“ਪੰਜਾਬੀ ਸਾਹਿਤ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ...”
(16 ਅਕਤੂਬਰ 2024)
ਪੰਜਾਬੀ ਸਾਹਿਤ ਦਾ ਪਾਠਕ ਮੈਂ ਉਹਨਾਂ ਦਿਨਾਂ ਵਿੱਚ ਛਪਦੇ ਮਾਸਿਕ ਰਸਾਲਿਆਂ ਨੂੰ ਪੜ੍ਹ ਕੇ ਬਣਿਆ। ਇਨ੍ਹਾਂ ਵਿੱਚ ਲੋਅ, ਆਰਸੀ, ਪ੍ਰੀਤਲੜੀ, ਨਾਗਮਣੀ, ਨੀਲਮਣੀ ਤੇ ਕੁਝ ਹੋਰ ਰਸਾਲਿਆਂ ਨੂੰ ਪੜ੍ਹਨਾ ਸ਼ੁਰੂ ਕੀਤਾ। ਇਨ੍ਹਾਂ ਵਿੱਚੋਂ ਲੋਅ ਵਿੱਚ ਮੇਰੀ ਪਹਿਲੀ ਕਵਿਤਾ ਛਪੀ। ਆਰਸੀ, ਨਾਗਮਣੀ ਵਿੱਚ ਮੈਂ ਨਹੀਂ ਛਪ ਸਕਿਆ। ਉਦੋਂ ਕਿਸੇ ਸਾਹਿਤਮ ਮੈਗਜ਼ੀਨ ਵਿੱਚ ਛਪਣ ਦਾ ਅਰਥ ਵੱਡੀ ਪ੍ਰਾਪਤੀ ਹੁੰਦਾ ਸੀ। ਤੁਸੀਂ ਕਵੀ ਜਾਂ ਲੇਖਕ ਦੇ ਤੌਰ ’ਤੇ ਪਰਵਾਨ ਹੋ ਗਏ ਸਮਝੇ ਜਾਂਦੇ ਸੀ। ਪਰ ਇਸ ਪਛਾਣ ਲਈ ਤੁਹਾਨੂੰ ਲੰਮੀ ਉਡੀਕ ਕਰਦੀ ਪੈਂਦੀ ਸੀ। ਇਹ ਉਡੀਕ ਤੁਹਾਨੂੰ ਹੋਰ ਜ਼ਿਆਦਾ ਪੜ੍ਹਨ ਅਤੇ ਮਿਹਨਤ ਕਰਨ ਲਈ ਪ੍ਰੇਰਦੀ ਸੀ। ਇਸ ਲੰਮੀ ਉਡੀਕ ਵਿੱਚੋਂ ਹੀ ਸਾਹਿਤ ਦੇ ਖੇਤਰ ਵਿੱਚ ਕਈ ਵੱਡੇ ਨਾਂ ਸਥਾਪਤ ਹੋਏ ਅਤੇ ਉਹਨਾਂ ਨਿਰੰਤਰ ਅਤੇ ਪੁਖਤਾ ਸਾਹਿਤ ਦੀ ਸਿਰਜਣਾ ਕੀਤੀ। ਸਾਹਿਤਕਾਰ ਦੁਆਰਾ ਆਪਣੇ ਵਿਚਾਰਾਂ ਨੂੰ ਕਾਲਪਨਿਕ ਅਤੇ ਦਿਲ ਖਿੱਚਵੇਂ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕਰਨਾ ਸਾਹਿਤ ਹੈ। ਸਾਹਿਤ ਸਮਾਜ ਲਈ ਅਤੇ ਸਮਾਜ ਵਿੱਚ ਹੀ ਰਚਿਆ ਜਾਂਦਾ ਹੈ। ਸਾਹਿਤ ਕਾਲ ਦੀ ਸੀਮਾ ਤੋਂ ਮੁਕਤ ਸਮਾਜ ਦਾ ਅਟੁੱਟ ਅੰਗ ਹੁੰਦਾ ਹੈ। ਇਹ ਇਤਿਹਾਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਵਰਤਮਾਨ ਵਿੱਚੋਂ ਗੁਜ਼ਰਦਾ ਹੋਇਆ ਸਮਿਆਂ ਦਾ ਭਵਿੱਖ ਬਣਦਾ ਹੈ। ਸਾਹਿਤ ਇੱਕ ਜ਼ਿੰਮੇਵਾਰੀ ਵਾਲਾ ਸਿਰਜਣਾਤਮਿਕ ਕਾਰਜ ਹੁੰਦਾ ਹੈ। ਸਾਹਿਤਕ ਮੈਗਜ਼ੀਨ ਇਸ ਕਾਰਜ ਨੂੰ ਸਾਂਭਣ ਅਤੇ ਪਾਠਕਾਂ ਤਕ ਲੈ ਕੇ ਜਾਣ ਦਾ ਕੰਮ ਕਰਦੇ ਹਨ। ਇੱਕ ਨਿਰੰਤਰ ਵਹਿਣ ਵਾਲੀ ਧਾਰਾ ਨੂੰ ਸਫ਼ਿਆਂ ’ਤੇ ਸਾਂਭਣ ਦਾ ਸਲਾਹੁਣਯੋਗ ਕਾਰਜ ਕਰਦੇ ਹਨ ਸਾਹਿਤਕ ਪਰਚੇ। ਸੰਖੇਪ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤਕ ਪੱਤ੍ਰਕਾਵਾਂ ਦਾ ਸਿਰਜਣਾਤਮਿਕ ਯੋਗਦਾਨ ਰਿਹਾ ਹੈ। ਹੁਣ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਝੱਟ ਲਿਖਣਾ ਤੇ ਪਟੱਕ ਛਪਣਾ ਆਮ ਵਰਤਾਰਾ ਬਣ ਗਿਆ ਹੈ। ਇਸ ਝੱਟ ਛਪਣ ਅਤੇ ਵਾਹ ਵਾਹ ਖੱਟਣ ਦੇ ਵਰਤਾਰੇ ਨੇ ਸ਼ਬਦ ਨਾਲ ਜੁੜੀ ਨਵੀਂ ਪੀੜ੍ਹੀ ਅੰਦਰ ਕਾਹਲ ਪੈਦਾ ਕਰ ਦਿੱਤੀ ਹੈ। ਕਾਹਲ ਵਿੱਚ ਲਿਖੇ ਅਤੇ ਛਪ ਰਹੇ ਸਾਹਿਤ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਡਾ. ਰਤਨ ਸਿੰਘ ਜੱਗੀ ਦੀ ਸਾਹਿਤ ਬਾਰੇ ਪਰਿਭਾਸ਼ਾ ਵਿਚਾਰਨਯੋਗ ਹੈ। ਉਹ ਕਹਿੰਦੇ ਹਨ ਕਿ ਸਾਹਿਤ ਇੱਕ ਸੁਖ਼ਮ ਕਲਾ ਹੈ ਜਿਸਦਾ ਉਦੇਸ਼ ਸੁਹਜ-ਸੁਆਦ ਉਪਜਾਉਣਾ ਅਤੇ ਇਸ ਰਾਹੀਂ ਇੱਕ ਚੰਗੇਰੇ ਜੀਵਨ ਲਈ ਪ੍ਰੇਰਣਾ ਹੈ। ਇਸ ਕਾਰਨ ਹੀ ਸਾਹਿਤ ਨੂੰ ਜਨਤਾ ਦੀ ਡੰਗੋਰੀ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਸੋਚ ਸਕਦੇ ਹਾਂ ਕਿ ਕੀ ਸਮਕਾਲ ਵਿੱਚ ਰਚਿਆ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ ਜਾ ਰਿਹਾ ਸਾਹਿਤ ਇਸ ਪ੍ਰੀਭਾਸ਼ਾ ਦੀ ਪੂਰਤੀ ਕਰ ਰਿਹਾ ਹੈ? ਇਸ ਰੁਝਾਨ ਨੇ ਬੇਸ਼ਕ ਬਹੁਤ ਸਾਰੇ ਨਵੇਂ ਕਵੀ, ਲੇਖਕ ਪੈਦਾ ਕਰ ਦਿੱਤੇ ਹਨ। ਭਰਮ ਵਰਗਾ ਇੱਕ ਧਰਵਾਸ ਇਹ ਵੀ ਹੁੰਦਾ ਹੈ ਕਿ ਪੰਜਾਬੀ ਪਾਠਕਾਂ ਦੀ ਗਿਣਤੀ ਵਧ ਰਹੀ ਹੈ। ਫੇਸਬੁੱਕ ਉੱਪਰ ਪਈ ਕਿਸੇ ਰਚਨਾ ਨੂੰ ਸੈਂਕੜਿਆਂ ਵਿੱਚ ਮਿਲੇ ਹੁੰਗਾਰੇ ਨੂੰ ਵੇਖਦਿਆਂ ਅਜਿਹਾ ਭਰਮ ਪੈਦਾ ਹੋਣਾ ਸੁਭਾਵਿਕ ਹੈ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਤੁਰੰਤ ਹੁੰਗਾਰਾ ਭਰਨ ਵਾਲੇ ਇਹ ਦੋਸਤ ਕਿੰਨਾ ਕੁ ਪੜ੍ਹਦੇ ਹਨ। ਇਹ ਇੱਕ ਨਵੀਂ ਤਰ੍ਹਾਂ ਦਾ ਵਰਤਾਰਾ ਹੈ ਜਿਸ ਉੱਪਰ ਲੰਮੀ ਬਹਿਸ ਹੋ ਸਕਦੀ ਹੈ। ਨਵੇਂ ਲੇਖਕਾਂ ਦੇ ਨਾਲ ਆਕਾਰ ਵਿੱਚ ਛੋਟੀ ਨਵੀਂ ਕਵਿਤਾ ਵੀ ਸਾਹਮਣੇ ਆ ਰਹੀ ਹੈ। ਜੀਵਨ-ਜਾਚ ਬਦਲਣ ਕਰਕੇ ਨਵੇਂ ਮੁਹਾਂਦਰੇ ਵਾਲੀ ਕਵਿਤਾ ਤੇ ਸਾਹਿਤ ਵੀ ਪੜ੍ਹਨ ਨੂੰ ਮਿਲ ਰਿਹਾ ਹੈ।
ਪੰਜਾਬੀ ਸਾਹਿਤਕ ਪੱਤਰਕਾਰੀ: ਸਾਹਿਤਕ ਪੱਤਰਕਾਰੀ ਬਾਰੇ ਵਿਦਵਾਨਾਂ ਦੇ ਵਿਚਾਰ ਜਾਂ ਮੱਤ ਇਹ ਹੈ ਕਿ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਾਂ ਰੂਪ ਜਿਵੇਂ ਨਾਵਲ, ਕਹਾਣੀ, ਨਾਟਕ, ਕਵਿਤਾ, ਗੀਤ, ਗਜ਼ਲ, ਰਿਪੋਰਤਾਜ, ਸਫ਼ਰਨਾਮਾ, ਰੇਖਾ-ਚਿੱਤਰ, ਆਲੋਚਨਾ, ਪੁਸਤਕ ਰੀਵਿਊ ਆਦਿ ਛਾਪਣ ਵਾਲੇ ਮੈਗਜ਼ੀਨ ਜਾਂ ਰਸਾਲੇ ਸਾਹਿਤਕ ਪੱਤਰਕਾਰੀ ਨਾਲ ਸੰਬੰਧਿਤ ਹਨ। ਪੰਜਾਬੀ ਅਖ਼ਬਾਰਾਂ ਦੇ ਐਤਵਾਰੀ ਅੰਕਾਂ ਵਿੱਚ ਵੀ ਚੰਗਾ ਸਾਹਿਤ ਛਪ ਰਿਹਾ ਹੈ। ਵੱਡੇ ਲੇਖਕ, ਜਿਹੜੇ ਪਹਿਲਾਂ ਅਖ਼ਬਾਰਾਂ ਵਿੱਚ ਛਪਣ ਤੋਂ ਪ੍ਰਹੇਜ਼ ਕਰਦੇ ਸਨ, ਵੀ ਹੁਣ ਅਖਬਾਰਾਂ ਦੇ ਇਨ੍ਹਾਂ ਅੰਕਾਂ ਵਿੱਚ ਛਪਣ ਲੱਗੇ ਹਨ। ਅਜਿਹਾ ਅਖ਼ਬਾਰਾਂ ਦੀ ਵੱਡੀ ਛਪਣ ਗਿਣਤੀ ਅਤੇ ਅਖ਼ਬਾਰਾਂ ਨਾਲ ਜੁੜੇ ਵੱਡੇ ਪਾਠਕ ਵਰਗ ਕਾਰਨ ਹੈ। ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਸੇਵਕ, ਅਜੀਤ ਅਤੇ ਕੁਝ ਹੋਰ ਅਖ਼ਬਾਰਾਂ ਵਿੱਚ ਚੰਗਾ ਸਾਹਿਤ ਪੜ੍ਹਨ ਨੂੰ ਮਿਲਦਾ ਹੈ। ਸਾਹਿਤਕ ਮੈਗਜ਼ੀਨਾਂ ਦੇ ਛਪਣ ਦਾ ਦੌਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਇਆ। ਪੰਜਾਬੀ ਵਿੱਚ ਛਪਣ ਵਾਲੇ ਸ਼ੁਰੂ ਵਾਲੇ ਮੈਗਜ਼ੀਨਾਂ ਵਿੱਚ ਅਜ਼ਾਦੀ, ਸਾਹਿਤ ਅਤੇ ਸਮਾਜ ਸੁਧਾਰ ਵਾਲੇ ਪੱਖਾਂ ਨੂੰ ਜ਼ਿਆਦਾ ਉਭਾਰਿਆ ਗਿਆ। ਇਹਨਾਂ ਵਿੱਚ ਛਪਣ ਵਾਲੇ ਸਾਰੇ ਸਾਹਿਤ ਰੂਪ ਕਵਿਤਾ, ਕਹਾਣੀ, ਗੀਤ, ਗਜ਼ਲ, ਆਦਿ ਦਾ ਵਿਸ਼ਾ ਉਪਰੋਕਤ ਤਿੰਨਾਂ ਪੱਖਾਂ ਉੱਪਰ ਕੇਂਦਰਿਤ ਰਿਹਾ। ਮੌਜੀ, ਕਵਿਤਾ, ਲਿਖਾਰੀ, ਪ੍ਰੀਤ ਸੈਨਿਕ, ਪੰਜ ਦਰਿਆ, ਪੰਜਾਬੀ ਹੰਸ, ਪੰਜਾਬੀ ਸਾਹਿਤ ਆਦਿ ਨਿਰੋਲ ਸਾਹਿਤਕ ਅਤੇ ਆਲੋਚਨਾਤਮਿਕ ਮੈਗਜ਼ੀਨ ਸਨ। ਉਦੋਂ ਨਾਮਵਰ ਲੇਖਕ ਅਜਿਹੇ ਮੈਗਜ਼ੀਨਾਂ ਦੀ ਸੰਪਾਦਨਾ ਕਰਦੇ ਸਨ। ਇਹਨਾਂ ਵਿੱਚ ਪ੍ਰੋ. ਮੋਹਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਮ੍ਰਿਤਾ ਪ੍ਰੀਤਮ, ਚਰਨ ਸਿੰਘ ਸ਼ਹੀਦ ਆਦਿ ਸ਼ਾਮਲ ਹਨ। ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ, ਸੂਰਯ ਕਾਂਤ ਤਿਰਪਾਠੀ, ਅਤੇ ਕਈ ਹੋਰਾਂ ਨੇ ਵੀ ਸਾਹਿਤਕ ਮੈਗਜ਼ੀਨਾਂ ਦੀ ਸੰਪਾਦਨਾ ਕੀਤੀ। ਇਨ੍ਹਾਂ ਲੋਕਾਂ ਨੂੰ ਸਾਹਿਤ ਦੀ ਸਮਝ ਸੀ। ਸੰਪਾਦਕੀ ਸੂਝ ਰਚਨਾਵਾਂ ਨੂੰ ਸਵੀਕਾਰ ਕਰਨ ਜਾਂ ਅਪ੍ਰਵਾਨ ਕਰਨ ਯੋਗ ਬਣਾਉਂਦੀ ਸੀ। ਇਨ੍ਹਾਂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਅਤੇ ਛਪਣਾ ਵੱਡੀ ਗੱਲ ਹੁੰਦੀ ਸੀ। ਹੁਣ ਦੇ ਦੌਰ ਵਿੱਚ ਕਿਸੇ ਰਸਾਲੇ ਦੀ ਸੰਪਾਦਕੀ ਕਰਨ ਲਈ ਇਸ ਸੂਝ ਸਮਝ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ। ਮੈਂ ਵੀ ‘ਸਤਰੰਗੀ’ ਨਾਂ ਦੇ ਪਰਚੇ ਦੀ ਸੰਪਾਦਨਾ ਕਰਦਾ ਰਿਹਾ ਹਾਂ।
ਵੀਹਵੀਂ ਸਦੀ ਵਿੱਚ ਸ਼ੁਰੂ ਹੋਏ ਸਾਹਿਤਕ ਮੈਗਜ਼ੀਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਤਕਨੀਕੀ ਵਿਕਾਸ ਕਾਰਨ ਇਹਨਾਂ ਮੈਗਜ਼ੀਨਾਂ ਦੇ ਛਪਣ ਦੀ ਗਿਣਤੀ ਵਿੱਚ ਢੇਰ ਵਾਧਾ ਹੋਇਆ ਹੈ। ਨਵੇਂ ਨਾਂਵਾਂ ਨਾਲ ਨਵੇਂ ਸੰਪਾਦਕਾਂ ਦੀ ਰਹਿਨੁਮਾਈ ਵਿੱਚ ਸਾਹਿਤਕ ਮੈਗਜ਼ੀਨ ਅਹਿਮ ਯੋਗਦਾਨ ਪਾ ਰਹੇ ਹਨ। ਇਹਨਾਂ ਪਰਚਿਆਂ ਦੀ ਬਦੌਲਤ ਸਾਹਿਤ ਦੇ ਕਈ ਨਵੇਂ ਰੂਪ ਵੀ ਸਾਹਮਣੇ ਆਏ ਹਨ। ਰਿਪੋਰਤਾਜ, ਪੈਰੋਡੀ, ਕਾਵਿ-ਵਿਅੰਗ, ਸਵੈ-ਜੀਵਨੀ, ਮੁਲਾਕਾਤਾਂ, ਲਲਿਤ ਨਿਬੰਧ, ਰੇਖਾ-ਚਿੱਤਰ, ਆਲੋਚਨਾ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਜਦੋਂ ਅੱਖਰ ਅੱਖਰ ਜੋੜ ਕੇ ਮੈਟਰ ਕੰਪੋਜ਼ ਕਰਨਾ ਪੈਂਦਾ ਸੀ ਤਾਂ ਇਹ ਕਾਰਜ ਕਠਿਨ ਸੀ। ਹੁਣ ਦੇ ਦੌਰ ਵਿੱਚ ਕੁਝ ਲੇਖਕ, ਸ਼ਾਇਰ ਇਨ੍ਹਾਂ ਪਰਚਿਆਂ ਦੀ ਸੰਪਾਦਨਾ ਕਰ ਰਹੇ ਹਨ। ਸਿਰਜਣਾ, ਪ੍ਰਤੀਮਾਨ, ਪ੍ਰਵਚਨ, ਲਕੀਰ, ਮੁਹਾਂਦਰਾ, ਸ਼ਬਦ, ਤ੍ਰਿਸੰਕੂ, ਕਹਾਣੀ ਪੰਜਾਬ ਆਦਿ ਰਸਾਲੇ ਲੇਖਕਾਂ, ਸ਼ਾਇਰਾਂ ਦੀ ਸੰਪਾਦਨਾ ਹੇਠ ਨਿਰੰਤਰ ਛਪ ਰਹੇ ਹਨ। ਬਾਕੀ ਪਰਚਿਆਂ ਦੇ ਮਿਆਰ ਦੀ ਗੱਲ ਕਰੀਏ ਤਾਂ ਕਈ ਸ਼ੰਕੇ ਪੈਦਾ ਹੁੰਦੇ ਹਨ। ਨਵੇਂ ਸ਼ੁਰੂ ਹੋਏ ਤ੍ਰੈਮਾਸਿਕ, ਮਾਸਿਕ, ਸਪਤਾਹਿਕ ਈ.ਪਰਚਿਆਂ ਵਿੱਚ ਅਤੇ ਸੋਸ਼ਲ ਮੀਡੀਆ ਉੱਪਰ ਛਪ ਰਹੀਆਂ ਰਚਨਾਵਾਂ ਨੂੰ ਪੜ੍ਹਦਿਆਂ ਅਜਿਹੇ ਸ਼ੰਕੇ ਪੈਦਾ ਹੁੰਦੇ ਹਨ। ਸਾਡੀ ਪੀੜ੍ਹੀ ਦੇ ਲੋਕਾਂ ਨੂੰ ਈ.ਮੈਗਜ਼ੀਨ, ਅਖ਼ਬਾਰਾਂ ਪੜ੍ਹਨੀਆਂ ਔਖਾ ਲਗਦਾ ਹੈ। ਸਾਡੇ ਹੱਥਾਂ ਵਿੱਚ ਤਾਂ ਅਖ਼ਬਾਰ, ਕਿਤਾਬ, ਰਸਾਲੇ ਦੀ ਹਾਰਡ ਕਾਪੀ ਚਾਹੀਦੀ ਹੈ। ਨਵੀਂ ਪੀੜ੍ਹੀ ਲਈ ਨੈੱਟ ਉੱਪਰ ਕਿਤਾਬਾਂ ਪੜ੍ਹਨੀਆਂ ਸ਼ਾਇਦ ਸਹਿਜ ਹੋਵੇ। ਵਕਤ ਨਾਲ ਅਤੇ ਵਿਕਾਸ ਦੇ ਚਲਦਿਆਂ ਬੜਾ ਕੁਝ ਅਚੰਭਿਤ ਕਰਦਾ ਵਾਪਰਦਾ ਰਹਿੰਦਾ ਹੈ। ਪਰ ਇੱਕ ਗੱਲ ਪੱਕੀ ਹੈ ਕਿ ਕਿਤਾਬ ਦੀ ਭੂਮਿਕਾ ਜਾਂ ਕਹਿ ਲਵੋ ਕਿ ਪ੍ਰਿੰਟ ਮੈਟਰ ਦੀ ਲੋੜ ਬਣੀ ਰਹੇਗੀ। ਈ.ਪਰਚਿਆਂ ਦੇ ਮਹੱਤਵ ਨੂੰ ਵੀ ਸਮਝਣਾ ਬਣਦਾ ਹੈ।
ਵੱਡ-ਅਕਾਰੀ ਮੈਗਜ਼ੀਨਾ ਦਾ ਦੌਰ: ਜਿੱਥੋਂ ਤਕ ਮੈਨੂੰ ਪਤਾ ਹੈ ਵੱਡ-ਆਕਾਰੀ ਮੈਗਜ਼ੀਨਾਂ ਦਾ ਦੌਰ ਸਾਲ 2005 ਵਿੱਚ ਇੰਗਲੈਂਡ ਵਸਦੇ ਸ਼ਾਇਰ ਲੇਖਕ ਦੋਸਤ ਅਵਤਾਰ ਜੰਡਿਆਲਵੀ ਦੀ ਸੰਪਾਦਨਾ ਹੇਠ ਸੁਸ਼ੀਲ ਦੁਸਾਂਝ ਦੇ ਸਹਿਯੋਗ ਨਾਲ ਹੁਣ ਮੈਗਜ਼ੀਨ ਦੀ ਪ੍ਰਕਾਸ਼ਨਾ ਨਾਲ ਸ਼ੁਰੂ ਹੋਇਆ। ਇਸ ਮੈਗਜ਼ੀਨ ਦਾ ਚਮਤਕਾਰੀ ਪ੍ਰਭਾਵ ਇਹ ਸੀ ਕਿ ਪਾਠਕ ਇਸਦੀ ਉਡੀਕ ਕਰਦੇ ਸਨ ਅਤੇ ਸਟਾਲਾਂ ਤੋਂ ਖਰੀਦ ਕੇ ਪੜ੍ਹਦੇ ਸਨ। ਉਦੋਂ ਹੀ ਗੁਰਬਚਨ ਦੀ ਸੰਪਾਦਕੀ ਅਤੇ ਮਾਲਕੀ ਵਾਲਾ ਮੈਗਜ਼ੀਨ ਫਿਲਹਾਲ ਛਪਣਾ ਸ਼ੁਰੂ ਹੋਇਆ। ਇਹ ਤਿੰਨ ਮਹੀਨਿਆਂ ਬਾਅਦ ਛਪਣ ਵਾਲੇ ਮੈਗਜ਼ੀਨ ਸਨ। ਹਾਲਾਂਕਿ ਤ੍ਰੈਮਾਸਿਕ ਰਸਾਲਿਆਂ ਦਾ ਦੌਰ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਮਾਸਿਕ ਛਪਦੇ ਰਸਾਲਿਆਂ ਵਿੱਚ ਪ੍ਰਮਿੰਦਰਜੀਤ ਦੀ ਸੰਪਾਦਨਾ ਵਾਲੇ ਅੱਖਰ ਤੋਂ ਬਾਅਦ ਅੰਮ੍ਰਿਤਸਰ ਤੋਂ ਡਾ. ਜੋਗਿੰਦਰ ਕੈਰੋਂ ਅਤੇ ਦਲਬੀਰ ਚੇਤਨ ਦੀ ਸਾਂਝੀ ਸੰਪਾਦਨਾ ਵਾਲਾ ਮੈਗਜ਼ੀਨ ਅਜੋਕੇ ਸ਼ਿਲਾਲੇਖ ਸ਼ੁਰੂ ਹੋਇਆ, ਜਿਹੜਾ ਹੁਣ ਤਕ ਵੀ ਛਪ ਰਿਹਾ ਹੈ। ਹੁਣ ਇਹ ਤ੍ਰੈਮਾਸਿਕ ਹੋ ਗਿਆ ਹੈ ਅਤੇ ਡਾ. ਕੈਰੋਂ ਦੇ ਨਾਲ ਡਾ. ਹਰਵਿੰਦਰ ਹੁਣ ਇਸਦੀ ਸੰਪਾਦਨਾ ਦਾ ਕੰਮ ਸੰਭਾਲ ਰਹੇ ਹਨ। ਅੰਮ੍ਰਿਤਸਰ ਤੋਂ ਹੀ ਅਰਤਿੰਦਰ ਸੰਧੂ ਦੀ ਸੰਪਾਦਨਾ ਅਤੇ ਮਾਲਕੀ ਵਾਲਾ ਮੈਗਜ਼ੀਨ ਸਾਹਿਤਕ ਏਕਮ ਪਿਛਲੇ ਦਸ ਸਾਲਾਂ ਤੋਂ ਨਿਰੰਤਰ ਛਪ ਰਿਹਾ ਹੈ।
ਗੱਲ ਆਪਾਂ ਕਰ ਰਹੇ ਸਾਂ ਵੱਡ-ਆਕਾਰੀ ਮੈਗਜ਼ੀਨਾਂ ਦੀ। ਹੁਣ ਅਤੇ ਫਿਲਹਾਲ ਤੋਂ ਬਾਅਦ ਰਾਗ ਮੈਗਜ਼ੀਨ ਜਨਵਰੀ 2017 ਵਿੱਚ ਛਪਣਾ ਸ਼ੁਰੂ ਹੋਇਆ। ਇੰਦਰਜੀਤ ਪੁਰੇਵਾਲ ਦੀ ਮਾਲਕੀ ਵਾਲਾ ਇਹ ਮੈਗਜ਼ੀਨ ਕੁਝ ਦੇਰ ਖ਼ਾਮੋਸ਼ ਰਹਿਣ ਪਿੱਛੋਂ ਮੁੜ ਮੈਦਾਨ ਵਿੱਚ ਹੈ। ਪ੍ਰਮਿੰਦਰਜੀਤ ਦੀ ਮੌਤ ਤੋਂ ਬਾਅਦ ਅੱਖਰ ਵੀ ਵਿਸ਼ਾਲ ਬਿਆਸ ਦੀ ਸੰਪਾਦਕੀ ਹੇਠ ਤ੍ਰੈਮਾਸਿਕ ਅਤੇ ਵੱਡ-ਆਕਾਰੀ ਹੋ ਗਿਆ। ਅੰਮ੍ਰਿਤਸਰ ਤੋਂ ਹੀ ਇੱਕ ਮੈਗਜ਼ੀਨ ਵਾਹਘਾ ਸ਼ੁਰੂ ਹੋਇਆ। ਇਨ੍ਹਾਂ ਵੱਡ-ਆਕਾਰੀ ਮੈਗਜ਼ੀਨਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਗੱਲ ਕਰਨੀ ਹੋਵੇ ਤਾਂ ਆਰਥਿਕਤਾ ਦੀ ਮਾਰ ਵੱਡੀ ਚੁਣੌਤੀ ਹੈ। ਅਜਿਹੇ ਮੈਗਜ਼ੀਨ ਛਪਣ ’ਤੇ ਖਰਚਾ ਲੱਖਾਂ ਵਿੱਚ ਆਉਂਦਾ ਹੈ ਜਦੋਂ ਕਿ ਬਹੁਤੇ ਪਾਠਕ ਫਰੀ ਵਿੱਚ ਪੜ੍ਹਨਾ ਚਾਹੁੰਦੇ ਹਨ। ਦੂਜੀ ਸਮੱਸਿਆ ਮੈਟਰ ਦੀ ਹੈ। ਦੋ-ਢਾਈ ਸੌ ਪੰਨਿਆਂ ਲਈ ਲਿਖਤਾਂ ਵੀ ਚਾਹੀਦੀਆਂ ਹਨ। ਜੇ ਪ੍ਰਾਪਤ ਨਹੀਂ ਹੁੰਦੀਆਂ ਤਾਂ ਤੁਸੀਂ ਹਲਕੀਆਂ ਰਚਨਾਵਾਂ ਛਾਪਣ ਲਈ ਮਜਬੂਰ ਹੋਵੋਗੇ ਜਾਂ ਨੈੱਟ ’ਤੇ ਪਏ ਸਾਹਿਤ ਦੀ ਵਰਤੋਂ ਕਰੋਗੇ। ਇੰਝ ਇੱਕ ਸੰਜੀਦਾ ਅਤੇ ਸੁਹਿਰਦ ਪਾਠਕ ਤੁਹਾਡੇ ਨਾਲੋਂ ਟੁੱਟੇਗਾ। ਪਰਚੇ ਦਾ ਭਵਿੱਖ ਡਗਮਗਾਵੇਗਾ। ਬੇਗਾਨੀ ਮਾਲਕੀ ਵਾਲੇ ਪਰਚਿਆਂ ਦੀ ਸੰਪਾਦਨਾ ਕਰਨੀ ਵੀ ਇੱਕ ਚੁਣੌਤੀ ਹੈ। ਇਹਨਾਂ ਚੁਣੌਤੀਆਂ ਦੇ ਚਲਦਿਆਂ ਵੀ ਇਹ ਵੱਡ-ਆਕਾਰੀ ਮੈਗਜ਼ੀਨ ਨਿਰੰਤਰ ਛਪ ਰਹੇ ਹਨ ਅਤੇ ਸਾਹਿਤਕ ਪੱਤਰਕਾਰੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਹਨਾਂ ਦੇ ਪ੍ਰਕਾਸ਼ਨ ਨਾਲ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਮੌਕਾ ਮਿਲ ਰਿਹਾ ਹੈ। ਪੰਜਾਬੀ ਦੇ ਬਹੁਤ ਸਾਰੇ ਸਿਰਮੌਰ ਲੇਖਕ ਇਨ੍ਹਾਂ ਵਿੱਚ ਛਪਣਾ ਚਾਹੁੰਦੇ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਦੀ ਲੋਕ-ਪ੍ਰਵਾਨਗੀ ਅਤੇ ਵਿਸ਼ਵ-ਵਿਆਪੀ ਪਹੁੰਚ ਦਾ ਪ੍ਰਭਾਵ ਸਾਹਿਤ ਉੱਪਰ ਵੀ ਪਿਆ। ਸ਼ਹਿਰ ਸ਼ਹਿਰ ਘੁੰਮ ਕੇ ਮੈਗਜ਼ੀਨ ਦਾ ਲੋਕ ਅਰਪਣ ਅਤੇ ਪ੍ਰਚਾਰ ਕਰਨ ਦਾ ਕੰਮ ਸੁਸ਼ੀਲ ਦੁਸਾਂਝ ਦੀ ਅਗਵਾਈ ਹੇਠ ਹੁਣ ਮੈਗਜ਼ੀਨ ਤੋਂ ਸ਼ੁਰੂ ਹੋਇਆ। ਅੱਖਰ ਅਤੇ ਰਾਗ ਵਾਲੇ ਇਸ ਪਿਰਤ ਨੂੰ ਜਾਰੀ ਵੀ ਰੱਖ ਰਹੇ ਹਨ ਅਤੇ ਨਿਭਾ ਵੀ ਰਹੇ ਹਨ। ਇੰਝ ਮੈਗਜ਼ੀਨ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਦਾ ਹੈ। ਮੁਕਾਬਲੇਬਾਜ਼ੀ ਦਾ ਇਹ ਰੁਝਾਨ ਪਾਠਕਾਂ ਅੰਦਰ ਉਤਸੁਕਤਾ ਵੀ ਪੈਦਾ ਕਰਦਾ ਹੈ।
ਪੰਜਾਬੀ ਵਿੱਚ ਛਪ ਰਹੇ ਜਾਂ ਛਪਦੇ ਰਹੇ ਮੈਗਜ਼ੀਨਾਂ ਦੀ ਸੂਚੀ ’ਤੇ ਨਿਗਾਹ ਮਾਰਿਆਂ ਇਹ ਗਿਣਤੀ ਪੰਜ ਦਰਜਨ ਤੋਂ ਵੀ ਟੱਪ ਜਾਂਦੀ ਹੈ। ਹਾਲਾਂਕਿ ਮੈਨੂੰ ਪਤਾ ਹੈ ਕਿ ਜੇਕਰ ਮੈਂ ਇਹ ਸੂਚੀ ਪੜ੍ਹਨੀ ਸ਼ੁਰੂ ਕਰਾਂ ਤਾਂ ਬਹੁਤ ਸਾਰੇ ਮੈਗਜ਼ੀਨ ਰਹਿ ਜਾਣਗੇ। ਅਜਿਹੇ ਮੈਗਜ਼ੀਨਾਂ ਦੀ ਗਿਣਤੀ ਵੀ ਪੰਜ ਦਰਜਨ ਤੋਂ ਘੱਟ ਨਹੀਂ ਹੋਵੇਗੀ। ਕਾਵਿ-ਸ਼ਾਸਤਰ, ਤਾਸਮਨ, ਆਲੋਚਨਾ, ਸੰਵਾਦ ਆਦਿ ਕੁਝ ਹੋਰ ਜ਼ਿਕਰਯੋਗ ਪਰਚੇ ਹਨ। ਬਹੁਤ ਸਾਰੇ ਰਹਿ ਵੀ ਗਏ ਹਨ। ਇਸ ਵਿਚਾਰ ਚਰਚਾ ਨੂੰ ਸਮੇਟਣ ਖ਼ਾਤਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ। ਇਹਨਾਂ ਨੇ ਪੰਜਾਬੀਆਂ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਲਈ ਪਿਆਰ ਅਤੇ ਸਤਿਕਾਰ ਪੈਦਾ ਕੀਤਾ ਹੈ। ਇਹਨਾਂ ਰਾਹੀਂ ਬਹੁਤ ਸਾਰਾ ਵਿਸ਼ਵ ਸਾਹਿਤ ਅਨੁਵਾਦ ਹੋ ਕੇ ਪਾਠਕਾਂ ਕੋਲ ਪਹੁੰਚ ਰਿਹਾ ਹੈ। ਬਹੁਤ ਸਾਰੀਆਂ ਦੂਜੀਆਂ ਭਾਸ਼ਾਵਾਂ ਦਾ ਚੰਗਾ ਸਾਹਿਤ ਵੀ ਪੰਜਾਬੀ ਦੇ ਇਹਨਾਂ ਮੈਗਜ਼ੀਨਾਂ ਦੀ ਬਦੌਲਤ ਪੜ੍ਹਨ ਨੂੰ ਮਿਲਦਾ ਹੈ। ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਪਾਠਕਾਂ ਦੀ ਘਾਟ ਵਾਲਾ ਸਾਡਾ ਸ਼ਿਕਵਾ ਵੀ ਇਹ ਸਾਹਿਤਕ ਪੱਤ੍ਰਿਕਾਵਾਂ ਕੁਝ ਹੱਦ ਤਕ ਦੂਰ ਕਰਨ ਦਾ ਨਿਰੋਇਆ ਯਤਨ ਕਰ ਰਹੀਆਂ ਹਨ। ਸਾਹਿਤਕ ਮੈਗਜ਼ੀਨਾਂ ਦੀ ਪ੍ਰਕਾਸ਼ਨਾ ਕਰ ਰਹੇ ਇਨ੍ਹਾਂ ਦੋਸਤਾਂ ’ਤੇ ਸਾਨੂੰ ਮਾਣ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5369)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: