“ਬੁਲਾਰੇ ਮਰਨ ਵਾਲੇ ਦੇ ਗੁਣ ਗਿਣਦਿਆਂ ਇੱਥੋਂ ਤਕ ਕਹਿ ਜਾਂਦੇ ਹਨ ਕਿ ...”
(5 ਨਵੰਬਰ 2019)
ਜਰਮਨ ਮੇਰੇ ਪਿੰਡ ਦਾ ਅਗਾਂਹਵਧੂ ਵਿਚਾਰਾਂ ਵਾਲਾ ਨੌਜਵਾਨ ਅਧਿਆਪਕ ਆਗੂ ਹੈ। ਉਸਦੀ ਦਾਦੀ ਦੀ ਅੰਤਿਮ ਅਰਦਾਸ ਸੀ। ਹੁਣ ਮਰਨ ਉਪਰੰਤ ਸੋਗ ਸਮਾਗਮ ਅਤੇ ਸ਼ਰਧਾਂਜਲੀਆਂ ਸਾਡੇ ਸਮਾਜ ਦਾ ਇੱਕ ਆਮ ਵਰਤਾਰਾ ਬਣ ਚੁੱਕਾ ਹੈ। ਅਜਿਹੇ ਬਹੁਤ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੇਰਾ ਸਬੱਬ ਬਣਦਾ ਰਹਿੰਦਾ ਹੈ। ਬਹੁਤੀ ਵਾਰ ਅਜਿਹੇ ਸਮਾਗਮ, ਜਿਨ੍ਹਾਂ ਨੂੰ ਸ਼ਰਧਾਂਜਲੀ ਸਮਾਰੋਹ ਕਹਿਣਾ ਵਧੇਰੇ ਉਚਿਤ ਹੈ, ਹਾਜ਼ਰ ਲੋਕਾਂ ਨੂੰ ਥਕਾ ਦੇਣ ਤਕ ਲਮਕ ਜਾਂਦੇ ਹਨ। ਕਈ ਵਾਰ ਤਾਂ ਅੱਤ ਦੀ ਗਰਮੀ ਜਾਂ ਯਖ਼ ਸੀਤ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਬੁਲਾਰਿਆਂ ਦੀ ਲੰਮੀ ਸੂਚੀ ਵੇਖਦਿਆਂ ਪ੍ਰਬੰਧਕਾਂ ਨੂੰ ਕੁਝ ਕੋਲੋਂ ਮਾਫ਼ੀ ਵੀ ਮੰਗਣੀ ਪੈਂਦੀ ਹੈ।
ਇਸ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ ਕਿਸੇ ਤਰ੍ਹਾਂ ਵੀ ਮਰਨ ਵਾਲੇ ਦੇ ਪਰਿਵਾਰ ਦਾ ਦੁੱਖ ਘੱਟ ਨਹੀਂ ਕਰਦੀਆਂ। ਦੁੱਖ ਤਾਂ ਆਪਣੇ ਮੇਚ ਦੇ ਕੱਪੜਿਆਂ ਵਾਂਗ ਉਨ੍ਹਾਂ ਨੂੰ ਆਪ ਹੀ ਹੰਢਾਉਣਾ ਪੈਂਦਾ ਹੈ, ਜਿਨ੍ਹਾਂ ਨੂੰ ਇਸ ਮੌਤ ਨਾਲ ਸਿੱਧਾ ਸੇਕ ਲੱਗਾ ਹੁੰਦਾ ਹੈ। ਇਸ ਮੌਕੇ ਸ਼ਰਧਾਂਜਲੀਆਂ ਭੇਂਟ ਕਰਨ ਵਾਲੇ ਬੁਲਾਰਿਆਂ ਵੱਲੋਂ ਜੋ ਕੁਝ ਵੀ ਬੋਲਿਆ ਜਾਂਦਾ ਹੈ, ਉਹ ਇੰਨਾ ਰਸਮੀ ਹੋ ਗਿਆ ਹੈ ਕਿ ਹੈਰਾਨੀ ਹੁੰਦੀ ਹੈ। ਮਰਨ ਵਾਲੇ ਦੇ ਗੁਣਾਂ ਨੂੰ ਇੰਝ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉੱਥੇ ਹਾਜ਼ਰ ਬਾਕੀ ਸਾਰੇ ਨਿਗੂਣੇ ਜਿਹੇ ਹੋ ਕੇ ਰਹਿ ਜਾਂਦੇ ਹਨ। ਅਜਿਹੇ ਸੋਗ ਸਮਾਗਮਾਂ ਮੌਕੇ ਇਕੱਠ ਇੰਨਾ ਹੋਣ ਲੱਗ ਪਿਆ ਹੈ ਕਿ ਘਰ ਦੇ ਵਿਹੜੇ ਛੋਟੇ ਹੋ ਗਏ ਹਨ। ਇਸੇ ਲਈ ਅਜਿਹੇ ਸਮਾਗਮਾਂ ਲਈ ਗੁਰਦੁਆਰੇ ਦਾ ਹਾਲ ਜਾਂ ਕਈ ਵਾਰ ਮੈਰਿਜ ਪੈਲਸ ਬੁੱਕ ਕਰਵਾਏ ਜਾਂਦੇ ਹਨ। ਸਰਕਾਰੀ ਮੁਲਾਜ਼ਮਾਂ ਦੇ ਅਜਿਹੇ ਸੋਗ ਸਮਾਗਮਾਂ ਮੌਕੇ ਇਹ ਪ੍ਰਵਿਰਤੀ ਵਧੇਰੇ ਵੇਖਣ ਵਿੱਚ ਆਉਂਦੀ ਹੈ ਕਿਉਂਕਿ ਮਰਨ ਵਾਲਾ ਸਰਕਾਰੀ ਮੁਲਾਜ਼ਮ ਹੁੰਦਾ ਹੈ। ਅੰਤਮ ਅਰਦਾਸ ਮੌਕੇ ਜੁੜੇ ਲੋਕਾਂ ਵਿੱਚ ਬਹੁ-ਗਿਣਤੀ ਵੀ ਉਨ੍ਹਾਂ ਦੀ ਹੁੰਦੀ ਹੈ। ਮੁਲਾਜ਼ਮ ਜਥੇਬੰਦੀਆਂ ਦੇ ਨੇਤਾ ਅਜਿਹੇ ਮੌਕੇ ਨੂੰ ਕਿਸੇ ਵੀ ਤਰ੍ਹਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਕਿਸੇ ਜਥੇਬੰਦੀ ਵਿਸ਼ੇਸ਼ ਦਾ ਨੇਤਾ ਮਾਈਕ ਉੱਤੇ ਆ ਕੇ ਕੁਝ ਵਾਰ ਵਾਰ ਦੁਹਰਾਈਆਂ ਜਾ ਚੁੱਕੀਆਂ ਰਸਮੀ ਜਿਹੀਆਂ ਗੱਲਾਂ ਕਰਦਾ ਹੈ। ਫਿਰ ਬੁਲੰਦ ਆਵਾਜ਼ ਵਿੱਚ ਆਪਣੀ ਜਥੇਬੰਦੀ ਦਾ ਨਾਂ ਘੋਸ਼ਿਤ ਕਰਦਾ ਹੈ। ਐਲਾਨ ਕਰਦਾ ਹੈ ਕਿ ਉਹ ਇਸ ਜਥੇਬੰਦੀ ਵੱਲੋਂ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। ਅਜਿਹਾ ਬੋਲਦਿਆਂ ਉਸ ਦੀ ਆਵਾਜ਼ ਵਿੱਚ ਸੋਗਮਈ ਸੁਰ ਦਾ ਰਤਾ-ਭੋਰਾ ਅੰਸ਼ ਵੀ ਸ਼ਾਮਲ ਨਹੀਂ ਹੁੰਦਾ। ਇਸ ਤੋਂ ਵੱਧ ਹਾਸੋਹੀਣੀ ਗੱਲ ਉਦੋਂ ਬਣਦੀ ਹੈ ਜਦੋਂ ਕੋਈ ਮੁਲਾਜ਼ਮ ਨੇਤਾ ਆਪਣੀ ਕਿਸੇ ਨਿੱਜੀ ਮਜਬੂਰੀ ਕਾਰਣ ਆਪ ਤਾਂ ਪਹੁੰਚ ਨਹੀਂ ਸਕਦਾ ਪਰ ਜਥੇਬੰਦੀ ਵੱਲੋਂ ਆਪਣੀ ਸ਼ਰਧਾਂਜਲੀ ਲਿਖਤੀ ਰੂਪ ਵਿੱਚ ਭੇਜ ਦਿੰਦਾ ਹੈ, ਜੋ ਕਿਸੇ ਹੋਰ ਵਲੋਂ ਪੜ੍ਹਕੇ ਸੁਣਾਈ ਜਾਂਦੀ ਹੈ। ਜਿਹੜੇ ਇਸ ਬੇਵਕਤੀ ਮੌਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ, ਉਨ੍ਹਾਂ ਦੇ ਮੂਹੋਂ ਤਾਂ ਹਿਰਖ ਕਰਨ ਲਈ ਚਾਰ ਅੱਖਰ ਵੀ ਨਹੀਂ ਨਿਕਲਦੇ। ਉਨ੍ਹਾਂ ਦੇ ਗਲੇ ਵਿੱਚੋਂ ਨਿਕਲਦੇ ਹਉਕੇ ਅਤੇ ਅੱਖਾਂ ਵਿੱਚੋਂ ਕਿਰਦੇ ਅੱਥਰੂ ਆਪਣੀ ਕਹਾਣੀ ਆਪ ਕਹਿੰਦੇ ਹਨ। ਉਹ ਤਕਰੀਰਾਂ ਨਹੀਂ ਕਰਦੇ, ਭੁੱਬਾਂ ਮਾਰ ਕੇ ਰੋਂਦੇ ਹਨ।
ਕਈ ਵਾਰ ਜਦੋਂ ਮੌਤ ਦਾ ਕਾਰਣ ਨਸ਼ੇ ਜਾਂ ਸ਼ਰਾਬ ਦੀ ਲਤ ਹੋਵੇ ਤਾਂ ਅਜਿਹੇ ਸ਼ਰਧਾਂਜਲੀ ਸਮਾਗਮ ਹੋਰ ਵੀ ਹਾਸੋਹੀਣੇ ਬਣ ਕੇ ਰਹਿ ਜਾਂਦੇ ਹਨ। ਬੁਲਾਰੇ ਮਰਨ ਵਾਲੇ ਦੇ ਗੁਣ ਗਿਣਦਿਆਂ ਇੱਥੋਂ ਤਕ ਕਹਿ ਜਾਂਦੇ ਹਨ ਕਿ ਇਸਦੀ ਮੌਤ ਨਾਲ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਚਾਈ ਇਹ ਹੁੰਦੀ ਹੈ ਕਿ ਅਜਿਹੇ ਵਿਅਕਤੀ ਘਰਦਿਆਂ ਲਈ ਮੁਸੀਬਤ ਅਤੇ ਸਮਾਜ ਲਈ ਬੋਝ ਬਣ ਚੁੱਕੇ ਹੁੰਦੇ ਹਨ। ਕਿੰਨਾ ਵੱਡਾ ਵਿਅੰਗ ਹੈ। ਜਦ ਉਹ ਨਸ਼ਿਆਂ ਦੇ ਲੜ ਲੱਗ ਮੌਤ ਦੀ ਹਨੇਰੀ ਗੁਫ਼ਾ ਵੱਲ ਵਧ ਰਿਹਾ ਹੁੰਦਾ ਹੈ, ਉਦੋਂ ਤਾਂ ਇਨ੍ਹਾਂ ਮਿੱਤਰਾਂ ਵਲੋਂ ਕੋਈ ਵੀ ਅਜਿਹਾ ਸਾਂਝਾ ਉੱਦਮ ਨਹੀਂ ਕੀਤਾ ਜਾਂਦਾ ਜੋ ਉਸ ਨੂੰ ਇਸ ਔਝੜ ਰਾਹ ਤੋਂ ਮੋੜ ਸਕੇ।
ਅਜਿਹੇ ਮੌਕੇ ਅਸੀਂ ਘਰਦਿਆਂ ਨੂੰ ਭਾਣਾ ਮੰਨਣ ਲਈ ਗੁਰਬਾਣੀ ਦਾ ਹਵਾਲਾ ਦਿੰਦੇ ਹਾਂ। ਸਮੇਂ ਸਥਾਨ ਦੀ ਦਲੀਲ ਦਿੰਦੇ ਹਾਂ। ਪਰ ਇਸ ਮੌਤ ਨਾਲ ਜੁੜੇ ਅਸਲੀ ਕਾਰਣ ਨੂੰ ਕਹਿਣ ਤੋਂ ਡਰਦੇ ਹਾਂ। ਸਾਡਾ ਉਹ ਜੀਵਨ ਢੰਗ, ਉਹ ਵਰਤਾਰਾ ਜੋ ਸਾਨੂੰ ਖ਼ੁਦਕੁਸ਼ੀ ਦੀਆਂ ਬਰੂਹਾਂ ਤਕ ਲੈ ਕੇ ਜਾਂਦਾ ਹੈ, ਉਸ ਦਾ ਜ਼ਿਕਰ ਤਕ ਨਹੀਂ ਕਰਦੇ। ਗੁਰਬਾਣੀ ਅਜਿਹੇ ਜੀਵਨ ਢੰਗ ਨੂੰ ਵੀ ਤਾਂ ਨਿੰਦਦੀ ਹੈ। ਇਨ੍ਹਾਂ ਬੇਵਕਤੀ ਮੌਤਾਂ ਪਿੱਛੇ ਜੇ ਕਾਰਣ ਨਸ਼ੇ ਜਾਂ ਅਜਿਹੀਆਂ ਹੋਰ ਸਮਾਜਕ ਬੁਰਾਈਆਂ ਹੋਣ ਤਾਂ ਅਜਿਹੇ ਸੋਗ ਸਮਾਗਮਾਂ ਉੱਤੇ ਸਾਨੂੰ ਹਿੱਕ ਠੋਕ ਕੇ ਅਜਿਹੀਆਂ ਬੁਰਾਈਆਂ ਨੂੰ ਨਿੰਦਣਾ ਚਾਹੀਦਾ ਹੈ। ਅਜਿਹੇ ਦੋਸਤਾਂ ਨੂੰ ਸਹੀ ਰਾਹ ਉੱਤੇ ਲਿਆਉਣ ਲਈ ਸਾਂਝੇ ਵਿਚਾਰ ਤੇ ਯਤਨ ਕਰਨੇ ਚਾਹੀਦੇ ਹਨ। ਚੰਗੇ ਭਲੇ ਖਾਨਦਾਨ ਨਾਲ ਸਬੰਧ ਰੱਖਦਾ ਸੂਝਵਾਨ ਅਤੇ ਲਾਇਕ ਵਿਅਕਤੀ ਜਦ ਅਜਿਹਾ ਲੇਬਲ ਲਵਾ ਕੇ ਇਸ ਜਹਾਨੋਂ ਤੁਰ ਜਾਂਦਾ ਹੈ ਤਾਂ ਪਿੱਛੇ ਰਹਿ ਗਿਆਂ ਦਾ ਦੁੱਖ ਦੁੱਗਣਾ ਹੋ ਜਾਂਦਾ ਹੈ।
ਕਈ ਵਾਰ ਤਾਂ ਇਹ ਭਾਣਾ ਵੀ ਵਾਪਰਦਾ ਹੈ ਕਿ ਜਿਸ ਵਿਅਕਤੀ ਦਾ ਸ਼ਰਧਾਂਜਲੀ ਸਮਾਗਮ ਹੈ, ਤੁਸੀਂ ਜੀਵਨ ਵਿੱਚ ਇੱਕ ਵਾਰ ਵੀ ਉਸ ਨੂੰ ਨਹੀਂ ਮਿਲੇ ਹੁੰਦੇ। ਤੁਹਾਡਾ ਰਿਸ਼ਤਾ ਉਸ ਪਰਿਵਾਰ ਦੇ ਕਿਸੇ ਜੀਅ ਨਾਲ ਹੁੰਦਾ ਹੈ। ਉਸ ਰਿਸ਼ਤੇ ਜਾਂ ਸਾਂਝ ਦੇ ਕਾਰਣ ਤੁਸੀਂ ਮਰਨ ਵਾਲੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹੁੰਦੇ ਹੋ। ਸੁਭਾਵਿਕ ਹੈ ਕਿ ਤੁਸੀਂ ਉਸ ਵਿਅਕਤੀ ਬਾਰੇ ਤਾਂ ਬਹੁਤੀਆਂ ਗੱਲਾਂ ਨਹੀਂ ਕਰ ਸਕਦੇ, ਤੁਹਾਡਾ ਸ਼ਰਧਾਂਜਲੀ ਭਾਸ਼ਣ ਉਸ ਪਰਿਵਾਰ ਦੇ ਜੀਆਂ ਦੀ ਤਾਰੀਫ਼ ਕਰਨ ਉੱਤੇ ਕੇਂਦਰਿਤ ਹੋ ਜਾਂਦਾ ਹੈ। ਬਿਨਾਂ ਜਾਣਿਆਂ ਕਿਸੇ ਵਿਅਕਤੀ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਤੁਹਾਡੀ ਕਲਾ ਤੋਂ ਸਾਰੇ ਪ੍ਰਭਾਵਤ ਹੁੰਦੇ ਹਨ। ਇਸ ਸਮਾਗਮ ਦੇ ਆਖਰੀ ਛਿਣਾਂ ਮੌਕੇ ਵੀ ਕੁਝ ਲੋਕ ਹਾਲ ਵਿੱਚ ਪ੍ਰਵੇਸ਼ ਕਰਦੇ ਅਤੇ ਕਾਹਲੀ ਕਾਹਲੀ ਮੱਥਾ ਟੇਕਦੇ ਦਿਸ ਜਾਂਦੇ ਹਨ।
ਅਸੀਂ ਅਜਿਹੇ ਸਮਾਗਮਾਂ ਨੂੰ ਸੰਖੇਪ ਅਤੇ ਸਾਦਾ ਕਰ ਸਕਦੇ ਹਾਂ। ਸ਼ੁਰੂ ਵਿੱਚ ਮੈਂ ਜਰਮਨ ਦੀ ਦਾਦੀ ਦੇ ਸ਼ਰਧਾਂਜਲੀ ਸਮਾਰੋਹ ਦੀ ਗੱਲ ਕੀਤੀ ਸੀ। ਜਰਮਨ ਕਿਉਂਕਿ ਇੱਕ ਮੁਲਾਜ਼ਮ ਜਥੇਬੰਦੀ ਦਾ ਸੂਬਾ ਪੱਧਰ ਦਾ ਨੇਤਾ ਹੈ, ਲਾਜ਼ਮੀ ਉਸ ਦੀ ਦਾਦੀ ਦੇ ਭੋਗ ਉੱਤੇ ਵੱਖ ਵੱਖ ਜਥੇਬੰਦੀਆਂ ਦੇ ਨੇਤਾ ਅਤੇ ਕਾਰਕੁਨ ਵੱਡੀ ਗਿਣਤੀ ਵਿੱਚ ਆਏ ਸਨ। ਲੱਗਦਾ ਸੀ ਸ਼ਰਧਾਂਜਲੀ ਸਮਾਰੋਹ ਲੰਮਾ ਚੱਲੇਗਾ। ਪਰ ਜਰਮਨ ਨੇ ਸਿਆਣਪ ਕੀਤੀ। ਕੀਰਤਨ ਦੀ ਸਮਾਪਤੀ ਉਪਰੰਤ ਮਾਈਕ ਆਪ ਸੰਭਾਲਿਆ ਤੇ ਡੇਢ ਮਿੰਟ ਵਿੱਚ ਆਈ ਸੰਗਤ ਦਾ ਧੰਨਵਾਦ ਕਰਕੇ ਸਮਾਰੋਹ ਦੀ ਸਮਾਪਤੀ ਕਰ ਦਿੱਤੀ। ਉਸ ਨੇ ਆਪਣੀ ਦਾਦੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਨਾ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਾਨੂੰ ਸਭ ਨੂੰ ਅਜਿਹੇ ਫੈਸਲੇ ਲੈਣੇ ਪੈਣਗੇ। ਪੂਰੇ ਵਿਸ਼ਵ ਜਾਂ ਵਤਨ ਨੂੰ ਸੁਧਾਰਨ ਦੀ ਸਾਡੀ ਸਮਰੱਥਾ ਨਹੀਂ ਹੁੰਦੀ, ਅਸੀਂ ਆਪਣੇ ਨਾਲ ਜੁੜੇ ਇੱਕ ਅੱਧ ਸਮਾਗਮ ਵਿੱਚ ਵੀ ਅਜਿਹਾ ਫੈਸਲਾ ਕਰਕੇ ਹੋਰਾਂ ਨੂੰ ਇਸ ਸਿਹਤਮੰਦ ਰੁਝਾਨ ਲਈ ਉਤਸ਼ਾਹਤ ਕਰ ਸਕਦੇ ਹਾਂ। ਸਾਡੇ ਇਹ ਛੋਟੇ ਛੋਟੇ ਯਤਨ ਵੱਡੀ ਤਬਦੀਲੀ ਦਾ ਰਾਹ ਖੋਲ੍ਹਣ ਲਈ ਸਹਾਇਕ ਹੋ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1797)
(ਸਰੋਕਾਰ ਨਾਲ ਸੰਪਰਕ ਲਈ: