“ਸੁਪਨਿਆਂ ਨੂੰ ਸਾਕਾਰ ਕਰਨ ਲਈ ਕਿਰਤ ਦਾ ਸੰਕਲਪ ਪੈਦਾ ਹੋਵੇਗਾ। ਘਰ ਖ਼ੁਸ਼ਹਾਲ ਹੋਣਗੇ। ਪਿੰਡ ਸੁਖੀ ਵਸਣਗੇ ...”
(5 ਨਵੰਬਰ 2023)
ਵਰ੍ਹਿਆਂ ਤੋਂ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ। ਹਰ ਚੋਣ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਦਾ ਵਾਅਦਾ ਕਰਦੀਆਂ ਹਨ। ਸਰਕਾਰਾਂ ਬਦਲਦੀਆਂ ਹਨ ਪਰ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਦਾ ਰਹਿੰਦਾ ਹੈ। ਵਿਰੋਧੀ ਧਿਰਾਂ ਸੱਤਾ ’ਤੇ ਕਾਬਜ਼ ਧਿਰ ਉੱਪਰ ਨਸ਼ਿਆਂ ਦੇ ਕਾਰੋਬਾਰ ਵਿੱਚ ਭਾਗੀਦਾਰ ਹੋਣ ਦਾ ਇਲਜ਼ਾਮ ਲਗਾਉਂਦੀਆਂ ਹਨ। ਮੀਡੀਆ ਵਿੱਚ ਚਰਚਾ ਛਿੜਦੀ ਹੈ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਇਹ ਚਰਚਾ ਪੜ੍ਹਨ ਨੂੰ ਮਿਲਦੀ ਹੈ। ਪਰ ਨਸ਼ੇ ਦੀ ਓਵਰਡੋਜ਼ ਨਾਲ ਮਰੇ ਕਿਸੇ ਦੇ ਜਵਾਨ ਪੁੱਤ ਦੀ ਖ਼ਬਰ ਰੋਜ਼ ਪੜ੍ਹਨ ਨੂੰ ਮਿਲ ਜਾਂਦੀ ਹੈ। ਮਾਵਾਂ, ਭੈਣਾਂ ਵਿਲਕਦੀਆਂ ਹਨ। ਬਜ਼ੁਰਗ ਬੇਵੱਸ ਬਾਪ ਕੰਧਾਂ ਨੂੰ ਟੱਕਰਾਂ ਮਾਰਦਾ ਹੈ। ਸਰਕਾਰਾਂ ਬੇਵੱਸ ਨਜ਼ਰ ਆਉਂਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਕਰ ਰਹੀ ਲੌਬੀ ਵਧੇਰੇ ਸ਼ਕਤੀਸ਼ਾਲੀ ਲਗਦੀ ਹੈ। ਪ੍ਰਸ਼ਾਸਨ ਦੀ ਮਿਲੀ ਭੁਗਤ ਗੁੱਝੀ ਨਹੀਂ ਰਹਿੰਦੀ। ਰਾਜਨੀਤਕ ਪਾਰਟੀਆਂ, ਸਰਕਾਰਾਂ ਤੇ ਪ੍ਰਸ਼ਾਸਨ ਇਸ ਖ਼ਤਰਨਾਕ ਵਰਤਾਰੇ ਨੂੰ ਰੋਕਣ ਲਈ ਸੁਹਿਰਦ ਨਹੀਂ ਲੱਗਦੀਆਂ। ਫਿਰ ਕੀ ਕੀਤਾ ਜਾਵੇ? ਇਸ ਸਵਾਲ ਦਾ ਸਾਹਮਣਾ ਕਰ ਰਹੇ ਪੀੜਤ ਸਮਾਜ ਨੂੰ ਹੀ ਅੱਗੇ ਆਉਣਾ ਪਵੇਗਾ।
ਨਸ਼ਿਆਂ ਦੀ ਵਰਤੋਂ ਦਹਾਕਿਆਂ ਤੋਂ ਹੋ ਰਹੀ ਹੈ। ਨਿੱਤ ਨਵੇਂ ਨਵੇਂ ਨਸ਼ਿਆਂ ਦੇ ਨਾਂ ਸੁਣਨ ਨੂੰ ਮਿਲਦੇ ਹਨ। ਸ਼ਰਾਬ, ਭੁੱਕੀ, ਸਮੈਕ ਤੇ ਹੁਣ ਚਿੱਟਾ। ਸ਼ਰਾਬ ਦੇ ਨਾਂ ’ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਲਕੋਹਲ ਵੇਚੀ ਜਾਂਦੀ ਹੈ। ਇਸ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਅਕਸਰ ਅਖ਼ਬਾਰਾਂ ਵਿੱਚੋਂ ਪੜ੍ਹਨ ਨੂੰ ਮਿਲਦੀ ਹੈ। ਕੁਝ ਦਿਨਾਂ ਦੇ ਰੌਲ਼ੇ-ਰੱਪੇ ਤੋਂ ਬਾਅਦ ਫਿਰ ਸਭ ਕੁਝ ਆਮ ਵਾਂਗ ਚੱਲਣ ਲੱਗਦਾ ਹੈ। ਇਹ ਨਸ਼ੇ ਮਹਿੰਗੇ ਭਾਅ ਮਿਲਦੇ ਹਨ। ਨਸ਼ੇ ਦੇ ਆਦੀ ਮਨੁੱਖ ਕੋਲ਼ ਇਸ ਨੂੰ ਖਰੀਦਣ ਦੇ ਵਸੀਲੇ ਜਾਂ ਹੈਸੀਅਤ ਨਹੀਂ ਹੁੰਦੀ। ਨਤੀਜਨ ਘਰਾਂ ਵਿੱਚ ਕਲੇਸ਼ ਰਹਿਣ ਲੱਗਦਾ ਹੈ। ਨਸ਼ੇੜੀ ਪੁੱਤ ਹੱਥੋਂ ਮਾਂ-ਬਾਪ ਦਾ ਕਤਲ ਹੁੰਦਾ ਹੈ। ਘਰ ਦੀਆਂ ਵਸਤਾਂ ਵੇਚਣ ਤੋਂ ਬਾਅਦ ਨਸ਼ੇੜੀ ਬਾਹਰ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਹੈ। ਇੰਝ ਇੱਕ ਅਪਰਾਧੀ ਦਾ ਜਨਮ ਹੁੰਦਾ ਹੈ। ਇਸ ਅਪਰਾਧ ਵਿੱਚ ਸਮੁੱਚਾ ਸਮਾਜ ਵਲੇਟਿਆ ਜਾਂਦਾ ਹੈ। ਲੁੱਟ-ਖੋਹ ਤੋਂ ਬਾਅਦ ਚੋਰੀ ਤੇ ਡਾਕੇ ਦੀਆਂ ਘਟਨਾਵਾਂ ਵਾਪਰਦੀਆਂ ਹਨ। ਰਾਤ-ਬਰਾਤੇ ਸੁੰਨ-ਮਸਾਨ ਰਾਹਾਂ ਤੋਂ ਲੰਘਦਿਆਂ ਇੱਕ ਡਰ ਤੁਹਾਡੇ ਨਾਲ ਰਹਿੰਦਾ ਹੈ। ਮੋਟਰਸਾਇਕਲ, ਕਾਰਾਂ ਆਦਿ ਖੋਹਣ ਦੀਆਂ ਵਾਰਦਾਤਾਂ ਵਾਪਰਦੀਆਂ ਹਨ। ਕਈ ਥਾਈਂ ਮਾਰ-ਕੁਟਾਈ ਵੀ ਕੀਤੀ ਜਾਂਦੀ ਹੈ ਤੇ ਵਧੇਰੇ ਸੱਟਾਂ ਲੱਗਣ ਕਾਰਣ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ।
ਜਿਸ ਘਰ ਦਾ ਕੋਈ ਬੰਦਾ ਨਸ਼ੇੜੀ ਹੋ ਜਾਂਦਾ ਹੈ, ਉਹ ਘਰ ਘਰ ਨਹੀਂ ਰਹਿੰਦਾ। ਬੰਦਾ ਰਿਸ਼ਤਿਆਂ ਦੀ ਪਛਾਣ ਭੁੱਲ ਜਾਂਦਾ ਹੈ। ਘਰ ਦੇ ਜੀਅ ਨਰਕ ਵਰਗੀ ਜ਼ਿੰਦਗੀ ਜਿਉਂਦੇ ਹਨ। ਆਂਢ-ਗੁਆਂਢ ਵੀ ਪ੍ਰੇਸ਼ਾਨ ਰਹਿੰਦਾ ਹੈ। ਨਸ਼ੇ ਦੀ ਲਤ ਲੱਗੇ ਬੰਦੇ ਨੂੰ ਸਮਝਾਉਣ ਦਾ ਹਰ ਤਰੀਕਾ ਨਿਸਫਲ ਰਹਿੰਦਾ ਹੈ। ਨਸ਼ੇੜੀ ਬੰਦੇ ਅੰਦਰ ਕਿਸੇ ਵੀ ਰਿਸ਼ਤੇ ਪ੍ਰਤੀ ਸਤਿਕਾਰ ਨਹੀਂ ਬਚਦਾ। ਉਹ ਆਪਣੇ-ਆਪ ਨੂੰ ਸਹੀ ਤੇ ਸਿਆਣਾ ਸਮਝਣ ਲੱਗ ਜਾਂਦਾ ਹੈ। ਜਦਕਿ ਹੁੰਦਾ ਇਸਦੇ ਉਲਟ ਹੈ।
ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਨਸ਼ੇ ਤਾਂ ਹਰ ਦੇਸ ਵਿੱਚ ਮਿਲਦੇ ਹਨ। ਕਿਸੇ ਅਪਰਾਧ ਦਾ ਤੁਲਨਾਤਮਿਕ ਅਧਿਐਨ ਕਰਦੀ ਦਲੀਲ ਕਦੇ ਵੀ ਸਹੀ ਨਹੀਂ ਹੁੰਦੀ। ਗਲਤ ਤਾਂ ਗਲਤ ਹੈ। ਜਿਹੜੀਆਂ ਸਰਕਾਰਾਂ ਅਤੇ ਸਮਾਜ ਅਪਰਾਧ ਵਰਗੇ ਇਸ ਵਰਤਾਰੇ ਨੂੰ ਹਲਕੇ ਵਿੱਚ ਲੈਂਦੇ ਹਨ, ਉਹ ਅੰਧਕਾਰ ਨਾਲ ਭਰੇ ਭਵਿੱਖ ਦੀ ਸਿਰਜਣਾ ਕਰ ਰਹੇ ਹੁੰਦੇ ਹਨ। ਨਸ਼ੇੜੀ ਸਮਾਜ ਗਲਤ ਲੋਕਾਂ ਨੂੰ ਚੁਣਕੇ ਸੱਤਾ ’ਤੇ ਬਿਠਾਉਂਦਾ ਹੈ। ਇਹਨਾਂ ਗਲਤ ਲੋਕਾਂ ਵਿੱਚ ਬਹੁਤੇ ਅਪਰਾਧੀ ਹੁੰਦੇ ਹਨ। ਕਿਉਂਕਿ ਨਸ਼ੇੜੀ ਬੰਦੇ ਅੰਦਰੋਂ ਸੂਝ ਸਮਝ ਖਾਰਿਜ ਹੋ ਗਈ ਹੁੰਦੀ ਹੈ। ਅਜਿਹੇ ਲੋਕਾਂ ਨਾਲ ਭਰਿਆ ਸਮਾਜ ਤਰੱਕੀ ਨਹੀਂ ਕਰਦਾ। ਉਹ ਸਮਾਜ ਨੂੰ ਕਈ ਦਹਾਕੇ ਪਿਛਾਂਹ ਧੱਕ ਦਿੰਦਾ ਹੈ। ਅਜਿਹਾ ਸਮਾਜ ਸਿੱਖਿਆ ਤੋਂ ਵੰਚਿਤ ਹੋ ਜਾਂਦਾ ਹੈ। ਸੁਪਨੇ ਮਰ ਗਏ ਹੁੰਦੇ ਹਨ। ਜੀਣ ਦੀ ਖ਼ਾਹਿਸ਼ ਮੁੱਕ ਜਾਂਦੀ ਹੈ। ਉਹ ਰੋਜ਼ ਖ਼ੁਦਕੁਸ਼ੀ ਕਰਦੇ ਹਨ। ਰੋਜ਼ ਇੱਕ ਘਰ ਉਜੜਦਾ ਹੈ।
ਸਮਾਜ ਦੇ ਇੱਕ ਵਰਗ ਦਾ ਇਹ ਬਹੁਤ ਵੱਡਾ ਫ਼ਿਕਰ ਵੀ ਹੈ। ਸੰਵੇਦਨਸ਼ੀਲ ਲੋਕ, ਲੋਕ ਵਿਦਰੋਹਾਂ ਰਾਹੀਂ, ਨਾਟਕਾਂ ਡਰਾਮਿਆਂ ਰਾਹੀਂ, ਕਵਿਤਾਵਾਂ ਲਿਖਕੇ, ਕਹਾਣੀਆਂ ਤੇ ਨਾਵਲ ਲਿਖ ਕੇ ਆਪਣੇ ਇਸ ਫ਼ਿਕਰ ਦਾ ਇਜ਼ਹਾਰ ਕਰਦੇ ਹਨ। ਅਖ਼ਬਾਰਾਂ ਵਿੱਚ ਛਪਦੇ ਵਿਦਵਾਨਾਂ ਦੇ ਲੇਖ ਨਸ਼ਿਆਂ ਦੀ ਇਸ ਬੁਰਾਈ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਪਰ ਸਮੱਸਿਆ ਇਹ ਹੈ ਕਿ ਜਿਨ੍ਹਾਂ ਬਾਰੇ ਅਤੇ ਵਾਸਤੇ ਇਹ ਸਭ ਲਿਖਿਆ ਜਾਂਦਾ ਹੈ, ਉਨ੍ਹਾਂ ਤਕ ਨਹੀਂ ਪਹੁੰਚਦਾ। ਡਾਕਟਰੀ ਸਹਾਇਤਾ ਅਤੇ ਨਸ਼ਾ ਛੁਡਾਊ ਕੇਂਦਰ ਵੀ ਬਹੁਤੇ ਕਾਰਗਰ ਹੁੰਦੇ ਨਹੀਂ ਦਿਸਦੇ। ਇਸ ਜਟਿਲ ਸਮੱਸਿਆ ਦੇ ਹੱਲ ਲਈ ਅਵਾਮ ਨੂੰ ਉੱਠ ਖੜ੍ਹੇ ਹੋਣ ਦੀ ਲੋੜ ਹੈ। ਅਜਿਹਾ ਹੀ ਇੱਕ ਰੁਝਾਨ ਅੱਜ-ਕੱਲ੍ਹ ਵੇਖਣ ਸੁਣਨ ਨੂੰ ਮਿਲ ਰਿਹਾ ਹੈ। ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਇੱਕ ਲਹਿਰ ਸ਼ੁਰੂ ਹੋਈ ਹੈ। ਨਸ਼ਾ ਰੋਕੂ ਕਮੇਟੀਆਂ ਕਮੇਟੀਆਂ ਹੋਂਦ ਵਿੱਚ ਆ ਰਹੀਆਂ ਹਨ। ਅਜੇ ਇਸਦਾ ਪ੍ਰਭਾਵ ਮਾਲਵੇ ਖੇਤਰ ਵਿੱਚ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ। ਦੁਆਬੇ ਦੇ ਕੁਝ ਪਿੰਡਾਂ ਵਿੱਚ ਵੀ ਇਹ ਲਹਿਰ ਤੁਰੀ ਹੈ। ਹੌਲੀ ਹੌਲੀ ਮਾਝੇ ਵਿੱਚ ਵੀ ਲੋਕ ਜ਼ਰੂਰ ਤੁਰਨਗੇ। ਸਭ ਤੋਂ ਜ਼ਰੂਰੀ ਹੈ ਨਸ਼ਿਆਂ ਦੀ ਸਪਲਾਈ ਬੰਦ ਕਰਨੀ ਜਾਂ ਕਰਵਾਉਣੀ। ਸਮਾਜ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨੀ ਵੀ ਬਹੁਤ ਜ਼ਰੂਰੀ ਹੈ। ਪਰ ਇਹ ਜਾਗਰੂਕਤਾ ਕੈਂਪ ਕਮਰਿਆਂ ਤਕ ਸੀਮਤ ਨਾ ਰਹਿਣ। ਲੋਕਾਂ ਵਿੱਚ ਜਾ ਕੇ ਪੀੜਤ ਪਰਿਵਾਰਾਂ ਤੇ ਬੰਦਿਆਂ ਦੀ ਹਾਜ਼ਰੀ ਵਿੱਚ ਖੁੱਲ੍ਹ ਕੇ ਤੇ ਦ੍ਰਿੜ੍ਹਤਾ ਨਾਲ ਗੱਲ ਕਰਨ ਦੀ ਲੋੜ ਹੈ। ਪੀੜਤਾਂ ਦਾ ਡਾਕਟਰੀ ਇਲਾਜ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਜਾਤਪਾਤ, ਧਰਮ ਅਤੇ ਜਮਾਤਾਂ ਦੇ ਵਖਰੇਵਿਆਂ ਨੂੰ ਭੁੱਲ ਕੇ ਲੋਕ ਇਕੱਠੇ ਹੋ ਕੇ ਤੁਰ ਪੈਣ ਤਾਂ ਇਸ ਲਹਿਰ ਦੇ ਨਤੀਜੇ ਸਾਰਥਕ ਹੋ ਸਕਦੇ ਹਨ।
ਸਾਲ 2016 ਵਿੱਚ ਨਸ਼ਿਆਂ ਦੇ ਇਸ ਖ਼ਤਰਨਾਕ ਵਰਤਾਰੇ ਨੂੰ ਲੈ ਕੇ ਅਭੀਸ਼ੇਕ ਚੌਬੇ ਦੁਆਰਾ ਲਿਖੀ ਤੇ ਨਿਰਦੇਸ਼ਤ ਕੀਤੀ ਫਿਲਮ ਵੀ ਬਣੀ ਸੀ। ਇਹ ਫਿਲਮ ਇਹ ਵਰਤਾਰੇ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ। ਅਜਿਹੇ ਯਤਨ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾਂਦੇ ਹਨ। ਨਸ਼ਾ ਰੋਕੂ ਕਮੇਟੀਆਂ ਦਾ ਗਠਨ ਸ਼ਾਇਦ ਅਜਿਹੇ ਹੀ ਕਿਸੇ ਉਪਰਾਲੇ ਦਾ ਨਤੀਜਾ ਹੋਵੇ।
ਨਸ਼ਾ ਰੋਕੂ ਕਮੇਟੀਆਂ ਦਾ ਗਠਨ ਇੱਕ ਸਾਰਥਕ ਸੋਚ ਹੈ। ਇਸ ਸੋਚ ਦਾ ਲਹਿਰ ਬਣਨਾ ਇੱਕ ਆਸ ਹੈ। ਕਿਸਾਨੀ ਮੋਰਚੇ ਵਾਂਗ ਜਦੋਂ ਲੋਕ ਸਥਿਤੀ ਦੀ ਭਿਆਨਕਤਾ ਨੂੰ ਸਮਝਣਗੇ ਤਾਂ ਜ਼ਰੂਰ ਇਕੱਠੇ ਹੋਣਗੇ। ਨਸ਼ਿਆਂ ਦਾ ਕਾਰੋਬਾਰ ਕਰ ਰਹੀ ਲੌਬੀ ਨੂੰ ਠੱਲ੍ਹ ਪਾਉਣੀ ਸੌਖੀ ਨਹੀਂ। ਪਰ ਜਦੋਂ ਲੋਕ ਇਕੱਠੇ ਹੋ ਜਾਣ, ਸਭ ਵਖਰੇਵੇਂ ਭੁਲਾ ਕੇ ਤੁਰ ਪੈਣ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਪੰਜਾਬ ਲਈ ਅਜਿਹੀ ਲਹਿਰ ਦਾ ਸ਼ੁਰੂ ਹੋਣਾ ਸ਼ੁਭ ਸ਼ਗਨ ਹੈ। ਚੇਤਨ ਸਮਾਜ ਨੂੰ ਖੁੱਲ੍ਹ ਕੇ ਇਸ ਲਹਿਰ ਦੇ ਹੱਕ ਵਿੱਚ ਤੁਰਨਾ ਚਾਹੀਦਾ ਹੈ। ਇਹ ਲਹਿਰ ਸਫ਼ਲ ਹੁੰਦੀ ਹੈ ਤਾਂ ਪੰਜਾਬ ਦੀ ਹੋਣੀ ਬਦਲ ਜਾਵੇਗੀ। ਨਸ਼ਿਆਂ ਦੇ ਸੰਤਾਪ ਵਿੱਚ ਡੁੱਬੇ ਘਰ ਸੁਖ ਦਾ ਸਾਹ ਲੈਣਗੇ। ਵਿਹਲੇ ਹੱਥ ਰੁਜ਼ਗਾਰ ਨੂੰ ਬਹੁੜਨਗੇ। ਸੁਪਨੇ ਅੰਗੜਾਈ ਲੈਣਗੇ। ਸੁਪਨਿਆਂ ਨੂੰ ਸਾਕਾਰ ਕਰਨ ਲਈ ਕਿਰਤ ਦਾ ਸੰਕਲਪ ਪੈਦਾ ਹੋਵੇਗਾ। ਘਰ ਖ਼ੁਸ਼ਹਾਲ ਹੋਣਗੇ। ਪਿੰਡ ਸੁਖੀ ਵਸਣਗੇ। ਰਿਸ਼ਤਿਆਂ ਦੀ ਪਛਾਣ ਪਰਤ ਆਵੇਗੀ। ਪੰਜਾਬੀਅਤ ਨੂੰ ਹੁਲਾਰਾ ਮਿਲੇਗਾ। ਪੰਜਾਬੀਅਤ ਦੀ ਭਾਈਚਾਰਕ ਸਾਂਝ ਵਾਲਾ ਪੁਰਾਣਾ ਪੰਜਾਬ ਪਰਤ ਆਵੇਗਾ। ਆਉ ਸਾਰੇ ਸਾਰਥਕ ਸੋਚ ਵਾਲੀ ਇਸ ਲਹਿਰ ਵਿੱਚ ਆਪਣਾ ਬਣਦਾ ਹਿੱਸਾ ਪਾਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4451)
(ਸਰੋਕਾਰ ਨਾਲ ਸੰਪਰਕ ਲਈ: (