“ਤੀਸਰੇ ਅਤੇ ਅੰਤਿਮ ਪੜਾ ਦੌਰਾਨ ਨਾਨਕ ਸਿੰਘ ਦੀ ਜਲ੍ਹਿਆਂਵਾਲਾ ਬਾਗ ਬਾਰੇ ਕਾਵਿ-ਰਚਨਾ ...”
(13 ਅਪ੍ਰੈਲ 2019)
13 ਅਪ੍ਰੈਲ 1919 - 13ਅਪ੍ਰੈਲ 2019
ਇਪਟਾ ਪੰਜਾਬ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਨਮਨ, ਵਿਚਾਰ-ਚਰਚਾ, ਪੁਸਤਕ “ਇਪਟਾ ਤੇ ਅਮਨ ਲਹਿਰ ਦਾ ਇਤਿਹਾਸ” ਦਾ ਲੋਕ ਅਰਪਣ ਅਤੇ ਨਾਟਕ “ਖੂਨੀ ਵਿਸਾਖੀ” ਦਾ ਮੰਚਨ।
13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਨਮਨ ਕਰਨ ਤੇ ਅਜੋਕੇ - ਖਾਓ-ਪਿਓ ਐਸ਼ ਕਰੋ ਮਿੱਤਰੋ - ਦੇ ਯੁੱਗ ਦੀ ਪ੍ਰਸੰਗਤਾ ਵਿੱਚ ਮੁੜ ਚੇਤੇ ਕਰਨ ਦੇ ਮਕਸਦ ਦੇ ਮੱਦੇਨਜ਼ਰ ਇਪਟਾ, ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਵਿਰਸਾ ਵਿਹਾਰ ਕੇਂਦਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ। ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਇੱਕ ਰੋਜ਼ਾ ਸ਼ਰਧਾਜਲੀ ਸਮਾਗਮ ਦਾ ਆਗ਼ਾਜ਼ ਮੁਲਕ ਨੂੰ ਅਜ਼ਾਦ ਫਿਜ਼ਾ ਪ੍ਰਦਾਨ ਕਰਨ ਲਈ ਆਪਾ ਵਾਰਣ ਵਾਲੇ ਸਿਰ-ਲੱਥ ਯੋਧਿਆਂ ਨੂੰ ਚੇਤੇ ਕਰਦੇ ਤਰਾਨਿਆਂ ਅਤੇ ਸ਼ਰਧਾ-ਭਾਵ ਭੇਂਟ ਕਰਨ ਉਪਰੰਤ ਇਪਟਾ ਦੇ ਕਾਰਕੁਨਾਂ ਅਤੇ ਆਮ ਲੋਕਾਂ ਵੱਲੋਂ ਸ਼ਹੀਦੀ ਸਮਾਰਕ ਉੱਪਰ ਸ਼ਰਧਾ-ਸੁਮਨ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਕੇਸ਼ ਵੇਦਾ, ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਸਵਰਣ ਸੰਧੂ, ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਦੀ ਅਗਵਾਈ ਅਦਾ ਕੀਤੇ।
ਬਾਅਦ ਦੁਪਹਿਰ ਦੂਸਰੇ ਪੜਾ ’ਤੇ ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਸਬੰਧ ਵਿੱਚ ਵਿਚਾਰ-ਚਰਚਾ ਦੌਰਾਨ ਡਾ. ਸ਼ਾਮ ਸੁੰਦਰ ਦੀਪਤੀ ਨੇ ਆਪਣਾ ਪਰਚਾ ਪੇਸ਼ ਕਰਦੇ ਕਿਹਾ, “13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਅੰਗੇਰਜ਼ ਹਕੁਮਤ ਦੇ ਕਫਨ ਵਿੱਚ ਆਖਰੀ ਕਿੱਲ ਸਾਬਿਤ ਹੋਇਆ ਸੀ। ਇਸ ਖੂਨੀ ਸਾਕੇ ਨੇ ਅਜ਼ਾਦੀ ਰੂਪੀ ਬਲਦੀ ਅੱਗ ਉੱਪਰ ਤੇਲ ਦਾ ਕੰਮ ਕੀਤਾ ਅਤੇ ਭਾਂਬੜ ਬਣਾਇਆ। ਪਰ ਅੱਜ ਬੇਗੁਨਾਹਾਂ ਦੇ ਖੂਨ ਨਾਲ ਲੱਥ-ਪੱਥ ਧਰਤੀ ਸਾਡੇ ਲਈ ਮੌਜ-ਮੇਲੇ ਦਾ ਸਥਾਨ ਬਣ ਗਈ ਹੈ, ਸੈਲਫੀਆਂ ਖਿੱਚਣ, ਕ੍ਰਿਕਟ ਖੇਡਣ ਅਤੇ ਪੀਜੇ ਬਰਗਰ ਖਾਣ ਦਾ ਠਿਕਾਣਾ।
