SukhdevJhandDr7ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ...
(12 ਮਾਰਚ 2021)
(ਸ਼ਬਦ: 2380)


ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ
, ਬਚਪਨ ਅਤੇ ਜਵਾਨੀ ਦੀਆਂ ਆਦਤਾਂ ਬੁਢਾਪੇ ਤਕ ਨਾਲ ਹੀ ਜਾਂਦੀਆਂ ਹਨਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂਕਾਵਿ ‘ਹੀਰ’ ਜੋ ਹੀਰ ਅਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖ਼ੂਬੀ ਬਿਆਨਦਾ ਹੈ, ਦੇ ਰਚਣਹਾਰੇ ਮੀਆਂ ਵਾਰਸ ਸ਼ਾਹ ਜੀ ਆਪਣੇ ਇਸ ਸ਼ਾਹਕਾਰ ਵਿੱਚ ਫ਼ਰਮਾਉਂਦੇ ਹਨ:

“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।”

ਵਾਰਸ ਸ਼ਾਹ ਹੋਰਾਂ ਦੇ ਇਸ ਕਥਨ ਦਾ ਸਾਰ-ਅੰਸ਼ ਹੈ ਕਿ ਮਨੁੱਖੀ ਆਦਤਾਂ ਨੂੰ ਬਦਲਣਾ ਮੁਸ਼ਕਲ ਹੀ ਨਹੀਂ, ਸਗੋਂ ਇਹ ਅਸੰਭਵ ਹੈ ਅਤੇ ਇਹ ਮਨੁੱਖ ਦੇ ਨਾਲ ਹੀ ਉਸ ਦੇ ਅੰਤ ਤਕ ਨਿਭਦੀਆਂ ਹਨਉਨ੍ਹਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਪ੍ਰਚੱਲਤ ਲੋਕ-ਅਖਾਣ “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ” ਵੀ ਪੂਰੀ ਤਰ੍ਹਾਂ ਕਰਦਾ ਹੈਆਦਤਾਂ ਦੋ ਤਰ੍ਹਾਂ ਦੀਆਂ ਹਨ, ਚੰਗੀਆਂ ਅਤੇ ਮਾੜੀਆਂਇਹ ਵੀ ਹੋ ਸਕਦਾ ਹੈ ਕਿ ਵਾਰਸ ਸ਼ਾਹ ਹੋਰਾਂ ਨੇ ਇਹ ਗੱਲ ਮਾੜੀਆਂ ਆਦਤਾਂ ਦੇ ਨਾ਼ਲ-ਨਾਲ ਚੰਗੀਆਂ ਆਦਤਾਂ ਲਈ ਵੀ ਆਖੀ ਹੋਵੇਵੈਸੇ, ਆਮ ਲੋਕਾਂ ਦਾ ਮਾੜੀਆਂ ਆਦਤਾਂ ਬਾਰੇ ਖ਼ਿਆਲ ਹੈ ਕਿ ਮਨੁੱਖ ਲਈ ਬਚਪਨ ਜਾਂ ਜਵਾਨੀ ਵਿੱਚ ਪਈਆਂ ਮਾੜੀਆਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੈ ਅਤੇ ਇਹ ਉਸ ਦੇ ਨਾਲ ਜੀਵਨ-ਭਰ ਚੱਲਦੀਆਂ ਹਨਉਨ੍ਹਾਂ ਅਨੁਸਾਰ ਝੂਠ ਬੋਲਣ, ਲੜਨ- ਝਗੜਨ, ਲੋਭ, ਲਾਲਚ, ਈਰਖਾ ਜਾਂ ਸਾੜਾ ਕਰਨ ਵਰਗੀਆਂ ਆਦਤਾਂ ਮਨੁੱਖ ਦੇ ਮਰਨ ਤਕ ਉਸ ਦਾ ਪਿੱਛਾ ਨਹੀਂ ਛੱਡਦੀਆਂ ਅਤੇ ਇਹ ਉਸ ਦੇ ਨਾਲ ਹੀ ਨਿਭਦੀਆਂ ਹਨ

