“ਅਸੀਂ ਦੇਖਦੇ ਹਾਂ ਕਿ ਅਜੋਕੇ ਸਮੇਂ ਵਿੱਚ ਪੜ੍ਹਨ-ਲਿਖਣ ਲਈ ਭਾਵੇਂ ਕੰਪਿਊਟਰਾਂ ਅਤੇ ਸੈੱਲਫ਼ੋਨਾਂ ਦੀ ...”![]()
(7 ਜਨਵਰੀ 2026)

ਕਿਤਾਬ ਦਾ ਇਤਿਹਾਸ ਲਿਖਾਈ ਅਤੇ ਕਾਗਜ਼ ਦੀਆਂ ਖੋਜਾਂ ਜਿੰਨਾ ਹੀ ਪੁਰਾਣਾ ਹੈ। ਅਜੋਕੀ ਪੀੜ੍ਹੀ ਜੋ ਕੰਪਿਊਟਰਾਂ ਅਤੇ ਸੈੱਲਫ਼ੋਨਾਂ ਉੱਪਰ ਉਂਗਲਾਂ ਮਾਰ-ਮਾਰ ਕੇ ਉਨ੍ਹਾਂ ਵਿੱਚੋਂ ਹਰੇਕ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਦੇ ਆਹਰ ਵਿੱਚ ਲੱਗੀ ਹੋਈ ਹੈ, ਉਸ ਨੂੰ ਕਿੱਥੋਂ ਪਤਾ ਹੋਣਾ ਹੈ ਕਿ ਅਜੋਕੀਆਂ ਰੰਗ-ਬਰੰਗੀਆਂ ਜਿਲਦਾਂ ਦੇ ਅੰਦਰ ਸੁੰਦਰ ਫ਼ੌਟਾਂ ਵਿੱਚ ਛਪੀਆਂ ਕਿਤਾਬਾਂ ਸ਼ੁਰੂ-ਸ਼ੁਰੂ ਵਿੱਚ ਕਿਹੋ ਜਿਹੀਆਂ ਹੁੰਦੀਆਂ ਸਨ। ਉਨ੍ਹਾਂ ਨੂੰ ਕੀ ਪਤਾ ਹੋਵੇਗਾ ਕਿ ਹਜ਼ਾਰਾਂ ਸਾਲ ਪਹਿਲਾਂ ਕਿਤਾਬਾਂ ਮਿੱਟੀ ਦੀਆਂ ਪਕਾਈਆਂ ਹੋਈਆਂ ‘ਪੱਟੀਆਂ’ (Clay Tablets), ਉਪਲਬਧ ਰੁੱਖਾਂ ਦੀ ‘ਛਿੱਲਾਂ’ (Barks), ਪਾਮ ਦੇ ਪੱਤਿਆਂ (Palm Leaves) ਅਤੇ ‘ਪੇਪੀਰਸ’ (Papyrus) ਰੁੱਖ ਦੇ ਗੁੱਦੇ ਦੀਆਂ ਬਣੀਆਂ ਵੀ ਹੁੰਦੀਆਂ ਸਨ। ਕਾਗਜ਼ ਅਤੇ ਸਿਆਹੀ ਦੀ ਖੋਜ ਤੋਂ ਬਾਅਦ ਮਨੁੱਖ ਵੱਲੋਂ ਹੱਥਾਂ ਨਾਲ ਬਣਾਏ ਗਏ ਕਾਗਜ਼ ਉੱਪਰ ਖ਼ੁਸ਼ਖ਼ਤ ਲਿਖਾਈ ਵਿੱਚ ਲਿਖੇ ਗਏ ‘ਹੱਥ-ਖਰੜੇ’ (Manuscripts) ਤਿਆਰ ਹੋਏ, ਜਿਹੜੇ ਹੁਣ ਵੀ ਕਈ ਲਾਇਬਰੇਰੀਆਂ ਦੇ ‘ਦੁਰਲੱਭ ਪੁਸਤਕਾਂ ਤੇ ਖਰੜਿਆਂ ਦੇ ਵਿਭਾਗਾਂ’ (Rare Books and Manuscripts Sections) ਅਤੇ ‘ਆਰਕਾਈਵਜ਼’ (Archives) ਵਿੱਚ ਵੇਖੇ ਭਾਲੇ ਜਾ ਸਕਦੇ ਹਨ।
ਅਜੋਕੀ ਪੀੜ੍ਹੀ ਅਤੇ ਆਮ ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਪੱਟੀਆਂ’ ਉੱਪਰ ਲਿਖੀਆਂ ਗਈਆਂ ਇਹ ‘ਕਿਤਾਬਾਂ’ (Clay Tablets) ਮੈਸੋਪੋਟੇਮੀਆ ਵਿੱਚ ਲਗਭਗ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਉਪਲਬਧ ਸਨ ਅਤੇ ਇਨ੍ਹਾਂ ਦੀ ਗਿਣਤੀ ਉਦੋਂ ਲੱਖਾਂ ਵਿੱਚ ਸੀ। ਇੰਟਰਨੈੱਟ ਤੋਂ ਪ੍ਰਾਪਤ ਇੱਕ ਜਾਣਕਾਰੀ ਅਨੁਸਾਰ ਉਸ ਸਮੇਂ ਪੰਜ ਲੱਖ ਤੋਂ ਵਧੇਰੇ ਅਜਿਹੀਆਂ ‘ਕਿਤਾਬਾਂ’ ਮੌਜੂਦ ਸਨ। ਅਮਰੀਕਾ ਵੱਲੋਂ 2003 ਵਿੱਚ ਈਰਾਕ ਉੱਪਰ ਕੀਤੇ ਗਏ ਹਮਲੇ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਉੱਥੋਂ ਜਿਹੜੀਆਂ ਕੀਮਤੀ ਚੀਜ਼ਾਂ ਲੁੱਟੀਆਂ ਗਈਆਂ, ਉਨ੍ਹਾਂ ਵਿੱਚ ਅਜਿਹੀਆਂ ਪੌਣੇ ਦੋ ਲੱਖ ‘ਪੱਟੀਆਂ’ (Clay Tablets) ਵੀ ਸ਼ਾਮਲ ਸਨ। ਇਹ ਅਜੇ ਵੀ ਉੱਥੇ ਕਈ ਪੁਰਾਣੀਆਂ ਲਾਇਬਰੇਰੀਆਂ ਵਿੱਚ ਮੌਜੂਦ ਹਨ। ਇਨ੍ਹਾਂ ‘ਪੱਟੀਆਂ’ ਨੂੰ ਤਿਆਰ ਕਰਨ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਇਸ ਨੂੰ ਨਿੱਕੀ ਜਿਹੀ ‘ਸਿਲ’ ਦਾ ਰੂਪ ਦਿੱਤਾ ਜਾਂਦਾ ਸੀ ਅਤੇ ਇਸ ‘ਗਿੱਲੀ ਸਿਲ’ ਉੱਪਰ ਤਿੱਖੀ ਨੋਕ ਵਾਲੀ ਖ਼ਾਸ ਕਿਸਮ ਦੀ ਖ਼ਾਸ ‘ਚੀਜ਼’ (Cunei) ਨਾਲ ਅੱਖਰ ਉੱਕਰੇ ਜਾਂਦੇ ਸਨ। ਫਿਰ ਇਨ੍ਹਾਂ ‘ਪੱਟੀਆਂ’ (ਛੋਟੀਆਂ-ਛੋਟੀਆਂ ਸਿਲਾਂ) ਨੂੰ ਅੱਗ ਵਿੱਚ ਪਕਾ ਲਿਆ ਜਾਂਦਾ ਸੀ।
ਇਸ ਤੋਂ ਅਗਲੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਲਿਖਾਈ ਰੁੱਖਾਂ ਦੀਆਂ ‘ਛਿੱਲਾਂ’ ਉੱਪਰ ਵੀ ਕੀਤੀ ਜਾਂਦੀ ਸੀ। ਕਈ ਰੁੱਖਾਂ ਦੀਆਂ ਛਿੱਲਾਂ (Barks) ਅੰਦਰੋਂ ਬੜੀਆਂ ਸਾਫ ਅਤੇ ਮੁਲਾਇਮ ਹੁੰਦੀਆਂ ਹਨ। ਇਨ੍ਹਾਂ ਨੂੰ ਤਣੇ ਤੋਂ ਲੰਮੇ ਰੁਖ ਉਤਾਰ ਕੇ ਸੁਕਾ ਲਿਆ ਜਾਂਦਾ ਸੀ ਅਤੇ ਇਨ੍ਹਾਂ ਉੱਪਰ ਖ਼ੁਸ਼ਖਤ ਲਿਖਾਈ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਲਿਖਣ ਲਈ ਫਿਰ ‘ਪੇਪੀਰਸ’ ਨਾਂ ਦੇ ਰੁੱਖ ਦੇ ਤਣੇ ਅਤੇ ਟਾਹਣੀਆਂ ਦਾ ‘ਗੁੱਦਾ’ ਤਿਆਰ ਕਰਕੇ, ਇਸਦੀ ਪਤਲੀ ਜਿਹੀ ਤੈਅ ਬਣਾ ਕੇ ਮੁਢਲੇ ‘ਕਾਗਜ਼’ ਦੇ ਰੂਪ ਵਿੱਚ ਵਰਤਿਆ ਜਾਣ ਲੱਗਾ, ਜਿਸ ਉੱਪਰ ਹੱਥ ਨਾਲ ਖ਼ੁਸ਼ਖਤ ਲਿਖਾਈ ਕੀਤੀ ਜਾਂਦੀ ਸੀ। ਸਿਆਹੀ ਸੁੱਕਣ ਤੋਂ ਬਾਅਦ ਇਨ੍ਹਾਂ ਨੂੰ ਵਲ੍ਹੇਟ ਕੇ ਇਨ੍ਹਾਂ ਦੇ ‘ਸਕਰੋਲ’ (Scroll) ਬਣਾ ਲਏ ਜਾਂਦੇ ਸਨ। ਕਾਗਜ਼ ਬਣਾਉਣ ਲਈ ਇਹ ‘ਪੇਪੀਰਸ’ ਮਿਸਰ ਵਿੱਚ ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਵਰਤਿਆ ਗਿਆ, ਕਿਉਂਕਿ ਨੀਲ ਦਰਿਆ ਦੇ ਕਿਨਾਰੇ ਇਸਦੇ ਰੁੱਖ ਉਸ ਸਮੇਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹੱਥ-ਲਿਖਤ ਖਰੜਿਆਂ ਦਾ ਇਹ ਸਿਲਸਿਲਾ ਕਈ ਹਜ਼ਾਰ ਸਾਲ ਚੱਲਦਾ ਰਿਹਾ ਅਤੇ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਕ ਗ੍ਰੰਥ ਇਸ ਰੂਪ ਵਿੱਚ ਲਿਖੇ ਗਏ, ਜੋ ਅੱਜ ਵੀ ਕਈ ਪੁਰਾਣੀਆਂ ਲਾਇਬਰੇਰੀਆਂ ਅਤੇ ਆਰਕਾਈਚਜ਼ ਵਿੱਚ ਮੌਜੂਦ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਤਾਬ ਨੂੰ ਅਜੋਕੇ ਰੂਪ ਵਿੱਚ ਆਉਣ ਲਈ ਹਜ਼ਾਰਾਂ ਸਾਲ ਲੱਗ ਗਏ।
ਪੁਸਤਕਾਂ ਦੀ ਛਪਾਈ (Printing) ਦੇ ਅਜੋਕੇ ਇਤਿਹਾਸ ਦਾ ਪੰਨਾ ਜਰਮਨੀ ਦੇ ਖੋਜੀ ਬਿਰਤੀ ਦੇ ਮਾਲਕ ਕਿੱਤੇ ਵਜੋਂ ‘ਲੋਹਾਰ’ ਜੌਹਨਜ਼ ਗਟਨਬਰਗ ਵੱਲੋਂ 1450 ਈਸਵੀ ਵਿੱਚ ਇਜਾਦ ਕੀਤੀ ਗਈ ‘ਮੂਵੇਬਲ ਟਾਈਪ ਪ੍ਰਿੰਟਿੰਗ ਪ੍ਰੈੱਸ’ (Movable Type Printing Press) ਨਾਲ ਅਰੰਭ ਹੁੰਦਾ ਹੈ। ਭਾਵੇਂ ਪ੍ਰਿੰਟਿੰਗ ਇਸ ਤੋਂ ਪਹਿਲਾਂ ਵੀ ਕੀਤੀ ਜਾਂਦੀ ਸੀ, ਪਰ ਉਦੋਂ ਕਿਤਾਬਾਂ ਬਹੁਤ ਘੱਟ ਗਿਣਤੀ ਵਿੱਚ ਛਪਦੀਆਂ ਸਨ। ਇਸ ਪ੍ਰਿੰਟਿੰਗ ਦੇ ਆਉਣ ਨਾਲ ਕਿਤਾਬਾਂ ਵੱਡੀ ਗਿਣਤੀ ਵਿੱਚ ਛਪਣ ਲੱਗੀਆਂ। ਪ੍ਰਿੰਟਿੰਗ ਦੇ ਇਤਿਹਾਸ ਵਿੱਚ ‘ਲਾਈਨੋਟਾਈਪ ਪ੍ਰਿੰਟਿੰਗ’ (Linotype Printing) 1876 ਵਿੱਚ, “ਪੱਥਰ-ਛਾਪ ਪ੍ਰਿੰਟਿੰਗ’ (Lithographic Limestone Printing) 1897 ਵਿੱਚ, ਅਤੇ ‘ਆਫਸੈੱਟ ਪ੍ਰਿੰਟਿੰਗ’ (Offset Printing) 1904 ਵਿੱਚ ਸ਼ੁਰੂ ਹੋਣ ਦਾ ਜ਼ਿਕਰ ਆਉਂਦਾ ਹੈ। ਪੰਜਾਬ ਵਿੱਚ ਸਭ ਤੋਂ ਪਹਿਲੀ ਪ੍ਰਿੰਟਿੰਗ ਪ੍ਰੈੱਸ ‘ਲੁਧਿਆਣਾ ਮਿਸ਼ਨ ਪ੍ਰੈੱਸ’ ਦੇ ਅਮਰੀਕਨ ਮਿਸ਼ਨਰੀਆਂ ਵੱਲੋਂ 1835 ਵਿੱਚ ਲਾਈ ਗਈ, ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ‘ਬਾਈਬਲ’ ਪੰਜਾਬੀ ਵਿੱਚ ਛਾਪੀ ਅਤੇ ਫਿਰ ਇਸਾਈ ਮੱਤ ਦੇ ਪ੍ਰਚਾਰ ਲਈ ਹੋਰ ਸਾਹਿਤ ਛਾਪਿਆ।
ਅਜੋਕੇ ਸਮੇਂ ਵਿੱਚ ਪ੍ਰਿੰਟਿੰਗ ਦੀ ਜੇਕਰ ਗੱਲ ਕਰੀਏ ਤਾਂ ਹੁਣ ਪੁਸਤਕਾਂ ਦੀ ਛਪਾਈ ਵਿੱਚ ਕੰਪਿਊਟਰ ਦੀ ਭਰਪੂਰ ਵਰਤੋਂ ਹੋ ਰਹੀ ਹੈ। ਪਹਿਲੀ ਗੱਲ ਤਾਂ ਕਿਤਾਬ ਦਾ ਸਮੁੱਚਾ ‘ਟੈਕਸਟ’ (Text) ਹੀ ਕੰਪਿਊਟਰ ਉੱਪਰ ਟਾਈਪ ਕੀਤਾ ਜਾਂਦਾ ਹੈ ਅਤੇ ਕਿਤਾਬ ਦਾ ਸਮੁੱਚਾ ‘ਖਰੜਾ’ ਤਿਆਰ ਕੀਤਾ ਜਾਂਦਾ ਹੈ। ਫਿਰ ਇਸਦੀ ਸੀ.ਡੀ. (C D) ਬਣਾ ਕੇ ਪ੍ਰਿੰਟਰ ਨੂੰ ਭੇਜੀ ਜਾਂਦੀ ਹੈ, ਜੋ ਇਸ ਨੂੰ ਪ੍ਰਿੰਟਿੰਗ ਮਸ਼ੀਨ ਨਾਲ ਜੋੜ ਕੇ ਇਸ ਨੂੰ ਲੋੜੀਂਦੀਆਂ ‘ਹਦਾਇਤਾਂ’ (Programming) ਦੇ ਕੇ ਸੰਬੰਧਿਤ ਕਿਤਾਬ ਦੀਆਂ ਲੋੜ ਅਨੁਸਾਰ ਕਾਪੀਆਂ ਛਾਪਦਾ ਹੈ। ਇਸਦੇ ਨਾਲ ਹੀ ਹੁਣ ਤਾਂ ‘ਈ-ਬੁੱਕਸ’, “ਈ-ਜਰਨਲਜ਼’ ਅਤੇ ‘ਈ-ਮੈਗ਼ਜੀਨ’ ਵੀ ਆ ਗਏ ਹਨ, ਜੋ ਕੰਪਿਊਟਰ ’ਤੇ ਉਪਲਬਧ ਹਨ। ਅਸੀਂ ਦੇਖਦੇ ਹਾਂ ਕਿ ਅੱਜਕੱਲ੍ਹ ਡਿਜਿਟਲ ਮੀਡੀਆ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਕਾਗਜ਼ ਉੱਪਰ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ ਘਟਦੀ ਜਾ ਰਹੀ ਹੈ।
ਹੁਣ ਜੇਕਰ ਕੰਪਿਊਟਰ ਦੀ ਗੱਲ ਕਰੀਏ ਤਾਂ ਕਿਤਾਬ ਦੇ ਮੁਕਾਬਲੇ ਕੰਪਿਊਟਰ ਦਾ ਇਤਿਹਾਸ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਤੋਂ ਸ਼ੁਰੂ ਹੁੰਦਾ ਹੈ, ਜਦੋਂ 1920ਵਿਆਂ ਵਿੱਚ ‘ਟਰਮ’ (ਵਾਕਅੰਸ਼) ‘ਕੰਪਿਊਟਿੰਗ ਮਸ਼ੀਨ’ ਹੋਂਦ ਵਿੱਚ ਆਈ। 1940ਵਿਆਂ ਅਤੇ 1950ਵਿਆਂ ਵਿੱਚ ਕਈ ਕਿਸਮ ਦੀਆਂ ਇਲੈਕਟਰੌਨਿਕ ਮਸ਼ੀਨਾਂ ਦੇ ਆਉਣ ’ਤੇ ਇਹ ਟਰਮ ਹੌਲੀ ਹੌਲੀ ‘ਕੰਪਿਊਟਰ’ ਵਿੱਚ ਬਦਲ ਗਈ। ਕੰਪਿਊਟਰਾਂ ਦੀ ਸ਼੍ਰੇਣੀ ਵਿੱਚ ਪਹਿਲਾਂ ‘ਐਨਾਲਾਗ’ (ANALOG) ਕੰਪਿਊਟਰ ਆਏ ਅਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ‘ਐਨਵਾਕ’ (ENVAC), “ਐਡਵਾਕ’ (EDVAC), “ਐਡਸੈਕ’ (EDSAC) ਤੇ ‘ਬਾਈਨੈਕ’ (BINAC) ਕੰਪਿਊਟਰਾਂ ਦੀ ਵਾਰੀ ਆਈ। ਅਸੀਂ ਇਨ੍ਹਾਂ ਦੇ ਵਿਸਥਾਰ ਵਿੱਚ ਨਹੀਂ ਜਾਂਦੇ, ਕਿਉਂਕਿ ਇਹ ਆਪਣੇ ਆਪ ਵਿੱਚ ਲੰਮੀ ਕਹਾਣੀ ਹੈ ਤੇ ਇਹ ਇੱਥੇ ਬਿਆਨ ਕਰਨ ਦੀ ਲੋੜ ਨਹੀਂ ਹੈ।
ਅਸੀਂ ਸਿੱਧੇ 1980ਵਿਆਂ ਅਤੇ 1990ਵਿਆਂ ਵੱਲ ਆਉਂਦੇ ਹਾਂ ਜਦੋਂ ਕੰਪਿਊਟਰ ਦੀ ਵਰਤੋਂ ‘ਸ਼ਬਦ-ਬਣਤਰ’ (ਵਰਡ-ਪ੍ਰਾਸੈੱਸਿੰਗ) ਲਈ ਹੋਣ ਲੱਗੀ। 1989 ਵਿੱਚ ‘ਐਪਲ’ ਨਾਂ ਦੀ ਕੰਪਨੀ ਨੇ ‘ਪੋਰਟੇਬਲ ਲੈਪਟਾਪ’ ਤਿਆਰ ਕੀਤਾ ਜਿਸਦਾ ਭਾਰ 7.2 ਕਿਲੋਗਰਾਮ (16 ਪੌਂਡ) ਅਤੇ ਇਸਦੀ ਕੀਮਤ 7,300 ਅਮਰੀਕੀ ਡਾਲਰ ਸੀ, ਜਦਕਿ 1980-1990 ਦੇ ਦਹਾਕੇ ਦੌਰਾਨ ਆਈ.ਬੀ.ਐੱਮ. ਕੰਪਨੀ ਦੇ ‘ਬਿਜ਼ਨੈੱਸ ਸਿਸਟਮ ਸੈਂਟਰ’ ਵੱਲੋਂ ਬਿਜ਼ਨੈੱਸ ਦੇ ਮੰਤਵ ਲਈ ਤਿਆਰ ਕੀਤੇ ਗਏ ‘ਮਾਈਕਰੋਪ੍ਰੋਸੈੱਸਰ ਕੰਪਿਊਟਰਾਂ’ ਦੀ ਕੀਮਤ ਲਗਭਗ 14,000 ਡਾਲਰ ਸੀ। ਇਸ ਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤੋਂ ਪਹਿਲੇ ਮੁਢਲੇ ਵੱਡੇ ਕੰਪਿਊਟਰ ਜੋ ਇੱਕ ਕਮਰੇ ਵਿੱਚ ਮਸਾਂ ਇੱਕ-ਇੱਕ ਹੀ ਸਮਾਏ ਜਾਂਦੇ ਸਨ, ਕਿਸ ਕਿਸਮ ਦੇ ਹੋਣਗੇ ਅਤੇ ਇਨ੍ਹਾਂ ਦੀ ਕੀਮਤ ਕਿੰਨੀ ਹੁੰਦੀ ਹੋਵੇਗੀ। ਉੱਪਰੋਂ ਇਨ੍ਹਾਂ ਵਿੱਚ ਪਏ ਨੁਕਸਾਂ ਦਾ ਵੀ ਜਲਦੀ ਪਤਾ ਨਹੀਂ ਸੀ ਲਗਦਾ।
ਕਹਿੰਦੇ ਹਨ ਕਿ ਇੱਕ ਵਾਰ ਅਜਿਹੇ ਕੰਪਿਊਟਰ ਵਿੱਚ ਕੋਈ ਨੁਕਸ ਪੈ ਗਿਆ ਅਤੇ ਕੰਪਿਊਟਰ ਵਿਗਿਆਨੀਆਂ ਨੂੰ ਇਸਦੀ ਸਮਝ ਨਾ ਲੱਗੇ, ਪਈ ਨੁਕਸ ਕੀ ਹੈ ਤੇ ਇਹ ਕਿੱਥੇ ਹੈ? ਹਾਰ-ਹੰਭ ਕੇ ਬੈਠ ਕੇ ਉਹ ਆਰਾਮ ਕਰਨ ਲੱਗ ਪਏ। ਫਿਰ ਅਚਾਨਕ ਇੱਕ ਵਿਗਿਆਨੀ ਦਾ ਧਿਆਨ ਜਦੋਂ ਕਮਰੇ ਵਿੱਚ ਵਿਛੀਆਂ ਕੰਪਿਊਟਰ ਦੀਆਂ ਤਾਰਾਂ ਉੱਪਰ ਪਿਆ ਤਾਂ ਉਸ ਨੂੰ ਉਨ੍ਹਾਂ ਦੇ ਨੇੜੇ ਇੱਕ ਮਰਿਆ ਹੋਇਆ ਚੂਹਾ ਦਿਸਿਆ ਅਤੇ ਨਾਲ ਹੀ ਕੁਝ ਤਾਰਾਂ ਵੀ ਟੁੱਕੀਆਂ ਹੋਈਆਂ ਨਜ਼ਰੀਂ ਪਈਆਂ, ਜੋ ਉਸ ਚੂਹੇ ਨੇ ਟੁੱਕ ਛੱਡੀਆਂ ਸਨ। ਇਸ ਤੋਂ ਬਾਅਦ ਕੰਪਿਊਟਰ ਦੇ ਕਈ ਸੁਧਰੇ ਹੋਏ ਰੂਪ ਮਾਰਕੀਟ ਵਿੱਚ ਆਏ। ਵੱਖ-ਵੱਖ ਕੰਪਨੀਆਂ ਵਿਚਕਾਰ ਚੱਲ ਰਹੀ ਮੁਕਾਬਲੇਬਾਜ਼ੀ ਅਤੇ ਇਨ੍ਹਾਂ ਕੰਪਿਊਟਰਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੌਜੀ ਵਿੱਚ ਹੋਈ ਨਵੀਂ ਖੋਜ ਕਾਰਨ ਇਨ੍ਹਾਂ ਕੰਪਿਊਟਰਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ। ਖ਼ੈਰ, ਆਪਾਂ ਇਹਦੇ ਵਿੱਚੋਂ ਕੀ ਕੱਢਣਾ/ਪਾਉਣਾ ਹੈ ਅਤੇ ਅਸੀਂ ਪੜ੍ਹਾਈ-ਲਿਖਾਈ ਲਈ ਕੰਪਿਊਟਰ ਦੀ ਵਰਤੋਂ ਦੀ ਗੱਲ ਕਰਦੇ ਹਾਂ।
ਅੱਜਕੱਲ੍ਹ ਪੁਸਤਕਾਂ ਕਾਗਜ਼ ਉੱਪਰ ਨਹੀਂ, ਸਗੋਂ ਸਿੱਧੀਆਂ ਕੰਪਿਊਟਰਾਂ ’ਤੇ ਹੀ ਲਿਖੀਆਂ ਜਾ ਰਹੀਆਂ ਹਨ ਅਤੇ ਇਸਦੇ ਲਈ ਕਈ ‘ਸਾਫਟਵੇਅਰ’ ਵੀ ਹੋਂਦ ਵਿੱਚ ਆ ਗਏ ਹਨ। ਪਹਿਲਾਂ ਇਹ ਕੰਪਿਊਟਰ ਦੇ ‘ਵਰਡ-ਪੈਡ’ ਉੱਪਰ ਕੇਵਲ ਟਾਈਪ ਹੀ ਕੀਤੀਆਂ ਜਾਂਦੀਆਂ ਸਨ, ਪਰ ਹੁਣ ਇਹ ਸਾਫਟਵੇਅਰ ਕਿਤਾਬਾਂ ਲਿਖਣ ਵਿੱਚ ਵੀ ਸਹਾਇਤਾ ਕਰ ਰਹੇ ਹਨ ਅਤੇ ਏ.ਆਈ. ਇਸ ਕੰਮ ਵਿੱਚ ਮੋਹਰਲੀ ਭੂਮਿਕਾ ਨਿਭਾ ਰਹੀ ਹੈ। ਉਹ ਲੇਖਕਾਂ ਵੱਲੋਂ ਆਏ ਵਿਚਾਰਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕਰ ਰਿਹਾ ਹੈ ਅਤੇ ਇਸਦੇ ਹੀ ਨਾਲ ਮਿਲਦੇ-ਜੁਲਦੇ ਕਈ ਹੋਰ ਵਿਚਾਰ ਵੀ ਉਸ ਵਿੱਚ ਲਿਆ ਧਰਦਾ ਹੈ। ਉਹ ਲੇਖਕਾਂ ਦੀ ਇੱਛਾਵਾਂ ਅਨੁਸਾਰ ਕਵਿਤਾਵਾਂ, ਕਹਾਣੀਆਂ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਆਰਟੀਕਲ (ਲੇਖ) ਉਨ੍ਹਾਂ ਅੱਗੇ ਪੇਸ਼ ਕਰ ਰਿਹਾ ਹੈ। ਇਸ ਤਰ੍ਹਾਂ ਕਿਤਾਬ ਲਿਖਣ ਤੇ ਛਾਪਣ ਦਾ ਕੰਮ ਬਹੁਤ ਆਸਾਨ ਹੋ ਗਿਆ ਹੈ ਅਤੇ ਹੁਣ ਹਜ਼ਾਰਾਂ ਨਹੀਂ, ਸਗੋਂ ਲੱਖਾਂ ਦੀ ਗਿਣਤੀ ਵਿੱਚ ‘ਈ-ਬੁੱਕਸ’ ਛਾਪੀਆਂ ਜਾ ਰਹੀਆਂ ਹਨ। ਇਹ ਈ-ਬੁੱਕਸ ਇੰਟਰਨੈੱਟ ਦੀ ਸਹਾਇਤਾ ਨਾਲ ਲੈਪਟੌਪਾਂ ਅਤੇ ਸਮਾਰਟ ਫ਼ੋਨਾਂ ਵਿੱਚ ਦੇਖੀਆਂ ਅਤੇ ਪੜ੍ਹੀਆਂ ਜਾ ਸਕਦੀਆਂ ਹਨ। ਹੁਣ ਤਾਂ ਬੋਲਣ ਵਾਲੀਆਂ ਕਿਤਾਬਾਂ ਵੀ ਆ ਗਈਆਂ ਹਨ ਜੋ ਬੈੱਡ ’ਤੇ ਲੰਮੇ ਪੈ ਕੇ ਬੜੇ ਆਰਾਮ ਨਾਲ ਸੁਣੀਆਂ ਜਾ ਸਕਦੀਆਂ ਹਨ।
ਜੇਕਰ ਕਾਗ਼ਜ਼ ਅਤੇ ਕੰਪਿਊਟਰ ਉੱਪਰ ਉਪਲਬਧ ਕਿਤਾਬਾਂ ਦੇ ਪੜ੍ਹਨ ਬਾਰੇ ਗੱਲ ਕਰੀਏ ਤਾਂ ਮੇਰਾ ਤਾਂ ਇਹ ਖ਼ਿਆਲ ਹੈ ਕਿ ਜੋ ਮਜ਼ਾ ਕਾਗ਼ਜ਼ਾਂ ਉੱਪਰ ਛਪੀ ਹੋਈ ਜਿਲਦਬੰਦੀ ਵਾਲੀ ਕਿਤਾਬ ਨੂੰ ਪੜ੍ਹਨ ਵਿੱਚ ਆਉਂਦਾ ਹੈ, ਉਹ ਕੰਪਿਊਟਰ ਉੱਪਰ ਉਪਲਬਧ ‘ਈ-ਬੁੱਕ’ ਜਾਂ ਕਿਸੇ ਛਪੀ ਹੋਈ ਕਿਤਾਬ ਦੇ ਪੀ.ਡੀ.ਐੱਫ ਨੂੰ ਪੜ੍ਹਨ ਵਿੱਚ ਨਹੀਂ ਹੈ। ਜਿਲਦਬੰਦੀ ਵਾਲੀ ਕਿਤਾਬ ਨੂੰ ਅਸੀਂ ਸੋਫੇ ਜਾਂ ਕੁਰਸੀ ’ਤੇ ਬੈਠ ਕੇ, ਮੇਜ਼ ਉੱਪਰ ਟਿਕਾ ਕੇ ਪੜ੍ਹ ਸਕਦੇ ਹਾਂ ਅਤੇ ਜਦੋਂ ਬੈਠੇ-ਬੈਠੇ ਥੱਕ ਜਾਈਏ ਤਾਂ ਬੈੱਡ ’ਤੇ ਲੇਟ ਕੇ ਸਿਰ ਹੇਠ ਵੱਡਾ ਸਿਰਹਾਣਾ ਰੱਖ ਕੇ ਬੜੇ ਆਰਾਮ ਨਾਲ ਪੜ੍ਹ ਸਕਦੇ ਹਾਂ। ਹੋਰ ਵੀ ‘ਆਰਾਮਦਾਇਕ ਪੋਜ਼ੀਸ਼ਨ’ ਲਈ ਇਹ ਸਿਰਹਾਣੇ ਇੱਕ ਦੀ ਬਜਾਇ ਦੋ ਵੀ ਰੱਖੇ ਜਾ ਸਕਦੇ ਹਨ। ਫਿਰ ਜਦੋਂ ਜੀਅ ਕਰੇ, ਲੱਤਾਂ ਪਿਛਾਂਹ ਖਿੱਚ ਕੇ ਅਤੇ ਗੋਡਿਆਂ ਨੂੰ ਥੋੜ੍ਹਾ ਜਿਹਾ ਉੱਪਰ ਕਰਕੇ ਕਿਤਾਬ ਨੂੰ ਗੋਡਿਆਂ ਉੱਪਰ ਟਿਕਾ ਕੇ ਇਹ ਹੋਰ ਵੀ ਆਰਾਮ ਨਾਲ ਪੜ੍ਹੀ ਜਾ ਸਕਦੇ ਹਾਂ। ਲੰਮੇ ਪਿਆਂ-ਪਿਆਂ ਹੀ ਜਦੋਂ ਮਰਜ਼ੀ ਸਰੀਰ ਨੂੰ ਖੱਬੇ ਜਾਂ ਸੱਜੇ ਪਾਸੇ ਥੋੜ੍ਹਾ ਜਿਹਾ ਘੁਮਾ ਕੇ ਕਿਤਾਬ ਨੂੰ ਹੱਥ ਵਿੱਚ ਫੜ ਕੇ ਪੜ੍ਹਨ ਦਾ ਆਪਣਾ ਹੀ ਮਜ਼ਾ ਹੈ। ‘ਡੈਸਕਟੌਪ’, “ਲੈਪਟੌਪ’ ਜਾਂ ‘ਆਈਪੈਡ’ ਤੋਂ ਇਸ ਤਰ੍ਹਾਂ ਵੱਖ-ਵੱਖ ਪੋਜ਼ੀਸ਼ਨਾਂ ਤੋਂ ਪੜ੍ਹ ਸਕਣਾ ਆਸਾਨ ਨਹੀਂ ਹੈ। ਇਸੇ ਲਈ ਮੇਰੇ ਵਰਗੇ ਬਹੁਤੇ ਪਾਠਕ ਕਿਤਾਬ ਬੈੱਡ ’ਤੇ ਲੇਟ ਕੇ ਕਿਤਾਬ ਪੜ੍ਹਨ ਨੂੰ ਵਧੇਰੇ ਤਰਜੀਹ ਦਿੰਦੇ ਹਨ।
ਇਸ ਤੋਂ ਇਲਾਵਾ ਸੈੱਲਫ਼ੋਨ ਉੱਪਰ ਕਿਤਾਬ ਦੇ ਅੱਖਰ ਹੱਥ ਦੀਆਂ ਉਂਗਲਾਂ ਨਾਲ ਵੱਡੇ-ਛੋਟੇ ਕਰਨੇ ਪੈਂਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਕਿਤਾਬ ਕਈ ਵਾਰੀ ਸੈੱਲਫ਼ੋਨ ਦੀ ਸਕਰੀਨ ਤੋਂ ਗਾਇਬ ਹੋ ਜਾਂਦੀ ਹੈ ਅਤੇ ਉਸ ਨੂੰ ਮੁੜ ਲੱਭਣਾ ਪੈਂਦਾ ਹੈ। ਇੰਜ, ‘ਲੱਭਣ-ਲਭਾਉਣ’ ਦੇ ਚੱਕਰ ਵਿੱਚ ਅਤੇ ਉਸਨੂੰ ਮੁੜ ਕੇ ‘ਸੈੱਟ’ ਕਰਨ ਵਿੱਚ ਕਾਫ਼ੀ ਸਮਾਂ ਖਰਾਬ ਹੋ ਜਾਂਦਾ ਹੈ ਅਤੇ ਸਾਡੇ ਚੰਚਲ ਦਿਮਾਗ਼ ਨੂੰ ਖਿਝ ਵੀ ਚੜ੍ਹਦੀ ਹੈ। ਵੈਸੇ ਵੀ ਲੈਪਟੌਪ ਜਾਂ ਸੈੱਲਫ਼ੋਨ ਦੀ ਸਕਰੀਨ ਉੱਪਰ ਕਿਤਾਬ ਪੜ੍ਹਦੇ ਸਮੇਂ ਅੱਖਾਂ ਨੂੰ ਕਾਫ਼ੀ ‘ਦਬਾਅ’ (ਸਟਰੈੱਸ) ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਕਿਸੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਮੇਰੇ ਲਈ ਇਹ ਬੜਾ ਜੋਖਮ ਭਰਿਆ ਹੁੰਦਾ ਹੈ। ਕਈ ਦੋਸਤਾਂ ਵੱਲੋਂ ਭੇਜੇ ਗਏ ਉਨ੍ਹਾਂ ਦੀਆਂ ਆਪਣੀਆਂ ਜਾਂ ਹੋਰ ਕਿਸੇ ਦੀਆਂ ਕਿਤਾਬਾਂ ਦੇ ਪੀ.ਡੀ.ਐੱਫ. ਮੇਰੇ ਕੋਲੋਂ ਪੜ੍ਹਨ ਖੁਣੋ ਰਹਿ ਜਾਂਦੇ ਹਨ ਅਤੇ ਮੈਂ ਉਨ੍ਹਾਂ ਨੂੰ ਕਿਤਾਬਾਂ ਦੀਆਂ ‘ਹਾਰਡ ਕਾਪੀਆਂ’ ਡਾਕ ਰਾਹੀਂ ਭੇਜਣ ਲਈ ਬੇਨਤੀ ਕਰਦਿਆਂ ਕਹਿੰਦਾ ਹਾਂ, “ਬਈ, ਆਪਾਂ ਡਾਕ-ਖਰਚਾ ਅੱਧਾ-ਅੱਧਾ ਕਰ ਲਵਾਂਗੇ ਜਾਂ ਭਾਵੇਂ ਇਹ ਸਾਰਾ ਹੀ ਮੇਰੇ ਖ਼ਾਤੇ ਪਾ ਦਿਓ, ਪਰ ਆਪਣੀ ਕਿਤਾਬ ਕਿਰਪਾ ਕਰਕੇ ਮੈਨੂੰ ਡਾਕ ਰਾਹੀਂ ਭੇਜਿਆ ਕਰੋ।”
ਕਿਤਾਬਾਂ ਬਾਰੇ ਇੱਕ ਰੋਚਕ ਗੱਲ ਹੋਰ ਵੀ ਹੈ। ਲਾਇਬਰੇਰੀ ਵਿੱਚ ਕਿਤਾਬਾਂ ਪੜ੍ਹਦਿਆਂ ਵਿਦਿਆਰਥੀ ‘ਮੁੰਡੇ-ਕੁੜੀਆਂ’ ਦੀਆਂ ਨਵੀਂਆਂ ‘ਦੋਸਤੀਆਂ’ ਬਣਦੀਆਂ ਹਨ, ਜੋ ਕਈ ਵਾਰੀ ਅੱਗੋਂ ‘ਪ੍ਰੇਮ-ਕਹਾਣੀਆਂ’ ਵਿੱਚ ਬਦਲ ਜਾਂਦੀਆਂ ਹਨ। ਕਈ ਵਾਰ ਨਿੱਜੀ ਕਿਤਾਬਾਂ ਦੇ ਆਦਾਨ-ਪ੍ਰਦਾਨ ਸਮੇਂ ਉਨ੍ਹਾਂ ਵਿੱਚ ‘ਸੁਕਾਏ ਹੋਏ ਫੁੱਲ’ ਅਤੇ ਪ੍ਰੇਮ-ਪਿਆਰ ਦੇ ਸੁਨੇਹਿਆ ਵਾਲੇ ‘ਰੁੱਕੇ’ ਵੀ ਛੁਪਾ ਕੇ ਉਨ੍ਹਾਂ ਵੱਲੋਂ ਇੱਕ ਦੂਸਰੇ ਨੂੰ ਦਿੱਤੇ ਜਾਂਦੇ ਹਨ। ਅਜਿਹਾ ਫਿਲਮਾਂ ਵਿੱਚ ਵੀ ਕਈ ਵਾਰ ਵਿਖਾਇਆ ਜਾਂਦਾ ਹੈ। ਪ੍ਰਸਿੱਧ ਹਿੰਦੀ ਫਿਲਮੀ ਗੀਤਕਾਰ ਗੁਲਜ਼ਾਰ ਵੱਲੋਂ ਆਪਣੀ ਇਸ ਉਰਦੂ ਕਵਿਤਾ ਵਿੱਚ ਇਸ ਸਥਿਤੀ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ, ਜਦੋਂ ਉਹ ਕਹਿੰਦੇ ਹਨ:
