“ਹਜ਼ਾਰਾਂ ਦੇ ਇਕੱਠ ਨੂੰ ਕੀਲ ਲੈਣ ਦੇ ਸਮਰੱਥ ਸਨ ਅਮਰਜੀਤ ਹੋਰੀਂ ਪਰ ਉਨ੍ਹਾਂ ਆਪਣੀ ਗਾਇਕੀ ਦਾ ...”
(2 ਮਾਰਚ 2022)
ਇਸ ਸਮੇਂ ਮਹਿਮਾਨ: 615.
ਗੱਲ ਹੋਵੇ ਅਜ਼ਾਦੀ ਤੋਂ ਪਹਿਲਾਂ ਦੀ, ਖਾਨਦਾਨ ਹੋਵੇ ਕਹਿੰਦਾ ਕਹਾਉਂਦਾ, ਅੰਗਰੇਜ਼ਾਂ ਨੇ ਦਿੱਤੀ ਹੋਵੇ ਜੈਲਦਾਰੀ, ਜ਼ਮੀਨਾਂ ਜਾਇਦਾਦਾ ਹੋਣ ਬੇਹਿਸਾਬ, ਖਾਣ-ਪੀਣਾ ਹੋਵੇ ਖੁੱਲ੍ਹਾ, ਹਾਕਿਮ ਨਾਲ ਨੇੜਤਾ ਰੱਖਣ ਵਾਲੇ ਖਾਨਦਾਨਾ ਦੇ ਕਾਕਿਆਂ-ਅਮੀਰਜ਼ਾਦਿਆਂ ਦੀਆਂ ਅਯਾਸ਼ੀਆਂ-ਖਰਮਸਤੀਆਂ ਕੋਈ ਅਲੋਕਾਰੀ ਵਰਤਾਰਾ ਨਹੀਂ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿੱਕਰਾਂ ਨੂੰ ਦਾਖਾਂ ਨਹੀਂ ਲੱਗਦੀਆਂ। ਇਹ ਵੀ ਕਿਹਾ ਜਾਂਦਾ ਹੈ, ਜਿਸਦੀ ਪਾਟੀ ਨਾ ਬਿਆਈ, ਉਹ ਕੀ ਜਾਣੇ ਪੀੜ ਪਰਾਈ। ਉਨ੍ਹਾਂ ਸਮਿਆਂ ਵਿੱਚ ਜਦੋਂ ਕੁੜੀਆਂ ਤਾਂ ਕੀ ਜੱਟਾਂ-ਜ਼ਿਮੀਦਾਰਾਂ ਦੇ ਮੁੰਡਿਆਂ ਨੂੰ ਵੀ ਗਾਉਣ ਦੀ ਮਨਾਹੀ ਸੀ ਪਰ ਯੋਧੇ ਅਤੇ ਲੋਕਾਂ ਦੇ ਗਾਇਕ ਅਮਰਜੀਤ ਗੁਰਦਸਾਪੁਰੀ ਨੇ ਤਕਰੀਬਨ ਸੱਤ ਦਹਾਕੇ ਪਹਿਲਾਂ ਆਪਣੀਆਂ ਖਾਨਦਾਨੀ ਰੁਤਬੇ ਦੀਆਂ ਵਲਗਣਾਂ ਟੱਪ ਕੇ, ਸੁਥਰੀ ਗਾਇਕੀ ਰਾਹੀਂ ਸਿਹਤਮੰਦ ਸਮਾਜ ਦਾ ਖ਼ੁਆਬ ਆਪਣੀਆਂ ਅੱਖਾਂ ਵਿੱਚ ਸੰਜੋਕੇ ਗਾਇਕੀ ਦੇ ਪਿੜ ਵਿੱਚ ਕਦਮ ਧਰਕੇ ਕਿੱਕਰਾਂ ਨੂੰ ਵੀ ਦਾਖਾਂ ਲਾ ਕੇ ਦਿਖਾ ਦਿੱਤੀਆਂ, ਪਰਾਈ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ।
