“ਇਸ ਪੁਸਤਕ ਵਿਚ ਲੇਖਕ ਨੇ ਆਪਣੀ ਸਵੈ-ਜੀਵਨੀ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੀ ...”
(9 ਨਵੰਬਰ 2023)
ਬੰਗੇ ਤੋਂ ਮਹਿਜ਼ ਇਕ ਮੀਲ ਦੂਰ ਪੈਂਦੇ ਪਿੰਡ ਜੀਂਦੋਵਾਲ ਦਾ ਵਾਸੀ ਸੋਹਣ ਸਿੰਘ ਪੂੰਨੀ ਇਸ ਪੁਸਤਕ ‘ਸਲਾਮ ਬੰਗਾ’ ਤੋਂ ਪਹਿਲਾਂ ਗ਼ਦਰੀ ਬਾਬਿਆਂ ਬਾਰੇ ਪੁਸਤਕ ‘ਕਨੇਡਾ ਦੇ ਗ਼ਦਰੀ ਯੋਧੇ’ 2009 ਵਿਚ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾ ਚੁੱਕਾ ਹੈ, ਜਿਸ ਦਾ ਦੂਸਰਾ ਸੰਸਕਰਣ ਪਾਠਕਾਂ ਦੀ ਭਰਪੂਰ ਮੰਗ ’ਤੇ ਇਸ ਤੋਂ ਦੋ ਸਾਲਾਂ ਬਾਅਦ ਹੀ 2011 ਵਿਚ ਛਾਪਣਾ ਪਿਆ। ਇਸ ਵਿਚ 41 ਗ਼ਦਰੀ ਬਾਬਿਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਦਾ ਬਾਖ਼ੂਬੀ ਜ਼ਿਕਰ ਕੀਤਾ ਗਿਆ ਹੈ। 422 ਪੰਨਿਆਂ ਦੀ ਇਹ ਵੱਡ-ਆਕਾਰੀ ਪੁਸਤਕ ਇਨ੍ਹਾਂ ਮਹਾਨ ਯੋਧਿਆਂ ਦੇ ਜੀਵਨ ਦੇ ਨਾਲ ਨਾਲ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਜਾਣਨ ਲਈ ਇਕ ਅਹਿਮ ਦਸਤਾਵੇਜ਼ ਹੈ। ਕਨੇਡਾ ਦੇ ਇਨ੍ਹਾਂ ਮਹਾਨ ਗ਼ਦਰੀ ਯੋਧਿਆਂ ਨੂੰ ਸੌ ਸੌ ਵਾਰੀ ਸਲਾਮ!
ਹੱਥਲੀ ਪੁਸਤਕ ‘ਸਲਾਮ ਬੰਗਾ’, ਜਿਵੇਂ ਕਿ ਇਸ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ, ਬੰਗਾ ਸ਼ਹਿਰ ਨੂੰ ਨਹੀਂ, ਸਗੋਂ ਸਮੂਹ ‘ਬੰਗਾ ਇਲਾਕੇ’ ਨੂੰ ਸਤਿਕਾਰ-ਸਹਿਤ ‘ਸਲਾਮ’ ਕਹਿੰਦੀ ਹੋਈ ਇਸ ਇਲਾਕੇ ਦੇ ਬਾਸ਼ਿੰਦਿਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਗਏ ਮਹਾਨ ਯੋਗਦਾਨ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ। ਇਹ ਲੇਖਕ ਦੀ ਆਤਮ-ਕਥਾ ਨੂੰ ਨਾਵਲ ਵਾਂਗ ਬੜੇ ਰੌਚਕ ਢੰਗ ਨਾਲ ਪੇਸ਼ ਕਰਦੀ ਹੈ ਅਤੇ ਨਾਲ ਦੀ ਨਾਲ ਬੰਗਾ ਇਲਾਕੇ ਦਾ ਇਤਿਹਾਸ ਬਿਆਨ ਕਰੀ ਜਾਂਦੀ ਹੈ। ਇਸ ਤਰ੍ਹਾਂ ਇਹ ਪੁਸਤਕ ਲੇਖਕ ਦੀ ਆਤਮ-ਕਥਾ ਅਤੇ ਬੰਗਾ ਏਰੀਏ ਦੇ ਇਤਿਹਾਸ ਦਾ ਵਧੀਆ ‘ਸੁਮੇਲ’ ਬਣ ਕੇ ਉੱਭਰੀ ਹੈ।
ਲੇਖਕ ਆਪਣੀ ਰਾਮ-ਕਹਾਣੀ ਚੌਥੀ ਜਮਾਤ ਵਿਚ ਪੜ੍ਹਦਿਆਂ ਆਪਣੇ ਬਾਪ ਨਾਲ ਮੰਡੀ ਵਿਚ ਜਾ ਕੇ ਗੁੜ ਦਾ ਟੋਕਰਾ ਵੇਚਣ ਤੋਂ ਬਾਦ ‘ਰਾਜ ਹਲਵਾਈ’ ਕੋਲ ਬਰਫ਼ੀ ਅਤੇ ਜਲੇਬੀਆਂ ਖਾਣ ਤੋਂ ਆਰੰਭ ਕਰਦਾ ਹੈ। ਉਹ ਦੱਸਦਾ ਹੈ ਕਿ ਬਰਫੀ ਅਤੇ ਜਲੇਬੀਆਂ ਖਾਣ ਤੋਂ ਬਾਅਦ ਉਸ ਦੇ ਬਾਪ ਨੇ ਜਲੇਬੀਆਂ ਘਰ ਲਿਜਾਣ ਲਈ ਰਾਜੂ ਕੋਲੋਂ ਲਿਫ਼ਾਫ਼ੇ ਵਿਚ ਪਵਾਈਆਂ ਅਤੇ ਜਦੋਂ ਉਹ ਇਸ ਦੇ ਪੈਸੇ ਦੇਣ ਲੱਗਾ ਤਾਂ ਉਸ ਦੇ ਖੀਸੇ ਵਿਚਲਾ ਬਟੂਆ ਗਾਇਬ ਸੀ। ਪਤਾ ਨਹੀਂ ਇਹ ਕਿਧਰੇ ਡਿੱਗ ਪਿਆ ਸੀ ਜਾਂ ਕਿਸੇ ਨੇ ਕੱਢ ਲਿਆ ਸੀ। ਉਹ ਜਲੇਬੀਆਂ ਵਾਲਾ ਲਿਫ਼ਾਫ਼ਾ ਵਾਪਸ ਕਰਨ ਲਈ ਜਦੋਂ ਰਾਜੂ ਵੱਲ ਵਧਾਉਂਦਾ ਹੈ ਤਾਂ ਉਹ ਅੱਗੋਂ ਕਹਿੰਦਾ ਹੈ, “ਸਰਦਾਰ ਜੀ, ਕੀ ਗੱਲਾਂ ਕਰਦੇ ਓ? ਪੈਸੇ ਕਿਧਰੇ ਨੱਠੇ ਜਾਂਦੇ ਆ। ਫੇਰ ਆ ਜਾਣਗੇ।”
ਏਹੀ ‘ਲੱਠਾ ਬੰਦਾ’ (ਰਾਜ ਹਲਵਾਈ) 92 ਸਾਲ ਦੀ ਉਮਰ ਵਿਚ ਲੇਖਕ ਨੂੰ ਅਚਾਨਕ ਟੋਰਾਂਟੋ ਵਿਚ ਮਿਲਦਾ ਹੈ ਅਤੇ 60 ਸਾਲ ਪਹਿਲਾਂ ਉਸ ਦੇ ਕਹੇ ਹੋਏ ਉਹੀ ਸ਼ਬਦ ਉਸ ਨੂੰ ਯਾਦ ਆਉਂਦੇ ਹਨ, “ਸਰਦਾਰ ਜੀ, ਕੀ ਗੱਲਾਂ ਕਰਦੇ ਓ? ਪੈਸੇ ਕਿਧਰੇ ਨੱਠੇ ਜਾਂਦੇ ਆ ....”। ਇਕ ਹਮਾਤੜ ਜਿਹੇ ਕਿਸਾਨ ਨੂੰ ਰਾਜ ਹਲਵਾਈ ਵੱਲੋਂ “ਸਰਦਾਰ ਜੀ” ਨਾਲ ਸੰਬੋਧਨ ਕਰਨਾ ਸੱਠਾਂ ਸਾਲਾਂ ਬਾਅਦ ਲੇਖਕ ਨੂੰ ਝੰਜੋੜਦਾ ਹੈ ਅਤੇ ਉਸ ਦੇ ਜੁਆਬ ਵਿਚ ਰਾਜ ਵੱਲੋਂ ਇਹ ਕਹਿਣਾ ਕਿ “ਅਸੀਂ ਕਾਮਰੇਡ ਜੂ ਹੋਏ” ਉਸ ਨੂੰ ਹੋਰ ਵੀ ਭਾਵੁਕ ਕਰ ਦਿੰਦਾ ਹੈ। ਇਹ ਸ਼ਬਦ ਅਸਲੀ ‘ਕਾਮਰੇਡਾਂ’ ਦੇ ਚਰਿੱਤਰ ਨੂੰ ਬਾਖੂਬੀ ਦਰਸਾਉਂਦੇ ਹਨ। ਇਸ ਤਰ੍ਹਾਂ ਇਸ ਪੁਸਤਕ ਦੀ ਸ਼ੁਰੂਆਤ ਬੜੇ ਨਾਟਕੀ ਢੰਗ ਨਾਲ ਹੁੰਦੀ ਹੈ। ਜਿਨ੍ਹਾਂ ਨੇ ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’ ਪੜ੍ਹਿਆ ਹੈ, ਉਹ ਬੜੀ ਆਸਾਨੀ ਨਾਲ ਇਸ ਦੀ ਉਸ ਨਾਵਲ ਦੇ ‘ਅਧੂਰੇ ਕਾਂਡ’ ਅਤੇ ‘ਅਧੂਰੇ ਕਾਂਡ ਦੀ ਬਾਕੀ’ ਨਾਲ ਤੁਲਨਾ ਕਰ ਸਕਦੇ ਹਨ।
ਬੰਗਾ ਇਲਾਕੇ ਦੇ ਕਾਮਰੇਡਾਂ ਦਾ ਜ਼ਿਕਰ ਕਰਦਿਆਂ ਲੇਖਕ ਦੱਸਦਾ ਹੈ ਕਿ ਰਾਜ ਹਲਵਾਈ ਦਾ ਵੱਡਾ ਭਰਾ ‘ਬਿਜਲੀ’ (ਕ੍ਰਿਸ਼ਨ ਕੁਮਾਰ) ਬੰਗਾ ਸ਼ਹਿਰ ਦਾ ਪਹਿਲਾ ਕਾਮਰੇਡ ਸੀ। ਇਲਾਕੇ ਦੇ ਹੋਰ ਕਾਮਰੇਡਾਂ ਵਿਚ ਭਾਈ ਰਤਨ ਸਿੰਘ ‘ਰਾਏਪੁਰ ਡੱਬਾ’, ਹਰਬੰਸ ਸਿੰਘ ਕਰਨਾਣਾ, ਕਾਮਰੇਡ ਬੂਝਾ ਸਿੰਘ, ਕਾਮਰੇਡ ਵਿਸ਼ਨੂੰ ਦੱਤ ਸ਼ਰਮਾ, ਉਸ ਦੀ ਭੈਣ ਕਾਮਰੇਡ ਕਾਂਤਾ, ਕਾਮਰੇਡ ਵਤਨ ਸਿੰਘ ਮਾਹਿਲ ਗਹਿਲਾਂ, ਕਾਮਰੇਡ ਨਰਿੰਦਰ ਦੋਸਾਂਝ, ਜੀਂਦੋਵਾਲ ਦੇ ਕਾਮਰੇਡ ਪ੍ਰੀਤਮ ਸਿੰਘ ਪੂੰਨੀ ਤੇ ਹਰਿਦਆਲ ਸਿੰਘ ਪੂੰਨੀ, ਡਾ. ਪ੍ਰੀਤਮ ਸਿੰਘ ਖ਼ਾਨਖ਼ਾਨਾ, ਧਰਮ ਸਿੰਘ ਸੁਜੋਂ ਅਤੇ ਕਈ ਹੋਰਨਾਂ ਦਾ ਵਿਸਥਾਰ ਪੂਰਵਕ ਜ਼ਿਕਰ ਕਰਦਾ ਹੈ। ਇਸ ਤੋਂ ਅਗਲੇ ਅਧਿਆਏ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਚਰਨ ਕੰਵਲ ਬੰਗਾ ਦਾ ਜ਼ਿਕਰ ਹੈ ਜਿੱਥੇ ਗੁਰੂ ਸਾਹਿਬ 19 ਜੂਨ 1634 (ਮੁਤਾਬਿਕ 21 ਹਾੜ 1692) ਨੂੰ ਆਏ ਸਨ ਅਤੇ ਬੰਗੇ ਦੇ ਨੇੜੇ ਲੇਖਕ ਦੇ ਪਿੰਡ ਜੀਂਦੋਵਾਲ ਲੱਗਭੱਗ ਇਕ ਮਹੀਨਾ ਠਹਿਰੇ ਸਨ।
ਪੁਸਤਕ ਦਾ ਅਗਲਾ ਅਧਿਆਇ ਬੰਗਾ ਇਲਾਕੇ ਦੇ ਆਜ਼ਾਦੀ ਘੁਲਾਟੀਆਂ ਨਾਲ ਸਬੰਧਿਤ ਹੈ ਅਤੇ ਆਜ਼ਾਦੀ ਘੁਲਾਟੀਆਂ ਦਾ ਨਾਂ ਸਾਹਮਣੇ ਆਉਂਦਿਆਂ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਤਸਵੀਰ ਅੱਖਾਂ ਅੱਗੇ ਘੁੰਮ ਜਾਂਦੀ ਹੈ। ਭਗਤ ਸਿੰਘ ਦੇ ਦਾਦਾ ਜੀ ਸ. ਅਰਜਨ ਸਿੰਘ, ਬਾਪ ਸ. ਕਿਸ਼ਨ ਸਿੰਘ, ਚਾਚੇ ਅਜੀਤ ਸਿੰਘ ਤੇ ਸਵਰਨ ਸਿੰਘ ਯਾਦ ਆਉਂਦੇ ਹਨ ਅਤੇ ਨਾਲ ਹੀ ਚਾਚੀਆਂ ਹਰਨਾਮ ਕੌਰ ਤੇ ਹੁਕਮ ਕੌਰ ਵੀ। ਝਨਾਂ ਦਰਿਆ ਵਿੱਚੋਂ ਨਹਿਰ ਕੱਢ ਕੇ 1892 ਵਿਚ ਅੰਗਰੇਜ਼ਾਂ ਨੇ ‘ਬਾਰ’ ਆਬਾਦ ਕੀਤੀ। ਹੋਰ ਬਹੁਤ ਸਾਰੇ ਲੋਕਾਂ ਵਾਂਗ ਬੰਗਾ ਇਲਾਕੇ ਦੇ ਲੋਕ ਵੀ ਇਸ ਨਵੀਂ ਆਬਾਦ ਹੋਈ ‘ਬਾਰ’ ਦੇ ਚੱਕ ਨੰਬਰ 105 (ਜ਼ਿਲ੍ਹਾ ਲਾਇਲਪੁਰ, ਹੁਣ ਫ਼ੈਸਲਾਬਾਦ) ਵਿਚ ਜਾ ਵਸੇ ਅਤੇ ਉਨ੍ਹਾਂ ਨੇ ਇਸ ਨੂੰ ‘ਬੰਗਾ’ ਦਾ ਨਾਂ ਦਿੱਤਾ। ਭਗਤ ਸਿੰਘ ਦੇ ਦਾਦਾ ਜੀ ਅਰਜਨ ਸਿੰਘ ਹੁਰਾਂ ਨੇ ਵੀ ਉੱਥੇ ਜ਼ਮੀਨ ਖ਼ਰੀਦ ਲਈ ਅਤੇ ਖਟਕੜ ਕਲਾਂ ਤੋਂ ਉੱਥੇ ਜਾ ਕੇ ਵਾਹੀ-ਖੇਤੀ ਕਰਨ ਲੱਗੇ। ਭਗਤ ਸਿੰਘ ਦਾ ਜਨਮ ਇੱਥੇ 1907 ਵਿਚ ਹੋਇਆ। ਉਸ ਦੇ ਜੀਵਨ, ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਤੋਂ ਸਾਰੇ ਭਲੀ-ਭਾਂਤ ਵਾਕਿਫ਼ ਹਨ ਅਤੇ ਇਸ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ।
1947 ਵਿਚ ਹੋਈ ਭਾਰਤ-ਪਾਕਿ ਵੰਡ ਸਮੇਂ ਇਨਸਾਨ ਹੈਵਾਨ ਬਣ ਗਏ ਸਨ। ਦੋਵੇਂ ਪਾਸੇ ਬੜੀ ‘ਵੱਢ-ਟੁੱਕ’ ਹੋਈ। ਨਿਰਦੋਸ਼ ਲੋਕ ਗੱਡੀਆਂ ਵਿੱਚੋਂ ਬਾਹਰ ਕੱਢ-ਕੱਢ ਕੇ ਮਾਰੇ ਗਏ। ਇਸ ਦੌਰਾਨ ਆਪਸੀ ਕੱਟ-ਵੱਢ ਵਿਚ 10 ਲੱਖ ਦੇ ਕਰੀਬ ਲੋਕ ਮਾਰੇ ਗਏ ਅਤੇ ਲਗਭਗ 30 ਲੱਖ ਘਰੋਂ ਬੇ-ਘਰ ਹੋ ਕੇ ‘ਸ਼ਰਨਾਰਥੀ’ ਅਤੇ ‘ਪਨਾਹਗੀਰ’ ਅਖਵਾਏ। ਪਰ ਇਸ ਸਮੇਂ ਬੰਗੇ ਦੇ ਬਹੁਤੇ ਲੋਕ ‘ਇਨਸਾਨ’ ਹੀ ਬਣੇ ਰਹੇ। ਹੋਰ ਇਲਾਕਿਆਂ ਦੇ ਮੁਕਾਬਲੇ ਇੱਥੇ ‘ਮਾਰ-ਧਾੜ’ ਬਹੁਤ ਘੱਟ ਹੋਈ। ਪਰ ਫਿਰ ਵੀ ਇੱਥੇ ਵਿਰਲੇ-ਵਿਰਲੇ ਕੁਝ ਧਾਰਮਿਕ ਜਨੂੰਨੀਏ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਵੀ ਸਨ। ਇਨ੍ਹਾਂ ਦਰਿੰਦਿਆਂ ਹੱਥੋਂ ਮਾਰੇ ਗਏ ਲੋਕਾਂ ਨੂੰ ਬੰਗਾ-ਨਵਾਂ ਸ਼ਹਿਰ ਸੜਕ ਦੇ ਦੱਖਣ ਵਾਲੇ ਪਾਸੇ ਖ਼ਤਾਨਾਂ ਵਿਚ ਦੋ ਡੂੰਘੇ ਟੋਏ ਪੁੱਟ ਕੇ ਦਫ਼ਨਾਇਆ ਗਿਆ। ਲੇਖਕ ਦੇ ਦੱਸਣ ਮੁਤਾਬਿਕ ਇਕ ‘ਲਾਸ਼’ ਨੂੰ ਜਦੋਂ ਕੁਝ ਲੋਕ ਘਸੀਟ ਕੇ ਇੱਕ ਟੋਏ ਵੱਲ ਲਿਜਾਣ ਲੱਗੇ ਤਾਂ ਉਹ ਅੱਗੋਂ ਕਹਿਣ ਲੱਗਾ, “ਉਏ ਮੈਂ ਤਾਂ ਜਿਉਂਦਾ ਹਾਂ।” ਪਰ ਉਸ ਦੀ ਕਿਸੇ ਨਾ ਸੁਣੀ ਅਤੇ ਜਿਊਂਦੇ ਨੂੰ ਹੀ ਟੋਏ ਵਿਚ ਸੁੱਟ ਕੇ ਉੱਪਰ ਮਿੱਟੀ ਪਾ ਦਿੱਤੀ।
