“ਲੋੜ ਆਪਣੇ ਲੋਕਾਂ ਲਈ ਜਿਊਣ ਦੀ ਹੈ, ਆਪਣਿਆਂ ਲਈ ...”
(13 ਮਈ 2020)
ਸੰਸਾਰ ਵਿੱਚ ਅਬਾਦੀ ਪੱਖੋਂ ਦੂਸਰੇ ਨੰਬਰ ਅਤੇ ਸਿਹਤ ਸਹੂਲਤਾਂ ਪੱਖੋਂ ਖਸਤਾ ਹਾਲ ਦੇ ਬਾਜਵੂਦ ਜੇ ਸਾਡੇ ਮੁਲਕ ਭਾਰਤ ਕੋਰੋਨਾ ਵਰਗੀ ਬਿਪਤਾ ਉੱਪਰ ਕਾਬੂ ਕਰਨ ਵਾਲੇ ਪਾਸੇ ਵਧ ਰਿਹਾ ਹੈ ਤਾਂ ਇਸਦੀ ਵਜਹ ਸਿਹਤ, ਸਫਾਈ ਤੇ ਮੀਡੀਆ ਕਾਮੇ, ਸੁਰਿੱਖਆ ਕਰਮਚਾਰੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ (ਵਿਸ਼ੇਸ਼ ਤੌਰ ’ਤੇ ਗੁਰਦੁਆਰੇ) ਦੇ ਸਿਰਤੋੜ ਯਤਨਾਂ, ਹਿੰਦੋਸਤਾਨ ਦੀ ਅਵਾਮ ਦੇ ਸਹਿਯੋਗ ਦੇ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਏ ਕਰਫਿਊ ਤੇ ਲਾਕਡਾਊਨ ਵਰਗੇ ਸਖ਼ਤ ਫੈਸਲਿਆਂ ਕਰਕੇ ਸੰਭਵ ਹੋ ਸਕਿਆ ਹੈ। ਜੇ ਸਭ ਨੇ ਰਲ ਕੇ ਹੰਭਲਾ ਨਾ ਮਾਰਿਆ ਹੁੰਦਾ ਤਾਂ ਇਸ ਗੰਭੀਰ ਅਤੇ ਖਤਰਨਾਕ ਮਹਾਂਮਾਰੀ ਦੇ ਨਤੀਜੇ ਦਿਲ ਕੰਬਾਊ ਤੇ ਤਬਾਹਕੁਨ ਹੋਣੇ ਸਨ। ਜਿੱਥੇ ਵਿਕਸਿਤ ਮੁਲਕ, ਜਿਨ੍ਹਾਂ ਕੋਲ ਡਾਕਟਰ ਵੀ ਅਬਾਦੀ ਦੇ ਹਿਸਾਬ ਨਾਲ ਹਨ ਤੇ ਸਿਹਤ ਸਹੂਲਤਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਲੈਸ ਹਨ, ਉੱਥੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਅੱਧੇ ਕਰੋੜ ਦੇ ਕਰੀਬ ਤੇ ਮੌਤਾਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਹੈ। ਸਾਡੇ ਕੋਲ ਗਿਆਰਾਂ ਹਜ਼ਾਰ ਦੀ ਅਬਾਦੀ ਮਗਰ ਇੱਕ ਡਾਕਟਰ ਹੈ ਜਦਕਿ ਲੋੜ ਇੱਕ ਹਜ਼ਾਰ ਦੀ ਅਬਾਦੀ ਮਗਰ ਇੱਕ ਡਾਕਟਰ ਦੀ ਹੈ ਤੇ ਸਿਹਤ ਸਹੂਲਤਾਂ ਬਾਰੇ ਵੀ ਆਪਾਂ ਜਾਣਦੇ ਹੀ ਹਾਂ। ਪਰ ਇਸਦੇ ਬਾਵਜੂਦ ਕੋਰੋਨਾ ਪੀੜਤ ਅੱਧੇ ਲੱਖ ਦੇ ਕਰੀਬ ਤੇ ਮੌਤਾਂ ਸਤਾਰਾਂ ਸੌ ਦੇ ਕਰੀਬ। ਇਸ ਲਈ ਭਾਰਤ ਦਾ ਹਰ ਬਸ਼ਰ ਵਧਾਈ ਤੇ ਸ਼ਾਲਘਾ ਦਾ ਪਾਤਰ ਹੈ।
ਚੰਦ ਕੁ ਮਹੀਨੇ ਤਾਂ ਸਾਰੇ ਵਖਰੇਵੇਂ, ਮੱਤ-ਭੇਦ, ਗਿਲੇ-ਸ਼ਿਕਵੇ ਅਤੇ ਨਿੱਜੀ ਹਿਤ ਭੁੱਲ-ਭੁੱਲਾ ਕੇ ਮੁਲਕ ਦੀ ਹਰ ਰਾਜਨੀਤਿਕ ਧਿਰ ਇੱਕ ਜੁੱਟ ਤੇ ਇੱਕ-ਮੁੱਠ ਹੋ ਕੇ, ਮੋਢੇ ਨਾਲ ਮੋਢਾ ਮੇਚ ਕੇ ਕੋਰੋਨਾ ਵਰਗੀ ਸੰਕਟਮਈ ਸਥਿਤੀ ਨਾਲ ਨਜਿੱਠਦੀ ਤੇ ਲੋਕ-ਹਿਤ ਵਿੱਚ ਕਾਰਜ ਕਰਦੀ ਨਜ਼ਰ ਆਈ, ਖੁਸ਼ੀ ਵੀ ਹੋਈ ਤੇ ਤਸੱਲੀ ਵੀ। ਸਮਾਜ ਦੇ ਹਰ ਵਰਗ ਸਮੇਤ ਰਾਜਨੀਤਿਕ ਮਿੱਤਰ ਵੀ ਇੱਕ ਸੁਰ ਤੇ ਇੱਕ ਅਵਾਜ਼ ਵਿੱਚ ਇਸ ਬਿਪਤਾ ਤੋਂ ਨਿਜ਼ਾਤ ਪਾਉਣ ਦੀ ਗੱਲ ਕਰ ਰਹੇ ਹਨ, ਯਤਨ ਕਰ ਰਹੇ ਹਨ। ਪਰ ਪਿਛਲੇ ਕੁਝ ਹਫਤਿਆਂ ਤੋਂ ਰਾਜਨੀਤਿਕ ਫਾਇਦੇ ਦੇ ਇੱਛਾ ਕਾਰਣ ਘੁੱਤਰ-ਬਿੰਦੀਆਂ ਤੇ ਤਿਕੜਮਬਾਜ਼ੀਆਂ ਦਾ ਸਿਲਸਲਾ ਫੇਰ ਸ਼ੁਰੂ ਹੋ ਗਿਆ। ਰਾਸ਼ਣ ਦੇ ਪੈਕਟਾਂ ਉੱਪਰ ਫੋਟੋਆਂ ਚਪਕਾਉਣ ਦਾ ਸਿਲਸਿਲਾ। ਕੋਰੋਨਾ ਨੂੰ ਧਰਮਾਂ, ਫਿਰਕਿਆਂ, ਜਾਤਾਂ ਤੇ ਜਮਾਤਾਂ ਵਿੱਚ ਵੰਡਣ ਦਾ ਸਿਲਸਿਲਾ। ਦੂਸ਼ਣਬਾਜ਼ੀਆ ਦਾ ਸਿਲਸਿਲਾ। ਰਾਜਨੀਤਿਕ ਨਫ਼ੇ-ਨੁਕਸਾਨ ਦੇ ਮੱਦੇਨਜ਼ਰ ਬਿਆਨਬਾਜ਼ੀਆਂ ਤੇ ਤੋਹਮਤਬਾਜ਼ੀਆਂ ਦਾ ਸਿਲਸਿਲਾ। ਇਸ ਸੰਕਟ ਵਿੱਚੋਂ ਵੀ ਸੱਤਾ ਹਾਸਿਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸਿਲਸਿਲਾ।
ਰਾਜਨੀਤਿਕ ਧਿਰਾਂ ਦੀ ਸੱਤਾ ਪ੍ਰਾਪਤੀ ਦੀ ਲਾਲਸਾ ਕੋਈ ਮਾੜੀ ਗੱਲ ਨਹੀਂ, ਨਾ ਹੀ ਅਣਹੋਣੀ ਇੱਛਾ ਹੈ ਪਰ ਕੁਰਸੀ ਖਾਤਿਰ ਸਭ ਇਖ਼ਲਾਕੀ ਨਿਘਾਰ ਦੀਆਂ ਹੱਦਾਂ-ਬੰਨੇ ਟੱਪ ਜਾਣਾ ਮੰਦਭਾਗਾ ਤੇ ਅਫਸੋਸਨਾਕ ਹੈ। ਹਰ ਰਾਜ ਦੀ ਨੀਤੀ ਹੁੰਦੀ ਹੈ, ਹੋਣੀ ਚਾਹੀਦੀ ਵੀ ਹੈ। ਕਿਸੇ ਵੀ ਰਾਜ ਦੀ ਮੁੱਢਲੀ ਤੇ ਅਹਿਮ ਲੋੜ/ਸ਼ਰਤ ਲੋਕ ਹਨ। ਜੇ ਲੋਕ ਹੀ ਇਸ ਬਿਪਤਾ ਨੇ ਡਕਾਰ ਲਏ, ਜੇ ਵੋਟਾਂ ਹੀ ਕੋਰੋਨਾ ਦੀ ਬਲੀ ਚੜ੍ਹ ਗਈਆਂ ਤਾਂ ਇਹ ਰਾਜਨੀਤੀ ਦੇ ਖਿਲਾੜੀ ਰਾਜਨੀਤੀ ਕਿਨ੍ਹਾਂ ਉੱਪਰ ਅਤੇ ਕਿਸ ਲਈ ਕਰਨਗੇ। ਜੇ ਜ਼ੁਲਮ ਸਹਿਣ ਵਾਲੇ ਹੀ ਨਾ ਬਚੇ ਤਾਂ ਜ਼ੁਲਮ ਹੋਊ ਕਿਨ੍ਹਾਂ ਉੱਪਰ। ਜੇ ਗ਼ਰੀਬ ਹੀ ਨਾ ਰਹੇ ਤਾਂ ਅਮੀਰ ਆਪਣੀ ਅਮੀਰੀ ਦੀ ਧੌਂਸ ਕਿਨ੍ਹਾਂ ਉੱਪਰ ਜਮਾਉਣਗੇ। ਜੇ ਝੁੱਗੀਆਂ ਹੀ ਨਾ ਰਹੀਆਂ ਤਾਂ ਮਹਿਲਾਂ ਨੂੰ ਆਪਣੇ ਉੱਚੇ ਅਤੇ ਬੁਲੰਦ ਮਿਨਾਰਾਂ ਦਾ ਅਹਿਸਾਸ ਕਿਵੇਂ ਹੋਵੇਗਾ? ਜੇ ਸਰੀਰ ਨਾਲੋਂ ਹੱਥ ਅਤੇ ਪੈਰ ਹੀ ਵੱਖ ਹੋ ਗਏ ਤਾਂ ਸਰੀਰ ਬੱਚੇਗਾ ਕਿਵੇਂ?
