SukhdevSJhandDr7ਇਸ ਸ਼ਾਨਦਾਰ ਕਾਮਯਾਬੀ ਲਈ ਪਰਿਵਾਰ ਵੱਲੋਂ ਮਿਲੇ ਸਹਿਯੋਗ ਬਾਰੇ ਪੁੱਛਣ ’ਤੇ ਹਰਜੀਤ ਨੇ ਦੱਸਿਆ ਕਿ ...
(26 ਨਵੰਬਰ 2024)

 

26 Nov 2024 
ਹਰਜੀਤ ਸਿੰਘ ਹੈਰੀ ਅਤੇ ਉਸਦਾ ਸਾਥੀ


ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ … …” ਪਾਤਰ’ ਦੇ ਇਸ ਸ਼ਿਅਰ ਦੀ ਪੈੜ ਨੱਪਦਿਆਂ ਹਰਜੀਤ ‘ਹੈਰੀ’ ਬਣਿਆ’ ਆਇਰਨਮੈਨ’

ਆਇਰਨਮੈਨ ਟਰਾਇਥਲੋਨ’ ਮੁਕਾਬਲਾ ਇਸ ਸਮੇਂ ਸੰਸਾਰ-ਭਰ ਵਿੱਚ ਸਭ ਤੋਂ ਸਖ਼ਤ ਮੁਕਾਬਲਾ ਗਿਣਿਆ ਜਾਂਦਾ ਹੈ। ਇਹ ਮੁਕਾਬਲਾ ‘ਵ੍ਰਲਡ ਟ੍ਰਾਇਥਲੋਨ ਕਾਰਪੋਰੇਸ਼ਨ’ (ਡਬਲਿਊ.ਟੀ.ਸੀ.) ਵੱਲੋਂ ਹਰ ਸਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਕਰਵਾਇਆ ਜਾਂਦਾ ਹੈ। ਇਸ ਤਿੰਨ-ਪੜਾਵੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਭ ਤੋਂ ਪਹਿਲਾਂ 2.4 ਮੀਲ (3.9 ਕਿਲੋਮੀਟਰ) ਤੈਰਨਾ ਹੁੰਦਾ ਹੈ, ਫਿਰ ਦੂਸਰੇ ਪੜਾਅ ਵਿੱਚ 112 ਮੀਲ (180.2 ਕਿਲੋਮੀਟਰ) ਬਾਈਸਾਈਕਲ ਚਲਾਉਣਾ ਹੁੰਦਾ ਹੈ ਅਤੇ ਤੀਸਰੇ ਅਖ਼ੀਰਲੇ ਪੜਾਅ ਵਿੱਚ 26.2 ਮੀਲ (42.2 ਕਿਲੋਮੀਟਰ), ਭਾਵ ‘ਫੁੱਲ-ਮੈਰਾਥਨ’ ਜਿੰਨਾ ਦੌੜਨਾ ਹੁੰਦਾ ਹੈ। ਇਸ ਮੁਕਾਬਲੇ ਦੇ ਤਿੰਨੇ ਪੜਾਅ ਹੀ ਆਪਣੇ ਆਪ ਵਿੱਚ ਕਾਫ਼ੀ ਮੁਸ਼ਕਿਲ ਹਨ ਅਤੇ ਇਹ ਨਿਰਧਾਰਤ ਸਮੇਂ 16 ਤੋਂ 17 ਘੰਟਿਆਂ ਦੇ ਵਿੱਚ-ਵਿੱਚ ਪਾਰ ਕਰਨੇ ਹੁੰਦੇ ਹਨ। ਇਹ ਮੁਕਾਬਲਾ ਅਸਲ ਵਿੱਚ ਤਾਂ ਸੋਲਾਂ ਘੰਟਿਆਂ ਵਿੱਚ ਹੀ ਪੂਰਾ ਕਰਨਾ ਹੁੰਦਾ ਹੈ, ਸਤਾਰ੍ਹਵਾਂ ਘੰਟਾ ਤਾਂ ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਆਪਣੇ ਗਿੱਲੇ ਸਵਿੰਮਿੰਗ-ਸੂਟ ਬਦਲਣ ਅਤੇ ਉਸ ਜਗ੍ਹਾ ਤੋਂ ਥੋੜ੍ਹੀ ਦੂਰੀ ’ਤੇ ਚੈੱਸਟ ਨੰਬਰ (ਬਿਬ ਨੰਬਰ) ਅਨੁਸਾਰ ਪਾਰਕਿੰਗ ਵਿੱਚ ਤਰਤੀਬਵਾਰ ਲਗਾਏ ਗਏ ਆਪੋ-ਆਪਣੇ ਸਾਈਕਲ ਲੈਣ ਅਤੇ ਸਾਈਕਲਿੰਗ ਦਾ ਦੌਰ ਸਮਾਪਤ ਹੋਣ ਤੋਂ ਬਾਅਦ ਮੁੜ ਉੱਥੇ ਹੀ ਪਾਰਕ ਕਰਨ ਲਈ ਦਿੱਤਾ ਜਾਂਦਾ ਹੈ। ਤੈਰਨ ਵਾਲਾ ਪਹਿਲਾ ਪੜਾਅ 2 ਘੰਟੇ 20 ਮਿੰਟ ਵਿੱਚ ਪੂਰਾ ਕਰਨਾ ਪੈਂਦਾ ਹੈ ਅਤੇ ਇਸ ਨੂੰ ਇਸ ਸਮੇਂ ਵਿੱਚ ਪੂਰਾ ਕਰਨ ਵਾਲੇ ਮੁਕਾਬਲੇਬਾਜ਼ ਹੀ ਬਾਈਸਾਈਕਲ ਚਲਾਉਣ ਵਾਲੇ ਦੂਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ। ਇਸੇ ਤਰ੍ਹਾਂ ਇਹ ਦੂਸਰਾ ਦੌਰ 10 ਘੰਟੇ ਤੋਂ 10 ਘੰਟੇ 30 ਮਿੰਟਾਂ ਵਿਚਕਾਰ ਪੂਰਾ ਕਰਨ ਵਾਲੇ ਹੀ ਮੈਰਾਥਨ ਦੌੜ ਵਾਲੇ ਤੀਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ।

ਵੇਖਿਆ ਜਾਏ ਤਾਂ ਇਸ ਮੁਕਾਬਲੇ ਇਹ ਤਿੰਨੇ ਪੜਾਅ ਹੀ ਕਿੰਨੇ ਕਠਨ ਹਨ ਅਤੇ ਆਮ ਮਨੁੱਖ ਤਾਂ ਇਨ੍ਹਾਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਬਰੈਂਪਟਨ ਦੇ ਵਸਨੀਕ 64 ਸਾਲਾ ਨੌਜੁਆਨ ਹਰਜੀਤ ਸਿੰਘ ਉਰਫ਼ ‘ਹੈਰੀ’ ਨੇ ਇਹ ਤਿੰਨੇ ਹੀ ਪੜਾਅ 16 ਘੰਟਿਆਂ ਦੇ ਨਿਰਧਾਰਤ ਸਮੇਂ ਵਿੱਚ ਪਾਰ ਕਰ ਲਏ। ਹਰਜੀਤ ਸਿੰਘ ‘ਹੈਰੀ’ ਨੂੰ ਇੱਥੇ ‘ਨੌਜੁਆਨ’ ਮੈਂ ਇਸ ਲਈ ਕਿਹਾ ਹੈ, ਕਿਉਂਕਿ ਉਸ ਵੱਲੋਂ ਇਹ ਸਖ਼ਤ ਮੁਕਾਬਲਾ ਜਿੱਤਣ ਦਾ ‘ਕਾਰਨਾਮਾ’ ਨੌਜੁਆਨਾਂ ਨਾਲੋਂ ਵੀ ਵੱਧ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 2023 ਵਿੱਚ ਉਸ ਨੇ ਜਨੀਵਾ (ਨਿਊਯਾਰਕ) ਵਿਖੇ ਹੋਏ ‘ਹਾਫ ਆਇਰਨਮੈਨ ਮੁਕਾਬਲੇ’ ਵਿੱਚ ਭਾਗ ਲੈ ਕੇ “ਹਾਫ ਆਇਰਨਮੈਨ”, ਭਾਵ “ਅੱਧਾ ਲੋਹ-ਪੁਰਸ਼” ਦਾ ਖ਼ਿਤਾਬ ਹਾਸਲ ਕੀਤਾ ਸੀ ਅਤੇ ਹੁਣ ਇਸ ਸਾਲ ਇਹ ਮੁਕਾਬਲਾ ਜਿੱਤ ਕੇ ਉਹ ਇਸ ਇਵੈਂਟ ਦੇ ਪ੍ਰਬੰਧਕਾਂ ਵੱਲੋਂ “ਪੂਰਨ ਲੋਹ-ਪੁਰਸ਼” ਕਰਾਰ ਦਿੱਤਾ ਗਿਆ ਹੈ।

ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਹਾਫ਼ ਆਇਰਨਮੈਨ’ ਮੁਕਾਬਲੇ ਵਿੱਚ ਇਹ ਤਿੰਨੇ ਇਵੈਂਟ ਇਸ ਤੋਂ ‘ਅੱਧੇ’ ਹੁੰਦੇ ਹਨ, ਭਾਵ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ1.2 ਮੀਲ ਤੈਰਾਕੀ ਤੋਂ ਬਾਅਦ 56 ਮੀਲ ਸਾਈਕਲਿੰਗ ਕਰਨੀ ਹੁੰਦੀ ਹੈ ਅਤੇ ਫਿਰ 13.1 ਮੀਲ ਦੌੜਨਾ ਹੁੰਦਾ ਹੈ।

ਇਹ ਇਵੈਂਟ ਕਰਵਾਉਣ ਵਾਲੇ ਮੁਢਲੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਦੋਹਾਂ ਮੁਕਾਬਲਿਆਂ ਵਿੱਚ ਆਉਂਦਾ ‘ਆਇਰਨਮੈਨ’ ਸ਼ਬਦ ਵੀ ਬੜਾ ਸੋਚ-ਵਿਚਾਰ ਕੇ ਰੱਖਿਆ ਗਿਆ ਹੋਵੇਗਾ, ਕਿਉਂਕਿ ਇਨ੍ਹਾਂ ਵਿੱਚ ਹਿੱਸਾ ਲੈਣ ਲਈ ਮੁਕਾਬਲੇਬਾਜ਼ਾਂ ਨੂੰ ਆਪਣੇ ਸਰੀਰ ਨੂੰ ਲੋਹੇ ਵਰਗਾ ਸਖ਼ਤ ਬਣਾਉਣਾ ਪੈਂਦਾ ਹੈ। ਇਸ ਕਠਨ ਮੁਕਾਬਲੇ ਨੂੰ ਆਯੋਜਿਤ ਕਰਨ ਦਾ ਵਿਚਾਰ 1977 ਵਿੱਚ “ਓ’ਆਹੂ ਪੈਰੀਮੀਟਰ ਰੀਲੇਅ” ਦੇ ਇਨਾਮ-ਵੰਡ ਸਮਾਗ਼ਮ ਵਿੱਚ ਸਾਹਮਣੇ ਆਇਆ ਅਤੇ ਇਸਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਸ਼ਹਿਰ ‘ਹਵਾਈ’ ਵਿਖੇ 1978 ਵਿੱਚ ਕਰਵਾਇਆ ਗਿਆ। ਸ਼ੁਰੂ-ਸ਼ੁਰੂ ਵਿੱਚ ਇਸ ਮੁਕਾਬਲੇ ਵਿੱਚ ਤੈਰਾਕੀ ਅਤੇ ਸਾਈਕਲਿੰਗ ਦੇ ਦੋ ਹੀ ਇਵੈਂਟ ਰੱਖੇ ਗਏ ਸਨ ਅਤੇ ਜ਼ਿਆਦਾਤਰ ਸਾਈਕਲਿਸਟ ਹੀ ਇਸ ਵਿੱਚ ਹਿੱਸਾ ਲੈਂਦੇ ਸਨ। 1981 ਵਿੱਚ ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਵਿੱਚ ਲੰਮੀ ਦੌੜ ਨੂੰ ਵੀ ਸ਼ਾਮਲ ਕਰ ਲਿਆ ਗਿਆ ਅਤੇ ਫਿਰ ਲੰਮੀ ਦੌੜ ਦੇ ਦੌੜਾਕਾਂ ਨੇ ਵੀ ਇਸ ਵਿੱਚ ਭਾਗ ਲੈਣਾ ਆਰੰਭ ਕਰ ਦਿੱਤਾ।

ਆਉ, ਇਸ ਸਖ਼ਤ ਮੁਕਾਬਲੇ ਦੇ ਜੇਤੂ ਨੌਜੁਆਨ ਹਰਜੀਤ ਸਿੰਘ ਵੱਲੋਂ ਇਸ ਵਿੱਚ ਭਾਗ ਲੈਣ ਬਾਰੇ ਅਤੇ ਉਸ ਦੇ ਆਪਣੇ ਬਾਰੇ ਕੁੱਝ ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

ਹਰਜੀਤ ਸਿੰਘ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬੇ ਬੱਸੀ ਪਠਾਣਾ ਦਾ ਜੰਮ-ਪਲ ਹੈ। ਉਸ ਦੇ ਪੁਰਖ਼ੇ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 34 ਦੇ ਵਸਨੀਕ ਸਨ, ਜਿਨ੍ਹਾਂ ਨੂੰ 1947 ਦੀ ਭਾਰਤ-ਪਾਕਿਸਤਾਨ ਦੀ ਦਰਦਨਾਕ ‘ਵੰਡ’ ਤੋਂ ਬਾਅਦ ਬੱਸੀ ਪਠਾਣਾ ਆ ਕੇ ਮੁਕਾਮ ਕਰਨਾ ਪਿਆ। ਹਰਜੀਤ ਸਿੰਘ ਦਾ ਜਨਮ ਇੱਥੇ 23 ਫਰਵਰੀ 1960 ਨੂੰ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਸ. ਰਣਜੀਤ ਸਿੰਘ ਤੇ ਮਾਤਾ ਜੀ ਦਾ ਸਰਦਾਰਨੀ ਹਰਮੀਤ ਕੌਰ ਹੈ। ਦਸਵੀਂ ਤਕ ਪੜ੍ਹਾਈ ਉਸ ਨੇ ਬੱਸੀ ਪਠਾਣਾ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਬੀ.ਏ. ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਕੀਤੀ। ਐੱਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਿੰਗੂਇਸਟਿਕਸ ਵਿਸ਼ੇ ਵਿੱਚ ਕੀਤੀ। ਦੋ ਸਾਲ ਭੋਪਾਲ (ਮੱਧ ਪ੍ਰਦੇਸ਼) ਵਿੱਚ ਐੱਲ.ਐੱਲ.ਬੀ. ਵਿੱਚ ਵੀ ਲਾਏ ਅਤੇ ਤੀਸਰੇ ਸਾਲ ਵਕਾਲਤ ਦਾ ਇਹ ਡਿਗਰੀ ਕੋਰਸ ਵਿਚਾਲੇ ਹੀ ਛੱਡ ਕੇ ਵਿਆਹ ਕਰਵਾ ਕੇ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆ।

ਕੈਨੇਡਾ ਆ ਕੇ ਉਸ ਨੇ ਆਪਣਾ ਅਗਲਾ ਜੀਵਨ ਟੈਕਸੀ ਡਰਾਈਵਿੰਗ ਤੋਂ ਆਰੰਭ ਕੀਤਾ। ਬਰੈਂਪਟਨ ਵਿੱਚ ਤਿੰਨ ਕੁ ਸਾਲ ਟੈਕਸੀ ਚਲਾਉਣ ਤੋਂ ਬਾਅਦ ਟਰੱਕ ਡਰਾਈਵਰ ਬਣਕੇ ਅਮਰੀਕਾ ਅਤੇ ਮੈਕਸੀਕੋ ਦੇ ਵੱਖ-ਵੱਖ ਸ਼ਹਿਰਾਂ ਦੇ ਲੰਮੇ ਗੇੜੇ ਲਾਏ। ਟਰੱਕ ਡਰਾਇਵਰੀ ਕਰਦਿਆਂ ਉਸਦਾ ਭਾਰ ਜਦੋਂ ਸਵਾ ਕਵਿੰਟਲ ਤੋਂ ਉੱਪਰ ਜਾ ਪਹੁੰਚਾ ਤਾਂ ਇਸ ਨੂੰ ਘੱਟ ਕਰਨ ਦੇ ਉਦੇਸ਼ ਨਾਲ ਟਰੱਕ ਡਰਾਈਵਰੀ ਛੱਡ ਕੇ 1995 ਵਿੱਚ ‘ਏਅਰਪੋਰਟ ਟੈਕਸੀ’ ਵਿੱਚ ਡਰਾਈਵਰ ਬਣ ਗਿਆ ਅਤੇ ਨੇਮ ਨਾਲ ਜਿੰਮ ਜਾਣ ਲੱਗਾ। ਅੱਠਾਂ-ਨੌਆਂ ਮਹੀਨਿਆਂ ਵਿੱਚ ਹੀ ਉਸਨੇ ਆਪਣੇ ਭਾਰ ਨੂੰ ‘ਨਾਰਮਲ’ ਕਰ ਲਿਆ, ਕਿਉਂਕਿ ਪੰਜਾਬ ਵਿੱਚ ਸਕੂਲ, ਕਾਲਜ ਤੇ ਯੂਨੀਵਰਸਿਟੀ ਪੜ੍ਹਦਿਆਂ ਉਹ ਹਾਕੀ, ਫੁੱਟਬਾਲ ਤੇ ਹੈਂਡਬਾਲ ਖੇਡਦਾ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਵਧੇ ਹੋਏ ਇਸ ਭਾਰ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਫਿਰ ਕੀ ਸੀ, ਦੌੜਨਾ-ਭੱਜਣਾ ਤੇ ਜਿੰਮ ਜਾਣਾ ਉਸਦੀ ਪੱਕੀ ਰੁਟੀਨ ਬਣ ਗਈ।

ਇਸ ਦੌਰਾਨ 2011-12 ਵਿੱਚ ਉਸ ਦਾ ਮੇਲ਼ ਸੰਧੂਰਾ ਸਿੰਘ ਬਰਾੜ ਨਾਲ ਹੋਇਆ ਜੋ ਆਪਣੇ ਕੁਝ ਸਾਥੀਆਂ ਨਾਲ ਹਰ ਸਾਲ ਟੋਰਾਂਟੋ ਦੇ ਅਸਮਾਨ ਛੋਂਹਦੇ ‘ਸੀ.ਐੱਨ.ਟਾਵਰ’ ਦੀਆਂ 1776 ਪੌੜੀਆਂ ਚੜ੍ਹਨ ਦੇ ਇਵੈਂਟ ਵਿੱਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ 2012 ਤੇ 2013 ਵਿੱਚ ਦੋ ਵਾਰ ਇਹ ਪੌੜੀਆਂ ਚੜ੍ਹੀਆਂ।

ਸੰਧੂਰਾ ਸਿੰਘ ਬਰਾੜ ਦੀ ਅਗਵਾਈ  ਵਿੱਚ ਬਰੈਂਪਟਨ ਵਿੱਚ ਸਰਗਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਨਾਲ ਹਰਜੀਤ ਸਿੰਘ 2013 ਵਿੱਚ ਜੁੜਿਆ। 2014 ਵਿੱਚ ਇਸ ਕਲੱਬ ਦੇ ਮੈਂਬਰਾਂ ਨਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਵੱਲੋਂ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸ ਦੌੜ’ ਵਿੱਚ ਹਾਫ-ਮੈਰਾਥਨ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਸੀ ਜਿਸਦੇ ਲਈ ਸਵੇਰੇ ਤੜਕੇ ਤਿੰਨ ਵਜੇ ਡਿਕਸੀ ਗੁਰੂਘਰ ਤੋਂ ਹੋਰ ਸਾਥੀਆਂ ਦੇ ਨਾਲ ਸਕੂਲ ਬੱਸ ਵਿੱਚ ਸਵਾਰ ਹੋ ਕੇ ਵੈਸਟਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਸੀ, ਜਦੋਂ ਕਿ ਫੁੱਲ-ਮੈਰਾਥਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਉਸ ਤੋਂ ਬਾਅਦ ਵਿੱਚ ਉੱਥੋਂ ਇੱਕ ਵੈਨ ਵਿੱਚ ਜਾਣਾ ਸੀ। ਬੱਸ ਵਿੱਚ ਜਾਣ ਦੀ ਬਜਾਏ ਹਰਜੀਤ ਸਿੰਘ ਵੈਨ ਵਿੱਚ ਸਵਾਰ ਹੋ ਗਿਆ ਅਤੇ ਉਸ ਵਿੱਚ ਬੈਠੇ ਮੈਰਾਥਨ ਦੌੜਾਕਾਂ ਦੇ ਨਾਲ ਹਾਫ-ਮੈਰਾਥਨ ਦੀ ਥਾਂ ਉਸ ਨੇ ਇਹ ‘ਫੁੱਲ-ਮੈਰਾਥਨ’ ਹੀ ਲਾ ਲਈ।

2020 ਵਿੱਚ ‘ਕੋਵਿਡ-19’ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਉਸਨੇ ਤਿੰਨ ‘ਇੰਸਪੀਰੇਸ਼ਨਲ ਸਟੈਪਸ ਮੈਰਾਥਾਨਾਂ’ ਲਾਈਆਂ ਅਤੇ ਇੱਕ ‘ਟੋਰਾਂਟੋ ਮੈਰਾਥਨ’ ਵੀ ਲਗਾਈ। ਛੇ ਹਾਫ-ਮੈਰਾਥਨਾਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ‘ਟੋਰਾਂਟੋ ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ’ ਵਿੱਚ ਚਾਰ ਵਾਰ ਅਤੇ ‘ਬਰਲਿੰਗਟਨ ਚਿੱਲੀ ਮੈਰਾਥਨ’ ਵਿੱਚ ਦੋ ਵਾਰ ਜਾਣਾ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਉਸ ਨੇ ਹੈਮਿਲਟਨ ਸ਼ਹਿਰ ਵਿੱਚ ਹੋਣ ਵਾਲੀ ਮਸ਼ਹੂਰ 30 ਕਿਲੋਮੀਟਰ ਦੌੜ ‘ਹੈਮਿਲਟਨ ਮੈਰਾਥਨ’ ਵਿੱਚ ਵੀ ਇੱਕ ਵਾਰ ਹਿੱਸਾ ਲਿਆ। ਪੰਜ ਅਤੇ 10 ਕਿਲੋਮੀਟਰ ਦੌੜਾਂ ਵਿੱਚ ਸ਼ਾਮਲ ਹੋਣ ਬਾਰੇ ਉਸ ਨੂੰ ਯਾਦ ਨਹੀਂ ਹੈ ਕਿ ਇਹ ਕਿੰਨੀਆਂ ਕੁ ਲਗਾਈਆਂ ਗਈਆਂ ਹੋਣਗੀਆਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2018 ਵਿੱਚ ਬਰੈਂਪਟਨ ਦੇ ‘ਸਕੁਏਟਰ ਗਰੁੱਪ’ ਨਾਲ ਕਾਓਬਰਗ ਤੋਂ ਨਿਆਗਰਾ ਫਾਲ ਤਕ ਉਸਨੇ ਲਗਭਗ 300 ਕਿਲੋਮੀਟਰ ‘ਰੀਲੇਅ ਰੇਸ’ ਵੀ ਲਗਾਈ।