11 ਜੁਲਾਈ 1929 ਆਪਣੇ ਨਾਨਕੇ ਪਿੰਡ ਲਸ਼ਕਰੀ ਨਗਰ (ਤਹਿਸੀਲ ਅਜਨਾਲਾ) ਵਿਖੇ ਜਨਮੇ ਅਮਰਜੀਤ ਗੁਰਦਾਸਪੁਰੀ ਨੂੰ ਪਿਤਾ ਸਰਦਾਰ ਰਛਪਾਲ ਸਿੰਘ ਦਾ ਲਾਡ-ਦੁਲਾਰ ਬਹੁਤੀ ਚਿਰ ਨਸੀਬ ਨਾ ਹੋ ਸਕਿਆ। ਪਿਤਾ ਜੀ ਛੇਤੀ ਹੀ ਵਿਛੋੜਾ ਦੇ ਗਏ। ਮਾਤਾ ਹਰਬੰਸ ਕੌਰ ਨੇ ਅਮਰਜੀਤ ਹੋਰਾਂ ਨੂੰ ਪੜ੍ਹਾ ਲਿਖਾ ਕੇ ਪ੍ਰਵਾਨ ਚੜ੍ਹਾਇਆ। ਪੜ੍ਹਾਈ ਜਿੰਨੀ ਉਸ ਸਮੇਂ ਜੱਟਾਂ ਦੇ ਮੁੰਡਿਆਂ ਨੂੰ ਲੋੜ ਹੁੰਦੀ ਸੀ, ਕੀਤੀ। ਖੇਤੀ ਕਰਨ ਦੇ ਨਾਲ ਨਾਲ ਪਿੰਡ ਦੇ ਹੀ ਗਵੱਈਏ ਦੇ ਲੜ ਲੱਗਕੇ ਉਸ ਤੋਂ ਅਵਾਜ਼ ਅਤੇ ਅੰਦਾਜ਼ ਹਾਸਲ ਕੀਤਾ। ਲੋੜ ਸੀ ਹੁਣ ਸਿਰਫ ਸਹੀ ਮੌਕੇ ’ਤੇ ਮੰਚ ਦੀ।
ਅਮਰਜੀਤ ਹੋਰਾਂ ਨੂੰ ਗਾਉਣ ਲਈ ਪਲੇਠਾ ਮੰਚ 1948-49 ਵਿੱਚ ਫਜ਼ਲਾਬਾਦ (ਗੁਰਦਾਸਪੁਰ) ਵਿੱਚ ਕਮਿਊਨਿਸਟ ਪਾਰਟੀ ਦੀ ਕਿਸਾਨ ਕਾਨਫਰੰਸ ਮੌਕੇ ਮਿਲਿਆ। ਕਾਨਫਰੰਸ ਦੇ ਇੰਚਾਰਜ ਜਸਵੰਤ ਸਿੰਘ ਰਾਹੀ ਸਨ। ਅਮਰਜੀਤ ਹੋਰਾਂ ਦੇ ਕੁਝ ਮਿੱਤਰ, ਜੋ ਕਾਨਫਰੰਸ ਦੇ ਮੋਹਰੀ ਵੀ ਸਨ, ਨੇ ਰਾਹੀ ਸਾਹਿਬ ਨੂੰ ਅਮਰਜੀਤ ਗੁਰਦਾਸਪੁਰੀ ਨੂੰ ਗਾਉਣ ਲਈ ਸਮਾਂ ਦੇਣ ਲਈ ਕਿਹਾ। ਰਾਹੀ ਸਾਹਿਬ ਨੇ ਸਮੇਂ ਦੀ ਘਾਟ ਕਾਰਣ ਇਨਕਾਰ ਕਰ ਦਿੱਤਾ ਪਰ ਨੌਜਵਾਨਾਂ ਵੱਲੋਂ ਮਜਬੂਰ ਕਰਨ ’ਤੇ ਰਾਹੀ ਸਾਹਿਬ ਨੇ ਇੱਕ ਗੀਤ ਦਾ ਸਮਾਂ ਦਿੱਤਾ। ਗੀਤ ਨੇ ਏਨਾ ਅਸਰ ਛੱਡਿਆ ਕਿ ਉਸ ਤੋਂ ਬਾਦ ਰਾਹੀ ਸਾਹਿਬ ਨੇ ਨਾ ਅਮਰਜੀਤ ਗੁਰਦਾਸਪੁਰੀ ਨੂੰ ਛੱਡਿਆ ਤੇ ਨਾ ਅਮਰਜੀਤ ਨੇ ਰਾਹੀ ਹੋਰਾਂ ਨੂੰ। ਗੀਤ ਸੀ, “ਜਿਹੜਾ ਅੱਜ ਲਿਆ ਦਵੇ ਕੱਚ ਦੀਆਂ ਚੂੜੀਆਂ।”
