SukhdevJhandDr7ਚੱਲੇ ਹੋਏ’, ‘ਪੁਰਾਣੇ ਅਣਚੱਲੇ’ ਅਤੇ ‘ਅਸਲੋਂ ਨਵੇਂ’ ਤਿੰਨੇ ਕਿਸਮਾਂ ਦੇ ਕਾਰਤੂਸ ਇਸ ਚੋਣ-ਮੈਦਾਨ ਵਿੱਚ ...
(4 ਫਰਵਰੀ 2022)


ਪੰਜਾਬ ਵਿੱਚ ਵਿਧਾਨ ਸਭਾ 2022 ਦੀਆਂ ਚੋਣਾਂ ਦਾ ‘ਚੋਣ-ਬੁਖ਼ਾਰ
ਇਸ ਸਮੇਂ ਪੂਰੇ ਜ਼ੋਰਾਂ ’ਤੇ ਹੈਚੋਣ ਲੜਨ ਵਾਲੇ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਵੱਲੋਂ ਨਾਮਜ਼ਦਗੀ-ਕਾਗ਼ਜ਼ ਦਾਖ਼ਲ ਕੀਤੇ ਜਾ ਰਹੇ ਹਨਚੋਣ-ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਦੇ ਅਜੇ ਵੀ ਚੱਲ ਰਹੇ ਪ੍ਰਭਾਵ ਅਤੇ ਡਰ ਦੇ ਕਾਰਨ ਇਸ ਵਾਰ ਉਹ ਇਹ ਕਾਗ਼ਜ਼ ਭਰਨ ਲਈ ਆਪਣੇ ਹਿਮਾਇਤੀਆਂ ਦੇ ਨਾਲ ਕਾਫ਼ਲਿਆਂ ਦੇ ਰੂਪ ਵਿੱਚ ਚੋਣ-ਅਧਿਕਾਰੀਆਂ ਦੇ ਦਫਤਰਾਂ ਵੱਲ ਨਹੀਂ ਜਾ ਰਹੇ ਅਤੇ ਉਹ ਆਪਣੇ ਕੇਵਲ ਦੋ ਕੁ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਚੁੱਪ-ਚਪੀਤੇ ਇਹ ਕਾਗ਼ਜ਼ ਉੱਥੇ ਅਧਿਕਾਰੀਆਂ ਨੂੰ ਦੇ ਆਉਂਦੇ ਹਨਇਸਦੇ ਨਾਲ ਹੀ ਜਦੋਂ ਉਹ ਚਾਰ-ਚਾਰ, ਪੰਜ-ਪੰਜ ਦੇ ਛੋਟੇ-ਛੋਟੇ ਗਰੁੱਪਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਆਪਣੇ ਹੱਕ ਵਿੱਚ ਵੋਟਾਂ ਕਹਿਣ ਲਈ ਜਾਂਦੇ ਹਨ ਤਾਂ ਲਗਭਗ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਇਹ ਖ਼ਾਸ ਚੁਣਾਵੀ-ਦ੍ਰਿਸ਼ ਵੇਖਣ ਨੂੰ ਮਿਲਦਾ ਹੈ ਜੋ ਪਹਿਲੀਆਂ ਚੋਣਾਂ ਨਾਲੋਂ ਬਿਲਕੁਲ ਵੱਖਰਾ ਹੈ

ਇਸ ਅਸੈਂਬਲੀ ਚੋਣ ਵਿੱਚ ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ 2017 ਵਿੱਚ ਉੱਭਰੀ ਆਮ ਆਦਮੀ ਪਾਰਟੀ ਤਿੰਨ ਮੁੱਖ ਰਾਜਸੀ ਪਾਰਟੀਆਂ ਇੱਕ ਦੂਸਰੇ ਦੇ ਵਿਰੁੱਧ ਲੜ ਰਹੀਆਂ ਹਨਇਨ੍ਹਾਂ ਤਿੰਨਾਂ ਤੋਂ ਇਲਾਵਾ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਸਦਾ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ‘ਨਹੁੰ-ਮਾਸ’ ਦਾ ਰਿਸ਼ਤਾ ਸੀ, ਇਸ ਵਾਰ ਇਹ ਕਈ ਦਹਾਕੇ ਪੁਰਾਣਾ ਨਾਤਾ ਤੋੜ ਕੇ ਕਾਂਗਰਸ ਪਾਰਟੀ ਤੋਂ ਵੱਖ ਹੋਏ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸਅਤੇ ਸੁਖਦੇਵ ਸਿੰਘ ਢੀਂਡਸਾ ਦੇ ‘ਸੰਯੁਕਤ ਅਕਾਲੀ ਦਲਨਾਲ ਮਿਲ ਕੇ ਲੜ ਰਹੀ ਹੈਇੱਕ ਬਿਲਕੁਲ ਨਵੀਂ ਪੰਜਵੀਂ ਧਿਰ ‘ਸੰਯੁਕਤ ਸਮਾਜ ਮੋਰਚੇਦੇ ਰੂਪ ਵਿੱਚ ਇਨ੍ਹਾਂ ਚੋਣ-ਮੈਦਾਨ ਵਿੱਚ ਉੱਤਰੀ ਹੈ ਅਤੇ ਉਹ ਹਰਿਆਣੇ ਦੇ ਆਗੂ ਗੁਰਨਾਮ ਸਿੰਘ ਚੰਡੂਨੀ ਦੀ ‘ਸੰਯੁਕਤ ਸੰਘਰਸ਼ ਪਾਰਟੀਨਾਲ ਮਿਲ ਕੇ ਪਿਛਲੇ ਸਮੇਂ ਵਿੱਚ ਲੰਮਾ ਸਿਆਸੀ ਤਜਰਬਾ ਰੱਖਣ ਵਾਲੀਆਂ ਪਾਰਟੀਆਂ ਦੇ ਵਿਰੁੱਧ ਆਣ ਖੜ੍ਹੀ ਹੋਈ ਹੈ

ਚੱਲੇ ਹੋਏ ਕਾਰਤੂਸਾਂ’ ਵੱਲੋਂ ਆਪਣੀ ਕਿਸਮਤ ਫਿਰ ਅਜ਼ਮਾਉਣ ਵਾਲੇ ਉਮੀਦਵਾਰਾਂ ਦੀ ਜੇਕਰ ਹੁਣ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਪਹਿਲੀ ਨਜ਼ਰੇ ਉਂਜ ਤਾਂ ਕਈ ਨਾਂ ਸਾਹਮਣੇ ਆਉਂਦੇ ਹਨ ਪਰ ਸਭ ਤੋਂ ਪਹਿਲਾ ਨਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ, ਜਿਸ ਨੂੰ ਉਸ ਦੀ ਪਾਰਟੀ ਕਾਂਗਰਸ ਵੱਲੋਂ ਚਾਰ-ਪੰਜ ਮਹੀਨੇ ਪਹਿਲਾਂ ਬੜੀ ਬੁਰੀ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਅਤੇ ਫਿਰ ਉਸ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈਇਹ ਵੱਖਰੀ ਗੱਲ ਹੈ ਕਿ ਉਹ ਇਸ ਵਿੱਚ ਉਹ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਆਪਣੇ ਕਰੀਬੀ ਸਾਥੀ ਮੰਤਰੀਆਂ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਫ਼ਤਿਹਜੰਗ ਸਿੰਘ ਬਾਜਵਾ ਨੂੰ ਵੀ ਸ਼ਾਮਲ ਕਰਨ ਵਿੱਚ ਸਫ਼ਲ ਨਹੀਂ ਹੋਇਆ ਅਤੇ ਉਹ ਸਿੱਧੇ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਏਉਸ ਦੇ ਨਜ਼ਦੀਕੀ ਸਾਥੀ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਨ ਆਸ਼ੂ ਜਿਨ੍ਹਾਂ ਨੂੰ ‘ਦਾਗ਼ੀ’ ਹੋਣ ਦੇ ਬਾਵਜੂਦ ਵੀ ਉਸ ਨੇ ‘ਕਲੀਨ-ਚਿੱਟਾਂ’ ਦਿੱਤੀਆਂ, ਵੀ ਉਸ ਦੇ ਨਾਲ ਖੜ੍ਹੇ ਨਾ ਹੋ ਸਕੇਕੈਪਟਨ ਸਾਹਿਬ ਵੱਲੋਂ ਐਲਾਨੇ ਗਏ ਉਮੀਦਵਾਰ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ‘ਹਾਕੀ-ਬਾਲ’ ’ਤੇ ਚੋਣ ਲੜਨ ਨਾਲੋਂ ਬੀਜੇਪੀ ਦੇ ਚੋਣ ਨਿਸ਼ਾਨ ਕੰਵਲ ਦੇ ਫੁੱਲ ’ਤੇ ਚੋਣ ਲੜਨ ਨੂੰ ਤਰਜੀਹ ਦੇ ਰਹੇ ਹਨਬੀਜੇਪੀ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰ ਰਹੀ ਹੈ, ਕਿਉਂਕਿ ਉਹ ਇਨ੍ਹਾਂ ਚੋਣਾਂ ਵਿੱਚ ਆਪਣਾ ਵੋਟ-ਪ੍ਰਤੀਸ਼ਤ ਵਧਾਉਣ ਦੀ ਤਾਕ ਵਿੱਚ ਹੈਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਹਾਕੀ-ਬਾਲ ’ਤੇ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਇਕੱਲੇ ਹੀ ਰਹਿ ਜਾਣਗੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਵੀ ਆਪਣੀ ਪਾਰਟੀ ਦਾ ਬੋਰੀਆ-ਬਿਸਤਰਾ ਵਲੇਟ ਕੇ ਕੰਵਲ ਦੇ ਫੁੱਲ ਨੂੰ ਹੀ ਅਪਨਾ ਲੈਣਗੇਵੇਖੋ! ਇਹ ਚੱਲਿਆ ਕਾਰਤੂਸ ਹੁਣ ਕਿੰਨੀ ਕੁ ਮਾਰ ਕਰਦਾ ਹੈ

ਇਨ੍ਹਾਂ ਵਿੱਚ ਦੂਸਰਾ ਮੁੱਖ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜੋ 94 ਸਾਲ ਦੀ ਉਮਰ ਵਿੱਚ ਇਹ ਚੋਣ ਆਪਣੇ ਹਲਕੇ ਲੰਬੀ ਤੋਂ ਲੜ ਰਹੇ ਹਨਇਸ ਵਡੇਰੀ ਉਮਰ ਵਿੱਚ ਉਨ੍ਹਾਂ ਦੇ ਲਈ ਚੱਲਣਾ ਫਿਰਨਾ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਅੰਗ-ਰੱਖਿਅਕਾਂ ਵਿੱਚੋਂ ਦੋ ਜਣੇ ਉਨ੍ਹਾਂ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਕਾਰ ਵਿੱਚ ਬਿਠਾਉਂਦੇ-ਉਤਾਰਦੇ ਹਨ ਅਤੇ ਤੁਰਨ ਵਿੱਚ ਵੀ ਸਹਾਇਤਾ ਕਰਦੇ ਹਨਬਹੁਤ ਸਾਰੇ ਲੋਕਾਂ ਦਾ ਖ਼ਿਆਲ ਹੈ ਕਿ ਇਸ ਉਮਰੇ ਬਾਦਲ ਸਾਹਿਬ ਨੂੰ ਇਸ ਚੋਣ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਸੀ ਅਤੇ ਬਾਦਲ ਪਿੰਡ ਵਿੱਚ ਆਪਣੇ ਘਰੇ ਬੈਠ ਕੇ “ਵਾਹਿਗੁਰੂ-ਵਾਹਿਗੁਰੂ” ਕਰਨਾ ਚਾਹੀਦਾ ਸੀ ਪਰ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਨ੍ਹਾਂ ਨੂੰ ਇਸ ਚੋਣ ਵਿੱਚ ਮੁੜ ਉਤਾਰਨਾ ਉਸ ਦੀ ਮਜਬੂਰੀ ਬਣ ਗਈ ਹੈ, ਕਿਉਂਕਿ ਉਸ ਨੂੰ ਇਕੱਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਚੋਣ ਜਿੱਤਣੀ ਮੁਸ਼ਕਲ ਲੱਗ ਰਹੀ ਸੀਪਿਛਲੇ ਦਿਨੀਂ ਬਾਦਲ ਸਾਹਿਬ ਨੂੰ ਕਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦਾ ਅਸਰ ਹੋਣ ਦੀ ਮੁਸ਼ਕਲ ਵੀ ਆਈ ਸੀਲੁਧਿਆਣੇ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਹੋਏ ਕੁਝ ਦਿਨ ਇਲਾਜ ਤੋਂ ਬਾਅਦ ਉਹ ਭਾਵੇਂ ਠੀਕ ਜ਼ਰੂਰ ਹੋ ਗਏ ਹਨ ਪਰ ਸਰੀਰਕ ਕਮਜ਼ੋਰੀ ਵਧਣ ਕਾਰਨ ਉਨ੍ਹਾਂ ਲਈ ਚੱਲਣਾ-ਫਿਰਨਾ ਔਖਾ ਹੋ ਗਿਆ ਹੈਰੱਬ ਖ਼ੈਰ ਕਰੇ! ਪਰ ਹਾਲਤ ਉਨ੍ਹਾਂ ਦੀ ਵੀ ‘ਚੱਲੇ ਕਾਰਤੂਸ’ ਵਾਲੀ ਹੈਬਾਦਲ ਸਾਹਿਬ ਲਈ ਹੁਣ ਲੰਬੀ ਦੀ ਆਪਣੀ ਜੱਦੀ ਸੀਟ ਵੀ ਬਚਾਉਣ ਲਈ ਵੀ ਬੜੀ ਮਿਹਨਤ ਕਰਨੀ ਪੈ ਰਹੀ ਹੈ

ਚਲੇ ਹੋਏ ਕਾਰਤੂਸਾਂ ਵਿੱਚ ਇਸੇ ਪਾਰਟੀ ਦੇ ਇੱਕ ਹੋਰ ਉਮੀਦਵਾਰ ਤਰਨ ਤਾਰਨ ਜ਼ਿਲ੍ਹੇ ਦੇ ਖ਼ਡੂਰ ਸਾਹਿਬ ਹਲਕੇ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਹਨ ਜਿਨ੍ਹਾਂ ਨੂੰ 2017 ਵਿੱਚ ਪਾਰਟੀ-ਵਿਰੋਧੀ ਕਾਰਵਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ਤੇ ਕਈ ਹੋਰਨਾਂ ਨਾਲ ਮਿਲ ਕੇ ‘ਸੰਯੁਕਤ ਅਕਾਲੀ ਦਲ’ ਬਣਾ ਲਿਆ ਸੀਇਹ ਵੱਖਰੀ ਗੱਲ ਹੈ ਕਿ ਇਹ ਦਲ ਵੀ ਹੁਣ ਨਾਂ ਦਾ ਹੀ ਸੰਯੁਕਤ ਰਹਿ ਗਿਆ ਹੈ, ਕਿਉਂਕਿ ਇਸਦੇ ਇੱਕ ਸਰਗ਼ਰਮ ਆਗੂ ਸੇਖਵਾਂ ਸਾਹਿਬ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇਦੂਸਰੇ ਆਗੂ ਬ੍ਰਹਮਪੁਰਾ ਸਾਹਿਬ ਆਪਣੀ ਭੁੱਲ ਬਖ਼ਸ਼ਾ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਅਤੇ ਆਪਣੀ ਰਵਾਇਤੀ ਸੀਟ ਖਡੂਰ ਸਾਹਿਬ ਤੋਂ ਇਹ ਚੋਣ ਲੜ ਰਹੇ ਹਨਵੇਖੋ, ਕਿਸੇ ਸਮੇਂ ‘ਮਾਝੇ ਦਾ ਜਰਨੈਲ’ ਅਖਵਾਉਣ ਵਾਲੇ ਇਸ ‘ਕਾਰਤੂਸ’ ਵਿੱਚ ਕਿੰਨਾ ਕੁ ‘ਚੋਣ-ਮਸਾਲਾ’ ਬਾਕੀ ਹੈ, ਕਿਉਂਕਿ ਹੁਣ ਉਹ ਵੀ ਸੁੱਖ ਨਾਲ ‘ਪਚਾਸੀਆਂ’ ਨੂੰ ਢੁੱਕ ਚੁੱਕੇ ਹਨ

ਇਸ ਨਾਮ-ਨਿਹਾਦ ‘ਸੰਯੁਕਤ ਅਕਾਲੀ ਦਲ’ ਦੇ ਤੀਸਰੇ ਸਰਗ਼ਰਮ ਆਗੂ ਇਸ ਸਮੇਂ ਇਸ ਦਲ ਦੇ ਕਰਤਾ-ਧਰਤਾ ਸੁਖਦੇਵ ਸਿੰਘ ਢੀਂਡਸਾ ਹਨ ਜੋ ਸੁਨਾਮ ਅਤੇ ਸੰਗਰੂਰ ਤੋਂ ਵਿਧਾਨ ਸਭਾ ਹਲਕਿਆਂ ਤੋਂ ਐੱਮ.ਐੱਲ.ਏ. ਰਹੇ ਹਨ ਅਤੇ ਰਾਜ ਸਭਾਂ ਦੇ ਮੈਂਬਰ ਤੇ ਕੇਂਦਰੀ ਮੰਤਰੀ ਵੀ ਰਹੇ ਹਨ ਪਰ ਲੋਕ ਸਭਾ ਦੀਆਂ ਪਿਛਲੀਆਂ ਦੋ ਚੋਣਾਂ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਜੋ ਇਸ ਸਮੇਂ ਇਸ ਪਾਰਟੀ ਦੇ ਪ੍ਰਧਾਨ ਹਨ ਅਤੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਕੋਲੋਂ ਲੋਕ ਸਭਾ ਦੀਆਂ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਹਨਹੁਣ ਇਨ੍ਹਾਂ ਨੇ ਆਪਣੇ ਸੰਯੁਕਤ ਅਕਾਲੀ ਦਲ ਦੀ ਸਾਂਝ-ਭਿਆਲੀ ਭਾਰਤੀ ਜਨਤਾ ਪਾਰਟੀ ਨਾਲ ਪਾ ਲਈ ਹੈ ਅਤੇ ਦੂਸਰੇ ਭਿਆਲ ਕਾਂਗਰਸ ਪਾਰਟੀ ਵਿੱਚੋਂ ਬਾਹਰ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਮਿਲ਼ ਕੇ ਭਾਰਤੀ ਜਨਤਾ ਪਾਰਟੀ ਦੀ ‘ਬੀ-ਟੀਮ’ ਬਣ ਕੇ ਇਹ ਚੋਣ ਲੜ ਰਹੇ ਹਨਇਨ੍ਹਾਂ ਦਾ ਇਹ ਸੰਯੁਕਤ ਅਕਾਲੀ ਦਲ 15-16 ਸੀਟਾਂ ’ਤੇ ਚੋਣ ਲੜ ਰਿਹਾ ਹੈਵੇਖੋ! ਕੋਈ ਸੀਟ ਇਸ ਦਲ ਦੇ ਹੱਥ ਲਗਦੀ ਹੈ ਜਾਂ ਫਿਰ ਇਹ ‘ਫ਼ਾਡੀ’ ਹੀ ਰਹਿ ਜਾਂਦਾ ਹੈ। ‘ਚੱਲੇ ਕਾਰਤੂਸਾਂ’ ਦੀ ਇਸੇ ਲੜੀ ਵਿੱਚ ਕਾਂਗਰਸ ਪਾਰਟੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਜੋ ਪਿਛਲੀ ਵਾਰ ਲਹਿਰਾ ਗਾਗਾ ਤੋਂ ਹਾਰ ਗਏ ਸਨ ਅਤੇ ਇਸ ਵਾਰ ਫਿਰ ਉੱਥੋਂ ਹੀ ਆਪਣੀ ਕਿਸਮਤ ਅਜ਼ਮਾ ਰਹੇ ਹਨਉਂਜ, ਉਂਨ੍ਹਾਂ ਵਿੱਚ ਇੰਨੀ ਕੁ ਤਾਕਤ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਵੱਲੋਂ ਬਣਾਏ ਗਏ ‘ਇਕ ਪਰਿਵਾਰ ਇੱਕ ਟਿਕਟ’ ਦੇ ਫ਼ਾਰਮੂਲੇ ਦੇ ਬਾਵਜੂਦ ਉਹ ਆਪਣੇ ਜਵਾਈ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਹਨਵੇਖੋ! ਅੱਗੇ ਕੀ ਬਣਦਾ ਹੈ

ਹੁਣ ਜੇਕਰ ਅਣਚੱਲੇ ‘ਕਾਰਤੂਸਾਂ’ ਦੀ ਵੀ ਕੁਝ ਗੱਲ ਕਰਨੀ ਹੋਵੇ ਤਾਂ ਇਨ੍ਹਾਂ ਦੀ ਹਰੇਕ ਸਿਆਸੀ ਪਾਰਟੀ ਵਿੱਚ ਕਾਫ਼ੀ ਭਰਮਾਰ ਹੈਇੱਕ-ਇੱਕ ਸੀਟ ਤੋਂ ਕਈ-ਕਈ ਅਜਿਹੇ ਕਾਰਤੂਸ (ਉਮੀਦਵਾਰ) ਟਿਕਟ ਲੈਣ ਲਈ ਤਿਆਰ ਹੋਏ ਹਨ ਅਤੇ ਆਪਣੀ ਪਾਰਟੀ ਵਿੱਚ ਟਿਕਟ ਨਾ ਮਿਲਣ ’ਤੇ ਉਹ ਆਜ਼ਾਦ ਚੋਣ ਲੜਨ ਜਾਂ ਦੂਸਰੀ ਪਾਰਟੀ ਵਿੱਚ ਜਾ ਕੇ ਉੱਥੇ ਚੋਣ ਲੜਨ ਲਈ ਤਿਆਰ ਹਨਇਨ੍ਹਾਂ ਚੋਣਾਂ ਵਿੱਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚੋਂ ਲੀਡਰ ਇੱਕ ਦੂਸਰੀ ਪਾਰਟੀ ਵਿੱਚ ਗਏ ਹਨਇਸ ਸੀਮਤ ਜਿਹੇ ਆਰਟੀਕਲ ਵਿੱਚ ਇਨ੍ਹਾਂ ਬਾਰੇ ਵਿਸਥਾਰ ਵਿੱਚ ਜਾਣਾ ਬਹੁਤ ਮੁਸ਼ਕਲ ਹੈ, ਪਰ ਇੱਥੇ ਕਾਂਗਰਸ ਪਾਰਟੀ ਦੀ ਗੱਲ ਕਰਨੀ ਜ਼ਰੂਰੀ ਹੈ ਜਿੱਥੇ ਟਿਕਟਾਂ ਨਾ ਮਿਲਣ ’ਤੇ 24-25 ਸੀਟਾਂ ਉੱਪਰ ਅਜਿਹੇ ਉਮੀਦਵਾਰਾਂ ਨੇ ਘਮਸਾਣ ਮਚਾਇਆ ਹੋਇਆ ਹੈ ਜੋ ਅਧਿਕਾਰਤ ਪਾਰਟੀ ਉਮੀਦਵਾਰਾਂ ਦੇ ਵਿਰੁੱਧ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ ਜਾਂ ਫਿਰ ਇਸ ਪਾਰਟੀ ਨੂੰ ਛੱਡ ਕੇ ਹੋਰ ਸਿਆਸੀ ਪਾਰਟੀਆਂ ਵਿੱਚ ਚਲੇ ਗਏ ਹਨ ਅਤੇ ਉੱਥੋਂ ਪਾਰਟੀ ਟਿਕਟ ਲੈ ਕੇ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ

ਕਾਂਗਰਸ ਪਾਰਟੀ ਵੱਲੋਂ ਹੁਣ ਤੀਕ ਆਪਣਾ ਮੁੱਖ-ਮੰਤਰੀ ਚਿਹਰਾ ਨਾ ਐਲਾਨ ਕਰ ਸਕਣਾ ਇਸ ਪਾਰਟੀ ਵਿੱਚ ਪਏ ਘਮਸਾਣ ਦਾ ਵੱਡਾ ਕਾਰਨ ਹੈਇਸਦੇ ਵੱਲੋਂ ਪਹਿਲਾਂ ਤਿੰਨ ਚਿਹਰੇ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਐਲਾਨੇ ਗਏ ਸਨਫਿਰ ਪਹਿਲਾ ਚਿਹਰਾ ਇਸ ਦੌੜ ਵਿੱਚੋਂ ਪਿੱਛੇ ਹਟ ਜਾਣ ਤੋਂ ਬਾਅਦ ਦੂਸਰੇ ਦੋ ਚਿਹਰਿਆਂ ਵਿਚਕਾਰ ਖ਼ੂਬ ‘ਰੱਸਾਕਸ਼ੀ’ ਚੱਲ ਰਹੀ ਹੈ ਜਿਸ ਵਿੱਚ ਕਈ ਵਾਰ ਪ੍ਰਤਾਪ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ ਅਤੇ ਪਰਗਟ ਸਿੰਘ ਵਰਗੇ ਕਈ ਹੋਰ ‘ਚਿਹਰੇ’ ਵੀ ਸ਼ਾਮਲ ਹੋ ਜਾਂਦੇ ਹਨਕਾਂਗਰਸ ਪਾਰਟੀ ਦੀ ਹਾਈ-ਕਮਾਂਡ ਵੱਲੋਂ ਕਦੇ ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ਮਾਡਲ’ ਦੀ ਸਰਾਹਨਾ ਕਰਕੇ ਉਸ ਦੇ ਚਿਹਰੇ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਅਤੇ ਭਦੌੜ, ਦੋ ਸੀਟਾਂ ’ਤੇ ਚੋਣ ਲੜਾਉਣ ਦਾ ਐਲਾਨ ਕਰਕੇ ਉਸ ਦਾ ਚਿਹਰਾ ਅੱਗੇ ਕਰ ਦਿੱਤਾ ਜਾਂਦਾ ਹੈਪਰ ਕੋਈ ਵੀ ‘ਚਿਹਰਾ’ ਸਾਫ਼ ਨਾ ਦਿਖਾਈ ਦੇਣ ਕਾਰਨ ਇਸ ਪਾਰਟੀ ਦੀ ਸਥਿਤੀ ਬੜੀ ਭੰਬਲ਼ਭੂਸੇ ਵਾਲੀ ਬਣੀ ਹੋਈ ਹੈ ਉੱਧਰ ਮਾਝੇ ਦਾ ‘ਸ਼ੇਰ’ ਅਤੇ ‘ਅਜੋਕਾ ਜਰਨੈਲ’ ਇਸ ਪਾਰਟੀ ਦੇ ਪ੍ਰਧਾਨ ਦੇ ਹਲਕੇ ਪੂਰਬੀ ਅੰਮ੍ਰਿਤਸਰ ਵਿੱਚ ਆ ਕੇ ਲਲਕਾਰੇ ਮਾਰ ਕੇ ਉਸ ਨੂੰ ਵੰਗਾਰ ਰਿਹਾ ਹੈ ਜਿਸ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਖਿੜੇ ਮੱਥੇ ਪ੍ਰਵਾਨ ਵੀ ਕਰ ਲਿਆ ਗਿਆ ਹੈਇਸ ਤਰ੍ਹਾਂ ਵਿਧਾਨ ਸਭਾ ਦੀ ਇਹ ਸੀਟ ਪੰਜਾਬੀ ਦੀ ਸਭ ਤੋਂ ‘ਹੌਟ-ਸੀਟ’ ਬਣ ਗਈ ਹੈ ਜਿਸਦਾ ‘ਸੇਕ’ ਆਉਂਦੇ ਦਿਨਾਂ ਵਿੱਚ ਵੇਖ ਕੀ ਗੁੱਲ ਖਿਲਾਉਂਦਾ ਹੈ

ਆਮ ਆਦਮੀ ਪਾਰਟੀ ਦੇ ਪੰਜ-ਸੱਤ ਸਾਲ ਪੁਰਾਣੇ ਕਾਰਤੂਸ ਅਤੇ ਸੰਯੁਕਤ ਸਮਾਜ ਪਾਰਟੀ ਦੇ ‘ਅਸਲੋਂ ਨਵੇਂ ਕਾਰਤੂਸ’ ਇਨ੍ਹਾਂ ਚੋਣਾਂ ਵਿੱਚ ਕਿੰਨੀ ਕੁ ਮਾਰ ਕਰਦੇ ਹਨ, ਇਸਦਾ ਪਤਾ ਤਾਂ 10 ਮਾਰਚ ਨੂੰ ਲੱਗੇਗਾ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਕਿਤੇ ਇਕੱਠੇ ਹੋ ਕੇ ਚੱਲਦੇ, ਜਿਸਦੀ ਪਹਿਲਾਂ ਕੁਝ ਸੰਭਾਵਨਾ ਵੀ ਬਣਦੀ ਵਿਖਾਈ ਦਿੰਦੀ ਸੀ ਤਾਂ ਇਹ ਮਿਲ਼ ਕੇ ਵਧੇਰੇ ਮਾਰ ਕਰ ਸਕਣ ਵਾਲੇ ਸਾਬਤ ਹੋ ਸਕਦੇ ਸਨਪਰ ਹੁਣ ਇਹ ਆਪਸ ਵਿੱਚ ਹੀ ਇੱਕ-ਦੂਸਰੇ ਦੇ ਸਾਹਮਣੇ ਚੱਲਣ ਦੀ ਤਿਆਰੀ ਵਿੱਚ ਹਨਵੇਖੋ! ਇਨ੍ਹਾਂ ਵਿੱਚੋਂ ਕਿੰਨੇ ਕੁ ‘ਸਹੀ’ ਚੱਲਦੇ ਹਨ ਅਤੇ ਕਿੰਨੇ ‘ਠੁੱਸ’ ਹੁੰਦੇ ਹਨਉੱਧਰ ਭਾਰਤੀ ਜਨਤਾ ਪਾਰਟੀ ਦੇ ਬਹੁਤੇ ਕਾਰਤੂਸਾਂ ਦੀ ਤਾਂ ‘ਠੁੱਸ’ ਰਹਿਣ ਦੀ ਹੀ ਸੰਭਾਵਨਾ ਜਾਪਦੀ ਹੈਅਲਬੱਤਾ! ਸ਼ਹਿਰਾਂ ਵਿੱਚੋਂ ਜੇਕਰ ਇੱਕਾ-ਦੁੱਕਾ ਥਾਂਵਾਂ ’ਤੇ ਮਾੜਾ-ਮੋਟਾ ਖੜਾਕ ਸੁਣਾਈ ਦੇ ਜਾਏ ਤਾਂ ਕੁਝ ਕਿਹਾ ਨਹੀਂ ਜਾ ਸਕਦਾ

ਇਸ ਤਰ੍ਹਾਂ ਇਹ ‘ਚੱਲੇ ਹੋਏ’, ‘ਪੁਰਾਣੇ ਅਣਚੱਲੇ’ ਅਤੇ ‘ਅਸਲੋਂ ਨਵੇਂ’ ਤਿੰਨੇ ਕਿਸਮਾਂ ਦੇ ਕਾਰਤੂਸ ਇਸ ਚੋਣ-ਮੈਦਾਨ ਵਿੱਚ ਇੱਕ ਦੂਸਰੇ ਦੇ ਵਿਰੁੱਧ ਚੱਲਦੇ ਵਿਖਾਈ ਦੇ ਰਹੇ ਹਨਇਨ੍ਹਾਂ ਵਿੱਚੋਂ ਕਿੰਨੇ ਕੁ ਸਹੀ ਮਾਰ ਕਰ ਸਕਣਗੇ ਅਤੇ ਕਿੰਨੇ ਦੀਵਾਲੀ ਦੇ ਮਾੜੇ ਪਟਾਕਿਆਂ ਵਾਂਗ ‘ਠੁੱਸ’ ਹੋਣਗੇ, ਇਸਦਾ ਸਹੀ ਪਤਾ ਤਾਂ 10 ਮਾਰਚ ਨੂੰ ਹੀ ਲੱਗੇਗਾ ਪਰ ਇਸ ਸਮੇਂ ਇਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀ ਇਸ ਚੋਣ ਨੂੰ ਕਾਫ਼ੀ ਦਿਲਚਸਪ ਬਣਾ ਦਿੱਤਾ ਹੈਪੰਜਾਬ ਦੇ ਵੋਟਰਾਂ ਨੂੰ ਹਰ ਰੋਜ਼ ਨਵੀਆਂ ਖ਼ਬਰਾਂ ਵੇਖਣ-ਸੁਣਨ ਨੂੰ ਮਿਲ ਰਹੀਆਂ ਹਨ ਅਤੇ ਇਹ ਉਨ੍ਹਾਂ ਦਾ ਬਹੁਤ ਵਧੀਆ ਮਨੋਰੰਜਨ ਕਰ ਰਹੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3334)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author