“ਊਂਅ ਗੱਲ ਤਾਂ ਤੇਰੀ ਵੀ ਠੀਕ ਐ। ਤੂੰ ਮੇਰੇ ਸ਼ਹਿਰ ਆਇਐਂ, ਮੈਨੂੰ ਕਰਨਾ ਚਾਹੀਦਾ ਸੀ ...”
(2 ਦਸੰਬਰ 2018)
ਅੱਜ ਜਨਮ ਦਿਨ ’ਤੇ ਸੰਤੋਖ ਸਿੰਘ ਧੀਰ ਸਾਹਿਬ ਨੂੰ ਯਾਦ ਕਰਦਿਆਂ ...
(2 ਦਸੰਬਰ 1920 - 8 ਫਰਬਰੀ 2010)
ਖੜ੍ਹੀ ਉਂਗਲੀ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫ਼ਤਾਰ ਅਤੇ ਗ਼ੁਫ਼ਤਾਰ ਵਿਚ ਮੜਕ। ਕਲਮ ਵਿਚ ਲੋਕਾਈ ਦੀ ਪੀੜ। ਝੁੱਗੀਆਂ-ਢਾਰਿਆਂ, ਦੱਬੇ-ਕੁੱਚਲਿਆਂ, ਪੀੜਤਾਂ, ਬੇਵੱਸ-ਲਾਚਾਰਾਂ, ਨਿਆਸਰਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਜੁਰਅਤ। ਵਹਿਣਾ ਦੇ ਉਲਟ ਚੱਲਣ ਦਾ ਸ਼ੌਕੀਨ। ਬਣਿਆਂ-ਬਣਾਇਆਂ ਰਾਹਾਂ ’ਤੇ ਨਹੀਂ, ਬਲਕਿ ਜਿੱਥੇ ਤੁਰਿਆ, ਉੱਥੇ ਰਾਹ ਬਣਾਏ। ਆਪਣੀ ਸੋਚ, ਵਿਚਾਰਧਾਰਾ ’ਤੇ ਅੜੇ-ਖੜ੍ਹੇ ਰਹਿਣ ਦਾ ਜੇਰਾ। ਆਪਣੇ ਨਿਵਾਰ ਦੇ ਪਲੰਗ ਦੇ ਪਾਵਿਆਂ ਨੂੰ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ ਦੇ ਤਖਤੋ-ਤਾਜ਼ ਨਾਲੋਂ ਉੱਚੇ ਤੇ ਬੁਲੰਦ ਹੋਣ ਦਾ ਅਹਿਸਾਸ। ਵੱਡੇ ਤੋਂ ਵੱਡੇ ਦੁੱਖ-ਤਕਲੀਫ ਅਤੇ ਮੁਸੀਬਤ ਨੂੰ ਖਿੜੇ-ਮੱਥੇ ਜੀਓ ਆਇਆਂ ਕਹਿਣ ਦੀ ਜ਼ੁਰਅਤ। ਗ਼ਰੀਬੀ, ਤੰਗ-ਦਸਤੀ, ਭੁੱਖ-ਨੰਗ ਨੂੰ ਮਾਨਣ ਦੀ ਜਾਚ ਇਹ ਸੀ ਮੇਰੇ ਤਾਏ, ਮੇਰੇ ਭਾਪਾ ਜੀ ਸੰਤੋਖ ਸਿੰਘ ਧੀਰ ਦੀ ਪਹਿਚਾਣ। ਉਸ ਦੀ ਸਖਸ਼ੀਅਤ। ਉਸ ਦੀ ਹੋਂਦ।
ਜੇ ਕੋਈ ਪੁੱਤ ਹੋਵੇ ਤਾਂ ਨਵਰੀਤ ਵਰਗਾ, ਜਿਸ ਨੇ ਆਪਣੇ ਭਾਪਾ ਦਾ ਸਰੀਰ ਪੀ.ਜੀ ਆਈ. ਨੂੰ ਇਹ ਕਹਿ ਕੇ ਦਾਨ ਕਰਨ ਦਾ ਫ਼ੈਸਲਾ ਕੀਤਾ, “ਮੇਰੇ ਪਿਓ ਨੇ ਆਪਣੀ ਕਲਮ ਸਮਾਜ ਦੇ ਭਲੇ, ਲੋਕਾਈ ਦੀ ਬਿਹਤਰੀ ਲਈ ਵਾਹੀ, ਉਸ ਦਾ ਸਰੀਰ ਸੜਕੇ ਸੁਆਹ ਹੋਣ ਨਾਲੋਂ ਤਾਂ ਲੋਕਾਂ ਦੇ ਹੀ ਕੰਮ ਆੳੇਣਾ ਚਾਹੀਦਾ ਐ। ਮੇਰੇ ਭਾਪਾ ਜੀ ਦੀਆਂ ਲਿਖਤਾਂ ਨੇ ਸਮਾਜ ਅਤੇ ਆਲਾ-ਦੁਆਲਾ ਰੌਸ਼ਨ ਕੀਤਾ। ਉਸਦੇ ਸਰੀਰ ਦੀ ਵਰਤੋਂ ਵੀ ਲੋਕ-ਕਲਿਆਣ ਲਈ ਹੀ ਹੋਣੀ ਚਾਹੀਦੀ ਹੈ।”
ਜੇ ਕੋਈ ਭਾਈ ਹੋਵੇ ਤਾਂ ਰਿਪੁਦਮਨ ਸਿੰਘ ਰੂਪ ਵਰਗਾ, ਜਿਸ ਨੇ ਆਪਣਾ ਛੋਟੇ ਭਾਈ ਹੋਣ ਦਾ ਫ਼ਰਜ਼ ਅੰਤ ਤੱਕ ਨਿਭਾਇਆ। ਆਪਣੇ ਪੁੱਤਰਾਂ, ਪੋਤੇ-ਪੋਤੀਆਂ ਨੂੰ ਆਪਣੇ ਰਾਮ ਵਰਗੇ ਭਾਈ ਦੇ ਪਾਏ ਪੂਰਨਿਆਂ ’ਤੇ ਤੋਰਿਆ। ਸਾਹਿਤਕ ਹਲਕੇ ਦੋਵਾਂ ਨੂੰ ਰਾਮ-ਲਛਮਣ ਦੀ ਜੋੜੀ ਕਹਿੰਦੇ ਹਨ।
ਜੇ ਕੋਈ ਨੂੰਹ ਹੋਵੇ ਤਾਂ ਰਜਨੀ ਭਾਬੀ ਵਰਗੀ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਹ ਤਾਂ ਧੀਆਂ ਵਰਗੀ ਨੂੰਹ ਐ ਪਰ ਰਜਨੀ ਧੀਆਂ ਤੋਂ ਵੀ ਵਧਕੇ ਨੂੰਹ ਸੀ। ਭਾਬੀ ਨੇ ਬੀਬੀ ਅਤੇ ਭਾਪਾ ਜੀ ਦੇ ਆਖਰੀ ਸਮੇਂ, ਉਹ ਕੰਮ ਵੀ ਬਿਨਾਂ ਮੱਥੇ ਵੱਟ ਪਾਏ, ਆਪਣਾ ਫਰਜ਼ ਅਤੇ ਜ਼ਿੰਮੇਵਾਰੀ ਸਮਝ ਕੇ ਕੀਤੇ, ਜਿਨ੍ਹਾਂ ਨੂੰ ਕਰਨ ਲੱਗੇ ਸ਼ਾਇਦ ਧੀਆਂ ਵੀ ਨੱਕ-ਬੁੱਲ੍ਹ ਵੱਟਣ। ਜਦ ਭਾਪਾ ਜੀ ਦੇ ਸਰੀਰ ਨੂੰ ਦਾਨ ਕਰਨ ਬਾਰੇ ਭਾਬੀ ਨਾਲ ਗੱਲ ਕੀਤੀ ਤਾਂ ਉਹ ਕੁਰਲਾ ਉੱਠੀ। ਬਿਲਕਦੀ ਹੋਈ ਕਹਿਣ ਲੱਗੀ, “ਨਹੀਂ, ਮੈਂ ਆਪਣੇ ਭਾਪਾ ਜੀ ਦਾ ਸਰੀਰ ਨ੍ਹੀ ਦਾਨ ਦੂਨ ਕਰਨਾ, ਸਾਰੀ ਉਮਰ ਉਨ੍ਹਾਂ ਕਸ਼ਟ ਸਹੇ। ਮਰ ਕੇ ਵੀ ..., ਨਹੀਂ, ਨਹੀਂ ਮੈਂ ਨ੍ਹੀ ...,, ਮੈਂ ਤਾਂ ਆਪਣੇ ਭਾਪਾ ਜੀ ਦਾ ਸਸਕਾਰ ਕਰੂੰਗੀ। ਪਤਾ ਨ੍ਹੀ ਕੀ ਦੁਰਦਸ਼ਾ ਕਰਨ ਪੀ.ਜੀ.ਆਈ. ਆਲੇ ਭਾਪਾ ਜੀ ਦੀ ...।”
ਮੈਂਨੂੰ ਆਪਣੀ ਗੱਲ ਪੁੱਗਦੀ ਨਜ਼ਰ ਆਈ। ਕਿਉਂਕਿ ਮੈਂ ਵੀ ਭਾਪਾ ਜੀ ਦਾ ਸਰੀਰ ਦਾਨ ਕਰਨ ਦੇ ਹੱਕ ਵਿਚ ਨਹੀਂ ਸੀ। ਮੈਂ ਅੰਦਰਖਾਤੇ ਪੂਰੀ ਟਿੱਲ ਵੀ ਲਾਈ ਸਭ ਨੂੰ ਆਪਣੇ ਹੱਕ ਵਿਚ ਕਰਨ ਦੀ। ਭਾਬੀ ਦੀ ਰਾਏ ਨੇ ਮੈਨੂੰ ਤੱਸਲੀ ਦਿੱਤੀ। ਮੈਂ ਸਾਰੀਆਂ ਭੈਣਾਂ ਨੂੰ ਵੀ ਟੋਹ ਲਿਆ ਸੀ। ਸਭ ਦੀ ਰਾਏ ਭਾਬੀ ਅਤੇ ਮੇਰੀ ਰਾਏ ਤੋਂ ਉਲਟ ਸੀ। ਪਰ ਬਾਅਦ ਵਿਚ ਮੈਨੂੰ ਸਾਡੀ ਗਲਤੀ ਦਾ ਅਹਿਸਾਹ ਹੋਇਆ। ਜੇ ਸਾਡੀ ਗੱਲ ਮੰਨ ਲਈ ਜਾਂਦੀ ਤਾਂ ਅੱਜ ਭਾਪਾ ਜੀ ਦੀ ਆਬਾ ਨੇ ਹੋਰ ਨਹੀਂ ਸੀ ਲਿਸ਼ਕਣਾ। ਹੋਰ ਨਹੀਂ ਸੀ ਬੁਲੰਦੀ ’ਤੇ ਪਹੁੰਚਣਾ। ਧੀਰ ਦੇ ਵਾਰਿਸਾਂ ਨੇ ਧੀਰ ਦੇ ਅਸਲੀ ਵਾਰਿਸ ਨਹੀਂ ਸੀ ਹੋਣਾ।
**
ਭਾਪਾ ਜੀ ਦੀ ਆਖਰੀ ਦਮ ਤੱਕ ਜਵਾਨ ਅਤੇ ਨਿਰੋਗ ਰਹਿਣ ਦੀ ਤੀਬਰ ਇੱਛਾ ਸੀ। ਘਟਨਾ ਬੇਸ਼ਕ ਪੁਰਾਣੀ ਹੈ, ਕੋਈ ਵੀਹ ਪੱਚੀ ਸਾਲ ਪੁਰਾਣੀ। ਮੈਂ ਤੇ ਭਾਪਾ ਜੀ ਖਰੜ ਕਿਸੇ ਕੰਮ ਗਏ। ਮੁਹਾਲੀ ਆਉਣ ਲਈ ਬੱਸ ਵਿਚ ਬੈਠੇ ਸੀ। ਭਾਪਾ ਜੀ ਦੀ ਹਮ ਉਮਰ ਇਕ ਔਰਤ ਤਾਕੀ ਕੋਲ ਆ ਕੇ ਕਹਿਣ ਲੱਗੀ, ““ਬਾਬਾ ਯੋਹ ਬੱਸ ਕਿੱਥੇ ਜਾਹਾ।”
ਭਾਪਾ ਜੀ ਦੀ ਸ਼ਕਲ ਵੇਖਣ ਵਾਲੀ ਸੀ।
“ਪਤਾ ਨ੍ਹੀਂ ਗੁੱਡੀ ਕਿੱਥੇ ਜਾਹਾ।” ਭਾਪਾ ਜੀ ਨੇ ਕਿਹਾ। ਉਸ ਦੇ ਜਾਣ ਤੋਂ ਬਾਦ ਕਹਿਣ ਲੱਗੇ।
“ਦੇਖ ਤਾਂ ਸ਼ਰਮ ਨ੍ਹੀਂ ਆਉਦੀ, ਮੈਨੂੰ ਬਾਬਾ ਕਹਿੰਦੀ ਨੂੰ।”
“ਭਾਪਾ ਜੀ, ਹੁਣ ਤੁਸੀਂ ਬੁੜ੍ਹੇ ਹੋ ਗਏ।” ਮੈਂ ਹੱਸਦੇ ਨੇ ਕਿਹਾ।
“ਚੁੱਪ ਕਰ ਓੁਏ, ਭਕਾਈ ਨਾ ਮਾਰ।” ਇਹ ਕਹਿ ਕੇ ਭਾਪਾ ਜੀ ਦੂਰ ਖੜ੍ਹੀ ਉਸੇ ਔਰਤ ਨੂੰ ਘੂਰਨ ਲੱਗੇ।
**
ਭਾਪਾ ਜੀ ਅਤੇ ਬੀਬੀ (ਤਾਈ) ਦੀ ਨੋਕ-ਝੋਕ ਬੜੀ ਆਨੰਦਮਈ, ਸੁਆਦਲੀ ਅਤੇ ਦਿਲਚਸਪ ਹੁੰਦੀ ਸੀ। ਦੁਸਹਿਰੇ ਤੋਂ ਬਾਅਦ ਇਕ ਦਿਨ ਭਾਪਾ ਜੀ ਬੈਠੇ ਰਾਤ ਦੀ ਰੋਟੀ ਖਾ ਰਹੇ ਸਨ। ਮੈਂ ਵੀ ਕੁਦਰਤੀ ਚਲਾ ਗਿਆ।
“ਆ ਬਈ ਬੱਬੂ ਸਿਆਂਹ, ਆ ਗਿਆ।” ਭਾਪਾ ਜੀ ਨੇ ਰੋਟੀ ਖਾਂਦਿਆਂ ਕਿਹਾ।
“ਹਾਂ ਜੀ, ਆ ਗਿਆ।” ਮੈਂ ਬੈਠਦੇ ਹੋਏ ਕਿਹਾ।
“ਬੱਬੂ ਦੀਨ, ਬੱਬੂ ਅਲੀ, ਬੱਬੂ ਖਾਨ।” ਭਾਪਾ ਜੀ ਨੇ ਇੱਕੋ ਸਾਹੇ ਕਿਹਾ। ਜਦ ਵੀ ਮੈਂ ਜਾਣਾ ਬਾਪਾ ਜੀ ਨੇ ਅਕਸਰ ਕਹਿਣਾ।
“ਹਾਂ ਜੀ।” ਮੈਂ ਕਹਿਣਾ।
“ਰੋਟੀ ਖਾ ਲਾ।”
“ਨਹੀਂ ਭਾਪਾ ਜੀ, ਰੋਟੀ ਨ੍ਹੀਂ ਖਾਣੀ।”
“ਰੋਟੀ ਲਿਆਵਾਂ ਹੋਰ।” ਬੀਬੀ ਨੇ ਕਿਹਾ।
“ਪਹਿਲਾਂ ਇਹ ਤਾਂ ਮੁੱਕ ਲੈਣਦੇ।”
“ਚੱਲ ਚੰਗਾ।” ਬੀਬੀ ਨੇ ਅਖਬਾਰ ਚੁੱਕ ਕੇ ਫਰੋਲਦੀ ਨੇ ਕਿਹਾ।
“ਦੀਵਾਲੀ ਕਦ ਦੀ ਐ।” ਭਾਪਾ ਜੀ ਨੇ ਬੀਬੀ ਤੋਂ ਪੁੱਛਿਆ।
“ਛੇ, ਸੱਤ, ਅੱਠ, ਨੌਂ, ਦਸ ਤਾਰੀਖ ਦੀ ਐ ਮੇਰੇ ਖਿਆਲ ’ਚ।” ਬੀਬੀ ਨੇ ਅਖਬਾਰ ਫਰੋਲਦੀ ਹੋਈ ਨੇ ਬੇਧਿਆਨੀ ਵਿਚ ਕਿਹਾ।
“ਗਿਆਰਾਂ, ਬਾਰਾਂ, ਤੇਰਾਂ, ਚੌਦਾਂ ਪੰਦਰਾਂ, ਸੋਲਾਂ, ਸਤਾਰਾਂ ਸਾਰਾ ਮਹੀਨਾ ਗਿਣਦੇ ..., ਤੇਰੇ ਜੰਮਣ ਬਿਨਾਂ ਕਿਆ ਥੁੜਿਆ ਤੀ।” ਭਾਪਾ ਜੀ ਨੇ ਰੋਟੀ ਖਾਣੀ ਛੱਡਦੇ ਹੋਇਆ ਕਿਹਾ।
“ਤੇਰੇ ਨਾਲ ਤਾਂ ਗੱਲ ਕਰਨਾ ਵੀ ਬਾਬਾ ਚੁਰਾਸੀਆਂ ਦਾ ਘਾਟਾ ਐ।” ਬੀਬੀ ਨੇ ਅਖਬਾਰ ਰੱਖਕੇ ਅੰਦਰ ਜਾਂਦੀ ਹੋਈ ਨੇ ਕਿਹਾ।
**
ਇਕ ਦਿਨ ਦੁਪਹਿਰੇ ਰੋਟੀ ਖਾਣ ਵੇਲੇ ਭਾਪਾ ਜੀ ਦੇ ਕਫ਼ ਦਾ ਬਟਨ ਟੁੱਟਣ ਕਾਰਣ ਕਫ਼ ਸਬਜ਼ੀ ਨਾਲ ਲਿੱਬੜ ਰਿਹਾ ਸੀ, ਕਮੀਜ਼ ਲਬੇੜ ਰਿਹਾ ਸੀ।
“ਥੌਡੀ ਬੁਰਸ਼ਟ ਅੱਧੀ ਬਾਹਾਂ ਦੀ ਕਰ ਦੇਣੀ ਐ ...।” ਕੋਲ ਬੈਠੀ ਬੀਬੀ ਨੇ ਕਿਹਾ।
“ਕਿਊਂ ਕੀ ਗੱਲ ਹੋਗੀ …?” ਭਾਪਾ ਜੀ ਨੇ ਰੋਟੀ ਖਾਂਦਿਆਂ ਪੁੱਛਿਆ।
“ਕਫ਼ ਨਾਲ ਕਮੀਜ਼ ਲਿਬੜ ਰਹੀ ਐ ...।” ਬੀਬੀ ਨੇ ਭੋਲੇ-ਭਾਅ ਕਿਹਾ।
