“ਸਾਡੀਆਂ ਸ਼ਕਲਾਂ ਦਾ ਫ਼ਿਕਰ ਨਾ ਕਰ ਤੂੰ। ਇਹ ਲੈ ਸਾਡੇ ਪਾਸਪੋਰਟ, ਇਨ੍ਹਾਂ ਨੂੰ ਪਾੜ ਦੇ ਜਾਂ ਅੱਗ ਵਿੱਚ ਸਾੜ ਦੇ ...”
(29 ਅਪਰੈਲ 2022)
ਪਰਵਾਸ ਇੱਕ ਦੇਸ ਤੋਂ ਦੂਜੇ ਵਿੱਚ ਪ੍ਰਸਥਾਨ ਕਰ ਜਾਣ ਵਾਲਾ ਸਹਿਜ ਵਰਤਾਰਾ ਹੈ। ਉੰਨੀਵੀਂ ਸਦੀ ਦੇ ਅੰਤਮ ਵਰ੍ਹਿਆਂ ਦੌਰਾਨ ਪਰਵਾਸ ਦਾ ਆਗਾਜ਼ ਹੁੰਦਾ ਹੈ ਤੇ ਐਨੀ ਮੂਰੇ ਪਰਵਾਸ ਕਰਨ ਵਾਲਾ ਪਹਿਲਾ ਜੀਅ ਬਣਦੀ ਹੈ। ਐਨੀ ਪੰਦਰਾਂ ਸਾਲ ਦੀ ਉਮਰ ਵਿੱਚ ਆਇਰਲੈਂਡ ਤੋਂ ਏਲਿਸ ਆਈਲੈਂਡ ਪਹੁੰਚੀ ਜਿੱਥੋਂ ਉਹ ਅਮਰੀਕਾ ਵਿੱਚ ਦਾਖ਼ਲ ਹੋਈ। ਇੰਝ ਉਹ ਅਮਰੀਕਾ ਪਹੁੰਚਣ ਵਾਲੀ ਵੀ ਪਹਿਲੀ ਪਰਵਾਸੀ ਔਰਤ ਬਣੀ। ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਫਿਲਪੀਨ, ਭਾਰਤ ਅਤੇ ਚੀਨ ਦੇ ਲੋਕ ਸਭ ਤੋਂ ਵੱਧ ਪਰਵਾਸ ਕਰਕੇ ਇਸ ਧਰਤੀ ’ਤੇ ਪਹੁੰਚੇ ਹਨ।
ਆਸਟਰੇਲੀਆ ਤੋਂ ਬਾਅਦ ਵਿਦਿਆਰਥੀ ਵੀਜ਼ੇ ’ਤੇ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਆਏ ਹਨ ਤੇ ਆ ਰਹੇ ਹਨ। ਬੀਤੇ ਵਰ੍ਹੇ ਸਭ ਤੋਂ ਵੱਧ ਲੋਕ ਭਾਰਤ ਤੋਂ ਪਰਵਾਸ ਕਰਕੇ ਕੈਨੇਡਾ ਵਿੱਚ ਆਏ ਹਨ। ਯਕੀਨਨ ਇਨ੍ਹਾਂ ਵਿੱਚ ਬਹੁ-ਗਿਣਤੀ ਵਿਦਿਆਰਥੀ ਵੀਜ਼ੇ ’ਤੇ ਆਏ ਬੱਚਿਆਂ ਦੀ ਹੈ। ਆਪਣੇ ਮਾਪਿਆਂ ਤੋਂ ਦੂਰ ਆਏ ਇਨ੍ਹਾਂ ਵਿਦਿਆਰਥੀਆਂ ਦੇ ਬਹੁਤ ਸਾਰੇ ਸੁਪਨੇ ਹਨ। ਇੱਥੇ ਆਉਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਬਣਤਰ ਬਦਲ ਜਾਂਦੀ ਹੈ। ਪਰਿਵਾਰ ਦੋ ਦੇਸਾਂ ਅਤੇ ਦੋ ਘਰਾਂ ਵਿੱਚ ਵੰਡਿਆ ਜਾਂਦਾ ਹੈ। ਕਈ ਹਾਲਤਾਂ ਵਿੱਚ ਬਜ਼ੁਰਗਾਂ ਨੂੰ ਆਪਣੇ ਰਹਿਣ ਸਹਿਣ ਅਤੇ ਭਾਈਚਾਰਕ ਸਾਂਝ ਦਾ ਤਿਆਗ ਕਰਨਾ ਪੈਂਦਾ ਹੈ। ਪਰ ਅਜਿਹੇ ਵਿਦਿਆਰਥੀਆਂ ਦੀ ਅਬਾਦੀ ਵਧਣ ਨਾਲ ਹੁਣ ਇਹ ਇਕੱਲੇ-ਦੁਕੱਲੇ ਨਹੀਂ ਰਹੇ, ਸਗੋਂ ਭੀੜਾਂ ਬਣ ਗਏ ਹਨ। ਭੀੜਾਂ ਦੀ ਆਪਣੀ ਮਾਨਸਿਕਤਾ ਅਤੇ ਵਿਵਹਾਰ ਹੁੰਦਾ ਹੈ। ਇਸ ਵਿਵਹਾਰ ਵਿੱਚ ਬਹੁਤ ਸਾਰਾ ਅਜਿਹਾ ਵੀ ਸ਼ਾਮਲ ਹੋ ਜਾਂਦਾ ਹੈ ਜੋ ਸਿਸਟਮ ਦੇ ਹਾਣ ਦਾ ਨਹੀਂ ਹੁੰਦਾ। ਇਹ ਵਿਵਹਾਰ ਦਹਾਕੇ ਪਹਿਲਾਂ ਆ ਵਸੇ ਹਮ-ਵਤਨੀਆਂ ਦੀ ਸਮਾਜਿਕਤਾ ਨੂੰ ਵੀ ਠੇਸ ਪੁਚਾਉਂਦਾ ਹੈ। ਨਤੀਜੇ ਵਜੋਂ ਉਨ੍ਹਾਂ ਸਥਾਈ ਵੱਸੋਂ ਵਾਲਿਆਂ ਦਾ ਇਨ੍ਹਾਂ ਨਵੇਂ ਆਏ ਬੱਚਿਆਂ ਨਾਲ ਰਿਸ਼ਤਾ ਮੋਹ ਵਾਲਾ ਨਹੀਂ ਰਹਿੰਦਾ। ਕੁਝ ਵਰ੍ਹੇ ਪਹਿਲਾਂ ਇਨ੍ਹਾਂ ਨੂੰ ਆਸਰਾ ਦੇਣ ਵਾਲੇ, ਘਰ ਰੱਖ ਕੇ ਰੋਟੀ ਖੁਆਉਣ ਵਾਲੇ ਹੁਣ ਉਲਾਮੇਂ ਦਿੰਦੇ ਹਨ, ਸ਼ਿਕਾਇਤਾਂ ਕਰਦੇ ਹਨ। ਇੱਥੋਂ ਦੇ ਸਿਸਟਮ ਨਾਲ ਇੱਕਸੁਰ ਹੋਏ ਪੁਰਾਣੇ ਲੋਕ ਮਹਿਸੂਸ ਕਰਦੇ ਹਨ ਕਿ ਇਹ ਨਵੀਂ ਆਮਦ ਸਿਸਟਮ ਵਿੱਚ ਵਿਗਾੜ ਪੈਦਾ ਕਰ ਰਹੀ ਹੈ। ਜਿਸ ਸੁਥਰੇ ਸਿਸਟਮ ਦੀ ਖਿੱਚ ਨੇ ਉਨ੍ਹਾਂ ਨੂੰ ਆਪਣੀ ਭੋਇੰ ਛੱਡਣ ਲਈ ਲਈ ਮਜ਼ਬੂਰ ਕੀਤਾ ਸੀ ਜਾਂ ਪ੍ਰੇਰਿਆ ਸੀ, ਉਸ ਦੀ ਨਿਰਸ਼ਲਤਾ ਵਿੱਚ ਕੁਝ ਲੋਕਾਂ ਦਾ ਵਿਵਹਾਰ ਅਤੇ ਪੂੰਜੀ ਕਮਾਉਣ ਦਾ ਲੋਭ ਦੂਸ਼ਿਤ ਵਾਤਾਵਰਣ ਪੈਦਾ ਕਰ ਰਿਹਾ ਹੈ।
ਡਰੱਗਜ਼ ਵਰਗਾ ਕਾਰੋਬਾਰ, ਜਿਸ ਤੋਂ ਪੰਜਾਬ ਬੁਰੀ ਤਰ੍ਹਾਂ ਪੀੜਤ ਹੈ, ਦੀ ਦਸਤਕ ਜਦ ਸੱਤ ਸਮੁੰਦਰ ਪਾਰ ਇਸ ਧਰਤੀ ਉੱਪਰ ਸੁਣਦੀ ਹੈ ਤਾਂ ਸੁਪਨੇ ਵਿਲਕਦੇ ਵੀ ਹਨ ਅਤੇ ਟੁੱਟਦੇ ਵੀ ਹਨ। ਡਰੱਗਜ਼ ਦੇ ਇਸ ਘਿਨਾਉਣੇ ਵਰਤਾਰੇ ਦੀ ਪਹੁੰਚ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੱਕ ਵੀ ਹੋ ਗਈ ਹੈ। ਜਦੋਂ ਕੋਈ ਪਰਿਵਾਰ ਆਪਣੀ ਚੰਗੀ ਭਲੀ ਜ਼ਿੰਦਗੀ ਅਤੇ ਅਹੁਦੇ ਤਿਆਗ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਖਾਤਰ ਇਸ ਵਤਨ ਵਿੱਚ ਪਨਾਹ ਲੈਂਦਾ ਹੈ, ਉਸ ਪਰਿਵਾਰ ਦੇ ਬੱਚੇ ਜੇਕਰ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਣ ਤਾਂ ਮਾਪਿਆਂ ਦੀ ਮਾਨਸਿਕਤਾ ਅਤੇ ਪੀੜਾ ਤੁਸੀਂ ਸਮਝ ਹੀ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਇਨ੍ਹਾਂ ਵਿਦਿਆਰਥੀਆਂ ਨੂੰ ਕਿਰਾਏ ’ਤੇ ਦਿੱਤੇ ਹਨ, ਉਨ੍ਹਾਂ ਦੀ ਇਹ ਸ਼ਿਕਾਇਤ ਕਿ ਜੀ ਗੰਦ ਬੜਾ ਪਾਉਂਦੇ ਹਨ, ਸ਼ਰਮਸਾਰ ਕਰਦੀ ਹੈ। ਪੰਜਾਬੀ ਸੁਭਾਅ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਦੁਨੀਆਂ ਵਿੱਚ ਬੋਲਬਾਲਾ ਹੈ। ਪਰ ਇਸੇ ਸੁਭਾਅ ਵਿਚਲੀਆਂ ਖਰਮਸਤੀਆਂ, ਆਪਹੁਦਰਾਪਣ, ਫੁਕਰਾਪਣ ਅਤੇ ਹੁੱਲੜ੍ਹਬਾਜ਼ੀ ਸੰਵੇਦਨਸ਼ੀਲ ਬੰਦੇ ਨੂੰ ਪ੍ਰੇਸ਼ਾਨ ਕਰਨ ਲਈ ਵੱਡੀ ਭੁਮਿਕਾ ਨਿਭਾਉਂਦੀਆਂ ਹਨ। ਸਮਾਜ ਵਿੱਚ ਤੁਹਾਡਾ ਰੁਤਬਾ ਅਹੁਦੇ ਕਰਕੇ ਵੀ ਹੁੰਦਾ ਹੈ ਅਤੇ ਤੁਹਾਡੇ ਰਹਿਣ-ਸਹਿਣ ਅਤੇ ਵਿਵਹਾਰ ਕਰਕੇ ਵੀ। ਆਪਣੀ ਸਮਾਜਿਕਤਾ ਨੂੰ ਸਤਿਕਾਰਤ ਮੁਹਾਂਦਰਾ ਦੇਣ ਲਈ ਵਕਤ ਲੱਗਦਾ ਹੈ। ਪਰ ਇਸ ਵਕਾਰ ਨੂੰ ਮਿੱਟੀ ਵਿੱਚ ਮਿਲਾਉਣ ਲਈ ਕੁਝ ਕੁ ਲੋਕਾਂ ਦੀਆਂ ਬੇਤਰਤੀਬ ਹਰਕਤਾਂ ਬਹੁਤ ਹੁੰਦੀਆਂ ਹਨ। ਆਪਣੇ ਦੇਸ ਦੀ ਬੁਰਾਈ ਅਸੀਂ ਜਿਨ੍ਹਾਂ ਗੱਲਾਂ ਕਰਕੇ ਕਰਦੇ ਹਾਂ, ਉਨ੍ਹਾਂ ਗੱਲਾਂ ਦੇ ਵਿਗਸਣ ਦਾ ਮਹੌਲ ਜਦ ਇੱਥੇ ਬਣਾਵਾਂਗੇ ਤਾਂ ਸਮਾਂ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇੱਕ ਪੰਜਾਬੀ ਡਰਾਇਵਰ ਨੇ ਦੱਸਿਆ, “ ਇੱਕ ਸਟਾਪ ਤੋਂ ਪੰਜਾਬੀ ਸੀਨੀਅਰ ਸਿਟੀਜ਼ਨ ਮੇਰੀ ਬੱਸ ਵਿੱਚ ਚੜ੍ਹਿਆ। ਉਸਨੇ ਭਾਈਚਾਰਕ ਤੌਰ `ਤੇ ਸਾਸਰੀ ਕਾਲ ਬੁਲਾਈ। ਇਹ ਜਾਣਦਿਆਂ ਕਿ ਡਰਾਇਵਰ ਪੰਜਾਬੀ ਹੈ, ਉਸ ਬਜ਼ੁਰਗ ਨੇ ਟਿਕਟ ਲੈਣ ਲਈ ਹੱਥ ਵਿੱਚ ਫੜੇ ਡਾਲਰ ਵਾਪਸ ਜੇਬ ਵਿੱਚ ਪਾ ਲਏ। ਮੈਂ ਕਿਹਾ- ਬਾਬਾ ਜੀ, ਉਸ ਪੰਜਾਬ ਦਾ ਬੇੜਾ ਤਾਂ ਗਰਕ ਕਰ ਦਿੱਤਾ ਹੈ, ਹੁਣ ਇਸਦਾ ਵੀ ਕਰਨਾ ਹੈ?” ਇਸ ਕਥਨ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ।
ਕੈਨੇਡਾ ਆ ਵਸੇ ਪੰਜਾਬੀਆਂ ਦਾ ਇਸ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ। ਵੇਅਰਹਾਊਸ ਵਿੱਚ ਮਜ਼ਦੂਰੀ ਕਰਨ ਤੋਂ ਇਲਾਵਾ ਆਮਦਨ ਉੱਪਰ ਟੈਕਸ ਦੇਣਾ, ਖਰਦੋ-ਫਰੋਖਤ ਕਰਨੀ, ਰਿਹਾਇਸ਼ੀ ਘਰਾਂ ਦਾ ਕਾਰੋਬਾਰ ਅਤੇ ਟਰਾਂਸਪੋਰਟ ਰਾਹੀਂ ਦੇਸ ਦੀ ਆਰਥਿਕਤਾ ਵਿੱਚ ਪਰਵਾਸੀ ਆਪਣਾ ਹਿੱਸਾ ਪਾ ਰਹੇ ਹਨ। ਦੇਸ ਦੀ ਰਾਜਨੀਤੀ ਵਿੱਚ ਵੀ ਇਨ੍ਹਾਂ ਪਰਵਾਸੀਆਂ ਦਾ ਯੋਗਦਾਨ ਜ਼ਿਕਰ-ਗੋਚਰਾ ਹੈ। ਸਮਾਜਿਕ ਅਤੇ ਸਾਹਿਤਕ,ਕਲਾਤਮਿਕ, ਕਾਰਜਾਂ ਵਿੱਚ ਰੁੱਝੇ ਲੋਕ ਵੀ ਆਪਣੇ ਭਾਈਚਾਰੇ ਦਾ ਮਾਣ ਵਧਾ ਰਹੇ ਹਨ। ਟਰਾਂਸਪੋਰਟ ਸਮੇਤ ਬਹੁਤ ਸਾਰੇ ਕਾਰੋਬਾਰਾਂ ਵਿੱਚ ਇਨ੍ਹਾਂ ਦੀ ਸਰਦਾਰੀ ਹੈ। ਇਸ ਸਰਦਾਰੀ ਨੂੰ ਬਣਾਈ ਰੱਖਣ ਲਈ ਬਾਲਗ ਪਰਵਾਸੀਆਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਇਸ ਨਵੀਂ ਆਮਦ ਨੂੰ ਕੰਮ ਲੱਭਣ, ਰਹਿਣ ਲਈ ਰੈਂਟ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲਾਂ ਵੀ ਆ ਰਹੀਆਂ ਹਨ। ਇੱਥੇ ਜ਼ਿੰਦਗੀ ਦਾ ਆਰੰਭ ਚਣੌਤੀ ਭਰਿਆ ਹੈ। ਪਰ ਜਿਵੇਂ ਜਿਵੇਂ ਤੁਸੀਂ ਇੱਥੋਂ ਦੇ ਲੋਕਾਂ, ਭਾਸ਼ਾ, ਅਨੁਸ਼ਾਸਨ ਅਤੇ ਸੱਭਿਆਚਾਰ ਬਾਰੇ ਜਾਣੂ ਹੁੰਦੇ ਜਾਂਦੇ ਹੋ, ਜੀਵਨ ਸੁਖਾਲਾ ਹੁੰਦਾ ਜਾਂਦਾ ਹੈ। ਲੋੜ ਆਪਣੀਆਂ ਕੁਝ ਕੁ ਅਮਾਨਵੀ, ਦੂਸ਼ਿਤ, ਰੌਲੇ ਅਤੇ ਝਗੜੇ ਵਰਗੀਆਂ ਆਦਤਾਂ ਨੂੰ ਤਿਆਗਣ ਦੀ ਹੈ। ਇਹ ਆਦਤਾਂ ਹਰ ਨਿਜ਼ਾਮ ਅੰਦਰ ਸਮੱਸਿਆਵਾਂ ਪੈਦਾ ਕਰਦੀਆਂ ਹਨ। ਲੋੜ ਇੱਥੋਂ ਦੇ ਸਹਿਜ ਨੂੰ ਅਪਨਾਉਣ ਦੀ ਹੈ। ਲੋੜ ਇਥੋਂ ਦੀ ਇਮਾਨਦਾਰਾਨਾ ਸੋਚ ਨੂੰ ਅਪਨਾਉਣ ਦੀ ਹੈ।
ਮਾਪਿਆਂ ਦੀ ਸਮੱਸਿਆ
ਥਾਵਾਂ ਨਾਲ ਸਾਡੇ ਰਿਸ਼ਤੇ ਸਮਾਜਿਕ ਰਿਸ਼ਤਿਆਂ ਨਾਲੋਂ ਵਧੇਰੇ ਸੰਵੇਦਨਸ਼ੀਲ ਅਤੇ ਹੰਢਣਸਾਰ ਹੁੰਦੇ ਹਨ। ਇਸ ਦੀ ਥੋੜ੍ਹੀ ਜਿਹੀ ਸੋਝੀ ਮੈਨੂੰ ਇੱਥੇ ਕੈਨੇਡਾ ਵਿੱਚ ਆ ਕੇ ਹੋਈ ਹੈ। ਆਪਣੀ ਉਮਰ ਦੇ ਪੰਜ ਛੇ ਦਹਾਕੇ ਪੰਜਾਬ ਵਿੱਚ ਗੁਜ਼ਾਰਨ ਤੋਂ ਬਾਅਦ ਜਦ ਮਾਪਿਆਂ ਨੂੰ ਵਿਦੇਸ਼ਾਂ ਵਿੱਚ ਪੀ.ਆਰ. ਹੋ ਗਏ ਬੱਚਿਆਂ ਕੋਲ ਜਾ ਕੇ ਰਹਿਣਾ ਪੈਂਦਾ ਹੈ ਤਾਂ ਪਰਾਈ ਧਰਤੀ ’ਤੇ ਬੇਗਾਨਗੀ ਦਾ ਅਹਿਸਾਸ ਜੰਮਣ ਭੋਇੰ ਨਾਲ ਰਿਸ਼ਤੇ ਦੀ ਗਵਾਹੀ ਭਰਦਾ ਹੈ। ਕਾਰਣ ਆਰਥਕ ਵੀ ਹੋ ਸਕਦੇ ਹਨ, ਸਮਾਜਿਕ ਵੀ। ਪਰ ਇਸ ਬੇਗਾਨਗੀ ਦੀ ਵਿਆਪਕਤਾ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਕੁਝ ਉਦਾਹਰਣਾਂ ਨਾਲ ਗੱਲ ਦੀ ਪ੍ਰੋੜ੍ਹਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਕਿਸੇ ਯੂਨੀਵਰਸਿਟੀ ਤੋਂ ਉਪ-ਕੁਲਪਤੀ ਸੇਵਾ ਮੁਕਤ ਹੋਇਆ ਬਾਪ ਆਪਣੇ ਕੈਨੇਡਾ ਰਹਿੰਦੇ ਪੁੱਤ ਕੋਲ ਗਿਆ। ਪੁੱਤਰ ਨੇ ਕਿਹਾ, “ਪਾਪਾ! ਜਿੰਨੀ ਕੁ ਪੈਨਸ਼ਨ ਤੁਹਾਨੂੰ ਮਿਲਦੀ ਹੈ ਇਸ ਨਾਲ ਇੱਥੇ ਤੁਹਾਡਾ ਵਧੀਆ ਗੁਜ਼ਾਰਾ ਹੋ ਜਾਣਾ। ਤੁਸੀਂ ਵਾਪਸ ਜਾ ਕੇ ਕੀ ਕਰਨਾ?”
ਪਿਉ ਨੇ ਸੁਣਿਆਂ, ਵਿਚਾਰਿਆ ਤੇ ਠਰ੍ਹੰਮੇ ਨਾਲ ਜਵਾਬ ਦਿੱਤਾ, “ਪੁੱਤਰ, ਜਿਸ ਪੈਨਸ਼ਨ ਨਾਲ ਮੇਰਾ ਇੱਥੇ ਗੁਜ਼ਾਰਾ ਹੋਣਾ, ਉਸ ਨਾਲ ਮੇਰੀ ਉੱਥੇ ਪੰਜਾਬ ਵਿੱਚ ਬਾਦਸ਼ਾਹਤ ਹੈ। ਮੈਂ ਆਪਣੇ ਦੇਸ਼ ਦੀ ਬਾਦਸ਼ਾਹਤ ਛੱਡ ਤੇਰੇ ਸਹੇੜੇ ਦੇਸ਼ ਵਿੱਚ ਗੁਜ਼ਾਰਾ ਕਰਨ ਕਿਉਂ ਆਵਾਂ?”