ਕਰੋਨਾ ਦੇ ਇਸ ਚੱਲ ਰਹੇ ਅਜੋਕੇ ਪ੍ਰਕੋਪ ਦੌਰਾਨ ਮਹੀਨਾ ਕੁ ਪਹਿਲਾਂ ਮੈਂ ਮਨੁੱਖੀ ਆਦਤਾਂ ਬਾਰੇ ਜੇਮਜ਼ ਕਲੀਅਰ ਦੀ 306 ਪੰਨਿਆਂ ਦੀ ਵੱਡ-ਆਕਾਰੀ ਪੁਸਤਕ ‘ਐਟੌਮਿਕ ਹੈਬਿਟਸ’ (Atomic Habits) ‘ਐਮਾਜ਼ੋਨ’ ਵਾਲਿਆਂ ਕੋਲੋਂ ਡਾਕ ਰਾਹੀਂ ਮੰਗਵਾ ਕੇ ਅੱਖਰ-ਅੱਖਰ ਪੜ੍ਹੀ ਹੈਇਸ ਪੁਸਤਕ ਦਾ ਸਬ-ਟਾਈਟਲ ਹੈ - An Easy & Proven Way to Build Good Habits & Break Bad Ones - ਇਸ ਵਿੱਚ ਚੰਗੀਆਂ ਆਉਣ ਅਤੇ ਮਾੜੀਆਂ ਆਦਤਾਂ ਛੁਡਵਾਉਣ ਬਾਰੇ ਇਸ ਵਿੱਚ ਦਰਸਾਏ ਗਏ ਢੰਗਾਂ-ਤਰੀਕਿਆਂ ਦੀ ਖ਼ੂਬਸੂਰਤ ਝਲਕ ਪਵਾਉਂਦਾ ਹੈਲੇਖਕ ਨੇ ਜਿੱਥੇ ਇਸ ਪੁਸਤਕ ਵਿੱਚ ਮਨੁੱਖ ਦੀਆਂ ਛੋਟੀਆਂ-ਛੋਟੀਆਂ ਆਦਤਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਉੱਥੇ ਇਸ ਵਿੱਚ ਚੰਗੀਆਂ ਆਦਤਾਂ ਨੂੰ ਅਪਨਾਉਣ ਅਤੇ ਮਾੜੀਆਂ ਨੂੰ ਛੱਡਣ ਦੇ ਢੰਗ-ਤਰੀਕਿਆਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਰਜ ਕੀਤੀ ਹੈਉਸ ਦਾ ਕਹਿਣਾ ਕਿ ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ ਇਸਦੇ ਲਈ ਮਨੁੱਖ ਨੂੰ ਆਪਣਾ ਮਨ ਪੱਕਾ ਕਰਨ ਅਤੇ ਲੋੜੀਂਦਾ ਫ਼ੈਸਲਾ ਲੈ ਕੇ ਉਸ ਨੂੰ ਦੁਹਰਾਉਣ ਅਤੇ ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨ ਲਈ ਅਭਿਆਸ ਕਰਨ ਦੀ ਲੋੜ ਹੈਇੱਥੇ ਇਹ ਜ਼ਿਕਰਯੋਗ ਹੈ ਕਿ ਪੁਸਤਕ ਦੇ ਲੇਖਕ ਜੇਮਜ਼ ਕਲੀਅਰ ਦੇ ਆਰਟੀਕਲ ਸੰਸਾਰ ਪ੍ਰਸਿੱਧ ਰਿਸਾਲਿਆਂ ‘ਟਾਈਮ’, ‘ਐਂਟਰਪ੍ਰੀਨੀਅਰ’ ਅਤੇ ‘ਨਿਊ ਯੌਰਕ ਟਾਈਮਜ਼’ ਵਰਗੀਆਂ ਮਿਆਰੀ ਅਖ਼ਬਾਰਾਂ ਵਿੱਚ ਅਕਸਰ ਛਪਦੇ ਰਹਿੰਦੇ ਹਨ, ਅਤੇ ਉਸ ਨੂੰ ਵੱਡੇ-ਵੱਡੇ ਪਲੇਟਫ਼ਾਰਮਾਂ ’ਤੇ ਵੱਖ-ਵੱਖ ਵਿਸ਼ਿਆਂ ਉੱਪਰ ਬੋਲਣ ਦੀ ਮੁਹਾਰਤ ਹਾਸਲ ਹੈ

ਜੇਮਜ਼ ਕਲੀਅਰ ਅਨੁਸਾਰ ‘ਆਦਤ’ ਇੱਕ ਅਜਿਹਾ ਵਰਤਾਰਾ ਹੈ ਜਿਸ ਨੂੰ ਮਨੁੱਖ ਜਾਂ ਕਿਸੇ ਜੀਵ ਵੱਲੋਂ ਬਾਰ-ਬਾਰ ਦੁਹਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਵਰਤਾਰਾ ‘ਸਵੈਚਾਲਕ’ ((Automatic) ਹੋ ਜਾਂਦਾ ਹੈ ਮਨੁੱਖੀ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਅਤੇ ਮਾੜੀਆਂ ਵੀਇਹ ‘ਦੋ-ਧਾਰੀ ਤਲਵਾਰ’ ਹਨਉਦਾਹਰਣ ਵਜੋਂ, ਸਿਗਰਟ-ਨੋਸ਼ੀ ਜਾਂ ਤੰਮਾਕੂ ਪੀਣ ਦੀ ਆਦਤ ਦਮੇਂ ਦੀ ਬੀਮਾਰੀ (Asthma) ਦੇ ਮਰੀਜ਼ ਲਈ ਉਸ ਨੂੰ ਸਾਹ ਸੌਖੀ ਤਰ੍ਹਾਂ ਲੈਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਪਰ ਇਸਦੇ ਨਾਲ ਹੀ ਇਹ ਉਸ ਦੇ ਫੇਫੜਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦੀ ਹੈ ਜੋ ਫੇਫੜਿਆਂ ਦੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈਚੰਗੀਆਂ ਆਦਤਾਂ ਮਨੁੱਖ ਦੇ ਸੁਧਾਰ ਰੂਪੀ ਮੂਲਧੰਨ ਵਿੱਚ ਇਨ੍ਹਾਂ ਦੇ ਬਿਆਜ (Interest) ਨੂੰ ਜਮ੍ਹਾਂ ਕਰਕੇ ਉਸ ਨੂੰ ਵਧੀਆ ਜੀਵਨ-ਜਾਚ ਦੇ ‘ਮਿਸ਼ਰਧੰਨ’ (Compound Principal Amount) ਵਿੱਚ ਬਦਲ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਦੇ ਸੰਦਰਭ ਵਿੱਚ ਇਹ ਉਸ ਦੇ ‘ਵਿਗਾੜਾਂ ਦਾ ਮਿਸ਼ਰਧੰਨ’ ਵੀ ਬਣ ਜਾਂਦੀਆਂ ਹਨਮਨੁੱਖੀ ਮਨ ਮਾੜੀਆਂ ਆਦਤਾਂ ਨੂੰ ਬੜੀ ਜਲਦੀ ਸਵੀਕਾਰਦਾ ਹੈ, ਜਦਕਿ ਚੰਗੀਆਂ ਆਦਤਾਂ ਅਪਨਾਉਣ ਲਈ ਉਸ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ

ਵੱਡੇ-ਵੱਡੇ ਫ਼ੈਸਲਿਆਂ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਹੁੰਦੀ ਹੈਹਰੇਕ ਆਦਤ ਦਾ ਬੀਜ ਸਾਡੇ ਮਨ ਦੇ ਨਿੱਕੇ ਜਿਹੇ ਫ਼ੈਸਲੇ ਵਿੱਚ ਛੁਪਿਆ ਹੁੰਦਾ ਹੈਇਹ ਫ਼ੈਸਲਾ ਸਾਡੇ ਵੱਲੋਂ ਆਪਣੇ ਮਨ ਵਿੱਚ ਅੰਦਰੇ ਅੰਦਰ ਦੁਹਰਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਮਜ਼ਬੂਤ ਹੁੰਦਾ ਜਾਂਦਾ ਹੈਕਿਸੇ ਮਾੜੀ ਆਦਤ ਨੂੰ ਛੱਡਣਾ ਮਨ ਵਿੱਚੋਂ ‘ਵੱਡੇ ਰੁੱਖ’ (ਬੋਹੜ ਜਾਂ ਓਕ) ਨੂੰ ਜੜ੍ਹੋਂ ਪੁੱਟਣ ਵਾਂਗ ਹੈ ਅਤੇ ਚੰਗੀ ਆਦਤ ਨੂੰ ਮਨ ਵਿੱਚ ਵਸਾਉਣਾ ਕੋਈ ਖ਼ੂਬਸੂਰਤ ਖ਼ੁਸ਼ਬੂਦਾਰ ਫੁੱਲ ਉਗਾਉਣਾ ਹੈਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂਕੀ ਅਸੀਂ ਮਾੜੀ ਆਦਤ ਨੂੰ ਛੱਡ ਕੇ ਕਿਸੇ ਚੰਗੀ ਆਦਤ ਨੂੰ ਅਪਣਾਉਣਾ ਚਾਹੁੰਦੇ ਹਾਂ ਜਾਂ ਫਿਰ ਉਸੇ ਤਰ੍ਹਾਂ ਉਸੇ ਹੀ ਹਾਲਤ ਵਿੱਚ ਜਿਊਣਾ ਚਾਹੁੰਦੇ ਹਾਂਉਦਾਹਰਣ ਵਜੋਂ, ਲੇਖਕ ਬਣਨ ਲਈ ਕਿਸੇ ਵਿਅਕਤੀ ਨੂੰ ਰੋਜ਼ ਕੁਝ ਨਾ ਕੁਝ, ਭਾਵੇਂ ਇੱਕ ਸਫ਼ਾ ਹੀ ਸਹੀ, ਲਿਖਣਾ ਜ਼ਰੂਰੀ ਹੈ ਅਤੇ ਖਿਡਾਰੀ ਬਣਨ ਦੇ ਇੱਛਕ ਨੂੰ ਆਪਣੀ ਮਨ-ਪਸੰਦ ਖੇਡ ਦੀ ਹਰ ਰੋਜ਼ ਪ੍ਰੈਕਟਿਸ ਕਰਨੀ ਜ਼ਰੂਰੀ ਹੈ ਇਸੇ ਤਰ੍ਹਾਂ ਕਿਸੇ ਮਾੜੀ ਆਦਤ ਨੂੰ ਛੱਡਣ ਲਈ ਉਸ ਦੇ ਲਈ ਪਹਿਲਾਂ ਆਪਣਾ ਮਨ ਪੱਕਾ ਬਣਾਉਣਾ ਅਤੀ ਜ਼ਰੂਰੀ ਹੈ ਕਿ ਮੈਂ ਇਹ ਹਰ ਹਾਲਤ ਵਿੱਚ ਛੱਡਣੀ ਹੀ ਹੈ ਅਤੇ ਫਿਰ ਇਸ ਛੱਡੀ ਹੋਈ ਆਦਤ ਆਪਣੇ ਤੋਂ ਪਰੇ ਰੱਖਣਾ ਵੀ ਜ਼ਰੂਰੀ ਹੈ

ਆਦਤਾਂ ਸਾਡੇ ਜੀਵਨ ਵਿੱਚ ਛੋਟੇ-ਛੋਟੇ ‘ਅਣੂਆਂ’ (Atoms) ਵਾਂਗ ਹਨ ਜੋ ਵਿਖਾਈ ਨਹੀਂ ਦਿੰਦੀਆਂ ਪਰ ਇਹ ਸਾਡੀ ਸ਼ਖ਼ਸੀਅਤ ਉੱਪਰ ਡੂੰਘਾ ਅਸਰ ਪਾਉਂਦੀਆਂ ਹਨਅਣੂ ਮਿਲ ਕੇ ਜਿਵੇਂ ਇੱਕ ਵੱਡੇ ਯੂਨਿਟ ‘ਮੌਲੀਕਿਊਲ’ (Molecule) ਦਾ ਰੂਪ ਧਾਰਨ ਕਰ ਲੈਂਦੇ ਹਨ, ਇਸੇ ਤਰ੍ਹਾਂ ਸਾਡੀਆਂ ਆਦਤਾਂ ਵੀ ਮਿਲ ਕੇ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਤੀਕ ਬਣ ਜਾਂਦੀਆਂ ਹਨਜੇਮਜ਼ ਕਲੀਅਰ ਨੇ ਛੋਟੀਆਂ-ਛੋਟੀਆਂ ਆਦਤਾਂ ਨੂੰ ‘ਐਟੌਮਿਕ ਹੈਬਿਟਸ’ (Atomic Habits ) ਦਾ ਨਾਂ ਦਿੱਤਾ ਹੈਉਸ ਦੇ ਅਨੁਸਾਰ ਇਹ ਅਣੂ-ਆਦਤਾਂ (ਐਟੌਮਿਕ ਹੈਬਿਟਸ) ਬੜੀਆਂ ਹੀ ਸੂਖ਼ਮ ਪਰ ਬੜੀਆਂ ਤਾਕਤਵਰ ਹੁੰਦੀਆਂ ਹਨਸ਼ੁਰੂ-ਸ਼ੁਰੂ ਵਿੱਚ ਇਹ ਬੜੀਆਂ ਮਾਮੂਲੀ ਜਿਹੀਆਂ ਲੱਗਦੀਆਂ ਹਨ ਅਤੇ ਕਾਫ਼ੀ ਕਮਜ਼ੋਰ ਜਾਪਦੀਆਂ ਹਨ, ਪਰ ਫਿਰ ਇਹ ਆਪਸ ਵਿੱਚ ਜਮ੍ਹਾਂ ਅਤੇ ਜ਼ਰਬ (ਗੁਣਾ) ਹੋ ਕੇ ਕਈ ਗੁਣਾਂ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਸੁਭਾਅ ਅਤੇ ਉਸ ਦੀ ਸ਼ਖ਼ਸੀਅਤ ਦਾ ਅਹਿਮ ਅੰਗ ਬਣ ਜਾਂਦੀਆਂ ਹਨ

ਮਨੁੱਖੀ ਆਦਤਾਂ ਨੂੰ ਬਦਲਣ ਲਈ ਚਾਰ ਨਿਯਮ:

ਮਨੁੱਖੀ ਆਦਤਾਂ ਨੂੰ ਬਦਲਣ ਲਈ ਜਿਨ੍ਹਾਂ ਵਿੱਚ ਚੰਗੀਆਂ ਆਦਤਾਂ ਨੂੰ ਅਪਣਾਉਣਾ ਅਤੇ ਮਾੜੀਆਂ ਆਦਤਾਂ ਨੂੰ ਤਿਆਗਣਾ ਸ਼ਾਮਲ ਹੈ, ਦੇ ਲਈ ਜੇਮਜ਼ ਕਲੀਅਰ ਨੇ ਚਾਰ ਨਿਯਮ ਦੱਸੇ ਹਨ ਅਤੇ ਇਹ ਚਾਰੇ ਹੀ ਬੜੇ ਮਹੱਤਵਪੂਰਨ ਹਨ

ਪਹਿਲਾ ਨਿਯਮ ਹੈ, ਕੋਈ ਵੀ ਕੰਮ ਕਰਨ ਲਈ ਮਨ ਬਣਾਉਣਾ ਅਤੇ ਇਸ ਪਹਿਲੇ ਨਿਯਮ ਨੂੰ ਉਸ ਨੇ ਚਾਰ ਪੜਾਵਾਂ ਵਿੱਚ ਵੰਡਿਆ ਹੈ:

1. ਕਿਸੇ ਖ਼ਿਆਲ ਦਾ ਮਨ ਵਿੱਚ ਆਉਣਾ

2. ਮਨ ਵਿੱਚ ਚਾਹਤ ਪੈਦਾ ਹੋਣੀ

3. ਚਾਹਤ ਦਾ ਮਨ ਅਤੇ ਸਰੀਰ ’ਤੇ ਅਸਰ ਹੋਣਾ

4. ਹੋਏ ਅਸਰ ਦਾ ਇਨਾਮ ਮਿਲਣਾ

ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਨ ਲਈ ਸਭ ਤੋਂ ਪਹਿਲਾਂ ਇਸਦਾ ਖ਼ਿਆਲ ਸਾਡੇ ਮਨ (ਦਿਮਾਗ਼) ਵਿੱਚ ਆਉਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈਆਮ ਪ੍ਰਚੱਲਤ ਭਾਸ਼ਾ ਵਿੱਚ ਇਸ ਨੂੰ ‘ਫ਼ੁਰਨਾ’ ਵੀ ਕਿਹਾ ਜਾ ਸਕਦਾ ਹੈਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨੰਤਰ ਸ਼ਬਦ ‘ਕਿਊ’ ((Cue) ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਸਟਿਮੂਲੱਸ’ (Stimulus) ਕਿਹਾ ਜਾਂਦਾ ਹੈ ਅਤੇ ਮਨੋਵਿਗਿਆਨਕ ਭਾਸ਼ਾ ਵਿੱਚ ‘ਉਤਸ਼ਾਹੀ-ਇਸ਼ਾਰੇ’ (Exciting Actions) ਦਾ ਨਾਂ ਵੀ ਦਿੱਤਾ ਜਾ ਸਕਦਾ ਹੈਸਾਡਾ ਦਿਮਾਗ਼ ਸੋਚਾਂ ਦੀ ਮਸ਼ੀਨ ਹੈਇਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਜਨਮ ਲੈਂਦੀਆਂ ਹਨਰਾਤ ਨੂੰ ਸੁੱਤੇ ਪਿਆਂ ਵੀ ਸੁਪਨਿਆਂ ਵਿੱਚ ਅਚੇਤ ਮਨ ਵਿੱਚ ਘੁੰਮਦੀਆਂ ਰਹਿੰਦੀਆਂ ਹਨਇਸ ਖ਼ਿਆਲ ਦਾ ਚਾਹਤ ਵਿੱਚ ਬਦਲਣਾ ਸਾਡੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਵੱਖ-ਵੱਖ ਹਾਰਮੋਨਾਂ (Hormones) ਅਤੇ ਰਸਾਇਣ-ਪਦਾਰਥਾਂ (Chemicals) ਦੇ ਕਾਰਨ ਹੈ

