“ਆਰਥਿਕ ਪਾੜਾ ਵੀ ਸਮਾਜਿਕ ਨਫ਼ਰਤ ਦਾ ਕਾਰਣ ਬਣਦਾ ਹੈ। ਜਮਾਤੀ ਵੰਡ ਦੇ ਫੈਲ ਰਹੇ ਪਾੜੇ ਨਾਲ ...”
(9 ਫਰਵਰੀ 2022)
ਦੋਵੇਂ ਚਚੇਰੇ ਭਰਾ ਹਨ। ਹਮ-ਉਮਰ ਵੀ ਹਨ। ਇੱਕੋ ਸਕੂਲ ਵਿੱਚ ਪੜ੍ਹਦੇ ਹਨ। ਸਾਰਾ ਦਿਨ ਇਕੱਠੇ ਖੇਡਦੇ ਹਨ। ਸਵੇਰੇ ਵੱਡੇ ਭਰਾ ਦਾ ਪੁੱਤਰ, ਜੋ ਉਮਰ ਵਿੱਚ ਵੀ ਥੋੜ੍ਹਾ ਵੱਡਾ ਹੈ, ਆਪਣੇ ਪਿਉ ਨਾਲ ਕਾਰ ਦੀ ਮੂਹਰਲੀ ਸੀਟ ’ਤੇ ਬੈਠ ਕੇ ਸਕੂਲ ਜਾਂਦਾ ਹੈ। ਛੋਟੇ ਭਰਾ ਦਾ ਪੁੱਤਰ ਆਪਣੇ ਪਾਪਾ ਨਾਲ ਸਕੂਟਰ ’ਤੇ ਬੈਠ ਕੇ ਜਾਂਦਾ ਹੈ। ਦੋ ਵਾਹਨ, ਇੱਕ ਚਾਰ ਪਹੀਆ ਤੇ ਇੱਕ ਦੋ ਪਹੀਆ, ਇੱਕੋ ਵੇਲੇ ਇੱਕੋ ਘਰ ਵਿੱਚੋਂ ਇੱਕੋ ਮੰਜ਼ਲ ਲਈ ਨਿਕਲਦੇ ਹਨ। ਬੜਾ ਅਜੀਬ ਮੰਜ਼ਰ ਹੈ। ਦੋਸਤਾਂ ਵਰਗੇ ਦੋ ਭਰਾ ਕੀ ਸੋਚਦੇ ਹੋਣਗੇ! ਮਾਪਿਆਂ ਨੇ ਇਸ ਵਰਤਾਰੇ ਦੀ ਵਿਆਖਿਆ ਆਪਣੇ ਬੱਚਿਆਂ ਕੋਲ ਕਿਵੇਂ ਕੀਤੀ ਹੋਵੇਗੀ? ਕੀ ਇਹ ਨਫ਼ਰਤ ਦਾ ਆਗਾਜ਼ ਨਹੀਂ ਹੈ? ਮਨਾਂ ਅੰਦਰ ਵੰਡੀਆਂ ਪਾਉਣ ਦੀ ਕੋਝੀ ਸ਼ੁਰੂਆਤ। ਦੋ ਮਾਸੂਮ ਹਿਰਦਿਆਂ ਅੰਦਰ ਵਖਰੇਵੇਂ ਦੇ ਬੀਜ ਬੀਜੇ ਗਏ ਹੋਣਗੇ।
ਮੈਂਨੂੰ ਆਪਣੇ ਬਚਪਨ ਦੀ ਇੱਕ ਗੱਲ ਯਾਦ ਆਉਂਦੀ ਹੈ, ਜਿਹੜੀ ਕਦੀ ਮੇਰੀ ਮਾਂ ਨੇ ਮੇਰੇ ਨਾਲ ਸਾਂਝੀ ਕੀਤੀ ਸੀ। ਉਸ ਦੱਸਿਆ ਕਿ ਤੇਰੇ ਤਾਏ ਦਾ ਮੁੰਡਾ ਜਿਹੜਾ ਤੈਥੋਂ ਇੱਕ ਸਾਲ ਵੱਡਾ ਸੀ, ਸਕੂਲ ਵੀ ਸਾਲ ਪਹਿਲਾਂ ਜਾਣ ਲੱਗ ਪਿਆ ਸੀ। ਜਦ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਤਾਈ ਨੇ ਆਪਣੇ ਮੁੰਡੇ ਨੂੰ ਸਾਡਾ ਬੂਹਾ ਲੰਘਾ ਕੇ ਜਾਣਾ ਕਿ ਕਿੱਧਰੇ ਮੈਂ ਉਸ ਨਾਲ ਸਕੂਲ ਨਾ ਚਲਿਆ ਜਾਵਾਂ। ਉਹ ਵੱਖਰੀ ਗੱਲ ਹੈ ਕਿ ਬਾਅਦ ਵਾਲੇ ਸਾਲਾਂ ਵਿੱਚ ਅਸੀਂ ਦੋਸਤ ਵੀ ਰਹੇ ਅਤੇ ਫੇਲ ਹੋ ਕੇ ਉਹ ਮੇਰਾ ਜਮਾਤੀ ਵੀ ਹੋ ਗਿਆ।
ਸਾਡੇ ਸਮਾਜ ਵਿੱਚ ਨਫ਼ਰਤ ਦਾ ਵਰਤਾਰਾ ਬਹੁਤ ਆਮ ਹੈ। ਜਾਤੀ ਅਧਾਰਤ ਨਫ਼ਰਤ ਤੋਂ ਆਪਾਂ ਸਾਰੇ ਜਾਣੂ ਹਾਂ। ਪਰ ਇਹ ਸਕੂਲ ਵਿੱਚ ਪੜ੍ਹਦੇ ਬੱਚਿਆਂ, ਪਾਰਕਾਂ ਅਤੇ ਖੇਡ ਮੈਦਾਨ ਵਿੱਚ ਖੇਡਦੇ ਬੱਚਿਆਂ ਕੋਲ ਨਹੀਂ ਹੁੰਦੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਈ ਵਾਰ ਹਿੰਸਕ ਭੀੜ ਕੋਲੋਂ ਆਪਣੀ ਜਾਤ ਅਤੇ ਧਰਮ ਦਾ ਪਤਾ ਲੱਗਦਾ ਹੈ। ਵਿਚਾਰਧਾਰਕ ਸਾਂਝ ਦੀਆਂ ਤੰਦਾਂ ਟੁੱਟਣ ਲੱਗਦੀਆਂ ਹਨ। ਇਹ ਸਾਰਾ ਕੁਝ ਰਾਜਨੀਤਕ ਚਾਲਾਂ ਦੀ ਪੈਦਾਇਸ਼ ਹੁੰਦਾ ਹੈ। ਧਰਮ ਅਧਾਰਤ ਨਫ਼ਰਤ ਰਾਜਨੀਤੀ ਦੀ ਲੋੜ ਬਣ ਗਈ ਲਗਦੀ ਹੈ। ਲੋਕਤੰਤਰਿਕ ਸਿਸਟਮ ਅੰਦਰ ਹਰ ਰਾਜਨੀਤਕ ਪਾਰਟੀ ਲੋਕਾਂ ਨੂੰ ਧਰਮਾਂ ਵਿੱਚ ਵੰਡ ਕੇ ਆਪਣੇ ਹੱਕ ਵਿੱਚ ਭੁਗਤਦੀ ਵੋਟ ਦਾ ਜੁਗਾੜ ਕਰਦੀ ਹੈ। ਭਾਰਤ ਅੰਦਰ ਦੇਸ਼ ਆਜ਼ਾਦ ਹੋਣ ਮਗਰੋਂ ਕੁਝ ਦਹਾਕੇ ਰਾਜਨੀਤੀ ਦਾ ਆਧਾਰ ਕੁਝ ਹੋਰ ਮੁੱਦੇ ਵੀ ਸਨ ਜਿਨ੍ਹਾਂ ਵਿੱਚ ਗਰੀਬੀ ਹਟਾਉ ਵਰਗੇ ਨਾਅਰੇ ਵੀ ਸਨ। ਫਿਰ ਕਿਸੇ ਵਿਸ਼ੇਸ਼ ਵਿਚਾਰਧਾਰਾ ਵਾਲੀ ਧਿਰ ਨੇ ਜਾਤ ਅਤੇ ਧਰਮ ਅਧਾਰਤ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਇਹ ਰਾਜਨੀਤੀ ਉਨ੍ਹਾਂ ਨੂੰ ਰਾਸ ਵੀ ਬਹੁਤ ਆ ਰਹੀ ਹੈ। ਪਰ ਦੇਸ਼ ਨਫ਼ਰਤ ਵਿੱਚ ਭੁੱਜ ਰਿਹਾ ਹੈ। ਹੁਣ ਤਾਂ ਕਿਸੇ ਅਖੌਤੀ ਧਾਰਮਕ ਸਮਾਗਮ ਦੌਰਾਨ ਨੇਤਾਵਾਂ ਵੱਲੋਂ ਦਿੱਤੇ ਨਫ਼ਰਤੀ ਭਾਸ਼ਣਾਂ ਦਾ ਮਸਲਾ ਦੇਸ਼ ਦੀ ਸਰਵਉੱਚ ਅਦਾਲਤ ਦੇ ਧਿਆਨ ਵਿੱਚ ਲਿਆਉਣ ਦੀ ਨੌਬਤ ਵੀ ਆ ਗਈ ਹੈ। ਆਮ ਆਦਮੀ ਦੀਆਂ ਲੋੜਾਂ ਅਤੇ ਸਮੱਸਿਆਵਾਂ ਦਰਕਿਨਾਰ ਹੋ ਗਈਆਂ ਹਨ। ਵਤਨ ਦਾ ਭਵਿੱਖ ਸੰਕਟ ਵਿੱਚ ਧਸਦਾ ਨਜ਼ਰ ਆ ਰਿਹਾ ਹੈ। ਰਿਸ਼ਤਿਆਂ, ਸਾਝਾਂ, ਵਸਤਾਂ, ਵਰਤਾਰਿਆਂ ਨੂੰ ਵੇਖਣ ਅਤੇ ਸਮਝਣ ਵਾਲੀ ਸਾਡੀ ਦ੍ਰਿਸ਼ਟੀ ਦੂਸ਼ਿਤ ਹੋ ਗਈ ਹੈ।
ਆਰਥਿਕ ਪਾੜਾ ਵੀ ਸਮਾਜਿਕ ਨਫ਼ਰਤ ਦਾ ਕਾਰਣ ਬਣਦਾ ਹੈ। ਜਮਾਤੀ ਵੰਡ ਦੇ ਫੈਲ ਰਹੇ ਪਾੜੇ ਨਾਲ ਅਸੀਂ ਵੱਖਰੇ ਵੱਖਰੇ ਵਰਗ ਸਮੂਹ ਬਣਾ ਲਏ ਹਨ। ਕਿਸੇ ਵਿਸ਼ੇਸ਼ ਸਮੂਹ ਵੱਲੋਂ ਆਪਣੇ ਤੋਂ ਹੇਠਲੇ ਸਮੂਹ ਦੇ ਕਿਸੇ ਮੈਂਬਰ ਦੀ ਅਣਦੇਖੀ ਕਰਨੀ ਉਸਦੀ ਹੱਤਕ ਕਰਨ ਬਰਾਬਰ ਹੁੰਦੀ ਹੈ। ਅਜਿਹਾ ਵਿਵਹਾਰ ਨਫ਼ਰਤ ਨੂੰ ਜਨਮ ਦਿੰਦਾ ਹੈ। ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ਼ ਵੱਖਰੀ ਤਰ੍ਹਾਂ ਮਨਾਏ ਜਾਣ ਦੀ ਪਿਰਤ ਵੀ ਸਮਾਜ ਅੰਦਰ ਨਫ਼ਰਤ ਦੇ ਨਾਲ ਨਾਲ ਕਈ ਹੋਰ ਸਮੱਸਿਆਵਾਂ ਦਾ ਕਾਰਣ ਬਣ ਰਹੀ ਹੈ। ਵੱਖਰੀ ਤਰ੍ਹਾਂ ਤੋਂ ਭਾਵ ਖਰਚੀਲੇ ਰਿਵਾਜ਼ ਹਨ। ਜੋ ਸਮਰੱਥ ਨਹੀਂ ਹਨ, ਉਹ ਹੀਣਭਾਵ ਦਾ ਸ਼ਿਕਾਰ ਹੁੰਦੇ ਹਨ। ਕਿਧਰੋਂ ਉਧਾਰੇ ਜਾਂ ਵਿਆਜੀ ਪੈਸੇ ਫੜਦੇ ਹਨ। ਮੋੜ ਨਾ ਸਕਣ ਕਾਰਣ ਜ਼ਲੀਲ ਵੀ ਹੁੰਦੇ ਹਨ ਅਤੇ ਦੂਜੀ ਧਿਰ ਦੀ ਨਫ਼ਰਤ ਦਾ ਸ਼ਿਕਾਰ ਵੀ। ਸਲੀਕੇ ਅਤੇ ਸੰਜਮ ਨਾਲ ਜ਼ਿੰਦਗੀ ਜਿਊਣ ਦਾ ਵੱਲ ਅਜੇ ਸਾਨੂੰ ਨਹੀਂ ਆਇਆ। ਜਿਨ੍ਹਾਂ ਪਰਿਵਾਰਾਂ ਕੋਲ ਇਹ ਜੀਵਨ ਜਾਚ ਹੈ, ਉਹ ਸੁਖੀ ਵੀ ਹਨ ਅਤੇ ਪ੍ਰਸੰਨ ਵੀ। ਬਾਕੀਆਂ ਕੋਲ ਪ੍ਰੇਸ਼ਾਨੀਆਂ ਹਨ, ਤਣਾਅ ਹੈ, ਕਲੇਸ਼ ਹੈ, ਮੁਸ਼ਕਲਾਂ, ਮੁਸੀਬਤਾਂ ਹਨ। ਸੁੱਚਾ ਜੀਵਨ ਜਿਊਣ ਵਾਲਿਆਂ ਪ੍ਰਤੀ ਉਨ੍ਹਾਂ ਕੋਲ ਸਿਰਫ਼ ਨਫ਼ਰਤ ਹੈ। ਕੁਝ ਲੋਕ ਇਸ ਡਰ ਕਾਰਣ ਤੁਹਾਨੂੰ ਨਫ਼ਰਤ ਕਰਦੇ ਹਨ ਕਿ ਉਹ ਭਵਿੱਖ ਵਿੱਚ ਕਦੀ ਵੀ ਤੁਹਾਡੇ ਵਾਲਾ ਰੁਤਬਾ ਹਾਸਲ ਨਹੀਂ ਕਰ ਸਕਣਗੇ। ਇਹ ਨਫ਼ਰਤ ਅਸਲ ਵਿੱਚ ਉਨ੍ਹਾਂ ਦੀ ਨਕਾਮੀ ਅਤੇ ਅਯੋਗਤਾ ਵਿੱਚੋਂ ਨਿਕਲਿਆ ਖ਼ਲਾਅ ਹੁੰਦਾ ਹੈ। ਅਸਲ ਵਿੱਚ ਉਹ ਆਪਣੇ ਆਪ ਨੂੰ ਹੀ ਨਫ਼ਰਤ ਕਰ ਰਹੇ ਹੁੰਦੇ ਹਨ। ਜਿਹੜੀਆਂ ਸੁਖ-ਸਹੂਲਤਾਂ ਅਸੀਂ ਕਮਾਈਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੁਖ ਅਸੀਂ ਮਾਣ ਰਹੇ ਹੁੰਦੇ ਹਾਂ, ਉਹ ਸੁਖ-ਸਹੂਲਤਾਂ ਤੋਂ ਵਾਂਝੇ ਮਨੁੱਖ ਲਈ ਨਫ਼ਰਤ ਦਾ ਸਬੱਬ ਬਣ ਜਾਂਦਾ ਹੈ। ਸਾਡੀ ਢਹਿੰਦੇ ਵਿਚਾਰਾਂ ਵਿਚਲੀ ਸੋਚ ਵੀ ਸਾਨੂੰ ਦੂਜੇ ਸਫ਼ਲ ਮਨੁੱਖ ਨੂੰ ਨਫ਼ਰਤ ਕਰਨ ਦਾ ਕਾਰਣ ਬਣਦੀ ਹੈ। ਦੂਜਿਆਂ ਦੇ ਦੁੱਖ-ਸੁਖ ਦੇ ਭਾਈਵਾਲ ਮਨੁੱਖ ਖੁਸ਼ ਵੀ ਰਹਿੰਦੇ ਹਨ ਅਤੇ ਨਫ਼ਰਤ ਵਰਗੀ ਲਾਇਲਾਜ ਬੀਮਾਰੀ ਤੋਂ ਵੀ ਬਚੇ ਰਹਿੰਦੇ ਹਨ। ਅਸਲ ਵਿੱਚ ਨਫ਼ਰਤ ਕਿਸੇ ਮਨੁੱਖ ਦਾ ਭਾਵਕ ਵਤੀਰਾ ਵੀ ਹੁੰਦਾ ਹੈ। ਭਾਵਕਤਾ ਦੇ ਵਹਿਣ ਵਿੱਚ ਬੰਦਾ ਸਹੀ ਨਿਰਣਾ ਕਰਨ ਦੇ ਯੋਗ ਨਹੀਂ ਰਹਿੰਦਾ। ਉਹ ਗੁੱਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਗੁੱਸਾ ਵੀ ਨਫ਼ਰਤ ਕਰਨ ਦਾ ਕਾਰਣ ਬਣਦਾ ਹੈ। ਦੂਜਿਆਂ ਨੂੰ ਨੀਵਾਂ ਸਮਝਣ, ਵੇਖਣ ਦਾ ਰੁਝਾਨ ਵੀ ਨਫ਼ਰਤ ਨੂੰ ਜਨਮ ਦਿੰਦਾ ਹੈ। ਨਫ਼ਰਤ ਮਨੁੱਖ ਅੰਦਰ ਹਿੰਸਕ ਪ੍ਰਵਿਰਤੀ ਦੇ ਜਾਗਣ ਦਾ ਕਾਰਣ ਬਣਦੀ ਹੈ। ਦੇਸ਼ ਵੰਡ ਵੇਲੇ ਦਸ ਲੱਖ ਲੋਕਾਂ ਦਾ ਕਤਲੇਆਮ ਇਸੇ ਪ੍ਰਵਿਰਤੀ ਦੀ ਦੇਣ ਹੈ। ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਅੰਦਰ ਹੁੰਦੀਆਂ ਬੇਰਹਿਮ ਹੱਤਿਆਵਾਂ ਦਾ ਕਾਰਣ ਵੀ ਇਹ ਨਫ਼ਰਤ ਹੀ ਹੈ। ਨਫ਼ਰਤ ਇੱਕੋ ਸ਼ਹਿਰ, ਪਿੰਡ, ਸਥਾਨ ’ਤੇ ਸੁਖੀ ਵਸਦੇ ਲੋਕਾਂ ਅੰਦਰ ਸੁੱਤੇ ਪਏ ਹਿੰਸਕ ਜਾਨਵਰ ਨੂੰ ਹੁੱਝਾਂ ਮਾਰ ਜਗਾ ਦਿੰਦੀ ਹੈ। ਨਫ਼ਰਤ ਸਾਡੀਆਂ ਸੋਚਾਂ ਦੇ ਵਹਿਣ ਨੂੰ ਗੰਧਲੇ, ਕੋਝੇ ਅਤੇ ਹਿੰਸਕ ਵਰਤਾਰੇ ਕੋਲ ਲੈ ਜਾਂਦੀ ਹੈ। ਅਸੀਂ ਆਪਣੇ ਵਿਵਹਾਰ ਤੋਂ ਵਿਪਰੀਤ ਸੋਚਦੇ ਤੇ ਵਿਚਰਦੇ ਹਾਂ। ਬਦਲਾ ਲੈਣ ਦੀ ਪ੍ਰਵਿਰਤੀ ਸਾਡੇ ਅੰਦਰ ਅੰਗੜਾਈ ਲੈਂਦੀ ਹੈ। ਮੁਹੱਬਤੀ ਰਿਸ਼ਤੇ ਕੁੜੱਤਣ ਨਾਲ ਭਰ ਜਾਂਦੇ ਹਨ।
ਅਸੀਂ ਨਫ਼ਰਤ ਕਿਉਂ ਕਰਦੇ ਹਾਂ? ਇਹ ਸਵਾਲ ਦਿਲਚਸਪ ਵੀ ਹੈ ਅਤੇ ਵਿਚਾਰਨ ਵਾਲਾ ਵੀ ਹੈ। ਕਿਸੇ ਵਿਅਕਤੀ ਨਾਲ ਨਫ਼ਰਤ ਦਾ ਕਾਰਣ ਸਧਾਰਣ ਨਰਾਜ਼ਗੀ ਵੀ ਹੋ ਸਕਦੀ ਹੈ ਜਿਹੜੀ ਥੋੜ੍ਹ-ਚਿਰੀ ਹੋਵੇਗੀ। ਵਕਤ ਨਾਲ ਅਪਣੱਤ ਪਰਤ ਆਵੇਗੀ ਅਤੇ ਹਾਲਾਤ ਪਹਿਲਾਂ ਵਰਗੇ ਖ਼ੁਸ਼ਗਵਾਰ ਹੋ ਜਾਣਗੇ। ਕਿਸੇ ਸਮੂਹ ਨਾਲ ਨਫ਼ਰਤ ਦਾ ਕਾਰਣ ਜਾਤ, ਧਰਮ ਅਤੇ ਵਿਚਾਰਧਾਰਿਕ ਵਖਰੇਵਾਂ ਹੁੰਦਾ ਹੈ। ਇਸ ਨਫ਼ਰਤ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ। ਅਜਿਹੀ ਨਫ਼ਰਤ ਪੀੜ੍ਹੀਆਂ ਤਕ ਚਲਦੀ ਹੈ। ਦੁਨੀਆਂ ਵਿੱਚ ਬਹੁਤ ਸਾਰੇ ਦੰਗੇ, ਕਤਲੇਆਮ, ਪ੍ਰਾਪਰਟੀ ਦਾ ਨੁਕਸਾਨ ਅਤੇ ਅਗਜ਼ਨੀ ਵਰਗੀਆਂ ਘਟਨਾਵਾਂ ਇਸੇ ਨਫ਼ਰਤ ਦੇ ਚੱਲਦਿਆਂ ਹੁੰਦੀਆਂ ਦੁਖਦਾਇਕ ਘਟਨਾਵਾਂ ਹਨ। ਸੱਤਾ ਨਾਲ ਨਫ਼ਰਤ ਵੀ ਸਿਸਟਮ ਪ੍ਰਤੀ ਨਰਾਜ਼ਗੀ ਵਿੱਚੋਂ ਪੈਦਾ ਹੁੰਦੀ ਹੈ। ਸਿਸਟਮ ਜੋ ਸਾਡੀ ਸੋਚ ਵਰਗਾ ਨਹੀਂ ਹੁੰਦਾ, ਸਾਡੀਆਂ ਆਸਾਂ ਦੇ ਅਨੁਕੂਲ ਨਹੀਂ ਹੁੰਦਾ, ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਨਹੀਂ ਹੁੰਦਾ, ਜਿਸ ਸਿਸਟਮ ਵਿੱਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਸ ਸਿਸਟਮ ਨੂੰ ਅਸੀਂ ਦਿਲੋਂ ਨਫ਼ਰਤ ਕਰਦੇ ਹਾਂ। ਅਸੀਂ ਅਜਿਹੇ ਸਿਸਟਮ ਨੂੰ ਜਦ ਬਦਲ ਨਹੀਂ ਸਕਦੇ ਤਾਂ ਇਸ ਤੋਂ ਦੂਰ ਜਾਣਾ ਚਾਹੁੰਦੇ ਹਾਂ। ਵੱਡੀ ਤਾਦਾਦ ਵਿੱਚ ਹੋ ਰਹੇ ਪਰਵਾਸ ਨੂੰ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ। ਸੱਤਾ ਦੇ ਫੈਸਲਿਆਂ ਖ਼ਿਲਾਫ਼ ਹੁੰਦੇ ਸੰਘਰਸ਼ ਸਿਸਟਮ ਵਿਰੁੱਧ ਵਿਦਰੋਹ ਦਾ ਹੀ ਪ੍ਰਤੀਕ ਹੁੰਦੇ ਹਨ ਜਿਹੜੇ ਸੱਤਾ ਨਾਲ ਨਫ਼ਰਤ ਦਾ ਪ੍ਰਗਟਾਵਾ ਹੁੰਦੇ ਹਨ। ਕਿਸਾਨੀ ਸੰਘਰਸ਼ ਦੀ ਉਦਾਹਰਣ ਸਾਡੇ ਕੋਲ ਹੈ। ਅਜਿਹੀ ਨਫ਼ਰਤ ਹੁਣ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਾ ਹੈ। ਸੱਤਾ ’ਤੇ ਕਾਬਜ਼ ਹਰ ਵਿਅਕਤੀ ਤਾ-ਉਮਰ ਆਪਣੇ ਅਹੁਦੇ ਉੱਪਰ ਬਣਿਆ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਜਿਹੜੇ ਹੱਥਕੰਡੇ ਵਰਤਦਾ ਹੈ, ਉਹ ਸਹਿਣਯੋਗ ਨਹੀਂ ਹੁੰਦੇ। ਅਜਿਹੇ ਵਿੱਚ ਨਫ਼ਰਤ ਕੁਦਰਤੀ ਵਰਤਾਰਾ ਬਣ ਜਾਂਦੀ ਹੈ।
ਅਸੀਂ ਨਫ਼ਰਤ ਨੂੰ ਕਿਵੇਂ ਤਿਆਗ ਸਕਦੇ ਹਾਂ? ਨਿੱਜ ਨਾਲ ਜੁੜੀ ਨਫ਼ਰਤ ਬਹੁਤ ਅਸਾਨੀ ਨਾਲ ਤਿਆਗੀ ਜਾ ਸਕਦੀ ਹੈ। ਅਸੀਂ ਆਪਣੀਆਂ ਲਾਲਸਾਵਾਂ, ਕਾਮਨਾਵਾਂ ਉੱਪਰ ਕਾਬੂ ਪਾ ਕੇ, ਆਪਣਾ ਜੀਵਨ ਵਿਹਾਰ ਬਦਲ ਕੇ, ਰਹਿਣ-ਸਹਿਣ ਵਿੱਚ ਸਾਦਗੀ ਲਿਆ ਕੇ, ਸੋਚਾਂ ਵਿੱਚ ਚੜ੍ਹਦੀ ਕਲਾ ਵਰਗਾ ਜਜ਼ਬਾ ਲਿਆ ਕੇ ਅਸੀਂ ਨਫ਼ਰਤ ਵਰਗੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਪਰ ਸਮੂਹ ਪ੍ਰਤੀ ਨਫ਼ਰਤ ਉੱਪਰ ਕਾਬੂ ਪਾਉਣ ਲਈ ਸਮੂਹਕ ਯਤਨਾਂ ਦੀ ਲੋੜ ਪਵੇਗੀ। ਸਮੂਹਕ ਯਤਨਾਂ ਲਈ ਜਿਸ ਏਕੇ ਦੀ ਲੋੜ ਹੈ, ਜਿਨ੍ਹਾਂ ਮੱਤਭੇਦਾਂ ਨੂੰ ਭੁੱਲਣ ਦੀ ਲੋੜ ਹੈ, ਵਿਰੋਧ ਨੂੰ ਸਾਂਝੀ ਲੜਾਈ ਸਮਝਣ ਦੀ ਲੋੜ ਹੈ, ਉਸ ਦੀ ਪ੍ਰਾਪਤੀ ਲਈ ਵੀ ਸੰਘਰਸ਼ ਕਰਨਾ ਪੈਣਾ ਹੈ। ਕਿਸਾਨੀ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਜਮ, ਸਬਰ ਤੇ ਸਿਦਕ ਨਾਲ ਲੜੀ ਲੜਾਈ ਦੀ ਜਿੱਤ ਹੁੰਦੀ ਹੈ। ਹਠੀ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਬਦਲਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗਲਤ ਬੰਦੇ, ਗਲਤ ਨੀਤੀਆਂ, ਗਲਤ ਵਿਚਾਰਧਾਰਾਵਾਂ ਸਾਡੇ ਸਭ ਲਈ ਘਾਤਕ ਹਨ। ਇਨ੍ਹਾਂ ਵਿਰੁੱਧ ਨਫ਼ਰਤ ਅਤੇ ਸਾਂਝਾ ਵਿਰੋਧ ਜਿੱਤ ਦੇ ਨਾਲ ਨਾਲ ਸਾਂਝੀਵਾਲਤਾ ਨੂੰ ਵੀ ਮਜ਼ਬੂਤ ਕਰਦਾ ਹੈ। ਅਜਿਹੀ ਨਫ਼ਰਤ ਦੀ ਅੱਜ ਲੋੜ ਹੈ। ਇਹ ਨਫ਼ਰਤ ਗਲਤ ਵਿਰੁੱਧ ਹੈ। ਜਿੱਥੇ ਰਾਜਨੀਤੀ ਦੁਆਰਾ ਧਰਮ ਅਤੇ ਜਾਤ ਅਧਾਰਤ ਫੈਲਾਈ ਨਫ਼ਰਤ ਦੇ ਨਤੀਜੇ ਭਿਆਨਕ ਹੁੰਦੇ ਹਨ, ਉੱਥੇ ਸੱਤਾ ਵਿਰੁੱਧ ਅਜਿਹੀ ਨਫ਼ਰਤ ਸਾਝਾਂ ਸੁਰਜੀਤ ਕਰਨ ਅਤੇ ਹੱਕੀ ਮੰਗਾਂ ਮਨਵਾਉਣ ਦਾ ਸੁਹਜਮਈ ਕਾਰਜ ਕਰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਸਵੱਸ਼ ਪ੍ਰਸ਼ਾਸਨ, ਸੁਹਿਰਦ ਨੇਤਾ, ਯੋਗ ਨੀਤੀਆਂ ਸਮੇਂ ਦੀ ਲੋੜ ਹਨ। ਹਰ ਇੱਕ ਨੂੰ ਆਪਣੇ ਪੱਧਰ ’ਤੇ ਆਪਣੇ ਦਾਇਰੇ ਵਿੱਚ ਇੱਕ ਬਦਲਾਅ ਲਈ ਯਤਨ ਆਰੰਭਣੇ ਪੈਣਗੇ। ਘਰ ਤੋਂ ਸ਼ੁਰੂ ਕਰਕੇ ਹੀ ਸਰਬੱਤ ਦਾ ਭਲਾ ਕਰਨ ਵਰਗੀ ਸੋਚ ਵਿਕਸਤ ਕਰ ਸਕਦੇ ਹਾਂ। ਇਹ ਸ਼ੁਭ ਕਾਰਜ ਦਾ ਆਰੰਭ ਅੱਜ ਹੀ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3347)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)