ਦੌੜਾਂ ਵਿੱਚ ਭਾਗ ਲੈਣ ਦੇ ਨਾਲ ਨਾਲ ਹਰਜੀਤ ਸਿੰਘ ਦੇ ਮਨ ਵਿੱਚ ਕੁਝ ਵੱਖਰਾ ਕਰਨ ਦੀ ਇੱਛਾ ਸੀ ਅਤੇ ਇਸਦੇ ਲਈ ਉਸਨੇ ‘ਹਾਫ-ਆਇਰਨਮੈਨ’ ਮੁਕਾਬਲੇ ਵਿੱਚ ਭਾਗ ਲੈਣ ਲਈ ਸਾਈਕਲਿੰਗ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਾਈਕਲਿੰਗ ਵਿੱਚ ਸਾਥ ਦੇਣ ਵਾਲੇ ਉਸ ਦੇ ਸਾਥੀ ਕੁਲਦੀਪ ਗਰੇਵਾਲ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਸੁਖਦੇਵ ਸਿੱਧਵਾਂ, ਕੇਸਰ ਬੜੈਚ ਅਤੇ ‘ਟੋਰਾਂਟੋ ਟਰੱਕ ਸਕੂਲ’ ਵਾਲੇ ਮਰਹੂਮ ਜੱਸੀ ਵੜੈਚ ਸਨ। ਹਰਜੀਤ ਅਤੇ ਕੁਲਦੀਪ ਤੋਂ ਬਿਨਾਂ ਬਾਕੀ ਦੇ ਸਾਰੇ ‘ਸ਼ੁਗਲੀਏ ਸਾਈਕਲਿਸਟ’ ਹੀ ਸਨ ਪਰ ਉਨ੍ਹਾਂ ਸਾਰਿਆਂ ਨੇ ਕੈਲੇਡਨ ਟਰੇਲ ਤੋਂ ਲੈ ਕੇ ਨਿਆਗਰਾ ਫ਼ਾਲ, ਮਿਸੀਸਾਗਾ ਤੋਂ ਗੁਅਲਫ਼ ਅਤੇ ਹੈਮਿਲਟਨ ਤੋਂ ਫੋਰਟ ਡੋਵਰ ਤਕ ਦੇ ਸਾਈਕਲਿੰਗ ਦੇ ਲੰਮੇ-ਲੰਮੇ ਰੂਟਾਂ ਤਕ ਉਸ ਦਾ ਪੂਰਾ ਸਾਥ ਦਿੱਤਾ। ਸਾਈਕਲਿੰਗ ਦੀ ਪ੍ਰੈਕਟਿਸ ਅਤੇ ਹਾਫ-ਆਇਰਨਮੈਨ ਮੁਕਾਬਲੇ ਦੀ ਤਿਆਰੀ ਲਈ ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਨੂੰ ਕਰਮਜੀਤ ਸਿੰਘ ਕੋਚ ਨੇ ਵਧੀਆ ਗਾਈਡ ਕੀਤਾ ਅਤੇ ਇਸਦੇ ਲਈ ਉਸਨੇ ‘ਪ੍ਰੋਫ਼ੈਸ਼ਨਲ ਟ੍ਰਾਇਥਲਨ ਕੋਚ’ ਵੀ ਲੱਭ ਕੇ ਦਿੱਤਾ। ਦੋਹਾਂ ਨੇ ਇਸ ਮੁਕਾਬਲੇ ਦੀ ਤਿਆਰੀ ਆਰੰਭ ਲਈ ਅਤੇ 2022 ਦੇ ਮੁਕਾਬਲੇ ਲਈ ਆਪਣੇ ਨਾਂ ਰਜਿਸਟਰ ਕਰਵਾ ਲਏ ਪਰ ਅਚਾਨਕ ਐਕਸੀਡੈਂਟ ਹੋ ਜਾਣ ਕਾਰਨ ਹਰਜੀਤ ਸਿੰਘ ਉਸ ਸਾਲ ਇਸ ਮੁਕਾਬਲੇ ਵਿੱਚ ਸ਼ਾਮਲ ਨਾ ਹੋ ਸਕਿਆ। ਉਸ ਨੇ 2023 ਵਿੱਚ ਅਮਰੀਕਾ ਦੇ ਸ਼ਹਿਰ ‘ਜਨੀਵਾ’ (ਨਿਊਯਾਰਕ ਦੇ ਨੇੜੇ) ਵਿੱਚ ਸਫ਼ਲਤਾ ਪੂਰਵਕ ‘ਹਾਫ਼-ਆਇਰਨਮੈਨ’ ਦਾ ਖ਼ਿਤਾਬ ਹਾਸਲ ਕੀਤਾ। 2024 ਵਿੱਚ ਉਸ ਨੇ ‘ਫੁੱਲ ਆਇਰਨਮੈਨ ਮੁਕਾਬਲੇ’ ਦੀ ਤਿਆਰੀ ਆਰੰਭ ਲਈ ਅਤੇ ਸਖ਼ਤ ਮਿਹਨਤ ਕਰਕੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿੱਚ 23 ਅਕਤੂਬਰ ਨੂੰ ਇਸ ਮੁਕਾਬਲੇ ਵਿੱਚ ਭਾਗ ਲੈ ਕੇ ‘ਫੁੱਲ ਆਇਰਨਮੈਨ’ ਬਣਨ ਦੇ ਆਪਣੇ ਨਿਸ਼ਾਨੇ ਦੀ ਪੂਰਤੀ ਕੀਤੀ।