ਦੂਸਰੇ ਨਿਯਮ ਵਿੱਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਦਿਲਕਸ਼, ਭਾਵ ਮਨ-ਭਾਉਂਦੀਆਂ ਬਣਾਉਣ ਅਤੇ ਮਾੜੀਆਂ ਆਦਤਾਂ ਨੂੰ ਨਫ਼ਰਤਯੋਗ ਬਣਾਉਣ ਦੀ ਗੱਲ ਕੀਤੀ ਗਈ ਹੈਆਦਤ ਜਿੰਨੀ ਮਨ-ਭਾਉਂਦੀ ਹੋਵੇਗੀ, ਉਸ ਨੂੰ ਅਪਨਾਉਣ ਵਿੱਚ ਉੰਨਾ ਹੀ ਘੱਟ ਸਮਾਂ ਲੱਗੇਗਾਮਾੜੀ ਆਦਤ ਛੱਡਣ ਲਈ ਇਸਦਾ ਉੰਨਾ ਹੀ ਨਫ਼ਰਤਯੋਗ ਹੋਣਾ ਜ਼ਰੂਰੀ ਹੈਸਾਡੇ ਦਿਮਾਗ਼ ਵਿੱਚ ਖ਼ਾਸ ਕਿਸਮ ਦੇ ਰਸਾਇਣ ‘ਡੋਪਾਮੀਨ’ (Dopamine) ਦੀ ਵੱਧ ਜਾਂ ਘੱਟ ਮਾਤਰਾ ਦਾ ਰਿਸਣਾ ਇਨ੍ਹਾਂ ਆਦਤਾਂ ਦੇ ਜਲਦੀ ਜਾਂ ਦੇਰੀ ਨਾਲ ਅਪਨਾਉਣ ਜਾਂ ਛੱਡਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ

ਆਦਤਾਂ ਨੂੰ ਬਦਲਣ ਵਿੱਚ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈਇਸ ਦੁਨੀਆਂ ਦੇ ਛੋਟੇ ਜਿਹੇ ਦੇਸ਼ ਹੰਗਰੀ ਦੇ ਇੱਕ ਵੱਡੇ ਵਿਦਵਾਨ ਲੈਜ਼ਲੋ ਪੋਲਗਰ ਦਾ ਕਹਿਣਾ ਹੈ, “ਕੋਈ ਵੀ ਵਿਦਵਾਨ ਉਸ ਦੇ ਜਨਮ ਤੋਂ ਨਹੀਂ ਹੁੰਦਾ, ਪ੍ਰੰਤੂ ਇੰਜ ਦਾ ਉਸ ਨੂੰ ਪੜ੍ਹਾ-ਲਿਖਾ ਕੇ ਅਤੇ ਸਿਖਲਾਈ ਦੇ ਕੇ ਬਣਾਇਆ ਜਾਂਦਾ ਹੈ ((A genius is not born, but is educated and trained )... ਤੇ ਇਸ ਸਾਰੇ ਕੁਝ ਵਿੱਚ ਉਸ ਦੇ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਉਸ ਦੀ ਪੜ੍ਹਾਈ ਦਾ ਅਤੇ ਅਗਲੇਰੀ ਲੋੜੀਂਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈਜਿਸ ਵਾਤਾਵਰਣ ਅਤੇ ਸੱਭਿਆਚਾਰ ਵਿੱਚ ਉਹ ਵਿਚਰਦਾ ਹੈ, ਉਸ ਦਾ ਵੀ ਉਸ ਦੇ ਮਨ ’ਤੇ ਡੂੰਘਾ ਅਸਰ ਹੁੰਦਾ ਹੈ, ਕਿਉਂਕਿ ਉਹ ਸਮਾਜ ਵਿੱਚ ਰਹਿੰਦਿਆਂ ਹੋਇਆਂ ਦੋਸਤਾਂ-ਮਿੱਤਰਾਂ, ਗਵਾਂਢੀਆਂ ਅਤੇ ਆਲੇ-ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ

ਆਸੇ-ਪਾਸੇ ਦਾ ਮਾਹੌਲ ਅਤੇ ਵਾਤਾਵਰਣ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈਮਨੁੱਖ ਆਲੇ-ਦੁਆਲੇ ਦੀ ਸੰਗਤ ਤੋਂ ਬੜਾ ਕੁਝ ਸਿੱਖਦਾ ਹੈਪੰਜਾਬੀ ਵਿੱਚ ਆਮ ਕਹਾਵਤ ਪ੍ਰਚੱਲਤ ਹੈ, “ਜਿਹੀ ਸੰਗਤ, ਤਿਹੀ ਰੰਗਤ”, ਭਾਵ ਜਿਨ੍ਹਾਂ ਲੋਕਾਂ ਨਾਲ ਮਨੁੱਖ ਦਾ ਮੇਲ-ਜੋਲ ਹੈ, ਉਸ ਦਾ ਅਸਰ ਉਸ ਮਨੁੱਖ ’ਤੇ ਜ਼ਰੂਰ ਹੁੰਦਾ ਹੈ ਅਤੇ ਇਹ ਸੰਗਤ ਚੰਗੀ ਅਤੇ ਮਾੜੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈਫਿਰ ਸੰਗਤ ਜ਼ਰੂਰੀ ਨਹੀਂ ਕਿ ਮਨੁੱਖੀ ਰੂਪ ਵਿੱਚ ਹੀ ਹੋਵੇ, ਇਹ ਆਲੇ-ਦੁਆਲੇ ਪਈਆਂ ਚੀਜ਼ਾਂ-ਵਸਤਾਂ, ਪੁਸਤਕਾਂ, ਖੇਡਣ-ਮੱਲ੍ਹਣ ਦੇ ਸਮਾਨ ਅਤੇ ਮਨੋਰੰਜਨ ਦੇ ਸਾਧਨਾਂ ਦੇ ਰੂਪ ਵਿੱਚ ਵੀ ਹੋ ਸਕਦੀ ਹੈਵੇਖਣ ਵਿੱਚ ਆਇਆ ਹੈ ਕਿ ਚੰਗੀ ਸੰਗਤ ਨਾਲੋਂ ਮਾੜੀ ਸੰਗਤ ਦਾ ਅਸਲ ਬੜੀ ਜਲਦੀ ਹੁੰਦਾ ਅਤੇ ਇਹ ਹੁੰਦਾ ਵੀ ਵਧੇਰੇ ਤੀਬਰਤਾ ਨਾਲ ਹੈਚੰਗੀਆਂ ਆਦਤਾਂ ਸਿੱਖਣ ਲਈ ਆਲੇ-ਦੁਆਲੇ ਦਾ ਮਾਹੌਲ ਖੁਸ਼ਗੁਆਰ ਹੋਣਾ ਚਾਹੀਦਾ ਹੈ, ਕਿਉਂਕਿ ਮਾੜਾ ਮਾਹੌਲ ਹਮੇਸ਼ਾ ਮਾੜੀਆਂ ਆਦਤਾਂ ਨੂੰ ਹੀ ਜਨਮ ਦਿੰਦਾ ਹੈਮਨ ਵਿੱਚ ਉਪਜੀ ਕਿਸੇ ਵੀ ਚਾਹਤ ਦਾ ਸਾਡੇ ਸਰੀਰ ਉੱਤੇ ਡੂੰਘਾ ਅਸਰ ਹੁੰਦਾ ਹੈ ਅਤੇ ਉਹ ਅੱਗੋਂ ਉਸ ਚਾਹਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈਮਨ ਅਤੇ ਸਰੀਰ ਉੱਪਰ ਹੋਏ ਇਸ ਅਸਰ ਦਾ ਇਨਾਮ (ਪ੍ਰਭਾਵ) ਵੀ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਬਣਦੀ ਹੈ