ਇਪਟਾ ਨਾਲ ਅਮਰਜੀਤ ਗੁਰਦਾਸਪੁਰੀ 1953 ਵਿੱਚ ਇਪਟਾ ਦੇ ਪੰਜਾਬ ਵਿੱਚ ਆਰੰਭਲੇ ਦੌਰ ਵਿੱਚ ਜੁੜੇ। ਇਪਟਾ ਦੇ ਸਿਰੜੀ ਅਤੇ ਲੋਕ-ਹਿਤੈਸ਼ੀ ਸੱਭਿਆਚਾਰ ਦੇ ਹਾਮੀ ਸਰਵਸ਼੍ਰੀ ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਕੰਵਲਜੀਤ ਸਿੰਘ ਸੂਰੀ, ਡਾ. ਇਕਬਾਲ ਕੌਰ, ਓਰਮਿਲਾ ਆਨੰਦ ਨਾਲ ਇੱਕ ਜੁੱਟ ਅਤੇ ਇੱਕ ਮੁੱਠ ਹੋ ਕੇ ਅਮਰਜੀਤ ਗੁਰਦਾਸਪੁਰੀ ਹੋਰਾਂ ਪੰਜਾਬ ਵਿੱਚ ਸਿਫਤੀ ਅਤੇ ਜ਼ਿਕਰਯੋਗ ਸੱਭਿਆਚਾਰਕ ਤਬਦੀਲੀ ਲੈ ਆਂਦੀ। ਇਨ੍ਹਾਂ ਕਮਲਿਆਂ-ਰਮਲਿਆਂ, ਮਸਤ-ਮੌਲਿਆਂ ਦੀ ਢਾਣੀ ਨੂੰ ਮੌਤ ਤੋਂ ਬਿਨਾਂ ਹੋਰ ਕੋਈ ਵੱਖ ਨਹੀਂ ਕਰ ਸਕਿਆ। ਅਮਰਜੀਤ ਹੋਰਾਂ ਨੇ ਇਪਟਾ ਦੇ ਹਰ ਮੰਚ ’ਤੇ ਚਾਹੇ ਉਹ ਪੰਜਾਬ ਵਿੱਚ ਹੋਵੇ ਜਾਂ ਪੰਜਾਬੋਂ ਬਾਹਰ, ਆਪਣੀ ਬੁਲੰਦ ਤੇ ਦਮਦਾਰ ਗਾਇਕੀ ਰਾਹੀਂ ਲੋਕਾਂ ਦੇ ਭਖਵੇਂ ਮਸਲੇ ਲੋਕ ਸ਼ੈਲੀ ਵਿੱਚ ਵਿਅਕਤ ਕੀਤੇ।
ਇਪਟਾ ਦੀ 50 ਵੀਂ ਵਰ੍ਹੇ ਗੰਢ ਲੁਧਿਆਣਾ ਵਿਖੇ ਮਨਾਈ ਗਈ, ਜਿਸ ਵਿੱਚ ਪ੍ਰਮੁੱਖ ਤੌਰ ’ਤੇ ਸ਼ਮੂਲੀਅਤ ਕਰਨ ਵਾਲੇ ਕਲਾਕਾਰਾਂ ਅਤੇ ਫਨਕਾਰਾਂ ਵਿੱਚ ਕੈਫ਼ੀ ਆਜ਼ਮੀ ਅਤੇ ਸ਼ੌਕਤ ਆਜ਼ਮੀ ਵੀ ਸਨ। ਅਮਰਜੀਤ ਹੋਰਾਂ ਦੀ ਦਿਲ ਟੁੰਭਵੀਂ ਗਾਇਕੀ ਨੇ ਸ਼ੌਕਤ ਆਜ਼ਮੀ ਨੂੰ ਇੰਨਾ ਕਾਇਲ ਕਰ ਦਿੱਤਾ ਕਿ ਉਨ੍ਹਾਂ ਕਿਹਾ, “ਪੰਜਾਬ ਵਾਲੋ ਮੇਰਾ ਸਬ ਕੁਛ ਲੇ ਲੋ ਪਰ ਮੁਝੇ ਅਮਰਜੀਤ ਦੇ ਦੋ।”
ਅਮਰਜੀਤ ਗੁਰਦਾਸਪੁਰੀ ਲੰਮਾ ਸਮਾਂ ਆਪਣੇ ਪਿੰਡ ਦੇ ਸਰਪੰਚ ਵੀ ਰਹੇ। ਜੈਲਦਾਰੀ ਵੀ ਪਿਓ ਦਾਦੇ ਤੋਂ ਹੁੰਦੀ ਹੋਈ ਉਨ੍ਹਾਂ ਤਕ ਪਹੁੰਚੀ। ਮਾਮਾ ਹਰਭਜਨ ਸਿੰਘ ਹੋਰਾਂ ਅਤੇ ਨਜ਼ਦੀਕੀਆਂ ਨੇ ਅਮਰਜੀਤ ਹੋਰਾਂ ਦਾ ਇਪਟਾ ਅਤੇ ਲੋਕ-ਹਿਤੈਸ਼ੀ ਵਿਚਾਰਧਾਰਾ ਵਾਲੀ ਪਾਰਟੀ ਸੀ.ਪੀ.ਆਈ. ਵਿੱਚ ਸ਼ਾਮਿਲ ਹੋਣ ’ਤੇ ਵਿਰੋਧ ਕੀਤਾ। ਪਰ ਜਿਸ ਨੂੰ ਇੱਕ ਵਾਰ ਲੋਕਾਈ ਦਾ ਦਰਦ ਆਪਣਾ ਦਰਦ ਮਹਿਸੂਸ ਹੋਣ ਲੱਗ ਜਾਵੇ, ਕਿਸੇ ਹੋਰ ਦੀ ਪਾਟੀ ਬਿਆਈ ਦੀ ਪੀੜ ਆਪਣੀ ਲੱਗਣ ਲੱਗ ਜਾਵੇ, ਫੇਰ ਨੀ ਸੁਣਦਾ ਉਹ ਕਿਸੇ ਦੀ। ਮਾਮਾ ਜੀ ਨੇ ਕਹਿਣਾ, “ਕਾਕਾ ਖਹਿੜਾ ਛੱਡ ਇਨ੍ਹਾਂ ਕਾਮਰੇਡਾਂ ਦਾ, ਇਹ ਨੀ ਛੱਡਦੇ ਬੰਦੇ ਨੂੰ ਕਾਸੇ ਜੋਗਾ। ਜੇ ਬਾਲ੍ਹੀ ਗੱਲ ਐ ਇਨ੍ਹਾਂ ਨੂੰ ਪੈਸੇ ਦੇ ਦਿਆ ਕਰ।” ਅਮਰਜੀਤ ਹੋਰਾਂ ਕਿਹਾ, “ਮਾਮਾ ਜੀ, ਇਨਕਲਾਬ ਪੈਸੇ ਨਾਲ ਨੀ ਆੳੇਣਾ, ਇਹਦੇ ਲਈ ਤਾਂ ਸੀਸ ਧਰਨਾ ਪੈਣਾ ਐ ਤਲੀ ’ਤੇ।”
ਅਮਰਜੀਤ ਇੱਕ ਦਿਨ ਆਪਣੇ ਮਾਮਾ ਜੀ ਨੂੰ ਮਿਲਣ ਨਾਨਕੇ ਚਲਾ ਗਿਆ। ਉਨ੍ਹਾਂ ਕੋਲ ਪੁਰਾਣਾ ਸਾਇਕਲ ਸੀ। ਜਿਸਦੀ ਟੱਲੀ ਤੋਂ ਬਿਨਾਂ ਬਾਕੀ ਸਭ ਕੁਝ ਵੱਜਦਾ ਸੀ। ਮਾਮਾ ਜੀ ਕਹਿਣ ਲੱਗੇ, “ਕਾਕਾ, ਆਹ ਕੀ ਪੁਰਾਣਾ ਸਾਇਕਲ ਚੱਕੀ ਫਿਰਦੈਂ? ਤੂੰ ਤੁਰਨ ਫਿਰਨ ਵਾਲਾ ਬੰਦਾ ਐਂ, ਮੇਰਾ ਨਵਾਂ ਸਾਇਕਲ ਲੈ ਜਾ।” ਮਾਮੇ ਨੇ ਆਪਣਾ ਨਵਾਂ ਹਾਰਕੁਲੀਸ ਸਾਇਕਲ ਭਾਣਜੇ ਨੂੰ ਦੇ ਦਿੱਤਾ। ਫੇਰ ਮਾਮੇ ਦਾ ਸਹਿਯੋਗ ਵੀ ਬੇਹੱਦ ਮਿਲਿਆ। ਪਾਰਟੀ ਵਿੱਚ ਸਰਗਰਮ ਰਹਿਣ ਬਾਰੇ ਪੁੱਛਣ ’ਤੇ ਉਨ੍ਹਾਂ ਕਹਿਣਾ, “ਪਹਿਲਾਂ ਪਾਰਟੀ ਲਾਲ ਪਾਰਟੀ ਵਜੋਂ ਜਾਣੀ ਜਾਂਦੀ ਸੀ। ਜਦ ਪਾਰਟੀ ਦੋ ਫਾੜ ਹੋਈ ਤਾਂ ਮਨ ਬਹੁਤ ਦੁਖੀ ਹੋਇਆ। ਦੋਵਾਂ ਪਾਸਿਓਂ ਮਾਯੂਸ ਹੋ ਕੇ ਘਰ ਬੈਠਣਾ ਹੀ ਬਿਹਤਰ ਸਮਝਿਆ।”