ਇਸ ਆਰਟੀਕਲ ਦੇ ਲੇਖਕ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਉਸ ਨੂੰ ਕਈ ਨਵੀਂਆਂ ਗੱਲਾਂ ਦਾ ਪਤਾ ਚੱਲਿਆ ਹੈ, ਜਿਵੇਂ ਕਿ ਇਸ ਵਿੱਚ ਸਾਈਕਲਿੰਗ ਇਵੈਂਟ ਲਈ ਚੰਗੇ ਸਟੈਂਡਰਡ ਦੇ ਵਧੀਆ ਸਾਈਕਲ ਦੀ ਲੋੜ ਹੈ। ਉਸਦਾ ਕਹਿਣਾ ਸੀ ਕਿ ਉਸ ਕੋਲ 500 ਡਾਲਰ ਵਾਲਾ ਸਧਾਰਨ ਜਿਹਾ ਬਾਈਸਾਈਕਲ ਹੀ ਸੀ ਜਦੋਂ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਕੋਲ ਬੜੇ ਵਧੀਆ ਕਿਸਮ ਦੇ ਰੇਸਰ-ਬਾਈਸਾਈਕਲ ਸਨ ਜਿਨ੍ਹਾਂ ਦੀ ਕੀਮਤ ਮਾਰਕੀਟ ਵਿੱਚ 3000 ਡਾਲਰ ਤੋਂ ਲੈ ਕੇ ਦਸ-ਪੰਦਰਾਂ ਹਜ਼ਾਰ ਡਾਲਰ ਤਕ ਹੈ। ਇਹ ਕੀਮਤੀ ਸਾਈਕਲ ਕਈ ਕਈ ਗੇਅਰਾਂ ਵਾਲੇ ਹਨ ਅਤੇ ਉਨ੍ਹਾਂ ਦੇ ਇਹ ਗੇਅਰ ਚਲਦਿਆਂ-ਚਲਦਿਆਂ ਹੀ ਬੜੇ ਆਸਾਨੀ ਨਾਲ ਬਦਲੇ ਜਾ ਸਕਦੇ ਹਨ।

ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸਦੇ ਸਾਈਕਲ ਦਾ ਇੱਕ ਰਿਫਲੈਕਟਰ ਕਿਧਰੇ ਡਿਗ ਗਿਆ ਅਤੇ ਉਹ ਇਹ ਨਵਾਂ ਲਗਵਾਉਣਾ ਚਾਹੁੰਦਾ ਸੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਥੀਆਂ ਨੇ ਉਸ ਨੂੰ ਬਚਿਆ ਹੋਇਆ ਉਹ ਇੱਕ ਰਿਫ਼ਲੈਕਰ, ਘੰਟੀ ਤੇ ਇੱਕ ਦੋ ਹੋਰ ਵਾਧੂ ‘ਪੁਰਜ਼ੇ’ ਲਾਹੁਣ ਦਾ ਮਸ਼ਵਰਾ ਦਿੱਤਾ, ਕਿਉਂਕਿ ਉਨ੍ਹਾਂ ਅਨੁਸਾਰ ਇਨ੍ਹਾਂ ਦਾ ਭਾਰ ਡੇਢ-ਦੋ ਪੌਂਡ ਤਾਂ ਬਣਦਾ ਹੀ ਹੋਵੇਗਾ ਜੋ 180 ਕਿਲੋਮੀਟਰ ਨਾਲ ਲੈ ਕੇ ਚੱਲਣਾ ਪੈਣਾ ਸੀ। ਇਸ ਤਰ੍ਹਾਂ ਸਾਈਕਲ ਦੇ ਇਹ ਸਾਰੇ ਵਾਧੂ ਪੁਰਜ਼ੇ ਉਤਾਰ ਦਿੱਤੇ ਗਏ। ਇਸਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਸਿਰ ’ਤੇ 13 ਡਾਲਰਾਂ ਵਾਲੀ ਟੋਪੀ ਸਾਹਮਣਿਉਂ  ਪੈਂਦੀ ਹਵਾ ਨਾਲ ਉੱਡਣ-ਉੱਡਣ ਕਰਦੀ ਸੀ, ਜਿਸ ਨੂੰ ਕਈ ਵਾਰ ਇੱਕ ਹੱਥ ਨਾਲ ਫੜਨਾ ਪੈਂਦਾ ਸੀ। ਬਾਕੀ ਪ੍ਰੋਫੈਸ਼ਨਲਾਂ ਨੇ ਬੜੀਆ ਵਧੀਆ ਟੋਪੀਆਂ ਪਹਿਨੀਆਂ ਹੋਈਆਂ ਹੁੰਦੀਆਂ, ਜਿਨ੍ਹਾਂ ਦੇ ਹਵਾ ਨਾਲ ਉੱਡਣ ਦਾ ਕੋਈ ਖ਼ਤਰਾ ਨਹੀਂ ਸੀ। ਸਾਈਕਲਿੰਗ ਕਰਦੇ ਸਮੇਂ ਇੱਕ ਪਾਸੇ ਜਾਂਦਿਆਂ ਸਾਹਮਣੇ ਪਾਸਿਉਂ ਹਵਾ ਸਿੱਧੀ ਪੈਂਦੀ ਸੀ ਅਤੇ ਉੱਥੇ ਬਹੁਤ ਜ਼ੋਰ ਲਗਦਾ ਸੀ।

ਸਾਈਕਲਿੰਗ ਵਾਲਾ ਦੂਸਰਾ ਪੜਾਅ ਪੂਰਾ ਕਰਨ ਤੋਂ ਬਾਅਦ ਇੱਕ ਵਾਰ ਤਾਂ ਉਸ ਨੂੰ ਲੱਗਿਆ ਕਿ ਉਸਦੇ ਕੋਲੋਂ ਅੱਗੋਂ 42 ਕਿਲੋਮੀਟਰ ਦੌੜਿਆ ਨਹੀਂ ਜਾ ਸਕੇਗਾ ਅਤੇ ਇਹ ਮੁਕਾਬਲਾ ਵਿਚਾਲੇ ਹੀ ਛੱਡਣ ਦਾ ਖ਼ਿਆਲ ਵੀ ਉਸਦੇ ਮਨ ਵਿੱਚ ਆਇਆ ਪਰ ਫਿਰ ਹੋਰ ਦੌੜਾਕਾਂ ਨੂੰ ਦੌੜਦਿਆਂ ਵੇਖ ਕੇ ਇਹ ਸੋਚਦਿਆਂ ਹੌਸਲਾ ਫੜ ਲਿਆ, “ਮਨਾਂ ਦੋ ਵੱਡੇ ਮਰਹਲੇ’ ਤਾਂ 10 ਘੰਟਿਆਂ ਵਿੱਚ ਪਾਰ ਕਰ ਲਏ ਆ, ਤੇ ਹੁਣ ਇਹ ਇੱਕ ਪੜਾਅ ਹੀ ਤਾਂ ਬਾਕੀ ਰਹਿ ਗਿਆ ਏ। … … ਤੇ ਮੇਰੇ ਕੋਲ ਅਜੇ ਛੇ ਘੰਟੇ ਬਾਕੀ ਪਏ ਆ, ਇਹ ਪੂਰਾ ਕਰਨ ਲਈ।” ਬੱਸ, ਇਹੋ ਸੋਚ ਕੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ।

ਅੱਧਾ ਕੁ ਪੈਂਡਾ (20-21 ਕਿਲੋਮੀਟਰ) ਮੁੱਕਿਆ ਹੋਵੇਗਾ ਕਿ ਦੌੜਦਿਆਂ-ਦੌੜਦਿਆਂ ਰਸਤੇ ਵਿੱਚ ਇੱਕ ਗੋਰਾ ਦੌੜਾਕ ਮਗਰੋਂ ਆ ਕੇ ਹਰਜੀਤ ਨੂੰ ਪੁੱਛਣ ਲੱਗਾ, “ਡੂ ਯੂ ਹੈਵ ਸਾਲਟ-ਪਿੱਲਜ਼ ਵਿੱਦ ਯੂ?”

ਯੈੱਸ” ਕਹਿੰਦਿਆਂ ਹਰਜੀਤ ਨੇ ਮਿਨਰਲਜ਼ ਵਾਲੀਆਂ 4-5 ‘ਸਾਲਟ-ਪਿੱਲਜ਼’ (ਮਿਨਰਲਜ਼ ਗੋਲ਼ੀਆਂ) ਜਦੋਂ ਉਸ ਨੂੰ ਫੜਾਈਆਂ ਤਾਂ ਉਸ ਦਾ ਧੰਨਵਾਦ ਕਰਦਿਆਂ ਉਹ ਹਰਜੀਤ ਦੇ ਨਾਲ ਨਾਲ ਦੌੜਨ ਲੱਗਿਆ ਅਤੇ ਇੱਕ ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਹ ਦੋਵੇਂ ‘ਫਿਨਿਸ਼਼-ਪੁਆਇੰਟ’ ’ਤੇ ਪਹੁੰਚ ਗਏ। ਉੱਥੇ ਪਹੁੰਚਣ ’ਤੇ ਪ੍ਰਬੰਧਕਾਂ ਵੱਲੋਂ ਬੁਲੰਦ ਆਵਾਜ਼ ਵਿੱਚ ਵਾਰੀ-ਵਾਰੀ ਉਨ੍ਹਾਂ ਦਾ ਨਾਂ ਲੈ ਕੇ “ਯੂ ਆਰ ਆਇਰਨਮੈਨ” ਕਹਿ ਕੇ ਸੁਆਗ਼ਤ ਕੀਤਾ ਗਿਆ। ਹਰਜੀਤ ਸਿੰਘ ਦੇ ਦੱਸਣ ਅਨੁਸਾਰ ਇਹ ਉਨ੍ਹਾਂ ਦੇ ਲਈ ਬੜਾ ਹੀ ਰੌਚਕ ਨਜ਼ਾਰਾ ਸੀ ਜਿੱਥੇ ਉਨ੍ਹਾਂ ਨੂੰ ਇਸ ਮੁਕਾਬਲੇ ਦਾ ਆਪਣਾ ਨਿਸ਼ਾਨਾ ਪੂਰਾ ਹੋਇਆ ਸਾਹਮਣੇ ਨਜ਼ਰ ਆ ਰਿਹਾ ਸੀ।

ਹਰਜੀਤ ਅਨੁਸਾਰ ਇਸ ਮੁਕਾਬਲੇ ਵਿੱਚ 3,000  ਤੋਂ 3,500 ਦੇ ਵਿਚਕਾਰ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ 2000 ਦੇ ਲਗਭਗ ਇਸ ਵਿੱਚੋਂ ਜ਼ਰੂਰ ਸਫ਼ਲ ਹੋਏ ਹੋਣਗੇ। ਉਸ ਨੇ ਦੱਸਿਆ ਕਿ ਉਸ ਦੇ ਨਾਲ ਬਰੈਂਪਟਨ ਤੋਂ ਤਿੰਨ ਹੋਰ ਮੁਕਾਬਲੇਬਾਜ਼ ਜਗਰੂਪ ਬੱਲ, ਪ੍ਰਭਜਿੰਦਰ ਹੇਅਰ ਅਤੇ ਮਹਿਤਾਬ ਬੋਪਾਰਾਏ ਸਨ ਅਤੇ ਉਹ ਵੀ ਤਿੰਨੇ ‘ਆਇਰਨਮੈਨ’ ਦਾ ਖ਼ਿਤਾਬ ਲੈ ਕੇ ਆਏ ਹਨ।