ਆਪਣੀ ਅਸਲ ‘ਰਾਮ ਕਹਾਣੀ’ ਲੇਖਕ ਪੁਸਤਕ ਦੇ ਛੇਵੇਂ ਅਧਿਆਇ ਵਿਚ ਜਾ ਕੇ ਸੁਰੂ ਕਰਦਾ ਹੈ। ਉਹ 1950’ਵਿਆਂ ਦੇ ਸ਼ੁਰੂ ਵਿਚ ਗੁਰਦੁਆਰਾ ਚਰਨ ਕੰਵਲ ਬੰਗਾ ਦੇ ਨਾਲ ਖੋਲ੍ਹੇ ਗਏ ਪ੍ਰਾਇਮਰੀ ਸਕੂਲ ਵਿਚ 1954 ਵਿਚ ਦਾਖ਼ਲ ਹੁੰਦਾ ਹੈ ਅਤੇ ਇੱਥੇ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਮਹਿੰਦਰ ਭੈਣ ਜੀ, ਸੁਰਿੰਦਰ ਭੈਣ ਜੀ ਅਤੇ ਜਗਜੀਤ ਭੈਣ ਜੀ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਬੰਗਿਆਂ ਵਿਚ ਉਦੋਂ ਡਿਸਟ੍ਰਿਕਟ ਬੋਰਡ ਦਾ ਮਿਡਲ ਸਕੂਲ ਸੀ ਜੋ 1957 ਵਿਚ ਗੌਰਮਿੰਟ ਸਕੂਲ ਬਣਿਆ ਅਤੇ ਅੱਠਵੀਂ ਜਮਾਤ ਲੇਖਕ ਨੇ ਇੱਥੋਂ ਹੀ ਕੀਤੀ, ਹਾਲਾਂ ਕਿ ਉਸ ਦਾ ਮਨ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਵਿਚ ਪੜ੍ਹਨ ਨੂੰ ਕਰਦਾ ਸੀ ਪਰ ਉੱਥੇ ਮਹੀਨੇ ਦੀ ਸਾਢੇ ਤਿੰਨ ਰੁਪਏ ਫ਼ੀਸ ਸੀ ਜੋ ਉਸ ਦੇ ਘਰਦਿਆਂ ਨੂੰ ਉਦੋਂ ਦੇਣੀ ਬੜੀ ਮੁਸ਼ਕਲ ਲੱਗਦੀ ਸੀ। ਮਾਪਿਆਂ ਤੇ ਵਿਦਿਆਰਥੀਆਂ ਦੀ ਇਸ ਮੁਸ਼ਕਲ ਦਾ ਹੱਲ ਸਰਦਾਰ ਠਾਕਰ ਸਿੰਘ ਜੋਸ਼ੀ ਨੇ ਆਪਣੇ ਕੋਲੋਂ ਪੈਸੇ ਖ਼ਰਚ ਕਰਕੇ ਸਕੂਲ ਦੀ ਹੋਰ ਬਿਲਡਿੰਗ ਤਿਆਰ ਕਰਵਾਕੇ ਬੰਗੇ ਦੇ ਸਰਕਾਰੀ ਮਿਡਲ ਸਕੂਲ ਨੂੰ ਹਾਈ ਸਕੂਲ ਬਣਵਾ ਕੇ ਕੀਤਾ। ਉਨ੍ਹਾਂ ਨੇ ਬੰਗੇ ਦਾ ‘ਹਿੰਦੂ ਸਕੂਲ’ ਵੀ ਆਪਣੀ ਜ਼ਮੀਨ ’ਤੇ ਬਣਵਾਇਆ। ਲੇਖਕ ਆਪਣੇ ਸਹਿਪਾਠੀਆਂ ਮਹਿੰਦਰ ਸਿੰਘ ਪੂੰਨੀ ਤੇ ਦਰਸ਼ਨ ਖਟਕੜ ਨੂੰ ਯਾਦ ਕਰਦਾ ਹੈ। ਉਹ 1963 ਵਿਚ ਖਟਕੜ ਕਲਾਂ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੂੰ ਮਿਲਣ ਆਏ ਬੀ. ਕੇ. ਦੱਤ ਨੂੰ ਰੇਲਵੇ ਸਟੇਸ਼ਨ ’ਤੇ ਮਿਲਣ ਦੀ ਗੱਲ ਬੜੇ ਚਾਅ ਨਾਲ ਦੱਸਦਾ ਹੈ ਅਤੇ ਨਾਲ ਹੀ ਜੁਦਾ ਹੋਣ ਵੇਲੇ ਦੱਤ ਵੱਲੋਂ ਉਸ ਦੇ ਮੋਢਿਆਂ ’ਤੇ ਹੱਥ ਰੱਖ ਕੇ ਅੱਖਾਂ ’ਚ ਅੱਖਾਂ ਪਾ ਕੇ ਕੀਤੀ ਹੋਈ ਗੱਲ “... ਨੌਜਵਾਨ, ਦੇਸ਼ ਮੇਂ ਕਰਨੇ ਵਾਲਾ ਅਭੀ ਭੀ ਬਹੁਤ ਕੁਛ ਪੜਾ ਹੈ।” ਨੂੰ ਵੀ ਯਾਦ ਕਰਦਾ ਹੈ।
ਹਾਈ ਸਕੂਲ ਦੀ ਪੜ੍ਹਾਈ ਦੌਰਾਨ ਨਾਲਾਇਕ ਸਾਇੰਸ ਮਾਸਟਰ ‘ਬੁੱਚੜ’ ਦਾ ਜ਼ਿਕਰ ਪੁਸਤਕ ਵਿਚ ਬਹੁਤ ਵਧੀਆ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਬਿਨਾਂ ਵਜ੍ਹਾ ਤੰਗ ਕਰਦਾ ਸੀ। ਲੇਖਕ ਵੱਲੋਂ ਉਸ ਦੇ ਨਾਲ ‘ਪੇਚਾ’ ਪੈਣ ਦੀ ਗੱਲ ਬਾਖ਼ੂਬੀ ਕੀਤੀ ਗਈ ਹੈ ਜਦੋਂ ਉਹ ਉਸ ਨੂੰ ਹਾਕੀ ਦੀ ਖੇਡ ਵੱਲ ਜਾਣ ਤੋਂ ਬਾਅਦ ਫੁੱਟਬਾਲ ਖੇਡਣ ਵਾਲੇ ‘ਸੌਕਰ ਸ਼ੂਅ’ ਵਾਪਸ ਕਰਨ ਲਈ ਕਹਿੰਦਾ ਹੈ ਤਾਂ ਉਹ ਅੱਗੋਂ ਆਖ ਦਿੰਦਾ ਹੈ, ”ਇਸ ਵਿਚ ਮੇਰੇ ਵੀ ਦਸ ਰੁਪਏ ਲੱਗੇ ਹੋਏ ਹਨ।” ਇਸ ’ਤੇ ‘ਬੁੱਚੜ’ ਦੇ ਗਾਲ੍ਹ ਕੱਢਣ ’ਤੇ ਉਹ ਦੋਵੇਂ ‘ਗਾਲ੍ਹੋ-ਗਾਲ੍ਹੀ’ ਹੋ ਜਾਂਦੇ ਹਨ ਅਤੇ ਗੱਲ ਵਿਗੜ ਜਾਂਦੀ ਹੈ। ਇਸ ਦੇ ਨਾਲ ਹੀ ਸਕੂਲ ਦੇ ਮਾਸਟਰ ਗਿਆਨੀ ਸੁਰੈਣ ਸਿੰਘ ਕਾਹਲੋਂ ਦਾ ਵਿਦਿਆਰਥੀਆਂ ਪ੍ਰਤੀ ‘ਹਾਂ-ਪੱਖੀ’ ਰਵੱਈਆ ਲੇਖਕ ਨੂੰ ਸਕੂਲੋਂ ਕੱਢਣ ਤੋਂ ਬਚਾਉਂਦਾ ਹੈ। ... ਤੇ ਇਹੋ ‘ਗਿਆਨੀ ਜੀ’ ਸੁੱਜੋਂ ਪਿੰਡ ਦੀ ਪੰਚਾਇਤ ਦੀ ਇਲੈੱਕਸ਼ਨ ਵੀ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕਰਵਾਉਂਦੇ ਹਨ।
