“ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿੱਚ ...”
(2 ਮਈ 2021)
ਕਲਮਕਾਰ/ਕਲਾਕਾਰ/ਫ਼ਨਕਾਰ ਹੋਣ ਦੀ ਮੁੱਢਲੀ ਸ਼ਰਤ ਹੈ ਉਹ ਵਿਅਕਤੀ ਸੰਵੇਦਨਸ਼ੀਲ ਹੋਵੇ। ਉਹ ਆਪਣੀ ਤਾਂ ਕੀ, ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਦਾ ਹੋਵੇ। ਆਪਣੀ ਤਾਂ ਕੀ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਦਾ ਹੋਵੇ। ਸਾਗਰ ਸਰਹੱਦੀ ਨੇ ਫਨਕਾਰ ਹੋਣ ਦੀ ਮੁੱਢਲੀ ਸ਼ਰਤ ਪੂਰੀ ਕਰਦੇ ਹੋਰ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ, ਮਨੁੱਖੀ ਪੀੜਾ ਨੂੰ ਖੁਦ ਦੀ ਪੀੜਾ ਸਮਝਿਆ ਤੇ ਆਪਣੀ ਲੇਖਣੀ ਜ਼ਰੀਏ ਲੋਕਾਈ ਦੇ ਦੁੱਖਾਂ-ਤਕਲੀਫਾਂ ਨੂੰ ਹਰਨ ਦਾ ਯਤਨ ਕੀਤਾ।
ਅਜ਼ਾਦੀ ਤੋਂ ਚੌਦਾਂ ਸਾਲ ਪਹਿਲਾਂ 1933 ਵਿੱਚ ਜੇਠ ਦੇ ਤਪਦੇ ਮਹੀਨੇ ਸਾਗਰ ਸਰੱਹਦੀ ਵਰਗੇ ਕੁੰਦਨ ਦਾ ਜਨਮ ਐਬਟਾਬਾਦ ਸ਼ਹਿਰ ਨੇੜੇ ਬੱਫਾ, ਵਿਖੇ ਪਿਤਾ ਥਾਨ ਸਿੰਘ ਤਲਵਾੜ ਤੇ ਮਾਤਾ ਪ੍ਰੇਮ ਦਾਈ ਦੇ ਘਰ ਹੋਇਆ। ਮਾਂ-ਪਿਓ ਨੇ ਉਨ੍ਹਾਂ ਦਾ ਨਾਂ ਗੰਗਾ ਸਾਗਰ ਰੱਖਿਆ ਪਰ ਸਰਹੱਦੀ ਸੂਬੇ ਨਾਲ ਸਬੰਧਤ ਹੋਣ ਕਰਕੇ ਗੰਗਾ ਸਾਗਰ ਨੇ ਆਪਣਾ ਨਾਂ ਸਾਗਰ ਸਰਹੱਦੀ ਰੱਖ ਲਿਆ।
ਦੇਸ਼ ਦੀ ਅਜ਼ਾਦੀ ਨੇ ਜਿੱਥੇ ਦੇਸ਼ ਵਾਸੀਆਂ ਅੰਦਰ ਜੋਸ਼, ਉਤਸ਼ਾਹ ਤੇ ਉਮੰਗ ਦਾ ਸੰਚਾਰ ਕੀਤਾ, ਉੱਥੇ ਹੀ ਭਾਰਤ ਦੇ ਜਿਸਮ ਉੱਪਰ ਲੀਕ ਵੀ ਵਾਹ ਦਿੱਤੀ। ਇਸ ਲੀਕ ਨੇ ਧਰਤੀ ਇਨਸਾਨੀ ਖੂਨ ਨਾਲ ਲੱਥ-ਪੱਥ ਕਰ ਦਿੱਤੀ। ਭਾਈ ਨੂੰ ਭਾਈ ਦੀ ਜਾਨ ਦਾ ਦੁਸ਼ਮਣ ਬਣਾ ਦਿੱਤਾ। ‘ਇੱਕ ਦੀ ਧੀ, ਸਾਰੇ ਪਿੰਡ ਦੀ ਧੀ’ ਦੀ ਸੋਚ ਨੂੰ ਮਧੋਲ ਕੇ ਰੱਖ ਦਿੱਤਾ। ਇਸ ਅਣ-ਮਨੁੱਖੀ ਵਰਤਾਰੇ ਨੇ ਸਾਗਰ ਸਰਹੱਦੀ ਦੀ ਰੂਹ ਵਲੂੰਦਰ ਕੇ ਰੱਖ ਦਿੱਤੀ। ਉਸ ਦੀ ਆਤਮਾ ਕੁਰਲਾ ਉੱਠੀ। ਆਪਣਾ-ਆਪਣਾ ਲੱਗਦਾ ਆਲਾ-ਦੁਆਲਾ, ਖੇਤ-ਖਲਿਆਣ ਰਾਤੋ-ਰਾਤ ਓਪਰੇ-ਓਪਰੇ, ਬੇਗ਼ਾਨੇ-ਬੇਗ਼ਾਨੇ ਜਾਪਣ ਲੱਗ ਪਏ। ਚਾਚੇ-ਤਾਏ, ਭਰਾ-ਭਰਜਾਈਆਂ, ਭਤੀਜੇ-ਭਤੀਜੀਆਂ ਪਲਾਂ ਵਿੱਚ ਹੀ ਹਿੰਦੂ-ਮੁਸਲਮਾਨ ਜਾਪਣ ਲੱਗ ਪਏ।