ਅਕਸਰ ਲੇਖਕ/ਕਲਾਕਾਰ ਆਪਣੇ ਆਪ ਨੂੰ ਆਮ ਲੋਕਾਂ ਤੋਂ ਅਲੱਗ ਸਮਝਦੇ ਹਨ। ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਂਦੇ ਹਨ ਪਰ ਅਮਰਜੀਤ ਹੋਰਾਂ ਘਰ ਪਰਿਵਾਰ ਅਤੇ ਸਾਕ ਸਬੰਧੀਆਂ ਨੂੰ ਵੀ ਤਰਜੀਹ ਦਿੱਤੀ। ਉਹ ਸਾਰੇ ਵੀ ਅਮਰਜੀਤ ਹੋਰਾਂ ਦੇ ਕੰਮ ਨੂੰ ਸਮਝਦੇ ਅਤੇ ਕਦਰ ਕਰਦੇ ਸਨ। ਉਨ੍ਹਾਂ ਦੀ ਧੀ ਰੁਪਿੰਦਰ ਬਚਪਨ ਵਿੱਚ ਆਪਣੇ ਪਿਤਾ ਨੂੰ ਵਧੇਰੇ ਸੁਣਦੀ। ਜਦ ਉਹ ਰਿਆਜ਼ ਕਰਦੇ ਉਹ ਉਨ੍ਹਾਂ ਕੋਲ ਬੈਠ ਕੇ ਗੁਣਗੁਣਾਉਣ ਦਾ ਯਤਨ ਕਰਦੀ।
ਅਮਰਜੀਤ ਗੁਰਦਾਸਪੁਰੀ ਆਪਣਿਆਂ ਸਮਿਆਂ ਵਿੱਚ ਮੋਹਰੀਆਂ ਸਫ਼ਾਂ ਦੇ ਗਾਇਕਾਂ ਵਿੱਚ ਸ਼ੁਮਾਰ ਸਨ। ਰੇਡੀਓ ਅਤੇ ਟੀ.ਵੀ. ’ਤੇ ਅਕਸਰ ਉਨ੍ਹਾਂ ਦੀ ਗਾਇਕੀ ਸੁਣਨ/ਵੇਖਣ ਨੂੰ ਮਿਲਦੀ। ਉਨ੍ਹਾਂ ਦੇ ਗਾਏ ਗੀਤ ਸਰੋਤਿਆਂ/ਦਰਸ਼ਕਾਂ ਵਿੱਚ ਬੇਹੱਦ ਮਕਬੂਲ ਹੋਏ। ਹਜ਼ਾਰਾਂ ਦੇ ਇਕੱਠ ਨੂੰ ਕੀਲ ਲੈਣ ਦੇ ਸਮਰੱਥ ਸਨ ਅਮਰਜੀਤ ਹੋਰੀਂ ਪਰ ਉਨ੍ਹਾਂ ਆਪਣੀ ਗਾਇਕੀ ਦਾ ਮੁੱਲ ਵਟਾਉਣ ਬਾਰੇ ਕਦੇ ਸੋਚਿਆ ਤੱਕ ਨਹੀਂ। ਆਪਣੀ ਅਵਾਜ਼ ਨੂੰ ਲੋਕਾਂ ਦੀ ਅਮਾਨਤ ਸਮਝਿਆ। ਉਨ੍ਹਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੇ ਗੀਤਾਂ ਦੇ ਨਾਲ ਨਾਲ ਧਾਰਿਮਕ ਗੀਤ ਵੀ ਗਾਏ। ਅਮਰਜੀਤ ਹੋਰਾਂ ਨੇ ਬਹੁਤੇ ਗੀਤ ਸੋਲੋ ਹੀ ਗਾਏ ਹਨ। ਕੁਝ ਗੀਤ ਸੁਰਿੰਦਰ ਕੌਰ ਅਤੇ ਕਰਤਾਰ ਅਰੋੜਾ ਨਾਲ ਵੀ ਗਾਏ ਹਨ। ਇਨ੍ਹਾਂ ਗੀਤਾਂ ਵਿੱਚੋਂ ਬਹੁਤੇ ਗੀਤ ਕਰਤਾਰ ਸਿੰਘ ਬੱਲਗਣ ਹੋਰਾਂ ਦੇ ਲਿਖੇ ਹੋਏ ਹਨ। ਅਮਰਜੀਤ ਹੋਰਾਂ ਦੇ ਚਰਚਿਤ ਗੀਤਾਂ ਵਿੱਚ * ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ, ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ। * ਸਿੰਘਾ ਜੇ ਚੱਲਿਆਂ ਚਮਕੌਰ, ਉੱਥੇ ਸੁੱਤੇ ਨੇ ਦੋ ਭੋਰ, ਧਰਤੀ ਚੁੰਮੀਂ ਕਰ ਕੇ ਗੌਰ * ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ, ਹੁਣ ਨਹੀਂ ਹੁੰਦੀਆਂ ਸਾਥੋਂ ਸਬਰ ਸਬੂਰੀਆਂ। * ਚਿੱਟੀ ਚਿੱਟੀ ਪੱਗ ਤੇ ਘੁੱਟ-ਘੁੱਟ ਬੰਨ੍ਹ, ਭਲਾ ਵੇ ਤੈਨੂੰ ਮੇਰੀ ਸਹੁੰ, ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰ। * ਵੇ ਮੁੜ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ, ਕਣਕਾਂ ਨਿੱਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ। * ਪੈਸਾ ਜਿਵੇਂ ਨਚਾਈ ਜਾਂਦਾ ਹੈ, ਦੁਨੀਆਂ ਨੱਚੀ ਜਾਂਦੀ ਐ।
ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ, ਗੈਰ ਸੰਜੀਦਾਪਨ, ਅਸ਼ਲੀਲਤਾ, ਹਿੰਸਾ ਅਤੇ ਲੱਚਤਰਾ ਬਾਰੇ ਅਮਰਜੀਤ ਗੁਰਦਾਪੁਰੀ ਕਹਿੰਦੇ ਸਨ, “ਹਰ ਗਵਈਆ ਰੇਡੀਓ, ਟੀ.ਵੀ, ਮੁਲਾਕਾਤ ਜਾਂ ਜਨਤਕ ਤੌਰ ’ਤੇ ਇਹ ਦਾਵਾ ਕਰਦਾ ਹੈ, ਉਹ ਸਾਫ-ਸੁਥਰੇ ਅਤੇ ਪਰਿਵਾਰਕ ਗੀਤ ਹੀ ਗਾਉਂਦਾ ਹੈ। ਜਦ ਉਸ ਨੂੰ ਗੀਤ ਸੁਣਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਨਾ ਸੁਥਰਾ ਗਾਉਂਦਾ ਹੈ, ਨਾ ਹੀ ਪਰਿਵਾਰਕ। ਉਸਦਾ ਗੀਤ ਪਰਿਵਾਰ ਵਿੱਚ ਬੈਠ ਕੇ ਤਾਂ ਕੀ ਇਕੱਲੇ ਬੈਠ ਕੇ ਵੀ ਸੁਣਨ ’ਤੇ ਉਕਤਾਹਠ ਅਤੇ ਸ਼ਰਮ ਮਹਿਸੂਸ ਹੁੰਦੀ ਹੈ। ਇਸਦਾ ਇਹ ਮਤਲਬ ਨਹੀਂ ਕਿ ਚੰਗੀ ਗਾਇਕੀ ਨਹੀਂ ਗਾਈ ਹੀ ਨਹੀਂ ਜਾ ਰਹੀ। ਕੁਝ ਨੌਜਵਾਨ ਬਹੁਤ ਹੀ ਵਧੀਆ ਗਾਅ ਰਹੇ ਨੇ। ਉਹ ਆਪਣੇ ਗੀਤਾਂ ਰਾਹੀ ਲੋਕਾਂ ਦੀ ਗੱਲ ਵੀ ਕਰਦੇ ਹਨ ਅਤੇ ਮਾਨਸਿਕ ਸਕੂਨ ਵੀ ਦਿੰਦੇ ਨੇ।” ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਉੱਦੋਵਾਲੀ ਵਿਖੇ ਖੁਸ਼ਹਾਲ ਜ਼ਿੰਦਗੀ ਬਸਰ ਕਰਕੇ ਵਿਛੋੜਾ ਦੇ ਗਏ ਅਮਰਜੀਤ ਗੁਰਦਾਸਪੁਰੀ ਹੋਰੀਂ ਮੌਜੂਦਾ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਤਾਣੇ-ਬਾਣੇ ਤੋਂ ਦੁਖੀ ਤਾਂ ਭਾਵੇਂ ਸਨ ਪਰ ਮਾਯੂਸ ਨਹੀਂ ਸਨ।
ਧੰਨ ਦਾ ਲਸ਼ਕਾਰੇ ਕਹਿੰਦੇ ਕਹਾਉਂਦੇ ਕਲਾਕਾਰਾਂ/ਫ਼ਨਕਾਰਾਂ ਦੀਆਂ ਅੱਖਾਂ ਚੁੰਧਿਆ ਦਿੰਦੇ ਹਨ। ਦੌਲਤ ਅਤੇ ਸ਼ੌਹਰਤ ਲਈ ਲਈ ਉਹ ਹਰ ਤਰ੍ਹਾਂ ਦੇ ਸਮਝੌਤੇ ਕਰਦੇ ਹਨ ਪਰ ਅਮਰਜੀਤ ਹੋਰਾਂ ਸਾਰੀ ਉਮਰ ਨਾ ਕਿਸੇ ਦੀ ਈਨ ਮੰਨੀ ਤੇ ਨਾ ਹੀ ਝੇਪ। ਆਖਰੀ ਸਾਹਾਂ ਤਕ ਉਨ੍ਹਾਂ ‘ਕਲਾ ਲੋਕਾਂ ਲਈ’ ਦੇ ਸਿਧਾਂਤ ਉੱਪਰ ਡਟ ਕੇ ਪਹਿਰਾ ਦਿੱਤਾ। ਆਪਣੀ ਗਾਇਕੀ ਦੇ ਜ਼ਰੀਏ ਉਨ੍ਹਾਂ ਲੋਕਾਈ ਦੇ ਮਸਲਿਆਂ ਦੀ ਬਾਤ ਹੀ ਨਹੀਂ ਪਾਈ ਬਲਕਿ ਸਮਾਜ ਨੂੰ ਸੇਧ ਵੀ ਦਿੱਤੀ। ਅਮਰਜੀਤ ਗੁਰਦਾਪੁਰੀ ਹੋਰਾਂ ਦਾ ਵਿਛੋੜਾ ਇਪਟਾ ਲਹਿਰ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਲੋਕ ਗਾਇਕੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 5 ਮਾਰਚ ਨੂੰ ਉਨ੍ਹਾਂ ਦੇ ਪਿੰਡ ਉੱਦੋਵਾਲੀ ਕਲਾਂ (ਨੇੜੇ ਧਿਆਨਪੁਰ) ਗੁਰਦਾਪੁਰ ਵਿਖੇ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3401)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)