ਵੋ ਸਾਰਾ ਆਲਮ ਤੋਂ ਮਿਲਤਾ ਰਹੇਗਾ ਆਇੰਦਾ ਵੀ
ਮਗਰ ਵੋ ਕਿਤਾਬੋਂ ਮੇਂ ਮਿਲਾ ਕਰਤੇ ਥੇ ਜੋ ਸੂਕੇ ਫੂਲ
ਔਰ ਮਹਿਕੇ ਹੂਏ ਰੁੱਕੇ
ਕਿਤਾਬ ਮਾਂਗਨੇ, ਗਿਰਾਨੇ, ਉਠਾਨੇ ਕੇ ਬਹਾਨੇ
ਜੋ ਬਨਤੇ ਥੇ ਰਿਸ਼ਤੇ
ਉਨ ਰਿਸ਼ਤੋਂ ਕਾ ਅਬ ਕਿਆ ਹੋਗਾ?
ਗੁਲਜ਼ਾਰ ਸਾਹਿਬ ਦੀ ਇਹ ਚਿੰਤਾ ਬੜੀ ਵਾਜਬ ਲਗਦੀ ਹੈ। ਲੈਪਟੌਪ ਜਾਂ ਸੈੱਲਫ਼ੋਨ ਨਾਲ ਹੋਰ ਤਾਂ ਬੜਾ ਕੁਝ ਸੰਭਵ ਹੈ, ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਜੋ ਕੇਵਲ ਕਿਤਾਬਾਂ ਹੀ ਕਰ ਸਕਦੀਆਂ ਹਨ।
ਅਸੀਂ ਦੇਖਦੇ ਹਾਂ ਕਿ ਅਜੋਕੇ ਸਮੇਂ ਵਿੱਚ ਪੜ੍ਹਨ-ਲਿਖਣ ਲਈ ਭਾਵੇਂ ਕੰਪਿਊਟਰਾਂ ਅਤੇ ਸੈੱਲਫ਼ੋਨਾਂ ਦੀ ਵਰਤੋਂ ਵਧ ਗਈ ਹੈ ਅਤੇ ਆਉਂਦੇ ਸਮੇਂ ਵਿੱਚ ਇਹ ਹੋਰ ਵੀ ਵਧੇਰੇ ਹੋਣ ਦੀ ਸੰਭਾਵਨਾ ਹੈ, ਪਰ ਫਿਰ ਵੀ ਸੋਸ਼ਲ-ਮੀਡੀਆ ਦੇ ਇਸ ਯੁਗ ਵਿੱਚ ਕਿਤਾਬਾਂ ਦੀ ਭਰੋਸੇਯੋਗਤਾ ਪਹਿਲਾਂ ਵਾਂਗ ਬਰਕਰਾਰ ਹੈ। ਇਸਦੇ ਕਈ ਕਾਰਨ ਹਨ। ਅਜੋਕੇ ਲੇਖਕ ਆਪਣੀ ਕਿਤਾਬ ਦਾ ਵਿਸ਼ਾ-ਵਸਤੂ ਬੜੀ ਗੰਭੀਰਤਾ ਨਾਲ ਸੋਚ-ਵਿਚਾਰ ਕੇ ਚੁਣਦੇ ਹਨ। ਇਸਦੇ ਨਾਲ ਉਹ ਹੋਰ ਵਿਦਵਾਨਾਂ ਨਾਲ ਇਸਦੇ ਬਾਰੇ ਸਲਾਹ-ਮਸ਼ਵਰਾ ਕਰਦੇ ਹਨ ਅਤੇ ਉਨ੍ਹਾਂ ਕੋਲੋਂ ਆਪਣੇ ਖਰੜਿਆਂ ਦੀ ਸੋਧ-ਸੁਧਾਈ ਅਤੇ ਦਰੁਸਤੀ ਵੀ ਕਰਵਾਉਂਦੇ ਹਨ ਤੇ ਫਿਰ ਗੰਭੀਰਤਾ ਨਾਲ ਉਸਨੂੰ ਛਪਵਾਉਣ ਦਾ ਕੰਮ ਕਰਦੇ ਹਨ। ਇਹ ਸਾਰੀਆਂ ਕਿਰਿਆਵਾਂ ਕਿਤਾਬ ਨੂੰ ਮਿਆਰੀ ਅਤੇ ਪਾਠਕਾਂ ਲਈ ਲਾਭਕਾਰੀ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਪਰ ਦੂਸਰੇ ਪਾਸੇ ਡਿਜਿਟਲ ਮੀਡੀਆ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ’ਤੇ ਪੂਰਾ ਨਹੀਂ ਉੱਤਰ ਸਕਦਾ। ਇਸ ਲਈ ਕਿਤਾਬਾਂ ਦੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪੁਰਾਣੇ ਪੁਰਾਤਨ ਗ੍ਰੰਥ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਦੀ ਮਹੱਤਤਾ ਇੰਜ ਹੀ ਬਣੀ ਰਹੇਗੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































