“ਬੀਤੇ ਦੋ ਦਸਬੰਰ ਨੂੰ ਪੰਜਾਬ ਸਾਹਿਤ ਅਕਾਦਮੀ ਵੱਲੋਂ ਸੰਤੋਖ ਸਿੰਘ ਧੀਰ ਹੋਰਾਂ ਦੇ ਜਨਮ ਦਿਨ ਮੌਕੇ ...”
(21 ਦਸੰਬਰ 2021)
ਮੈਂ ਕਦੇ ਵੀ ਆਪਣੇ ਦੋਵੇਂ ਤਾਇਆਂ ਨੂੰ ਤਾਇਆ ਨਹੀਂ ਕਿਹਾ। ਵੱਡੇ ਤਾਏ (ਮਰਹੂਮ ਸੰਤੋਖ ਸਿੰਘ ਧੀਰ) ਨੂੰ ਹਮੇਸ਼ਾ ਭਾਪਾ ਜੀ ਤੇ ਛੋਟੇ ਤਾਏ ਮਹਿੰਦਰ ਸਿੰਘ ਰੰਗ ਨੂੰ ਚਾਚਾ ਕਿਹਾ, ਭਾਪਾ ਜੀ ਕੋਲ ਪਿੰਡ ਡਹਹੇੜੀ ਰਹਿਣ ਕਾਰਣ ਉਨ੍ਹਾਂ ਦੇ ਬੱਚਿਆਂ ਦੀ ਰੀਸ।
ਈਮਾਨਦਾਰ, ਗ਼ੈਰਤਮੰਦ, ਹਰਫ਼ਨਮੌਲਾ ਅਤੇ ਫੱਕਰ ਤਬੀਅਤ ਦੇ ਪ੍ਰਸਿੱਧ ਲੋਕ-ਕਲਾਕਾਰ ਮਹਿੰਦਰ ਸਿੰਘ ਰੰਗ ਹੋਰਾਂ ਆਪਣੀ ਸਾਰੀ ਉਮਰ ਕਲਾ ਅਤੇ ਸਮਾਜਿਕ ਸਰੋਕਾਰਾਂ ਦੇ ਲੇਖੇ ਹੀ ਲਾਈ। ਭਾਪਾ ਜੀ (ਸੰਤੋਖ ਸਿੰਘ ਧੀਰ) ਦੇ ਜ਼ੋਰ ਦੇਣ ਦੇ ਬਾਵਜੂਦ ਚਾਚਾ ਜੀ ਦੀ ਪੜ੍ਹਾਈ ਵਿਚ ਜ਼ਿਆਦਾ ਰੁਚੀ ਕਦੇ ਵੀ ਨਹੀਂ ਰਹੀ। ਉਨ੍ਹਾਂ ਨੂੰ ਬਚਪਨ ਵਿਚ ਹੀ ਮੂੰਹ ਨਾਲ ਜਾਨਵਰਾਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਣ ਦਾ ਸ਼ੌਕ ਸੀ। ਇਸੇ ਸ਼ੌਕ ਨੂੰ ਉਨ੍ਹਾਂ ਆਪਣੀ ਰੋਟੀ-ਰੋਜ਼ੀ ਦਾ ਜ਼ਰੀਆ ਬਣਾਇਆ। ਆਪਣੀਆਂ ਤਿੰਨ ਧੀਆਂ ਤੇ ਇਕ ਪੁੱਤਰ ਨੂੰ ਪੜ੍ਹਾਇਆ-ਲਿਖਾਇਆ ਵੀ ਤੇ ਵਿਆਹਿਆ-ਵਰਿਆ ਵੀ।
ਗੱਲ ਉਨ੍ਹਾਂ ਸਮਿਆਂ ਦੀ ਹੈ ਜਦ ਆਟਾ ਚੱਕੀਆਂ ਚੱਲਣ ਦਾ ਪਤਾ ਘੁੱਗੂ ਵੱਜਣ ਤੋਂ ਪਤਾ ਲੱਗਦਾ ਸੀ। ਚਾਚਾ ਜੀ ਨੇ ਮੂੰਹ ਨਾਲ ਘੁੱਗੂ ਦੀ ਅਵਾਜ਼ ਕੱਢਣ ਲੱਗ ਜਾਣਾ। ਆਢੀਆਂ-ਗੁਆਂਢੀਆਂ ਨੇ ਆਪੋ-ਆਪਣੀਆਂ ਪੀਹਣੇ ਸਿਰਾਂ ’ਤੇ ਚੁੱਕ ਕੇ ਜਦ ਆਟਾ ਪਿਹਾਉਣ ਚੱਕੀ ’ਤੇ ਜਾਣਾ ਤਾਂ ਪਤਾ ਲੱਗਣਾ ਕਿ ਇਹ ਤਾਂ ਮਿੰਦਰ ਦੀ ਸ਼ਰਾਰਤ ਹੈ। ਗੁਆਂਢੀਆਂ ਨੇ ਚਾਚਾ ਜੀ ਦੀ ਚੰਗੀ ਲਾਹ-ਪਾਹ ਕਰਨੀ। ਪਰ ਉਨ੍ਹਾਂ ਦਾ ਤਾਂ ਉਹ ਹਾਲ ਸੀ ‘ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂੰਹੀ ਦੇ’।
ਇਕ ਵਾਰ ਚਾਚਾ ਜੀ ਮੂੰਹ ਨਾਲ ਬਿੱਲੀ ਦੀ ਅਵਾਜ਼ ਕੱਢ ਰਹੇ ਸਨ। ਇਕ ਬਿੱਲੀ ਉਨ੍ਹਾਂ ਕੋਲ ਆ ਕੇ ਬੈਠ ਗਈ ਤੇ ਦੂਸਰੀ ਬਿੱਲੀ ਨੂੰ ਲੱਭਣ ਲੱਗੀ।