ਪੁੱਤਰ ਕੋਲ ਇਸ ਗੱਲ ਦਾ ਜਵਾਬ ਕੋਈ ਨਹੀਂ। ਪਰ ਮਾਪਿਆਂ ਕੋਲ ਅਜੇ ਸਵਾਲ ਬਹੁਤ ਹਨ। ਚਾਰ ਦਹਾਕੇ ਪਹਿਲਾਂ ਕੈਨੇਡਾ ਆਏ ਲੋਕਾਂ ਦੀ ਅਗਲੀ ਪੀੜ੍ਹੀ ਕੋਲ ਧੰਨ-ਦੌਲਤ ਬਹੁਤ ਹੈ। ਜੇਕਰ ਉਨ੍ਹਾਂ ਨੂੰ ਕੋਈ ਮਾੜੀ ਲਤ ਨਹੀਂ ਹੈ ਤਾਂ ਸੁਖੀ ਜੀਵਨ ਵੀ ਬਿਤਾ ਰਹੇ ਹਨ। ਪਰ ਚਾਰ ਦਹਾਕੇ ਪਹਿਲਾਂ ਆਏ ਮਾਪਿਆਂ ਕੋਲ ਪਿੰਡ ਵਾਲੀ ਬਹੁ-ਮੰਜ਼ਲੀ ਕੋਠੀ ਦਾ ਝੋਰਾ ਹੈ। ਖੰਡਰ ਹੋ ਰਹੀ ਕੋਠੀ ਦੇ ਮੱਥੇ ’ਤੇ ਸੇਲ ਦਾ ਫੱਟਾ ਲਟਕਦਾ ਹੈ। ਉਸ ਕੋਠੀ ਦਾ ਮਾਲਕ ਇੱਥੇ ਕੈਨੇਡਾ ਵਿਚ ਖੰਡਰ ਹੋ ਰਹੀ ਦੇਹ ਦਾ ਸੰਤਪ ਭੋਗ ਰਿਹਾ ਹੈ।
ਸਾਡਾ ਇੱਕ ਦੋਸਤ ਪਤਨੀ ਸਮੇਤ ਆਸਟਰੇਲੀਆ ਪੀ.ਆਰ. ਹੋ ਗਏ ਬੇਟੇ ਕੋਲ ਗਿਆ। ਕੁਝ ਮਹੀਨੇ ਤਾਂ ਸੁੱਖੀਂ-ਸਾਂਦੀ ਬੀਤ ਗਏ, ਫਿਰ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਵਾਪਸ ਪੰਜਾਬ ਭੇਜ ਦੇ। ਪਰ ਬੇਟੇ ਨੇ ਕਹਿਣਾ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ? ਪਰ ਮਾਪਿਆਂ ਦੀ ਜ਼ਿੱਦ ਅੱਗੇ ਬੇਟਾ ਹਾਰ ਗਿਆ ਤੇ ਸਾਡਾ ਦੋਸਤ ਵਾਪਸ ਪੰਜਾਬ ਆ ਗਿਆ। ਮੈਨੂੰ ਯਾਦ ਹੈ ਜਿਸ ਦਿਨ ਬੇਟੇ ਨੇ ਆਸਟਰੇਲੀਆ ਵਿੱਚੋਂ ਫੋਨ ਕਰਕੇ ਆਪਣੇ ਬਾਪ ਨਾਲ ਪੀ.ਆਰ. ਮਿਲਣ ਦੀ ਖ਼ਬਰ ਸਾਂਝੀ ਕੀਤੀ ਸੀ, ਓਦੋਂ ਭਾਰਤ ਵਿੱਚ ਅਜੇ ਦਿਨ ਚੜ੍ਹਿਆ ਸੀ। ਪਿਉ ਨੇ ਪਟਿਆਲਾ ਪੈੱਗ ਨੂੰ ਦੋ ਨਾਲ ਗੁਣਾ ਕਰਕੇ ਇੱਕੋ ਵਾਰ ਅੰਦਰ ਸੁੱਟ ਲਿਆ ਸੀ। ਚਾਅ ਦਾ ਇਹ ਛਿਣ ਹੁਣ ਪੁਰਾਣੀ ਗੱਲ ਹੋ ਗਈ ਹੈ। ਹੁਣ ਮਾਪੇ ਉਸ ਪੀ. ਆਰ. ਪੁੱਤ ਕੋਲ ਕੁਝ ਮਹੀਨੇ ਰਹਿ ਕੇ ਵਾਪਸ ਪਰਤੇ ਹਨ। ਇੱਥੇ ਰਹਿੰਦੀ ਬੇਟੀ ਮਿਲਣ ਆਈ ਤਾਂ ਮਾਂ-ਪਿਉ ਦੀਆਂ ਧੁਆਂਖੀਆਂ ਸ਼ਕਲਾਂ ਵੇਖ ਫ਼ਿਕਰ ਜ਼ਾਹਰ ਕਰਦਾ ਸਵਾਲ ਕੀਤਾ। ਪਿਉ ਨੇ ਕਿਹਾ ਕਿ ਸਾਡੀਆਂ ਸ਼ਕਲਾਂ ਦਾ ਫ਼ਿਕਰ ਨਾ ਕਰ ਤੂੰ। ਇਹ ਲੈ ਸਾਡੇ ਪਾਸਪੋਰਟ, ਇਨ੍ਹਾਂ ਨੂੰ ਪਾੜ ਦੇ ਜਾਂ ਅੱਗ ਵਿੱਚ ਸਾੜ ਦੇ। ਅਸੀਂ ਦੁਬਾਰਾ ਆਸਟਰੇਲੀਆ ਨਹੀਂ ਜਾਣਾ। ਸ਼ਕਲਾਂ ਸਾਡੀਆਂ ਆਪੇ ਠੀਕ ਹੋ ਜਾਣੀਆਂ।
ਗੱਲ ਇਕੱਲੇ ਕੈਨੇਡਾ ਦੀ ਨਹੀਂ ਹੈ। ਗੱਲ ਤਾਂ ਵਿਦਿਆਰਥੀ ਵੀਜ਼ੇ ’ਤੇ ਪ੍ਰਦੇਸ ਗਏ ਬੱਚਿਆਂ ਦੀ ਹੈ। ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਦੁਨੀਆਂ ਦੇ ਕੁਝ ਹੋਰ ਦੇਸ ਵੀ ਹਨ ਜਿੱਥੇ ਭਾਰਤੀ ਵਿਦਿਆਰਥੀ ਗਏ ਹਨ। ਯੁਕਰੇਨ ਰੂਸ ਜੰਗ ਨੇ ਤਾਂ ਦੱਸ ਦਿੱਤਾ ਹੈ ਕਿ ਯੂਰਪ ਦੇ ਬਹੁਤ ਸਾਰੇ ਦੇਸਾਂ ਵਿੱਚ ਵਿਦਿਆਰਥੀ ਰਹਿ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਉਹ ਦੇਸ ਪੱਕੀ ਰਿਹਾਇਸ਼ ਦੀ ਆਗਿਆ ਦਿੰਦਾ ਸਰਟੀਫਿਕੇਟ ਨਹੀਂ ਦਿੰਦੇ। ਸਮੱਸਿਆ ਤਾਂ ਓਦੋਂ ਸ਼ੁਰੂ ਹੁੰਦੀ ਹੈ ਜਦ ਪੀ.ਆਰ. ਪ੍ਰਾਪਤ ਕਰ ਲੈਣ ਤੋਂ ਬਾਅਦ ਬੱਚੇ ਮਾਪਿਆਂ ਨੂੰ ਆਪਣੇ ਕੋਲ ਬੁਲਾਉਂਦੇ ਹਨ। ਆਸਰਟੇਲੀਆ ਵਿੱਚ ਆਪਣੇ ਬੇਟੇ ਕੋਲ ਗਏ ਸਾਡੇ ਮਿੱਤਰ ਦੀ ਕਹਾਣੀ ਤੁਸਾਂ ਪੜ੍ਹ ਲਈ ਹੈ। ਮੇਰੇ ਪੁੱਛਣ ’ਤੇ ਉਹ ਕਹਿਣ ਲੱਗਾ, “ਉਏ ਨਾ ਉੱਥੇ ਕੋਈ ਪੈਲੀ-ਬੰਨਾ, ਨਾ ਕੋਈ ਗਲ਼ੀ-ਗਵਾਂਢ, ਜਿੱਥੇ ਤੁਰੇ ਜਾਂਦਿਆਂ ਨੂੰ ਤੁਹਾਨੂੰ ਕੋਈ ਅਵਾਜ਼ ਮਾਰ ਬੁਲਾ ਲਵੇ। ਘਰੋਂ ਬਾਹਰ ਨਿਕਲੋ ਤਾਂ ਤੁਹਾਡੀ ਬੋਲੀ ਵਿੱਚ ਗੱਲ ਕਰਨ ਵਾਲਾ ਵੀ ਤੁਹਾਨੂੰ ਕੋਈ ਨਾ ਮਿਲੇ। ਨਾ ਕੋਈ ਯਾਰ-ਬੇਲੀ, ਨਾ ਰਿਸ਼ਤੇਦਾਰ, ਨਾ ਦੁਸ਼ਮਣ ਕੋਈ। ਕੀ ਕਰਨਾ ਉੱਥੇ ਰਹਿ ਕੇ?”
ਪਾਰਕ ਵਿੱਚ ਤੁਰੇ ਜਾ ਰਹੇ ਸੱਜਣ ਨੂੰ ਮੈਂ ਕਾਹਲੇ ਕਦਮੀਂ ਤੁਰ ਮਿਲਿਆ ਤਾਂ ਗੱਲਾਂ ਚੱਲ ਪਈਆਂ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਪੁੱਛਿਆ, “ਦਿਲ ਲੱਗਾ ਇੱਥੇ?”
ਮੇਰੇ ਵੱਲ ਉਸ ਗੌਰ ਨਾਲ ਵੇਖਿਆ ਤੇ ਕਹਿਣ ਲੱਗਾ, “ਥੋੜ੍ਹੇ ਸਮੇਂ ਲਈ ਆਉ ਤਾਂ ਠੀਕ ਹੈ। ਫਿਰ ਭੈਣ ਦੇ ਘਰ ਭਾਈ ਤੇ ਸਹੁਰੇ ਘਰ ਜਵਾਈ ਵਾਲੀ ਫੀਲਿੰਗ ਆਉਣ ਲੱਗਦੀ ਹੈ।”
ਮੈਂ ਹੈਰਾਨ ਹੁੰਦਾ ਹਾਂ ਕਿ ਪ੍ਰਦੇਸ ਵਿਚ ਸਾਡੇ ਬੱਚਿਆਂ ਦੁਆਰਾ ਬਣਾਏ, ਖਰੀਦੇ ਘਰ ਸਾਨੂੰ ਆਪਣੇ ਕਿਉਂ ਨਹੀਂ ਲੱਗਦੇ? ਪੰਜਾਬ ਵਿੱਚ ਬਣਾਏ ਸਾਡੇ ਘਰ ਸਾਡੇ ਮੋਢਿਆਂ ਤੋਂ ਕਿਉਂ ਨਹੀਂ ਲਹਿੰਦੇ? ਆਪਣੇ ਘਰ ਦੀ ਕੀ ਪ੍ਰੀਭਾਸ਼ਾ ਹੈ? ਉਹ ਕਿਹੜਾ ਅਹਿਸਾਸ ਹੈ ਜੋ ਘਰ ਨੂੰ ਘਰ ਬਣਾਉਂਦਾ ਹੈ? ਅਸੀਂ ਘਰ ਦੇ ਅਹਿਸਾਸ ਵਿੱਚ ਭਿੱਜੇ ਘਰ ਦੇ ਬੂਹੇ ’ਤੇ ਜਿੰਦਰਾ ਲਟਕਾ ਕੇ ਜਹਾਜ਼ ਵਿੱਚ ਸਵਾਰ ਹੋਣ ਦਾ ਹੀਆ ਕਿੰਝ ਕਰ ਲੈਂਦੇ ਹਾਂ? ਸਵਾਲ ਬੜੇ ਹਨ।
ਕਿਸੇ ਜਾਣਕਾਰ ਔਰਤ ਨੇ ਦੱਸਿਆ ਕਿ ਕਰੋੜ ਰੁਪਈਆ ਲਾ ਕੇ ਕੋਠੀ ਪਾਈ ਸੀ। ਹੁਣ ਉਸ ਦੀ ਸਾਂਭ-ਸੰਭਾਲ ਲਈ ਮਹੀਨੇ ਦਾ ਵੀਹ ਹਜ਼ਾਰ ਰੁਪਈਆ ਖਰਚ ਰਹੇ ਹਾਂ। ਬਹੁਤ ਸਾਰੇ ਮਾਪਿਆਂ ਨਾਲ ਗੱਲ ਕਰਕੇ ਪਤਾ ਲੱਗਾ ਹੈ ਕਿ ਮਾਪੇ ਬੱਚਿਆਂ ਕੋਲ ਪ੍ਰਾਹੁਣਿਆਂ ਵਾਂਗ ਆਉਣਾ ਚਾਹੁੰਦੇ ਹਨ। ਉਹ ਪੰਜਾਬ ਵਿੱਚ ਵਧੀਆ ਜ਼ਿੰਦਗੀ ਬਿਤਾ ਰਹੇ ਹਨ। ਉਸ ਜ਼ਿੰਦਗੀ ਅਤੇ ਪੰਜਾਬ ਨੂੰ ਤਿਆਗ ਕੈਨੇਡਾ ਦਾ ਵਸਨੀਕ ਬਣਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ। ਇਹ ਇੱਕ ਸਮਝੌਤਾ ਜਾਂ ਕਹਿ ਲਵੋ ਕਿ ਫੈਸਲਾ ਹੈ ਮਾਪਿਆਂ ਦਾ। ਇਸ ਫੈਸਲੇ ਤੋਂ ਵੱਖਰਾ ਕੋਈ ਵੀ ਬਦਲ ਉਨ੍ਹਾਂ ਦੀ ਅੱਖ ਵਿਚ ਰੜਕਣਾ ਹੀ ਰੜਕਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3534)
(ਸਰੋਕਾਰ ਨਾਲ ਸੰਪਰਕ ਲਈ: