨੇ ਬਾਅਦ ਫਿਰ ਗਿਆ। ਫਿਰ ਉਨ੍ਹਾਂ ਪੰਦਰਾਂ ਦਿਨ ਬਾਦ ਆਉਣ ਨੂੰ ਕਿਹਾ। ਪੰਦਰਾਂ ਦਿਨ ਬਾਅਦ ਗਿਆ ਤਾਂ ਪੰਦਰਾਂ ਦਿਨ ਬਾਅਦ ਫੇਰ ਆਉਣ ਨੂੰ ਕਿਹਾ। ਕਰਦੇ ਕਰਦੇ ਨਾਟਕ ਦੇ ਮੰਚਣ ਦੀ ਤਾਰੀਖ ਨਜ਼ਦੀਕ ਆਉਣ ਲੱਗੀ। ਦੋ ਤਿੰਨ ਵਾਰ ਫੋਨ ਵੀ ਕੀਤੇ ਪਰ ਖੈਰ ਨਾ ਪਈ ਪੱਲੇ। ਮੈਂ ਸੋਚਿਆ, ਆਪੇ ਕਿਉਂ ਨਾ ਕਰਾਂ ਯਤਨ। ਪਰ ਲਿਖਾਂ ਕਿਵੇਂ, ਇਹੀ ਸਮਝ ਨਾ ਆਵੇ। ਸਮਝ ਆਵੇ ਕਿਵੇਂ ਜੇ ਪਹਿਲਾਂ ਕੁਝ ਲਿਖਿਆ ਹੋਵੇ ਤਾਂ ਹੀ ਆਵੇ ਸਮਝ। ਇੱਕ ਦਿਨ ਆਈ.ਸੀ. ਨੰਦਾ ਦਾ ਇੱਕ ਨਾਟਕ ਸਾਹਮਣੇ ਰੱਖ ਲਿਆ। ਨਾਲ ਰੱਖ ਲਈ ਕਹਾਣੀ “ਡੈਣ।” ਜਿਵੇਂ ਜਿਵੇਂ ਨਾਟਕ ਵਿੱਚ ਲਿਖਿਆ ਹੋਇਆ ਸੀ ਲਿਖੀ ਗਿਆ। ਦ੍ਰਿਸ਼ ਪਹਿਲਾ, ਮੰਚ ’ਤੇ ਰੌਸ਼ਨੀ ਹੁੰਦੀ ਹੈ ਆਦਿ ਆਦਿ। ਜਿੰਨੇ ਕਹਾਣੀ ਵਿੱਚ ਵਾਰਤਾਲਾਪ ਸਨ, ਜਿੰਨੇ ਦ੍ਰਿਸ਼ ਬਣਦੇ ਸਨ, ਉੰਨਾ ਕੁ ਹੀ ਕਹਾਣੀ ਨੂੰ ਨਾਟਕੀ ਰੂਪ ਦੇ ਦਿੱਤਾ।
“ਭਾਪਾ ਜੀ, ਮੈਂ ਨਾਟਕ ਲਿਖ ਲਿਆ।” ਮੈਂ ਤਾਇਆ ਜੀ ਨੂੰ ਜਾ ਕੇ ਕਿਹਾ।
“ਨਾਟਕ! ਕਿਹੜਾ ਨਾਟਕ ਲਿਖ ਲਿਆ ਤੂੰ? ਦੇਖੀਂ ਕੋਈ ਘਰ ਵਿੱਚ ਰਹਿ ਨਾ ਜਾਵੇ ਲਿਖੇ ਬਿਨਾਂ।” ਤਾਇਆ ਜੀ ਨੇ ਹੱਸਦੇ ਕਿਹਾ। ਨਾਟਕ ਪੜ੍ਹ ਕੇ ਕਹਿਣ ਲੱਗੇ, “ਹੈ ਤਾਂ ਠੀਕ, ਪਰ ਛੋਟਾ ਹੈ। ਕੁਝ ਵੱਡਾ ਚਾਹੀਦਾ ਹੈ, ਇਹ ਤਾਂ ਤੀਹ-ਪੈਤੀ ਮਿੰਟ ਦਾ ਹੋਊ ਮਸਾਂ।” “ਹੁਣ ਫੇਰ ਕੀ ਕਰਾਂ?” ਮੈਂ ਕਿਹਾ।
“ਇਹ ਦੇਖਣਾ ਤੇਰਾ ਕੰਮ ਐਂ, ਮੈਂ ਤਾਂ ਆਪਣੀ ਕਹਾਣੀ ਦੇ ’ਤੀ। ਇੱਕ ਗੱਲ ਹੋਰ, ਮੇਰੀ ਕਹਾਣੀ ਮੇਰੀ ਹੀ ਰਹਿਣ ਚਾਹੀਦੀ ਹੈ। ਕਿਤੇ ਊਈਂ ਸੁਆਹ ਉਡਾ ਕੇ ਰੱਖ ਦਮੇਂ।” ਤਾਇਆ ਜੀ ਨੇ ਉਂਗਲੀ ਖੜ੍ਹੀ ਕਰਕੇ ਕਿਹਾ।
ਨਾਟਕ ਵਿੱਚ ਜ਼ਰੂਰੀ ਵਾਧਾ ਅਤੇ ਤਬਦੀਲੀਆਂ ਕਰਕੇ ਹਰਸਲ ਸ਼ੁਰੂ ਕਰ ਦਿੱਤੀ। ਨਾਟਕ “ਡੈਣ” ਨੂੰ ਖਚਾ-ਖਚ ਭਰੇ ਟੈਗੋਰ ਥੀਏਟਰ ਵਿੱਚ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦੀ ਭਰਵੀਂ ਦਾਦ ਮਿਲੀ। ਇਸ ਤਰ੍ਹਾਂ ਸਰਘੀ ਕਲਾ ਕੇਂਦਰ ਦੀ ਨਾਟ-ਮੰਡਲੀ ਦੇ ਤੌਰ ’ਤੇ ਅਤੇ ਮੇਰੀ ਰੂਪਾਂਤਰਕਾਰ ਅਤੇ ਨਾਟਕਕਾਰ ਵਜੋਂ ਪਹਿਚਾਣ ਬਣ ਗਈ।
