“ਵਧ ਰਹੀ ਮਹਿੰਗਾਈ, ਘਰਾਂ ਦੀ ਥੋੜ, ਜੌਬਾਂ ਦੀ ਘਾਟ ਅਤੇ ਲੇਬਰ ਕਰ ਰਹੇ ਪਰਵਾਸੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ...”
(21 ਦਸੰਬਰ 2024)
ਕੈਨੇਡਾ ਵਿੱਚ ਵੱਖ-ਵੱਖ ਸਟੇਟਸ ਅਧੀਨ ਆ ਰਹੇ ਪਰਵਾਸੀਆਂ ਲਈ ਕੈਨੇਡਾ ਸਰਕਾਰ ਨਿੱਤ ਕੋਈ ਅਜਿਹਾ ਫਰਮਾਨ ਯਾਰੀ ਕਰ ਰਹੀ ਹੈ ਜਿਹੜਾ ਮਾਈਗ੍ਰੈਂਟਸ ਅੰਦਰ ਸਹਿਮ ਪੈਦਾ ਕਰਦਾ ਹੈ। ਕੁਝ ਸੋਸ਼ਲ ਮੀਡੀਆ ਉੱਪਰ ਸਰਗਰਮ ਚੈਨਲਾਂ ਦੀ ਭਰਮਾਰ ਇਹਨਾਂ ਫਰਮਾਨਾਂ ਨੂੰ ਹਊਆ ਬਣਾ ਕੇ ਪੇਸ਼ ਕਰਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸਟਡੀ ਵੀਜ਼ੇ ਤੋਂ ਇਲਾਵਾ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਉੱਪਰ ਆਏ ਲੋਕਾਂ ਨੇ ਇੱਥੇ ਦਲਾਲੀ ਕਰਦੇ ਕੁਝ ਲੋਕਾਂ ਨੂੰ ਵੱਡੀਆਂ ਰਕਮਾਂ ਦੇ ਕੇ ਵਰਕ ਪਰਮਿਟ ਲੈ ਕੇ ਇੱਥੇ ਪੱਕੇ ਹੋਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਹਨ। ਕੁਝ ਨੇ ਅਜਿਹੇ ਹੀ ਦਲਾਲਾਂ ਰਾਹੀਂ ਰਿਫਿਊਜੀ ਦਾ ਸਟੇਟਸ ਹਾਸਲ ਕਰਨ ਲਈ ਫਾਈਲਾਂ ਲਗਵਾ ਦਿੱਤੀਆਂ ਹਨ। ਇੰਝ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਹੋਰ ਕੈਟਾਗਰੀ ਅਧੀਨ ਇੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਗਏ ਹਨ। ਨਤੀਜਾ ਇਹ ਹੋਇਆ ਹੈ ਕਿ ਇਹਨਾਂ ਨਵਿਆਂ ਲੋਕਾਂ ਲਈ ਕੋਈ ਜੌਬ ਨਹੀਂ ਹੈ। ਘਰ ਦਾ ਕਿਰਾਇਆ, ਗਰੌਸਰੀ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਵੀ ਮੁਥਾਜ ਹੋ ਗਏ ਹਨ। ਪਿਛਲੇ ਡੇਢ ਦੋ ਸਾਲਾਂ ਦੌਰਾਨ ਇੱਥੇ ਪਹੁੰਚਿਆਂ ਦੀ ਸਥਿਤੀ ਵੀ ਇਹ ਹੈ। ਬਦਲ ਵਜੋਂ ਕੁਝ ਔਰਤਾਂ, ਲੜਕੀਆਂ ਨੇ ਘਰਾਂ ਵਿੱਚ ਬੱਚੇ ਸਾਂਭਣ, ਸਫਾਈ ਕਰਨ ਤੇ ਘਰ ਦੇ ਹੋਰ ਕੰਮ ਕਰਨ ਲਈ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਘਰ ਦੀ ਸਫਾਈ ਕਰਨ ਆਈ ਸੋਹਣੀ ਸੁਨੱਖੀ ਜਵਾਨ ਕੁੜੀ ਨੇ ਦੱਸਿਆ ਕਿ ਉਸ ਨੂੰ ਇੱਥੇ ਆਇਆਂ ਡੇਢ ਸਾਲ ਹੋ ਗਿਆ ਹੈ। ਪਹਿਲਾਂ ਕੋਈ ਜੌਬ ਸੀ, ਹੁਣ ਉਹ ਵੀ ਖੁਸ ਗਈ ਹੈ। ਉਸ ਤਰਲਾ ਲਿਆ ਕਿ ਮੈਨੂੰ ਹੋਰ ਘਰਾਂ ਦਾ ਕੰਮ ਵੀ ਦੁਆ ਦੇਵੋ। ਇਹ ਪੁੱਛਣ ’ਤੇ ਕਿ ਕਿੰਨੇ ਕੁ ਲੋਕ ਇਹ ਜੌਬ ਕਰ ਰਹੇ ਹਨ ਤਾਂ ਉਸ ਕਿਹਾ ਕਿ ਬਹੁਤ। ਹਾਲਾਂ ਕਿ ਗਿਣਤੀ ਦਾ ਕੋਈ ਅੰਕੜਾ ਉਸ ਕੋਲ ਨਹੀਂ ਸੀ। ਗੱਲ ਜਦੋਂ ਅੰਕੜਿਆਂ ਤੋਂ ਬਾਹਰ ਚਲੀ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਥਿਤੀ ਵਿਸਫੋਟਕ ਹੈ। ਕੁਝ ਲੋਕ ਤਾਂ ਮਜਬੂਰੀ ਵੱਸ ਲੜਕੀਆਂ ਦੇ ਗਲਤ ਧੰਦੇ ਵਿੱਚ ਪੈਣ ਦੀਆਂ ਗੱਲਾਂ ਵੀ ਕਰਦੇ ਹਨ। ਪਰ ਮੇਰੇ ਕੋਲ ਅਜਿਹਾ ਕੋਈ ਸਬੂਤ ਜਾਂ ਭਰੋਸਾ ਨਹੀਂ ਹੈ।
ਮਹਿੰਗਾ ਹੋ ਗਿਆ ਕੈਨੇਡਾ: ਕੈਨੇਡਾ ਵਿੱਚ ਮੰਦਵਾੜੇ ਦਾ ਦੌਰ ਚੱਲ ਰਿਹਾ ਹੈ। ਇੱਕ ਪਾਸੇ ਜੌਬਾਂ ਨਹੀਂ ਮਿਲਦੀਆਂ। ਜਿਹੜੀਆਂ ਮਿਲਦੀਆਂ ਵੀ ਹਨ ਉੱਥੇ ਘੱਟ ਮਜ਼ਦੂਰੀ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਰਿਹਾਇਸ਼ ਲਈ ਘਰਾਂ ਦੇ ਕਿਰਾਏ ਵਧ ਗਏ ਹਨ। ਮੁੱਲ ਖਰੀਦਣ ਵਾਲਿਆਂ ਨੂੰ ਵੀ ਹੁਣ ਇਹ ਘਰ ਵਾਰਾ ਨਹੀਂ ਖਾਂਦੇ। ਕਿਹਾ ਜਾ ਰਿਹਾ ਹੈ ਕਿ ਬਾਹਰੋਂ ਆਏ ਪਰਵਾਸੀਆਂ ਦੀ ਗਿਣਤੀ ਵਧ ਗਈ ਹੈ, ਇਸ ਲਈ ਘਰਾਂ ਦੀ ਕਿੱਲਤ ਹੋ ਗਈ ਹੈ। ਪਰ ਇਹ ਪੂਰਾ ਸੱਚ ਨਹੀਂ ਹੈ। ਘਰਾਂ ਦੀ ਇਸ ਸਮੱਸਿਆ ਦਾ ਕਾਰਨ ਪਿਛਲੇ ਕੁਝ ਦਹਾਕਿਆਂ ਦੌਰਾਨ ਸਰਕਾਰ ਦਾ ਸੋਸ਼ਲ ਹਾਊਸਿੰਗ ਦੇ ਸੈਕਟਰ ਤੋਂ ਵੱਖ ਹੋ ਜਾਣਾ ਹੈ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਲਈ ਹੋਸਟਲਾਂ ਦੀ ਘਾਟ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਦੀ ਅਬਾਦੀ ਵਿੱਚ ਘਰ ਕਿਰਾਏ ’ਤੇ ਲੈਣੇ ਪੈ ਰਹੇ ਹਨ। ਇੱਕ ਹੋਰ ਮਹੱਤਵਪੂਰਨ ਕਾਰਨ ਸਮਰੱਥ ਲੋਕਾਂ ਅਤੇ ਛੋਟੇ ਇਨਵੈਸਟਰਾਂ ਦਾ ਵੱਡੀ ਪੱਧਰ ’ਤੇ ਘਰਾਂ ਦੀ ਮੰਡੀ ਵਿੱਚ ਪੈਸਾ ਲਾਉਣਾ ਹੈ। ਕੁਝ ਸਾਲ ਪਹਿਲਾਂ ਬੈਂਕਾਂ ਨੇ ਬਿਆਜ ਦਰਾਂ ਘਟਾ ਕੇ ਡੇਢ ਫੀਸਦੀ ਤਕ ਥੱਲੇ ਲੈ ਆਦੀਆਂ ਸਨ। ਨਤੀਜਾ ਇਹ ਹੋਇਆ ਕਿ ਲੋਕਾਂ ਨੇ ਇੱਕ ਤੋਂ ਵੱਧ ਘਰ ਖਰੀਦਣੇ ਸ਼ੁਰੂ ਕਰ ਦਿੱਤੇ। ਘਰਾਂ ਦੀਆਂ ਕੀਮਤਾਂ ਦੋ ਤੋਂ ਚਾਰ ਲੱਖ ਡਾਲਰ ਤਕ ਵਧ ਗਈਆਂ। ਇੰਝ ਮੰਡੀ ਦੇ ਸਮੁੱਚੇ ਵਿਹਾਰ ਵਿੱਚ ਉਛਾਲ ਆ ਗਿਆ ਤੇ ਮਹਿੰਗਾਈ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈ। ਸਸਤੀਆਂ ਬਿਆਜ ਦਰਾਂ ਦੇ ਲਾਲਚ ਵਿੱਚ ਮਹਿੰਗੇ ਭਾਅ ਖਰੀਦੇ ਘਰਾਂ ਦੇ ਮਾਲਕ ਹੁਣ ਕਸੂਤੀ ਸਥਿਤੀ ਵਿੱਚ ਫਸੇ ਹੋਏ ਹਨ। ਮਕਾਨਾਂ ਦੀਆਂ ਕੀਮਤਾਂ ਦੋ ਢਾਈ ਲੱਖ ਥੱਲੇ ਆ ਗਈਆਂ ਹਨ ਤੇ ਮੌਰਗੇਜ ਵਧ ਗਈ ਹੈ।
ਵਿਕਸਿਤ ਪੂਜੀਵਾਦ ਦੇ ਸਾਈਡ ਇਫੈਕਟ: ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਇੱਥੇ ਗੈਸ-ਸਟੇਸ਼ਨਾਂ ’ਤੇ ਬਹੁਤ ਸਾਰੇ ਪੰਜਾਬੀ ਪਾਈਪ ਫੜ ਕੇ ਕਾਰਾਂ ਦੀਆਂ ਟੈਂਕੀਆਂ ਭਰਦੇ ਆਮ ਨਜ਼ਰ ਆਉਂਦੇ ਸਨ। ਹੌਲੀ ਹੌਲੀ ਇਹਨਾਂ ਕਾਮਿਆਂ ਦੀ ਜਗ੍ਹਾ ਮਸ਼ੀਨਾਂ ਨੇ ਲੈ ਲਈ। ਹੁਣ ਗੈਸ ਸਟੇਸ਼ਨ ’ਤੇ ਕਾਰ ਰੁਕਦੀ ਹੈ। ਬੰਦਾ ਬਾਹਰ ਨਿਕਲਦਾ ਹੈ। ਆਪਣਾ ਕਾਰਡ ਸਕੈਨ ਕਰ ਪਾਈਪ ਫੜ ਤੇਲ ਪਾ ਕੇ ਚਲਦਾ ਬਣਦਾ ਹੈ। ਸਕਿਉਰਿਟੀ ਗਾਰਡ ਦੀ ਥਾਂ ਵੀ ਮਸ਼ੀਨਾਂ ਨੇ ਲੈ ਲਈ ਹੈ। ਵੇਅਰ ਹਾਊਸਾਂ ਵਿੱਚ ਕੰਮ ਕਰਦੀ ਲੇਬਰ ਦਾ ਹੱਕ ਵੀ ਰੋਬੋਟਾਂ ਨੇ ਖੋਹ ਲਿਆ ਹੈ। ਹੁਣ ਘਰਾਂ ਵਿੱਚ ਬੇਬੀ ਸਿੰਟਿੰਗ ਜਾਂ ਕੰਮ ਵਾਲੀ ਬਣ ਸਫਾਈ ਕਰਨ ਤੋਂ ਬਾਹਰ ਬਹੁਤਾ ਕੁਝ ਬਚਿਆ ਵੀ ਨਹੀਂ ਲਗਦਾ। ਅਜੇ ਤਾਂ ਨਕਲੀ ਬੁੱਧੀ ਨੇ ਆਪਣੇ ਜੌਹਰ ਵਿਖਾਉਣੇ ਹਨ। ਅਸਿੱਖਿਅਤ ਲੇਬਰ ਲਈ ਹੋਰ ਵੀ ਬੁਰੇ ਦਿਨ ਆਉਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕੈਨੇਡਾ ਹੌਲੀ-ਹੌਲੀ ਪਰਵਾਸੀਆਂ ਲਈ ਤਿੜਕਿਆ ਸੁਪਨਾ ਬਣਨ ਵੱਲ ਵਧ ਰਿਹਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਨੇ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਕੈਨੇਡਾ ਨੂੰ ਅਮਰੀਕਾ ਦੀ 52ਵੀਂ ਸਟੇਟ ਬਣਾ ਲੈਂਦੇ ਹਾਂ ਤੇ ਤੈਨੂੰ ਉਸਦਾ ਗਵਰਨਰ ਬਣਾ ਦਿੰਦੇ ਹਾਂ। ਭਾਵੇਂ ਕੈਨੇਡਾ ਨੇ ਇਸ ਨੂੰ ਮਜ਼ਾਕ ਵਾਂਗ ਲਿਆ ਹੈ ਪਰ ਟਰੰਪ ਨੇ ਆਪਣੀ ਅਗਲੀ ਪੋਸਟ ਵਿੱਚ ਫਿਰ ਟਰੂਡੋ ਨੂੰ ਗਵਰਨਰ ਕਿਹਾ ਹੈ। ਵਿਸ਼ਵ ਵਿਆਪੀ ਵਰਤਾਰੇ ਵਿੱਚ ਇਹ ਕਿਸੇ ਦੇਸ਼ ਦੇ ਪਤਨ ਦੀ ਸੂਹ ਦਿੰਦਾ ਹੈ।
ਦਰਅਸਲ ਇਸ ਨਿਘਾਰ ਲਈ ਪਿਛਲੇ ਵਰ੍ਹਿਆਂ ਦੌਰਾਨ ਕੈਨੇਡਾ ਸਰਕਾਰ ਵੱਲੋਂ ਅਪਣਾਈਆਂ ਗਈਆਂ ਬੇਲਗਾਮ ਨੀਤੀਆਂ ਹਨ। ਪਰਵਾਸੀਆਂ ਲਈ ਸਟਡੀ ਵੀਜ਼ਾ, ਵਰਕ ਪਰਮਿਟ ਅਤੇ ਪੱਕੀ ਇੰਮੀਗਰੇਸ਼ਨ ਨੂੰ ਪ੍ਰਸਾਦ ਵਾਂਗ ਵੰਡਣ ਕਾਰਨ ਨਿਰਾਸ਼ਾਜਨਕ ਹਾਲਾਤ ਪੈਦਾ ਹੋਏ ਹਨ। ਹੁਣ ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਦੀਆਂ ਨੀਤੀਆਂ ਸਖਤ ਕਰ ਦਿੱਤੀਆਂ ਹਨ, ਜਿਸ ਕਾਰਨ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ। ਐੱਲ. ਐੱਮ. ਆਈ. ਏ. ਦੇ ਨੁਕਸਦਾਰ ਸਿਸਟਮ ਕਾਰਨ ਵੱਡੇ ਪੱਧਰ ’ਤੇ ਘਪਲੇਬਾਜ਼ੀਆਂ ਹੋਈਆਂ ਹਨ। ਇੱਥੇ ਸਥਾਪਤ ਹੋ ਚੁੱਕੇ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਨੇ ਐੱਲ.ਐੱਮ.ਆਈ.ਏ ਨੂੰ ਵਪਾਰ ਬਣਾ ਕੇ ਲੱਖਾਂ ਡਾਲਰ ਕਮਾਏ ਹਨ। ਇਨ੍ਹਾਂ ਸੁਧਾਰਾਂ ਦੇ ਚਲਦਿਆਂ ਇੱਥੇ ਆਉਣ ਵਾਲੇ ਵਿਦਿਆਰਥੀਆਂ ਅਤੇ ਵਿਜ਼ਟਰਾਂ ਨੂੰ ਮੁਸ਼ਕਲਾਂ ਆਉਣਗੀਆਂ। ਪਰ ਵਧ ਰਹੀ ਮਹਿੰਗਾਈ, ਘਰਾਂ ਦੀ ਥੋੜ, ਜੌਬਾਂ ਦੀ ਘਾਟ ਅਤੇ ਲੇਬਰ ਕਰ ਰਹੇ ਪਰਵਾਸੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਇਹ ਜ਼ਰੂਰੀ ਸੀ। ਕਈ ਚੋਰ ਮੋਰੀਆਂ ਲਈ ਰਾਹ ਖੋਲ੍ਹਦੀ ਵਿਜ਼ਟਰ ਵੀਜ਼ਾ ਨੀਤੀ ਕਾਰਨ ਵਿਦੇਸ਼ਾਂ ਤੋਂ ਕੈਨੇਡਾ ਪਹੁੰਚ ਕੇ ਸ਼ਰਨ ਲੈਣ ਦੀ ਅਰਜ਼ੀ ਪਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੇਕਰ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਚਾਲੂ ਸਾਲ ਦੌਰਾਨ ਹੀ ਸ਼ਰਨ ਮੰਗਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਬੀਤੇ ਸਾਲ ਦੇ ਮੁਕਾਬਲੇ ਪੰਜ ਸੌ ਪ੍ਰਤੀਸ਼ਤ ਵਧ ਗਈ ਹੈ। ਇਹ ਅੰਕੜੇ ਦੱਸਦੇ ਹਨ ਕਿ ਇੱਥੇ ਜੌਬਾਂ ਦੀ ਕਿੱਲਤ ਕਿਉਂ ਹੈ ਤੇ ਉਚੇਰੀ ਪੜ੍ਹਾਈ ਕਰਨ ਆਈਆਂ ਕੁੜੀਆਂ ਨੂੰ ਘਰਾਂ ਵਿੱਚ ਕੰਮ ਕਰਨ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ ਹੈ।
ਇੱਥੇ ਸੈਕੰਡਰੀ ਤਕ ਦੀ ਪੜ੍ਹਾਈ ਮੁਫ਼ਤ ਹੈ। ਅੱਗੋਂ ਯੂਨੀਵਰਸਿਟੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹ ਇੰਨੀ ਕੁ ਮਹਿੰਗੀ ਹੈ ਕਿ ਸਟਡੀ ਵੀਜ਼ੇ ’ਤੇ ਆਏ ਬੱਚਿਆਂ ਲਈ ਇਹ ਲਗਭਗ ਅਸੰਭਵ ਹੈ। ਇੱਥੇ ਦੇ ਪੱਕੇ ਵਸਨੀਕ ਤੇ ਸ਼ਿਟੀਜਨ ਬਣ ਚੁੱਕੇ ਲੋਕਾਂ ਦੇ ਬੱਚੇ ਵੀ ਅਧਵਾਟੇ ਪੜ੍ਹਾਈ ਛੱਡਣ ਲਈ ਮਜਬੂਰ ਹਨ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਨ੍ਹਾਂ ਗੱਲਾਂ ਕਰਕੇ ਕੈਨੇਡਾ ਵਿਸ਼ਵ ਭਰ ਦੇ ਲੋਕਾਂ ਲਈ ਖਿੱਚ ਦਾ ਕਾਰਨ ਸੀ, ਉਹ ਖਿੱਚ ਬਣਾਈ ਰੱਖਣ ਲਈ ਸਰਕਾਰੀ ਨੀਤੀਆਂ ਖਾਸ ਕਰਕੇ ਇੰਮੀਗ੍ਰੇਸ਼ਨ ਨਾਲ ਸੰਬੰਧਾਂ ਨੀਤੀਆਂ ਦੇ ਕਮਜ਼ੋਰ ਪੱਖਾਂ ਬਾਰੇ ਮੁੜ ਸੋਚਣ ਦੀ ਲੋੜ ਹੈ। ਕੈਨੇਡਾ ਸਰਕਾਰ ਨੂੰ ਕੁਝ ਵੱਡੇ ਅਤੇ ਸਖ਼ਤ ਫੈਸਲੇ ਲੈਣੇ ਪੈਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5549)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)