ਲੱਖਾਂ ਭਾਰਤੀਆਂ ਤੋਂ ਸ਼ਰਨਾਰਥੀ ਬਣੇ ਲੋਕਾਂ ਵਿੱਚ ਸਾਗਰ ਸਰਹੱਦੀ ਵੀ ਸ਼ੁਮਾਰ ਸੀ। ਇਨਸਾਨੀਅਤ ਵਿਰੋਧੀ ਤੱਤੀਆਂ ਹਵਾਵਾਂ ਦੇ ਥਪੇੜੇ ਸਹਿੰਦਿਆਂ ਸਰਹੱਦੀ ਨੇ ਪਹਿਲਾਂ ਦਿੱਲੀ ਤੇ ਫੇਰ ਬੰਬਈ ਨੂੰ ਆਪਣਾ ਟਿਕਾਣਾ ਬਣਾ ਲਿਆ। ਵੱਡੇ ਭਰਾ ਦੇ ਵੱਡੇ ਪਰਿਵਾਰ ਨਾਲ ਛੋਟੇ ਕਮਰੇ ਵਿੱਚ ਜਿਵੇਂ-ਕਿਵੇਂ ਸਾਗਰ ਸਰੱਹਦੀ ਜ਼ਿੰਦਗੀ ਤੋਰਨੀ ਸ਼ੁਰੂ ਕਰ ਦਿੱਤੀ।
ਮੁਲਕ ਦੀ ਵੰਡ ਦੌਰਾਨ ਸਰਹੱਦੀ ਦੇ ਜਿਸਮਾਨੀ ਫੱਟ ਤਾਂ ਭਾਵੇਂ ਸਮੇਂ ਨੇ ਭਰ ਦਿੱਤੇ ਪਰ ਰੂਹ ਦੇ ਜ਼ਖ਼ਮ ਸਾਰੀ ਉਮਰ ਨਾਸੂਰ ਬਣਕੇ ਰਿਸਦੇ ਰਹੇ। ਉਨ੍ਹਾਂ ਨੂੰ ਸਮਝ ਨਹੀਂ ਸੀ ਆਇਆ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਤੁਹਾਨੂੰ ਆਪਣੀ ਸਰਜ਼ਮੀਨ, ਆਪਣਾ ਘਰ-ਬਾਰ, ਆਪਣਾ ਪਿੰਡ ਛੱਡਣ ਲਈ ਮਜਬੂਰ ਕਰ ਦਿੰਦੀਆਂ ਹਨ। ਤੁਹਾਨੂੰ ਇਨਸਾਨ ਤੋਂ ਰਿਫਿਉਜ਼ੀ ਬਣਾ ਦਿੰਦੀਆਂ ਹਨ। ਸਾਗਰ ਸਰਹੱਦੀ ਸਾਰੀ ਉਮਰ ਉਜਾੜੇ ਦੇ ਦਰਦ ਨੂੰ ਭੁਲਾ ਨਹੀਂ ਸਕਿਆ। ਸਾਰੀ ਉਮਰ ਪਿੰਡ ਉਸ ਦੇ ਚੇਤਿਆਂ ਵਿੱਚ ਵਸਿਆ ਰਿਹਾ।
ਮਾਰਕਸਵਾਦੀਆਂ ਦੀ ਸੋਹਬਤ ਤੇ ਸੰਵੇਦਨਸ਼ੀਲਤਾ ਉਸ ਦਾ ਝੁਕਾਅ ਖੱਬੇ-ਪੱਖੀ ਵਿਚਾਰਧਾਰਾ ਵੱਲ ਕਰਨ ਵਿੱਚ ਸਹਾਈ ਹੁੰਦੀ ਹੈ। ਇਸੇ ਕਾਰਣ ਸਾਗਰ ਸਰਹੱਦੀ ਦੀ ਦਿਲਚਸਪੀ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਅਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਵੱਲ ਹੋਈ। ਇਹ 78 ਸਾਲ ਪਹਿਲਾਂ 1943 ਵਿੱਚ ਹਿੰਦੀ ਫਿਲਮੀ ਹਸਤੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਕੈਫ਼ੀ ਆਜ਼ਮੀ, ਬਲਰਾਜ ਸਾਹਨੀ ਦੇ ਯਤਨਾਂ ਸਦਕਾ ਹੋਂਦ ਵਿੱਚ ਆਈ।
ਇਪਟਾ ਦੇ ਕਲਾਵੇ ਵਿੱਚ ਨਰਗਿਸ ਦੱਤ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਹੇਮੰਤ ਕੁਮਾਰ, ਮੰਨਾ ਡੇ, ਏ.ਕੇ.ਹੰਗਲ, ਉਤਪਲਦੱਤ, ਦੁਰਗਾ ਖੋਟੇ, ਸੰਜੀਵ ਕੁਮਾਰ, ਭੀਸ਼ਮ ਸਾਹਨੀ, ਸ਼ਬਾਨਾ ਆਜ਼ਮੀ ਵਰਗੇ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫ਼ਨਕਾਰ ਵੀ ਆਏ।
ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ ਬਲਕਿ ਇਹ ਲੋਕਾਂ ਲਈ ਹੈ। ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਹੁਣ ਤਿੰਨ ਕਾਲੇ ਕਾਨੰਨਾਂ ਖ਼ਿਲਾਫ ਚੱਲ ਰਿਹਾ ਕਿਸਾਨ ਅੰਦੋਲਨ ਹੋਵੇ, ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਮੁਹਰਲੀ ਕਤਾਰ ਵਿੱਚ ਰਹਿ ਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਇਪਟਾ ਦੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਹਮੇਸ਼ਾ ਹੀ ਹਾਕਿਮ ਦੀ ‘ਜ਼ਰਾੱ-ਨਿਵਾਜ਼ੀ’ ਰਹੀ। ਚਾਹੇ ਉਹ ਹਾਕਿਮ ਵਿਦੇਸ਼ੀ ਹੋਵੇ ਚਾਹੇ ਦੇਸੀ।
ਆਮ ਤੌਰ ’ਤੇ ਇਹ ਗੱਲ ਪ੍ਰਚਲਿਤ ਹੈ ਕਿ ਸਰਸਵਤੀ ਤੇ ਲਕਸ਼ਮੀ ਦਾ ਕਦੇ ਮੇਲ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਕਲਮਕਾਰ/ਕਲਾਕਾਰ/ਫ਼ਨਕਾਰ ਦੀ ਜ਼ਿੰਦਗੀ ਫ਼ਾਕਿਆ ਅਤੇ ਤੰਗ-ਦਸਤੀਆਂ ਵਿੱਚ ਹੀ ਬੀਤਣੀ ਚਾਹੀਦੀ ਹੈ ਤਾਂ ਜੋ ਉਹ ਸਮਾਜ ਦੀ ਤੰਗੀਆਂ-ਤੁਰਸ਼ੀਆਂ, ਦੁੱਖਾਂ-ਤਕਲੀਫਾਂ ਤੇ ਦੁਸ਼ਵਾਰੀਆਂ ਦੀ ਬਾਤ ਵਧੇਰੇ ਸ਼ਿੱਦਤ ਨਾਲ ਪਾ ਸਕੇ। ਪਰ ਇੱਥੇ ਮੈਂ ਸ਼ਹੀਦ-ਏ-ਆਜ਼ਿਮ ਭਗਤ ਸਿੰਘ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਹਾਂ। ਭਗਤ ਸਿੰਘ ਇੱਕ ਖੁਸ਼ਹਾਲ ਤੇ ਸਾਧਨ ਸੰਪਨ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ-ਦੁਸ਼ਵਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਆਰਿਥਕ ਔਕੜ ਦਾ ਤਾਂ ਕਦੇ ਵੀ ਨਹੀਂ ਪਰ ਭਗਤ ਸਿੰਘ ਨੇ ਸਮਾਜ ਦੇ ਸ਼ੋਸ਼ਿਤ ਤੇ ਪੀੜਤ ਵਰਗ ਦਾ ਦਰਦ ਵੀ ਮਹਿਸੂਸ ਕੀਤਾ ਤੇ ਉਨ੍ਹਾਂ ਦੇ ਪੱਖ ਵਿੱਚ ਖੜ੍ਹੇ ਵੀ, ਲੜੇ ਵੀ। ਹੱਸਣ-ਖੇਡਣ ਦੀ ਅੱਲੜ੍ਹ ਉਮਰੇ ਆਪਣੇ ਦੇਸ਼ ਦੀ ਅਜ਼ਾਦੀ ਖਾਤਿਰ ਸ਼ਹਾਦਤ ਵੀ ਦਿੱਤੀ।
ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿੱਚ ਹਮੇਸ਼ਾ ਹੀ ਮੁੱਢਲੀ ਕਤਾਰ ਵਿੱਚ ਰਹਿ ਕੇ ਸੁਹਿਰਦਤਾ ਤੇ ਇਮਾਨਦਾਰੀ ਨਾਲ ਸਰਗਰਮ ਰਹੇ। ਉਨ੍ਹਾਂ ਨਾਟਕ ਲਿਖੇ ਤੇ ਨਿਰਦੇਸ਼ਿਤ ਵੀ ਕੀਤੇ। ਉਨ੍ਹਾਂ ਦੇ ਪ੍ਰਸਿੱਧ ਨਾਟਕ ਮੇਰੇ ਦੇਸ ਕੇ ਗਾਓਂ, ਖ਼ਿਆਲ ਕੀ ਦਸਤਕ, ਮਸੀਹਾ, ਮੈਂ ਆਸ਼ਾ ਹੋਤਾ ਹੂੰ, ਮਿਰਜ਼ਾ ਸਾਹਿਬਾ, ਭਗਤ ਸਿੰਘ ਕੀ ਵਾਪਸੀ, ਭੂਖੇ ਭਜਨ ਨਾ ਹੋਏ ਗੋਪਾਲਾ, ਅਸ਼ਫਾਕ ਉੱਲਾ ਅਤੇ ਰਾਜ ਦਰਬਾਰ, ਦੇਸ਼ ਭਰ ਵਿੱਚ ਇਪਟਾ ਤੇ ਹੋਰ ਨਾਟ-ਮੰਡਲੀਆਂ ਵੱਲੋਂ ਮੰਚਿਤ ਕੀਤੇ ਗਏ।
ਸਾਗਰ ਸਰਹਦੀ ਯਸ਼ ਚੋਪੜਾ ਦੀਆਂ ਫਿਲਮਾਂ ‘ਕਭੀ ਕਭੀ’, ‘ਸਿਲਸਿਲਾ’, ‘ਫਾਸਲੇ’ ਅਤੇ ‘ਚਾਂਦਨੀ’ ਵਰਗੀਆਂ ਪਿਆਰ ਦੀਆਂ ਗਾਥਾਵਾਂ ਵਿੱਚ ਆਪਣੇ ਸੰਵਾਦ ਅਤੇ ਸਕ੍ਰੀਨ ਪਲੇਅ ਲਈ ਮਸ਼ਹੂਰ ਹਨ। ਉਨ੍ਹਾਂ ਬਾਸੂ ਭੱਟਾਚਾਰੀਆ ਦੀ ਫਿਲਮ ‘ਅਨੁਭਵ’, ਰਾਜ ਕੰਵਰ ਦੀ ਫਿਲਮ ‘ਦੀਵਾਨਾ’ ਅਤੇ ਰਾਕੇਸ਼ ਰੌਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਇਲਾਵਾ ‘ਬਜ਼ਾਰ’, ‘ਨੂਰੀ’, ‘ਫਾਸਲ’, ‘ਜ਼ਿੰਦਗੀ’, ‘ਦੂਸਰਾ ਆਦਮੀ’, ‘ਅਨੁਭਵ’, ‘ਕਰਮਯੋਗੀ’ ਅਤੇ ‘ਚੌਸਰ’ ਲਈ ਵੀ ਸੰਵਾਦ ਲਿਖੇ ਪਰ ਉਹ ਹਮੇਸ਼ਾ ਲਈ ਯਸ਼ ਚੋਪੜਾ ਨਾਲ ਜੁੜੇ ਰਹਿਣ ਲਈ ਜਾਣਿਆ ਜਾਂਦਾ ਸੀ।