“ਦੁਰ ਫਿੱਟੇ ਮੂੰਹ ਤੇਰੇ, ਆਏਂ ਨ੍ਹੀ ਕਹਿੰਦੀ ਕਫ਼ ਦਾ ਬਟਨ ਲਾਅ ਦਿੰਨੀ ਆਂ, ਕਹਿੰਦੀ ਕਮੀਜ਼ ਅੱਧੀਆਂ ਬਾਹਾਂ ਦੀ ਕਰ ਦਿੰਨੀ ਆਂ, ਕੱਲ੍ਹ ਨੂੰ ਕਮੀਜ਼ ਦੇ ਕਾਲਰ ਲਾਹ ਦਈਂ, ਪਰਸੋਂ ਨੂੰ ਪੱਲੇ ਵੱਢ ਦਈਂ।”
**
ਬਲਵੰਤ ਗਾਰਗੀ ਨਾਲ ਨੇੜਤਾ ਤੇ ਮਿੱਤਰਤਾ ਜੱਗ ਜ਼ਾਹਿਰ ਸੀ ਭਾਪਾ ਜੀ ਦੀ। ਜਿੱਥੇ ਯਾਰੀ ਹੋਵੇ ਉੱਥੇ ਸ਼ਿਕਵੇ-ਸ਼ਕਾਇਤਾਂ, ਰੋਸੇ-ਗਿਲੇ ਅਕਸਰ ਹੰਦੇ ਹੀ ਹਨ। ਪਹਿਲੀ ਗੱਲ ਤਾਂ ਯਾਰ ਲੜਦੇ ਘੱਟ ਹੀ ਹਨ। ਜੇ ਲੜ ਪੈਣ ਤਾਂ ਲੜਦੇ ਵੀ ਸੌਕਣਾਂ ਵਾਗੂੰ ਹਨ। ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਗਾਰਗੀ ਸਾਹਿਬ ਕੁੱਝ ਸਮੇਂ ਲਈ ਚੰਡੀਗੜ੍ਹ ਰਹਿਣ ਲਈ ਆਏ। ਪੰਜਾਬੀ ਰੰਗਮੰਚ ਨਾਲ ਸਬੰਧਤ ਕਿਸੇ ਸੰਸਥਾ ਦਾ ਸਰਪ੍ਰਸਤ ਬਣਾਉਣ ਲਈ ਮੈਨੂੰ ਗਾਰਗੀ ਸਾਹਿਬ ਨੂੰ ਮਿਲਣ ਦੀ ਜ਼ਰੂਰਤ ਪੈ ਗਈ।
“ਭਾਪਾ ਜੀ, ਮੈਂ ਗਾਰਗੀ ਨੂੰ ਮਿਲਣ ਜਾਣੈ।” ਮੈਂ ਕਮਰੇ ਵਿਚ ਵੜਦੇ ਸਾਰ ਕਿਹਾ।
“ਜਾ ਫੇਰ।” ਉਨ੍ਹਾਂ ਬਿਨਾਂ ਮੇਰੇ ਵੱਲ ਦੇਖੇ ਅਖਬਾਰ ਪੜ੍ਹਦੇ ਕਿਹਾ।
“ਤੁਹਾਡਾ ਨਾਂ ਲੈਕੇ ਮਿਲ ਲਵਾਂ, ਮੈਨੂੰ ਤਾਂ ਜਾਣਦੇ ਨਹੀਂ ਨਾ ਗਾਰਗੀ ਸਾਹਿਬ।”
“ਨਾ, ਨਾ ਨਾਂਓਂ ਨੀਂ ਲੈਣਾ, ਬਿਲਕੁਲ ਨ੍ਹੀ। ਸਾਲਾ ਚੰਡੀਗੜ੍ਹ ਬੈਠਾ ਹੋਵੇ, ਮਿਲਣ ਤਾਂ ਕੀ ਆਉਣੈ, ਫੋਨ ਵੀ ਨ੍ਹੀ।” ਭਾਪਾ ਜੀ ਨੇ ਅਖਬਾਰ ਰੱਖਕੇ, ਉਂਗਲੀ ਖੜ੍ਹੀ ਕਰਕੇ ਕਿਹਾ।
ਉਨ੍ਹਾਂ ਦਿਨਾਂ ਵਿਚ ਗਾਰਗੀ ਸਾਹਿਬ ਅਤੇ ਭਾਪਾ ਜੀ ਦੀ ਤੁਮ-ਤੱੜਕ ਚੱਲ ਰਹੀ ਸੀ। ਮੈਂ ਗਾਰਗੀ ਸਾਹਿਬ ਦੇ ਘਰ ਗਿਆ। ਪੰਜਾਬੀ ਨਾਟਕ ਨਾਲ ਜੁੜੇ ਹੋਣ ਦਾ ਜ਼ਿਕਰ ਕਰਨ ਤੋਂ ਬਾਅਦ ਆਪਣੀ ਗੱਲ ਕਰਕੇ ਮੈਂ ਗਾਰਗੀ ਸਾਹਿਬ ਤੋਂ ਇਜਾਜ਼ਤ ਲੈਂਦੇ ਕਿਹਾ, “ਗਾਰਗੀ ਸਾਹਿਬ, ਧੀਰ ਸਾਹਿਬ ਨੂੰ ਜਾਣਦੇ ਓ?”
“ਹਾਂ, ਜਾਣਦਾਂ, ਕੀ ਗੱਲ?”
“ਮੈਂ ਭਤੀਜਾ ਆਂ ਜੀ, ਧੀਰ ਸਾਹਿਬ ਦਾ।”
“ਸਕਾ?”
“ਜੀ।”
”ਬੈਠ ਫੇਰ ਯਾਰ, ਫੇਰ ਤਾਂ ਤੂੰ ਮੇਰਾ ਭਤੀਜਾ ਵੀ ਹੋਇਆ। ਕੀ ਹਾਲ ਐ ਉਸ ਕੰਜਰ ਦਾ, ਉਹਨੂੰ ਪਤਾ ਨ੍ਹੀ ਗਾਰਗੀ ਚੰਡੀਗੜ੍ਹ ਐ ... ਮਿਲਣ ਕਿਉਂ ਨ੍ਹੀ ਆਇਆ ਹੁਣ ਤੱਕ। ਉਹਨੂੰ ਕਹੀਂ ਮੈਂਨੂੰ ਫੋਨ ਕਰੇ।” ਗਾਰਗੀ ਸਾਹਿਬ ਨੇ ਨੌਕਰ ਨੂੰ ਚਾਹ ਬਣਾਉਣ ਲਈ ਕਿਹਾ।
**
“ਹਾਂ ਬਈ, ਜਾ ਆਇਆ ਆਪਣੇ ਗਾਰਗੀ ਕੋਲ?”