ਤੀਸਰੇ ਨਿਯਮ ਵਿੱਚ ਜੇਮਜ਼ ਨੇ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਆਸਾਨ ਬਣਾਉਣ ਅਤੇ ਮਾੜੀਆਂ ਨੂੰ ਮੁਸ਼ਕਲ ਕਰਾਰ ਦੇਣ ਦੀ ਗੱਲ ਕੀਤੀ ਹੈ ਇਸਦੇ ਲਈ ਉਹ ਆਪਣੀ ਮੰਜ਼ਲ ਵੱਲ ਹੌਲੀ-ਹੌਲੀ ਅੱਗੇ ਵਧਣ ਅਤੇ ਪਿੱਛੇ ਮੁੜ ਕੇ ਨਾ ਵੇਖਣ ਦੀ ਸਲਾਹ ਦਿੰਦਾ ਹੈਮਨੁੱਖ ਦਾ ਕੇਂਦਰ-ਬਿੰਦੂ ‘ਕਰਮ’ (Action) ਹੋਣਾ ਚਾਹੀਦਾ ਹੈ, ਨਾ ਕਿ ‘ਚੱਲਣ ਦੀ ਤਿਆਰੀ ਵਿੱਚ’ (Being in Motion)ਕਿਸੇ ਵੀ ਚੰਗੀ ਆਦਤ ਨੂੰ ਅਪਨਾਉਣ ਤੋਂ ਬਾਅਦ ਇਸਦੇ ਲਈ ਅਭਿਆਸ ਜ਼ਰੂਰੀ ਹੈਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਹੀ ਉਹ ਆਦਤ ਪੱਕ ਜਾਂਦੀ ਹੈ ਅਤੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈਮਨੁੱਖੀ ਸੁਭਾਅ ਹੈ ਕਿ ਉਹ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤਾ ਕੁਝ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ‘ਛੋਟੇ-ਰਸਤੇ’ (Short-Cuts) ਅਪਨਾਉਂਦਾ ਹੈਪਰ ਜ਼ਰੂਰੀ ਨਹੀਂ ਕਿ ਇਹ ਛੋਟੇ ਰਸਤੇ ਉਸ ਨੂੰ ਸਫ਼ਲਤਾ ਵੱਲ ਲਿਜਾਣ ਵਿੱਚ ਸਹਾਈ ਹੋਣ ਅਤੇ ਬਹੁਤੀ ਵਾਰ ਇਹ ਸਹੀ ਸਾਬਤ ਨਹੀਂ ਹੁੰਦੇ

ਆਪਣੇ ਨਿੱਜੀ ਤਜਰਬੇ ਤੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹੌਲੀ-ਹੌਲੀ ਅੱਗੇ ਵਧ ਕੇ ਹੀ ਸਫ਼ਲਤਾ ਦੀ ਪੌੜੀ ਦੇ ਉੱਪਰਲੇ ਡੰਡੇ ਵੱਲ ਵਧਿਆ ਜਾ ਸਕਦਾ ਹੈਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ਇਹ ਦੋ ਕਿਲੋਮੀਟਰ ਹੀ ਚੱਲਦੀ ਰਹੀਫਿਰ ਆਪਣੇ ਮਨ ਨਾਲ ਫ਼ੈਸਲਾ ਕਰਕੇ ਮੈਂ ਇਸ ਨੂੰ ਪਹਿਲਾਂ ਚਾਰ ਅਤੇ ਫਿਰ ਪੰਜ ਕਿਲੋਮੀਟਰ ਤਕ ਵਧਾਇਆਹੌਲੀ-ਹੌਲੀ ਇਸ ਨੂੰ ਹੋਰ ਵਧਾ ਕੇ ਮੈਂ ਇਸ ਸੈਰ ਤੇ ਹਲਕੀ ਦੌੜ ਨੂੰ 10 ਕਿਲੋਮੀਟਰ ਤਕ ਲਿਜਾਣ ਵਿੱਚ ਸਫ਼ਲ ਹੋਇਆ ਹਾਂਬੇਸ਼ਕ, ਇਸ ਵਿੱਚ ਮੇਰੇ ਆਪਣੇ ਫ਼ੈਸਲਿਆਂ ਦੇ ਨਾਲ ਇੱਥੇ ਬਰੈਂਪਟਨ ਵਿੱਚ ਪਿਛਲੇ 6-7 ਸਾਲਾਂ ਤੋਂ ਵਿਚਰ ਰਹੀ ਰਨਰਜ਼ ਕਲੱਬ ‘ਟੀ.ਪੀ.ਏ.ਆਰ. ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ) ਦੇ ਕੁਝ ਮੈਂਬਰ-ਦੋਸਤਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਪੂਰਾ ਹੱਥ ਹੈ ਜਿਨ੍ਹਾਂ ਵਿੱਚੋਂ ਕਈਆਂ ਨੇ ਇਹ ਸੈਰ ਤੇ ਦੌੜ ਮੇਰੇ ਵਾਂਗ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਉਹ ਇਸ ਨੂੰ ‘ਹਾਫ-ਮੈਰਾਥਨ’ ਤਕ ਲੈ ਗਏ

ਚੌਥੇ ਨਿਯਮ ਵਿੱਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਤਸੱਲੀ-ਪੂਰਵਕ ਬਣਾਉਣ ਅਤੇ ਮਾੜੀਆਂ ਨੂੰ ਤਸੱਲੀ-ਰਹਿਤ ਕਰਾਰ ਦੇਣ ਦੀ ਗੱਲ ਕੀਤੀ ਗਈ ਹੈਮਾੜੀਆਂ ਆਦਤਾਂ ਸ਼ੁਰੂ-ਸ਼ੁਰੂ ਵਿੱਚ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਪਰ ਅੱਗੇ ਜਾ ਕੇ ਕੁਝ ਸਮੇਂ ਬਾਅਦ ਇਨ੍ਹਾਂ ਦਾ ਮਾੜਾ ਪੱਖ ਸਾਡੇ ਸਾਹਮਣੇ ਆਉਣ ਲੱਗਦਾ ਹੈ ਅਤੇ ਫਿਰ ਇਹ ਸਾਨੂੰ ਭੈੜੀਆਂ ਲੱਗਣ ਲੱਗਦੀਆਂ ਹਨਅਸੀਂ ਮਾੜੀਆਂ ਆਦਤਾਂ ਨੂੰ ਕਿਉਂ ਦੁਹਰਾਉਂਦੇ ਹਾਂ? ਉਹ ਇਸ ਲਈ ਕਿ ਸਾਨੂੰ ਇਨ੍ਹਾਂ ਵਿੱਚੋਂ ਵਕਤੀ ਖ਼ੁਸ਼ੀ ਹਾਸਲ ਹੁੰਦੀ ਹੈਇਹ ਸਦੀਵੀ ਨਹੀਂ ਹੈਚੰਗੀਆਂ ਆਦਤਾਂ ਦਾ ਵਰਤਾਰਾ ਇਸਦੇ ਉਲਟ ਹੈਇਹ ਸ਼ੁਰੂ ਵਿੱਚ ਸਾਨੂੰ ਔਖੀਆਂ ਜਾਪਦੀਆਂ ਹਨ ਪਰ ਬਾਅਦ ਵਿੱਚ ਜਦੋਂ ਇਨ੍ਹਾਂ ਦੀ ਚੰਗਿਆਈ ਸਾਡੇ ਸਾਹਮਣੇ ਆਉਣ ਲਗਦੀ ਹੈ ਤਾਂ ਹੌਲੀ-ਹੌਲੀ ਇਹ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨਮਿਸਾਲ ਵਜੋਂ, ਕਾਰ ਵਿੱਚ ਸਫ਼ਰ ਕਰਨ ਲਈ ਸੀਟ-ਬੈੱਲਟ ਪਹਿਨਣ ਦਾ ਨਿਯਮ ਸਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਨਿਊ ਯੌਰਕ ਵਿੱਚ 1 ਦਸੰਬਰ 1984 ਨੂੰ ਪਾਸ ਕੀਤਾ ਗਿਆ ਅਤੇ ਉਦੋਂ ਅਮਰੀਕਾ ਵਿੱਚ ਕੇਵਲ਼ 14% ਲੋਕਾਂ ਨੇ ਇਸਦੀ ਪਾਲਣਾ ਕੀਤੀਲੋਕ ਇਸ ਨੂੰ ਵਾਧੂ ਜਿਹਾ ਵਰਤਾਰਾ (ਝੰਜਟ) ਹੀ ਸਮਝਦੇ ਸਨਪੰਜਾਂ ਸਾਲਾਂ ਬਾਅਦ ਅਮਰੀਕਾ ਦੀ ਅੱਧੀ ਤੋਂ ਵਧੇਰੇ ਵਸੋਂ ਨੇ ਇਸ ਨੂੰ ਸਹੀ ਸਮਝਦਿਆਂ ਹੋਇਆਂ ਮੰਨਣਾ ਸ਼ੁਰੂ ਕਰ ਦਿੱਤਾਹੁਣ ਇਹ ਨਿਯਮ ਦੁਨੀਆਂ-ਭਰ ਦੇ ਦੇਸ਼ਾਂ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ

ਮਨੁੱਖ ਵਿੱਚ ਚੰਗੀਆਂ ਆਦਤਾਂ ਦਾ ਹੋਣਾ ਜ਼ਰੂਰੀ ਹੈ ਪਰ ਇਹ ਸਭ ਕੁਝ ਨਹੀਂ ਹੈ, ਸਗੋਂ ਇਨ੍ਹਾਂ ਵਿੱਚ ਮੁਹਾਰਤ ਹਾਸਲ ਕਰਨਾ ਵਧੇਰੇ ਮਹੱਤਵਪੂਰਨ ਹੈਉਂਜ ਵੀ ਕਿਸੇ ਵੀ ਕੰਮ ਵਿੱਚ ਮੁਹਾਰਤ ਹਾਸਲ ਕਰਨ ਲਈ ਉਸ ਦੀ ਆਦਤ ਪਾਉਣਾ ਅਤੇ ਉਸ ਦਾ ਅਭਿਆਸ ਕਰਨਾ, ਦੋਵੇਂ ਹੀ ਮਹੱਤਵਪੂਰਨ ਪੱਖ ਹਨਇਨ੍ਹਾਂ ਦੋਹਾਂ ਦਾ ਸੁਮੇਲ ਮੁਹਾਰਤ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਗਵਾਹੀ ਭਰਦਾ ਹੈ

ਆਦਤਾਂ + ਲੋੜੀਂਦਾ ਅਭਿਆਸ = ਮੁਹਾਰਤ

(( Habits + Delibrate Practice = Mastery)

ਮਨੁੱਖ ਦੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਵਿੱਚ ਗੁਣ ਅਤੇ ਅਵਗੁਣ ਸ਼ਬਦਾਂ ਦਾ ਜ਼ਿਕਰ ਆਉਂਦਾ ਹੈਗੁਰੂ ਸਾਹਿਬਾਨ ਅਤੇ ਕਈ ਮਹਾਂ-ਪੁਰਖ਼ਾਂ ਨੇ ਸਾਨੂੰ ਚੰਗੀਆਂ ਆਦਤਾਂ ਨੂੰ ‘ਗੁਣ ’ਤੇ ਮਾੜੀਆਂ ਨੂੰ ‘ਅਵਗੁਣ’ ਦਾ ਦਰਜਾ ਦਿੱਤਾ ਹੈ ਅਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਤੋਂ ਦੂਰ ਰਹਿ ਕੇ ਨੇਕੀ ਕਰਨ, ਸਰਬੱਤ ਦਾ ਭਲਾ ਚਾਹੁਣ ਅਤੇ ਪ੍ਰਮਾਤਮਾ ਦਾ ਨਾਂ ਲੈਣ ਵਾਲੇ ਗੁਣ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ

ਗੁਰਵਾਕ ਹਨ:

ਅਵਗੁਣ ਛੋਡਿ ਗੁਣਾ ਕਓ ਧਾਵਹੁ ਕਰ ਅਵਗੁਣ ਪਛਤਾਹੀ ਜੀਉ(ਸ੍ਰੀ ਰਾਗ, ਮਹਲਾ ਪਹਿਲਾ, ਅੰਗ 598)

ਲੋਕ ਅਵਗੁਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਝੇ ਕੋਇ
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ(ਮਹਲਾ ਤੀਜਾ, ਅੰਗ 1092)

ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਕੌੜਾ ਬੋਲਣ ਵਰਗੀ ਮਾੜੀ ਆਦਤ ਬਾਰੇ ਫ਼ਰਮਾਉਂਦੇ ਹਨ:

ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ(ਆਸਾ ਦੀ ਵਾਰ, ਮਹਲਾ ਪਹਿਲਾ, ਅੰਗ 473)

ਬਾਬਾ ਫ਼ਰੀਦ ਜੀ ਵੀ ਆਪਣੇ ਇੱਕ ਸਲੋਕ ਵਿੱਚ ਮਾੜੀਆਂ ਆਦਤਾਂ (ਕੰਮ) ਤਿਆਗਣ ਲਈ ਕਹਿੰਦੇ ਹਨ:

ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵਿਸਾਰਿ
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ(ਸਲੋਕ 59, ਫਰੀਦ ਜੀ, ਅੰਗ 1381)

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨ ਵਿੱਚ ਇੱਛਾ ਸ਼ਕਤੀ ਪੈਦਾ ਕਰਕੇ ਜੇਕਰ ਅਸੀਂ ਆਪਣੀ ਕੋਈ ਆਦਤ ਬਦਲਣੀ ਚਾਹੀਏ ਅਤੇ ਉਸ ਦੇ ਲਈ ਲੋੜੀਂਦਾ ਅਭਿਆਸ ਕਰੀਏ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈਗੁਰਬਾਣੀ ਅਤੇ ਕਈ ਮਹਾਂ-ਪੁਰਖਾਂ ਦੇ ਕਥਨ ਵੀ ਇਸਦੇ ਲਈ ਸਾਡੀ ਅਗਵਾਈ ਕਰਦੇ ਹਨਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਵਾਨੀ ਵੇਲੇ ਕਈ ਕਿਸਮ ਦਾ ਨਸ਼ਾ ਕਰਨ ਵਾਲੇ ਕਈ ਮਨੁੱਖ ਮਗਰਲੀ ਉਮਰੇ ਜਾ ਕੇ ਆਪਣੀ ਇੱਛਾ ਸ਼ਕਤੀ ਨਾਲ ਇਹ ਨਸ਼ੇ ਤਿਆਗ ਵੀ ਦਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ-ਭਗਤੀ ਵਾਲੇ ਮਾਰਗ ਵੱਲ ਤੁਰ ਪੈਂਦੇ ਹਨਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੀਆਂ ਵਾਰਸ ਸ਼ਾਹ ਹੋਰਾਂ ਦਾ ਇਸ ਆਰਟੀਕਲ ਦੇ ਆਰੰਭ ਵਿੱਚ ਦਿੱਤਾ ਗਿਆ ਕਥਨ ‘ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’ ਹਰੇਕ ਮਨੁੱਖ ਉੱਪਰ ਲਾਗੂ ਨਹੀਂ ਹੁੰਦਾ, ਸਗੋਂ ਇਸਦੇ ਉਲਟ ਜੇਮਜ਼ ਕਲੀਅਰ ਦੇ ਆਦਤਾਂ ਬਦਲਣ ਲਈ ਦਿੱਤੇ ਗਏ ਚਾਰ ਨਿਯਮ ਵੀ ਸਾਰਥਿਕ ਸਾਬਤ ਹੋ ਸਕਦੇ ਹਨ

ਫਿਰ ਤਾਂ ਇਹ ਵੀ ਕਿਹਾ ਜਾ ਸਕਦਾ ਹੈ: ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਹਨ, ਜੇਕਰ ਬਦਲਣ ਦੀ ਇੱਛਾ ਤੇ ਲਗਨ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2639)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author