ਇਨ੍ਹਾਂ ਫਿਲਮਾਂ ਵਿੱਚ ਅਮਿਤਾਭ ਬੱਚਨ, ਸੁਨੀਲ ਦੱਤ, ਸ਼ਸ਼ੀ ਕਪੂਰ, ਵਿਨੋਦ ਖੰਨਾ, ਰਾਖੀ, ਰਿਸ਼ੀ ਕਪੂਰ, ਜਯਾ ਭਾਦੂੜੀ, ਰੇਖਾ, ਸ਼੍ਰੀ ਦੇਵੀ ਅਤੇ ਪੂਨਮ ਢਿੱਲੋਂ ਵਰਗੇ ਕਮਸ਼ਰੀਅਲ ਫਿਲਮਾਂ ਦੇ ਦਿੱਗਜ਼ ਕਲਾਕਾਰਾਂ ਨੇ ਵੀ ਅਦਕਾਰੀ ਦੇ ਜਲਵੇ ਬਿਖੇਰੇ ਅਤੇ ਯਥਾਰਥਵਾਦੀ ਫਿਲਮਾਂ ਵਿੱਚ ਨਾਮਣਾ ਖੱਟ ਚੁੱਕੇ ਨਸੀਰੂਦੀਨ ਸ਼ਾਹ, ਫਾਰੂਕ ਸ਼ੇਖ, ਦੀਪਤੀ ਨਵਲ, ਸਮਿਤਾ ਪਾਟਿਲ ਅਤੇ ਸੁਪਰੀਆ ਪਾਠਕ ਨੇ ਵੀ।
ਸਾਗਰ ਸਰਹੱਦੀ 1982 ਵਿੱਚ ਯਥਾਰਥਵਾਦੀ ਫਿਲਮ ‘ਬਜ਼ਾਰ’ ਰਾਹੀਂ ਨਾਲ ਡਾਇਰੈਕਟਰ ਬਣੇ। ਫਾਰੂਕ ਸ਼ੇਖ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ ਅਤੇ ਸੁਪਰੀਆ ਪਾਠਕ ਦੀ ਅਦਾਕਾਰੀ ਵਾਲੀ ਇਹ ਫਿਲਮ ਕਥਿਤ ਤੌਰ ’ਤੇ ਹੈਦਰਾਬਾਦ ਵਿੱਚ ਮੁਸਲਿਮ ਕੁੜੀਆਂ ਨੂੰ ਪੈਸੇ ਦੇ ਬਦਲੇ ਅਮੀਰ ਪਰਵਾਸੀਆਂ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਬਾਰੇ ਇੱਕ ਸੱਚੀ ਕਹਾਣੀ ’ਤੇ ਅਧਾਰਤ ਸੀ। ਫਿਲਮ ਦਾ ਸੰਗੀਤ ਅਤੇ ਗੀਤ ਵੀ ਕਾਫੀ ਚਰਚਿਤ ਹੋਏ। ਇਹ ਫਿਲਮ ਭਾਰਤ ਵਿੱਚ ਨਵੇਂ-ਯਥਾਰਥਵਾਦੀ ਸਿਨੇਮਾ ਦੀ ਇੱਕ ਵਿਸ਼ੇਸ਼ਤਾ ਵੀ ਮੰਨੀ ਗਈ ਅਤੇ ਕਲਾ ਫਿਲਮਾਂ ਦੇ ਨਾਲ-ਨਾਲ ਵਪਾਰਕ ਸਫਲਤਾ ਵੀ ਸੀ। ਬਦਕਿਸਮਤੀ ਨਾਲ, ਫਿਲਮ ਸਫਲ ਹੋਣ ਦੇ ਬਾਵਜੂਦ, ਸਰਹੱਦੀ ਇੱਕ ਫਿਲਮ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਕੈਰੀਅਰ ਬਣਾਉਣ ਵਿੱਚ ਸਫਲ ਨਹੀਂ ਹੋ ਸਕੇ।
ਸਾਗਰ ਸਰਹੱਦੀ ਨੇ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ ਅਤੇ ਮਾਰਕ ਜ਼ੁਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇ’ ਨਾਂ ਦੀ ਫਿਲਮ ਦੀ ਯੋਜਨਾ ਬਣਾਈ ਸੀ, ਪਰ ਫਿਲਮ ਬਣ ਨਹੀਂ ਸਕੀ। ਉਨ੍ਹਾਂ ‘ਬਾਜ਼ਾਰ’ ਦਾ ਸੀਕਵਲ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਆਪਣਾ ਸੁਪਨਾ ਸਾਕਾਰ ਹੁੰਦਾ ਨਹੀਂ ਵੇਖ ਸਕਿਆ। ਸਾਗਰ ਸਰਹੱਦੀ ਉਰਦੂ ਲੇਖਕ ਅਤੇ ਕਵੀ ਬਣਨ ਵਿੱਚ ਦਿਲਚਸਪੀ ਰੱਖਦਾ ਸੀ ਪਰ ਵਿੱਤੀ ਸੁਰੱਖਿਆ ਦੀ ਜ਼ਰੂਰਤ ਨੇ ਉਸਦਾ ਫਿਲਮਾਂ ਵੱਲ ਵਧੇਰੇ ਝੁਕਾਅ ਕਰ ਦਿੱਤਾ।
ਕਹਿੰਦੇ ਨੇ ਫਿਲਮ ਨਗਰੀ ਵਿੱਚ ਚੜ੍ਹਦੇ ਸੂਰਜ ਨੂੰ ਹੀ ਹਰ ਕੋਈ ਸਲਾਮ ਕਰਦਾ ਹੈ, ਡੁੱਬਦੇ ਵੱਲ ਸਾਰੇ ਪਿੱਠ ਕਰ ਲੈਂਦੇ ਹਨ। ਹਾਲਾਂਕਿ ਡੁੱਬਦੇ ਸੂਰਜ ਦੀ ਭਾਅ ਮਾਰਦੀ ਲਾਲੀ ਦੀ ਖੂਬਸੂਰਤੀ ਵੇਖਣ ਯੋਗ ਹੁੰਦੀ ਹੈ। ਪਰ ਕੁਦਰਤ ਨੂੰ ਨਿਹਾਰਨ, ਕੁਦਰਤ ਨਾਲ ਇੱਕ-ਮਿੱਕ ਹੋਣ ਦਾ ਵਕਤ ਕਿਸ ਕੋਲ ਹੈ, ਉਹ ਵੀ ਮੁੰਬਈ ਵਰਗੇ ਤੇਜ਼-ਰਫਤਾਰੀ ਸ਼ਹਿਰ ਵਿੱਚ। ਫਿਲਮ ਨਗਰੀ ਨਾਲ ਜੁੜੇ ਮਿੱਤਰ ਦੀ ਜਦ ਤੂਤੀ ਬੋਲਦੀ ਹੈ ਤਾਂ ਉਸ ਦੀਆਂ ਸ਼ਾਮਾਂ ਵੀ ਰੰਗੀਨ ਤੇ ਰਾਤਾਂ ਵੀ। ਜਦ ਤੂਤੀ ਬੋਲਣੀ ਬੰਦ ਹੋ ਜਾਂਦੀ ਹੈ ਫਿਰ ਸ਼ਾਮਾਂ, ਰਾਤਾਂ ਤਾਂ ਕੀ ਸਿਖਰ ਦੁਪਹਿਰੇ ਹੀ ਸੰਨਾਟਾ ਛਾਅ ਜਾਂਦਾ ਹੈ।
ਸਾਰੀ ਉਮਰ ਕਲਾ ਨੂੰ ਲੋਕਾਈ ਦੇ ਹਿਤਾਂ ਨੂੰ ਵਰਤਣ ਵਾਲੇ, ਲੋਕਾਂ ਦੇ ਹਿਤਾਂ ਨੂੰ ਪ੍ਰਣਾਏ ਹੋਏ, ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲੇ ਅਤੇ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਣ ਵਾਲੇ ਸਾਗਰ ਸਰਹੱਦੀ, ਜਿਨ੍ਹਾਂ ਫਿਲਮ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ, ਜਿਹੜੇ ਫਿਲਮ ਜਗਤ ਦੀਆਂ ਸਾਰੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਵਿਚਰੇ, ਕਈਆਂ ਨੂੰ ਸਥਾਪਤ ਕਰਨ ਵਿੱਚ ਵੀ ਇਮਦਾਦ ਕੀਤੀ, ਸਾਨੂੰ 22 ਮਾਰਚ (2021) ਨੂੰ ਅਲਵਿਦਾ ਆਖ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2746)
(ਸਰੋਕਾਰ ਨਾਲ ਸੰਪਰਕ ਲਈ: