“ਸ਼ਾਂਤ ਵਹਿੰਦੇ ਪਾਣੀਆਂ ਹੇਠ ਵੀ ਜਵਾਰ ਭਾਟੇ ਆਉਂਦੇ ਰਹਿੰਦੇ ਹਨ। ਪਾਰਕ ਵਿੱਚ ...”
(8 ਜੁਲਾਈ 2026)
ਬਰੈਂਪਟਨ ਦੀਆਂ ਬੱਸਾਂ ਵਿੱਚ ਮੁਫਤ ਸਫਰ ਕਰਨ ਵਾਲਾ ਪਰੈਸਟੋ ਪਾਸ ਮੇਰੇ ਕੋਲ ਹੈ। ਪਤਾ ਲੱਗਾ ਕਿ ਇਹ ਪਾਸ ਹੁਣ ਮਿਸੀਸਾਗਾ ਦੀਆਂ ਬੱਸਾਂ ਵਿੱਚ ਵੀ ਚੱਲੇਗਾ। ਮੈਂ ਉਸ ਨੂੰ ਡਾਊਨਲੋਡ ਕਰਵਾਉਣ ਲਈ ਬਰੈਮਲੀ ਸਿਟੀ ਸੈਂਟਰ ਬੱਸ ਟਰਮੀਨਲ ਗਿਆ। ਵਾਪਸੀ ਵੇਲੇ ਇੱਕ ਬਜ਼ੁਰਗ ਸਾਦੇ ਪਹਿਰਾਵੇ ਵਿੱਚ ਮੋਢੇ ’ਤੇ ਝੋਲਾ ਲਟਕਾਈ ਨਜ਼ਰ ਪਏ। ਜਿਸ ਬੈਂਚ ’ਤੇ ਉਹ ਬੈਠੇ ਸਨ, ਉਨ੍ਹਾਂ ਉੱਥੇ ਹੀ ਮੈਨੂੰ ਵੀ ਬੈਠਣ ਦਾ ਇਸ਼ਾਰਾ ਕਰ ਦਿੱਤਾ ਤੇ ਮੈਂ ਬੈਠ ਗਿਆ। ਗੱਲਾਂ ਚੱਲ ਪਈਆਂ। ਉਹਨਾਂ ਦੱਸਿਆ ਕਿ ਉਹ ਤੀਹ ਵਰ੍ਹੇ ਪਹਿਲਾਂ ਕੈਨੇਡਾ ਆਏ ਸਨ। ਇੱਕ ਮੁੰਡਾ ਇੱਥੇ ਹੈ ਤੇ ਦੂਜਾ ਪੰਜਾਬ ਵਿੱਚ। ਪਿੰਡ ਉਨ੍ਹਾਂ ਦਾ ਕਪੂਰਥਲੇ ਜ਼ਿਲ੍ਹੇ ਵਿੱਚ ਸਾਇੰਸ ਸਿਟੀ ਦੇ ਨੇੜੇ ਹੈ। ਇੱਥੇ ਆ ਕੇ ਦਸ ਕੁ ਵਰ੍ਹੇ ਜੌਬ ਵੀ ਕੀਤੀ। ਵਿੱਚੋਂ ਇੱਕ ਗੇੜੀ ਪਿੰਡ ਦੀ ਲਾਈ ਤੇ ਛੋਟੇ ਮੁੰਡੇ ਦਾ ਵਿਆਹ ਕਰ ਆਏ। ਇੱਥੇ ਵਾਲਾ ਮੁੰਡਾ ਟਰੱਕ ਚਲਾਉਂਦਾ ਹੈ। ਦੋ ਪੋਤੇ ਪੜ੍ਹਾਈ ਮੁਕੰਮਲ ਕਰ ਚੁੱਕੇ ਹਨ। ਇੱਕ ਡਾਕਟਰ ਹੈ ਤੇ ਦੂਜਾ ਵੀ ਸਿਹਤ ਵਿਭਾਗ ਵਿੱਚ ਸੈੱਟ ਹੈ। ਦੋਹਾਂ ਜੀਆਂ ਨੂੰ ਕੋਈ ਤੇਤੀ ਚੌਤੀ ਸੌ ਡਾਲਰ ਮਹੀਨੇ ਦੀ ਪੈਨਸ਼ਨ ਮਿਲਦੀ ਹੈ। ਪਿੰਡ ਰਹਿੰਦੇ ਮੁੰਡੇ ਨੂੰ ਪੈਸੇ ਭੇਜਦੇ ਰਹਿੰਦੇ ਹਨ। ਉਹ ਵਧੀਆ ਜ਼ਿੰਦਗੀ ਜੀਅ ਰਹੇ ਹਨ, ਕੈਨੇਡਾ ਦੇ ਧੰਨਵਾਦੀ ਹਨ। ਕੈਨੇਡਾ ਸੱਚਮੁੱਚ ਇਨ੍ਹਾਂ ਲਈ ਸਵਰਗ ਹੈ। ਇਨ੍ਹਾਂ ਨੂੰ ਕੈਨੇਡਾ ਦੇ ਸਿਸਟਮ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ। ਇਹ ਤਿੰਨ-ਚਾਰ ਦਹਾਕੇ ਪਹਿਲਾਂ ਆਈ ਪੀੜ੍ਹੀ ਦਾ ਸੁਖਾਵਾਂ ਬਿਰਤਾਂਤ ਹੈ। ਕੀ ਅਸੀਂ ਇਸ ਬਿਰਤਾਂਤ ਨੂੰ ਸਾਰਿਆਂ ਦਾ ਬਿਰਤਾਂਤ ਕਹਿ ਸਕਦੇ ਹਾਂ? ਕੀ ਇਹ ਮਾਪਦੰਡ ਇੰਨਾ ਸਰਲ ਅਤੇ ਸੁਖਾਵਾਂ ਹੈ? ਕੀ ਇਸ ਬਿਰਤਾਂਤ ਵਿੱਚੋਂ ਸਮੁੱਚੇ ਕੈਨੇਡਾ ਦੀ ਝਲਕ ਵੇਖੀ ਜਾ ਸਕਦੀ ਹੈ? ਇਸ ਵਿਸਥਾਰ ਵਿੱਚ ਪੈਣ ਤੋਂ ਪਹਿਲਾਂ ਸਿਰਫ ਬਰੈਂਪਟਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਗੱਲ ਵਿਅਕਤੀਆਂ ਦੇ ਵੱਖਰੇ ਅਨੁਭਵ ਦੀ ਵੀ ਕਰਾਂਗੇ ਤੇ ਬਰੈਂਪਟਨ ਦੇ ਹਵਾਲੇ ਨਾਲ ਸਮੁੱਚੇ ਕੈਨੇਡਾ ਦੀ ਵੀ।
ਬਰੈਂਪਟਨ ਨੂੰ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ। ਇਸਦੀ ਵਸੋਂ ਅੱਠ ਲੱਖ ਤੋਂ ਵੱਧ ਹੈ। ਇੰਝ ਇਹ ਓਂਟੇਰੀਓ ਸੂਬੇ ਦਾ ਤੀਜਾ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਰਾਜਨੀਤੀ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਕਾਰੋਬਾਰਾਂ ਉੱਪਰ ਵੀ ਪੰਜਾਬੀਆਂ ਦਾ ਕਬਜ਼ਾ ਹੈ। ਸਟੱਡੀ ਵੀਜ਼ੇ ਉੱਪਰ ਕੈਨੇਡਾ ਆਉਣ ਵਾਲੇ ਬਹੁਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਰੈਂਪਟਨ ਸ਼ਹਿਰ ਹੈ। ਫੁੱਲਾਂ ਦਾ ਸ਼ਹਿਰ ਕਰਕੇ ਜਾਣੇ ਜਾਂਦੇ ਇਸ ਸ਼ਹਿਰ ਦੀਆਂ ਬਹੁਤ ਸਾਰੀਆਂ ਖੂਬੀਆਂ ਲੋਕਾਂ ਦੀ ਖਿੱਚ ਦਾ ਕਾਰਨ ਬਣਦੀਆਂ ਹਨ। ਪਰ ਇਹ ਬਾਹਰੀ ਗੱਲਾਂ ਹਨ। ਹਵਾ ਵਿੱਚ ਉਡਦੇ ਗੁਬਾਰਿਆਂ ਜਿਹੀਆਂ ਗੱਲਾਂ। ਜਦੋਂ ਇੱਥੋਂ ਦੇ ਨਾਗਰਿਕ ਬਣਕੇ ਇੱਥੇ ਪਰਿਵਾਰ ਸਮੇਤ ਵਸਣ ਦੀ ਗੱਲ ਆਉਂਦੀ ਹੈ ਤਾਂ ਜੀਵਨ ਵਿੱਚ ਆਉਂਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਉਹਨਾਂ ਦੁਸ਼ਵਾਰੀਆਂ ਤੋਂ ਅੱਖਾਂ ਮੀਟ ਕੇ ਜ਼ਿੰਦਗੀ ਜਿਊਣ ਦਾ ਭਰਮ ਪਾਲਣਾ ਹੌਲੀ-ਹੌਲੀ ਮਹਿੰਗਾ ਪੈਣ ਲੱਗ ਪਿਆ ਹੈ। ਸਿਹਤ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਤੰਦਰੁਸਤ ਹੋਵਾਂਗੇ ਤਾਂ ਖ਼ੁਸ਼ਹਾਲ ਹੋਣ ਦਾ ਅਹਿਸਾਸ ਵੀ ਹੰਢਾਵਾਂਗੇ। ਓਪਰੀ ਨਜ਼ਰੇ ਵੇਖਿਆਂ ਇੱਥੇ ਸਿਹਤ ਸਹੂਲਤਾਂ ਬਹੁਤ ਵਧੀਆ ਹਨ। ਪਰ ਅਬਾਦੀ ਪੱਖੋਂ ਇੱਕ ਮਿਲੀਅਨ ਦੇ ਨੇੜੇ ਢੁੱਕਣ ਵਾਲੇ ਇਸ ਸ਼ਹਿਰ ਵਿੱਚ ਸਿਰਫ ਇੱਕ ਸਿਵਲ ਹਸਪਤਾਲ ਹੈ ਜਿੱਥੇ ਪੂਰੀਆਂ ਸੁਵਿਧਾਵਾਂ ਮਿਲਣ ਦੀ ਆਸ ਰੱਖੀ ਜਾ ਸਕਦੀ ਹੈ। ਸ਼ਹਿਰੀਆਂ ਵੱਲੋਂ ਹੋਰ ਹਸਪਤਾਲ ਖੋਲ੍ਹਣ ਦੀ ਸਾਲਾਂ ਪੁਰਾਣੀ ਮੰਗ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ।
ਇੱਥੇ ਰਹਿੰਦੇ ਪਰਿਵਾਰਾਂ ਦੀ ਦੂਜੀ ਵੱਡੀ ਲੋੜ ਬੱਚਿਆਂ ਦੀ ਸਿੱਖਿਆ ਹੈ। ਸਰਕਾਰ ਦੀ ਸਰਪ੍ਰਸਤੀ ਵਿੱਚ ਚਲਦੇ ਪਬਲਿਕ ਸਕੂਲਾਂ ਵਿੱਚ ਬਾਰ੍ਹਵੀਂ ਤਕ ਸਿੱਖਿਆ ਮੁਫਤ ਹੈ। ਇਸ ਤੋਂ ਬਿਨਾਂ ਪ੍ਰਾਈਵੇਟ ਸਕੂਲ ਵੀ ਹਨ। ਪਰ ਸਕੂਲੀ ਸਿੱਖਿਆ ਮੁਕੰਮਲ ਕਰਨ ਉਪਰੰਤ ਕਿਸੇ ਕਾਲਜ, ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਹੁੰਦਾ ਹੈ। ਬਰੈਂਪਟਨ ਸ਼ਹਿਰ ਵਿੱਚ ਇੱਕ ਵੀ ਅਜਿਹੀ ਯੂਨੀਵਰਸਿਟੀ ਨਹੀਂ ਹੈ ਜਿੱਥੇ ਬੱਚਾ ਉਚੇਰੀ ਪੜ੍ਹਾਈ ਕਰ ਸਕੇ। ਉਸ ਲਈ ਦੂਰ-ਦੁਰਾਡੇ ਸਥਿਤ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਜਿੱਥੇ ਪਹਿਲਾਂ ਹੀ ਯੂਨੀਵਰਸਿਟੀ ਦੀ ਮਹਿੰਗੀ ਪੜ੍ਹਾਈ ਦੇ ਨਾਲ ਰਿਹਾਇਸ਼ ਅਤੇ ਭੋਜਨ ਆਦਿ ਦਾ ਖਰਚਾ ਵੀ ਆਣ ਜੁੜਦਾ ਹੈ। ਨਵੀਂ ਯੂਨੀਵਰਸਿਟੀ ਖੋਲ੍ਹਣ ਦੀ ਮੰਗ ਵੀ ਨਹੀਂ ਮੰਨੀ ਜਾ ਰਹੀ। ਬਰੈਂਪਟਨ ਵਿੱਚ ਬੇਰੁਜ਼ਗਾਰੀ ਦੀ ਦਰ ਵੀ ਵਧ ਰਹੀ ਹੈ। ਨੌਜਵਾਨ ਪੀੜ੍ਹੀ ਲਈ ਇਹ ਦਰ ਹੋਰ ਵੀ ਜ਼ਿਆਦਾ ਹੈ। ਜੌਬ ਦੇ ਨਾਂ ’ਤੇ ਇੱਥੇ ਦਿਹਾੜੀਆਂ ਲਾਉਣੀਆਂ ਪੈਂਦੀਆਂ ਹਨ। ਸਕੂਲ ਵਿੱਚ ਪੜ੍ਹਾ ਰਹੀ ਟੀਚਰ ਜਾਂ ਕਿਸੇ ਵੇਅਰਹਾਊਸ ਨੂੰ ਸਾਂਭ-ਸੰਭਾਲ ਰਹੇ ਕਿਸੇ ਮੁਲਾਜ਼ਮ ਨੂੰ ਦਿਨ ਦੇ ਕਿਸੇ ਵੀ ਪਹਿਰ ਘ੍ਰ ਜਾਣ ਲਈ ਕਿਹਾ ਜਾ ਸਕਦਾ ਹੈ। ਕਿਸੇ ਸੌਫਟਵੇਅਰ ਕੰਪਨੀ ਵਿੱਚ ਚੰਗੀ ਤਨਖਾਹ ’ਤੇ ਕੰਮ ਕਰ ਰਹੇ ਕਿਸੇ ਵਿਅਕਤੀ ਨੂੰ ਕਿਸੇ ਵੀ ਪਲ ਫਾਇਰਡ (ਨੌਕਰੀ ਤੋਂ ਜਵਾਬ) ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਕੋਈ ਸਾਰਥਿਕ ਉਪਰਾਲੇ ਕੀਤੇ ਜਾਂਦੇ ਹੋਣ, ਅਜਿਹਾ ਨਜ਼ਰ ਨਹੀਂ ਆਉਂਦਾ। ਕਹਿਣ ਤੋਂ ਭਾਵ ਜ਼ਿੰਦਗੀ ਵਿੱਚ ਬੇਯਕੀਨੀ ਦਾ ਮਾਹੌਲ ਹੈ। ਇਹ ਕਹਾਵਤ ਤਾਂ ਪਹਿਲਾਂ ਹੀ ਮਸ਼ਹੂਰ ਹੈ ਕਿ ਇੱਥੇ ਕੰਮ, ਔਰਤ ਅਤੇ ਮੌਸਮ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਵਧ ਰਹੀ ਮਹਿੰਗਾਈ ਇੱਥੇ ਵੱਸਦਿਆਂ ਲਈ ਇੱਕ ਹੋਰ ਚੁਣੌਤੀ ਹੈ।
ਅਜਿਹੀ ਸਥਿਤੀ ਵਿੱਚ ਅਸੀਂ ਪੀੜਿਤ ਧਿਰ ਕੀ ਕਰ ਰਹੇ ਹਾਂ? ਕੀ ਗੁਰੂ ਘਰਾਂ ਵਿੱਚ ਜੁੜਦੀ ਸੰਗਤ, ਪਾਰਕਾਂ ਵਿੱਚ ਸਜਦੀਆਂ ਸੱਥਾਂ, ਕਮਿਉਨਿਟੀ ਸੈਂਟਰਾਂ ਵਿੱਚ ਤਾਸ਼ ਦੀ ਬਾਜ਼ੀ ਲਾਉਂਦੀਆਂ ਉਮਰਾਂ ਅਤੇ ਹੋਰ ਇਕੱਠਾਂ ਵਿੱਚ ਅਸੀਂ ਇਸ ਸਥਿਤੀ ਨੂੰ ਵਿਚਾਰਦੇ ਹਾਂ? ਕੀ ਅਸੀਂ ਸਰਕਾਰ ਖਿਲਾਫ ਸੜਕਾਂ ’ਤੇ ਨਿਕਲਦੇ ਹਾਂ? ਰਾਜਨੀਤੀ ਵਿੱਚ ਹਰ ਪੱਧਰ ’ਤੇ ਸਾਡੇ ਆਪਣੇ ਹੀ ਭਾਈਚਾਰੇ ਦੀ ਢੁਕਵੀਂ ਭਾਈਵਾਲੀ ਹੈ। ਕੀ ਅਸੀਂ ਸਮੂਹਿਕ ਤੌਰ ’ਤੇ ਉਹਨਾਂ ਤਕ ਪਹੁੰਚ ਕਰਕੇ ਇਹ ਮੁੱਦੇ ਉਠਾਉਂਦੇ ਹਾਂ? ਮੁੱਦੇ ਉਠਾਉਣ ਲਈ ਇਕੱਠੇ ਹੋਣਾ ਪੈਂਦਾ ਹੈ। ਇਕੱਠੇ ਹੋ ਕੇ ਜੁੜ ਬੈਠਣ ਦੀ ਤਾਕਤ ਤੋਂ ਸਰਕਾਰਾਂ ਵੀ ਤ੍ਰਹਿੰਦੀਆਂ ਹਨ। ਜਦੋਂ ਤਕ ਵਰਗਾਂ ਵਿੱਚ ਵੰਡੇ ਰਹਾਂਗੇ, ਸੰਸਥਾਵਾਂ ਦੇ ਅਹੁਦਿਆਂ, ਰੁਤਬਿਆਂ ਦਾ ਲਾਲਚ ਨਹੀਂ ਛੱਡਾਂਗੇ ਅਤੇ ਥੱਕੇ-ਹਾਰੇ ਜਿਹੇ ਹੱਥ ’ਤੇ ਹੱਥ ਧਰ ਕੇ ਬੈਠੇ ਰਹਾਂਗੇ ਤਾਂ ਸਾਡੀ ਅਗਲੀ ਪੀੜ੍ਹੀ ਦਾ ਕੀ ਹਸ਼ਰ ਹੋਵੇਗਾ, ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਂਝ ਤਾਂ ਹਰ ਵੇਲਾ ਜਾਗਣ ਦਾ ਵੇਲਾ ਹੁੰਦਾ ਹੈ, ਹੁਣ ਦਾ ਵੀ ਹੈ।
ਜ਼ਿੰਦਗੀ ਜਟਿਲ ਹੈ। ਹਰ ਪਰਿਵਾਰ ਦਾ ਸਮਾਜਿਕ ਵਿਗਿਆਨ ਵੱਖ ਹੈ। ਰਿਸ਼ਤਿਆਂ ਦਾ ਗਣਿਤ ਬੜਾ ਗੁੰਝਲਦਾਰ ਹੈ। ਹਰ ਪੁੱਤ ਸਾਊ ਨਹੀਂ ਹੁੰਦਾ। ਹਰ ਨੂੰਹ-ਧੀ ਵੀ ਸਚਿਆਰੀ ਨਹੀਂ ਹੁੰਦੀ। ਆਰਥਿਕਤਾ ਵੀ ਰਿਸ਼ਤਿਆਂ ਦਾ ਵਿਹਾਰ ਨਿਸ਼ਚਿਤ ਕਰਦੀ ਹੈ। ਜੀਵਨ ਸਾਥੀ, ਸਾਥਣ ਦਾ ਝੁਕਾਅ ਵੀ ਉਮਰ ਦੇ ਇਸ ਪੜ੍ਹਾਅ ’ਤੇ ਵੱਡੀ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿੱਚ ਬਜ਼ੁਰਗਾਂ ਦੇ ਨਾਂ ਬੋਲਦੀ ਜ਼ਮੀਨ ਜਾਇਦਾਦ ਵੀ ਰਿਸ਼ਤਿਆਂ ਨੂੰ ਅਸਰ ਅੰਦਾਜ਼ ਕਰਦੀ ਹੈ। ਕੁਝ ਬਜ਼ੁਰਗ ਭਾਵੁਕਤਾ ਵੱਸ ਉੱਥੋਂ ਦੀ ਜਾਇਦਾਦ ਆਪਣੀ ਔਲਾਦ ਦੇ ਨਾਂ ਕਰ ਦਿੰਦੇ ਹਨ। ਆਮ ਇਕੱਠਾਂ, ਖਾਸ ਕਰਕੇ ਪਾਰਕਾਂ ਵਿੱਚ ਇਸ ਨੂੰ ਵੱਡੀ ਗਲਤੀ ਮੰਨਿਆ ਜਾਂਦਾ ਹੈ। ਜਾਇਦਾਦ ਨਾਂ ਹੋਣ ਉਪਰੰਤ ਔਲਾਦ ਦਾ ਰਵਈਆ ਬਦਲ ਜਾਂਦਾ ਹੈ। ਮਾਪਿਆਂ ਨੂੰ ਕਿਸੇ ਵੱਖਰੀ ਕਿਰਾਏ ਦੀ ਬੇਸਮੈਂਟ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹੇ ਕਈ ਪਰਿਵਾਰਾਂ ਦੇ ਦੁਖਾਂਤ ਪੜ੍ਹਨ ਸੁਣਨ ਨੂੰ ਮਿਲਦੇ ਹਨ। ਸੁਣਨ ਨੂੰ ਤਾਂ ਇਸ ਤੋਂ ਅਗਲੇ ਕਾਂਡ ਵੀ ਮਿਲਦੇ ਹਨ। ਪਰ ਵਿਸ਼ਵਾਸ ਨਹੀਂ ਹੁੰਦਾ।
ਸਾਡੇ ਸੱਭਿਆਚਾਰ ਵਿਚਲੀਆਂ ਰਵਾਇਤਾਂ ਵੀ ਰਿਸ਼ਤਿਆਂ ਵਿੱਚ ਵਿਗਾੜ ਪੈਦਾ ਕਰਨ ਦੀਆਂ ਦੋਸ਼ੀ ਹਨ। ਹੋਰ ਜਾਇਦਾਦ ਇਕੱਠੀ ਕਰਨ ਦਾ ਰੁਝਾਨ ਜਾਂ ਕਹਿ ਲਵੋ ਲਾਲਚ ਵੀ ਸਾਡੀ ਸਮਾਜਿਕਤਾ ਦਾ ਵਿਗੜਿਆ ਢਾਂਚਾ ਸਿਰਜਦਾ ਹੈ। ਪੰਜਾਬ ਵਿੱਚ ਬਹੁਤ ਸਾਰੇ ਪਰਵਾਸੀ ਭਰਾਵਾਂ ਦੇ ਜਾਇਦਾਦ ਹੜੱਪਣ ਖਾਤਰ ਆਪਣਿਆਂ ਵੱਲੋਂ ਹੁੰਦੇ ਕਤਲ ਦੀਆਂ ਖਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਜਿਸ ਪੁੱਤ ਲਈ ਅਸੀਂ ਕਿਸੇ ਆਪਣੇ ਦਾ ਕਤਲ ਕਰਕੇ ਜਾਇਦਾਦ ਹੜੱਪੀ ਹੁੰਦੀ ਹੈ, ਉਸ ਜਾਇਦਾਦ ਨੂੰ ਨਸ਼ੇੜੀ ਪੁੱਤ ਨੇ ਨਸ਼ਿਆਂ ਦੇ ਦਰਿਆ ਵਿੱਚ ਵਹਾ ਦੇਣਾ ਹੁੰਦਾ ਹੈ। ਜਿੱਥੋਂ ਤਕ ਹੋਰ ਜਾਇਦਾਦ ਇਕੱਠੀ ਕਰਨ ਦਾ ਲਾਲਚ ਹੈ, ਉਸਦੀ ਉਦਾਹਰਨ ਵਜੋਂ ਵੇਖਣਾ ਹੋਵੇ ਤਾਂ ਚਾਰ ਕੁ ਸਾਲ ਪਹਿਲਾਂ ਇੱਥੇ ਕੈਨੇਡਾ ਵਿੱਚ ਬੈਂਕਾਂ ਨੇ ਬਿਆਜ ਦਰਾਂ ਘਟਾ ਕੇ ਇੱਕ ਪ੍ਰਤੀਸ਼ਤ ਦੇ ਨੇੜੇ ਕਰ ਦਿੱਤੀਆਂ। ਇਸਦਾ ਅਸਰ ਇਹ ਹੋਇਆ ਕਿ ਸਾਡੇ ਭਾਈਚਾਰੇ ਵੱਲੋਂ ਮਹਿੰਗੇ ਭਾਅ ਦੋ-ਦੋ, ਤਿੰਨ-ਤਿੰਨ ਘਰ ਹੋਰ ਖਰੀਦ ਲਏ। ਦਲੀਲ ਇਹ ਸੀ ਕਿ ਨਵੇਂ ਘਰ ਕਿਰਾਏ ’ਤੇ ਚੜ੍ਹਾਵਾਂਗੇ, ਬੈਂਕ ਦੀਆਂ ਕਿਸ਼ਤਾਂ ਆਰਾਮ ਨਾਲ ਦਿੱਤੀਆਂ ਜਾਣੀਆਂ। ਉਹ ਆਪਣੀ ਔਲਾਦ ਲਈ ਭਵਿੱਖ ਦੇ ਸੁਪਨੇ ਸਿਰਜ ਰਹੇ ਸਨ ਸ਼ਾਇਦ। ਹੋਇਆ ਇਸ ਤੋਂ ਉਲਟ। ਬਿਆਜ ਦੀਆਂ ਦਰਾਂ ਵਧ ਗਈਆਂ ਹਨ ਅਤੇ ਘਰਾਂ ਦੀਆਂ ਕੀਮਤਾਂ ਹੇਠਾਂ ਡਿਗ ਪਈਆਂ ਹਨ। ਅਜਿਹੇ ਲੋਕ ਬੁਰੀ ਤਰ੍ਹਾਂ ਕਰਜ਼ੇ ਹੇਠ ਫਸ ਗਏ ਹਨ। ਕਈਆਂ ਨੂੰ ਆਪਣੇ ਕਿੱਤੇ ਵੀ ਬਦਲਣੇ ਪਏ ਹਨ। ਮਜ਼ਦੂਰੀ ਕਰਨ ਦਾ ਰਾਹ ਫੜਿਆ ਗਿਆ ਹੈ। ਅਜਿਹੇ ਘਰਾਂ ਜਾਂ ਕਹਿ ਲਉ ਕਿ ਪਰਿਵਾਰਾਂ ਦੇ ਰਿਸ਼ਤੇ ਸਹਿਜ ਅਤੇ ਸੁਖਾਵੇਂ ਨਹੀਂ ਰਹੇ। ਕਰਜ਼ੇ ਹੇਠ ਡੁੱਬੇ ਕੁਝ ਕਪੁੱਤਾਂ ਨੇ ਮਾਪਿਆਂ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਸਥਿਤੀ ਨੇ ਇੱਕ ਵੱਖਰਾ ਅਤੇ ਦੁਖਦਾਇਕ ਬਿਰਤਾਂਤ ਸਿਰਜਿਆ ਹੈ।
ਉਪਰੋਤਕ ਵਰਣਿਤ ਹਵਾਲੇ ਨਾਲ ਗੱਲ ਜੇ ਕੈਨੇਡਾ ਦੀ ਕਰਨੀ ਹੋਵੇ ਤਾਂ ਇਹ ਗੱਲ ਕਿਸੇ ਇੱਕ ਪਰਿਵਾਰ ਜਾਂ ਘਰ ਤਕ ਸੀਮਿਤ ਨਹੀਂ ਰਹਿੰਦੀ। ਇੱਥੇ ਰਹਿੰਦੇ ਮਾਪਿਆਂ ਦੇ ਮਨ ਫਰੋਲਣੇ ਪੈਂਦੇ ਹਨ। ਸ਼ਾਂਤ ਵਹਿੰਦੇ ਪਾਣੀਆਂ ਹੇਠ ਵੀ ਜਵਾਰ ਭਾਟੇ ਆਉਂਦੇ ਰਹਿੰਦੇ ਹਨ। ਪਾਰਕ ਵਿੱਚ ਜੁੜ ਬੈਠਦੇ ਸਾਡੇ ਕਲੱਬ ਦੇ ਇੱਕ ਸਿਆਣੇ ਮੈਂਬਰ ਪਿਆਰਾ ਸਿੰਘ ਹੋਰਾਂ ਨੇ ਆਪਣੇ ਕਿਸੇ ਜਾਣ-ਪਛਾਣ ਵਾਲੇ ਸੱਜਣ ਦੀ ਜੀਵਨ ਕਥਾ ਬਿਆਨ ਕਰਦਿਆਂ ਦੱਸਿਆ ਕਿ ਆਪਣੇ ਨੁੰਹ-ਪੁੱਤ ਕੋਲ ਰਹਿੰਦੇ ਇਸ ਬੰਦੇ ਦੀ ਜ਼ਿੰਦਗੀ ਕਦੇ ਵੀ ਸੁਖਾਵੀਂ ਨਹੀਂ ਸੀ। ਦੋਵਾਂ ਜੀਆਂ ਦੀ ਪੈਨਸ਼ਨ ਆਉਂਦੀ ਸੀ। ਪਰ ਇਸ ਨੂੰ ਵਰਤਣ ਖਰਚਣ ਦਾ ਹੱਕ ਨਹੀਂ ਸੀ। ਸੁਣਨ ਨੂੰ ਤਾਂ ਇਹ ਵੀ ਸੁਣੀਦਾ ਹੈ ਕਿ ਇੱਥੇ ਰਹਿੰਦੇ ਪੈਨਸ਼ਨ ਲੈ ਰਹੇ ਅੱਸੀ ਪ੍ਰਤੀਸ਼ਤ ਬਜ਼ੁਰਗ ਮਾਪਿਆਂ ਦਾ ਇਹੋ ਹਸ਼ਰ ਹੈ। ਪਰ ਚਲੋ ਦੋਵੇਂ ਇੱਕ ਦੂਜੇ ਦੇ ਸਹਾਰੇ ਦਿਨ ਕਟੀ ਕਰ ਰਹੇ ਸਨ ਕਿ ਅਚਾਨਕ ਘਰ ਵਾਲੀ ਸਾਥ ਛੱਡ ਗਈ। ਉਹ ਘਰ ਵਿੱਚ ਇਕੱਲਾ ਰਹਿ ਗਿਆ। ਘਰ ਨੂੰਹ ਦੀ ਮਰਜ਼ੀ ਨਾਲ ਚਲਦਾ ਸੀ। ਪੁੱਤ ਥੋੜ੍ਹਾ ਲੋਲ੍ਹੜ ਕਿਸਮ ਦਾ ਬੰਦਾ ਹੈ। ਆਪਣੇ ਬਾਪ ਦੇ ਹੱਕ ਵਿੱਚ ਖਲੋਣ ਜੋਗਾ ਵੀ ਨਹੀਂ ਹੈ। ਉਸਦਾ ਕਾਰੋਬਾਰ ਵੀ ਢਿੱਲਾ ਹੈ। ਬਾਪੂ ਦੀ ਰੋਟੀ ਬਣਾਉਣ ਨੂੰ ਵੀ ਬੋਝ ਮੰਨਦਿਆਂ ਨੂੰਹ ਨੇ ਟਿਫਨ ਲਵਾ ਦਿੱਤਾ, ਜਿਸਨੂੰ ਉਹ ਦੋ ਤਿੰਨ ਡੰਗਾਂ ਵਿੱਚ ਵੰਡਕੇ ਖਾ ਛੱਡਦਾ ਹੈ। ਪੈਨਸ਼ਨ ਵਿੱਚੋਂ ਉਸਨੂੰ ਜੇਬ ਖਰਚ ਹੀ ਮਿਲਦਾ ਹੈ। ਪਿੰਡ ਜ਼ਮੀਨ ਹੈ, ਜਿਸਨੂੰ ਭਰਾ ਸਾਂਭਦਾ ਹੈ। ਭਰਾ ਨੇ ਵੀ ਕਈ ਵਾਰ ਉਸਨੂੰ ਮੁੜ ਆਉਣ ਦੀ ਸਲਾਹ ਦਿੱਤੀ ਹੈ। ਪਰ ਉਸ ਕੋਲ ਮੁੜਨ ਜੋਗੇ ਪੈਸੇ ਨਹੀਂ ਹਨ। ਸਾਡੇ ਕਲੱਬ ਵਾਲੇ ਦੋਸਤ ਪਿਆਰਾ ਸਿੰਘ ਨੇ ਵੀ ਉਸਨੂੰ ਪਿੰਡ ਮੁੜ ਜਾਣ ਲਈ ਕਿਹਾ ਹੈ। ਇਸ ਵਾਰ ਤਾਂ ਉਸਨੂੰ ਪੱਲਿਉਂ ਟਿਕਟ ਲੈ ਕੇ ਦੇਣ ਦੀ ਸਹੂਲਤ ਵੀ ਦੇ ਦਿੱਤੀ ਹੈ। ਦੇਖੋ, ਉਹ ਹੁਣ ਇਸ ਸਵਰਗ ਵਿਚਲੇ ਨਰਕ ਨੂੰ ਛੱਡਣ ਦਾ ਮਨ ਬਣਾਉਂਦਾ ਹੈ ਕਿ ਨਹੀਂ? ਔਲਾਦ ਸਾਰੀ ਉਮਰ ਸਾਡੇ ਮੋਢਿਆਂ ’ਤੇ ਚੜ੍ਹੀ ਰਹਿੰਦੀ ਹੈ।
ਪਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ। ਪਰ ਪਰਵਾਸੀ ਆਪਣੇ ਹੱਕਾਂ ਲਈ ਜਾਗਰੂਕ ਨਾ ਹੋਣ, ਆਪਣੀਆਂ ਸਮੱਸਿਆਵਾਂ ਦੀ ਅਣਦੇਖੀ ਕਰਦੇ ਰਹਿਣ, ਇਹ ਪਰਵਾਸ ਦੇ ਸੁਖਦ ਸੁਪਨੇ ਲਈ ਘਾਤਕ ਹੁੰਦਾ ਹੈ। ਆਪਣੀਆਂ ਲੋੜਾਂ ਅਤੇ ਬਿਹਤਰ ਜੀਵਨ ਹਾਲਤਾਂ ਲਈ ਮਨੁੱਖ ਪਿੰਡ, ਸ਼ਹਿਰ, ਪ੍ਰਾਂਤ ਅਤੇ ਦੇਸ ਤੋਂ ਬਾਹਰ ਜਾਂਦਾ ਹੈ। ਪਰ ਮੁਢਲੀਆਂ ਲੋੜਾਂ ਦੀ ਪੂਰਤੀ ਤੋਂ ਬਾਅਦ ਵੀ ਕੁਝ ਲੋੜਾਂ ਹੁੰਦੀਆਂ ਹਨ ਜਿਨ੍ਹਾਂ ਨੇ ਸਾਡੇ ਜਿਊਣ ਦਾ ਸਬੱਬ ਬਣਨਾ ਹੁੰਦਾ ਹੈ। ਜਦੋਂ ਇਹ ਸਬੱਬ ਹੱਥਾਂ ਵਿੱਚੋਂ ਤਿਲ੍ਹਕ ਜਾਵੇ ਤਾਂ ਸਾਡੀਆਂ ਸੋਚਾਂ, ਸੁਪਨਿਆਂ ਵਿਚਲਾ ਸਵਰਗ ਖਾਮੋਸ਼ੀ ਦਾ ਲਿਬਾਸ ਪਹਿਨ ਲੈਂਦਾ ਹੈ ਅਤੇ ਨਰਕ ਦਾ ਸ਼ੋਰ ਸਾਡੀ ਦੇਹ ਅੰਦਰ ਖੋਰੂ ਪਾਉਣ ਲਗਦਾ ਹੈ। ਇਸ ਖੋਰੂ ਵਿਚਲਾ ਬਿਰਤਾਂਤ ਦੁਖਦਾਇਕ ਹੁੰਦਾ ਹੈ। ਕੈਨੇਡਾ ਜਾਂ ਪਰਵਾਸ ਸਾਰਿਆਂ ਦੇ ਜੀਵਨ ਨੂੰ ਇੱਕ ਹੀ ਤਰ੍ਹਾਂ ਪ੍ਰਭਾਵਤ ਨਹੀਂ ਕਰਦਾ। ਪਰ ਇਸ ਸੱਚ ਨੂੰ ਨਹੀਂ ਨਕਾਰਨਾ ਚਾਹੀਦਾ ਕਿ ਪੰਜਾਬ ਵਿੱਚ ਚੰਗੀ ਰੋਟੀ ਖਾਂਦੇ ਲੋਕਾਂ ਨੂੰ ਆਪਣਾ ਵਤਨ ਨਹੀਂ ਵਿਸਾਰਨਾ ਚਾਹੀਦਾ। ਪਰਵਾਸ ਹਰ ਵਾਰ ਹਰ ਇੱਕ ਲਈ ਸਵਰਗ ਨਹੀਂ ਹੁੰਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