ਇਸ ਸ਼ਾਨਦਾਰ ਕਾਮਯਾਬੀ ਲਈ ਪਰਿਵਾਰ ਵੱਲੋਂ ਮਿਲੇ ਸਹਿਯੋਗ ਬਾਰੇ ਪੁੱਛਣ ’ਤੇ ਹਰਜੀਤ  ਨੇ ਦੱਸਿਆ ਕਿ ਪਰਿਵਾਰਕ ਸਹਿਯੋਗ ਤੋਂ ਬਗ਼ੈਰ ਤਾਂ ਇਹ ਸੰਭਵ ਹੀ ਨਹੀਂ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਉਸ ਨੂੰ ਹਰ ਕਿਸਮ ਦਾ ਸਹਿਯੋਗ ਮਿਲਦਾ ਹੈ ਅਤੇ ਇਸ ਮੁਕਾਬਲੇ ਲਈ ਵੀ ਉਸਦਾ ਬੇਟਾ ਰਾਜਪ੍ਰੀਤ ਸਿੰਘ ਉਸ ਦੇ ਨਾਲ ਸੈਕਰਾਮੈਂਟੋ ਗਿਆ ਸੀ। ਪਤਨੀ ਘਰ ਵਿੱਚ ਤਰ੍ਹਾਂ-ਤਰ੍ਹਾਂ ਦੇ ਖਾਣੇ ਤਿਆਰ ਕਰਕੇ ਪਰੋਸਦੀ ਸੀ। ਪਰਿਵਾਰ ਵਿੱਚ ਖੇਡਾਂ ਦੇ ਸ਼ੌਕ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਮਾਣ ਵਾਲੀ ਗੱਲ ਹੈ ਕਿ 1947 ਵਿੱਚ ਹੋਈ ‘ਵੰਡ’ ਤੋਂ ਬਾਅਦ ਪਰਿਵਾਰ ਦੇ ਪੰਜਾਬ ਵਿੱਚ ਆਉਣ ਦੇ ਸਮੇਂ ਤੋਂ ਲੈ ਕੇ 1970 ਤਕ ਉਨ੍ਹਾਂ ਦਾ ‘ਸਾਂਝਾ ਪਰਿਵਾਰ’ ਸੀ ਜਿਸ ਵਿੱਚ ਪਰਿਵਾਰ ਦੇ 60-70 ਮੈਂਬਰ ਸਨ ਅਤੇ ਉਨ੍ਹਾਂ ਵਿੱਚੋਂ ਅੱਧੇ, ਭਾਵ 30-40 ਆਪਣੇ ਸਮੇਂ ਚੰਗੇ ਖਿਡਾਰੀ ਰਹੇ ਹਨ ਜੋ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਹਾਕੀ, ਫੁੱਟਬਾਲ, ਹੈਂਡਬਾਲ ਅਤੇ ਸ਼ੂਟਿੰਗ ਵਿੱਚ ਡਿਸਟ੍ਰਿਕਟ/ਇੰਟਰ-ਡਿਸਟ੍ਰਿਕਟ/ਇੰਟਰ-ਵਰਸਿਟੀਅਤੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ।

ਖੁਰਾਕ ਬਾਰੇ ਪੁੱਛਣ ’ਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਘਰ ਦੀ ਬਣੀ ਹੋਈ ਸਾਦਾ ਖੁਰਾਕ ਖਾਂਦਾ ਹੈ ਜਿਸ ਵਿੱਚ ਸਬਜ਼ੀਆਂ, ਦਾਲਾਂ, ਚਾਵਲ, ਫ਼ੁਲਕੇ, ਆਦਿ ਸ਼ਾਮਲ ਹੁੰਦੇ ਹਨ। ਹਫ਼ਤੇ ਵਿੱਚ ਦੋ-ਤਿੰਨ ਵਾਰ ਉਹ ਚਿੱਕਨ, ਗੋਟ ਮੀਟ ਤੇ ਮੱਛੀ ਵੀ ਖਾਂਦਾ ਹੈ ਅਤੇ ਇਹ ਉਸ ਦੇ ਲਈ ਖਾਣਾ ਜ਼ਰੂਰੀ ਵੀ ਹੈ ਪਰ ਉਹ ‘ਦਾਰੂ’ ਦੇ ਨੇੜੇ ਨਹੀਂ ਜਾਂਦਾ। ਉਹ ਬਹੁਤ ਘੱਟ ਬੋਲਦਾ ਹੈ ਅਤੇ ਆਪਣੀ ਗੱਲ ਬਹੁਤ ਸੰਖੇਪ ਵਿੱਚ ਕਰਦਾ ਹੈ। ਸ਼ਾਇਦ ਇਹ ਵੀ ਸੋਚਦਾ ਹੋਵੇ ਕਿ ਬਹੁਤਾ ਬੋਲਣ ਨਾਲ ਸਰੀਰਕ ਊਰਜਾ ਜ਼ਾਇਆ ਹੁੰਦੀ ਹੈ ਜਿਸ ਨੂੰ ਉਹ ਅਗਲੇ ਸਖ਼ਤ ਮੁਕਾਬਲਿਆਂ ਲਈ ਸਾਂਭ ਕੇ ਰੱਖਣਾ ਚਾਹੁੰਦਾ ਹੈ, ਜਿਨ੍ਹਾਂ ਵਿੱਚ ਉਹ ਭਵਿੱਖ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ। ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨ੍ਹਾਂ ਵਿਚਲਾ ਆਪਣਾ ਸਮਾਂ ਘਟਾਉਣਾ ਚਾਹੁੰਦਾ ਹੈ। ਅੱਗੋਂ ਹੋਰ ਵੀ ਉਹ ਕਈ ਕੁਝ ਕਰਨਾ ਚਾਹੁੰਦਾ ਪਰ ਉਸ ਦੇ ਬਾਰੇ ਅਜੇ ਦੱਸ ਨਹੀਂ ਰਿਹਾ।

ਅੱਗੇ ਉਸ ਦੀ ਕੀ ਯੋਜਨਾ ਹੈ, ਇਹ ਤਾਂ ਭਵਿੱਖ ਵਿੱਚ ਸਮਾਂ ਹੀ ਦੱਸੇਗਾ। ਪ੍ਰਮਾਤਮਾ ਉਸ ਨੂੰ ਕਾਮਯਾਬੀ ਬਖ਼ਸ਼ੇ!

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5479)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author