“ਹਾਂ ਜੀ।” ਮੈਂ ਡਰਦੇ-ਡਰਦੇ ਕਿਹਾ।
“ਕੀ ਕਹਿੰਦਾ। ਨਾਂਓ ਲਿਆ ਮੇਰਾ ਕਿ ਨਹੀਂ?” ਭਾਪਾ ਜੀ ਨੇ ਮੰਜੇ ’ਤੇ ਬੈਠੇ ਚਾਹ ਦੀ ਚੁਸਕੀ ਲੈਂਦੇ ਕਿਹਾ।
“ਕਹਿੰਦਾ, ਧੀਰ ਨੂੰ ਪਤਾ ਨ੍ਹੀ ਗਾਰਗੀ ਚੰਡੀਗੜ੍ਹ ਰਹਿ ਰਿਹਾ ਐ। ਉਹਨੂੰ ਕਹੀਂ ਮੈਨੂੰ ਫੋਨ ਕਰੇ।” ਮੈਂ ਡਰਦੇ ਨੇ ਇਕ ਸਤਰੀ ਜਵਾਬ ਦਿੱਤਾ।
“ਮੈਂ ਕਿਊਂ ਕਰਾਂ ਫੋਨ, ਉਹ ਨ੍ਹੀ ਕਰ ਸਕਦਾ, ਉਹ ਨਵਾਬ ਐ ਬਾਲ੍ਹਾ। ਅੱਛਾ, ਆਏਂ ਦੱਸ ਤੇਰੇ ਕੋਲ ਹੈ ਗਾਰਗੀ ਦਾ ਫੋਨ।” ਮੈਂ ਗਾਰਗੀ ਦਾ ਫੋਨ ਮਿਲਾ ਕੇ ਭਾਪਾ ਜੀ ਨੂੰ ਰਸੀਵਰ ਫੜਾ ਦਿੱਤਾ।
“ਹੈਲੋ, ਕੌਣ ਬੋਲਦੈ? ਗਾਰਗੀ ਬੋਲਦੈ, ਓਏ ਕੰਜਰਾਂ, ਗਾਰਗੀਆ, ਤੈਨੂੰ ਸ਼ਰਮ ਤਾਂ ਨ੍ਹੀ ਆਉਂਦੀ, ਧੀਰ ਤੇ ਗਾਰਗੀ ਇੱਕੋ ਸ਼ਹਿਰ ਵਿਚ ਹੋਣ ਪਰ ਮਿਲਣ ਨਾ, ਊਂਅ ਗੱਲ ਤਾਂ ਤੇਰੀ ਵੀ ਠੀਕ ਐ। ਤੂੰ ਮੇਰੇ ਸ਼ਹਿਰ ਆਇਐਂ, ਮੈਨੂੰ ਕਰਨਾ ਚਾਹੀਦਾ ਸੀ ਫੋਨ। ਅੱਛਾ ਆਏਂ ਕਰ ਕੱਲ੍ਹ ਨੂੰ ਆ ਜਾ, ਸਾਗ ਮੱਕੀ ਦੀ ਰੋਟੀ ਖਾਵਾਂਗੇ, ਧੁੱਪੇ ਬਹਿਕੇ, ਨਾਲ ਪੀਵਾਂਗੇ ਲੱਸੀ, ਠੀਕ ਐ ਫੇਰ। ਕੱਲ੍ਹ ਨੂੰ ਮਿਲਦੇ ਆਂ।”
ਦੂਜੇ ਦਿਨ ਜਦ ਮੈਂ ਗਿਆ, ਗਾਰਗੀ ਸਾਹਿਬ ਅਤੇ ਭਾਪਾ ਜੀ ਬਾਹਰ ਵਿਹੜੇ ਵਿਚ ਬੈਠੇ ਸਾਗ ਮੱਕੀ ਦੀ ਰੋਟੀ ਖਾਂਦੇ ਹੋਏ ਉੱਚੀ ਉੱਚੀ ਠਹਾਕੇ ਮਾਰ ਰਹੇ ਸਨ। ਕੋਲ ਬੀਬੀ (ਤਾਈ ਜੀ) ਬੈਠੀ ਸੀ।
“ਗਾਰਗੀ, ਇਹ ਸੰਜੀਵਨ ਐਂ, ਭਤੀਜਾ ਐ ਮੇਰਾ, ਨਾਟਕ ਲਿਖਦੈ ਇਹ ਵੀ।” ਭਾਪਾ ਜੀ ਨੇ ਮੇਰੀ ਵਾਕਫ਼ੀਅਤ ਕਰਵਾਉਂਦੇ ਕਿਹਾ।
“ਮੈਂ ਜਾਣਦਾਂ, ਇਹਦੇ ਕਰਕੇ ਈ ਮਿਲੇ ਆਂ ਆਪਾਂ।” ਗਾਰਗੀ ਸਾਹਿਬ ਨੇ ਲੱਸੀ ਦਾ ਗਲਾਸ ਮੂੰਹ ਨੂੰ ਲਾਉਂਦੇ ਕਿਹਾ।
“ਹੁਣ ਜਦ ਕਿਤੇ ਇਹ ਲਿਖਣ ਦੀ ਲੋੜ ਪਵੇ, ਸਾਡੀ ਮਨ-ਮਨਾਈ ਕਿਵੇਂ ਹੋਈ ਤਾਂ ਆਪਣੇ ਭਤੀਜੇ ਦਾ ਜ਼ਿਕਰ ਕਰਨਾ ਨਾ ਭੁੱਲ ਜਿਓ ਕਿਤੇ।” ਮੈਂ ਕਿਹਾ।
“ਹਾਂ, ਹਾਂ, ਕਿਉਂ ਨ੍ਹੀ।” ਭਾਪਾ ਜੀ ਅਤੇ ਗਾਰਗੀ ਸਾਹਿਬ ਨੇ ਠਹਾਕਾ ਲਾਗਉਂਦੇ ਕਿਹਾ। ਉਸ ਦਿਨ ਇਹ ਠਹਾਕੇ ਦੇਰ ਰਾਤ ਤੱਕ ਗੂੰਜਦੇ ਰਹੇ।
**
ਇਕ ਦਿਨ ਭਾਪਾ ਜੀ ਕੋਲ ਘਰੇ ਦਿੱਲੀ ਤੋਂ ਉਨ੍ਹਾਂ ਦੇ ਅਜ਼ੀਜ਼ ਮਿੱਤਰ ਗੁਰਬਚਨ ਸਿੰਘ ਭੁੱਲਰ ਤੇ ਮੋਹਨ ਭੰਡਾਰੀ ਅਤੇ ਕੁੱਝ ਹੋਰ ਸਾਹਿਤਕ ਮਿੱਤਰ ਆਏ ਹੋਏ ਸਨ। ਅਜਿਹੇ ਮੌਕੇ ਭਾਪਾ ਜੀ ਅਕਸਰ ਮੈਂਨੂੰ ਵੀ ਬੁਲਾ ਲੈਂਦੇ। ਸਾਹਿਤਕ, ਸਮਾਜਿਕ, ਸਭਿਆਚਰਕ, ਧਾਰਮਿਕ ਅਤੇ ਰਾਜਨੀਤਿਕ ਵਿਚਾਰਾਂ, ਦਲੀਲਾਂ ਅਤੇ ਬਹਿਸ-ਮੁਬਾਹਿਸੇ ਦਾ ਦੌਰ ਚੱਲ ਰਿਹਾ ਸੀ।
ਭੰਡਾਰੀ ਸਾਹਿਬ ਕਹਿਣ ਲੱਗੇ, “ਹੈਂ ਧੀਰ ਸਾਹਿਬ, ਹੁਣ ਗੁਰੂਦੁਆਰਿਆ ਵਿਚ ਉਹ ਗੱਲ ਨੀਂ ਰਹੀ।”
“ਕਿਉਂ, ਕੀ ਹੋ ਗਿਆ” ਭਾਪਾ ਜੀ ਨੇ ਕਿਹਾ।
“ਛੋਟੇ ਹੁੰਦੇ ਅਸੀਂ ਪਿੰਡ ਗੁਰੂਦੁਆਰੇ ਜਾਣਾ, ਜਦ ਭਾਈ ਜੀ ਨੇ ਪ੍ਰਸ਼ਾਦ ਦੇਣਾ ਬੁੱਕ ਭਰ ਜਾਣੀ ਜੀ।” ਭੰਡਾਰੀ ਸਾਹਿਬ ਨੇ ਮਾਖਤਾ ਕਰਦੇ ਕਿਹਾ।” ਹੁਣ ਉਂਈ ਭੋਰਾ ਜਿਹਾ ਦੇ ਦਿੰਦੇ ਨੇ ਕੜਾਹ।”
ਭਾਪਾ ਜੀ ਨੇ ਕਿਹਾ, “ਕੜਾਹ ਅੱਜ ਵੀ ਉੰਨਾ ਈ ਦਿੰਦੈ ਗੂਰੁਦੁਆਰੇ ਆਲਾ ਭਾਈ, ਜਿੰਨਾ ਪਹਿਲਾਂ ਦਿੰਦਾ ਤੀ। ਭੰਡਾਰੀ ਬੀਰ ਪਹਿਲਾਂ ਤੂੰ ਤੀ ਜੁਆਕ, ਤੇਰੀ ਬੁੱਕ ਹੁੰਦੀ ਤੀ ਛੋਟੀ, ਭਰ ਜਾਂਦੀ ਤੀ ਪ੍ਰਸ਼ਾਦ ਨਾਲ, ਹੁਣ ਤੇਰੀ ਬੁੱਕ ਬੜੀ ਹੋ ਗਈ ਭਾਈ ਭੰਡਾਰੀ।” ਕਾਫੀ ਦੇਰ ਇਸ ਮੁੱਦੇ ’ਤੇ ਠਹਾਕਿਆਂ ਅਤੇ ਚਟਕਾਰਿਆਂ ਨਾਲ ਚਰਚਾ ਹੁੰਦੀ ਰਹੀ।
**
“ਬਾਵਾ ਜੀ, ਬੀਸ ਸਾਲ ਸੇ ਸ਼ਰਾਬ ਪੀ ਰਹੇ ਹੈ?”
ਪੀ.ਜੀ.ਆਈ ਦੇ ਗੈਸਟਰੋਲਜੀ ਵਿਭਾਗ ਵਿਚ ਦਾਖਿਲ ਭਾਪਾ ਜੀ ਦਾ ਇਲਾਜ ਕਰ ਰਹੇ ਦੱਖਣੀ ਸੂਬੇ ਦੇ ਡਾਕਟਰ ਨੇ ਮੈਨੂੰ ਅਤੇ ਰੰਜੀਵਨ ਨੂੰ ਸਵਾਲ ਕੀਤਾ। ਰੋਮੀ ਅਤੇ ਰਵੀ (ਦੋਵੇਂ ਧੀਰ ਸਾਹਿਬ ਦੇ ਦੋਹਤੇ) ਕੁੱਝ ਸਮੇਂ ਲਈ ਘਰ ਅਰਾਮ ਕਰਨ ਚਲੇ ਗਏ ਸਨ। ਉਨ੍ਹਾਂ ਰਾਤ ਰਹਿਣਾ ਸੀ। ਅਸੀਂ ਦੋਵੇ ਚੁੱਪ ਰਹੇ। ਡਾਕਟਰ ਭਾਪਾ ਜੀ ਦਾ ਚੈੱਕਅਪ ਕਰਨ ਲੱਗ ਗਿਆ। ਜਦ ਡਾਕਟਰ ਜਾਣ ਲੱਗਾ ਉਹਨੇ ਫੇਰ ਉਹੀ ਸਵਾਲ ਕੀਤਾ, “ਬਾਵਾ ਜੀ, ਬੀਸ ਸਾਲ ਸੇ ਸ਼ਰਾਬ ਪੀ ਰਹੇ ਹੈ?”
ਹੁਣ ਮੇਰੇ ਕੋਲੋਂ ਰਹਿ ਨਾ ਹੋਇਆ, ਮੈਂ ਕਿਹਾ, “ਡਾਕਟਰ ਸਾਹਿਬ, ਬਾਵਾ ਜੀ, ਬੀਸ ਸਾਲ ਸੇ ਨਹੀਂ, ਸਾਠ ਸਾਲ ਸੇ ਸ਼ਰਾਬ ਪੀ ਰਹੇ ਹੈਂ। ਆਪ ਕੋ ਮਾਲੂਮ ਹੈ ਯੇਹ ਬਾਵਾ ਜੀ ਸ਼ਰਾਬ ਕੈਸੇ ਪੀਤੇ ਹੈ। ਏਕ ਪੈੱਗ ਪੀਤੇ ਹੈਂ ਹਰ ਰੋਜ਼, ਵੋਹ ਭੀ ਏਕ ਘੰਟੇ ਮੇਂ। ਆਪੋ ਕੋ ਮਾਲੂਮ ਹੈ ਡਾਕਟਰ ਸਾਹਿਬ ਯੇਹ ਬਾਵਾ ਜੀ ਕੋਨ ਹੈ, ਯੇਹ ਬਾਵਾ ਜੀ ਪੰਜਾਬੀ ਕੇ ਇੰਟਰਨੈਸ਼ਨਲ ਫੇਮ ਕੇ ਰਾਇਟਰ ਹੈ, ਇੰਨ ਕਾ ਨਾਮ ਹੈ ਸੰਤੋਖ ਸਿੰਘ ਧੀਰ। ਹੋ ਸਕਤਾ ਹੈ ਪੰਜਾਬ ਸਰਕਾਰ ਇਨ ਕੀ ਬਿਮਾਰੀ ਕਾ ਨੋਟਿਸ ਭੀ ਲੈ।”
**
ਭਾਪਾ ਜੀ ਨੂੰ ਪੀ.ਜੀ.ਆਈ ਦਾਖਿਲ ਕਰਵਾਉਣ ਲਈ ਨਵਰੀਤ ਫਾਇਲ ਬਣਵਾਉਣ ਲਈ ਲਾਇਨ ਵਿਚ ਖੜ੍ਹਾ ਸੀ। ਭਾਪਾ ਜੀ ਸਟੈਚਰ ’ਤੇ ਪਏ ਸਨ ਮੈਂ ਕੋਲ ਖੜ੍ਹਾ ਸੀ।
“ਭਾਪਾ ਜੀ ਕੀ ਹਾਲ ਐ?” ਮੈਂ ਕਿਹਾ।
“ਠੀਕ ਐ, ਬਸ ਭੁੱਖ ਨ੍ਹੀ ਲੱਗਦੀ। ਕੰਬਲ ਦੇ ਦਾਲੇ, ਠੰਢ ਲੱਗਦੀ ਐ।” ਭਾਪਾ ਜੀ ਨੇ ਕਿਹਾ।
“ਭਾਪਾ ਜੀ, ਖਬਰ ਦੇ ’ਤੀ ਸਾਰੇ ਅਖਬਾਰਾਂ ਨੂੰ।” ਮੈਂ ਕਿਹਾ।
“ਚਲੋ ਠੀਕ ਐ, ਜਿਮੇਂ ਤੇਰੀ ਮਰਜ਼ੀ।” ਭਾਪਾ ਜੀ ਨੇ ਕਿਹਾ।
“ਭਾਪਾ ਜੀ, ਸਰਕਾਰੀ ਤੌਰ ’ਤੇ ਇਲਾਜ ਕਰਾਵਾਉਣ ਦੀ ਕਰਾਂ ਕੋਸ਼ਿਸ਼, ਕਰਾਂ ਕਿਸੇ ਨਾਲ ਗੱਲ।” ਮੈਂ ਫੇਰ ਕਿਹਾ।
“ਕੀ ਲੋੜ ਐ ਕਿਸੇ ਸਰਕਾਰ ਸਰਕੂਰ ਦੇ ਇਲਾਜ ਦੀ। ਆਪਾਂ ਸਾਰੀ ਉਮਰ ਨ੍ਹੀ ਪਰਵਾਹ ਕੀਤੀ ਕਿਸੇ ਸਰਕਾਰ ਦੀ, ਹੁਣ ਕੀ ਲੋੜ ਐ।” ਭਾਪਾ ਜੀ ਨੇ ਪੂਰੇ ਜਲਾਲ ਵਿਚ ਉਂਗਲੀ ਖੜ੍ਹੀ ਕਰਕੇ ਕਿਹਾ।
“ਆਪਾਂ ਕਿਸੇ ਤੋਂ ਖੈਰਾਤ ਨ੍ਹੀ ਮੰਗ ਰਹੇ, ਤੁਸੀਂ ਹੱਕਦਾਰ ਓ ਭਾਪਾ ਜੀ, ਜੇ ਸਰਕਾਰ ਧੀਰ ਦੇ ਇਲਾਜ ਦਾ ਇੰਤਜ਼ਾਮ ਨ੍ਹੀ ਕਰੂੰਗੀ ਤਾਂ ਹੋਰ ਕੀਹਦਾ ਕਰੂਗੀ।” ਮੈਂ ਭਾਪਾ ਜੀ ਨੂੰ ਮਨਾਉਣ ਦੇ ਲਹਿਜ਼ੇ ਵਿਚ ਕਿਹਾ। ਪਰ ਭਾਪਾ ਜੀ ਨੇ ਕੋਈ ਹੁੰਗਾਰਾ ਨਾ ਭਰਿਆ।
**
ਧੀਰ ਦਾ ਭਤੀਜਾ ਹੋਣ ’ਤੇ ਮੈਂ ਅਭਿਮਾਨ ਵਰਗਾ ਮਾਣ ਮਹਿਸੂਸ ਕਰਦਾ। ਭਾਪਾ ਜੀ ਦੇ ਕੁੱਝ ਸਾਹਿਤਕ ਮਿੱਤਰਾਂ ਦਾ ਮੈਂਨੂੰ ਸਾਹਿਤਕ ਕਾਕਾ ਕਹਿਣ ’ਤੇ ਮੇਰਾ ਜਵਾਬ ਹੁੰਦਾ, “ਜਗੀਦਾਰਾ ਦੇ ਕਾਕਿਆ ਨੂੰ ਵਿਰਸੇ ਵਿੱਚੋਂ ਜ਼ਮੀਨ-ਜਾਇਦਾਦ, ਧੰਨ-ਦੌਲਤ ਮਿਲਦਾ ਐ, ਉਹ ਚਾਹੇ ਲੁਟਾਉਣ, ਚਾਹੇ ਉਜਾੜਨ, ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਪਰ ਮੇਰੀ ਸਾਹਿਤਕ ਕਾਕੇ ਵਜੋਂ ਜ਼ਿੰਮੇਵਾਰੀ ਬਹੁਤ ਅਹਿਮ ਹੈ। ਬਿਲਕੁਲ ਤਲਵਾਰ ਦੀ ਧਾਰ ’ਤੇ ਤੁਰਨ ਵਾਂਗ। ਮੈਂ ਧੀਰ ਦੇ ਸਾਹਿਤਕ ਖ਼ਜਾਨੇ ਵਿਚ ਕੋਈ ਵਾਧਾ ਕਰ ਸਕਾਂ ਚਾਹੇ ਨਾ, ਪਰ ਇਸ ਵਿਰਾਸਤੀ ਦੌਲਤ ਨੂੰ ਖੋਰਾ ਲਾਉਣ ਦਾ ਮੈਨੂੰ ਹਰਗ਼ਿਜ਼ ਵੀ ਅਧਿਕਾਰ ਨਹੀਂ।”
ਪੀ.ਜੀ.ਆਈ. ਵੱਲੋਂ ਭਾਪਾ ਜੀ ਦਾ ਸਰੀਰ ਪ੍ਰਾਪਤ ਕਰਨ ਤੋਂ ਬਾਅਦ ਤੋਹਫ਼ੇ ਵਜੋਂ ਦਿੱਤੇ ਬੂਟੇ ਨੂੰ ਉਨ੍ਹਾਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਵੱਲੋਂ ਲਾਉਣ ਮੌਕੇ ਮੇਰੇ ਮੰਨ ਵਿਚ ਖ਼ਿਆਲ ਆ ਰਿਹਾ ਸੀ। ਲੋਕ ਆਪਣੀਆਂ ਦੋ-ਦੋ ਤਿੰਨ-ਤਿੰਨ ਪੁਸ਼ਤਾਂ ਲਈ ਧੰਨ ਦੌਲਤ, ਜ਼ਮੀਨ ਜਾਇਦਾਦ ਛੱਡ ਕੇ ਜਾਂਦੇ ਹਨ, ਪਰ ਸੰਤੋਖ ਸਿੰਘ ਧੀਰ ਆਪਣੇ ਪਿੱਛੇ ਐਨਾ ਨਾਮਣਾ, ਸ਼ੋਹਰਤ ਅਤੇ ਜੱਸ ਖੱਟ-ਕਮਾ ਕੇ ਛੱਡ ਗਿਆ ਕਿ ਆਉਣ ਵਾਲੀਆਂ ਸੱਤ ਪੁਸ਼ਤਾਂ ਬਿਨਾਂ ਕੋਈ ਤਰੱਦਦ ਕੀਤੇ ਇਸ ਦਾ ਨਿੱਘ ਮਾਣ ਸਕਦੀਆਂ ਹਨ, ਖੱਟੀ ਖਾ ਸਕਦੀਆਂ ਹਨ। ਬਸ਼ਰਤੇ ਕੋਈ ਬਦਨਾਮੀ ਨਾ ਖੱਟਣ।
**
ਧੀਰ ਦੀ ਪਰਵਾਜ਼ --- ਰਿਤੂ ਰਾਗ ਕੌਰ
(ਦਾਦਾ - ਤਾਇਆ ਸ਼੍ਰੀ ਸੰਤੋਖ ਸਿੰਘ ਧੀਰ ਦੇ ਨਾਂ)
ਜੋ ਇਨਸਾਨ ਸੀ ਬੜੇ ਨੇਕ ਤੇ ਸੱਚੇ,
ਸਭ ਨੂੰ ਕਰਦੇ ਪਿਆਰ, ਖਾਸਕਰ ਬੱਚੇ।
ਜਿਹਨਾਂ ਦੀ ਉਂਗਲ ਰਹੀ ਹਮੇਸ਼ਾ ਗੌਰਵ ਨਾਲ ਉੱਚੀ,
ਲਿਖਣ-ਪੜ੍ਹਨ ਦੀ ਸੀ ਜਿਹਨਾਂ ਦੀ ਰੁਚੀ।
ਪਤਾਲਾਂ ਤੋਂ ਲੈ ਕੇ ਅੰਬਰਾਂ ਤੱਕ ਦਾ ਸੀ ਜਿਹਨਾਂ ਦਾ ਗਿਆਨ,
ਟੈਗੋਰ, ਕਬੀਰ, ਚੈਖੋਵ ਵਰਗਾ ਸੀ ਜਿਹਨਾਂ ਦਾ ਮਾਨ।
ਬੜੇ ਹੀ ਸ਼ੌਕੀਨ ਸੀ ਉਹ ਸਜ-ਧਜ ਕੇ ਰਹਿਣ ਦੇ,
ਸੱਚ ਹਮੇਸ਼ਾ ਲੋਕਾਂ ਦੇ ਮੂੰਹ ’ਤੇ ਕਹਿਣ ਦੇ।
ਨਾ ਸੀ ਉਹਨਾਂ ਦਾ ਕੋਈ ਦੁਸ਼ਮਣ ਨਾ ਵੈਰੀ,
ਸਦਾ ਤੋਂ ਲਿਖਦੇ ਆ ਰਹੇ ਸੀ ਡਾਇਰੀ।
ਉਹਨਾਂ ਸਾਂਭਿਆ ਆਪਣੇ ਭੈਣ-ਭਰਾਵਾਂ ਨੂੰ ਵਾਂਗ ਪਿਤਾ,
ਜੋ ਸਾਰੇ ਹੰਝੂਆਂ ਵਿਚ ਡੁੱਬ ਗਏ ਵੇਖ ਉਹਨਾਂ ਦੀ ਚਿਤਾ।
ਜਿਹਨਾਂ ਸਾਰੀ ਉਮਰ ਕੀਤੇ ਕੰਮ ਫਖ਼ਰ ਅਤੇ ਮਾਣ ਦੇ,
ਕਿਹਾ ਕਰਦੇ ਸੀ ਹਮੇਸ਼ਾ ਹਸਪਤਾਲਾਂ ਤੋਂ ਦੂਰ ਰਹਿਣਗੇ।
ਜਿਉਂਦੇ-ਜੀ ਕੀਤਾ ਸੱਭ ਦਾ ਭਲਾ,
ਸੋਚਣ ਤੇ ਲਿਖਣ ਦੀ ਸੀ ਇੱਕ ਸੁੰਦਰ ਕਲਾ।
ਜੋ ਸਦਾ ਕਾਇਮ ਰਹੇਗੀ ਉਹਨਾਂ ਦੀ ਮਰਿਆਦਾ,
ਬਿਹਤਰੀਨ ਬਣਾਉਂਦੇ ਜਾਵਾਂਗੇ ਉਹਨਾਂ ਦੀਆਂ ਯਾਦਾਂ।
ਮੈਂ ਹਾਂ ਧੀਰ ਪਰਿਵਾਰ ਦੀ ਇੱਕ ਆਵਾਜ਼,
ਅਸੀਂ ਬਣਾਗੇ ਉਹਨਾਂ ਦੀਆਂ ਸੋਚਾਂ ਦੀ ਪਰਵਾਜ਼।
*****
(1415)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)