“ਉਪਰੋਕਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਦਾ ਮਤਲਬ ਡਰ ਪੈਦਾ ਕਰਨਾ ਨਹੀਂ ਹੈ। ਇਹ ਫ਼ਿਕਰ ਤਾਂ ਉਨ੍ਹਾਂ ...”
(8 ਜਨਵਰੀ 2024)
ਇਸ ਸਮੇਂ ਪਾਠਕ: 285.
ਪਰਵਾਸ ਕੋਈ ਸਿੱਧ ਪੱਧਰਾ ਵਰਤਾਰਾ ਨਹੀਂ ਹੈ। ਇਸ ਵਿੱਚ ਮਨੁੱਖ ਦਾ ਬਹੁਤ ਸਾਰੀਆਂ ਚੁਣੌਤੀਆਂ ਨਾਲ ਵਾਹ-ਵਾਸਤਾ ਪੈਂਦਾ ਹੈ। ਆਪਣੀਆਂ ਜੜ੍ਹਾਂ ਤੋਂ ਉੱਖੜ ਕੇ ਕਿਸੇ ਪਰਾਈ ਧਰਤੀ ਦੀ ਬੇਗਾਨੀ ਮਿੱਟੀ ਵਿੱਚ ਆਪਣੀਆਂ ਜੜ੍ਹਾਂ ਲਾਉਣੀਆਂ ਤੇ ਵਿਗਸਣਾ, ਫੈਲਣਾ ਜਟਿਲ ਪ੍ਰਕਿਰਿਆ ਹੈ। ਜ਼ਰੂਰੀ ਨਹੀਂ ਹੁੰਦਾ ਹਰ ਮਿੱਟੀ ਤੁਹਾਨੂੰ ਮਾਂ ਵਾਂਗ ਗਲ਼ ਨਾਲ ਲਾ ਲਵੇ ਤੇ ਹਨੇਰੀਆਂ ਤੂਫ਼ਾਨਾਂ ਤੋਂ ਤੁਹਾਡੀ ਰੱਖਿਆ ਕਰੇ। ਪਰਵਾਸੀ ਬੰਦੇ ਨੂੰ ਬਹੁਤੇ ਝੱਖੜ ਆਪਣੇ ਨੰਗੇ ਪਿੰਡੇ ’ਤੇ ਆਪ ਹੀ ਝੱਲਣੇ ਪੈਂਦੇ ਹਨ। ਸਮੇਂ ਸਮੇਂ ’ਤੇ ਚੁਣੌਤੀਆਂ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਉਸ ਖਿੱਤੇ ਦੇ ਲੋਕਾਂ ਦੀ ਅੱਖ ਵਿੱਚ ਤੁਸੀਂ ਕੰਕਰ ਬਣ ਰੜਕ ਵੀ ਸਕਦੇ ਹੋ। ਉਸ ਦੇਸ਼ ਦੀ ਸੱਤਾ ’ਤੇ ਕਾਬਜ਼ ਧਿਰ ਤੁਹਾਡੀ ਕਿਰਤ ਕਮਾਈ ਵਿੱਚੋਂ ਆਪਣੇ ਮੁਨਾਫ਼ੇ ਨੂੰ ਜ਼ਰਬ ਦੇਣ ਲਈ ਨਵੀਆਂ ਨੀਤੀਆਂ ਨੂੰ ਤੁਹਾਡੇ ਉੱਪਰ ਠੋਸ ਵੀ ਸਕਦੀ ਹੈ। ਤੁਹਾਡੇ ਉਸ ਦੇਸ਼ ਵਿੱਚ ਦਾਖ਼ਲ ਹੋਣ ਅਤੇ ਵਸਣ ਦੀ ਪ੍ਰਕਿਰਿਆ ਨੂੰ ਕਠਿਨ ਤੇ ਮਹਿੰਗੀ ਵੀ ਕਰ ਸਕਦੀ ਹੈ। ਪਰਵਾਸ ਲਈ ਘਰੋਂ ਪੈਰ ਪੁੱਟਣ ਲੱਗਿਆਂ ਇਹ ਸਭ ਗੱਲਾਂ ਪੱਲੇ ਬੰਨ੍ਹ ਕੇ ਤੁਰਨਾ ਚਾਹੀਦਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਠਿਨ ਹਾਲਤਾਂ ਵਿੱਚ ਬਿਹਤਰ ਸੁਖ ਸਹੂਲਤਾਂ ਵਣਜਣ ਜਾ ਰਹੇ ਹੋ। ਉੱਥੇ ਕੁਝ ਵੀ ਥਾਲੀ ਵਿੱਚ ਪਰੋਸਿਆ ਨਹੀਂ ਮਿਲਣਾ। ਕਿਰਤ ਕਰਨੀ ਪੈਣੀ ਹੈ, ਸੰਘਰਸ਼ ਕਰਨਾ ਪੈਣਾ ਹੈ। ਜੀਵਨ ਸਿਫ਼ਰ ਤੋਂ ਸ਼ੁਰੂ ਕਰਨਾ ਪੈਣਾ ਹੈ, ਤੰਗੀਆਂ ਤੁਰਸ਼ੀਆਂ ਸਹਿਣੀਆਂ ਪੈਣੀਆਂ ਹਨ। ਵਿਹਲੜ ਅੰਗਾਂ ਤੇ ਪਸਤ ਇਰਾਦਿਆਂ ਅੰਦਰ ਸੇਕ ਪੈਦਾ ਕਰਨਾ ਪੈਣਾ ਹੈ। ਮਹਿੰਗੇ ਸ਼ੌਕ ਤੇ ਫੁਕਰੀਆਂ ਆਦਤਾਂ ਤਿਆਗਣੀਆਂ ਪੈਣੀਆਂ ਹਨ। ਇੱਕ ਨਵਾਂ ਭਾਈਚਾਰਾ ਸਿਰਜਣਾ ਪੈਣਾ ਹੈ। ਨਵੀਆਂ ਤੇ ਬਿਹਤਰ ਜੀਵਨ ਹਾਲਤਾਂ ਪੈਦਾ ਕਰਨੀਆਂ ਪੈਣੀਆਂ ਹਨ। ਇਹ ਤੇ ਅਜਿਹੇ ਕਈ ਹੋਰ ਸਚਿਆਰੇ ਉਪਰਾਲੇ ਕਰਨ ਨਾਲ ਅਸੀਂ ਪਰਵਾਸ ਨੂੰ ਕਲਪਿਤ ਸਵਰਗ ਵਰਗਾ ਸੁਖਦਾਇਕ ਤੇ ਮਨਮੋਹਕ ਬਣਾ ਸਕਦੇ ਹਾਂ। ਹਿੰਸਾ ਬਾਹਰੀ ਵੀ ਹੁੰਦੀ ਹੈ ਤੇ ਸਾਡੇ ਅੰਦਰ ਵੀ। ਆਪਣੇ ਅੰਦਰਲੀ ਹਿੰਸਾ ਉੱਤੇ ਕਾਬੂ ਪਾਉਣਾ ਨਿਰਸੰਦੇਹ ਕਠਿਨ ਕਾਰਜ ਹੈ। ਪਰ ਇਸ ’ਤੇ ਕਾਬੂ ਪਾਏ ਬਿਨਾਂ ਮਨੁੱਖੀ ਵਿਕਾਸ ਸੰਭਵ ਨਹੀਂ ਹੈ। ਇਸ ਹਿੰਸਾ ’ਤੇ ਕਾਬੂ ਪਾਉਣ ਲਈ ਸਾਨੂੰ ਸ਼ੁੱਧ ਅਤੇ ਪਵਿੱਤਰ ਵਿਚਾਰਾਂ ਦੇ ਹਥਿਆਰਾਂ ਨਾਲ ਲੈਸ ਹੋਣਾ ਪਵੇਗਾ। ਅਜਿਹੇ ਵਿਚਾਰ ਪਰਵਾਸ ਵਿੱਚ ਤੁਹਾਡੀ ਢਾਲ਼ ਬਣਨਗੇ।
ਨਵੀਆਂ ਸਮੱਸਿਆਵਾਂ:
ਪਰਵਾਸ ਦੇ ਮੌਜੂਦਾ ਵਰਤਾਰੇ ਨੇ ਇੱਥੇ ਕੈਨੇਡਾ ਵਿੱਚ ਕੁਝ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਬਾਰਾਂ ਮਹੀਨਿਆਂ ਵਿੱਚ ਬਾਰਾਂ ਲੱਖ ਲੋਕਾਂ ਦੇ ਕੈਨੇਡਾ ਵਿੱਚ ਪੁੱਜਣ ਦੇ ਅੰਕੜੇ ਤੋਂ ਸਰਕਾਰ ਵੀ ਹੈਰਾਨ ਹੈ। ਚਾਰ ਕਰੋੜ ਤੋਂ ਵੱਧ ਵੱਸੋਂ ਵਾਲੇ ਇਸ ਮੁਲਕ ਵਿੱਚ ਇਹ ਵਾਧਾ ਅੰਤਰਰਾਸ਼ਟਰੀ ਪਰਵਾਸ ਕਾਰਣ ਹੋਇਆ ਹੈ। ਸਟਡੀ ਵੀਜ਼ੇ ’ਤੇ ਕੈਨੇਡਾ ਆ ਰਹੇ ਵਿਦਿਆਰਥੀਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕਿਰਾਏ ’ਤੇ ਘਰ ਨਹੀਂ ਮਿਲ ਰਹੇ। ਮਹਿੰਗਾਈ ਨੇ ਘੱਟ ਆਮਦਨ ਵਾਲੇ ਲੋਕਾਂ ਦਾ ਜੀਵਨ ਮੁਸ਼ਕਿਲ ਕਰ ਦਿੱਤਾ ਹੈ। ਕੈਨੇਡਾ ਵਿੱਚ ਘਰਾਂ ਦੀ ਮੰਗ ਬਾਰੇ ਹਾਊਸਿੰਗ ਐਂਡ ਮੌਰਗੇਜ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਸ ਵੇਲੇ 35 ਲੱਖ ਮਕਾਨਾਂ ਦੀ ਕਮੀ ਹੈ। ਫਿਕਰ ਇਹ ਵੀ ਹੈ ਕਿ ਜੇਕਰ ਆਉਂਦੇ ਪੰਜਾਂ ਸਾਲਾਂ ਵਿੱਚ ਮਕਾਨਾਂ ਦੀ ਉਸਾਰੀ ਦੁੱਗਣੀ ਨਾ ਕੀਤੀ ਗਈ ਤਾਂ ਮਕਾਨਾਂ ਦੀਆਂ ਕੀਮਤਾਂ ਅਤੇ ਕਿਰਾਇਆ ਹੋਰ ਉੱਪਰ ਚਲਾ ਜਾਵੇਗਾ। ਪਰਵਾਸੀਆਂ ਦੇ ਵੱਡੀ ਗਿਣਤੀ ਵਿੱਚ ਆਉਣ ਦਾ ਸਭ ਤੋਂ ਵੱਧ ਪ੍ਰਭਾਵ ਭਾਰਤ ਖਾਸ ਕਰਕੇ ਪੰਜਾਬ ਵਿੱਚੋਂ ਆ ਰਹੇ ਵਿਦਿਆਰਥੀਆਂ ਉੱਪਰ ਪੈ ਰਿਹਾ ਹੈ। ਸਟਡੀ ਵੀਜ਼ੇ ’ਤੇ ਕੈਨੇਡਾ ਆ ਰਹੇ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਟੋਰਾਂਟੋ ਅਤੇ ਇਸਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ, ਬਰੈਂਪਟਨ, ਕਿਚਨਰ ਆਦਿ ਹਨ। ਨਤੀਜਾ ਇਹ ਹੋਇਆ ਹੈ ਕਿ ਇਸ ਖਿੱਤੇ ਵਿੱਚ ਮਕਾਨਾਂ ਦੀ ਘਾਟ, ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਅਸਰ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ਦੀ ਨਕਾਮੀ ਇਹ ਹੈ ਕਿ ਵੱਡੀ ਗਿਣਤੀ ਵਿੱਚ ਆ ਰਹੇ ਪਰਵਾਸੀਆਂ ਦਾ ਸਵਾਗਤ ਕਰ ਰਹੀ ਕੈਨੇਡਾ ਸਰਕਾਰ ਉਹਨਾਂ ਦੇ ਰਹਿਣ-ਸਹਿਣ, ਰੁਜ਼ਗਾਰ, ਹੈਲਥ ਅਤੇ ਜ਼ਰੂਰੀ ਵਸਤਾਂ ਦੀ ਉਪਲਬਧਤਾ ਦਾ ਲੋੜੀਂਦਾ ਪ੍ਰਬੰਧ ਨਹੀਂ ਕਰ ਰਹੀ। ਉਲਟਾ ਸਟਡੀ ਵੀਜ਼ੇ ’ਤੇ ਆ ਰਹੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਕਰਕੇ ਉਹਨਾਂ ਦੀਆਂ ਤੇ ਉਹਨਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ।
ਸਚਾਈ ਇਹ ਹੈ ਕਿ ਕੈਨੇਡਾ ਦੀ ਆਰਥਿਕਤਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਹੈ। ਇਹਨਾਂ ਦੀ ਗਿਣਤੀ ਘਟਾਉਣ ਬਾਰੇ ਸਰਕਾਰ ਦੇ ਇੱਕ ਮੰਤਰੀ ਦਾ ਕਹਿਣਾ ਹੈ ਕਿ ਇਹ ਹਥੌੜੇ ਨਾਲ ਸਰਜਰੀ ਕਰਨ ਵਾਂਗ ਹੋਵੇਗਾ। ਮਤਲਬ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਦਾ ਮਹੱਤਵ ਸਮਝਦੇ ਵੀ ਹਨ ਤੇ ਉਹਨਾਂ ਦੀਆਂ ਦੁਸ਼ਵਾਰੀਆਂ ਦਾ ਕੋਈ ਢੁਕਵਾਂ ਹੱਲ ਲੱਭਣ ਲਈ ਸੁਹਿਰਦ ਵੀ ਨਹੀਂ ਹਨ। ਅਸਲ ਵਿੱਚ ਨੇੜੇ ਢੁਕ ਰਹੀਆਂ ਚੋਣਾਂ ਦਾ ਅਸਰ ਹਰ ਲੋਕਤੰਤਰ ਦੀ ਕਮਜ਼ੋਰੀ ਹਨ। ਲੋਕਤੰਤਰ ਕਿਉਂਕਿ ਹੁਣ ਲੋਕਾਂ ਦੁਆਰਾ, ਲੋਕਾਂ ਦਾ, ਲੋਕਾਂ ਲਈ ਰਾਜ ਨਹੀਂ ਰਿਹਾ। ਲੋਕਤੰਤਰ ਹੁਣ ਸਰਮਾਏਦਾਰੀ ਨਿਜ਼ਾਮ ਜਾਂ ਕਾਰਪੋਰਟ ਘਰਾਣਿਆਂ ਦਾ ਹੱਥ ਠੋਕਾ ਬਣਕੇ ਰਹਿ ਗਿਆ ਹੈ। ਇਸ ਲਈ ਪਰਵਾਸ ਉੱਪਰ ਵੀ ਇਸ ਨਿਜ਼ਾਮ ਜਾਂ ਘਰਾਣਿਆਂ ਦਾ ਅਸਰ ਹੋਣਾ ਸੁਭਾਵਿਕ ਹੈ।
ਨਵੀਆਂ ਨੀਤੀਆਂ:
ਪਰਵਾਸ ਦਾ ਸੁਪਨਾ ਸੰਜੋਣ ਵਾਲੀਆਂ ਅੱਖਾਂ ਵਿੱਚ ਇੱਕ ਹੋਰ ਰੜਕ ਪੈਣ ਵਾਲੀ ਹੈ। ਕੈਨੇਡੀਅਨ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨਾਲ ਮੇਰੀ ਕੋਈ ਗੱਲ ਨਹੀਂ ਹੋਈ, ਨਾ ਟਰੂਡੋ ਭਾਅ ਨਾਲ ਇਸ ਵਿਸ਼ੇ ’ਤੇ ਮੇਰੀ ਕੋਈ ਚਰਚਾ ਹੋਈ ਹੈ। ਪਰ ਮੀਡੀਆ ਦੀਆਂ ਖ਼ਬਰਾਂ ਹਨ ਕਿ ਕੈਨੇਡੀਅਨ ਸਰਕਾਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਧਾਰਕਾਂ ਨੂੰ ਵਾਧੂ ਅਠਾਰਾਂ ਮਹੀਨੇ ਦੇ ਵਰਕ ਪਰਮਿਟ ਜਾਰੀ ਕਰਨ ਦੀ ਅਸਥਾਈ ਨੀਤੀ ਨੂੰ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਨੀਤੀ ਨਵੇਂ ਵਰ੍ਹੇ ਦੀ ਪਹਿਲੀ ਤਰੀਕ ਨੂੰ ਜਾਂ ਇਸ ਤੋਂ ਬਾਅਦ ਖਤਮ ਹੋਣ ਵਾਲੇ ਵਰਕ ਪਰਮਿਟ ਧਾਰਕਾਂ ਉੱਪਰ ਲਾਗੂ ਹੋਵੇਗੀ। ਕਹਿਣ ਤੋਂ ਭਾਵ ਹੈ ਕਿ ਜਿਹਨਾਂ ਦੇ ਵਰਕ ਪਰਮਿਟ ਆਉਂਦੇ ਮਹੀਨਿਆਂ ਵਿੱਚ ਖਤਮ ਹੋਣ ਵਾਲੇ ਹਨ, ਉਹਨਾਂ ਨੂੰ ਵਾਪਸ ਜਾਣਾ ਪੈ ਸਕਦਾ ਹੈ। ਇੱਕ ਹੋਰ ਖ਼ਬਰ ਮੁਤਾਬਿਕ ਕੈਨੇਡਾ ਨੇ ਪਿਛਲੇ ਛੇ ਮਹੀਨਿਆਂ ਵਿੱਚ ਨਜਾਇਜ਼ ਤਰੀਕਿਆਂ ਨਾਲ ਰਹਿ ਰਹੇ ਸੱਤ ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ।
ਉਪਰੋਕਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਦਾ ਮਤਲਬ ਡਰ ਪੈਦਾ ਕਰਨਾ ਨਹੀਂ ਹੈ। ਇਹ ਫ਼ਿਕਰ ਤਾਂ ਉਨ੍ਹਾਂ ਪੰਜਾਬੀਆਂ ਅਤੇ ਭਾਰਤੀਆਂ ਲਈ ਹੈ ਜਿਹੜੇ ਹਰ ਹਾਲਤ ਵਿੱਚ ਕੈਨੇਡਾ ਪਹੁੰਚਣਾ ਚਾਹੁੰਦੇ ਹਨ। ਪੰਜਾਬ ਵਿੱਚ ਚੰਗੀਆਂ ਨੌਕਰੀਆਂ ਕਰ ਰਹੇ, ਸੌਖੀ ਰੋਟੀ ਖਾ ਰਹੇ, ਕਾਰੋਬਾਰ ਕਰ ਰਹੇ, ਖੇਤੀਬਾੜੀ ਕਰ ਰਹੇ ਅਤੇ ਬਿਹਤਰ ਜੀਵਨ ਹਾਲਤਾਂ ਵਿੱਚ ਜੀਅ ਰਹੇ ਲੋਕਾਂ ਨੂੰ ਆਪਣੇ ਘਰਾਂ ਨੂੰ ਜ਼ਿੰਦਰੇ ਮਾਰ ਕੇ ਜਹਾਜ਼ੇ ਚੜ੍ਹਨ ਤੋਂ ਪਹਿਲਾਂ ਠੰਢੇ ਦਿਮਾਗ ਨਾਲ ਸੋਚਣਾ ਜ਼ਰੂਰ ਚਾਹੀਦਾ ਹੈ। ਭਾਰਤੀ ਸਿਸਟਮ ਸਾਡੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦਾ। ਪਰ ਇਸ ਸਿਸਟਮ ਕੋਲੋਂ ਭੱਜ ਜਾਣ ਨਾਲ ਵੀ ਕੋਈ ਮਸਲਾ ਹੱਲ ਨਹੀਂ ਹੋਣਾ। ਪਰਵਾਸ ਨੂੰ ਨਿੱਜੀ ਹਿਤਾਂ ਤੋਂ ਬਾਹਰ ਜਾ ਕੇ ਸੋਚਣ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4609)
(ਸਰੋਕਾਰ ਨਾਲ ਸੰਪਰਕ ਲਈ: (