“ਫਿਲਮ: ਅਸੀਸ ... ਤਕਰੀਬਨ ਹਰ ਕਲਾਕਾਰ ਆਪਣੇ ਕਿਰਦਾਰ ਵਿਚ ਇੱਕ-ਮਿੱਕ ਨਜ਼ਰ ਆਇਆ ...”
(3 ਅਗਸਤ 2018)
ਵੈਸੇ ਤਾਂ ਫਿਲਮ ਜਾਂ ਨਾਟਕ ਆਪਣੇ ਆਪ ਵਿਚ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਠਿਨ ਵਿਧਾ ਹੈ ਪਰ ਧਾਰਮਿਕ ਅਤੇ ਇਤਿਹਾਸਿਕ ਫਿਲਮ ਜਾਂ ਨਾਟਕ ਲਿਖਣਾ ਬਹੁਤ ਹੀ ਜੋਖ਼ਮ ਭਰਿਆ ਕਾਰਜ ਹੈ, ਤਲਵਾਰ ਦੀ ਧਾਰ ’ਤੇ ਤੁਰਨ ਸਮਾਨ ਹੈ। ਮੈਂਨੂੰ ਇਸ ਗੱਲ ਦਾ ਅਹਿਸਾਸ ਇਸ ਲਈ ਹੈ ਕਿਉਂਕਿ ਮੈਂ ਭਗਤ ਸਿੰਘ ਬਾਰੇ ਨਾਟਕ “ਸਰਦਾਰ”, ਬਾਬਾ ਦੀਪ ਸਿੰਘ ਬਾਰੇ ਨਾਟਕ “ਸਿਰ ਦੀਜੈ, ਕਾਣਿ ਨਾ ਕੀਜੈ” ਅਤੇ ਨਾਮਧਾਰੀ ਲਹਿਰ ਬਾਰੇ ਨਾਟਕ “ਮਸਤਾਨੇ” ਲਿਖੇ ਹਨ।
ਪਹਿਲਾਂ ਵੀ “ਨਾਨਕ ਨਾਮ ਜਹਾਜ਼ ਹੈ”, “ਨਾਨਕ ਦੁਖੀਆ ਸਭ ਸੰਸਾਰ”, “ਦੁੱਖ ਭੰਜਨ ਤੇਰਾ ਨਾਮ” ਆਦਿ ਧਾਰਮਿਕ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ ਪਰ ਜਿੰਨਾ ਵਿਵਾਦ “ਨਾਨਕ ਸ਼ਾਹ ਫਕੀਰ” ਫਿਲਮ ਬਾਰੇ ਪੈਦਾ ਹੋਇਆ ਹੈ, ਪਹਿਲਾਂ ਵੱਧ ਘੱਟ ਹੀ ਪੜ੍ਹਨ-ਸੁਣਨ ਨੂੰ ਮਿਲਿਆ ਹੈ। ਮੇਰੇ ਵਿਚਾਰ ਅਨੁਸਾਰ ਪਹਿਲਾਂ ਜਿਹੜੀਆਂ ਧਾਰਮਿਕ ਫਿਲਮਾਂ ਬਣੀਆਂ ਹਨ, ਸਾਡੇ ਗੁਰੂ ਸਾਹਿਬਾਨ ਬਾਰੇ ਨਾ ਹੋ ਕੇ ਉਨ੍ਹਾਂ ਦੀ ਕਹਾਣੀ ਇਕ ਸ਼ਰਧਾਵਾਨ ਪਰਿਵਾਰ ਨਾਲ ਵਾਪਰਦੀਆਂ ਘਟਨਾਵਾਂ ਦੇ ਇਰਦ-ਗਿਰਦ ਵਾਪਰਦੀ ਸੀ। “ਨਾਨਕ ਸ਼ਾਹ ਫਕੀਰ” ਅਤੇ “ਚਾਰ ਸਾਹਿਬਜ਼ਾਦੇ” ਗੁਰੂ ਨਾਨਕ ਦੇਵ ਜੀ ਅਤੇ ਸਾਹਿਜ਼ਾਦਿਆਂ ਦੇ ਜੀਵਨ ਨੂੰ ਵਿਅਕਤ ਕਰਦੀਆਂ ਫਿਲਮਾਂ ਹਨ। ਸਿੱਖ ਧਰਮ ਦੀ ਰਾਹਿਤ-ਮਰਿਆਦਾ ਮੁਤਾਬਿਕ ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਫਿਲਮਾਂ ਜਾਂ ਨਾਟਕਾਂ ਵਿਚ ਕੋਈ ਵੀ ਮਨੁੱਖ ਨਹੀਂ ਨਿਭਾ ਸਕਦਾ। “ਨਾਨਕ ਸ਼ਾਹ ਫਕੀਰ” ਫਿਲਮ ਵਿਚ ਗੁਰੂ ਨਾਨਕ ਦੇਵ ਦਾ ਕਿਰਦਾਰ ਭਾਵੇਂ ਐਨੀਮੈਟਿਡ ਵਿਧੀ ਰਾਹੀਂ ਫਿਲਮਾਇਆ ਗਿਆ ਹੈ, ਪਰ ਫੇਰ ਵੀ ਕਿਤੇ ਕਿਤੇ ਅਸਲ ਦਾ ਝਾਉਲਾ ਪੈਂਦਾ ਹੈ। “ਚਾਰ ਸਾਹਿਬਜ਼ਾਦੇ” ਫਿਲਮ ਬਿਨਾਂ ਕਿਸੇ ਵਾਦ-ਵਿਵਾਦ ਦੇ ਰਲੀਜ਼ ਵੀ ਹੋਈ ਅਤੇ ਚਰਚਿਤ ਵੀ। ਕਾਰਣ, ਸਾਰੇ ਦੇ ਸਾਰੇ ਕਿਰਦਾਰ ਐਨੀਮੈਟਿਡ ਵਿਧੀ ਨਾਲ ਫਿਲਮਾਉਣਾ ਹੈ।
ਤਕਰੀਬਨ ਡੇਢ ਦੋ ਸਾਲ ਪਹਿਲਾਂ ਫਿਲਮ “ਨਾਨਕ ਸ਼ਾਹ ਫਕੀਰ” ਕੁੱਝ ਥਾਵਾਂ ਦੇ ਰਲੀਜ਼ ਹੋ ਚੁੱਕੀ ਹੈ। ਉਦੋਂ ਮੈਂ ਇਹ ਫਿਲਮ ਵੇਖੀ ਸੀ। ਕੁਝ ਕਮੀਆਂ ਮੈਂ ਵੀ ਮਹਿਸੂਸ ਕੀਤੀਆਂ ਸਨ। ਸਭ ਤੋਂ ਪਹਿਲਾਂ ਤਾਂ ਗੁਰੁ ਨਾਨਕ ਦੇਵ ਦੀ ਦੇ ਪਿਤਾ ਮਹਿਤਾ ਕਾਲੂ ਅਤੇ ਭੈਣ ਬੇਬੇ ਨਾਨਕੀ ਆਦਿ ਦੇ ਕਿਰਦਾਰ ਕਲਾਕਰਾਂ ਵੱਲੋਂ ਅਦਾ ਕਰਨਾ ਮੈਂਨੂੰ ਅਟਪਟਾ ਲੱਗਿਆ ਸੀ। ਭਾਈ ਬਾਲਾ ਅਤੇ ਭਾਈ ਮਰਦਾਨਾ, ਦੋਵੇਂ ਗੁਰੂ ਨਾਨਕ ਦੇਵ ਜੀ ਨਾਲ ਲੰਮਾ ਸਮਾਂ ਰਹੇ। ਇਨ੍ਹਾਂ ਵਿੱਚੋਂ ਇਕ ਦਾ ਤਾਂ ਸਾਰੀ ਫਿਲਮ ਵਿਚ ਕਿਤੇ ਵੀ ਜ਼ਿਕਰ ਤੱਕ ਨਹੀਂ ਹੈ। ਇਹ ਆਪਣੇ ਆਪ ਵਿਚ ਵੱਡੀਆਂ ਕੁਤਾਹੀਆਂ ਕਹੀਆਂ ਜਾ ਸਕਦੀਆਂ ਹਨ। ਅਜਿਹੀਆਂ ਕੁਤਾਹੀਆਂ ਤੋਂ ਬਚਣਾ ਚਾਹੀਦਾ ਸੀ। ਕਿਸੇ ਵੀ ਸਮਾਜ ਦੇ ਧਾਰਿਮਕ ਜਾਂ ਇਤਿਹਾਸਕ ਪੱਖ ਨੂੰ ਉਜਾਗਰ ਕਰਨ ਤੋਂ ਪਹਿਲਾਂ ਹਰ ਪਹਿਲੂ ਅਤੇ ਪੱਖ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ।
ਧਰਮ ਅਤੇ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾਟਕ ਅਤੇ ਫਿਲਮਾਂ ਸਭ ਤੋਂ ਕਾਰਗਾਰ ਅਤੇ ਪ੍ਰਭਾਵਸ਼ਾਲੀ ਮਾਧਿਅਮ ਹਨ। ਪਰ ਜੇ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਅਤੇ ਬੰਦਿਸ਼ਾਂ ਅਨੁਸਾਰ ਕਾਰਜ ਕੀਤਾ ਜਾਵੇ। ਬਿਨਾਂ ਧਾਰਮਿਕ ਵਿਦਵਾਨਾਂ ਅਤੇ ਇਤਿਹਾਕਾਰਾਂ ਨਾਲ ਸਲਾਹ-ਮਸ਼ਵਰੇ ਤੋਂ ਕੀਤੇ ਕਿਸੇ ਵੀ ਨਾਟਕ ਅਤੇ ਫਿਲਮ ਬਾਰੇ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੀ ਹੈ। ਨਾਟਕਕਾਰ ਅਤੇ ਫਿਲਮਕਾਰ ਨੂੰ ਵੀ ਥੋੜ੍ਹੀ ਬਹੁਤ ਖੁੱਲ੍ਹ ਮਿਲਣੀ ਹੀ ਚਾਹੀਦੀ ਹੈ। ਕਲਾ ਅਤੇ ਕਲਮ ਕਿਸੇ ਵੀ ਖਿੱਤੇ ਦੇ ਧਰਮ ਅਤੇ ਇਤਿਹਾਸ ਦੇ ਵਿਸਥਾਰ, ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸੱਤਾ ਪ੍ਰਾਪਤੀ ਲਈ ਜ਼ਮੀਨ ਵੀ ਤਿਆਰ ਕਰ ਸਕਦੀ ਹੈ, ਜਿਸ ਦੀ ਮਿਸਾਲ ਕਲਾ ਦੇ ਉੱਤਮ ਨਮੂਨੇ ਰਮਾਇਣ ਅਤੇ ਮਹਾਂ ਭਾਰਤ ਸੀਰੀਅਲ ਹਨ। ਇਨ੍ਹਾਂ ਸੀਰੀਅਲਾਂ ਨੇ ਇਕ ਰਾਜਨੀਤਿਕ ਧਿਰ ਲਈ ਸੱਤਾ ਦਾ ਰਾਹ ਮੋਕਲਾ ਕਰ ਦਿੱਤਾ। ਲੋਕ ਆਪਣੇ ਕਾਰਜ ਇਨ੍ਹਾਂ ਸੀਰੀਅਲਾਂ ਦੇ ਪ੍ਰਸਾਰਣ ਸਮੇਂ ਨੂੰ ਧਿਆਨ ਵਿਚ ਰੱਖਕੇ ਤੈਅ ਕਰਦੇ ਹਨ। ਜੇ ਖੁਦਾ ਨਾ ਖਾਸਤਾ ਪ੍ਰਸਾਰਣ ਦੌਰਾਨ ਬਿਜਲੀ ਚਲੇ ਜਾਂਦੀ ਤਾਂ ਲੋਕ ਬਿਜਲੀ ਘਰਾਂ ਦਾ ਘਿਰਾਓ ਤੱਕ ਕਰਦੇ। ਕਈਆਂ ਥਾਵਾਂ ’ਤੇ ਤਾਂ ਨੌਬਤ ਤੋੜਫੋੜ ਤੱਕ ਵੀ ਚਲੀ ਜਾਂਦੀ। ਇਸ ਤੋਂ ਇਨ੍ਹਾਂ ਸੀਰੀਅਲਾਂ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਜਿੱਥੇ ਫਿਲਮਕਾਰਾਂ ਅਤੇ ਨਾਟਕਕਾਰਾਂ ਨੂੰ ਇਨ੍ਹਾਂ ਵਿਸ਼ਿਆਂ ਨੂੰ ਛੋਹਣ ਲੱਗੇ ਸੀਮਾਵਾਂ ਅਤੇ ਮਰਿਆਦਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉੱਥੇ ਹੀ ਜੇ ਸੰਭਵ ਹੋ ਸਕੇ ਤਾਂ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਵੀ ਕੁੱਝ ਹੱਦ ਤੱਕ ਖੁੱਲ੍ਹਾਂ/ਛੋਟਾਂ ਦੇਣ ਵਿਚ ਕੋਈ ਹਰਜ਼ ਨਹੀਂ, ਬਸ਼ਰਤੇ ਫਿਲਮ ਅਤੇ ਨਾਟਕ ਦੇ ਪ੍ਰਭਾਵ ਨੂੰ ਤੀਖਣ ਕਰਨ ਵਿਚ ਸਹਾਈ ਹੋਣ।
**
ਫਿਲਮ ਅਸੀਸ ਨੇ ਮੁੜ ਯਾਦ ਤਾਜ਼ਾ ਕਰਵਾਈ ਮਦਰ ਇੰਡੀਆ ਦੀ
ਮਾਂ-ਪੁੱਤ ਦੇ ਪਾਕਿ-ਪਵਿੱਤਰ ਅਤੇ ਸੂਖ਼ਮ ਰਿਸ਼ਤੇ ਦੀ ਬਾਤ ਪਾਉਂਦੀ, ਗਾਇਕਾਂ-ਕਲਾਕਾਰਾਂ ਦੇ ਦੋਹਰੇ ਕਿਰਦਾਰ ਦੇ ਬਖੀਏ ਉਧੇੜਦੀ, ਧੰਨ-ਦੌਲਤ ਅਤੇ ਜ਼ਮੀਨਾਂ-ਜਾਇਦਾਦਾਂ ਦੇ ਲਾਲਚ ਦੀ ਬਦੌਲਤ ਪੇਤਲੇ ਹੋ ਰਹੇ ਭੈਣਾਂ-ਭਾਈਆਂ ਦੇ ਰਿਸ਼ਤੇ, ਹਊਮੈ ਅਤੇ ਅੜੀਅਲ ਵਤੀਰੇ ਕਾਰਣ ਪਰਿਵਾਰਕ ਤਰੇੜਾਂ ਆਦਿ ਦੀ ਗੱਲ ਕਰਦੀ ਫਿਲਮ ਅਸੀਸ ਲਈ ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਵਧਾਈ ਦਾ ਪਾਤਰ ਹੈ। ਇਹ ਫਿਲਮ ਹੁਣ ਤੱਕ ਦੇ ਮਿਆਰੀ, ਸੂਖਮ ਅਤੇ ਉਦੇਸ਼ਪੂਰਣ ਪੰਜਾਬੀ ਸਿਨੇਮੇ ਦੀ ਪਾਲ ਵਿਚ ਖਲੋ ਗਈ ਹੈ।
ਫਿਲਮ ਦੀ ਲੇਖਣੀ, ਨਿਰਦੇਸ਼ਣ, ਗੀਤ-ਸੰਗੀਤ ਅਤੇ ਫਿਲਮਾਂਕਣ ਨੇ ਫਿਲਮ ਦੇ ਪ੍ਰਭਾਵ ਨੂੰ ਹੋਰ ਵੀ ਗਹਿਰਾ ਕੀਤਾ। ਤਕਰੀਬਨ ਹਰ ਕਲਾਕਾਰ ਆਪਣੇ ਕਿਰਦਾਰ ਵਿਚ ਇੱਕ-ਮਿੱਕ ਨਜ਼ਰ ਆਇਆ। ਅਸੀਸ ਨੇ ਇਕ ਵਾਰ ਫਿਰ ਮਦਰ ਇੰਡੀਆ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਫਿਲਮ ਨੇ ਫਿਲਮ ਵੇਖਣ ਵਾਲੇ ਹਰ ਦਰਸ਼ਕ ਦੇ ਦਿਲ ਨੂੰ ਭਾਵੁਕ ਅਤੇ ਹਰ ਅੱਖ ਨੂੰ ਨਮ ਹੋਣ ਲਈ ਮਜਬੂਰ ਕੀਤਾ। ਅਕਸਰ ਅਜਿਹੀਆਂ ਫਿਲਮਾਂ ਕਿਸੇ ਖਾਸ ਵਰਗ ਅਤੇ ਉਮਰ ਦੇ ਦਰਸ਼ਕ ਨੂੰ ਪਸੰਦ ਆਉਂਦੀਆਂ ਹਨ ਪਰ ਫਿਲਮ ‘ਅਸੀਸ’ ਮੇਰੇ ਤੇਰ੍ਹਾਂ ਸਾਲਾਂ ਦੇ ਬੇਟੇ ਰੰਗਕਰਮੀ ਓਦੈਰਾਗ ਨੇ ਵੀ ਪਸੰਦ ਕੀਤੀ ਅਤੇ ਪੰਚਾਸੀ ਸਾਲ ਦੇ ਪਿਤਾ, ਕਲਮਕਾਰ ਰਿਪੂਦਮਨ ਸਿੰਘ ਰੂਪ ਨੇ ਵੀ।
*****