ਲੇਖਕ ਪੂਨੀ ਕਾਲਜ ਸਮੇਂ ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਮਹਾਨ ਵਿੱਦਿਆ ਦਾਨੀ ਹਰਗੁਰਨਾਦ ਸਿੰਘ ਨੂੰ ਬਾਖੂਬੀ ਯਾਦ ਕਰਦਾ ਹੈ ਜਿਸ ਨੇ ਗੁਰੂ ਹਰਗੋਬਿੰਦ ਖ਼ਾਲਸਾ ਹਾਈ ਸਕੂਲ ਉਸਦੇ ਪਿੰਡ ਦੀ ਜੂਹ ਵਿਚ ਬਣਵਾਇਆ। ਇਸ ਸ਼ੁਭ ਕੰਮ ਵਿਚ ਅਮਰੀਕਾ ਤੋਂ ਗਏ ਰਲ਼ਾ ਸਿੰਘ ਪੂਨੀ ਨੇ ਉਸ ਸਮੇਂ (1950 ਵਿਚ) ਦਸ ਹਜ਼ਾਰ ਰੁਪਏ ਸਕੂਲ ਦਾ ਵੱਡਾ ਹਾਲ ਬਣਾਉਣ ਲਈ ਦਿੱਤੇ ਸਨ। ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਮੁਢਲੀਆਂ ਕਲਾਸਾਂ 1953 ਵਿਚ ਇਸ ਸਕੂਲ ਵਿਚ ਹੀ ਲੱਗਦੀਆਂ ਰਹੀਆਂ ਸਨ। ਇਸ ਤਰ੍ਹਾਂ ਇਸ ਇਲਾਕੇ ਦੇ ਅੰਮ੍ਰਿਤਸਰ ਤੇ ਜਲੰਧਰ ਪੜ੍ਹਦੇ ਲੜਕੇ ਇਸ ਕਾਲਜ ਵਿਚ ਆ ਕੇ ਪੜ੍ਹਨ ਲੱਗ ਪਏ। ਇੱਥੇ ਪੜ੍ਹਦਿਆਂ ਕਾਲਜ ਦੇ ਵਿਦਿਆਰਥੀਆਂ ਨੇ ‘ਖ਼ੁਸ਼ਹੈਸੀਅਤੀ ਟੈਕਸ ਦੇ ਮੋਰਚੇ’ ਦੌਰਾਨ ਕਮਿਉਨਿਸਟਾਂ ਦਾ ਪੂਰਾ ਸਾਥ ਦਿੱਤਾ। ਬੰਗਾ ਕਾਲਜ ਦੀ ਵਿਦਿਆਰਥਣ ਹਰਸ਼ਰਨ ਕੌਰ ਕਾਲਜ ਵਿਚ ‘ਨਾਨ-ਮੈਡੀਕਲ’ ਗਰੁੱਪ ਲੈ ਕੇ 1961 ਵਿਚ ਐੱਫ.ਐੱਸਸੀ. ਕਰਨ ਵਾਲੀ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚੋਂ ਇਲੈਕਟਰੀਕਲ ਇੰਜੀਨੀਅਰਿੰਗ ਵਿਚ ਬੀ.ਈ. ਦੀ ਡਿਗਰੀ ਲੈਣ ਵਾਲੀ ਪਹਿਲੀ ਲੜਕੀ ਸੀ।
ਕਾਲਜ ਵਿਚ ਪੜ੍ਹਦਿਆਂ ਲੇਖਕ ਦਾ ਪੰਜਾਬ ਪੁਲੀਸ ਨਾਲ ਵੀ ਪੇਚਾ ਪੈਂਦਾ ਹੈ ਜਿਸ ਨੂੰ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਹੱਲ ਕਰਦੇ ਹਨ। ਨਕਸਲੀ ਲਹਿਰ ਦਾ ਵੀ ਕਾਲਜ ਦੇ ਵਿਦਿਆਰਥੀਆਂ ਉੱਤੇ ਪ੍ਰਭਾਵ ਪੈਂਦਾ ਹੈ ਅਤੇ ਦਰਸ਼ਨ ਖਟਕੜ ਇੱਥੇ ਇਸ ਦਾ ਮੋਢੀ ਬਣਦਾ ਹੈ। ਇਸ ਨਕਸਲੀ ਲਹਿਰ ਦੀਆਂ ਹਮਦਰਦ ਲੜਕੀਆਂ ਵੀ ਬਣੀਆਂ ਜਿਨ੍ਹਾਂ ਵਿਚ ਜਸਵੀਰ ਕੌਰ ਮਾਹਿਲ ਕਲਾਂ ਅਤੇ ਗੁਰਬਖ਼ਸ਼ ਕੌਰ ਰਾਏਪੁਰ ਦੇ ਨਾਂ ਵਰਨਣਯੋਗ ਹਨ। 1966 ਵਿਚ ਬੰਗਾ ਵਿਚ ਗੁਰੂ ਨਾਨਕ ਕਾਲਜ ਫ਼ਾਰ ਵਿਮੈੱਨ ਬਣਿਆ, ਕਿਉਂਕਿ ਬਹਤ ਸਾਰੇ ਮਾਪੇ ਆਪਣੀਆਂ ਬੇਟੀਆਂ ਨੂੰ ਮੁੰਡਿਆਂ ਵਾਲੇ ਕਾਲਜ ਵਿਚ ਭੇਜਣੋਂ ਝਿਜਕਦੇ ਸਨ।
ਬੰਗਾ ਕਾਲਜ ਵਿਚ ਬੀ.ਏ. ਕਰਨ ਤੋਂ ਬਾਅਦ ਐੱਮ.ਏ. (ਹਿਸਟਰੀ) ਦੀ ਪੜ੍ਹਾਈ ਲੇਖਕ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਇੱਥੇ ਉਸ ਨੂੰ ਸੋਹਣ ਸਿੰਘ ਪਰਮਾਰ ਅਤੇ ਗੁਰਸ਼ਰਨਜੀਤ ਧਾਮੀ ਦਾ ਸਾਥ ਮਿਲਿਆ ਜੋ ਉੱਥੇ ਉਸ ਸਮੇਂ ਬੌਟਨੀ ਅਤੇ ਜ਼ੂਆਲੋਜੀ ਵਿਚ ਐੱਮ. ਐੱਸਸੀ. ਕਰ ਰਹੇ ਸਨ। ਇੱਥੇ ਐੱਮ.ਏ. ਵਿਚ ਡਾ. ਜੇ. ਐੱਸ. ਗਰੇਵਾਲ ਹੁਰਾਂ ਕੋਲ ਸਿੱਖ ਹਿਸਟਰੀ ਦਾ ਪੇਪਰ ਪ੍ਰਿੰਸੀਪਲ ਸ਼ੇਰਗਿੱਲ ਦੀ ਸਿਫ਼ਾਰਸੀ ਚਿੱਠੀ ਨਾਲ ਮਿਲਣ ਦਾ ਬਹੁਤ ਵਧੀਆ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਪੀ. ਜੀ. ਆਈ. ਵਿਚ ਤਾਇਨਾਤ ਡਾ. ਜਸਬੀਰ ਸਿੰਘ ਮਾਨ ਕੋਲੋਂ ਸੋਹਣ ਸਿੰਘ ਪਰਮਾਰ ਆਪਣੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਦਾ ਮੁਫ਼ਤ ਇਲਾਜ ਕਰਾਉਣ ਦਾ ਬ੍ਰਿਤਾਂਤ ਲੇਖਕ ਬਾਖੂਬੀ ਬਿਆਨ ਕਰਦਾ ਹੈ। ਐੱਮ. ਏ. ਕਰਨ ਤੋਂ ਬਾਅਦ ਲੇਖਕ ਨੂੰ ਬੇਅਰਿੰਗ ਕਾਲਜ ਬਟਾਲਾ ਵਿਖੇ ਲੈਕਚਰਾਰ ਦੀ ਨੌਕਰੀ ਡਾ. ਗਰੇਵਾਲ ਵੱਲੋਂ ਸਿਫਾਰਸ਼ ਕਰਨ ’ਤੇ ਮਿਲਦੀ ਹੈ ਜਿੱਥੇ ਉਹ ਡੇਢ ਸਾਲ ਨੌਕਰੀ ਕਰਦਾ ਹੈ ਅਤੇ ਫਿਰ ਨੌਕਰੀ ਛੱਡ ਕੇ ਵਿਜ਼ਟਰ ਵਜੋਂ 1972 ਦੇ ਅਖੀਰ ਵਿਚ ਵਿਚ ਕੈਨੇਡਾ ਆ ਜਾਂਦਾ ਹੈ, ਕਿਉਂਕਿ ਉਸ ਸਮੇਂ ਕਾਲਜ ਵਿਚ ਮਿਲਦੀ 456 ਰੁਪਏ ਮਹੀਨਾ ਤਨਖ਼ਾਹ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਅਤੇ ਘਰ ਦੇ ਲਈ ਲਿਆ ਕਰਜ਼ਾ ਉਤਾਰਨਾ ਮੁਸ਼ਕਲ ਸੀ।
ਇਸ ਦੌਰਾਨ ਲੇਖਕ ਵਿਭਾਗ ਦੇ ਮੁਖੀ ਰਹੇ ਵਿਦਵਾਨ ਇਤਿਹਾਸਕਾਰ ਡਾ. ਜੌਹਨ ਸੀ.ਬੀ. ਵੈੱਬਸਟਰ ਨਾਲ ਬਿਤਾਏ ਹੋਏ ਦਿਨਾਂ ਨੂੰ ਬਹੁਤ ਯਾਦ ਕਰਦਾ ਹੈ। ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਕੇ ਲੇਖਕ ਆਪਣੇ ਦੋਸਤ ਅਮਰੀਕ ਸਿੰਘ ਕੋਲ ਸਭ ਤੋਂ ਪਹਿਲਾਂ ਉੱਥੋਂ ਦਾ 1908 ਵਿਚ ਭਾਈ ਅਰਜਨ ਸਿੰਘ ਮਲਿਕ, ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਭਾਈ ਮੇਵਾ ਸਿੰਘ ਵੱਲੋਂ ਬਣਵਾਇਆ ਗਿਆ ਇਤਿਹਾਸਕ ਗੁਰਦੁਆਰਾ ਵੇਖਣ ਦੀ ਇੱਛਾ ਪ੍ਰਗਟ ਕਰਦਾ ਹੈ, ਜਿਸਦੇ ਕਰਕੇ ਹਿੰਦੋਸਤਾਨੀ ਕਨੇਡਾ ਵਿੱਚੋਂ ਉੱਜੜਨੋਂ ਬਚੇ ਸਨ, ਪਰ ਉਹ ਉਸ ਦੇ ਕੋਲੋਂ ਇਹ ਜਾਣ ਕੇ ਬੜਾ ਦੁਖੀ ਹੁੰਦਾ ਕਿ ਉਹ ਗੁਰਦੁਆਰਾ ਤਾਂ ਬਹੁਤ ਪਹਿਲਾਂ ਵੇਚ ਦਿੱਤਾ ਗਿਆ ਸੀ। ਇਸ ਗੁਰਦੁਆਰੇ ਵਿੱਚੋਂ ਹੀ ਕਨੇਡਾ ਵਿਚ ਆਪਣੇ ਟੱਬਰ ਲਿਆਉਣ ਦਾ ਘੋਲ ਲੜਿਆ ਗਿਆ ਸੀ ਅਤੇ ਇਹ ਗ਼ਦਰ ਲਹਿਰ ਦੀਆਂ ਸਰਗ਼ਰਮੀਆਂ ਦਾ ਕੇਂਦਰ ਰਿਹਾ ਸੀ। ਉਹ ਉਸ ਦੇ ਨਾਲ ਸਟੈਨਲੇ ਪਾਰਕ ਵਿਚ ਸਮੁੰਦਰ ਦੇ ਕਿਨਾਰੇ ਉਹ ਜਗ੍ਹਾ ਵੀ ਵੇਖਣ ਗਿਆ, ਜਿੱਥੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਪਟੇ ’ਤੇ ਲਿਆ ਗਿਆ ‘ਕਾਮਾਗਾਟਾ ਮਾਰੂ’ ਜਹਾਜ਼ ਦੋ ਮਹੀਨੇ ਸਮੁੰਦਰ ਵਿਚ ਖੜ੍ਹਾ ਰਿਹਾ ਸੀ ਅਤੇ ਫਿਰ ਉਸ ਨੂੰ ਤਤਕਾਲੀ ਕੈਨੇਡਾ ਸਰਕਾਰ ਵੱਲੋਂ ਭਾਰਤ ਵਾਪਸ ਮੋੜ ਦਿੱਤਾ ਗਿਆ ਸੀ।
ਪੁਸਤਕ ਦੇ ਆਖ਼ਰ ਵੱਲ ਵੱਧਦਿਆਂ ਇਸ ਦੇ ਅਗਲੇ ਛੇ ਅਧਿਆਵਾਂ ਵਿਚ ਲੇਖਕ ਮਾਝੇ ਵਿਚ ਹੋਏ ਆਪਣੇ ਵਿਆਹ, ਪਤਨੀ ਨਾਲ ਦੁਨੀਆਂ ਦੇ ਵੱਖ-ਵੱਖ ਦੇਸਾਂ ਦੀ ਕੀਤੀ ਗਈ ਸੈਰ, ਕਨੇਡਾ ਤੇ ਅਮਰੀਕਾ ਵਿਚ ਵੱਸੇ ਬੰਗਾ ਇਲਾਕੇ ਦੇ ਲੋਕਾਂ, ਲੇਖਕਾਂ ਅਤੇ ਖਿਡਾਰੀਆਂ ਅਤੇ ਵਿਦੇਸਾਂ ਵਿਚ ਰਹਿੰਦੇ ਬੰਗਾ ਇਲਾਕੇ ਦੇ ਲੋਕਾਂ ਵੱਲੋਂ ਲੋਕ-ਭਲਾਈ ਦੇ ਕੰਮਾਂ ਬਾਰੇ ਦੱਸਦਾ ਹੈ ਅਤੇ ਅਖੀਰਲੇ ਇਕ ਪੰਨੇ ਦੇ ਉੰਨੀਵੇਂ ਅਧਿਆਇ ਵਿਚ ਬੰਗੇ ਏਰੀਏ ਨੂੰ ਸਲਾਮ ਕਰਦਾ ਹੈ।
ਪੁਸਤਕ ਦੇ ਕਈ ਕਾਂਡਾਂ ਵਿਚ ‘ਤੁਲਨਾ’ ਅਤੇ ‘ਉਲਟਾ’ (Comparison and Contrast) ਵੇਖਣ ਨੂੰ ਮਿਲਦਾ ਹੈ। ਇਸ ਦਾ ਦੂਸਰਾ ਅਧਿਆਇ ਵਿਚ ਬੰਗਾ ਇਲਾਕੇ ਦੇ ਕਾਮਰੇਡਾਂ ਬਾਰੇ ਹੈ ਜੋ ਪ੍ਰਮਾਤਮਾ ਦੀ ਹੋਂਦ ’ਤੇ ‘ਕਿੰਤੂ-ਪਰੰਤੂ’ ਕਰਦੇ ਹਨ ਅਤੇ ਇਸ ਤੋਂ ਅਗਲੇ ਅਧਿਆਏ ਤੀਸਰੇ ਅਧਿਆਇ ਵਿਚ ਗੁਰਦੁਆਰਾ ਚਰਨ ਕੰਵਲ ਬੰਗਾ ਦੇ ਇਤਿਹਾਸ ਬਾਰੇ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਹੈ। ਏਸੇ ਤਰ੍ਹਾਂ ਹਾਈ ਸਕੂਲ ਨਾਲ ਸਬੰਧਿਤ ਸੱਤਵੇਂ ਅਧਿਆਇ ਵਿਚ ਹਾਈ ਸਕੂਲ ਵਿੱਚ ਪੜ੍ਹਦਿਆਂ ਸਾਇੰਸ ਮਾਸਟਰ ‘ਬੁੱਚੜ’ਦਾ ਕਿਰਦਾਰ ਵਿਦਿਆਰਥੀ-ਵਿਰੋਧੀ ਹੈ ਅਤੇ ਉਸ ਨਾਲ ਲੇਖਕ ਦਾ ਪੇਚਾ ਵੀ ਪੈਂਦਾ ਹੈ ਪਰ ਇਸ ਦੇ ਨਾਲ ਹੀ ਓਸੇ ਸਕੂਲ ਵਿਚ ਗਿਆਨੀ ਸੁਰੈਣ ਸਿੰਘ ਕਾਹਲੋਂ ਇਕ ਵਧੀਆ ਅਧਿਆਪਕ ਵੀ ਹੈ ਜਿਸ ਦਾ ਰਵੱਈਆ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਬੜਾ ‘ਹਾਂ-ਪੱਖੀ’ ਹੈ।
ਸਭ ਤੋਂ ਵਧੀਆ ਤੁਲਨਾ ਲੇਖਕ ਆਪਣੇ ਵਿਆਹ ਵਾਲੇ ਤੇਰ੍ਹਵੇਂ ਅਧਿਆਇ ਵਿਚ ਮਾਝੇ ਅਤੇ ਦੁਆਬੇ ਵਿਚ ਉਸ ਸਮੇਂ ਦੇ ਵਿਆਹਾਂ ਬਾਰੇ ਕਰਦਾ ਹੈ। ਉਹ ਦੱਸਦਾ ਹੈ ਕਿ ਉਦੋਂ ਮਾਝੇ ਵਾਲੇ ਥੋੜ੍ਹੇ ਕੀਤਿਆਂ ਆਪਣੀਆਂ ਲੜਕੀਆਂ ਦੁਆਬੇ ਵਿਚ ਨਹੀਂ ਵਿਆਹੁੰਦੇ ਸਨ, ਕਿਉਂਕਿ ਉਹ ਦੁਆਬੀਆਂ ਨੂੰ ‘ਹੁੱਕੇ ਪੀਣੇ’ ਸੱਦਿਆ ਕਰਦੇ ਸਨ। ਇਸ ਦਾ ਕਾਰਨ ਲੇਖਕ ਕਵੀ ਕਰਤਾਰ ਸਿੰਘ ‘ਕਲਾਸਵਾਲੀਏ’ ਦੇ ਸ਼ਬਦਾਂ ਵਿਚ “ਡਰੂ ਦੇਸ਼ ਦੁਆਬਾ ਕਰਤਾਰ ਸਿੰਘਾ, ਦੱਬ-ਘੁੱਟ ਕੇ ਝੱਟ ਲੰਘਾਵਦਾ ਜੀ” ਦੱਸਦਾ ਹੈ, ਜਦਕਿ ਉਸ ਅਨੁਸਾਰ ਮਝੈਲ ਮੁੱਢ ਤੋਂ ਹੀ ਬਹਾਦਰ, ਦਲੇਰ ਅਤੇ ਅਣਖੀਲੇ ਸਨ। ਉਂਜ, ਵੇਖਿਆ ਜਾਏ ਤਾਂ ਦੁਆਬੀਏ ਬਹਾਦਰੀ ਵਿਚ ਮਝੈਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਵੀ ਨਹੀਂ ਸਨ। ਵੀਹਵੀਂ ਸਦੀ ਵਿਚ ਚੱਲੀਆਂ ਇਨਕਲਾਬੀ ਲਹਿਰਾਂ ਵਿਚ ਦੁਆਬੀਆਂ ਦਾ ਰੋਲ ਮਝੈਲਾਂ ਦੇ ਬਰਾਬਰ ਹੀ ਸੀ। ਮਾਝੇ ਤੇ ਦੁਆਬੇ ਵਿਚਲੇ ਇਸ ‘ਫ਼ਰਕ’ ਦਾ ਇਕ ਹੋਰ ਮੁੱਖ ਕਾਰਨ ਲੇਖਕ ਅਨੁਸਾਰ ਉਸ ਸਮੇਂ ਦੁਆਬੇ ਵਾਲਿਆਂ ਦਾ ‘ਸੁਲਤਾਨੀਏ’ ਹੋਣਾ ਵੀ ਸੀ। ਉਹ ‘ਸਖੀ ਸਰਵਰ’ ਨੂੰ ਮੰਨਦੇ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ‘ਧੀਰ ਮੱਲੀਏ’ ਤੇ ‘ਰਾਮਰਾਈਏ’ ਪਰੰਪਰਾਵਾਂ ਦੇ ਸ਼ਰਧਾਲੂ ਸਨ ਅਤੇ ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਸਿੱਖ ਘੱਟ ਸਨ।
ਇਹ ਵੱਖਰੀ ਗੱਲ ਹੈ ਕਿ ਦੁਆਬੇ ਦੇ ਪਿਛੋਕੜ ਵਾਲੇ ਕਨੇਡਾ ਦੇ ਸਾਬਕਾ ਹੈੱਲਥ ਮਨਿਸਟਰ ਤੇ ਉਸ ਤੋਂ ਪਹਿਲਾਂ ਬੀ.ਸੀ. ਦੇ ਰਹਿ ਚੁੱਕੇ ਪ੍ਰੀਮੀਅਰ ਉੱਜਲ ਦੋਸਾਂਝ ਦਾ ਵਿਆਹ ਮਾਝੇ ਦੇ ਇਤਿਹਾਸਕ ਪਿੰਡ ‘ਅਟਾਰੀ’ ਦੇ ‘ਪਿਤਾ-ਪੁਰਖ਼ੀ ਸਰਦਾਰ’ ਮੇਜਰ ਬਲਰਾਮ ਸਿੰਘ ਸੰਧੂ ਜੋ ‘ਮਜੀਠੀਏ ਸਰਦਾਰਾਂ’ ਵਿਚ ਵਿਆਹੇ ਹੋਏ ਸਨ, ਦੀ ਧੀ ਰਮਿੰਦਰ ਰੰਮੀ ਨਾਲ ਹੋਇਆ। ਪਰ ਇਹ ਤਾਂ ਪ੍ਰੇਮ-ਵਿਆਹ ਸੀ, ਕਿਉਂਕਿ ਉੱਜਲ ਦੋਸਾਂਝ ਤੇ ਰੰਮੀ ਕਾਲਜ ਵਿਚ ਇਕੱਠੇ ਪੜ੍ਹਦੇ ਸਨ ਅਤੇ ਉੱਥੇ ਹੀ ਉਨ੍ਹਾਂ ਦਾ ‘ਅੱਖ-ਮਟੱਕਾ’ ਹੋ ਗਿਆ ਸੀ। ਲੇਖਕ ਸੋਹਣ ਸਿੰਘ ਪੂੰਨੀ ਦਾ ਵਿਆਹ ਮਾਝੇ ਵਿਚ ਹੋਣ ਦਾ ਸਬੱਬ ਵੀ ਇਹ ‘ਜੋੜੀ’ ਹੀ ਬਣੀ ਅਤੇ ਏਹੀ ਜੋੜੀ ਉਸ ਦੀ ‘ਵਿਚੋਲਾ’ ਬਣੀ। ਵਿਆਹ ਤੋਂ ਪਹਿਲਾਂ ਲੇਖਕ ਜਦੋਂ ਉੱਜਲ ਦੋਸਾਂਝ ਦੀ ਪਤਨੀ ਰੰਮੀ ਨਾਲ ਮਾਝੇ ਦੇ ‘ਮਜੀਠੀਏ ਸਰਦਾਰਾਂ’ ਦੇ ਵਡੱਪਣ ਬਾਰੇ ਆਪਣਾ ਖ਼ਦਸ਼ਾ ਜ਼ਾਹਿਰ ਕਰਦਾ ਹੈ, ਜਿਨ੍ਹਾਂ ਦੀ ਲੜਕੀ ‘ਵਿੰਨੀ’ ਨਾਲ ਉਸ ਦਾ ਵਿਆਹ ਹੋਣਾ ਹੁੰਦਾ ਹੈ, ਤਾਂ ਉੱਜਲ ਦੋਸਾਂਝ ਇਸ ਦਾ ਜੁਆਬ ਦਿੰਦਿਆਂ ਕਹਿੰਦਾ ਹੈ, “ਮਾਝੇ ਵਾਲੇ ਸਰਦਾਰ ਤਾਂ ਪਹਿਲਾਂ ਹੁੰਦੇ ਸਨ, ਹੁਣ ਤਾਂ ਉਹ ਆਪਣੇ ਵਰਗੇ ਈ ਆ।“
ਇਸ ਤਰ੍ਹਾਂ 164 ਪੰਨਿਆਂ ਦੀ ਇਸ ਵੱਡ-ਆਕਾਰੀ ਪੁਸਤਕ ਵਿਚ ਲੇਖਕ ਨੇ ਆਪਣੀ ਸਵੈ-ਜੀਵਨੀ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਵੀ ਵਧੀਆ ‘ਫ਼ੋਲਾਫ਼ਾਲੀ’ ਕੀਤੀ ਹੈ। ਵਧੀਆ ਮੋਮੀ ਕਾਗ਼ਜ਼ ’ਤੇ ਛਪੇ ਇਤਿਹਾਸਕ ਅਤੇ ਆਤਮਕਥਾ ਦੇ ਦਿਲਚਸਪ ਬ੍ਰਿਤਾਂਤ ਦੇ ਨਾਲ ਹੀ ਉਸ ਨਾਲ ਸਬੰਧਿਤ ਤਸਵੀਰਾਂ ਦੇ ਕੇ ਇਸ ਨੂੰ ਹੋਰ ਵੀ ਰੌਚਕ ਬਣਾਇਆ ਗਿਆ ਹੈ। ਇਸ ਦੇ ਲਈ ਪੁਸਤਕ ਦੇ ਟਾਈਪ-ਸੈੱਟਰ ਤੇ ਪ੍ਰਕਾਸ਼ਕ ਅੰਮ੍ਰਿਤਸਰ ਦੇ ਮਸ਼ਹੂਰ ‘ਸਿੰਘ ਬ੍ਰਦਰਜ਼’ ਦੋਵੇਂ ਹੀ ਵਧਾਈ ਦੇ ਹੱਕਦਾਰ ਹਨ ਅਤੇ ਪੁਸਤਕ ਲੇਖਕ ਸੋਹਣ ਸਿੰਘ ਪੂੰਨੀ ਨੂੰ ਇਸ ਖ਼ੂਬਸੂਰਤ ਉਪਰਾਲੇ ਦੀਆਂ ਢੇਰ ਸਾਰੀਆਂ ਮੁਬਾਰਕਾਂ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4463)
(ਸਰੋਕਾਰ ਨਾਲ ਸੰਪਰਕ ਲਈ: (