ਪਿਛਲੇ ਤਿੰਨ ਦਹਾਕਿਆਂ ਤੋਂ ਮਹਿੰਦਰ ਸਿੰਘ ਰੰਗ ਭਾਰਤ ਸਰਕਾਰ ਦੇ ਗੀਤ ਅਤੇ ਡਰਾਮਾ ਵਿਭਾਗ ਦੇ ਪ੍ਰਵਾਨਿਤ ਕਲਾਕਾਰ ਸਨ। ਉਨ੍ਹਾਂ ਪੰਜਾਬ ਭਰ ਦੇ ਸਕੂਲਾਂ-ਕਾਲਜਾਂ ਵਿਚ ਆਪਣੇ ਫ਼ਨ ਦਾ ਮੁਜ਼ਹਰਾ ਕੀਤਾ। ਸੱਚੀਆਂ ਅਤੇ ਖਰੀਆਂ ਗੱਲ ਮੂੰਹ ’ਤੇ ਕਹਿਣ ਦੀ ਦਲੇਰੀ ਕਾਰਣ ਉਹ ਜਿਸ ਵੀ ਸਕੂਲ-ਕਾਲਜ ਜਾਂਦੇ ਉੱਥੇ ਅਧਿਆਪਕਾਂ ਦੀ ਕਮੀਆਂ-ਪੇਸ਼ੀਆਂ ਵੀ ਉਜਾਗਰ ਕਰਦੇ, ਆਪਣੀ ਕਲਾ ਨਾਲ ਵਿਦਿਆਰਥੀਆਂ ਦਾ ਮੰਨੋਰਜਨ ਵੀ ਕਰਦੇ। ਆਲ ਇੰਡੀਆ ਰੇਡੀਓ ਵੱਲੋਂ ਚਾਚਾ ਜੀ ਨੂੰ 1957 ਵਿੱਚ ‘ਅਵਾਜ਼ ਕਾ ਜਾਦੂ’ ਅਧੀਨ ਰਿਕਾਡਰ ਵੀ ਕੀਤਾ, ਜੋ ਗਾਹੇ-ਵਗਾਹੇ ਹਾਲੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।
ਜੋਗਿੰਦਰ ਸਿੰਘ ਮਾਨ (ਪਿਤਾ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ, ਅੰਮ੍ਰਿਤਸਰ) ਨਾਲ ਚਾਚਾ ਜੀ ਦੇ ਤਕਰੀਬਨ ਛੇ ਦਹਾਕਿਆਂ ਤੋਂ ਪਰਿਵਾਰਕ ਸਬੰਧ ਰਹੇ। ਤਕਰੀਬਨ ਸੱਠ ਸਾਲ ਪਹਿਲਾਂ ਦੀ ਗੱਲ ਹੈ, ਇਕ ਵਾਰ ਕੁਵੇਲਾ ਹੋ ਜਾਣ ਕਾਰਣ ਰੰਗ ਹੋਰਾਂ ਨੂੰ ਮਾਨ ਸਾਹਿਬ ਦੇ ਪਿੰਡ ਤਲਾਣੀਆਂ ਉਨ੍ਹਾਂ ਦੇ ਘਰ ਰਾਤ ਰਹਿਣਾ ਪੈ ਗਿਆ। ਜਿਸ ਕਮਰੇ ਵਿਚ ਉਹ ਸੁੱਤੇ, ਉੱਥੇ ਹਜ਼ਾਰਾਂ ਰੁਪਏ ਪਏ ਸਨ। ਏਨੀ ਰਕਮ ਦੇਖ ਕੇ ਕਿਸੇ ਦਾ ਵੀ ਈਮਾਨ ਡੋਲ ਜਾਵੇ ਪਰ ਚਾਚਾ ਜੀ ਨੇ ਉਨ੍ਹਾਂ ਰੁਪਇਆਂ ਵੱਲ ਅੱਖ-ਪੁੱਟ ਕੇ ਵੀ ਨਹੀਂ ਦੇਖਿਆ। ਉਨਾਂ ਦੀ ਨੇਕ-ਨੀਅਤ ਤੇ ਈਮਨਾਦਾਰੀ ਤੋਂ ਸਾਰਾ ਪ੍ਰੀਵਾਰ ਬਹੁਤ ਹੀ ਪ੍ਰਭਾਵਿਤ ਹੋਇਆ। ਚਾਚਾ ਜੀ ਇਹ ਵੀ ਕਹਿੰਦੇ ਸਨ ਕਿ ਉਨਾਂ ਸਿਮਰਨਜੀਤ ਸਿੰਘ ਮਾਨ ਨੂੰ ਬਚਪਨ ਵਿਚ ਪੜ੍ਹਾਇਆ ਵੀ ਹੈ।
ਕਲਾ ਦੇ ਖੇਤਰ ਵਿਚ ਕਾਰਜਸ਼ੀਲ ਰਹਿਣ ਦੇ ਨਾਲ ਨਾਲ ਚਾਚਾ ਜੀ ਨੇ ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਵੱਲ ਚੇਤਨ ਹੁੰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਜ਼ਮੀਨ ਸੁਧਾਰ ਲਹਿਰ ਵਿਚ ਵੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਜੇਲ ਵੀ ਕੱਟੀ।
ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਅਤੇ ਵੱਡੇ ਭਰਾ ਸੰਤੋਖ ਸਿੰਘ ਧੀਰ ਤੋਂ ਮਿਲੀ ਸਾਹਿਤਕ ਵਿਰਾਸਤ ਨੂੰ ਚਾਚਾ ਜੀ ਨੇ ਆਪਣੇ ਤੋਂ ਬਾਅਦ ਆਪਣੇ ਬੇਟੇ ਤੇ ਪੋਤੇ ਰਾਹੀਂ ਅੱਗੇ ਤੋਰਿਆ। ਉਨ੍ਹਾਂ ਦਾ ਬੇਟਾ ਕੰਵਲਜੀਤ ਸਿੰਘ ਸਫ਼ਰਨਾਮਾ (ਮੇਰੀ ਪਾਕਿਸਤਾਨ ਯਾਤਰਾ) ਅਤੇ ਉਨ੍ਹਾਂ ਦਾ ਪੋਤਾ ਰਸਨਜੀਤ ਸਿੰਘ ਸੈਂਕੜੇ ਗੀਤ ਲਿਖ ਚੁੱਕਾ ਹੈ।
ਬੀਤੇ ਦੋ ਦਸਬੰਰ ਨੂੰ ਪੰਜਾਬ ਸਾਹਿਤ ਅਕਾਦਮੀ ਵੱਲੋਂ ਸੰਤੋਖ ਸਿੰਘ ਧੀਰ ਹੋਰਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪਿੰਡ ਡਡਹੇੜੀ ਵਿਖੇ ਕਰਵਾਏ ਗਏ ‘ਸੰਤੋਖ ਸਿੰਘ ਧੀਰ ਅਦਬੀ ਮੇਲੇ’ ਦੌਰਾਨ ਧੀਰ ਹੋਰਾਂ ਦੇ ਛੋਟੇ ਭਰਾਵਾਂ ਮਹਿੰਦਰ ਸਿੰਘ ਰੰਗ ਅਤੇ ਰਿਪੁਦਮਨ ਸਿੰਘ ਰੂਪ ਹੋਰਾਂ ਨੂੰ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਕਾਰਜਕਾਰਣੀ ਮੈਂਬਰ ਡਾ. ਕੁਲਦੀਪ ਸਿੰਘ ਦੀਪ ਵੱਲੋਂ ਧੀਰ ਸਾਹਿਬ ਦੇ ਜੱਦੀ ਘਰ ਵਿਖੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਅੱਠਾਂ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ ’ਤੇ ਮਹਿੰਦਰ ਸਿੰਘ ਰੰਗ ਹੋਰਾਂ ਦਾ ਸਾਰੀ ਉਪਰ ਖੱਬੇ-ਪੱਖੀ ਅਤੇ ਲੋਕ-ਹਿਤੈਸ਼ੀ ਸੋਚ ’ਤੇ ਦ੍ਰਿੜ੍ਹਤਾ ਨਾਲ ਡਟੇ ਰਹਿਣ ਸਦਕਾ ਉਨ੍ਹਾਂ ਦੀ ਮ੍ਰਿਤਕ ਦੇਹ ਉੱਪਰ ਸੀ.ਪੀ.ਆਈ. ਦੀ ਸ਼ਹਿਰੀ ਇਕਾਈ ਗੋਬਿੰਦਗੜ੍ਹ ਵੱਲੋਂ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ।
90 ਸਾਲ ਦੀ ਭਰਪੂਰ ਉਮਰ ਭੋਗਕੇ ਸੰਸਾਰਕ ਯਾਤਰਾ ਪੂਰੀ ਕਰਕੇ ਗਏ ਮਹਿੰਦਰ ਸਿੰਘ ਰੰਗ ਦੀ ਅੰਤਿਮ ਅਰਦਾਸ 24 ਦਸੰਬਰ 2021, ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਡਡਹੇੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਬਾਅਦ ਦੁਹਿਪਰ 12.30 ਤੋਂ 1.30 ਵਜੇ ਤੱਕ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3221)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)