ਨਾਟ-ਕਰਮੀ ਤੋਂ ਇਲਾਵਾ, ਜਿਸ ਤਰ੍ਹਾਂ ਮੈਂ ਨਾਟਕਕਾਰ ਮਜਬੂਰੀ ਵਿੱਚ ਬਣਿਆ, ਉਵੇਂ ਹੀ ਨਾਟ-ਨਿਰਦੇਸ਼ਕ ਵੀ ਮੱਲੋ-ਜ਼ੋਰੀ ਹੀ ਬਣਨਾ ਪਿਆ। ਮੇਰੇ ਰੂਪਾਂਤਰ ਨਾਟਕ ‘ਡੈਣ’, ‘ਮੇਰਾ ਉੱਜੜਿਆ ਗੁਆਂਢੀ’ ਅਤੇ ‘ਭਾਬੀ ਮੈਨਾ’ ਦੇ ਨਿਰਦੇਸ਼ਕ ਹੋਰ ਸਨ। ਭਾਬੀ ਮੈਨਾ ਨਾਟਕ ਦੇ ਹੋਰ ਮੰਚਣ ਕਰਨ ਦਾ ਸਬੱਬ ਬਣ ਗਿਆ। ਨਿਰਦੇਸ਼ਕ ਨੂੰ ਪੁੱਛ ਕੇ ਸਾਰੇ ਮੰਚਣਾਂ ਦੀਆਂ ਤਾਰੀਖਾਂ ਤੈਅ ਕਰ ਦਿੱਤੀਆਂ। ਨਾਟਕ ਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀ। ਨਿਰਦੇਸ਼ਕ ਸਾਹਿਬ ਨੇ ਦੋ ਚਾਰ ਦਿਨ ਰਿਹਰਸਲ ਸਾਂਭਣ ਲਈ ਕਿਹਾ। ਪਰ ਆਇਆ ਦਸ ਦਿਨ ਨਾ। ਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ, ਘਰੇ ਨਾ ਮਿਲਣਾ। ਫੋਨ ਕਰਨਾ, ਕੋਈ ਜਵਾਬ ਨਾ। ਥੱਕ-ਹੰਭ ਕੇ ਨਾਟਕ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਸਾਂਭਣੀ ਪਈ। ਉਸ ਤੋਂ ਬਾਅਦ ਮੈਂ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਫੇਰ ਚੱਲ ਸੋ ਚੱਲ।
ਆਪਣੇ ਨਾਟ-ਲੇਖਣੀ ਦੇ 30 ਸਾਲਾਂ ਦੇ ਸਫਰ ਦੌਰਾਨ ਡੈਣ, ਮੇਰਾ ਉੱਜੜਿਆ ਗੁਆਂਢੀ, ਕਹਾਣੀ ਇੱਕ ਪਿੰਡ ਦੀ (ਸੰਤੋਖ ਸਿੰਘ ਧੀਰ ਕਹਾਣੀਆਂ ਡੈਣ, ਮੇਰਾ ਉੱਜੜਿਆ ਗੁਆਂਢੀ ਅਤੇ ਕੋਈ ਇੱਕ ਸਵਾਰ, ਸਾਂਝੀ ਕੰਧ, ਭੇਤ ਆਲੀ ਗੱਲ, ਸਵੇਰ ਹੋਣ ਤਕ, ਗੱਲਾਂ ਲਈ ਗੱਲਾਂ ’ਤੇ ਅਧਾਰਿਤ), ਭਾਬੀ ਮੈਨਾ (ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ’ਤੇ ਅਧਾਰਿਤ) ਮੁੱਖ ਮਹਿਮਾਨ, ਫਰੀਡਮ ਫ਼ਾਇਟਰ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ਼ ਨਾ ਬੁਖ਼ਾਰੇ, ਖੁਸਰੇ, ਦਫਤਰ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਈ ਸ਼ਾਵਾ ਡੇਢ ਦਰਜਨ ਦੇ ਕਰੀਬ ਮੌਲਿਕ ਅਤੇ ਰੂਪਾਂਤਰਤ ਨਾਟਕ ਲਿਖੇ ਅਤੇ ਪੰਜਾਬ ਅਤੇ ਪੰਜਾਬੋਂ ਬਾਹਰ ਮੰਚਣ ਵੀ ਕੀਤੇ। ਫਰੀਡਮ ਫਈਟਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਆਈ. ਸੀ. ਨੰਦਾ ਐਵਾਰਡ ਵੀ ਪ੍ਰਾਪਤ ਹੋਇਆ ਅਤੇ ਇਸ ਨਾਟਕ ਦੇ ਕਨੇਡਾ ਵਿੱਚ ਵੀ ਮੰਚਣ ਹੋਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2860)
(ਸਰੋਕਾਰ ਨਾਲ ਸੰਪਰਕ ਲਈ: