“ਅਸੀਂ ਨਿੱਕੇ ਨਿੱਕੇ ਲਾਲਚਾਂ ਵਿੱਚ ਫਸੇ ਵੱਡੇ ਹਿੱਤਾਂ ਨੂੰ ਵਿਸਾਰੀ ...”
(20 ਅਕਤੂਬਰ 2018)
ਅਸੀਂ ਵਿਰੋਧਾਂ ਨਾਲ ਭਰੇ ਤਿੜਕੇ ਸੁਪਨਿਆਂ ਵਾਲੇ ਸਮਾਜ ਵਿੱਚ ਰਹਿ ਰਹੇ ਹਾਂ। ਦੂਸ਼ਿਤ ਵਰਤਾਰਿਆਂ ਵਿੱਚ ਸੁਪਨੇ ਵੀ ਪੀੜ ਨਾਲ ਭਰੇ ਜ਼ਖ਼ਮ ਵਰਗੇ ਹੁੰਦੇ ਹਨ। ਸਾਡੀਆਂ ਸੋਚਾਂ, ਸਾਡੇ ਵਿਚਾਰ ਸਾਡੇ ਮਨ ਦੇ ਹਾਣੀ ਨਹੀਂ ਰਹੇ। ਸਾਡੇ ਚੌਗਿਰਦੇ ਦਾ ਮੌਜੂਦਾ ਮਾਹੌਲ ਅਨਿਸ਼ਚਿਤਤਾ ਨਾਲ ਭਰਿਆ ਹੈ। ਸਮਾਜਿਕ ਵਰਤਾਰਿਆਂ ਵਿਚਲੀ ਆਪੋ-ਧਾਪੀ ਨੇ ਪਹਿਲਾਂ ਹੀ ਮਨੁੱਖ ਦਾ ਸਹਿਜ ਵਿਗਾੜ ਦਿੱਤਾ ਹੈ। ਵਿਗੜੇ ਸਹਿਜ ਵਾਲਾ ਮਨੁੱਖ ਕਦੀ ਗਤੀ ਦਾ ਸ਼ਿਕਾਰ ਹੋ ਜਾਂਦਾ ਹੈ ਕਦੀ ਖੜੋਤ ਦਾ। ਸੜਕਾਂ ਉੱਤੇ ਵਾਹਨਾਂ ਦੀ ਗਤੀ ਇਸ ਵਿਗੜੇ ਸਹਿਜ ਦੀ ਤਰਜਮਾਨੀ ਕਰਦੀ ਲੱਗਦੀ ਹੈ। ਨਿੱਤ ਇਨ੍ਹਾਂ ਸੜਕਾਂ ’ਤੇ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਹਨ। ਪੂਰੇ ਪਰਿਵਾਰ ਦੇ ਮਰ ਜਾਣ ਦੀ ਖ਼ਬਰ ਪੜ੍ਹ ਘਰਾਂ ਅੰਦਰ ਬੈਠੇ ਲੋਕ ਸੋਗ ਦੇ ਨਾਲ ਨਾਲ ਖ਼ੌਫ਼ ਨਾਲ ਵੀ ਭਰ ਜਾਂਦੇ ਹਨ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚੋਂ ਕੋਈ ਸੁਖਸਾਂਦ ਦੀ ਖ਼ਬਰ ਨਹੀਂ ਲੱਭਦੀ। ਹਰ ਦਿਨ ਅਖ਼ਬਾਰ ਇੱਕੋ ਤਰ੍ਹਾਂ ਦੀਆਂ ਮਾਨਸਿਕ ਪੀੜਾ ਦਿੰਦੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ। ਹਾਦਸਿਆਂ ਦੀ ਖ਼ੌਫ਼ਨਾਕ ਖ਼ਬਰ ਨਾਲ ਸੰਵੇਦਨਸ਼ੀਲ ਹਿਰਦੇ ਵਲੂੰਧਰੇ ਜਾਂਦੇ ਹਨ। ਹਰ ਸਵੇਰ ਵਿਹੜੇ ਵਿੱਚ ਆ ਡਿੱਗਦੀ ਅਖ਼ਬਾਰ ਆਪਣੇ ਨਾਲ ਇੱਕ ਖ਼ੌਫ਼ ਲੈ ਕੇ ਆਉਂਦੀ ਹੈ। ਇਸ ਖੌਫ਼ ਤੋਂ ਡਰਦਿਆਂ ਕੁੱਝ ਲੋਕਾਂ ਨੇ ਅਖ਼ਬਾਰ ਪੜ੍ਹਨੀ ਛੱਡ ਦਿੱਤੀ ਹੈ।
ਟੀਵੀ ਚੈਨਲਾਂ ’ਤੇ ਹੁੰਦੀ ਬਹਿਸ ਦਾ ਮਿਆਰ ਇੰਨਾ ਗਿਰ ਚੁੱਕਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਅਜਿਹੀ ਬਹਿਸ ਦੇ ਚੱਲਦਿਆਂ ਟੀ.ਵੀ. ਮੂਹਰੇ ਬੈਠਣ ਦੀ ਜ਼ੁਰਅਤ ਨਹੀਂ ਕਰਦਾ। ਵੱਖ-ਵੱਖ ਚੈਨਲ ਬਦਲਦਿਆਂ ਆਦਮੀ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਚੈਨਲ ’ਤੇ ਵਿਸ਼ਵਾਸ ਕਰੇ। ਚੈਨਲ ਵਿਕਾਊ ਲੱਗਦੇ ਹਨ ਤੇ ਖ਼ਬਰਾਂ ਝੂਠੀਆਂ। ਸੱਤਾ ਨੇ ਮੀਡੀਆ ਉੱਪਰ ਆਪਣਾ ਗ਼ਲਬਾ ਇਸ ਕਦਰ ਪਾ ਰੱਖਿਆ ਹੈ ਕਿ ਤੁਹਾਡੇ ਮੂਹਰੇ ਪਰੋਸਿਆ ਜਾ ਰਿਹਾ ਸਭ ਕੁਝ ਮਿਲਾਵਟੀ ਲੱਗਦਾ ਹੈ। ਉਹ ਤੁਹਾਡੀ ਸੋਚ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਤੁਹਾਡੇ ਸ਼ਾਂਤ ਮਨ ਵਿੱਚ ਖ਼ਲਲ ਪਾ ਰਿਹਾ ਹੈ। ਜੇਕਰ ਤੁਸੀਂ ਸ਼ਾਂਤੀ ਅਤੇ ਪਿਆਰ ਨਾਲ ਰਹਿਣਾ ਚਾਹੁੰਦੇ ਹੋ, ਨਫ਼ਰਤ ਤਿਆਗਣੀ ਚਾਹੁੰਦੇ ਹੋ ਤਾਂ ਇਹ ਦੁਨੀਆਂ ਤੁਹਾਨੂੰ ਤੁਹਾਡੇ ਹਾਣ ਦੀ ਨਹੀਂ ਲੱਗਦੀ। ਆਪਣੇ ਹਾਣ ਦੀ ਦੁਨੀਆਂ ਤਲਾਸ਼ਦਾ ਮਨੁੱਖ ਆਪਣੇ ਆਪ ਕੋਲੋਂ ਵੀ ਗੁਆਚਦਾ ਜਾ ਰਿਹਾ ਹੈ। ਇਸ ਦੁਨੀਆਂ ਨੂੰ ਬਦਲਣ ਦੀ ਘੜੀ ਅਜੇ ਸ਼ਾਇਦ ਵਕਤ ਦੇ ਮੱਥੇ ’ਤੇ ਲਟਕਦੀ ਉਡੀਕ ਹੈ। ਅਜਿਹੇ ਮੌਕੇ ਮਨੁੱਖ ਪੁਰਾਣੇ ਵੇਲਿਆਂ ਨੂੰ ਚੇਤੇ ਕਰਕੇ ਝੂਰਦਾ ਹੈ। ਇਹ ਉਹ ਵੇਲੇ ਸਨ ਜਦ ਮਨੁੱਖ ਕੋਲ ਸਾਦਗੀ ਸੀ, ਸਹਿਜ ਸੀ, ਸਿਹਤ ਸੀ ਤੇ ਵਿਹਲ ਸੀ। ਮਨੁੱਖ ਦੀਆਂ ਲੋੜਾਂ ਸੀਮਤ ਸਨ। ਇਹ ਵਿਹਲ ਉਸ ਨੂੰ ਸੱਥ ਵਿੱਚ ਲੈ ਜਾਂਦੀ ਸੀ। ਹਰ ਸੋਚਵਾਨ ਮਨੁੱਖ ਚਾਹੁੰਦਾ ਹੈ ਕਿ ਪਿੰਡਾਂ ਦੀਆਂ ਸੱਥਾਂ ਵਿਚਲਾ ਹਾਸਾ-ਠੱਠਾ ਪਰਤ ਆਵੇ। ਪਰ ਸਾਨੂੰ ਇਹ ਵੀ ਪਤਾ ਹੈ ਕਿ ਸੂਚਨਾ ਕ੍ਰਾਂਤੀ ਦੀ ਚਕਾਚੌਂਧ ਨੇ ਸੱਥਾਂ ਦੀ ਹੋਂਦ ਨੂੰ ਵੱਡਾ ਖੋਰਾ ਲਾਇਆ ਹੈ। ਲੋਕ ਚਾਹੁੰਦੇ ਨੇ ਕਿ ਉਨ੍ਹਾਂ ਨੂੰ ਰੋਜ਼ ਦੀਆਂ ਲੋੜਾਂ ਗਰਜ਼ਾਂ ਦੇ ਸੰਸੇ ਨਾ ਹੋਣ। ਪਰ ਅੱਜ ਚਕਾਚੌਂਧ ਮੰਡੀ ਵਿੱਚ ਖ਼ਰੀਦੋ ਫ਼ਰੋਖ਼ਤ ਕਰਨ ਗਿਆ ਮਨੁੱਖ ਖੁਦ ਵਿਕ ਕੇ ਘਰ ਪਰਤਦਾ ਹੈ। ਉਹ ਆਪਣੇ ਨਾਲ ਬਹੁਤ ਕੁਝ ਅਜਿਹਾ ਵੀ ਖ਼ਰੀਦ ਲਿਆਉਂਦਾ ਹੈ, ਜਿਸ ਦੀ ਘਰ ਵਿਚ ਲੋੜ ਵੀ ਨਹੀਂ ਹੁੰਦੀ ਜਾਂ ਘਰ ਵਿਚ ਸਾਂਭਣ ਦੀ ਜਗ੍ਹਾ ਵੀ ਨਹੀਂ ਹੁੰਦੀ। ਮਨੁੱਖ ਚਾਹੁੰਦਾ ਹੈ ਕਿ ਉਸਦਾ ਘਰ, ਆਲਾ ਦੁਆਲਾ ਚਾਅ ਨਾਲ ਭਰਿਆ ਰਹੇ। ਉਹ ਆਪਣੇ ਪਰਿਵਾਰ ਦੀਆਂ ਲੋੜਾਂ ਜੋਗਾ ਕਮਾ ਸਕੇ। ਇਸ ਲਈ ਉਸ ਨੂੰ ਸਰਕਾਰੀ ਖ਼ੈਰਾਤ ਦੀ ਉਡੀਕ ਨਾ ਕਰਨੀ ਪਵੇ।
ਆਪਣੀ ਕਿਰਤ ਕਮਾਈ ਨਾਲ ਕੀਤੀ ਖ਼ਰੀਦ ਨਾਲ ਜੋ ਤਸੱਲੀ ਮਿਲਦੀ ਹੈ, ਜਿਸ ਸਵੈ-ਮਾਣ ਦਾ ਅਹਿਸਾਸ ਆਦਮੀ ਦੇ ਅੰਦਰ ਹੁੰਦਾ ਹੈ, ਉਹ ਖ਼ੈਰਾਤ ਵਿੱਚ ਮਿਲੀਆਂ ਵਸਤਾਂ ਨਾਲ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਹਰ ਕਿਸੇ ਕੋਲ ਰੁਜ਼ਗਾਰ ਹੋਵੇ। ਜੇ ਸਾਡੇ ਕੋਲ ਆਹਰ ਹੋਵੇਗਾ, ਘਰ ਵਿੱਚ ਸੁੱਖ-ਸ਼ਾਂਤੀ ਹੋਵੇਗੀ ਤਾਂ ਸਾਡੇ ਕੋਲ ਚੰਗੀਆਂ ਸੋਚਾਂ ਦਾ ਬੋਲਬਾਲਾ ਹੋਵੇਗਾ। ਚੰਗੀ ਸੋਚ ਸੈਂਕੜੇ ਦੁਸ਼ਵਾਰੀਆਂ ਦਾ ਹੱਲ ਹੁੰਦੀ ਹੈ। ਰਿਸ਼ਤਿਆਂ, ਸਾਝਾਂ ਦੀ ਹੰਢਣਸਾਰਤਾ ਅਤੇ ਨਿੱਘ ਲਈ ਚੰਗੀ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ।
ਅਸੀਂ ਚਾਹੁੰਦੇ ਹਾਂ ਕਿ ਹਕੂਮਤਾਂ ਲਾਠੀਆਂ ਦੀ ਥਾਂ ਰਹਿਮਤਾਂ ਵਰਸਾਉਣ। ਹਕੂਮਤ ਨੇ ਸਾਡੇ ਰਾਜਨੀਤਕ ਅਤੇ ਸਮਾਜਿਕ ਵਰਤਾਰੇ ਨੂੰ ਸੇਧ ਦੇਣੀ ਹੁੰਦੀ ਹੈ। ਸਾਨੂੰ ਹਕੂਮਤਾਂ ਕੋਲੋਂ ਬਹੁਤ ਸਾਰੀਆਂ ਆਸਾਂ ਹੁੰਦੀਆਂ ਹਨ। ਪਰ ਹੁਣ ਹਕੂਮਤਾਂ ਹਰ ਵਰਤਾਰੇ ਵਿੱਚੋਂ ਮੁਨਾਫ਼ਾ ਭਾਲਦੀਆਂ ਹਨ। ਮੁਨਾਫ਼ੇ ਦੇ ਇਸ ਰੁਝਾਨ ਨੇ ਕੁਦਰਤੀ ਬਖ਼ਸ਼ਿਸ਼ਾਂ ਨੂੰ ਖਤਰਨਾਕ ਹੱਦ ਤਕ ਪ੍ਰਦੂਸ਼ਤ ਕਰ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਮਾਜ ਵਿੱਚੋਂ ਬੁਰੇ ਵਰਤਾਰਿਆਂ ਦਾ ਖਾਤਮਾ ਹੋ ਜਾਵੇ। ਲੋਕਾਂ ਦੇ ਸ਼ੌਕ ਨਿਰੋਏ ਹੋਣ। ਇੱਕ ਸਿਹਤਮੰਦ ਭਾਈਚਾਰਕ ਸਾਂਝ ਦਾ ਬੋਲਬਾਲਾ ਹੋਵੇ। ਦੌਲਤਾਂ ਦੇ ਅੰਬਾਰ ਲਾਉਣ ਦਾ ਰੁਝਾਨ ਖਤਮ ਹੋਵੇ। ਹਰ ਕਿਸੇ ਕੋਲ ਆਪਣੇ ਜੀਣ ਜੋਗੇ ਵਸੀਲੇ ਹੋਣ। ਸਮਾਜ ਵਿੱਚੋਂ ਨਫ਼ਰਤਾਂ ਦਾ ਖਾਤਮਾ ਹੋ ਜਾਵੇ। ਭਾਈਚਾਰਕ ਸਾਂਝ ਬਣੇ, ਵਿਗਸੇ। ਵਿਕਾਸ ਦੀ ਗਤੀ ਸਾਡੀ ਹੋਂਦ ਨੂੰ ਰੌਂਦਦੀ ਹੋਈ ਅੱਗੇ ਨਾ ਵੱਧੇ। ਅਸੀਂ ਪੀੜ੍ਹੀ-ਦਰ-ਪੀੜ੍ਹੀ ਸਹਿਜ ਵਿਕਾਸ ਕਰਦੇ ਅੱਗੇ ਵਧੀਏ। ਅਸੀਂ ਕੁਦਰਤ ਦਾ ਪਹਿਲਾਂ ਹੀ ਬਹੁਤ ਨੁਕਸਾਨ ਕਰ ਚੁੱਕੇ ਹਾਂ। ਜਿਨ੍ਹਾਂ ਮੁਲਕਾਂ ਨੇ ਕੁਦਰਤ ਨੂੰ ਸੰਭਾਲਿਆ ਹੈ, ਕੁਦਰਤੀ ਸਰੋਤਾਂ ਦੀ ਵਰਤੋਂ ਸੰਕੋਚ ਅਤੇ ਸਲੀਕੇ ਨਾਲ ਕੀਤੀ ਹੈ, ਮਨੁੱਖ ਦੀਆਂ ਲੋੜਾਂ, ਗਰਜ਼ਾਂ ਨੂੰ ਧਿਆਨ ਵਿੱਚ ਰੱਖਿਆ ਹੈ, ਉਹ ਸਾਥੋਂ ਬਿਹਤਰ ਸਥਿਤੀ ਵਿੱਚ ਹਨ। ਅਸੀਂ ਵੀ ਕੁਦਰਤੀ ਰਹਿਮਤਾਂ ਨੂੰ ਸਾਂਭਣ-ਸੰਭਾਲਣ ਦਾ ਸੁਹਿਰਦ ਉਪਰਾਲਾ ਕਰੀਏ।
ਜਾਤਾਂ, ਧਰਮਾਂ, ਨਸਲਾਂ ਦੀ ਵੰਡ ਨੇ ਪਹਿਲਾਂ ਹੀ ਸਾਨੂੰ ਭਾਰਤੀਆਂ ਬਹੁਤ ਸਾਰੇ ਧੜਿਆਂ ਵਿੱਚ ਵੰਡ ਦਿੱਤਾ ਹੈ। ਸਾਡੇ ਦਿਲਾਂ ਵਿਚ ਪੈ ਗਈਆਂ ਇਨ੍ਹਾਂ ਦੂਰੀਆਂ ਨੂੰ ਘੱਟ ਕਰਨ ਦਾ ਕੋਈ ਸਾਂਝਾ ਯਤਨ ਕਰੀਏ। ਸਮੱਸਿਆਵਾਂ ਕਈ ਨੇ। ਨਿੱਕੇ ਨਿੱਕੇ ਯਤਨ, ਛੋਟੇ ਛੋਟੇ ਹੱਲ, ਨਵੇਂ ਹੰਭਲੇ, ਉਪਰਾਲੇ, ਇਰਾਦੇ, ਜ਼ਹਿਰੀਲੇ ਵਰਤਾਰਿਆਂ ਵਿੱਚ ਮਿਠਾਸ ਭਰਨ ਵਿਚ ਜ਼ਰੂਰ ਕਾਮਯਾਬ ਹੋਣਗੇ।
ਅਜੇ ਕਿਸੇ ਵੱਡੀ ਤਬਦੀਲੀ ਲਈ ਮਾਹੌਲ ਸਾਜ਼ਗਾਰ ਨਹੀਂ ਲੱਗਦਾ। ਸੁਧਾਰ ਆਪਣੇ ਨਿੱਜ ਤੋਂ ਸ਼ੁਰੂ ਕਰ ਸਕਦੇ ਹਾਂ। ਆਪਣੇ ਆਪ ਨੂੰ ਬਦਲਣਾ ਸਭ ਤੋਂ ਕਠਿਨ ਕਾਰਜ ਹੁੰਦਾ ਹੈ। ਬਿਨਾਂ ਹੁੰਗਾਰਾ ਉਡੀਕਿਆਂ ਸ਼ੁਰੂ ਹੋ ਜਾਈਏ। ਚੰਗਾ ਵਿਵਹਾਰ ਹੀ ਹੋਰਾਂ ਲਈ ਸਿੱਖਣ ਦਾ ਮਾਧਿਅਮ ਬਣਦਾ ਹੈ। ਗਲੋਬਲੀ ਚਣੌਤੀਆਂ ਨੇ, ਰਾਜਨੀਤਕ ਫ਼ਰੇਬਾਂ ਨੇ, ਦੰਭੀ ਨੀਤੀਆਂ ਨੇ, ਲਾਲਚੀ ਅਤੇ ਗੰਦੀਆਂ ਸੋਚਾਂ ਨੇ ਮਨੁੱਖੀ ਸੋਚ ਨੂੰ ਟੋਟਿਆਂ ਵਿੱਚ ਵੰਡ ਦਿੱਤਾ ਹੈ। ਕਿਰਤ ਦਾ ਪਸੀਨਾ ਕਾਰਪੋਰੇਟ ਘਰਾਣਿਆਂ ਦੀਆਂ ਤਜੌਰੀਆਂ ਭਰ ਰਿਹਾ ਹੈ। ਅਸੀਂ ਨਿੱਕੇ ਨਿੱਕੇ ਲਾਲਚਾਂ ਵਿੱਚ ਫਸੇ ਵੱਡੇ ਹਿੱਤਾਂ ਨੂੰ ਵਿਸਾਰੀ ਬੈਠੇ ਹਾਂ। ਸਾਡੀ ਸੋਚ ਵਲੂੰਧਰੀ ਗਈ ਹੈ। ਇਸਦੇ ਜ਼ਖਮਾਂ ਨੂੰ ਆਠਰਦਿਆਂ ਸਮਾਂ ਲੱਗਣਾ ਹੈ। ਲੋਕਤੰਤਰੀ ਸਿਸਟਮ ਸਾਨੂੰ ਆਪਣਾ ਨਸੀਬ ਬਦਲਣ ਦੇ ਕਈ ਮੌਕੇ ਦਿੰਦਾ ਹੈ। ਇਨ੍ਹਾਂ ਮੌਕਿਆਂ ਦੀ ਸਹੀ ਵਰਤੋਂ ਕਰਕੇ ਅਸੀਂ ਵਿਸਰੇ ਹਿੱਤਾਂ ਨੂੰ ਮੁਖ਼ਾਤਬ ਹੋ ਸਕਦੇ ਹਾਂ। ਰਾਜਨੀਤਕ ਚਿਹਰੇ ਨੂੰ ਬਦਲਣ ਦਾ ਇਹ ਢੁੱਕਵਾਂ ਅਤੇ ਕਾਰਗਰ ਮੌਕਾ ਹੁੰਦਾ ਹੈ। ਮੌਕਿਆਂ ਦੀ ਸਹੀ ਵਰਤੋਂ ਹੀ ਹਾਂ-ਪੱਖੀ ਤਬਦੀਲੀ ਲਈ ਰਾਹ ਮੋਕਲਾ ਕਰਦੀ ਹੈ। ਅਗਲੀ ਪੀੜ੍ਹੀ ਦੀਆਂ ਅੱਖਾਂ ਵਿੱਚ ਮੁਹੱਬਤ ਦੀ ਕਵਿਤਾ ਵਰਗੇ ਸੁਪਨੇ ਬੀਜਣ ਲਈ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ।
**
(1353)
ਮੋਬਾਇਲ: (India 91 97795 - 91344)
ਹੁਣ ਕੈਨੇਡਾ (437 213 9791)
*****
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)