ਮੋਗੇ ਤੋਂ ਵਿੱਕੀ ਮਹੇਸ਼ਵਰੀ ਨੇ ਪਰਚੇ ਉੱਪਰ ਬਹਿਸ ਦਾ ਅਗ਼ਾਜ਼ ਕਰਦੇ ਕਿਹਾ ਕਿ ਸ਼ਹੀਦੀ ਸਾਡਾ ਸਰਮਾਇਆ ਅਤੇ ਵਿਰਾਸਤ ਹਨ। ਸ਼ਹੀਦਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਗਾਂਹ ਤੋਰਦੇ ਹੋਏ ਵਤਨ ਲਈ ਆਪਾ ਕੁਰਬਾਨ ਕਰਨ ਵਾਲੇ ਸੂਰਬੀਰਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਪਰਮ-ਧਰਮ ਹੈ। ਇਸ ਦੌਰਾਨ ਇਪਟਾ ਦੇ ਕਾਰਕੁਨਾਂ ਸਵਰਣ ਸਿੰਘ ਸੰਧੂ, ਦਲਜੀਤ ਸੋਨਾ, ਯਾਸਮੀਨ ਰੂਪੋਵਾਲੀ, ਅਨਮੋਲ ਰੂਪੋਵਾਲੀ ਅਤੇ ਇਪਟਾ ਮੋਗਾ ਦੀ ਟੀਮ ਨੇ ਦੇਸ਼ ਭਗਤੀ ਅਤੇ ਲੋਕਾਈ ਦੇ ਦੁੱਖ-ਦਰਦ ਦੀ ਬਾਤ ਪਾਉਂਦੀ ਗਾਇਕੀ ਵੀ ਪੇਸ਼ ਕੀਤੀ।
ਤੀਸਰੇ ਪੜਾ ’ਤੇ ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਰਚਿਤ ਅਤੇ ਪ੍ਰਸਿੱਧ ਲੇਖਕ ਗੁਰਬਚਨ ਭੁੱਲਰ ਦੀ ਦੇਖ-ਰੇਖ ਅਧੀਨ ਛਪੀ ਪੁਸਤਕ “ਇਪਟਾ ਤੇ ਅਮਨ ਲਹਿਰ ਦਾ ਇਤਿਹਾਸ” ਲੋਕ ਅਰਪਣ ਕਰਨ ਉਪਰੰਤ ਨਾਟ-ਕਰਮੀ ਡਾ. ਸਾਹਿਬ ਸਿੰਘ ਨੇ ਭਾਵ-ਪੂਰਤ ਅਤੇ ਸੁਖਾਲੀ ਜ਼ੁਬਾਨ ਵਿੱਚ ਪੁਸਤਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਇਪਟਾ, ਪੰਜਾਬ ਦਾ ਪੜ੍ਹਨ ਅਤੇ ਸਾਂਭਣਯੋਗ ਦਸਤਾਵੇਜ਼ ਹੈ। ਕਿਤਾਬ ਪੜ੍ਹਦੇ ਸਮੇਂ ਪੰਜਾਬ ਅੰਦਰ ਇਪਟਾ ਦੀਆਂ ਕਰੀਬ ਸੱਤ ਦਹਾਕਿਆਂ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਦਾ ਦਿਲਚਸਪ ਅਤੇ ਸੁਆਦਲਾ ਵਰਣਨ ਹੈ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੁੱਤਰ ਹਿਰਦੈਪਾਲ ਹੋਰਾਂ ਕਿਹਾ ਕਿ ਇਪਟਾ ਦਾ ਮੁੱਢ ਪੰਜਾਬ ਵਿੱਚ 1950 ਨੂੰ ਤੇਰਾ ਸਿੰਘ ਚੰਨ ਦੀ ਰਹਿਨੁਮਾਈ ਹੇਠ ਜਗਦੀਸ਼ ਫਰਿਆਦੀ, ਜੋਗਿੰਦਰ ਬਾਹਰਲਾ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਹੁਕਮ ਚੰਦ ਖਲੀਲੀ, ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸ ਪੁਰੀ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਪ੍ਰੀਤ ਮਾਨ, ਜਗਜੀਤ ਆਨੰਦ, ਸ਼ੀਲਾ ਦੀਦੀ, ਸ਼ੀਲਾ ਭਾਟੀਆ, ਓਮਾ, ਗੁਰਬਖਸ਼ ਸਿੰਘ, ਨਰਿੰਦਰ ਕੌਰ, ਓਰਮਿਲਾ ਆਨੰਦ ਹੋਰਾਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹਿਆ।
ਨਾਟ-ਕਰਮੀ ਅਤੇ ਇਪਟਾ ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਆਪਣੇ ਵਿਚਾਰ ਵਿਅਕਤ ਕਰਦੇ ਕਿਹਾ ਕਿ ਅੱਜ ਇਪਟਾ ਮੂਹਰੇ ਮਹਿੰਗੇ ਭਾਅ ਮਿਲੀ ਅਜ਼ਾਦੀ ਨੂੰ ਬਰਕਰਾਰ ਰੱਖਣ ਵਰਗੀ ਅਹਿਮ ਅਤੇ ਗੰਭੀਰ ਚਣੌਤੀ ਹੈ। ਉਨ੍ਹਾਂ ਕਿਹਾ ਪੁਰਾਣੇ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਕਿਸੇ ਵੀ ਮੁਲਕ ਨੂੰ ਆਪਣੇ ਅਧੀਨ ਕਰਨ ਲਈ ਉਸਦਾ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰਨਾ ਹੀ ਕਾਫੀ ਹੈ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਨਾਟ-ਕਰਮੀ ਕੇਵਲ ਧਾਲੀਵਾਲ ਨੇ ਕਿਹਾ ਕਿ ਇਪਟਾ ਦੀ ਇੱਕ ਅਮੀਰ ਪਰਪੰਰਾ ਹੈ। ਇਸਦੀ ਸਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਪੰਜਾਬ ਅਤੇ ਦੇਸ਼ ਭਰ ਵਿੱਚ ਮੰਚਨਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਵਿੱਚ ਇੱਕ ਸਿਫਤੀ ਅਤੇ ਇਨਕਾਲਬੀ ਤਬਦੀਲੀ ਲਿਆਂਦੀ। ਡਾ. ਪਰਮਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ 100 ਸਾਲ ਪਹਿਲਾਂ ਜਲ੍ਹਿਆਂਵਾਲੇ ਬਾਗ ਵਿਖੇ ਹੋਇਆ ਇਕੱਠ, ਵਿਸਾਖੀ ਦਾ ਤਿਓਹਾਰ ਮਨਾਉਣ ਲਈ ਕਿਸੇ ਤਰ੍ਹਾਂ ਦਾ ਮੇਲਾ ਨਹੀਂ ਸੀ। ਉਹ ਇੱਕ ਇਤਿਹਾਸਕ ਇਕੱਠ ਸੀ, ਜੋ ਭਾਰਤ ਦੀ ਅਜ਼ਾਦੀ ਲਈ ਚੱਲ ਰਹੇ ਸੰਗਰਾਮ ਅਤੇ ਅੰਗੇਰਜ਼ਾਂ ਦੀਆਂ ਵਧੀਕੀਆਂ ਅਤੇ ਜ਼ਿਆਦਤੀਆਂ ਦੇ ਖਿਲਾਫ ਰੋਹ ਦਾ ਪ੍ਰਗਟਾਵਾ ਕਰਦਾ ਇੱਕ ਅਹਿਮ ਜਲਸਾ ਸੀ। ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਨੂੰ ਅੱਜ ਮੁੜ ਕਲਮਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਨੂੰ ਆਪਣੀਆਂ ਕਲਮਾਂ, ਨਾਟਕਾਂ ਅਤੇ ਕਲਾ ਰਾਹੀਂ ਮੁੜ ਅਵਾਮ ਨੂੰ ਜਾਣੂ ਕਰਵਾਉਣ ਦੀ ਲੋੜ ਹੈ।
ਮੁੱਖ-ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਨੇ ਕਿਹਾ ਜਲਿਆਂਵਾਲੇ ਬਾਗ ਦੇ ਦੀਦਾਰ ਅਤੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਨਮਨ ਕਰਕੇ ਮੇਰੀ ਵਰ੍ਹਿਆਂ ਤੋਂ ਅਧੂਰੀ ਇੱਛਾ ਪੂਰੀ ਹੋ ਗਈ ਹੈ। ਅੱਜ ਵੀ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਲਈ ਲੋਕਾਂ ਦਾ ਸ਼ਰਧਾ-ਭਾਵ ਵੇਖਿਆ ਜਾ ਸਕਦਾ ਹੈ। ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਪਝੰਤਰ ਸਾਲ ਪਹਿਲਾਂ ਹੋਂਦ ਵਿੱਚ ਆਈ। ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ, ਬਲਕਿ ਲੋਕਾਂ ਲਈ ਹੈ। ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ, ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਵਿਰਸਾ ਵਿਹਾਰ ਕੇਂਦਰ ਦੇ ਸਕੱਤਰ ਰਮੇਸ਼ ਯਾਦਵ ਨੇ ਇਪਟਾ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਚੇਤੇ ਕਰਦੇ ਅਤੇ ਲੋਕਾਈ ਨੂੰ ਪ੍ਰਣਾਏ ਸਮਾਗਮਾਂ ਲਈ ਵਿਰਸਾ ਵਿਹਾਰ ਕੇਂਦਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਤੀਸਰੇ ਅਤੇ ਅੰਤਿਮ ਪੜਾ ਦੌਰਾਨ ਨਾਨਕ ਸਿੰਘ ਦੀ ਜਲ੍ਹਿਆਂਵਾਲੇ ਬਾਗ ਬਾਰੇ ਕਾਵਿ-ਰਚਨਾ ’ਤੇ ਅਧਾਰਿਤ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ “ਖੂਨੀ ਵਿਸਾਖੀ” ਨੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਸਾਕਾਰ ਕਰਕੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਹਰ ਅਦਾਕਾਰ ਦੀ ਅਦਾਕਾਰੀ, ਰੌਸ਼ਨੀ ਵਿਊਂਤ, ਮੰਚ ਸਜਾ, ਪਹਿਰਾਵੇ ਅਤੇ ਢੁੱਕਵੇਂ ਗੀਤ-ਸੰਗੀਤ ਨੇ ਨਾਟਕ ਦੇ ਪ੍ਰਭਾਵ ਨੂੰ ਤਿੱਖਾ ਕਰਨ ਵਿੱਚ ਯੋਗਦਾਨ ਪਾਇਆ।
ਇਸ ਦੌਰਾਨ ਆਰ.ਸੀ.ਐਫ. ਕਪੂਰਥਲਾ ਤੋਂ ਕਸ਼ਮੀਰੀ ਲਾਲ ਅਤੇ ਸਰਬਜੀਤ ਰੂਪੋਵਾਲੀ, ਤਰਕਸ਼ੀਲ ਆਗੂ ਸੁਮੀਤ ਸਿੰਘ, ਭੁਪਿੰਦਰ ਸੰਧੂ, ਇਪਟਾ ਦੀ ਅਮ੍ਰਿਤਸਰ ਇਕਾਈ ਦੇ ਕਾਰਕੁਨ ਰਕੇਸ਼ ਹਾਂਡਾ, ਹਰੀਸ਼ ਕੈਲੇ, ਗੁਰਮੀਤ ਕੌਰ, ਲਾਡੀ ਤੇੜਾ, ਰੰਗਕਰਮੀ ਹਰਜਿੰਦਰ ਕੌਰ ਨੇ ਆਪਣੀ ਨਾਟ-ਟੋਲੀ ਸਮੇਤ ਸ਼ਿਰਕਤ ਕੀਤੀ।
ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਇੱਕ ਰੋਜ਼ਾ ਸ਼ਰਧਾਂਜਲੀ ਸਮਾਗਮ ਦੇ ਵੱਖ-ਵੱਖ ਪੜਾਵਾਂ ਦਾ ਮੰਚ ਸੰਚਾਲਨ ਇਪਟਾ, ਪੰਜਾਬ ਦੇ ਸਕੱਤਰ ਇੰਦਰਜੀਤ ਮੋਗਾ ਅਤੇ ਬਲਬੀਰ ਮੂਧਲ ਨੇ ਭਾਵ-ਪੂਰਤ ਅਤੇ ਦਿਲਚਸਪ ਅੰਦਾਜ਼ ਵਿੱਚ ਕੀਤਾ।
**
ਸੰਜੀਵਨ ਸਿੰਘ (ਜਨਰਲ ਸੱਕਤਰ, ਇਪਟਾ, ਪੰਜਾਬ)
*****