ਰਹੀ ਗੱਲ ਕੋਰੋਨਾ ਦੀ, ਇਸ ਨੂੰ ਹੋਰਨਾਂ ਵਾਇਰਸਾ ਵਾਂਗ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਕੇ ਆਪਣੀ ਜਿਊਣ ਸ਼ੈਲੀ ਅਤੇ ਸੁਭਾਅ ਵਿੱਚ ਤਬਦੀਲੀ ਲਿਆਉਣੀ ਪਊ। ਲੜ ਰਿਹਾਂ ਬਾਰੇ ਕਿਹਾ ਜਾਂਦਾ ਹੈ, “ਦੇਖ ਤਾਂ ਕਿਵੇਂ ਗੁੰਥਮ-ਗੁੱਥਾ ਹੋਏ ਨੇ।” ਹੁਣ ਆਪਾਂ ਨੂੰ ਗੁੰਥਮ-ਗੁੱਥਾ ਹੋਣ ਤੋਂ ਗੁਰੇਜ਼ ਕਰਨਾ ਪਊ। ਲੜਨ ਦੇ ਹੋਰ ਢੰਗ ਤਰੀਕੇ ਸੋਚਣੇ/ਖੋਜਣੇ ਪੈਣਗੇ। ਹੁਣ ਸਾਨੂੰ ਆਪਣੇ ਮਿੱਤਰ-ਪਿਆਰੇ ਨਾਲ ਗਰਮ-ਜੋਸ਼ੀ ਨਾਲ ਗਲਵਕੜੀ/ਜੱਫੀ ਪਾਕੇ ਮਿਲਣ ਲੱਗੇ ਵੀ ਕਈ ਵਾਰ ਸੋਚਣਾ ਪਊ। ਹੋਰ ਤਾਂ ਹੋਰ ਬਦ-ਦੁਆਵਾਂ ਵਿੱਚ ਵੀ ਇੱਕ ਹੋਰ ਬਦ-ਦੁਆ ਦਾ ਇਜ਼ਾਫਾ ਹੋ ਗਿਆ।”ਤੈਨੂੰ ਚਿੰਬੜ ਜੇ ਕੋਰੋਨਾ।”
ਆਪਣਾ ਮੁਲਕ, ਆਪਣੀ ਸਰਜ਼ਮੀਨ ਛੱਡ ਸਰਦੇ-ਪੁੱਜਦੇ ਮੁਲਕਾਂ ਵਿੱਚ ਰੈਣ-ਬਸੇਰਾ ਪਹਿਲਾਂ ਸਾਡੀ ਇੱਛਾ ਸੀ, ਲਲਕ ਸੀ, ਪਰ ਹੁਣ ਹਾਬੜ ਹੈ। ਹੁਣ ਜਦ ਕੋਰੋਨਾ ਵਰਗੀ ਵਿਗੜੀ ਹੋਈ ਤੇ ਬੇਕਾਬੂ ਸ਼ੈਅ ਨੇ ਰੱਜੀ-ਪੱਜੀ, ਸੁਖ-ਸਹੂਲਤਾਂ ਵਾਲੀ, ਜਿਸਦਾ ਹੰਕਾਰ ਤੇ ਗੁੱਸਾ ਹਮੇਸ਼ਾ ਸੱਤਵੇਂ ਅਸਮਾਨ ਰਹਿੰਦਾ, ਆਪਣੇ ਤੋਂ ਬਿਨਾਂ ਹੋਰ ਕਿਸੇ ਨੂੰ ਟਿੱਚ ਨਾ ਜਾਨਣ ਵਾਲੀ ਮਤਰੇਈ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ, ਚੀਕਾਂ ਕੱਢਵਾ ਦਿੱਤੀਆਂ ਹਨ ਪਰ ਸਾਡੀ ਗਰੀਬੜੀ ਸਕੀ ਮਾਂ ਨੇ ਆਪਣੇ ਬੱਚਿਆਂ ਨੂੰ, ਆਪਣੀ ਔਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਇਸ ਤਰ੍ਹਾਂ ਹਿਫ਼ਾਜ਼ਤ ਕੀਤੀ, ਜਿਵੇਂ ਚਿੜੀ ਆਪਣੇ ਨਿੱਕੇ ਮਾਸੂਮ ਬੋਟਾਂ ਨੂੰ ਆਪਣੇ ਖੰਭਾਂ ਹੇਠ ਛੁਪਾ ਕੇ ਕਰਦੀ ਹੈ। ਪਰ ਆਪਣੀ ਮਾਂ ਦੀ ਬੁੱਕਲ ਵਿੱਚ ਸਾਡਾ ਦਮ ਘੁੱਟ ਰਿਹਾ ਹੈ, ਉਕਤਾ ਗਏ ਹਾਂ ਅਸੀਂ ਆਪਣੀ ਮਾਂ ਦੇ ਨਿੱਘ ਤੋਂ। ਅਸੀਂ ਮਾਂ ਨੂੰ ਅਲਵਿਦਾ ਕਹਿ ਕੇ ਮਤਰੇਈ ਦੇ ਨੇੜੇ ਹੋਣ ਦੇ ਯਤਨ ਕਰਨ ਲੱਗ ਪਏ। ਮਤਰੇਈ ਸਜੀ-ਫੱਬੀ ਤੇ ਇੱਤਰ-ਫਲੇਲਾਂ ਦੀ ਮਹਿਕਾਂ ਬਿਖੇਰ ਰਹੀ ਹੈ, ਰੱਜੀ-ਪੁੱਜੀ ਹੈ। ਅਸੀਂ ਆਪਣੀਆਂ ਕੱਚੀਆਂ ਛੱਡਕੇ ਪੱਕੀਆਂ ਨਾਲ ਮੋਹ ਪਾਲ ਰਹੇ ਹਾਂ। ਰੁੱਖੀ-ਮਿੱਸੀ ਛੱਡ ਚੋਪੜੀਆਂ ਲਈ ਰਾਲ਼ਾਂ ਟਪਕਾ ਰਹੇ ਹਾਂ। ਸੰਸਾਰ ਪੱਧਰ ਉੱਪਰ ਇੰਨਾ ਕੁਝ ਵਾਪਰਨ/ਘਟਨ ਤੋਂ ਬਾਅਦ ਹੁਣ ਵੇਖਣਾ ਇਹ ਹੈ ਕਿ ਸਾਡੀ ਮਤਰੇਈ ਦੇ ਘਨੇੜੇ ਚੜ੍ਹਣ ਦੀ ਹਾਬੜ ਰਹਿੰਦੀ ਹੈ, ਜਾਂ ...।
ਜੇ ਆਪਾਂ ਇਸ ਖੁਸ਼ਫਹਿਮੀ ਵਿੱਚ ਹੋਈਏ ਕਿ ਕੋਰੋਨਾ ਦਾ ਮੁਕਮੰਲ ਰੂਪ ਵਿੱਚ ਖਾਤਮਾ ਹੋ ਜਾਵੇਗਾ ਤਾਂ ਆਪਾਂ ਸਾਰੇ ਹੀ ਸੁਪਨ ਸੰਸਾਰ ਵਿੱਚ ਰਹਿ ਰਹੇ ਹੋਵਾਂਗੇ। ਇਹ ਕੋਈ ਚੱਲ ਰਿਹਾ ਟੀ.ਵੀ. ਨਹੀਂ ਜੋ ਰਿਮੋਟ ਨਾਲ ਬੰਦ ਹੋ ਜਾਵੇਗਾ। ਨਾ ਹੀ ਪਾਣੀ ਦੀ ਟੂਟੀ ਹੈ ਜਿਹੜੀ ਬੰਦ ਹੋ ਸਕਦੀ ਹੈ। ਤੇ ਨਾ ਹੀ ਲਾਕਡਾਊਨ ਤੇ ਕਰਫਿਊ ਹੀ ਲੰਮਾ ਸਮਾਂ ਲਗਾ ਕੇ ਸਰਨਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਨੇ ਵੀ ਜਿੱਥੋਂ ਤਕ ਹੋ ਸਕਿਆ, ਆਪਣਾ ਫਰਜ਼ ਪੂਰਾ ਕੀਤਾ। ਹੁਣ ਜ਼ਰੂਰਤ ਹੈ ਆਪਾਂ ਨੂੰ ਆਪਣੇ ਇਨਸਾਨੀ ਫਰਜ਼ ਅਤੇ ਜ਼ਿੰਮੇਵਾਰੀ ਸਮਝਣ ਦੀ। ਹੁਣ ਜ਼ਰੂਰਤ ਹੈ ਤਰਜ਼ੇ-ਏ-ਜ਼ਿੰਦਗੀ ਵਿੱਚ ਬਦਾਲਅ ਦੀ। ਹੁਣ ਜ਼ਰੂਰਤ ਹੈ ਕਲਮਾਂ ਅਤੇ ਅਕਲਾਂ ਆਪਣੀਆਂ ਕਿਰਤਾਂ ਰਾਹੀਂ ਕੋਰੋਨਾ ਵਰਗੀ ਸੰਕਟਮਈ ਤੇ ਦਮ ਘੁੱਟਵੇਂ ਮਾਹੌਲ ਨੂੰ ਸਹਿਜਤਾ ਨਾਲ ਲੈਣ ਲਈ ਅਵਾਮ ਨੂੰ ਜ਼ਹਿਨੀ ਤੌਰ ਉੱਪਰ ਤਿਅਰ ਕਰਨ। ਹੁਣ ਜ਼ਰੂਰਤ ਹੈ ਮਨੁੱਖ ਵੱਲੋਂ ਆਪ ਸਹੇੜੇ ਇਸ ਮਾਹੌਲ ਵਿੱਚ ਜਿਊਂਣ ਦੀ ਆਦਤ ਪਾਉਣ ਦੀ। ਹੁਣ ਜ਼ਰੂਰਤ ਹੈ ਆਪਣੀ, ਆਪਣੇ ਪਰਿਵਾਰ ਦੀ, ਆਲੇ-ਦੁਆਲੇ ਦੀ ਅਤੇ ਆਪਣੇ ਮੁਲਕ ਦੀ ਹਿਫਾਜ਼ਤ ਖੁਦ ਕਰਨ ਦੀ। ਹੁਣ ਜ਼ਰੂਰਤ ਮਰੀਜ਼ ਨਾਲ ਲੜਨ ਦੀ ਨਹੀਂ, ਮਰਜ਼ ਨਾਲ ਲੜਨ ਦੀ ਹੈ। ਲੋੜ ਹੈ ਆਪਣੇ ਆਪ ਉੱਪਰ, ਆਪਣੇ ਮੁਲਕ ਉੱਪਰ, ਆਪਣੀ ਸਰਜ਼ਮੀਨ ਉੱਪਰ ਭਰੋਸਾ ਕਰਨ ਦੀ, ਮਾਣ ਕਰਨ ਦੀ। ਲੋੜ ਆਪਣੇ ਲੋਕਾਂ ਲਈ ਜਿਊਣ ਦੀ ਹੈ, ਆਪਣਿਆਂ ਲਈ ਮਰਨ ਦੀ ਹੈ, ਕੁਝ ਕਰ ਗੁਜ਼ਰਨ ਦੀ ਹੈ।
ਸਰਬੱਤ ਦਾ ਭਲਾ ਚਾਹੁਣ ਵਾਲੀਆਂ ਸੰਸਾਰ ਭਰ ਦੀਆਂ ਰਾਜਨੀਤਿਕ, ਧਾਰਿਮਕ, ਸਮਾਜਿਕ ਅਤੇ ਬੁੱਧੀਜੀਵੀ ਧਿਰਾਂ ਸਭ ਹੱਦ-ਬੰਨੇ, ਭੇਦ-ਭਾਵ, ਨਫ਼ੇ-ਨੁਕਸਾਨ ਤੇ ਵੈਰ-ਵਿਰੋਧ ਤੋਂ ਉੱਪਰ ਉੱਠ ਕੇ, ਹਰ ਕਿਸਮ ਦੇ ਰਾਜਨੀਤਿਕ ਹਿਤਾਂ ਨੂੰ ਪਰਾਂ ਰੱਖਕੇ ਜੇ ਇਕੱਠੇ ਹੋ ਕੇ ਪੂਰੀ ਸ਼ਕਤੀ, ਪੂਰੀ ਸ਼ਿੱਦਤ, ਇਮਾਨਦਾਰੀ ਤੇ ਦਿਆਨਤਦਾਰੀ ਨਾਲ ਹੰਭਲਾ ਮਾਰਨ ਤਾਂ ਕੋਰੋਨਾ ਵਰਗੀਆਂ ਬਿਮਾਰੀਆ ਤਾਂ ਕੀ ਦੁਨੀਆਂ ਦੀ ਹਰ ਦਿੱਕਤ, ਹਰ ਦੁਸ਼ਵਾਰੀ, ਹਰ ਔਕੜ, ਹਰ ਸੰਕਟ ਦੂਰ ਹੋ ਸਕਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2126)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)